
ਮਿਲਾਨ, 28 ਅਪ੍ਰੈਲ – ਇਟਲੀ ਵਿੱਚ ਖ਼ਾਲਸਾ ਸਾਜਨਾ ਦਿਵਸ ਨੂੰ ਮਨਾਉਂਦਿਆ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ। ਇਹਨਾਂ ਸਮਾਗਮਾਂ ਦੀ ਲੜੀ ਤਹਿਤ ਇਟਲੀ ਦੇ ਸ਼ਹਿਰ ਗੋਨਜਾਗਾ ਦੀਆਂ ਸਿੱਖ ਸੰਗਤਾਂ ਵੱਲੋਂ ਸਲਾਨਾ ਸਮਾਗਮ ਕਰਵਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਸਮਾਗਮ ਦੀ ਅਰੰਭਤਾ ਹੋਈ। ਪਾਠ ੳਪਰੰਤ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਵਾਲੇ ਅਤੇ ਸਾਥੀਆਂ ਵੱਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਸੁਣਾ ਕੇ ਹਾਜ਼ਰੀ ਲਵਾਈ ਗਈ। ਸਮਾਗਮ ਵਿੱਚ ਹਾਜ਼ਰੀ ਭਰਨ ਲਈ ਸ਼ਹਿਰ ਗੋਨਜਾਗਾ ਦੀ ਮੇਅਰ ਅਲੀਸਾਬੇਤਾ ਗਲੀੳਤੀ ਅਤੇ ਸ਼ਹਿਰ ਗੋਨਜਾਗਾ ਦੀ ਪੁਲਿਸ ਦੇ ਉੱਚ ਅਧਿਕਾਰੀ ਸ਼ਾਮਲ ਹੋਏ। ਜਿਨ੍ਹਾ ਦਾ ਗੋਨਜਾਗਾ ਦੀਆਂ ਸੰਗਤਾਂ ਵੱਲੋਂ ਯਾਦਗਾਰੀ ਚਿੰਨ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸੰਗਤਾਂ ਲਈ ਵੱਖੋ-ਵੱਖਰੇ ਸਟਾਲ ਲਗਾਏ ਗਏ। ਕਲਤੂਰਾ ਸਿੱਖ ਇਟਲੀ ਵੱਲੋਂ ਸਿੱਖ ਇਤਿਹਾਸ ਨਾਲ ਸੰਬੰਧਤ ਕਿਤਾਬਾਂ ਦੇ ਸਟਾਲ ਅਤੇ ਸਮਾਗਮਾਂ ਦੀ ਲਾਈਵ ਕਵਰੇਜ ਕੀਤੀ ਗਈ। ਸਮਾਗਮਾਂ ਵਿੱਚ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ, ਗੁਰਦੁਆਰਾ ਸਾਹਿਬ ਕਰੇਜੋ, ਗੁਰਦੁਆਰਾ ਸਾਹਿਬ ਸੁਜਾਰਾ ,ਪੇਗੋਨਾਗਾ ਮੰਦਿਰ ਤੋਂ ਕਮੇਟੀ ਮੈਂਬਰਾਂ ਨੇ ਹਾਜ਼ਰੀ ਲਗਵਾਈ। ਕਲਤੂਰਾ ਸਿੱਖ ਇਟਲੀ ਵੱਲੋਂ ਗੁਰਦੇਵ ਸਿੰਘ ਪਾਰਮਾ ਵੱਲੋਂ ਸਿੱਖ ਇਤਿਹਾਸ ਸੰਬੰਧੀ ਕਿਤਾਬਾਂ ਦੀ ਸਟਾਲ ਲਗਾਈ ਗਈ।