ਜੀਵਨ ਦੀ ਲਿਸ਼ਕੋਰ/ਰਾਮ ਸਵਰਨ ਲੱਖੇਵਾਲੀ

ਬਹਿੰਦਾ ਉਠਦਾ ਮਨੁੱਖ ਸੋਚਾਂ ਦੀ ਦਹਿਲੀਜ਼ ’ਤੇ ਦਸਤਕ ਦਿੰਦਾ। ਅੱਗੇ ਵਧਣ ਦੀ ਵਿਉਂਤ ਬੁਣਦਾ। ਰਸਤਾ ਰੋਕਦੀਆਂ ਔਕੜਾਂ ਨੂੰ ਸਰ ਕਰਨ ਦਾ ਹੌਸਲਾ ਜੁਟਾਉਂਦਾ। ਘਰ ਪਰਿਵਾਰ ਨੂੰ ਬੁਲੰਦੀ ’ਤੇ ਲਿਜਾਣਾ ਲੋਚਦਾ। ਦਫ਼ਤਰ, ਸਕੂਲ , ਖੇਤ, ਫੈਕਟਰੀ ਜਾਂਦਾ ਸੁਫ਼ਨਿਆਂ ਦਾ ਸਾਥ ਮਾਣਦਾ। ਉੱਦਮ ਸੁਫ਼ਨਿਆਂ ਦਾ ਰਾਹ ਬਣਦਾ। ਸੰਗਤ ਹੱਲਾਸ਼ੇਰੀ ਤੇ ਸਬਕ ਦਿੰਦੀ। ਗਿਆਨ, ਚੇਤਨਾ ਰਾਹ ਰੌਸ਼ਨ ਕਰਦੀ। ਧਰਤੀ ਮਾਂ ਦੀ ਵਿਰਾਸਤ ਦੀਆਂ ਪੈੜਾਂ ਚਾਨਣ ਬਣ ਫੈਲਦੀਆਂ। ਸਵੈਮਾਣ ਰੰਗੀ ਚੰਗੇਰੀ ਜਿ਼ੰਦਗੀ ਮਨਾਂ ਵਿੱਚ ਦੀਪ ਬਣ ਜਗਦੀ। ਕਦਮ ਕਾਫ਼ਲਿਆਂ ਸੰਗ ਰਲਦੇ। ਰਾਹ ਖੁੱਲ੍ਹਦੇ ਜਾਂਦੇ। ਜਿ਼ੰਦਗੀ ਮੰਜਿ਼ਲਾਂ ਸਰ ਕਰਨ ਅਹੁਲਦੀ। ਰਾਹਾਂ ’ਤੇ ਤੁਰਦੇ ਰਹਿਣ ਦੀ ਇਬਾਰਤ ਲਿਖਣ ਲਗਦੀ।

ਸਫਲਤਾ ਦੇ ਦਰਾਂ ਨੂੰ ਜਾਂਦੇ ਰਸਤੇ ਸਿਦਕ ਪਰਖਦੇ। ਮਜਬੂਰੀਆਂ ਰਾਹ ਰੋਕਦੀਆਂ। ਰਿਸ਼ਤੇ ਕਦਮਾਂ ਦਾ ਬੰਧਨ ਬਣਦੇ। ਇੱਛਾਵਾਂ ਸੌਖੇ ਰਾਹ ਤਲਾਸ਼ਣ ਦੀ ਝਲਕ ਦਿਖਾਉਂਦੀਆਂ। ਸੰਗੀ ਸਾਥੀ ਸਮਝੌਤੇ ਕਰਨ ਦੀ ਸਲਾਹ ਦਿੰਦੇ। ਅੱਗੇ ਵਧਣ ਲਈ ਆਪੋ-ਆਪਣੇ ਸਬਕ ਦਿੰਦੇ… ਸਿਆਸਤ ਦੀ ਛਤਰੀ ਹੇਠ ਰਹਿਣਾ, ਅਫਸਰਸ਼ਾਹੀ ਨਾਲ ਮਿਲ ਕੇ ਚੱਲਣਾ, ਆਪਣੇ ਸੁਆਰਥ ਲਈ ਦੂਜਿਆਂ ਨੂੰ ਕੁਰਾਹੇ ਤੋਰਨਾ, ਪੈਸੇ ਟਕੇ ਨਾਲ ਜਿੱਤ ਦੇ ਰਾਹ ਤਲਾਸ਼ਣਾ, ਲੋਕਾਂ ਦੀ ਧਰਮ ਲਈ ਆਸਥਾ ਨੂੰ ਆਪਣੇ ਹਿਤਾਂ ਲਈ ਵਰਤਣਾ… ਇਹ ਸਲਾਹਾਂ ਮਨ ਨੂੰ ਦੁਚਿਤੀ ਵਿੱਚ ਪਾਉਂਦੀਆਂ। ਮਨ ਮਸਤਕ ਦੇ ਅੰਬਰ ’ਤੇ ਲਾਲਚ ਦੀ ਪਰਤ ਚੜ੍ਹਨ ਲਗਦੀ। ਖਿਆਲ ਬਦਲਵਾਂ ਰਸਤਾ ਫੜਦੇ। ਸੌਖਾ ਰਾਹ ਦਿਲ ਦਿਮਾਗ ਨੂੰ ਭਾਉਂਦਾ।

ਪਿੰਡਾਂ ਸ਼ਹਿਰਾਂ ਵਿੱਚ ਵਸਦੇ ਸਰਦੇ ਪੁੱਜਦੇ ਲੋਕ। ਜ਼ਮੀਨ ਜਾਇਦਾਦਾਂ ਦੇ ਮਾਲਕ। ਸਰਕਾਰੇ ਦਰਬਾਰੇ ਪਹੁੰਚ ਰੱਖਦੇ। ਜੀਵਨ ਦੀ ਹਰ ਸੁਖ ਸਹੂਲਤ ਮਾਣਦੇ। ਲੋਕਾਂ ਵਿੱਚ ਮਾਣ ਸਤਿਕਾਰ ਰੱਖਦੇ। ਸਮਾਗਮਾਂ ਵਿੱਚ ਫੁੱਲਾਂ ਦੇ ਹਾਰ ਸ਼ਾਨ ਵਧਾਉਂਦੇ। ਬੈਂਕ, ਬਾਜ਼ਾਰ ਉਨ੍ਹਾਂ ਤੋਂ ਪੁੱਛੇ ਬਿਨਾਂ ਕਰਜ਼ਾ ਨਾ ਦਿੰਦੇ। ਕਾਲਜਾਂ, ਟੂਰਨਾਮੈਂਟਾਂ ਵਿੱਚ ਮੁੱਖ ਮਹਿਮਾਨ ਹੁੰਦੇ। ਪਿੰਡਾਂ ਦੇ ਬਸਿ਼ੰਦੇ ਕਹਿਣੇ ਵਿੱਚ ਰਹਿੰਦੇ। ਪੰਚ ਸਰਪੰਚ ਪੁੱਛੇ ਬਿਨਾਂ ਕੋਈ ਕੰਮ ਨਾ ਕਰਦੇ। ਸਮੇਂ ਦੀਆਂ ਸਰਕਾਰਾਂ ਨਾਲ ਘਿਓ ਖਿਚੜੀ ਹੁੰਦੇ। ਅਫਸਰਾਂ, ਦਫਤਰਾਂ ਤੱਕ ਰਸਾਈ ਹੁੰਦੀ। ਹੋਰ ਭਲਾ ਬੰਦੇ ਨੂੰ ਕੀ ਚਾਹੀਦਾ! ਇਹ ਜਿਊਣਾ ਨਿੱਜ ਨੂੰ ਪਾਲਦਾ। ਘਰ ਪਰਿਵਾਰ ਸੁਖ ਮਾਣਦਾ।

ਬੰਦਾ ਇਸੇ ਰਾਹ ਦੀ ਪੈੜ ਫੜਦਾ। ਸੱਥ ਪਰ੍ਹੇ ਵਿੱਚ ਹੁੰਦੀ ਗੱਲ ਮਨ ਲਗਦੀ… ‘ਬਈ ਵਕਤ ਦਾ ਵਹਿਣ ਹੁਣ ਆਪਣੇ ਮਤਲਬ ਤੱਕ ਰਹਿ ਗਿਆ। ਇਸੇ ਨਾਲ ਚੱਲਣਾ ਹੀ ਚੰਗਾ ਹੁੰਦਾ। ਇਸੇ ਵਿੱਚ ਭਲਾਈ ਹੁੰਦੀ। ਵਹਿਣ ਦੇ ਉਲਟ ਤੁਰਿਆਂ ਘਰ ਪਰਿਵਾਰ ਦਾ ਨੁਕਸਾਨ ਹੁੰਦਾ। ਬਾਲ ਬੱਚੇ ਸਹੂਲਤਾਂ ਨੂੰ ਤਰਸ ਜਾਂਦੇ। ਘਰ ਬਾਰ ਥੁੜਾਂ ਦਾ ਸਿ਼ਕਾਰ ਹੁੰਦਾ। ਰਿਸ਼ਤੇ ਨਾਤੇ ਮੂੰਹ ਮੋੜਨ ਲਗਦੇ। ਕੋਈ ਬਾਂਹ ਨਾ ਫੜਦਾ। ਮੁਸ਼ਕਿਲਾਂ ਜਿਊਣਾ ਮੁਸ਼ਕਿਲ ਕਰਦੀਆਂ। ਹਰ ਕਦਮ ’ਤੇ ਬਿਖਰੇ ਕੰਡੇ ਰਾਹ ਰੋਕਦੇ। ਬੇਵਸੀ ਉੱਡ ਕੇ ਮਿਲਦੀ। ਜਿ਼ੰਦਗੀ ਰਾਹ ਤੋਂ ਥਿੜਕ ਜਾਂਦੀ। ਨਿਰਾਸ਼ਾ ਤੋਂ ਬਿਨਾਂ ਕੁਝ ਹਾਸਲ ਨਹੀਂ ਹੁੰਦਾ। ਸੋਚਾਂ ਦੀ ਪਰਵਾਜ਼ ਰੁਕ ਜਾਂਦੀ। ਚੁਫੇਰੇ ਹਨੇਰਾ ਪਸਰਿਆ ਨਜ਼ਰ ਆਉਂਦਾ’।… ਇਹ ਸੋਚ ਇਕੱਲਾ-ਇਕਹਿਰਾ ਬੰਦਾ ਰਾਹੋਂ ‘ਭਟਕ’ ਜਾਂਦਾ।

ਮਨ ਅੰਬਰ ਤੇ ਪਹੁ ਫੁਟਾਲਾ ਹੁੰਦਾ। ਚੇਤਨਾ ਦੇ ਪੰਨੇ ਪਲਟਣ ਲਗਦੇ। ਮਾਤਾ ਸਵਿੱਤਰੀ ਬਾਈ ਫੂਲੇ ਦੇ ਜੀਵਨ ਸਬਕ ਚਾਨਣ ਬਣ ਬਿਖਰਦੇ। ਆਪਣੇ ਲਈ ਜਿਊਣਾ ਚੰਗਾ ਹੁੰਦਾ; ਹੋਰਾਂ ਲਈ ਜਿਊਣਾ ਉੱਤਮ, ਪ੍ਰੇਰਨਾ ਦਾ ਲਖਾਇਕ ਬਣਦਾ। ਉਚੇਰੇ ਆਦਰਸ਼ਾਂ ਲਈ ਜਿਊਣ ਵਾਲੇ ਵਕਤ ਦੇ ਵਹਿਣ ਤੋਂ ਉਲਟ ਚਲਦੇ। ਆਜ਼ਾਦੀ, ਬਰਾਬਰੀ ਉਨ੍ਹਾਂ ਦਾ ਅਹਿਦ ਹੁੰਦਾ। ਇਨਸਾਫ਼ ਲਈ ਜੂਝਦੇ। ਸਿਦਕ, ਸਬਰ ਨਾਲ ਔਕੜਾਂ ਝੱਲਦੇ। ਆਪਣੇ ਮਕਸਦ ਤੋਂ ਨਾ ਥਿੜਕਦੇ। ਸਿਰ ਉਠਾ ਕੇ ਤੁਰਦੇ। ਉਨ੍ਹਾਂ ਦੀਆਂ ਪੈੜਾਂ ਹੋਰਾਂ ਦਾ ਰਾਹ ਰੌਸ਼ਨ ਕਰਦੀਆਂ। ਸੰਘਰਸ਼ਾਂ ਦੇ ਬਲਬੂਤੇ ਮੰਜਿ਼ਲ ਦੇ ਮੱਥੇ ’ਤੇ ਜਿੱਤ ਦੀ ਤਖਤੀ ਲਾ ਮੁੜਦੇ। ਉਹ ਇਤਿਹਾਸ ਦੇ ਸਿਰਜਣਹਾਰ ਬਣਦੇ।

ਇਹ ਮਿਸਾਲੀ ਜੀਵਨ ਝਲਕ ਸੋਚਾਂ ਨੂੰ ਨਵਾਂ ਰਾਹ ਦਿੰਦੀ। ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਚੰਨ ਬਣ ਚਮਕਦਾ। ਮੱਸ ਫੁੱਟ ਗੱਭਰੂ, ਗ਼ਦਰੀ ਦੇਸ਼ ਭਗਤਾਂ ਦਾ ਬਾਲ ਜਰਨੈਲ ਕਰਤਾਰ ਸਿਹੁੰ ਸਰਾਭਾ। ਚੜ੍ਹਦੀ ਉਮਰੇ ਦੇਸ਼ ਭਗਤੀ ਦੀ ਜਾਗ ਲੱਗੀ। ਦੇਸ਼ ਸੇਵਾ ਨੂੰ ਜਿਊਣ ਆਦਰਸ਼ ਬਣਾ ਲਿਆ। ਸੋਚਾਂ ਸੁਫ਼ਨਿਆਂ ਨੂੰ ਸੂਹਾ ਰੰਗ ਚੜ੍ਹਿਆ। ਗ਼ਦਰ ਅਖ਼ਬਾਰ ਬੂਹਿਆਂ ’ਤੇ ਦਸਤਕ ਦੇਣ ਲੱਗਾ। ਆਸ਼ੇ ਲਈ ਸਿਦਕ ਦਿਲੀ ਨਾਲ ਕੰਮ ਕੀਤਾ। ਜਵਾਨ ਉਮਰੇ ਫਾਂਸੀ ਦਾ ਰੱਸਾ ਚੁੰਮ ਜੀਵਨ ਦੇਸ਼ ਲੇਖੇ ਲਾ ਗਿਆ। ਦੇਸ਼ ਦੁਨੀਆ ਨੇ ਉਸ ਨਾਇਕ ਦੀ ਪ੍ਰਤੀਬੱਧਤਾ ਤੇ ਕੁਰਬਾਨੀ ਨੂੰ ਸਿਜਦਾ ਕੀਤਾ। ਇਹ ਹੁੰਦਾ ਜਿਊਣਾ ਜਿਹੜਾ ਉਚੇਰੇ ਆਦਰਸ਼ਾਂ ਦੇ ਲੇਖੇ ਲੱਗੇ। ਜਿਊਂਦੀ ਜਾਗਦੀ ਮਿਸਾਲ ਬਣੇ। ਰਹਿੰਦੀ ਦੁਨੀਆ ਤੱਕ ਚੰਨ ਸੂਰਜ ਬਣ ਜਗਦਾ ਰਹੇ।

ਸਮਝੌਤੇ ਨਾਲ ਜਿਊਣ ਦਾ ਰਾਹ ਸੁਆਰਥ ਦੀ ਪਛਾਣ ਬਣਦਾ। ਆਪਣੇ ਆਪ ਤੱਕ ਸੀਮਤ ਕਰਦਾ। ਸਮੂਹ ਨਾਲੋਂ ਤੋੜਦਾ। ਜਿਊਣ ਤਾਂਘ ਨੂੰ ਪਰਵਾਜ਼ ਭਰਨੋਂ ਰੋਕਦਾ। ਸਵੈਮਾਣ ਦੇ ਸਕੂਨ ਤੋਂ ਕੋਹਾਂ ਦੂਰ ਰਹਿੰਦਾ। ਧਨ ਦੌਲਤ ਨਾਲ ਸੁਖ ਸਹੂਲਤਾਂ ਭਰੀ ਜਿ਼ੰਦਗੀ। ਮਨੁੱਖ ਇਕੱਲਾ ਬੈਠ ਸੋਚਦਾ- ‘ਇੰਨਾ ਕੁਝ ਹਾਸਲ ਕਰਿਆ ਪਰ ਸੰਤੁਸ਼ਟੀ ਨਹੀਂ ਹੋਈ’। ‘ਵੱਡਾ ਬਣਨ’ ਦੀ ਸੱਧਰ ਨੇ ਸਾਂਝ ਦਾ ਕਲਾਵਾ ਖੋਲ੍ਹ ਦਿੱਤਾ। ਮੋਹ ਮੁਹੱਬਤ ਨੂੰ ਹਉਮੈ ਦਾ ਸੇਕ ਨਿਗਲ ਗਿਆ। ਰਿਸ਼ਤਿਆਂ ਦੀ ਤੰਦ ਪੈਸੇ ਨੇ ਟੁੱਕ ਦਿੱਤੀ। ਵਿਰਸੇ ਦੀ ਲੋਅ ਗਰਜਾਂ ਨੇ ਗੁਆ ਦਿੱਤੀ। ਡਿੱਗਿਆਂ ਨੂੰ ਉਠਾਉਣ ਦੀ ਵਿਰਾਸਤ ਸਾਂਭੀ ਨਾ ਗਈ। ਕਮਾਇਆ ਧਨ ਪੁੱਤਰ, ਧੀਆਂ ਦਾ ਹੋ ਜਾਣਾ; ਉਮਰਾ ਬਿਤਾ ਤੂੰ ਕੀ ‘ਕਮਾਇਆ’ ਫਿਰ! ਇਸ ਸਵਾਲ ਦਾ ਜਵਾਬ ਬੇਚੈਨ ਕਰਦਾ।

ਜਿਊਂਦੀ ਜਾਗਦੀ, ਜੂਝਦੀ ਜਿ਼ੰਦਗੀ ਕੁਝ ਚੰਗਾ, ਨਵਾਂ ਕਰਦੀ। ਮਨ ਦਾ ਹੁਲਾਸ ਬਣਦੀ। ਮਾਪਿਆਂ ਤੇ ਸਮਾਜ ਦਾ ਭਵਿੱਖ ਬਣੇ ਧੀਆਂ ਪੁੱਤਰ ਗਿਆਨ ਸਾਗਰ ਦੀ ਥਾਹ ਪਾਉਂਦੇ। ਮਿਹਨਤ, ਉੱਦਮ ਨਾਲ ਮੰਜਿ਼ਲਾਂ ਦੇ ਮੱਥੇ ਚੁੰਮਦੇ। ਉੱਚ ਅਹੁਦਿਆਂ ਦਾ ਮਾਣ ਬਣਦੇ। ਮਾਵਾਂ ਦੇ ਦੁੱਧ ਦਾ ਕਰਜ਼ ਚੁਕਾਉਂਦੇ। ਚੇਤਨਾ ਦੇ ਰਾਹਾਂ ਦੇ ਪਾਂਧੀ। ਆਪ ਜਗਦੇ, ਹੋਰਾਂ ਨੂੰ ਜਗਾਉਂਦੇ। ਇਕੱਠੇ ਹੋ ਤੁਰਦੇ ਕਾਫ਼ਲੇ ਬਣਾਉਂਦੇ। ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ। ਸੰਘਰਸ਼ਾਂ ਦੇ ਪਿੜ ਮੱਲਦੇ। ਏਕੇ ਦੇ ਜ਼ੋਰ ਮੱਲਾਂ ਮਾਰਦੇ। ਕਾਲੇ ਕਾਨੂੰਨਾਂ ਨੂੰ ਮਾਤ ਦਿੰਦੇ। ਦੇਸ਼ ਦੁਨੀਆ ਤੋਂ ਦਾਦ ਹਾਸਲ ਕਰਦੇ। ਸੋਹਣੀ, ਚੰਗੇਰੀ ਤੇ ਸਾਵੀਂ ਸੁਖਾਵੀਂ ਜਿ਼ੰਦਗੀ ਦਾ ਰਾਹ ਫੜਦੇ। ਜਿਊਣ ਦਾ ਇਹ ਸੁਹਜ ਸਲੀਕਾ ਮਨ ਭਾਉਂਦਾ, ਮੜਕ ਬਣਦਾ, ਮਾਣ ਸਨਮਾਨ ਦੇ ਦਰ ਖੋਲ੍ਹਦਾ, ਜਿਊਣ ਰਾਹਾਂ ’ਤੇ ਏਕੇ ਦਾ ਰੰਗ ਬਿਖੇਰਦਾ। ਆਪਣੇ ਨਾਇਕਾਂ ਦੇ ਆਦਰਸ਼ਾਂ ਨੂੰ ਉਚਿਆਉਂਦਾ। ਇਹ ਜੀਵਨ ਸਰਘੀ ਹੁੰਦੀ ਜਿਸਦੇ ਕਲਾਵੇ ਹੱਕ, ਸੱਚ, ਸਾਂਝ, ਸੁਹਜ, ਸਿਆਣਪ ਤੇ ਸੰਘਰਸ਼ ਦੇ ਮੋਤੀ ਹੁੰਦੇ। ਉਹੋ ਜਿ਼ੰਦਗੀ ਦੀ ਲਿਸ਼ਕੋਰ ਬਣਦੇ।

ਸਾਂਝਾ ਕਰੋ

ਪੜ੍ਹੋ

ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ

*ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ੀ ਖਿਲਾਫ਼ ਕੀਤੀ ਸਖ਼ਤ ਕਾਰਵਾਈ ਦੀ...