May 22, 2024

ਮੋਦੀ ਦਾ ਸ਼ਾਂਤਮਈ ਵਿਰੋਧ ਕਰਨਗੇ ਕਿਸਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਦੋ ਦਿਨ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਨੇ ਜਗਰਾਉਂ ਵਿੱਚ ਕਿਸਾਨ ਮਹਾਪੰਚਾਇਤ ਕੀਤੀ ਜਿਸ ’ਚ ਭਾਜਪਾ ਤੇ ਮੋਦੀ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਭਾਜਪਾ ਨੂੰ ਟੱਕਰ ਦੇਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਕਿਹਾ ਕਿ 23 ਮਈ ਨੂੰ ਪਟਿਆਲਾ ਆ ਰਹੇ ਪ੍ਰਧਾਨ ਮੰਤਰੀ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਧੋਖਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੀ ਧਰਤੀ ’ਤੇ ਸਵਾਗਤ ਨਹੀਂ ਹੋ ਸਕਦਾ। ਇਸ ਦੌਰਾਨ ਪੰਜਾਬ ਭਰ ਤੋਂ ਕਿਸਾਨਾਂ ਨੂੰ ਕਾਲੀਆਂ ਝੰਡੀਆਂ ਲੈ ਕੇ ਪਟਿਆਲੇ ਪੁੱਜਣ ਦਾ ਸੱਦਾ ਦਿੱਤਾ ਗਿਆ। ਕਿਸਾਨਾਂ ਨੇ ਐਲਾਨ ਕੀਤਾ ਕਿ ਚੋਣਾਂ ਤੋਂ ਬਾਅਦ ਕੋਈ ਵੀ ਸਰਕਾਰ ਬਣੇ ਕਿਸਾਨੀ ਤੇ ਮਜ਼ਦੂਰ ਮੰਗਾਂ ਲਈ ਘੋਲ ਜਾਰੀ ਰੱਖਿਆ ਜਾਵੇਗਾ। ਜਗਰਾਉਂ ਦੀ ਨਵੀਂ ਦਾਣਾ ਮੰਡੀ ’ਚ ਮਹਾਪੰਚਾਇਤ ਦੌਰਾਨ ਸੂਬੇ ਭਰ ਵਿਚ ਵੱਡੀ ਗਿਣਤੀ ਕਿਸਾਨ ਪੁੱਜੇ। ਇਸ ਦੌਰਾਨ ਵੱਡੀ ਗਿਣਤੀ ਕਿਸਾਨਾਂ ਦੇ ਆਉਣ ਕਰਕੇ ਸ਼ਹਿਰ ਦੇ ਕਈ ਹਿੱਸਿਆਂ ਵਿਚ ਜਾਮ ਲੱਗਿਆ। ਮਹਾਪੰਚਾਇਤ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਡਾ. ਦਰਸ਼ਨ ਪਾਲ, ਰੁਲਦੂ ਸਿੰਘ ਮਾਨਸਾ, ਮਨਜੀਤ ਸਿੰਘ ਧਨੇਰ, ਬੂਟਾ ਸਿੰਘ ਬੁਰਜਗਿੱਲ, ਹਰਿੰਦਰ ਸਿੰਘ ਲੱਖੋਵਾਲ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਹਰਮੀਤ ਸਿੰਘ ਕਾਦੀਆਂ, ਸਤਨਾਮ ਸਿੰਘ ਅਜਨਾਲਾ, ਹਰਦੇਵ ਸਿੰਘ ਸੰਧੂ, ਰਾਜਵਿੰਦਰ ਕੌਰ ਰਾਜੂ ਤੇ ਬੂਟਾ ਸਿੰਘ ਸ਼ਾਦੀਪੁਰ, ਪ੍ਰੇਮ ਸਿੰਘ ਭੰਗੂ ਆਦਿ ਨੇ ਕਿਹਾ ਕਿ ਕਿਸਾਨ ਵਿਰੋਧੀ ਭਾਜਪਾ ਦਾ ਹਰ ਖੇਤਰ ਵਿਚ ਵਿਰੋਧ ਕੀਤਾ ਜਾਵੇ। ਬੁਲਾਰਿਆਂ ਨੇ ਭਾਜਪਾ ਉਮੀਦਵਾਰਾਂ ਰਵਨੀਤ ਬਿੱਟੂ ਤੇ ਹੰਸ ਰਾਜ ਹੰਸ ਖਿਲਾਫ ਭੜਾਸ ਵੀ ਕੱਢੀ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਐਮਐਸਪੀ ਦੀ ਕਾਨੂੰਨੀ ਗਾਰੰਟੀ ਸਮੇਤ ਹੋਰ ਮੰਗਾਂ ਮੰਨ ਕੇ ਮੁੱਕਰ ਗਈ ਹੈ ਤੇ ਕਿਸਾਨਾਂ ਨੂੰ ਦਿੱਲੀ ਦਾਖਲ ਨਹੀਂ ਹੋਣ ਦਿੱਤਾ ਗਿਆ। ਬੁਲਾਰਿਆਂ ਨੇ ਆਮ ਆਦਮੀ ਪਾਰਟੀ ਦੀ ਵੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਹੱਦਾਂ ’ਤੇ ਕਿਸਾਨਾਂ ’ਤੇ ਢਾਹੇ ਤਸ਼ੱਦਦ ਲਈ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੈ। ਇਸ ਤਸ਼ੱਦਦ ਤੋਂ ਬਾਅਦ ਇਸ ਸਰਕਾਰ ਦੀ ਕਾਰਗੁਜ਼ਾਰੀ ਵੀ ਨਿਰਾਸ਼ਾਜਨਕ ਰਹੀ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਪ੍ਰਧਾਨ ਮੰਤਰੀ ਦੀ ਉਡੀਕ ਕਰ ਰਹੇ ਹਨ ਅਤੇ ਹੁਣ ਇਹ ਮੌਕਾ ਆ ਰਿਹਾ ਹੈ ਜਿਸ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਮੁੜ ਭਾਜਪਾ ਸਰਕਾਰ ਬਣਨ ’ਤੇ ਦੇਸ਼ ਵਿਚ ਫੇਰ ਕਦੇ ਚੋਣਾਂ ਨਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ। ਇਸ ਮੌਕੇ ਖੇਤੀ ’ਤੇ ਕਾਰਪੋਰੇਟਾਂ ਦੇ ਕਬਜ਼ੇ, ਕਿਸਾਨਾਂ ਦੀ ਆਮਦਨ ਦੁੱਗਣੀ ਹੋਣ ਦੀ ਥਾਂ ਹੋਰ ਘੱਟ ਹੋਣ, ਪਾਣੀਆਂ ਦੇ ਮੁੱਦੇ, ਲਖੀਮਪੁਰ ਖੀਰੀ ਸਮੇਤ ਕਿਸਾਨੀ ਨਾਲ ਜੁੜੇ ਹੋਰ ਅਹਿਮ ਮੁੱਦਿਆਂ ’ਤੇ ਚਰਚਾ ਹੋਈ। ਇਕੱਤਰਤਾ ਨੂੰ ਬਲਦੇਵ ਸਿੰਘ ਨਿਹਾਲਗੜ੍ਹ, ਬਿੰਦਰ ਸਿੰਘ ਗੋਲੇਵਾਲਾ, ਸੁੱਖ ਗਿੱਲ ਮੋਗਾ, ਪ੍ਰਿਥਪਾਲ ਸਿੰਘ ਗੁਰਾਇਆ, ਬੋਘ ਸਿੰਘ ਮਾਨਸਾ, ਰੂਪ ਬਸੰਤ ਸਿੰਘ, ਗੁਰਦੇਵ ਸਿੰਘ ਵਰਪਾਲ, ਹਰਜਿੰਦਰ ਸਿੰਘ ਟਾਂਡਾ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਬਲਵਿੰਦਰ ਸਿੰਘ ਰਾਜੂ ਔਲਖ, ਕਿਰਨਜੀਤ ਸਿੰਘ ਸੇਖੋਂ ਆਦਿ ਨੇ ਵੀ ਸੰਬੋਧਨ ਕੀਤਾ।

ਮੋਦੀ ਦਾ ਸ਼ਾਂਤਮਈ ਵਿਰੋਧ ਕਰਨਗੇ ਕਿਸਾਨ Read More »

‘ਆਪ’ ਤੇ ਭਾਜਪਾ ਦੋਵੇਂ ਕਰ ਰਹੀਆਂ ਨੇ ਕਿਸਾਨਾਂ ਦਾ ਘਾਣ

ਕਸਬੇ ਦੇ ਮੁੱਖ ਬਾਜ਼ਾਰ ਵਿੱਚ ਅੱਜ ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ’ਚ ਚੋਣ ਰੈਲੀ ਕੀਤੀ ਗਈ। ਰੈਲੀ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਪੰਜਾਬ ਵਿਧਾਨ ਸਭਾ ’ਚ ਜਦੋਂ ‘ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਜਾਂ ਸੁਖਪਾਲ ਸਿੰਘ ਖਹਿਰਾ ਦਾ ਸਾਹਮਣਾ ਕਰਨਾ ਹੁੰਦਾ ਹੈ ਤਾਂ ਉਹ ਦੋ ਪਊਏ ਸ਼ਰਾਬ’ ਪੀ ਕੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਝੂਠ ਦੀ ਸਰਕਾਰ ਸਾਬਤ ਹੋਈ ਹੈ। ਨਰਿੰਦਰ ਮੋਦੀ ਅਤੇ ਭਗਵੰਤ ਮਾਨ ਦੀਆਂ ਸਰਕਾਰਾਂ ‘ਤਾਨਾਸ਼ਾਹੀ ਸਰਕਾਰਾਂ’ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਿਸਾਨਾਂ ਦਾ ਘਾਣ ‘ਆਪ’ ਅਤੇ ਭਾਜਪਾ ਨੇ ਰਲ-ਮਿਲ ਕੇ ਕੀਤਾ ਹੈ। ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਪੰਜਾਬ ’ਚ ਵਿਕਾਸ ਵਾਲੇ ਪੱਥਰਾਂ ’ਤੇ ਮਿਸਤਰੀਆਂ ਦੇ ਨਾਮ ਹੋਣਗੇ, ਨਾ ਤਾਂ ਵਿਕਾਸ ਹੀ ਹੋਇਆ ਹੈ ਅਤੇ ਨਾ ਹੀ ਪੱਥਰਾਂ ’ਤੇ ਨਾਮ ਹੀ ਮਿਸਤਰੀਆਂ ਦੇ ਹਨ। ਨਾ ਹੀ ਪਿੰਡਾਂ ਦੀਆਂ ਸੱਥਾਂ ਵਿੱਚੋਂ ਸਰਕਾਰ ਚੱਲੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਬਣਨ ਪਿੱਛੋਂ ਰੇਤ ਮਾਫੀਆ ਤੇ ਡਰੱਗ ਮਾਫੀਆ ਨੇ ਲੁੱਟ ਮਚਾਈ ਹੈ। ਰੇਤਾ 5 ਰੁਪਏ ਫੁੱਟ ਦੀ ਥਾਂ ’ਤੇ 40 ਰੁਪਏ ਫੁੱਟ ਵਿਕ ਰਿਹਾ ਹੈ। ਦਲਵੀਰ ਸਿੰਘ ਗੋਲਡੀ ਬਾਰੇ ਉਨ੍ਹਾਂ ਕਿਹਾ ਕਿ ਉਸ ਨੂੰ ਬਰਨਾਲੇ ਤੋਂ ਵਿਧਾਇਕ ਬਣਾਉਣ ਦਾ ਸਬਜ਼ਬਾਗ ਦਿਖਾਇਆ ਗਿਆ ਹੈ, ਨਾ ਤਾਂ ਮੀਤ ਹੇਅਰ ਨੇ ਸੰਸਦ ਮੈਂਬਰ ਬਣਨਾ ਹੈ ਅਤੇ ਨਾ ਹੀ ਗੋਲਡੀ ਨੇ ਬਰਨਾਲੇ ਤੋਂ ਵਿਧਾਇਕ ਬਣਨਾ ਹੈ। ਇਸ ਮੌਕੇ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ, ਬੀਬੀ ਸੁਰਿੰਦਰ ਕੌਰ ਬਾਲੀਆ, ਸਿਟੀ ਪ੍ਰਧਾਨ ਗਿਰਧਾਰੀ ਲਾਲ ਗਰਗ, ਨਰਿੰਦਰ ਸਦਿਓੜਾ, ਵਕੀਲ ਇਕਬਾਲ ਸਿੰਘ, ਸੁਖਵਿੰਦਰ ਸਿੰਘ ਧਾਲੀਵਾਲ, ਬਲਦੇਵ ਸਿੰਘ ਭੁੱਚਰ, ਬੀਬੀ ਮਲਕੀਤ ਕੌਰ ਸਹੋਤਾ ਤੇ ਦਲਜੀਤ ਸਿੰਘ ਮੱਲੀ ਆਦਿ ਹਾਜ਼ਰ ਸਨ।

‘ਆਪ’ ਤੇ ਭਾਜਪਾ ਦੋਵੇਂ ਕਰ ਰਹੀਆਂ ਨੇ ਕਿਸਾਨਾਂ ਦਾ ਘਾਣ Read More »

IMD ਨੇ ਇਨ੍ਹਾਂ ਸੂਬਿਆਂ ‘ਚ ਜਾਰੀ ਕੀਤਾ ਰੈੱਡ ਅਲਰਟ

ਦੇਸ਼ ਵਿਚ ਭਿਆਨਕ ਗਰਮੀ ਨੂੰ ਦੇਖਦਿਆਂ ਭਾਰਤ ਦੇ ਮੌਸਮ ਵਿਭਾਗ (IMD) ਨੇ ਦਿੱਲੀ, ਰਾਜਸਥਾਨ, ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ, ਜਿਸ ਵਿਚ ਅਗਲੇ ਪੰਜ ਦਿਨਾਂ ਤਕ ਤੇਜ਼ ਗਰਮੀ ਦੀ ਲਹਿਰ ਦੀ ਸੰਭਾਵਨਾ ਹੈ। ਇਨ੍ਹਾਂ ਸੂਬਿਆਂ ਦੇ ਕਈ ਜ਼ਿਲ੍ਹਿਆਂ ਵਿਚ ਵੱਧ ਤੋਂ ਵੱਧ ਦਿਨ ਦਾ ਤਾਪਮਾਨ 47 ਡਿਗਰੀ ਸੈਲਸੀਅਸ ਤੋਂ ਪਾਰ ਹੋ ਸਕਦਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਮੰਗਲਵਾਰ ਨੂੰ ਉੱਤਰ-ਪੱਛਮੀ ਭਾਰਤ ਦੇ ਕਈ ਹਿੱਸਿਆਂ, ਰਾਜਸਥਾਨ ਦੇ ਕੁਝ ਹਿੱਸਿਆਂ ਦੇ ਨਾਲ-ਨਾਲ ਗੁਜਰਾਤ ਤੇ ਮੱਧ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਭਿਆਨਕ ਗਰਮੀ ਦੇ ਹਾਲਾਤ ਦੇਖੇ ਗਏ। ਇਸ ਤੋਂ ਇਲਾਵਾ ਰਾਜਸਥਾਨ ਦੇ ਕੁਝ ਹਿੱਸਿਆਂ ‘ਚ ਰਾਤ ਦੇ ਸਮੇਂ ਵੀ ਗਰਮੀ ਦੇਖਣ ਨੂੰ ਮਿਲੀ। ਮੰਗਲਵਾਰ ਨੂੰ ਵੱਧ ਤਾਪਮਾਨ ਹਰਿਆਣਾ ਦੇ ਸਿਰਸਾ ਵਿਚ 47.8 ਡਿਗਰੀ ਸੈਲਸੀਅਸ ਤੇ ਦਿੱਲੀ ਦੇ ਨਜ਼ਫਗੜ੍ਹ ਵਿਚ 47.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਿਰਸਾ (ਹਰਿਆਣਾ): 47.8°C, ਨਜ਼ਫਗੜ੍ਹ (ਦਿੱਲੀ): 47.4°C, ਪਿਲਾਨੀ (ਰਾਜਸਥਾਨ): 47.2°C, ਬਠਿੰਡਾ ਹਵਾਈ ਅੱਡਾ (ਪੰਜਾਬ): 46.6°C, ਆਗਰਾ ਤਾਜ (ਉੱਤਰ ਪ੍ਰਦੇਸ਼): 46.6°C, ਰਤਲਾਮ (ਮੱਧ ਪ੍ਰਦੇਸ਼): 45.6°C, ਸੁਰੇਂਦਰਨਗਰ (ਗੁਜਰਾਤ): 45.4°C, ਅਕੋਲਾ (ਮਹਾਰਾਸ਼ਟਰ): 44.0°C ,ਦੁਰਗ (ਛੱਤੀਸਗੜ੍ਹ): 43.6°C, ਊਨਾ (ਹਿਮਾਚਲ ਪ੍ਰਦੇਸ਼): 42.4°C ਅਗਲੇ 5 ਦਿਨਾਂ ਵਿਚ ਉੱਤਰੀ ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ ਹੀਟਵੇਵ ਦੇ ਹਾਲਾਤ ਹੋਣ ਦੀ ਸੰਭਾਵਨਾ ਹੈ। ਮੱਧ ਭਾਰਤ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿਚ 2-3 ਡਿਗਰੀ ਵਾਧਾ ਹੋਣ ਦੀ ਸੰਭਾਵਨਾ ਹੈ। ਅਗਲੇ 24 ਘੰਟਿਆਂ ਵਿਚ ਉੱਤਰ-ਪੱਛਮੀ ਭਾਰਤ ਅਤੇ ਮਹਾਰਾਸ਼ਟਰ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਮਹੱਤਵਪੂਰਨ ਤਬਦੀਲੀ ਦੀ ਉਮੀਦ ਨਹੀਂ ਹੈ, ਜਿਸ ਤੋਂ ਬਾਅਦ 2-3 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ। ਬੁੱਧਵਾਰ ਨੂੰ ਦਿੱਲੀ ‘ਚ ਅਸਮਾਨ ਸਾਫ਼ ਰਹੇਗਾ। ਆਈਐੱਮਡੀ ਨੇ ਚੇਤਾਵਨੀ ਦਿੱਤੀ ਹੈ ਕਿ ਕੁਝ ਥਾਵਾਂ ‘ਤੇ ਗਰਮੀ ਦੀ ਲਹਿਰ ਦੀ ਸੰਭਾਵਨਾ ਹੈ। 20-30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ।

IMD ਨੇ ਇਨ੍ਹਾਂ ਸੂਬਿਆਂ ‘ਚ ਜਾਰੀ ਕੀਤਾ ਰੈੱਡ ਅਲਰਟ Read More »

ਗਰੀਨ-ਟੀ ਨਾਲ ਮਿਲਣਗੇ ਸਰੀਰ ਨੂੰ ਵੱਧ ਤੋਂ ਵੱਧ ਫ਼ਾਇਦੇ

ਗ੍ਰੀਨ ਟੀ ਇੱਕ ਬਹੁਤ ਹੀ ਸਿਹਤਮੰਦ ਡਰਿੰਕ ਹੈ। ਐਂਟੀਆਕਸੀਡੈਂਟ ਨਾਲ ਭਰਪੂਰ ਗ੍ਰੀਨ ਟੀ ਪੀਣ ਨਾਲ ਸਿਹਤ ਨੂੰ ਕਈ ਲਾਭ ਹੁੰਦੇ ਹਨ। ਇਸ ਨੂੰ ਪੀਣ ਨਾਲ ਇਮਿਊਨਿਟੀ ਵਧਦੀ ਹੈ, ਜਿਸ ਨਾਲ ਕਈ ਬਿਮਾਰੀਆਂ ਦਾ ਖਤਰਾ ਦੂਰ ਰਹਿੰਦਾ ਹੈ। ਇਸ ਤੋਂ ਇਲਾਵਾ, ਇਹ ਫ੍ਰੀ ਰੈਡੀਕਲਸ ਨੂੰ ਰੋਕਣ ਅਤੇ ਸੋਜ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਵੀ ਕਾਰਗਰ ਹੈ। ਗ੍ਰੀਨ ਟੀ ਭਾਰ ਘਟਾਉਣ ਅਤੇ ਚਿਹਰੇ ਦੀ ਚਮਕ ਵਧਾਉਣ ਲਈ ਬਹੁਤ ਕਾਰਗਰ ਹੈ, ਪਰ ਇਹ ਸਾਰੇ ਫ਼ਾਇਦੇ ਪ੍ਰਾਪਤ ਕਰਨ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਸਨੂੰ ਕਦੋਂ ਪੀਣਾ ਚਾਹੀਦਾ ਹੈ। ਗ੍ਰੀਨ ਟੀ ਕੈਲੋਰੀ ਫ੍ਰੀ ਹੁੰਦੀ ਹੈ ਅਤੇ ਇਸ ਵਿੱਚ ਚੀਨੀ ਵੀ ਨਹੀਂ ਹੁੰਦੀ ਹੈ, ਇਸ ਲਈ ਤੁਸੀਂ ਇਸਨੂੰ ਰੋਜ਼ਾਨਾ ਪੀ ਸਕਦੇ ਹੋ। ਸਵੇਰੇ ਖਾਲੀ ਪੇਟ ਗ੍ਰੀਨ ਟੀ ਪੀਣਾ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਕੈਟਚਿਨ ਹੁੰਦਾ ਹੈ ਜੋ ਕਿ ਇੱਕ ਕੁਦਰਤੀ ਪੌਲੀਫੇਨੋਲਿਕ ਫਾਈਟੋਕੈਮੀਕਲ ਹੈ ਜੋ ਸਰੀਰ ਨੂੰ ਲੋੜੀਂਦੀ ਮਾਤਰਾ ਵਿੱਚ ਉਪਲਬਧ ਹੁੰਦਾ ਹੈ। ਇਸ ਵਿਚ ਅਜਿਹਾ ਕੋਈ ਤੱਤ ਨਹੀਂ ਹੁੰਦਾ ਜੋ ਖਾਲੀ ਪੇਟ ਸੇਵਨ ਕਰਨ ਨਾਲ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਨਾਸ਼ਤੇ ਦੇ ਨਾਲ ਜਾਂ ਬਾਅਦ ਵਿਚ ਗ੍ਰੀਨ ਟੀ ਪੀਣ ਨਾਲ ਪ੍ਰੋਟੀਨ, ਫਾਈਬਰ ਅਤੇ ਹੋਰ ਖਣਿਜ ਇਕੱਠੇ ਹੋਣ ਨਾਲ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਇਸ ਲਈ ਸਵੇਰੇ ਖਾਲੀ ਪੇਟ ਇਸ ਨੂੰ ਪੀਣਾ ਬਿਹਤਰ ਹੈ। ਜੇਕਰ ਤੁਸੀਂ ਸ਼ਾਮ ਨੂੰ ਜਾਂ ਸੌਣ ਤੋਂ ਪਹਿਲਾਂ ਗ੍ਰੀਨ ਟੀ ਪੀਂਦੇ ਹੋ, ਤਾਂ ਇਹ ਸਹੀ ਨਹੀਂ ਹੈ, ਕਿਉਂਕਿ ਇਸ ਵਿੱਚ ਕੈਫੀਨ ਹੁੰਦੀ ਹੈ। ਜਿਸ ਕਾਰਨ ਤੁਹਾਡੀ ਨੀਂਦ ਖਰਾਬ ਹੋ ਸਕਦੀ ਹੈ। ਨੀਂਦ ਦੀ ਕਮੀ ਜਾਂ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਪਾਚਨ ਦੇ ਨਾਲ-ਨਾਲ ਦਿਮਾਗ ਨੂੰ ਪ੍ਰਭਾਵਿਤ ਕਰਦੀ ਹੈ।ਭੋਜਨ ਦੇ ਨਾਲ ਗ੍ਰੀਨ ਟੀ ਪੀਣਾ ਕਿਸੇ ਵੀ ਤਰ੍ਹਾਂ ਚੰਗਾ ਫੈਸਲਾ ਨਹੀਂ ਹੈ। ਮਾਹਿਰਾਂ ਮੁਤਾਬਕ ਗ੍ਰੀਨ ਟੀ ‘ਚ ਮੌਜੂਦ ਟੈਨਿਨ ਸਰੀਰ ‘ਚ ਆਇਰਨ ਦੇ ਸੋਖਣ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਅਨੀਮੀਆ ਹੋ ਸਕਦਾ ਹੈ। ਐਂਟੀਆਕਸੀਡੈਂਟ ਦੀ ਸਹੀ ਸਮਾਈ ਨੂੰ ਯਕੀਨੀ ਬਣਾਉਣ ਲਈ, ਭੋਜਨ ਤੋਂ ਘੱਟੋ-ਘੱਟ ਦੋ ਘੰਟੇ ਪਹਿਲਾਂ ਜਾਂ ਬਾਅਦ ਵਿੱਚ ਗ੍ਰੀਨ ਟੀ ਪੀਣਾ ਚੰਗਾ ਹੈ।

ਗਰੀਨ-ਟੀ ਨਾਲ ਮਿਲਣਗੇ ਸਰੀਰ ਨੂੰ ਵੱਧ ਤੋਂ ਵੱਧ ਫ਼ਾਇਦੇ Read More »

ਜੀਵਨ ਦੀ ਲਿਸ਼ਕੋਰ/ਰਾਮ ਸਵਰਨ ਲੱਖੇਵਾਲੀ

ਬਹਿੰਦਾ ਉਠਦਾ ਮਨੁੱਖ ਸੋਚਾਂ ਦੀ ਦਹਿਲੀਜ਼ ’ਤੇ ਦਸਤਕ ਦਿੰਦਾ। ਅੱਗੇ ਵਧਣ ਦੀ ਵਿਉਂਤ ਬੁਣਦਾ। ਰਸਤਾ ਰੋਕਦੀਆਂ ਔਕੜਾਂ ਨੂੰ ਸਰ ਕਰਨ ਦਾ ਹੌਸਲਾ ਜੁਟਾਉਂਦਾ। ਘਰ ਪਰਿਵਾਰ ਨੂੰ ਬੁਲੰਦੀ ’ਤੇ ਲਿਜਾਣਾ ਲੋਚਦਾ। ਦਫ਼ਤਰ, ਸਕੂਲ , ਖੇਤ, ਫੈਕਟਰੀ ਜਾਂਦਾ ਸੁਫ਼ਨਿਆਂ ਦਾ ਸਾਥ ਮਾਣਦਾ। ਉੱਦਮ ਸੁਫ਼ਨਿਆਂ ਦਾ ਰਾਹ ਬਣਦਾ। ਸੰਗਤ ਹੱਲਾਸ਼ੇਰੀ ਤੇ ਸਬਕ ਦਿੰਦੀ। ਗਿਆਨ, ਚੇਤਨਾ ਰਾਹ ਰੌਸ਼ਨ ਕਰਦੀ। ਧਰਤੀ ਮਾਂ ਦੀ ਵਿਰਾਸਤ ਦੀਆਂ ਪੈੜਾਂ ਚਾਨਣ ਬਣ ਫੈਲਦੀਆਂ। ਸਵੈਮਾਣ ਰੰਗੀ ਚੰਗੇਰੀ ਜਿ਼ੰਦਗੀ ਮਨਾਂ ਵਿੱਚ ਦੀਪ ਬਣ ਜਗਦੀ। ਕਦਮ ਕਾਫ਼ਲਿਆਂ ਸੰਗ ਰਲਦੇ। ਰਾਹ ਖੁੱਲ੍ਹਦੇ ਜਾਂਦੇ। ਜਿ਼ੰਦਗੀ ਮੰਜਿ਼ਲਾਂ ਸਰ ਕਰਨ ਅਹੁਲਦੀ। ਰਾਹਾਂ ’ਤੇ ਤੁਰਦੇ ਰਹਿਣ ਦੀ ਇਬਾਰਤ ਲਿਖਣ ਲਗਦੀ। ਸਫਲਤਾ ਦੇ ਦਰਾਂ ਨੂੰ ਜਾਂਦੇ ਰਸਤੇ ਸਿਦਕ ਪਰਖਦੇ। ਮਜਬੂਰੀਆਂ ਰਾਹ ਰੋਕਦੀਆਂ। ਰਿਸ਼ਤੇ ਕਦਮਾਂ ਦਾ ਬੰਧਨ ਬਣਦੇ। ਇੱਛਾਵਾਂ ਸੌਖੇ ਰਾਹ ਤਲਾਸ਼ਣ ਦੀ ਝਲਕ ਦਿਖਾਉਂਦੀਆਂ। ਸੰਗੀ ਸਾਥੀ ਸਮਝੌਤੇ ਕਰਨ ਦੀ ਸਲਾਹ ਦਿੰਦੇ। ਅੱਗੇ ਵਧਣ ਲਈ ਆਪੋ-ਆਪਣੇ ਸਬਕ ਦਿੰਦੇ… ਸਿਆਸਤ ਦੀ ਛਤਰੀ ਹੇਠ ਰਹਿਣਾ, ਅਫਸਰਸ਼ਾਹੀ ਨਾਲ ਮਿਲ ਕੇ ਚੱਲਣਾ, ਆਪਣੇ ਸੁਆਰਥ ਲਈ ਦੂਜਿਆਂ ਨੂੰ ਕੁਰਾਹੇ ਤੋਰਨਾ, ਪੈਸੇ ਟਕੇ ਨਾਲ ਜਿੱਤ ਦੇ ਰਾਹ ਤਲਾਸ਼ਣਾ, ਲੋਕਾਂ ਦੀ ਧਰਮ ਲਈ ਆਸਥਾ ਨੂੰ ਆਪਣੇ ਹਿਤਾਂ ਲਈ ਵਰਤਣਾ… ਇਹ ਸਲਾਹਾਂ ਮਨ ਨੂੰ ਦੁਚਿਤੀ ਵਿੱਚ ਪਾਉਂਦੀਆਂ। ਮਨ ਮਸਤਕ ਦੇ ਅੰਬਰ ’ਤੇ ਲਾਲਚ ਦੀ ਪਰਤ ਚੜ੍ਹਨ ਲਗਦੀ। ਖਿਆਲ ਬਦਲਵਾਂ ਰਸਤਾ ਫੜਦੇ। ਸੌਖਾ ਰਾਹ ਦਿਲ ਦਿਮਾਗ ਨੂੰ ਭਾਉਂਦਾ। ਪਿੰਡਾਂ ਸ਼ਹਿਰਾਂ ਵਿੱਚ ਵਸਦੇ ਸਰਦੇ ਪੁੱਜਦੇ ਲੋਕ। ਜ਼ਮੀਨ ਜਾਇਦਾਦਾਂ ਦੇ ਮਾਲਕ। ਸਰਕਾਰੇ ਦਰਬਾਰੇ ਪਹੁੰਚ ਰੱਖਦੇ। ਜੀਵਨ ਦੀ ਹਰ ਸੁਖ ਸਹੂਲਤ ਮਾਣਦੇ। ਲੋਕਾਂ ਵਿੱਚ ਮਾਣ ਸਤਿਕਾਰ ਰੱਖਦੇ। ਸਮਾਗਮਾਂ ਵਿੱਚ ਫੁੱਲਾਂ ਦੇ ਹਾਰ ਸ਼ਾਨ ਵਧਾਉਂਦੇ। ਬੈਂਕ, ਬਾਜ਼ਾਰ ਉਨ੍ਹਾਂ ਤੋਂ ਪੁੱਛੇ ਬਿਨਾਂ ਕਰਜ਼ਾ ਨਾ ਦਿੰਦੇ। ਕਾਲਜਾਂ, ਟੂਰਨਾਮੈਂਟਾਂ ਵਿੱਚ ਮੁੱਖ ਮਹਿਮਾਨ ਹੁੰਦੇ। ਪਿੰਡਾਂ ਦੇ ਬਸਿ਼ੰਦੇ ਕਹਿਣੇ ਵਿੱਚ ਰਹਿੰਦੇ। ਪੰਚ ਸਰਪੰਚ ਪੁੱਛੇ ਬਿਨਾਂ ਕੋਈ ਕੰਮ ਨਾ ਕਰਦੇ। ਸਮੇਂ ਦੀਆਂ ਸਰਕਾਰਾਂ ਨਾਲ ਘਿਓ ਖਿਚੜੀ ਹੁੰਦੇ। ਅਫਸਰਾਂ, ਦਫਤਰਾਂ ਤੱਕ ਰਸਾਈ ਹੁੰਦੀ। ਹੋਰ ਭਲਾ ਬੰਦੇ ਨੂੰ ਕੀ ਚਾਹੀਦਾ! ਇਹ ਜਿਊਣਾ ਨਿੱਜ ਨੂੰ ਪਾਲਦਾ। ਘਰ ਪਰਿਵਾਰ ਸੁਖ ਮਾਣਦਾ। ਬੰਦਾ ਇਸੇ ਰਾਹ ਦੀ ਪੈੜ ਫੜਦਾ। ਸੱਥ ਪਰ੍ਹੇ ਵਿੱਚ ਹੁੰਦੀ ਗੱਲ ਮਨ ਲਗਦੀ… ‘ਬਈ ਵਕਤ ਦਾ ਵਹਿਣ ਹੁਣ ਆਪਣੇ ਮਤਲਬ ਤੱਕ ਰਹਿ ਗਿਆ। ਇਸੇ ਨਾਲ ਚੱਲਣਾ ਹੀ ਚੰਗਾ ਹੁੰਦਾ। ਇਸੇ ਵਿੱਚ ਭਲਾਈ ਹੁੰਦੀ। ਵਹਿਣ ਦੇ ਉਲਟ ਤੁਰਿਆਂ ਘਰ ਪਰਿਵਾਰ ਦਾ ਨੁਕਸਾਨ ਹੁੰਦਾ। ਬਾਲ ਬੱਚੇ ਸਹੂਲਤਾਂ ਨੂੰ ਤਰਸ ਜਾਂਦੇ। ਘਰ ਬਾਰ ਥੁੜਾਂ ਦਾ ਸਿ਼ਕਾਰ ਹੁੰਦਾ। ਰਿਸ਼ਤੇ ਨਾਤੇ ਮੂੰਹ ਮੋੜਨ ਲਗਦੇ। ਕੋਈ ਬਾਂਹ ਨਾ ਫੜਦਾ। ਮੁਸ਼ਕਿਲਾਂ ਜਿਊਣਾ ਮੁਸ਼ਕਿਲ ਕਰਦੀਆਂ। ਹਰ ਕਦਮ ’ਤੇ ਬਿਖਰੇ ਕੰਡੇ ਰਾਹ ਰੋਕਦੇ। ਬੇਵਸੀ ਉੱਡ ਕੇ ਮਿਲਦੀ। ਜਿ਼ੰਦਗੀ ਰਾਹ ਤੋਂ ਥਿੜਕ ਜਾਂਦੀ। ਨਿਰਾਸ਼ਾ ਤੋਂ ਬਿਨਾਂ ਕੁਝ ਹਾਸਲ ਨਹੀਂ ਹੁੰਦਾ। ਸੋਚਾਂ ਦੀ ਪਰਵਾਜ਼ ਰੁਕ ਜਾਂਦੀ। ਚੁਫੇਰੇ ਹਨੇਰਾ ਪਸਰਿਆ ਨਜ਼ਰ ਆਉਂਦਾ’।… ਇਹ ਸੋਚ ਇਕੱਲਾ-ਇਕਹਿਰਾ ਬੰਦਾ ਰਾਹੋਂ ‘ਭਟਕ’ ਜਾਂਦਾ। ਮਨ ਅੰਬਰ ਤੇ ਪਹੁ ਫੁਟਾਲਾ ਹੁੰਦਾ। ਚੇਤਨਾ ਦੇ ਪੰਨੇ ਪਲਟਣ ਲਗਦੇ। ਮਾਤਾ ਸਵਿੱਤਰੀ ਬਾਈ ਫੂਲੇ ਦੇ ਜੀਵਨ ਸਬਕ ਚਾਨਣ ਬਣ ਬਿਖਰਦੇ। ਆਪਣੇ ਲਈ ਜਿਊਣਾ ਚੰਗਾ ਹੁੰਦਾ; ਹੋਰਾਂ ਲਈ ਜਿਊਣਾ ਉੱਤਮ, ਪ੍ਰੇਰਨਾ ਦਾ ਲਖਾਇਕ ਬਣਦਾ। ਉਚੇਰੇ ਆਦਰਸ਼ਾਂ ਲਈ ਜਿਊਣ ਵਾਲੇ ਵਕਤ ਦੇ ਵਹਿਣ ਤੋਂ ਉਲਟ ਚਲਦੇ। ਆਜ਼ਾਦੀ, ਬਰਾਬਰੀ ਉਨ੍ਹਾਂ ਦਾ ਅਹਿਦ ਹੁੰਦਾ। ਇਨਸਾਫ਼ ਲਈ ਜੂਝਦੇ। ਸਿਦਕ, ਸਬਰ ਨਾਲ ਔਕੜਾਂ ਝੱਲਦੇ। ਆਪਣੇ ਮਕਸਦ ਤੋਂ ਨਾ ਥਿੜਕਦੇ। ਸਿਰ ਉਠਾ ਕੇ ਤੁਰਦੇ। ਉਨ੍ਹਾਂ ਦੀਆਂ ਪੈੜਾਂ ਹੋਰਾਂ ਦਾ ਰਾਹ ਰੌਸ਼ਨ ਕਰਦੀਆਂ। ਸੰਘਰਸ਼ਾਂ ਦੇ ਬਲਬੂਤੇ ਮੰਜਿ਼ਲ ਦੇ ਮੱਥੇ ’ਤੇ ਜਿੱਤ ਦੀ ਤਖਤੀ ਲਾ ਮੁੜਦੇ। ਉਹ ਇਤਿਹਾਸ ਦੇ ਸਿਰਜਣਹਾਰ ਬਣਦੇ। ਇਹ ਮਿਸਾਲੀ ਜੀਵਨ ਝਲਕ ਸੋਚਾਂ ਨੂੰ ਨਵਾਂ ਰਾਹ ਦਿੰਦੀ। ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਚੰਨ ਬਣ ਚਮਕਦਾ। ਮੱਸ ਫੁੱਟ ਗੱਭਰੂ, ਗ਼ਦਰੀ ਦੇਸ਼ ਭਗਤਾਂ ਦਾ ਬਾਲ ਜਰਨੈਲ ਕਰਤਾਰ ਸਿਹੁੰ ਸਰਾਭਾ। ਚੜ੍ਹਦੀ ਉਮਰੇ ਦੇਸ਼ ਭਗਤੀ ਦੀ ਜਾਗ ਲੱਗੀ। ਦੇਸ਼ ਸੇਵਾ ਨੂੰ ਜਿਊਣ ਆਦਰਸ਼ ਬਣਾ ਲਿਆ। ਸੋਚਾਂ ਸੁਫ਼ਨਿਆਂ ਨੂੰ ਸੂਹਾ ਰੰਗ ਚੜ੍ਹਿਆ। ਗ਼ਦਰ ਅਖ਼ਬਾਰ ਬੂਹਿਆਂ ’ਤੇ ਦਸਤਕ ਦੇਣ ਲੱਗਾ। ਆਸ਼ੇ ਲਈ ਸਿਦਕ ਦਿਲੀ ਨਾਲ ਕੰਮ ਕੀਤਾ। ਜਵਾਨ ਉਮਰੇ ਫਾਂਸੀ ਦਾ ਰੱਸਾ ਚੁੰਮ ਜੀਵਨ ਦੇਸ਼ ਲੇਖੇ ਲਾ ਗਿਆ। ਦੇਸ਼ ਦੁਨੀਆ ਨੇ ਉਸ ਨਾਇਕ ਦੀ ਪ੍ਰਤੀਬੱਧਤਾ ਤੇ ਕੁਰਬਾਨੀ ਨੂੰ ਸਿਜਦਾ ਕੀਤਾ। ਇਹ ਹੁੰਦਾ ਜਿਊਣਾ ਜਿਹੜਾ ਉਚੇਰੇ ਆਦਰਸ਼ਾਂ ਦੇ ਲੇਖੇ ਲੱਗੇ। ਜਿਊਂਦੀ ਜਾਗਦੀ ਮਿਸਾਲ ਬਣੇ। ਰਹਿੰਦੀ ਦੁਨੀਆ ਤੱਕ ਚੰਨ ਸੂਰਜ ਬਣ ਜਗਦਾ ਰਹੇ। ਸਮਝੌਤੇ ਨਾਲ ਜਿਊਣ ਦਾ ਰਾਹ ਸੁਆਰਥ ਦੀ ਪਛਾਣ ਬਣਦਾ। ਆਪਣੇ ਆਪ ਤੱਕ ਸੀਮਤ ਕਰਦਾ। ਸਮੂਹ ਨਾਲੋਂ ਤੋੜਦਾ। ਜਿਊਣ ਤਾਂਘ ਨੂੰ ਪਰਵਾਜ਼ ਭਰਨੋਂ ਰੋਕਦਾ। ਸਵੈਮਾਣ ਦੇ ਸਕੂਨ ਤੋਂ ਕੋਹਾਂ ਦੂਰ ਰਹਿੰਦਾ। ਧਨ ਦੌਲਤ ਨਾਲ ਸੁਖ ਸਹੂਲਤਾਂ ਭਰੀ ਜਿ਼ੰਦਗੀ। ਮਨੁੱਖ ਇਕੱਲਾ ਬੈਠ ਸੋਚਦਾ- ‘ਇੰਨਾ ਕੁਝ ਹਾਸਲ ਕਰਿਆ ਪਰ ਸੰਤੁਸ਼ਟੀ ਨਹੀਂ ਹੋਈ’। ‘ਵੱਡਾ ਬਣਨ’ ਦੀ ਸੱਧਰ ਨੇ ਸਾਂਝ ਦਾ ਕਲਾਵਾ ਖੋਲ੍ਹ ਦਿੱਤਾ। ਮੋਹ ਮੁਹੱਬਤ ਨੂੰ ਹਉਮੈ ਦਾ ਸੇਕ ਨਿਗਲ ਗਿਆ। ਰਿਸ਼ਤਿਆਂ ਦੀ ਤੰਦ ਪੈਸੇ ਨੇ ਟੁੱਕ ਦਿੱਤੀ। ਵਿਰਸੇ ਦੀ ਲੋਅ ਗਰਜਾਂ ਨੇ ਗੁਆ ਦਿੱਤੀ। ਡਿੱਗਿਆਂ ਨੂੰ ਉਠਾਉਣ ਦੀ ਵਿਰਾਸਤ ਸਾਂਭੀ ਨਾ ਗਈ। ਕਮਾਇਆ ਧਨ ਪੁੱਤਰ, ਧੀਆਂ ਦਾ ਹੋ ਜਾਣਾ; ਉਮਰਾ ਬਿਤਾ ਤੂੰ ਕੀ ‘ਕਮਾਇਆ’ ਫਿਰ! ਇਸ ਸਵਾਲ ਦਾ ਜਵਾਬ ਬੇਚੈਨ ਕਰਦਾ। ਜਿਊਂਦੀ ਜਾਗਦੀ, ਜੂਝਦੀ ਜਿ਼ੰਦਗੀ ਕੁਝ ਚੰਗਾ, ਨਵਾਂ ਕਰਦੀ। ਮਨ ਦਾ ਹੁਲਾਸ ਬਣਦੀ। ਮਾਪਿਆਂ ਤੇ ਸਮਾਜ ਦਾ ਭਵਿੱਖ ਬਣੇ ਧੀਆਂ ਪੁੱਤਰ ਗਿਆਨ ਸਾਗਰ ਦੀ ਥਾਹ ਪਾਉਂਦੇ। ਮਿਹਨਤ, ਉੱਦਮ ਨਾਲ ਮੰਜਿ਼ਲਾਂ ਦੇ ਮੱਥੇ ਚੁੰਮਦੇ। ਉੱਚ ਅਹੁਦਿਆਂ ਦਾ ਮਾਣ ਬਣਦੇ। ਮਾਵਾਂ ਦੇ ਦੁੱਧ ਦਾ ਕਰਜ਼ ਚੁਕਾਉਂਦੇ। ਚੇਤਨਾ ਦੇ ਰਾਹਾਂ ਦੇ ਪਾਂਧੀ। ਆਪ ਜਗਦੇ, ਹੋਰਾਂ ਨੂੰ ਜਗਾਉਂਦੇ। ਇਕੱਠੇ ਹੋ ਤੁਰਦੇ ਕਾਫ਼ਲੇ ਬਣਾਉਂਦੇ। ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ। ਸੰਘਰਸ਼ਾਂ ਦੇ ਪਿੜ ਮੱਲਦੇ। ਏਕੇ ਦੇ ਜ਼ੋਰ ਮੱਲਾਂ ਮਾਰਦੇ। ਕਾਲੇ ਕਾਨੂੰਨਾਂ ਨੂੰ ਮਾਤ ਦਿੰਦੇ। ਦੇਸ਼ ਦੁਨੀਆ ਤੋਂ ਦਾਦ ਹਾਸਲ ਕਰਦੇ। ਸੋਹਣੀ, ਚੰਗੇਰੀ ਤੇ ਸਾਵੀਂ ਸੁਖਾਵੀਂ ਜਿ਼ੰਦਗੀ ਦਾ ਰਾਹ ਫੜਦੇ। ਜਿਊਣ ਦਾ ਇਹ ਸੁਹਜ ਸਲੀਕਾ ਮਨ ਭਾਉਂਦਾ, ਮੜਕ ਬਣਦਾ, ਮਾਣ ਸਨਮਾਨ ਦੇ ਦਰ ਖੋਲ੍ਹਦਾ, ਜਿਊਣ ਰਾਹਾਂ ’ਤੇ ਏਕੇ ਦਾ ਰੰਗ ਬਿਖੇਰਦਾ। ਆਪਣੇ ਨਾਇਕਾਂ ਦੇ ਆਦਰਸ਼ਾਂ ਨੂੰ ਉਚਿਆਉਂਦਾ। ਇਹ ਜੀਵਨ ਸਰਘੀ ਹੁੰਦੀ ਜਿਸਦੇ ਕਲਾਵੇ ਹੱਕ, ਸੱਚ, ਸਾਂਝ, ਸੁਹਜ, ਸਿਆਣਪ ਤੇ ਸੰਘਰਸ਼ ਦੇ ਮੋਤੀ ਹੁੰਦੇ। ਉਹੋ ਜਿ਼ੰਦਗੀ ਦੀ ਲਿਸ਼ਕੋਰ ਬਣਦੇ।

ਜੀਵਨ ਦੀ ਲਿਸ਼ਕੋਰ/ਰਾਮ ਸਵਰਨ ਲੱਖੇਵਾਲੀ Read More »

ਭਾਜਪਾ ਨਾਲ ਰਲੇ ਹੋਏ ਹਨ ਭਗਵੰਤ ਮਾਨ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਕੁਸ਼ਲਪਾਲ ਸਿੰਘ ਮਾਨ ਨੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਸੀਹੋਂਮਾਜਰਾ ਵਿੱਚ ਚੋਣ ਮੀ‌ਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੇਂਦਰ ਸਰਕਾਰ ਨਾਲ ਮਿਲ ਕੇ ਫਿਕਸ ਮੈਚ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਅਦਾਰਿਆਂ ਨੂੰ ਇੱਕ ਇੱਕ ਕਰਕੇ ਖ਼ਤਮ ਕੀਤਾ ਜਾ ਰਿਹਾ ਹੈ ਤੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨਾਲ ਮਿਲ ਕੇ ਸੜਕਾਂ ਵੀ ਖੋਹ ਲਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਭਾਰਤ ਮਾਲਾ ਪ੍ਰਾਜੈਕਟ ਪੰਜਾਬ ਸਰਕਾਰ ਨਾਲ ਫਿਕਸ ਮੈਚ ਦੀ ਦੇਣ ਹੈ। ਕਿਸਾਨਾਂ ਨੂੰ ਬੇਜ਼ਮੀਨੇ ਕਰ ਕੇ ਬਣਾਏ ਜਾ ਰਹੇ ਇਸ ਪ੍ਰਾਜੈਕਟ ਦਾ ਜ਼ਿਆਦਾਤਰ ਫ਼ਾਇਦਾ ਪੂੰਜੀਪਤੀਆਂ ਨੂੰ ਹੋਵੇਗਾ। ਇਸ ਮੌਕੇ ਜਥੇਦਾਰ ਹਰਮੇਸ਼ ਸਿੰਘ ਬੜੌਦੀ, ਰਣਜੀਤ ਸਿੰਘ ਸੰਤੋਖਗੜ੍ਹ, ਅਮਨਦੀਪ ਸਿੰਘ ਸੀਹੋਂਮਾਜਰਾ, ਰਾਜਿੰਦਰ ਸਿੰਘ, ਜਗਤਾਰ ਸਿੰਘ ਤੇ ਹੋਰ ਹਾਜ਼ਰ ਸਨ।

ਭਾਜਪਾ ਨਾਲ ਰਲੇ ਹੋਏ ਹਨ ਭਗਵੰਤ ਮਾਨ Read More »

ਕਿੱਕਲੀ ਕਲੀਰ ਦੀ, ਬੁਰੀ ਹਾਲਤ ਸੁਖਬੀਰ ਦੀ

ਮੁੱਖ ਮੰਤਰੀ ਭਗਵੰਤ ਮਾਨ ਅੱਜ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਖ ’ਚ ਚੋਣ ਪ੍ਰਚਾਰ ਕਰਨ ਲਈ ਨਜ਼ਦੀਕੀ ਪਿੰਡ ਨਰੂਆਣਾ ਆਏ। ਇੱਥੇ ਉਨ੍ਹਾਂ ਚੋਣ ਰੈਲੀ ਦੌਰਾਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਅਤੇ ਵਿਰੋਧੀਆਂ ’ਤੇ ਤਿੱਖੇ ਨਿਸ਼ਾਨੇ ਸੇਧੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨਵੀਂ ‘ਕਿੱਕਲੀ’ ਵਿੱਚ ਬਾਦਲਾਂ ਦੇ ਟੱਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਿਆਖਿਆ ਕੀਤੀ ਹੈ। ਉਨ੍ਹਾਂ ਕਵਿਤਾ ਸੁਣਾਈ ‘ਕਿੱਕਲੀ ਕਲੀਰ ਦੀ, ਬੁਰੀ ਹਾਲਤ ਸੁਖਬੀਰ ਦੀ। ਸਮਝ ਕੁਛ ਆਵੇ ਨਾ, ਵੋਟ ਕੋਈ ਥਿਆਵੇ ਨਾ। ਮੱਖੀ ਉੱਡੇ ਨਾ ਪਿੰਡੇ ਤੋਂ, ਸੀਟ ਫਸ ਗਈ ਬਠਿੰਡੇ ਤੋਂ…।’ ਮੁੱਖ ਮੰਤਰੀ ਨੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਧੌਣਾਂ ’ਚੋਂ ਕਿੱਲੇ ਕੱਢਣ ਦਾ ਵੱਡਾ ਤਜਰਬਾ ਹੈ। ਇੱਕ ਵੱਡਾ ਕਿੱਲਾ ਇਨ੍ਹਾਂ ਵਿਧਾਨ ਸਭਾ ਚੋਣਾਂ ਮੌਕੇ ਕੱਢਿਆ ਸੀ, ਹੁਣ ਇੱਕ ਛੋਟੀ ਜਿਹੀ ਕਿੱਲੀ ਫਸੀ ਹੋਈ ਹੈ, ਉਹ ਵੀ ਕੱਢ ਦੇਣਗੇ।’ ਰੈਲੀ ਵਿੱਚ ਬਠਿੰਡਾ ਤੋਂ ਚੋਣ ਲੜ ਰਹੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਚੀਫ਼ ਵਿਪ੍ਹ ਪ੍ਰੋ. ਬਲਜਿੰਦਰ ਕੌਰ ਸਮੇਤ ਕਈ ਵਿਧਾਇਕ ਹਾਜ਼ਰ ਸਨ। ਇਸੇ ਦੌਰਾਨ ਮੁੱਖ ਮੰਤਰੀ ਨੇ ਫ਼ਿਰੋਜ਼ਪੁਰ ਤੋਂ ‘ਆਪ’ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ਵਿੱਚ ਫਾਜ਼ਿਲਕਾ ਵਿੱਚ ਰੋਡ ਸ਼ੋਅ ਕੀਤਾ। ਰੈਲੀ ’ਚ ਹਾਜ਼ਰ ਦਰਸ਼ਕ ਉਦੋਂ ਦੰਗ ਰਹਿ ਗਏ ਜਦੋਂ ਮੰਚ ’ਤੇ ਬੈਠੇ ਬਠਿੰਡਾ (ਦਿਹਾਤੀ) ਤੋਂ ‘ਆਪ’ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਕੋਲ ਜਾ ਕੇ ਮੁੱਖ ਮੰਤਰੀ ਦੇ ਸੁਰੱਖਿਆ ਗਾਰਡ ਨੇ ਉਨ੍ਹਾਂ ਦੇ ਕੰਨ ਕੋਲ ਮੂੰਹ ਕਰ ਕੇ ਘੁਸਰ-ਮੁਸਰ ਜਿਹੀ ਕੀਤੀ। ਚਿਹਰਿਆਂ ਦੇ ਹਾਵ-ਭਾਵ ਤੋਂ ਜਾਪਦਾ ਸੀ ਕਿ ਵਿਧਾਇਕ ਨੇ ਇਤਰਾਜ਼ ਕਰਦਿਆਂ ਮੁਖ਼ਾਲਫ਼ਤ ਕੀਤੀ ਹੈ ਪਰ ਕੁਝ ਪਲਾਂ ਮਗਰੋਂ ਵਿਧਾਇਕ ਚੁੱਪ-ਚਾਪ ਕੁਰਸੀ ਤੋਂ ਉੱਠੇ ਅਤੇ ਮੰਚ ਤੋਂ ਹੇਠਾਂ ਆ ਗਏ। ਭਾਵੇਂ ਪੁਖ਼ਤਾ ਜਾਣਕਾਰੀ ਕੋਈ ਨਹੀਂ ਪਰ ਲੋਕ ਕਿਆਫ਼ੇ ਲਾ ਰਹੇ ਸਨ ਕਿ ਸੁਰੱਖਿਆ ਕਰਮੀ ਨੂੰ ਮੁੱਖ ਮੰਤਰੀ ਵੱਲੋਂ ਭੇਜਿਆ ਗਿਆ ਹੋਵੇਗਾ। ਗੌਰਤਲਬ ਹੈ ਕਿ ਵਿਧਾਇਕ ਨੂੰ ਕਥਿਤ ਭਿ੍ਰਸ਼ਟਾਚਾਰ ਦੇ ਦੋਸ਼ ਤਹਿਤ ਵਿਜੀਲੈਂਸ ਵੱਲੋਂ ਇੱਕ ਵਾਰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ। ਆਮ ਆਦਮੀ ਪਾਰਟੀ ਨੂੰ ਅੱਜ ਉਦੋਂ ਹੋਰ ਮਜ਼ਬੂਤੀ ਮਿਲੀ, ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਕਾਂਗਰਸੀ ਕੌਂਸਲਰ ਬੇਅੰਤ ਸਿੰਘ ਰੰਧਾਵਾ, ਅਕਾਲੀ ਦਲ ਦੇ ਆਈਟੀ ਵਿੰਗ ਬਠਿੰਡਾ ਦੇ ਪ੍ਰਧਾਨ ਮਨਪ੍ਰੀਤ ਸ਼ਰਮਾ ਅਤੇ ਚੀਫ਼ ਖਾਲਸਾ ਦੀਵਾਨ ਗੁਰਦੁਆਰਾ ਸਿੰਘ ਸਭਾ ਦੇ ਹੈੱਡ ਗ੍ਰੰਥੀ ਜਥੇਦਾਰ ਤੇਜਾ ਸਿੰਘ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਦੇ ਵਿਧਾਇਕ ਜਗਰੂਪ ਸਿੰਘ ਗਿੱਲ ਉਚੇਚੇ ਤੌਰ ’ਤੇ ਹਾਜ਼ਰ ਰਹੇ।

ਕਿੱਕਲੀ ਕਲੀਰ ਦੀ, ਬੁਰੀ ਹਾਲਤ ਸੁਖਬੀਰ ਦੀ Read More »

ਪੁਣੇ ਪੌਸ਼ ਹਾਦਸਾ

ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ ਲਗਜ਼ਰੀ ਕਾਰ ਪੌਸ਼/ਪੌਰਸ਼ ਨਾਲ ਘਾਤਕ ਹਾਦਸੇ ਦੇ ਕਈ ਅਹਿਮ ਸਬਕ ਸਾਹਮਣੇ ਆ ਰਹੇ ਹਨ। ਇਹ ਕਾਰ 200 ਕਿਲੋਮੀਟਰ ਫ਼ੀ ਘੰਟੇ ਦੀ ਰਫ਼ਤਾਰ ਨਾਲ ਜਾ ਰਹੀ ਸੀ ਜਿਸ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ; ਮੋਟਰਸਾਈਕਲ ਸਵਾਰ ਦੋਵੇਂ ਆਈਟੀ ਇੰਜਨੀਅਰਾਂ ਦੀ ਮੌਤ ਵਾਕਿਆ ਹੋ ਗਈ। ਕਾਰ 17 ਸਾਲ ਦਾ ਨਾਬਾਲਗ ਲੜਕਾ ਚਲਾ ਰਿਹਾ ਸੀ। ਉਂਝ ਗਨੀਮਤ ਹੈ ਕਿ ਪੁਲੀਸ ਨੇ ਝਟਪਟ ਕਾਰਵਾਈ ਅਮਲ ਵਿੱਚ ਲਿਆਂਦੀ ਅਤੇ ਨਾਬਾਲਗ ਲੜਕੇ ਨੂੰ ਸ਼ਰਾਬ ਪਿਲਾਉਣ ਵਾਲੇ ਬਾਰ ਮਾਲਕ ਅਤੇ ਉਸ ਦੇ ਕਰਮਚਾਰੀਆਂ ਤੇ ਲੜਕੇ ਦੇ ਪਿਤਾ ਖਿ਼ਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਸੰਕੇਤ ਗਿਆ ਹੈ ਕਿ ਇਸ ਤਰ੍ਹਾਂ ਦੇ ਗ਼ੈਰ-ਜਿ਼ੰਮਵਾਰਾਨਾ ਵਿਹਾਰ ਨੂੰ ਬਿਲਕੁੱਲ ਸਹਿਣ ਨਹੀਂ ਕੀਤਾ ਜਾ ਸਕਦਾ। ਪੁਣੇ ਪੁਲੀਸ ਨੇ ਇਸ ਕੇਸ ਵਿੱਚ ਕ੍ਰਾਈਮ ਬ੍ਰਾਂਚ ਨੂੰ ਸ਼ਾਮਿਲ ਕੀਤਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਮਸਲੇ ਨੂੰ ਕਿੰਨੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਕਾਰ ਚਲਾਉਣ ਵਾਲੇ ਲੜਕੇ ਦੇ ਪਿਤਾ ਅਤੇ ਬਾਰ ਮਾਲਕ ਦੀ ਗ੍ਰਿਫ਼ਤਾਰੀ ਇਹ ਨਿਸ਼ਾਨਦੇਹੀ ਕਰਦੀ ਹੈ ਕਿ ਇਸ ਤਰ੍ਹਾਂ ਦੇ ਗੰਭੀਰ ਹਾਦਸਿਆਂ ਦੀ ਰੋਕਥਾਮ ਵਿੱਚ ਵਡੇਰੀ ਜਿ਼ੰਮੇਵਾਰੀ ਨੂੰ ਅਣਡਿੱਠ ਨਹੀਂ ਕੀਤਾ ਜਾਣਾ ਚਾਹੀਦਾ। ਲੜਕੇ ਦੇ ਪਿਤਾ ਖਿ਼ਲਾਫ਼ ਬਾਲ ਅਪਰਾਧ ਨਿਆਂ ਐਕਟ ਦੀ ਧਾਰਾ ਤਹਿਤ ਖ਼ਤਰਨਾਕ ਸਰਗਰਮੀਆਂ ਤੋਂ ਬਚਾਓ ਲਈ ਮਾਪਿਆਂ ਦੀ ਬਣਦੀ ਜਿ਼ੰਮੇਵਾਰੀ ਨਾ ਨਿਭਾਉਣ ਬਦਲੇ ਦੋਸ਼ ਆਇਦ ਕੀਤੇ ਗਏ ਹਨ। ਉਂਝ ਬਾਲ ਅਪਰਾਧ ਬੋਰਡ ਵੱਲੋਂ ਨਾਬਾਲਗ ਲੜਕੇ ਦੀ ਜ਼ਮਾਨਤ ਮਨਜ਼ੂਰ ਕਰਨਾ, ਸੜਕ ਸੁਰੱਖਿਆ ਬਾਰੇ ਲੇਖ ਲਿਖ ਕੇ ਲਿਆਉਣ ਅਤੇ ਜ਼ਰੂਰੀ ਕੌਂਸਲਿੰਗ ਲੈਣ ਦੀ ਤਾਕੀਦ ਨੂੰ ਲੈ ਕੇ ਕਈ ਲੋਕਾਂ ਵੱਲੋਂ ਹੈਰਾਨੀ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੀ ਢਿੱਲ ਦਾ ਕੀ ਸੰਦੇਸ਼ ਜਾਵੇਗਾ, ਉਹ ਵੀ ਅਜਿਹੇ ਕੇਸ ਵਿੱਚ ਜਿਸ ਵਿੱਚ ਦੋ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ 18 ਸਾਲ ਦੀ ਉਮਰ ਵਿੱਚ ਵੋਟ ਪਾਉਣ ਜਾਂ ਵਿਆਹ ਕਰਨ ਦੇ ਅਧਿਕਾਰ ਤੋਂ ਇਲਾਵਾ ਕੁਝ ਰਾਜਾਂ ਵਿੱਚ ਜਨਤਕ ਤੌਰ ’ਤੇ ਸ਼ਰਾਬ ਪੀਣ ਲਈ 25 ਸਾਲ ਦੀ ਉਮਰ ਹੱਦ ਮਿਥਣ ਦੇ ਤਰਕ ਮੁਤੱਲਕ ਸਵਾਲ ਵੀ ਉਠਾਏ ਗਏ ਹਨ। ਹਾਲ ਹੀ ਵਿੱਚ ਪਟਿਆਲਾ ਜਿੱਥੇ ਤੇਜ਼ ਰਫ਼ਤਾਰ ਵਿਦਿਆਰਥੀ ਕਈ ਮੌਤਾਂ ਦਾ ਕਾਰਨ ਬਣੇ ਹਨ, ਵਿੱਚ ਹੋਇਆ ਹਾਦਸਾ ਨੌਜਵਾਨਾਂ ’ਚ ਖ਼ਤਰਨਾਕ ਡਰਾਈਵਿੰਗ ਦੇ ਚਿੰਤਾਜਨਕ ਰੁਝਾਨ ਵੱਲ ਸੰਕੇਤ ਕਰਦਾ ਹੈ। ਅਜਿਹੇ ਹਾਦਸਿਆਂ ਕਾਰਨ ਜਿਨ੍ਹਾਂ ਪਰਿਵਾਰਾਂ ਦੇ ਜੀਅ ਵਿਛੜ ਜਾਂਦੇ ਹਨ, ਉਹ ਭਰਪਾਈ ਤਾਂ ਕਦੀ ਵੀ ਨਹੀਂ ਹੋ ਸਕਦੀ ਪਰ ਅਜਿਹੇ ਹਾਦਸਿਆਂ ਦਾ ਸਭ ਤੋਂ ਪਹਿਲਾ ਸਬਕ ਇਹ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਨੂੰ ਕਿਸ ਢੰਗ-ਤਰੀਕੇ ਨਾਲ ਰੋਕਿਆ ਜਾਵੇ। ਇਸ ਤਰ੍ਹਾਂ ਦੀਆਂ ਘਟਨਾਵਾਂ ਟਰੈਫਿਕ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਅਤੇ ਨਾਬਾਲਗ ਮੁਲਜ਼ਮਾਂ ਲਈ ਕਾਨੂੰਨੀ ਢਾਂਚੇ ਦੀ ਸਮੀਖਿਆ ਦੀ ਲੋੜ ਉੱਤੇ ਜ਼ੋਰ ਦਿੰਦੀਆਂ ਹਨ। ਪੁਣੇ ਪੁਲੀਸ ਵੱਲੋਂ ਨਾਬਾਲਗ ਉੱਤੇ ਬਾਲਗ ਵਜੋਂ ਮੁਕੱਦਮਾ ਚਲਾਉਣ ਦੀ ਅਪੀਲ ਇਸ ਪਾਸੇ ਚੁੱਕਿਆ ਅਹਿਮ ਕਦਮ ਹੈ। ਨਿਆਂਇਕ ਤੰਤਰ ਨੂੰ ਇਸ ਸਬੰਧੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਕਿ ਇਸ ਤਰ੍ਹਾਂ ਦਾ ਖ਼ਤਰਨਾਕ ਵਿਹਾਰ ਕਰਨ ਦੇ ਗੰਭੀਰ ਸਿੱਟੇ ਨਿਕਲਣਗੇ, ਭਾਵੇਂ ਅਪਰਾਧੀ ਦੀ ਉਮਰ ਕੋਈ ਵੀ ਹੋਵੇ। ਇਸ ਨਾਲ ਲੋਕਾਂ ਦਾ ਭਰੋਸਾ ਬਹਾਲ ਹੋਵੇਗਾ ਅਤੇ ਸੜਕਾਂ ’ਤੇ ਲਾਪਰਵਾਹੀ ਵਰਤਣ ਤੋਂ ਲੋਕ ਡਰਨਗੇ।

ਪੁਣੇ ਪੌਸ਼ ਹਾਦਸਾ Read More »

ਹਾਈ ਕੋਰਟ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ਕੀਤੀ ਖਾਰਜ

ਦਿੱਲੀ ਹਾਈ ਕੋਰਟ ਨੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਵੱਡਾ ਝਟਕਾ ਦਿੰਦਿਆਂ ਕਥਿਤ ਸ਼ਰਾਬ ਘੁਟਾਲੇ ਦੇ ਸਿਲਸਿਲੇ ’ਚ ਈਡੀ ਤੇ ਸੀਬੀਆਈ ਵੱਲੋਂ ਦਰਜ ਕੀਤੇ ਗਏ ਮਨੀ ਲਾਂਡਰਿੰਗ ਦੇ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਅੱਜ ਖਾਰਜ ਕਰ ਦਿੱਤੀ ਤੇ ਕਿਹਾ ਕਿ ਇਹ ਮਾਮਲਾ ਸੱਤਾ ਦੀ ਗੰਭੀਰ ਦੁਰਵਰਤੋਂ ਅਤੇ ਉਨ੍ਹਾਂ ਵੱਲੋਂ ਜਨਤਕ ਹਿੱਤਾਂ ਦੀ ਉਲੰਘਣਾ ਨਾਲ ਜੁੜਿਆ ਹੋਇਆ ਹੈ। ਇਸ ਤੋਂ ਪਹਿਲਾਂ ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਦੀ ਅਦਾਲਤ ਨੇ ਕਥਿਤ ਸ਼ਰਾਬ ਨੀਤੀ ਘਪਲੇ ਨਾਲ ਸਬੰਧਤ ਮਾਮਲੇ ’ਚ ਮਨੀਸ਼ ਸਿਸੋਦੀਆ ਤੇ ਹੋਰਾਂ ਦੀ ਨਿਆਂਇਕ ਹਿਰਾਸਤ 31 ਮਈ ਤੱਕ ਵਧਾ ਦਿੱਤੀ ਹੈ। ਹਾਈ ਕੋਰਟ ਦੇ ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਕਿਹਾ ਕਿ ਸਿਸੋਦੀਆ ਕਥਿਤ ਤੌਰ ’ਤੇ ਅਹਿਮ ਸਬੂਤ ਨਸ਼ਟ ਕਰਨ ’ਚ ਸ਼ਾਮਲ ਸਨ। ਹਾਈ ਕੋਰਟ ਨੇ ਕਿਹਾ ਕਿ ਸਿਸੋਦੀਆ ਦਿੱਲੀ ਸਰਕਾਰ ਦੇ ਸੱਤਾ ਦੇ ਗਲਿਆਰੇ ’ਚ ਇਕ ਬਹੁਤ ਸ਼ਕਤੀਸ਼ਾਲੀ ਤੇ ਪ੍ਰਭਾਵਸ਼ਾਲੀ ਵਿਅਕਤੀ ਹਨ। ਜਾਂਚ ਦੌਰਾਨ ਇਕੱਠੀ ਕੀਤੀ ਗਈ ਸਮੱਗਰੀ ਤੋਂ ਪਤਾ ਲੱਗਦਾ ਹੈ ਕਿ ਮੁੱਢਲੀ ਨਜ਼ਰੇ ਸਿਸੋਦੀਆ ਨੇ ਆਪਣੇ ਪਹਿਲਾਂ ਤੋਂ ਤੈਅ ਟੀਚੇ ਅਨੁਸਾਰ ਆਬਕਾਰੀ ਨੀਤੀ ਬਣਾਉਣ ਦੀ ਪ੍ਰਕਿਰਿਆ ’ਚ ਗੜਬੜ ਕੀਤੀ। ਹਾਈ ਕੋਰਟ ਨੇ 14 ਮਈ ਨੂੰ ਸਿਸੋਦੀਆ, ਸੀਬੀਆਈ ਤੇ ਈਡੀ ਦੀਆਂ ਦਲੀਲਾਂ ਸੁਣਨ ਮਗਰੋਂ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਸਿਸੋਦੀਆ ਨੇ ਹੇਠਲੀ ਅਦਾਲਤ ਦੇ 30 ਅਪਰੈਲ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ ਜਿਸ ਵਿੱਚ ਉਨ੍ਹਾਂ ਦੀ ਜ਼ਮਾਨਤ ਖਾਰਜ ਕਰ ਦਿੱਤੀ ਸੀ।

ਹਾਈ ਕੋਰਟ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ਕੀਤੀ ਖਾਰਜ Read More »

ਕੇਜਰੀਵਾਲ ਦਾ ਬਿਆਨ ਹੈ ਬੇਬੁਨਿਆਦ ਅਤੇ ਝੂਠਾ

ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਝੂਠ ਬੋਲਣ ਦਾ ਮਾਸਟਰ ਹੈ ਅਤੇ ਉਨ੍ਹਾਂ ਦਾ ਇਹ ਬਿਆਨ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੋਣ ਰੈਲੀ ’ਚ ਸਿਰਫ 500 ਲੋਕ ਮੌਜੂਦ ਸਨ, ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ, ‘‘ਮੈਂ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਆ ਕੇ ਸਾਡੇ ਨਾਲ ਸ੍ਰੀ ਅਮਿਤ ਸ਼ਾਹ ਦੀ ਲੰਘੇ ਦਿਨ ਦੀ ਪਬਲਿਕ ਮੀਟਿੰਗ ਦੀ ਰਿਕਾਰਡਿੰਗ ਦੇਖਣ, ਫਿਰ ਪਤਾ ਲੱਗੇਗਾ ਕਿ 500 ਲੋਕ ਆਏ ਜਾਂ 25000 ਆਏ।’’ ਉਨ੍ਹਾਂ ਸੋਮਵਾਰ ਦੀ ਜਨਤਕ ਮੀਟਿੰਗ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਆਪਣਾ ਸਿਆਸੀ ਚਸ਼ਮਾ ਉਤਾਰ ਕੇ ਦੇਖਣ ਦੀ ਲੋੜ ਹੈ ਕਿ ਇੱਕ ਮਹਿਲਾ ਸੰਸਦ ਮੈਂਬਰ ਸਵਾਤੀ ਮਾਲੀਵਾਲ ਨਾਲ ਉਨ੍ਹਾਂ ਦੇ ਘਰ ਵਿੱਚ ਦੁਰਵਿਵਹਾਰ ਕੀਤਾ ਗਿਆ ਸੀ ਪਰ ਨਾ ਤਾਂ ਉਨ੍ਹਾਂ ਨੇ ਇਹ ਦੇਖਿਆ ਅਤੇ ਨਾ ਹੀ ਉਹ ਇਸ ’ਤੇ ਅਜੇ ਤੱਕ ਕੁਝ ਕਹਿ ਸਕੇ ਹਨ। ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਦੇਸ਼ਾਂ ਤੋਂ ਫੰਡ ਲੈਂਦੀ ਹੈ, ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਨ ਵਾਲਿਆਂ ਤੋਂ ਸਿਆਸੀ ਚੰਦਾ ਲੈਂਦੀ ਹੈ।

ਕੇਜਰੀਵਾਲ ਦਾ ਬਿਆਨ ਹੈ ਬੇਬੁਨਿਆਦ ਅਤੇ ਝੂਠਾ Read More »