
*ਕੈਨੇਡਾ ‘ਚ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਦਾ ਸੱਦਾ*
*ਨੇ ਘਟਨਾ ‘ਚ ਮਰੇ ਭਾਈਚਾਰੇ ਦੇ ਲੋਕਾਂ ਨੂੰ ਦਿੱਤੀ ਸਰਧਾਂਜਲੀ*
ਫਗਵਾੜਾ (ਏ. ਡੀ.ਪੀ. ਨਿਊਜ਼) ਕੈਨੇਡਾ ਦੇ ਪੰਜਾਬੀ ਮੂਲ ਦੇ ਪ੍ਰਸਿੱਧ ਬਿਜ਼ਨਸਮੈਨ ਅਤੇ ਸਮਾਜ ਸੇਵੀ ਸ਼੍ਰੀ ਸੁੱਖੀ ਬਾਠ ਨੇ ਇਕ ਪ੍ਰੈਸ ਬਿਆਨ ‘ਚ ਕੈਨੇਡਾ ਦੇ ਵੈਨਕੂਵਰ ਸ਼ਹਿਰ ‘ਚ ਫ਼ਿਲਪੀਨੋ ਭਾਈਚਾਰੇ ਦੇ ਲਾਪੂ ਲਾਪੂ ਪ੍ਰੋਗਰਾਮ ਦੌਰਾਨ ਇਕ ਸਿਰਫਿਰੇ ਵਿਅਕਤੀ ਵਲੋਂ ਐਸਯੂਵੀ ਟਰੱਕ ਚਾੜ ਕੇ ਭਾਈਚਾਰੇ ਦੇ 11 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦੇਣ ਅਤੇ ਅਨੇਕਾਂ ਲੋਕਾਂ ਨੂੰ ਗੰਭੀਰ ਰੂਪ ‘ਚ ਜਖ਼ਮੀ ਕਰ ਦੇਣ ਦੀ ਘਟਨਾ ਦੀ ਤਿੱਖੀ ਆਲੋਚਨਾ ਕੀਤੀ ਹੈ | ਉਨ੍ਹਾਂ ਕਿਹਾ ਕੈਨੇਡਾ ਦੇ ਇਤਿਹਾਸ ‘ਚ ਇਸ ਘਟਨਾ ਨੂੰ ਅੱਤ ਨਿੰਦਣਯੋਗ ਘਟਨਾ ਵਜੋਂ ਦੇਖਿਆ ਜਾਵੇਗਾ | ਸ੍ਰੀ ਬਾਠ ਨੇ ਕਿਹਾ ਕਿ ਕੈਨੇਡਾ ਦੁਨੀਆਂ ਦਾ ਇਕ ਅਜਿਹਾ ਮੁਲਕ ਹੈ, ਜਿਥੇ ਵੱਖ ਵੱਖ ਦੇਸ਼ਾਂ ਤੋਂ ਆਏ ਵੱਖਰੇ-ਵੱਖਰੇ ਧਰਮਾਂ, ਨਸਲਾਂ, ਫਿਰਕਿਆਂ ਦੇ ਲੋਕ ਆਜ਼ਾਦੀ ਤੇ ਖੁਸ਼ਹਾਲੀ ਅਤੇ ਮਜਬੂਤ ਭਾਈਚਾਰਕ ਸਾਂਝ ਨਾਲ ਰਹਿ ਰਹੇ ਹਨ | ਉਨ੍ਹਾਂ ਕਿਹਾ ਕਿ ਕੈਨੇਡਾ ਇਕ ਅਜਿਹਾ ਡੈਮੋਕ੍ਰੇਟਿਕ ਦੇਸ਼ ਹੈ, ਜਿਥੇ ਹਰ ਭਾਈਚਾਰੇ ਨੂੰ ਆਪਣੇ ਸੱਭਿਆਚਾਰ, ਧਰਮ ਜਾਂ ਸਮਾਜਿਕ ਰੀਤੀ ਰਿਵਾਜਾਂ ਨੂੰ ਮਨਾਉਣ ਤੇ ਪ੍ਰਫੁਲਿਤ ਕਰਨ ਦੀ ਆਜ਼ਾਦੀ ਹੈ,ਪਰ ਇਸ ਨਿਦਣਯੋਗ ਘਟਨਾ ਨੇ ਇਕ ਸਵਾਲੀਆ ਨਿਸ਼ਾਨ ਘੜਾ ਕਰ ਦਿੱਤਾ | ਉਨ੍ਹਾਂ ਕੈਨੇਡਾ ਦੇ ਸਮੁੱਚੇ ਲੋਕ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਕੈਨੇਡਾ ਦੀ ਵੱਖ ਵੱਖ ਰੰਗਾਂ ਤੇ ਫੁੱਲਾਂ ਵਾਲੀ ਸਮਾਜਿਕ ਬਗੀਚੀ ਨੂੰ ਹਰਿਆ ਭਰਿਆ ਤੇ ਖਿੱੜਿਆ ਰੱਖਣ ਲਈ ਯੋਗਦਾਨ ਪਾਉਣ ਅਤੇ ਆਪਣੇ ਮਨਾਂ ਅੰਦਰ ਦੂਜਿਆਂ ਪ੍ਰਤੀ ਸਤਿਕਾਰ, ਸਦਭਾਵਨਾ ਵਾਲਾ ਮਹੌਲ ਸਿਜਰਣ | ਉਨ੍ਹਾਂ ਕੈਨੇਡਾ ਸਰਕਾਰ, ਪੁਲਿਸ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕੈਨੇਡਾ ਵਾਸੀਆਂ ਅਤੇ ਇਥੇ ਪੂਰੀ ਦੁਨੀਆਂ ‘ਚੋਂ ਆਉਂਦੇ ਸੈਲਾਨੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਘਟਨਾ ਦੇ ਦੋਸ਼ੀ ਨੂੰ ਜਾਂਚ ਕਰਕੇ ਸਜਾ ਦਿਵਾਉਣ |