May 22, 2024

ਜਾਖੜ ਨੇ ਵੋਟਿੰਗ ਦਾ ਸਮਾਂ 2 ਘੰਟੇ ਵਧਾਉਣ ਦੀ ਮੰਗ ਕੀਤੀ

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਸੂਬੇ ਵਿੱਚ ਭਿਆਨਕ ਗਰਮੀ ਦੇ ਮੱਦੇਨਜ਼ਰ ਵੋਟਿੰਗ ਦਾ ਸਮਾਂ ਦੋ ਘੰਟੇ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਵੋਟਾਂ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਪਾਉਣ ਦੀ ਇਜਾਜ਼ਤ ਦਿੱਤੀ ਜਾਵੇ। ਦੇਸ਼ ਭਰ ਵਿੱਚ ਆਮ ਤੌਰ ‘ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੋਲਿੰਗ ਹੁੰਦੀ ਹੈ। ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਵੋਟਾਂ ਪੈਣਗੀਆਂ। ਭਾਰਤੀ ਚੋਣ ਕਮਿਸ਼ਨ ਨੂੰ ਲਿਖੇ ਆਪਣੇ ਪੱਤਰ ਵਿੱਚ ਜਾਖੜ ਨੇ ਕਿਹਾ, ‘1 ਜੂਨ ਨੂੰ ਹੋਣ ਵਾਲੀਆਂ ਆਮ ਚੋਣਾਂ ਦੇ ਆਖ਼ਰੀ ਗੇੜ ਮੌਕੇ ਪੰਜਾਬ ਵਿੱਚ ਭਾਰੀ ਗਰਮੀ ਹੋਵੇਗੀ, ਜਿਸ ਨਾਲ ਵੋਟਰਾਂ ਲਈ ਤਿੱਖੀ ਧੁੱਪ ਵਾਲੇ ਘੰਟਿਆਂ ਦੌਰਾਨ ਆਪਣੀ ਵੋਟ ਪਾਉਣਾ ਬਹੁਤ ਚੁਣੌਤੀਪੂਰਨ ਹੋ ਜਾਵੇਗਾ। ਵੱਧ ਵੋਟਿੰਗ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਵੋਟਿੰਗ ਦਾ ਸਮਾਂ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਜਾਖੜ ਨੇ ਵੋਟਿੰਗ ਦਾ ਸਮਾਂ 2 ਘੰਟੇ ਵਧਾਉਣ ਦੀ ਮੰਗ ਕੀਤੀ Read More »

ਭਲੇ ਅਮਰਦਾਸ ਗੁਣ ਤੇਰੇ

  ਤੀਜੇ ਗੁਰੂ ਅਮਰਦਾਸ ਜੀ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਸਰਕੇ ਪਿੰਡ ਵਿੱਚ ਵਿਸਾਖ ਸੁਦੀ 11, 1536 ਬਿਕਰਮੀ (5 ਮਈ 1479 ਈ.) ਨੂੰ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਤੇਜ ਭਾਨ ਅਤੇ ਮਾਤਾ ਦਾ ਨਾਂ ਸੁਲੱਖਣੀ ਸੀ। ਕਈ ਇਤਿਹਾਸਕਾਰ ਉਨ੍ਹਾਂ ਦੀ ਮਾਤਾ ਦਾ ਨਾਂ ਲਛਮੀ, ਭੂਪ ਕੌਰ ਅਤੇ ਰੂਪ ਕੌਰ ਦੱਸਦੇ ਹਨ। ਉਨ੍ਹਾਂ ਦਾ ਵਿਆਹ 11 ਮਾਘ 1559 ਬਿਕਰਮੀ ਨੂੰ ਸਿਆਲਕੋਟ ਜ਼ਿਲ੍ਹੇ ਦੇ ਪਿੰਡ ਸੰਖਤਰਾ ਦੇ ਦੇਵੀ ਚੰਦ ਦੀ ਧੀ ਮਨਸਾ ਦੇਵੀ ਨਾਲ ਹੋਇਆ ਅਤੇ ਮਗਰੋਂ ਚਾਰ ਬੱਚਿਆਂ ਮੋਹਰੀ, ਮੋਹਨ, ਦਾਨੀ ਅਤੇ ਭਾਨੀ ਨੇ ਜਨਮ ਲਿਆ। ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਬੀਬੀ ਅਮਰੋ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਸੀ। ਬੀਬੀ ਅਮਰੋ ਨੇ ਹੀ ਉਨ੍ਹਾਂ ਨੂੰ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਲਿਆਂਦਾ। ਸੰਪਰਕ ਵਿੱਚ ਆਉਣ ਪਿੱਛੋਂ ਉਹ ਉੱਥੇ ਹੀ ਖਡੂਰ ਸਾਹਿਬ ਰਹਿਣ ਲੱਗ ਪਏ। ਇਹ ਵਾਕਿਆ 1597 ਬਿਕਰਮੀ/1540 ਈ. ਦਾ ਹੈ। ਰੋਜ਼ਾਨਾ ਗੁਰੂ ਜੀ ਦੇ ਇਸ਼ਨਾਨ ਲਈ ਤੜਕੇ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਣਾ, ਸਾਰਾ ਦਿਨ ਭਾਂਡੇ ਮਾਂਜਣੇ, ਪਾਣੀ ਢੋਣਾ ਅਤੇ ਸੰਗਤ ਦੀ ਸੇਵਾ ਕਰਨੀ ਉਨ੍ਹਾਂ ਦਾ ਨਿਤਨੇਮ ਬਣ ਗਿਆ। ਗੁਰੂ ਉਪਰ ਪੂਰਨ ਸ਼ਰਧਾ ਸਬੰਧੀ ਉਨ੍ਹਾਂ ਦੀਆਂ ਕਈ ਸਾਖੀਆਂ ਮਿਲਦੀਆਂ ਹਨ, ਜਿਨ੍ਹਾਂ ’ਚੋਂ ਝੱਖੜ ਵਾਲੀ ਰਾਤ ਨੂੰ ਤੇਜ਼ ਹਵਾਵਾਂ, ਮੀਂਹ ਅਤੇ ਕੜਕਦੀ ਬਿਜਲੀ ਦੀ ਪ੍ਰਵਾਹ ਨਾ ਕਰਦੇ ਹੋਏ ਗੁਰੂ ਜੀ ਲਈ ਦਰਿਆ ਬਿਆਸ ਤੋਂ ਪਾਣੀ ਲਿਆਉਣਾ ਸਭ ਤੋਂ ਅਹਿਮ ਸਾਖੀ ਮੰਨੀ ਜਾਂਦੀ ਹੈ। ਸਾਖੀ ਤਹਿਤ ਖਡੂਰ ਦੇ ਜੁਲਾਹਿਆਂ ਦੀ ਖੱਡੀ ਵਿੱਚ ਉਹ ਠੇਡਾ ਖਾ ਕੇ ਡਿੱਗ ਪਏ ਪਰ ਆਪਣੇ ਸਿਰ ’ਤੇ ਚੁੱਕੀ ਗਾਗਰ ਦਾ ਪਾਣੀ ਡੁੱਲਣ ਨਾ ਦਿੱਤਾ। ਆਵਾਜ਼ ਸੁਣ ਲੇ ਜੁਲਾਹੇ ਨੇ ਆਪਣੀ ਪਤਨੀ ਨੂੰ ਉਸ ਆਵਾਜ਼ ਬਾਰੇ ਪੁੱਛਿਆ ਅਤੇ ਅੱਗਿਓਂ ਜੁਲਾਹੀ ਨੇ ਕਿਹਾ, ‘‘ਅਮਰੂ ਨਿਥਾਵਾ ਹੋਵੇਗਾ, ਜੋ ਰਾਤ ਵੀ ਚੈਨ ਨਹੀਂ ਲੈਂਦਾ।’’ ਇਹ ਗੱਲ ਸੰਨ 1552 ਦੀ ਹੈ। ਉਦੋਂ ਗੁਰੂ ਸਾਹਿਬ ਦੀ ਉਮਰ 73 ਸਾਲ ਦੀ ਸੀ। ਜਦੋਂ ਗੁਰੂ ਅੰਗਦ ਦੇਵ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਅਮਰਦਾਸ ਜੀ ਨੂੰ ‘ਨਿਥਾਵਿਆਂ ਦਾ ਥਾਂ’, ‘ਨਿਮਾਣਿਆਂ ਦਾ ਮਾਣ’, ‘ਨਿਤਾਣਿਆਂ ਦਾ ਤਾਣ’, ‘ਨਿਆਸਰਿਆਂ ਦਾ ਆਸਰਾ’, ‘ਨਿਓਟਿਆਂ ਦੀ ਓਟ’, ‘ਨਿਧਰਿਆਂ ਦੀ ਧਿਰ’ ਅਤੇ ‘ਨਿਗਤਿਆਂ ਦੀ ਗਤ’ ਕਿਹਾ। ਇਸ ਘਟਨਾ ਨੇ ਗੁਰੂ ਅੰਗਦ ਦੇਵ ਜੀ ਦੇ ਜਾਨਸ਼ੀਨ ਦੀ ਚੋਣ ਕਰਨ ਦੇ ਮਸਲੇ ਨੂੰ ਹੱਲ ਕਰ ਦਿੱਤਾ। ਗੁਰੂ ਅੰਗਦ ਦੇਵ ਜੀ ਨੇ ਪ੍ਰਚਲਿਤ ਮਰਿਆਦਾ ਅਨੁਸਾਰ ਨਾਰੀਅਲ ਅਤੇ ਪੰਜ ਪੈਸੇ ਅਮਰਦਾਸ ਜੀ ਅੱਗੇ ਰੱਖ ਕੇ ਮੱਥਾ ਟੇਕਿਆ। ਗੁਰੂ ਗੱਦੀ ’ਤੇ ਬਿਰਾਜਮਾਨ ਕਰਨ ਲਈ ਗੁਰਗੱਦੀ ਦਾ ਟਿੱਕਾ ਸਤਿਕਾਰਯੋਗ ਭਾਈ ਬੁੱਢਾ ਜੀ ਨੇ ਲਗਾਇਆ। ਛੇਤੀ ਹੀ ਪਿੱਛੋਂ 1609 ਬਿਕਰਮੀ ਸਾਲ ਦੇ ਚੇਤ ਦੇ ਪਹਿਲੇ ਚਾਨਣੇ ਪੱਖ ਦੇ ਚੌਥੇ ਦਿਨ (29 ਮਾਰਚ 1552 ਈ.) ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾ ਗਏ। ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਨੂੰ ਆਪਣਾ ਮੁੱਖ ਕੇਂਦਰ ਬਣਾਇਆ ਤੇ ਇੱਥੇ ਹੀ ਰਹਿ ਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪ੍ਰਚਾਰ ਕੀਤਾ। ਉਨ੍ਹਾਂ ਧਰਮ ਪ੍ਰਚਾਰ ਲਈ ਇੱਕ ਦ੍ਰਿੜ ਮੰਜੀ ਪ੍ਰਣਾਲੀ ਸ਼ੁਰੂ ਕੀਤੀ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਚਾਰ ਕਰਨ ਲਈ 22 ਮੰਜੀਆਂ ਸਥਾਪਤ ਕੀਤੀਆਂ ਭਾਵ ਕਿ ਪ੍ਰਚਾਰ ਕੇਂਦਰ ਕਾਇਮ ਕੀਤੇ। ਹਰ ਮੰਜੀ ਇੱਕ ਗੁਰਮੁਖ ਸਿੱਖ ਦੇ ਅਧੀਨ ਸੀ ਜੋ ਪ੍ਰਚਾਰ ਕਰਨ ਤੋਂ ਇਲਾਵਾ ਆਪਣੇ ਅਧਿਕਾਰ ਖੇਤਰ ਵਿੱਚ ਸੰਗਤ ਦੀ ਸੇਵਾ ਸੰਭਾਲ ਕਰਦਾ ਸੀ ਅਤੇ ਸਿੱਖਾਂ ਦੀਆਂ ਭੇਟਾਵਾਂ ਗੋਇੰਦਵਾਲ ਭੇਜਦਾ ਸੀ। ਗੁਰੂ ਜੀ ਨੇ ਵਿਸਾਖ ਅਤੇ ਮਾਘ ਦੇ ਪਹਿਲੇ ਦਿਨ ਅਤੇ ਦੀਵਾਲੀ ਗੋਇੰਦਵਾਲ ਸਾਹਿਬ ਵਿਖੇ ਸਿੱਖਾਂ ਦੇ ਇਕੱਠੇ ਹੋਣ ਲਈ ਤੈਅ ਕਰ ਦਿੱਤੇ। ਪਾਣੀ ਦੀ ਤੰਗੀ ਦੂਰ ਕਰਨ ਲਈ ਬਉਲੀ ਬਣਾਈ। ਲੰਗਰ ਦੀ ਪ੍ਰਥਾ ਪਹਿਲਾਂ ਤਰ੍ਹਾਂ ਹੀ ਕਾਇਮ ਰੱਖੀ। ਇਸ ਨੂੰ ਹੋਰ ਵੱਡੇ ਪੈਮਾਨੇ ’ਤੇ ਸ਼ੁਰੂ ਕੀਤਾ ਗਿਆ। ਉਨ੍ਹਾਂ ਲੰਗਰ ’ਚੋਂ ਜਾਤ-ਪਾਤ ਅਤੇ ਆਹੁਦੇ ਦੀ ਭਾਵਨਾ ਘਟਾਉਣਾ ਦੀ ਕੋਸ਼ਿਸ਼ ਕੀਤੀ। ਇੱਕ ਵਾਰੀ ਅਕਬਰ ਬਾਦਸ਼ਾਹ ਗੋਇੰਦਵਾਲ ਆਇਆ ਤਾਂ ਉਸ ਨੇ ਵੀ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛੱਕਿਆ। ਗੁਰੂ ਜੀ ਨੇ ਉਸ ਸਮੇਂ ਫੈਲੀਆਂ ਕੁਰੀਤੀਆਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਉਸ ਸਮੇਂ ਸਤੀ ਦੀ ਰਸਮ ਸੀ ਜਿਸ ਵਿੱਚ ਪਤੀ ਦੇ ਮਰਨ ’ਤੇ ਵਿਧਵਾ ਨੂੰ ਪਤੀ ਦੀ ਚਿਖਾ ’ਤੇ ਸੜਨਾ ਪੈਂਦਾ ਸੀ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਬਾਦਸ਼ਾਹ ਅਕਬਰ ਕੋਲ ਭੇਜਿਆ ਕਿ ਉਹ ਇਸ ਰਸਮ ਨੂੰ ਰੋਕਣ ਲਈ ਸ਼ਾਹੀ ਤਾਕਤ ਵਰਤਣ। ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਪਰਦੇ ਦੀ ਰਸਮ ਤੋਂ ਵੀ ਵਰਜਿਆ। ਗੁਰੂ ਅਮਰਦਾਸ ਜੀ ਨੇ ਹਿੰਦੂਆਂ ਕੋਲੋਂ ਤੀਰਥ ਯਾਤਰਾ ’ਤੇ ਲਿਆ ਜਾਂਦਾ ਕਰ ਵੀ ਬੰਦ ਕਰਵਾਇਆ। ਗੁਰੂ ਜੀ ਕੁਰੀਤੀਆਂ ਨੂੰ ਦੂਰ ਕਰਾਉਣ ਲਈ ਵੱਖ ਵੱਖ ਤੀਰਥ ਅਸਥਾਨਾਂ ’ਤੇ ਗਏ। ਕਰ ਤੋਂ ਛੋਟ ਮਿਲਣ ਕਰਕੇ ਅਨੇਕਾਂ ਹਿੰਦੂ ਵੀ ਉਨ੍ਹਾਂ ਦੇ ਨਾਲ ਤੀਰਥ ਯਾਤਰਾ ਨੂੰ ਗਏ। ਉਨ੍ਹਾਂ ਨਾਲ (ਗੁਰੂ) ਰਾਮਦਾਸ ਜੀ ਤੇ ਹੋਰ ਮੁਖੀ ਸਿੱਖ ਵੀ ਗਏ। ਉਹ ਪਹਿਲਾਂ ਕੁਰੂਕਸ਼ੇਤਰ, ਫਿਰ ਯਮੁਨਾ ਅਤੇ ਫਿਰ ਹਰਿਦੁਆਰ ਗਏ। ਗੁਰੂ ਨਾਨਕ ਜੀ ਵਾਂਗ ਗੁਰੂ ਅਮਰਦਾਸ ਜੀ ਦਾ ਮਕਸਦ ਵੀ ਕੁਰਾਹੇ ਪਈ ਜਨਤਾ ਨੂੰ ਸਿੱਧੇ ਰਾਹ ਪਾਉਣਾ ਸੀ। ਗੁਰੂ ਜੀ ਨੇ ਜਾਤ-ਪਾਤ ਦਾ ਭਰਮ ਮਿਟਾ ਕੇ ਭਰੇ ਦਰਬਾਰ ਵਿੱਚ ਕਈ ਅੰਤਰ-ਜਾਤੀ ਵਿਆਹ ਕੀਤੇ। ਭਾਈ ਸ਼ੀਂਹੇ ਦੀ ਲੜਕੀ ਇੱਕ ਗਰੀਬ ਸਿੱਖ ‘ਪ੍ਰੇਮੇ’ ਨਾਲ ਵਿਆਹੀ। ਇੱਕ ਰਾਜਪੂਤ ਲੜਕੇ ਦਾ ਵਿਆਹ ‘ਸੱਚਨ ਸੱਚ’ ਨਾਮੀ ਲਕੜਹਾਰੇ ਨਾਲ ਕੀਤਾ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਆਪਣੀ ਲੜਕੀ ਬੀਬੀ ਭਾਨੀ ਦਾ ਵਿਆਹ ਵੀ ਇੱਕ ਘੁੰਗਣੀਆਂ ਵੇਚਣ ਵਾਲੇ ਕਿਰਤੀ ਭਾਈ ਜੇਠਾ ਨਾਲ ਕੀਤਾ ਜੋ ਬਾਅਦ ’ਚ ਗੁਰੂ ਰਾਮਦਾਸ ਬਣੇ। ਮਾਝੇ ਵਿੱਚ ਗੁਰੂ ਅਮਰਦਾਸ ਜੀ ਨੇ ਸਿੱਖਾਂ ਦੇ ਕੇਂਦਰ ਲਈ ਅੰਮ੍ਰਿਤਸਰ ਵਾਲੀ ਜਗ੍ਹਾ ਚੁਣੀ। ਚਹੁੰ ਪਿੰਡਾਂ ਗੁਮਟਾਲਾ, ਤੁੰਗ, ਸੁਲਤਾਨਵਿੰਡ ਤੇ ਗਿਲਵਾਲੀ ਦੇ ਸਰਪੰਚ ਸਦਵਾ ਲਏ ਅਤੇ ਉਨ੍ਹਾਂ ਸਾਹਮਣੇ ਮੋੜੀ ਗਡਵਾ ਕੇ ਪਿੰਡ ਦਾ ਨਾਮ ਗੁਰੂ-ਚੱਕ ਰੱਖ ਦਿੱਤਾ। ਇਹ ਸਮਾਂ ਹਾੜ ਸੰਮਤ 1627 (ਜੂਨ ਸੰਨ 1570) ਦਾ ਹੈ। ਇਸ ਨੂੰ ਵਸਾਉਣ ਦਾ ਕੰਮ ਗੁਰੂ ਅਮਰਦਾਸ ਜੀ ਨੇ (ਗੁਰੂ) ਰਾਮਦਾਸ ਜੀ ਦੀ ਨਿਗਰਾਨੀ ਹੇਠ ਕਰਵਾਇਆ। ਗੁਰੂ ਅਮਰਦਾਸ ਜੀ ਨੇ ਪਹਿਲੇ ਗੁਰੂਆਂ ਦੀ ਤਰ੍ਹਾਂ ਪੰਜਾਬੀ ਵਿੱਚ ਬਾਣੀ ਰਚੀ। ਗਿਣਤੀ ਪੱਖੋਂ ਗੁਰਬਾਣੀ ਰਚਨਾ ਵਿੱਚ ਪਹਿਲਾ ਸਥਾਨ ਗੁਰੂ ਨਾਨਕ ਦੇਵ ਜੀ ਦਾ ਤੇ ਦੂਜਾ ਸਥਾਨ ਗੁਰੂ ਅਰਜਨ ਦੇਵ ਜੀ ਦਾ ਹੈ। ਗੁਰੂ ਅਮਰਦਾਸ ਜੀ ਦਾ ਸਥਾਨ ਤੀਸਰਾ ਹੈ। ਗੁਰੂ ਜੀ ਨੇ ਸਤਾਰਾਂ ਰਾਗਾਂ ਵਿੱਚ ਬਾਣੀ ਰਚੀ ਜਿਨ੍ਹਾਂ ਦੇ ਨਾਂ ਸਿਰੀ, ਮਾਝ, ਗਉੜੀ, ਆਸਾ, ਗੂਜਰੀ, ਵਡਹੰਸ, ਸੋਰਠਿ, ਧਨਾਸਰੀ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਭੈਰਉ, ਬਸੰਤ, ਸਾਰੰਗ, ਮਲਾਰ ਅਤੇ ਪ੍ਰਭਾਤੀ ਹਨ। ਗੁਰੂ ਸਾਹਿਬ ਦੀ ਸਭ ਤੋਂ ਪ੍ਰਸਿੱਧ ਬਾਣੀ ਅਨੰਦ ਸਾਹਿਬ ਹੈ। ਕਾਵਿ ਰੂਪਾਂ ’ਚੋਂ ਗੁਰੂ ਸਾਹਿਬ ਨੇ ਪਦੇ, ਛੰਤ, ਅਸ਼ਪਦੀਆਂ, ਸਲੋਕ ਅਤੇ ਵਾਰਾਂ ਦੇ ਰੂਪ ਵਰਤੇ ਹਨ। ਗੁਰੂ ਜੀ ਨੇ ਆਪਣਾ ਸਰੀਰਕ ਅੰਤ ਨੇੜੇ ਆਇਆ ਜਾਣ ਕੇ ਆਪਣੇ ਸਾਰੇ ਪਰਿਵਾਰ ਨੂੰ ਸੱਦਿਆ ਤੇ ਆਦੇਸ਼ ਦਿੱਤਾ ਕਿ ਕੋਈ ਵੀ ਉਨ੍ਹਾਂ ਦੇ ਅਕਾਲ ਚਲਾਣੇ ’ਤੇ ਨਾ ਹੀ ਅਫ਼ਸੋਸ ਕਰੇ ਅਤੇ ਨਾ ਹੀ ਰੋਏ ਸਗੋਂ ਗੁਰੂ ਦੀ ਬਾਣੀ ਦਾ ਪਾਠ ਕਰ ਕੇ ਵਾਹਿਗੁਰੂ ਦਾ ਨਾਮ ਜਪੇ। ਗੁਰੂ ਜੀ ਦੀ ਇਹ ਅੰਤਮ ਸਿੱਖਿਆ ਉਨ੍ਹਾਂ ਦੇ ਪੜਪੋਤਰੇ ਬਾਬਾ ਸੁੰਦਰ ਜੀ ਨੇ 6 ਪੌੜੀਆਂ ਦੀ ਬਾਣੀ ਦੇ ਰੂਪ ਵਿੱਚ ਲਿਖੀ ਹੈ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ

ਭਲੇ ਅਮਰਦਾਸ ਗੁਣ ਤੇਰੇ Read More »

ਚੋਣ ਕਮਿਸ਼ਨ ਨੇ ਜਲੰਧਰ ਤੇ ਲੁਧਿਆਣਾ ਦੇ ਬਦਲੇ ਪੁਲੀਸ ਕਮਿਸ਼ਨਰ

ਚੋਣ ਕਮਿਸ਼ਨਰ ਨੇ ਅੱਜ ਹੁਕਮ ਜਾਰੀ ਕਰਕੇ ਜਲੰਧਰ ਅਤੇ ਲੁਧਿਆਣਾ ਦੇ ਪੁਲੀਸ ਕਮਿਸ਼ਨਰਾਂ ਕ੍ਰਮਵਾਰ ਸਵਪਨ ਸ਼ਰਮਾ ਅਤੇ ਕੁਲਦੀਪ ਸਿੰਘ ਚਾਹਲ ਦੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ ਦੋਵਾਂ ਨੂੰ ਤੁਰੰਤ ਆਪਣੇ ਚਾਰਜ ਛੱਡਣ ਲਈ ਕਿਹਾ ਹੈ ਅਤੇ ਸਰਕਾਰ ਨੂੰ ਨਵੇਂ ਪੈਨਲ ਲਈ ਭੇਜਣ ਲਈ ਕਿਹਾ ਹੈ।

ਚੋਣ ਕਮਿਸ਼ਨ ਨੇ ਜਲੰਧਰ ਤੇ ਲੁਧਿਆਣਾ ਦੇ ਬਦਲੇ ਪੁਲੀਸ ਕਮਿਸ਼ਨਰ Read More »

ਚੋਣ ਮਾਹੌਲ ਦੌਰਾਨ ਬਾਜ਼ਾਰ ‘ਚ ਆਈ ਤੇਜ਼ੀ

ਦੇਸ਼ ਵਿੱਚ ਚੋਣਾਂ ਦਾ ਮਾਹੌਲ ਹੈ। ਇਸ ਦਾ ਅਸਰ ਸ਼ੇਅਰ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਲੋਕ ਸਭਾ ਚੋਣਾਂ ਦਰਮਿਆਨ ਬਾਜ਼ਾਰ ਵਿਚ ਭਾਰੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ। ਉਮੀਦ ਹੈ ਕਿ ਚੋਣ ਨਤੀਜਿਆਂ ਤੋਂ ਬਾਅਦ ਬਾਜ਼ਾਰ ‘ਚ ਸਥਿਰਤਾ ਆਵੇਗੀ। ਅੱਜ ਸ਼ੇਅਰ ਬਾਜ਼ਾਰ ਪੂਰੇ ਉਤਸ਼ਾਹ ਨਾਲ ਖੁੱਲ੍ਹੇ ਹਨ। ਪਿਛਲੇ ਕਾਰੋਬਾਰੀ ਸੈਸ਼ਨ ‘ਚ ਦੋਵੇਂ ਸੂਚਕ ਅੰਕ ਤੰਗ ਰੇਂਜ ‘ਚ ਬੰਦ ਹੋਏ ਸਨ। 22 ਮਈ ਨੂੰ ਸੈਂਸੇਕਸ 83.85 ਅੰਕ ਜਾਂ 0.11 ਫੀਸਦੀ ਵਧ ਕੇ 74,037.16 ‘ਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ ਵੀ 25.30 ਅੰਕ ਜਾਂ 0.11 ਫੀਸਦੀ ਦੇ ਵਾਧੇ ਨਾਲ 22,554.30 ‘ਤੇ ਪਹੁੰਚ ਗਿਆ। ਨਿਫਟੀ ‘ਤੇ, ਡਾਕਟਰ ਰੈੱਡੀਜ਼ ਲੈਬਜ਼, ਅਲਟਰਾਟੈਕ ਸੀਮੈਂਟ, ਨੇਸਲੇ, ਬ੍ਰਿਟੇਨਿਆ ਅਤੇ ਗ੍ਰਾਸੀਮ ਦੇ ਸ਼ੇਅਰ ਸਭ ਤੋਂ ਵੱਧ ਲਾਭਕਾਰੀ ਸਨ, ਜਦੋਂ ਕਿ ਐਸਬੀਆਈ, ਪਾਵਰ ਗਰਿੱਡ ਕਾਰਪੋਰੇਸ਼ਨ, ਸਨ ਫਾਰਮਾ, ਸ਼੍ਰੀਰਾਮ ਫਾਈਨਾਂਸ ਅਤੇ ਐਮਐਂਡਐਮ ਲਾਲ ਵਿੱਚ ਹਨ। ਸੈਂਸੇਕਸ ਕੰਪਨੀਆਂ ‘ਚ ਰਿਲਾਇੰਸ ਇੰਡਸਟਰੀਜ਼, ਐਨਟੀਪੀਸੀ, ਹਿੰਦੁਸਤਾਨ ਯੂਨੀਲੀਵਰ, ਏਸ਼ੀਅਨ ਪੇਂਟਸ, ਨੇਸਲੇ ਅਤੇ ਆਈਟੀਸੀ ਦੇ ਸ਼ੇਅਰ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ। ਇਸ ਦੇ ਨਾਲ ਹੀ ਭਾਰਤੀ ਸਟੇਟ ਬੈਂਕ, ਪਾਵਰ ਗਰਿੱਡ, JSW ਸਟੀਲ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਏਸ਼ੀਆਈ ਬਾਜ਼ਾਰਾਂ ਵਿਚ, ਸਿਓਲ, ਸ਼ੰਘਾਈ ਅਤੇ ਹਾਂਗਕਾਂਗ ਸਕਾਰਾਤਮਕ ਖੇਤਰ ਵਿਚ ਕਾਰੋਬਾਰ ਕਰ ਰਹੇ ਸਨ ਜਦੋਂ ਕਿ ਟੋਕੀਓ ਵਿਚ ਨੁਕਸਾਨ ਹੋਇਆ। ਵਾਲ ਸਟਰੀਟ ਮੰਗਲਵਾਰ ਨੂੰ ਹਰੇ ਰੰਗ ਵਿੱਚ ਬੰਦ ਹੋ ਗਈ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.69 ਫੀਸਦੀ ਡਿੱਗ ਕੇ 82.31 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ। ਐਕਸਚੇਂਜ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਮੰਗਲਵਾਰ ਨੂੰ 1,874.54 ਕਰੋੜ ਰੁਪਏ ਦੀਆਂ ਇਕਵਿਟੀਜ਼ ਵੇਚੀਆਂ।

ਚੋਣ ਮਾਹੌਲ ਦੌਰਾਨ ਬਾਜ਼ਾਰ ‘ਚ ਆਈ ਤੇਜ਼ੀ Read More »

ਵਿੱਦਿਅਕ ਖੇਤਰ ਦਾ ਬੁਝ ਗਿਆ ਇਕ ਚਿਰਾਗ਼

ਡਾ. ਰਵਿੰਦਰ ਸਿੰਘ ਮਾਨ 12 ਮਈ ਦੀ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਵਿਛੋੜਾ ਦੇ ਗਏ ਹਨ। ਲਗਪਗ 68 ਸਾਲਾਂ ਦੀ ਉਮਰ ’ਚ ਇਸ ਫਾਨੀ ਸੰਸਾਰ ਤੋਂ ਵਿਦਾ ਹੋਣ ਵਾਲੇ ਇਸ ਇਨਸਾਨ ਨੇ ਆਪਣਾ ਪੂਰਾ ਜੀਵਨ ਵਿੱਦਿਅਕ ਖੇਤਰ ਵਿਚ ਸੇਵਾ ਕਰਦਿਆਂ ਗੁਜ਼ਾਰਿਆ ਸੀ। ਪੰਜਾਬ ਦੇ ਮਾਨਤਾ ਪ੍ਰਾਪਤ ਪਬਲਿਕ ਸਕੂਲਾਂ ਦੀ ਲੜੀ ਵਿਚ ਰਵਿੰਦਰ ਮਾਨ ਦਾ ਨਾਮ ਬਹੁਤ ਹੀ ਆਦਰ-ਸਤਿਕਾਰ ਦਾ ਪਾਤਰ ਰਿਹਾ ਹੈ।ਪੰਜਾਬ ਦੇ ਪੱਛੜੇ ਕਹੇ ਜਾਣ ਵਾਲੇ  ਬਠਿੰਡਾ ਜ਼ਿਲ੍ਹੇ ਵਿਚ ਵਿੱਦਿਆ ਦਾ ਚਾਨਣ ਵੰਡਣ ਵਾਲੇ ਇਸ ਸ਼ਖ਼ਸ ਦਾ ਯੋਗਦਾਨ ਕਦਾਚਿਤ ਅਣਡਿੱਠ ਨਹੀਂ ਕੀਤਾ ਜਾ ਸਕਦਾ। ਡਾ. ਮਾਨ ਪੰਜਾਬ ਦੇ ਵਿੱਦਿਅਕ ਖੇਤਰ ਦੀ ਉਹ ਸ਼ਖ਼ਸੀਅਤ ਸੀ ਜਿਸ ਨੇ ਵਿਅਕਤੀਗਤ ਪੱਧਰ ’ਤੇ ਨਿਰੋਲ ਨਿੱਜੀ ਸਾਧਨਾ ਦੇ ਬਲਬੂਤੇ ਨਾ ਕੇਵਲ ਇਸ ਖੇਤਰ ’ਚ ਆਪਣੇ ਪੈਰ ਹੀ ਜਮਾਏ ਸਨ ਸਗੋਂ ਇਸ ਖੇਤਰ ਵਿਚ ਆਪਣੀ ਵੱਖਰੀ ਪਛਾਣ ਵੀ ਬਣਾਈ ਸੀ। ਵਰਤਮਾਨ ਸਮੇਂ ਵਿਚ ਜਦੋਂ ਪਿੰਡਾਂ ਤੇ ਸ਼ਹਿਰਾਂ ’ਚ ਲਗਪਗ ਹਰ ਗਲੀ-ਮੁਹੱਲੇ ਵਿਚ ਸਕੂਲਨੁਮਾ ਦੁਕਾਨਾਂ ਸਥਾਪਤ ਹੋ ਰਹੀਆਂ ਹਨ, ਉਸ ਸਮੇਂ ਰਵਿੰਦਰ ਸਿੰਘ ਮਾਨ ਨੇ ਆਪਣੇ ਨਿੱਜੀ ਯਤਨਾਂ ਸਦਕਾ ਬਠਿੰਡੇ ਦੇ ਸਿਵਲ ਲਾਈਨ ਇਲਾਕੇ ਵਿਚ ‘ਦਸਮੇਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ’ ਸਥਾਪਤ ਕਰ ਕੇ ਇਸ ਖੇਤਰ ਦੀ ਮੋਹਰਲੀ ਕਤਾਰ ਵਿਚ ਆਪਣਾ ਸਥਾਨ ਬਣਾ ਲਿਆ ਸੀ। ਰਵਿੰਦਰ ਸਿੰਘ ਮਾਨ ਦਾ ਸਿੱਖਿਆ ਦੇ ਖੇਤਰ ਵਿਚ ਸਫਲਤਾ ਪ੍ਰਾਪਤ ਕਰਨ ਦਾ ਰਾਜ਼ ਨਿਰਸੰਦੇਹ ਉਸ ਦੀ ਮਿਸ਼ਨਰੀ ਭਾਵਨਾ ਨਾਲ ਜੁੜਿਆ ਹੋਇਆ ਸੀ। ਜਿਹੜੇ ਲੋਕ ਉਸ ਦੇ ਸੰਪਰਕ ਵਿਚ ਆਏ ਹਨ, ਉਹ ਭਲੀਭਾਂਤ ਜਾਣਦੇ ਹਨ ਕਿ ਗ਼ਰੀਬ, ਲੋੜਵੰਦ, ਸਾਧਨਹੀਣ ਲੋਕਾਂ ਪ੍ਰਤੀ ਉਸ ਦਾ ਨਜ਼ਰੀਆ ਹਮੇਸ਼ਾ ਹਮਦਰਦੀ ਭਰਿਆ ਰਿਹਾ ਸੀ। ਇਨ੍ਹਾਂ ਵਰਗਾਂ ਦੇ ਲੋਕ ਜਦੋਂ ਕਦੇ ਆਪਣੇ ਬੱਚਿਆਂ ਦੀ ਫੀਸ ਦੇਣ ਤੋਂ ਅਸਮਰੱਥਾ ਪ੍ਰਗਟ ਕਰਦੇ ਸਨ ਤਾਂ ਮਾਨ ਸਾਹਿਬ ਨੇ ਕਦੇ ਵੀ ਉਨ੍ਹਾਂ ਨੂੰ ਨਿਰਾਸ਼ ਨਹੀਂ ਸੀ ਕੀਤਾ। ਜਦੋਂ ਵੀ ਕਿਸੇ ਲੋੜਵੰਦ ਪਰਿਵਾਰ ਦੇ ਬੇਰੁਜ਼ਗਾਰ ਮੁੰਡੇ-ਕੁੜੀ ਨੂੰ ਨੌਕਰੀ ਦੀ ਤਲਾਸ਼ ਹੁੰਦੀ ਤਾਂ ਵੀ ਅਕਸਰ ਉਨ੍ਹਾਂ ਵੱਲੋਂ ਰਵਿੰਦਰ ਸਿੰਘ ਮਾਨ ਦਾ ਦਰਵਾਜ਼ਾ ਖੜਕਾਇਆ ਜਾਂਦਾ ਸੀ। ਉਸ ਨੇਕ ਇਨਸਾਨ ਨੇ ਕਦੇ ਵੀ ਕਿਸੇ ਨੂੰ ਤੋੜਵਾਂ ਜਵਾਬ ਦੇ ਕੇ ਵਾਪਸ ਨਹੀਂ ਸੀ ਮੋੜਿਆ। ਹਰ ਹਾਲਤ ’ਚ ਉਹ ਲੋੜਵੰਦ ਪਰਿਵਾਰ ਦੀ ਮਦਦ ਕਰਨ ਦਾ ਯਤਨ ਕਰਦਾ ਸੀ। ਸ਼ਾਇਦ ਉਸ ਦਾ ਮਿਲਾਪੜਾ, ਸੁਭਾਅ, ਮਿਠਾਸ ਭਰੀ ਆਵਾਜ਼ ਤੇ ਅਪਣੱਤ ਭਰਿਆ ਵਿਵਹਾਰ ਹੀ ਉਸ ਦੀ ਸਫਲਤਾ ਲਈ ਸਹਿਯੋਗੀ ਬਣਦੇ ਰਹੇ ਹੋਣਗੇ। ਰਵਿੰਦਰ ਮਾਨ ਆਪਣੇ ਮਾਤਾ-ਪਿਤਾ ਦਾ ਸਰਵਣ ਪੁੱਤਰ ਸੀ। ਉਸ ਨੇ ਆਪਣੇ ਪਿਤਾ ਹਜ਼ੂਰ ਸਿੰਘ ਦੀ ਜੋ ਸੇਵਾ ਕੀਤੀ ਸੀ, ਉਹ ਆਪਣੀ ਮਿਸਾਲ ਆਪ ਬਣੀ ਹੋਈ ਹੈ। ਉਸ ਦੇ ਦੇਹਾਂਤ ਉਪਰੰਤ ਨੇ ਆਪਣੇ ਪਿਤਾ ਦੀ ਯਾਦ ਨੂੰ ਸਮਰਪਿਤ ਇਕ ਤਿਮਾਹੀ ਪਰਚਾ ਵੀ ਕੱਢਿਆ ਸੀ। ‘ਚਾਨਣ ਰਿਸ਼ਮਾਂ’ ਸਿਰਲੇਖ ਅਧੀਨ ਪ੍ਰਕਾਸ਼ਤ ਹੋਣ ਵਾਲਾ ਇਹ ਮੈਗਜ਼ੀਨ ਨਿਰੋਲ ਵਿੱਦਿਅਕ ਖੇਤਰ ਨਾਲ ਜੁੜਿਆ ਹੋਇਆ ਸੀ ਜਿਸ ਵਿਚ ਸਮਕਾਲੀ ਸਮੇਂ ਦੀਆਂ ਵਿੱਦਿਅਕ ਸਮੱਸਿਆਵਾਂ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਨਾਲ ਜੁੜੀ ਕਿਸੇ ਨਾਮਵਰ ਸ਼ਖ਼ਸੀਅਤ ਨਾਲ ਮੁਲਾਕਾਤ ਪ੍ਰਕਾਸ਼ਤ ਹੋਇਆ ਕਰਦੀ ਸੀ। ਇਸੇ ਸਾਲ ਜਨਵਰੀ ਮਹੀਨੇ ਜਦੋਂ ਡਾ. ਮਾਨ ਦੇ ਮਾਤਾ ਜੀ ਜਗੀਰ ਕੌਰ ਦਾ ਦੇਹਾਂਤ ਹੋਇਆ ਸੀ ਤਾਂ ਉਹ ਬੁਰੀ ਤਰ੍ਹਾਂ ਟੁੱਟ ਗਿਆ ਸੀ। ਉਸ ਦੀ ਜਾਨ ਤਾਂ ਉਸੇ ਸਮੇਂ ਚਲੀ ਗਈ ਸੀ, ਬਾਅਦ ਵਿਚ ਤਾਂ ਉਹ ਐਵੇਂ ਹੱਡ ਘੜੀਸਦਾ ਰਿਹਾ ਸੀ। ਇਹ ਭਾਵਂੇ ਨਿਹਾਇਤ ਇਤਫ਼ਾਕ ਹੀ ਹੋ ਸਕਦਾ ਹੈ ਕਿ ਉਸ ਦੀ ਮਿ੍ਰਤੂ ‘ਮਦਰ ਡੇ’ ਵਾਲੇ ਦਿਨ ਹੀ ਹੋਈ ਸੀ। ਸੱਚਮੁੱਚ ਉਸ ਦੇ ਪ੍ਰਾਣ ਆਪਣੀ ਮਾਂ ਵਿਚ ਵਸਦੇ ਸਨ। ਸਿੱਖਿਆ ਦੇ ਖੇਤਰ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਮਾਨ ਨੇ ਉੱਘੇ ਸਿੱਖਿਆ ਸ਼ਾਸਤਰੀ ਡਾ. ਬਿਕਰਮ ਸਿੰਘ ਘੁੰਮਣ ਦੀ ਅਗਵਾਈ ਵਿਚ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਤੋਂ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ ਸੀ। ਉਸ ਨੇ ਆਪਣੇ ਬੱਚਿਆਂ ਨੂੰ ਵੀ ਉਚੇਰੀ ਸਿੱਖਿਆ ਨਾਲ ਜੋੜਿਆ ਹੋਇਆ ਸੀ। ਉਸ ਦੀ ਬੇਟੀ ਦੀਪ ਕਮਲ ਨੇ ਪੰਜਾਬੀ ਯੂਨੀਵਰਸਟੀ ਰਿਜਨਲ ਸੈਂਟਰ ਬਠਿੰਡਾ ਦੇ ਐਜੂਕੇਸ਼ਨ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਤੇ ਉੱਘੇ ਭਾਸ਼ਾ ਸ਼ਸਤਰੀ ਡਾ. ਕਮਲਜੀਤ ਸਿੰਘ ਦੀ ਅਗਵਾਈ ’ਚ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ ਹੈ ਤੇ ਮਾਨ ਸਾਹਿਬ ਦੇ ਦਾਮਾਦ ਗੁਰਪਾਲ ਸਿੰਘ ਨੇ ਕੰਪਿਊਟਰ ਸਾਇੰਸ ਦੇ ਖੇਤਰ ਵਿਚ ਉਚੇਰੀ ਸਿੱਖਿਆ ਪ੍ਰਾਪਤ ਕੀਤੀ ਹੈ। ਉਨ੍ਹਾਂ ਦੇ ਬੇਟੇ ਤਸ਼ਵਿੰਦਰ ਸਿੰਘ ਮਾਨ ਨੇ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਕੈਂਪਸ ਤੋਂ ਉਚੇਰੀ ਸਿੱਖਿਆ ਪ੍ਰਾਪਤ ਕੀਤੀ ਹੈ ਤੇ ਉਸ ਦੀ ਨੂੰਹ ਚੰਦਨਪ੍ਰੀਤ ਕੌਰ ਵੀ ਸਿੱਖਿਆ ਦੇ ਖੇਤਰ ਨੂੰ ਹੀ ਸਮਰਪਿਤ ਹਨ। ਰਵਿੰਦਰ ਸਿੰਘ ਮਾਨ ਵੱਲੋਂ ਵਿਦਿਆਰਥੀ ਵਰਗ ਅੰਦਰ ਕਲਾਤਮਕ ਤੇ ਸੱਭਿਆਚਾਰਕ ਗਤੀਵਿਧੀਆਂ ਜਾਰੀ ਰੱਖਣ ਦਾ ਨਿਰਾਲਾ ਸ਼ੌਕ ਰਿਹਾ ਸੀ। ਉਸ ਵੱਲੋਂ ਆਪਣੇ ਲਗਪਗ ਸਾਰੇ ਸਕੂਲਾਂ ਦੇ ਸਾਲਾਨਾ ਇਨਾਮ ਵੰਡ ਅਤੇ ਸਨਮਾਨ ਸਮਾਰੋਹ ਪੂਰੀ ਸ਼ਾਨੋ-ਸ਼ੌਕਤ ਨਾਲ ਕੀਤੇ ਜਾਂਦੇ ਸਨ। ਇਸ ਕਿਸਮ ਦੇ ਸਾਲਾਨਾ ਸਮਾਗਮਾਂ ਨੂੰ ਦਿਲਚਸਪ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਉਹ ਖ਼ਰਚੇ ਦਾ ਕਦੇ ਵੀ ਸੰਕੋਚ ਨਹੀਂ ਸੀ ਕਰਦਾ ਸਗੋਂ ਅਜਿਹੇ ਸਮਾਗਮਾਂ ਦੀ ਉਚੇਚੀ ਤਿਆਰੀ ਦੀ ਪ੍ਰੈਕਟਿਸ ਲਈ ਉਹ ਕਿਸੇ ਨਾਮਵਰ ਕਲਾਕਾਰ ਦਾ ਸਹਿਯੋਗ ਪ੍ਰਾਪਤ ਕਰ ਲਿਆ ਕਰਦਾ ਸੀ। ਮੈਨੂੰ ਚੇਤੇ ਹੈ ਕਿ ਬਹੁਤ ਸਾਲ ਤੱਕ ਨਾਮਵਰ ਗੀਤਕਾਰ ਮਰਹੂਮ ਪ੍ਰੀਤ ਮਹਿੰਦਰ ਤਿਵਾੜੀ ਮਾਨ ਸਾਹਿਬ ਦੇ ਸਮਾਗਮ ਦੀ ਤਿਆਰੀ ਕਰਵਾਇਆ ਕਰਦਾ ਸੀ। ਮਾਨ ਉਸ ਨੂੰ ਦਿਲ ਖੋਲ੍ਹ ਕੇ ਮਾਣਭੇਟਾ ਦਿਆ ਕਰਦਾ ਸੀ। ਇਨ੍ਹਾਂ ਕਲਾਕਾਰ ਵਿਦਿਆਰਥੀਆਂ ਦੀ ਕਲਾ ਕੁਸ਼ਲਤਾ ਉਸ ਸਮੇਂ ਵੀ ਦੇਖਣ ਨੂੰ ਮਿਲਦੀ ਸੀ ਜਦੋਂ ਉਹ ਭਾਸ਼ਾ ਵਿਭਾਗ ਪੰਜਾਬ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਯੋਜਿਤ ਵੰਨ-ਸੁਵੰਨੇ ਜ਼ਿਲ੍ਹਾ ਪੱਧਰੀ ਸੱਭਿਆਚਾਰਕ ਮੁਕਾਬਲਿਆਂ ਵਿਚ ਪਹਿਲੇ, ਦੂਜੇ ਸਥਾਨ ਪ੍ਰਾਪਤ ਕਰਦੇ ਰਹੇ ਸਨ। ਇਹ ਗੱਲ ਵੀ ਮਸ਼ਹੂਰ ਰਹੀ ਸੀ ਕਿ ਹਰ ਸਾਲ ਛੱਬੀ ਜਨਵਰੀ ਤੇ ਪੰਦਰਾਂ ਅਗਸਤ ਦੇ ਕੌਮੀ ਸਮਾਗਮ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਦੇ ਗਿੱਧੇ ਦਾ ਹੀ ਸਹਾਰਾ ਲੈਂਦਾ ਰਿਹਾ ਸੀ। ਇਹ ਵਿਦਿਆਰਥੀ ਕੇਵਲ ਸੱਭਿਆਚਾਰਕ ਖੇਤਰ ਵਿਚ ਹੀ ਨਹੀਂ ਸਗੋਂ ਵਿੱਦਿਅਕ ਪ੍ਰੀਖਿਆ ਸਮੇਂ ਵੀ ਚੰਗਾ ਨਾਮਣਾ ਖੱਟਦੇ ਰਹੇ ਹਨ। ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮਾਂ ਦਾ ਹੈੱਡ ਕੁਆਰਟਰ ਵੀ ਮਾਨ ਦਾ ਸਕੂਲ ਹੀ ਬਣਦਾ ਰਿਹਾ ਹੈ। ਉਹ ਆਪਣੇ ਸਕੂਲ ਦੇ ਸਾਲਾਨਾ ਸਮਾਗਮ ’ਚ ਅਕਸਰ ਕਿਸੇ ਚੋਟੀ ਦੇ ਵਿਦਵਾਨ, ਉੱਘੇ ਅਕਾਦਮੀਸ਼ਨ ਜਾਂ ਕਿਸੇ ਉੱਘੇ ਸਿੱਖਿਆ ਅਧਿਕਾਰੀ ਨੂੰ ਬਤੌਰ ਮੁੱਖ ਮਹਿਮਾਨ ਬੁਲਾਇਆ ਕਰਦਾ ਸੀ। ਸਿੱਖਿਆ ਦੇ ਖੇਤਰ ’ਚ ਪੇਸ਼ ਆ ਰਹੀਆਂ ਸਮੱਸਿਆਵਾ ਦੇ ਸਮਾਧਾਨ ਲਈ ਪੰਜਾਬ ਦੇ ਮਾਨਤਾ ਪ੍ਰਾਪਤ ਪਬਲਿਕ ਸਕੂਲਾਂ ਦੀ ਇਕ ਸਾਂਝੀ ਇਕਾਈ ਰਾਸਾ ਦੇ ਨਾਂ ਅਧੀਨ ਰਜਿਸਟਰਡ ਹੈ। ਮਾਨ ਲੰਬਾ ਸਮਾਂ ਇਸ ਦੇ ਸੂਬਾ ਪ੍ਰਧਾਨ ਰਹੇ ਸਨ। ਉਹ ਪੰਜਾਬ ਸਰਕਾਰ ਵੱਲੋਂ ਨਾਮਜ਼ਦ ਮੈਂਬਰ ਦੀ ਹੈਸੀਅਤ ’ਚ ਕਾਫ਼ੀ ਸਮਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਲਾਹਕਾਰ ਬੋਰਡ ਦੇ ਮੈਂਬਰ ਵੀ ਰਹੇ ਸਨ। ਗਿਆਰਾਂ ਮਈ ਨੂੰ ਪੰਜਾਬੀ ਦੇ ਮਹਿਬੂਬ ਸ਼ਾਇਰ ਡਾ. ਸੁਰਜੀਤ ਪਾਤਰ ਦੇ ਵਿਛੋੜੇ ’ਚ ਵਿਲਕਦੀਆਂ ਸੇਜਲ ਅੱਖਾਂ ਦੀ ਨਮੀਂ ਹਾਲੇ ਸੁੱਕੀ ਨਹੀਂ ਸੀ ਕਿ 12 ਮਈ ਨੂੰ ਡਾ. ਰਵਿੰਦਰ ਮਾਨ ਦੇ ਵਿਦਾ ਹੋਣ ਦਾ ਸਦਮੇ ਭਰਿਆ ਸੁਨੇਹਾ ਮਿਲ ਗਿਆ। ਉਹ ਲੰਬੇ ਰਾਹਾਂ ਦਾ ਅਣਥੱਕ ਪਾਂਧੀ ਕੁੱਲੂ-ਮਨਾਲੀ ਦੀ ਅਜਿਹੀ ਯਾਤਰਾ ’ਤੇ ਗਿਆ ਕਿ ਮੁੜ ਨਹੀਂ ਪਰਤਿਆ।

ਵਿੱਦਿਅਕ ਖੇਤਰ ਦਾ ਬੁਝ ਗਿਆ ਇਕ ਚਿਰਾਗ਼ Read More »

ਪ੍ਰਨੀਤ ਕੌਰ ਤੇ ਧਰਮਵੀਰ ਗਾਂਧੀ ਤੋਂ ਰਿਪੋਰਟ ਕਾਰਡ ਮੰਗਣ ਲੋਕ

ਲੋਕ ਸਭਾ ਹਲਕਾ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐੱਨਕੇ ਸ਼ਰਮਾ ਨੇ ਅੱਜ ਹਲਕਾ ਘਨੌਰ ਦੇ ਦਰਜਨਾਂ ਪਿੰਡਾਂ ’ਚ ਚੋਣ ਮੀਟਿੰਗ ਕੀਤੀਆਂ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਐੱਨਕੇ ਸ਼ਰਮਾ ਨੇ ਕਿਹਾ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਉਸ ਦਾ ਪਹਿਲਾ ਕੰਮ ਘੱਗਰ ਦਰਿਆ ’ਤੇ ਬੰਨ੍ਹ ਬਣਾ ਕੇ ਹੜ੍ਹਾਂ ਦੀ ਸਮੱਸਿਆ ਦਾ ਸਥਾਈ ਹੱਲ ਕਰਨਾ ਹੋਵੇਗਾ ਤਾਂ ਜੋ ਦਹਾਕਿਆਂ ਤੋਂ ਹੜ੍ਹਾਂ ਦੀ ਮਾਰ ਝੱਲਦੇ ਆ ਰਹੇ ਇਲਾਕਾ ਵਾਸੀਆਂ ਨੂੰ ਰਾਹਤ ਮਿਲ ਸਕੇ। ਜਾਣਕਾਰੀ ਅਨੁਸਾਰ ਉਨ੍ਹਾਂ ਅੱਜ ਘਨੌਰ ਦੇ ਪਿੰਡਾਂ ਖੇੜੀਗੁਰਨਾ, ਆਲਮਪੁਰ, ਖੇੜੀ ਗੰਡਿਆਂ, ਖਾਨਪੁਰ, ਕੁੱਥਾਖੇੜੀ, ਬਹਾਵਲਪੁਰ, ਬਘੌਰਾ, ਲੋਹਸਿੰਬਲੀ, ਜੰਡ ਮੰਗੌਲੀ, ਮਰਦਾਂਪੁਰ, ਬਠੌਣੀਆਂ ਅਤੇ ਮੰਡੌਲੀ ਆਦਿ ’ਚ ਚੋਣ ਮੀਟਿੰਗਾਂ ਕੀਤੀਆਂ। ਇਸ ਦੌਰਾਨ ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ, ਹਲਕਾ ਇੰਚਾਰਜ ਭੁਪਿੰਦਰ ਸ਼ੇਖੂਪੁਰ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸੰਧੂ, ਸੁਖਜੀਤ ਬਘੌਰਾ, ਹਲਕਾ ਚੋਣ ਇੰਚਾਰਜ ਕ੍ਰਿਸ਼ਨਪਾਲ ਸ਼ਰਮਾ ਸਮੇਤ ਮਨਜੀਤ ਮਲਿਕਪੁਰ, ਜਸਬੀਰ ਜੱਸੀ, ਸਵਰਨ ਸਿੰਘ ਤੇ ਹਰਵਿੰਦਰ ਮਹਿਮੂਦਪੁਰ ਆਦਿ ਨੇ ਸ਼ਿਰਕਤ ਕੀਤੀ। ਇਸ ਮੌਕੇ ਐੱਨਕੇ ਸ਼ਰਮਾ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਜਿੱਥੇ ਲੋਕਾਂ ਨੇ ਉਨ੍ਹਾਂ ਨੂੰ ਘੱਗਰ ਦਰਿਆ ਦੀ ਸਭ ਤੋਂ ਵੱਡੀ ਸਮੱਸਿਆ ਵਜੋਂ ਦੱਸੀ, ਉੱਥੇ ਹੀ ਲੋਕ ਸਿਹਤ ਸਹੂਲਤਾਂ ਤੋਂ ਵੀ ਦੁਖੀ ਹਨ। ਸ਼ਰਮਾ ਨੇ ਕਿਹਾ ਕਿ ਪ੍ਰਨੀਤ ਕੌਰ ਅਤੇ ਡਾ. ਧਰਮਵੀਰ ਗਾਂਧੀ ਨੇ ਘੱਗਰ ਦਰਿਆ ਦੇ ਨਾਮ ’ਤੇ ਵੋਟਾਂ ਬਟੋਰ ਕੇ ਲੋਕਾਂ ਨਾਲ ਧਰੋਹ ਕਮਾਇਆ ਹੈ, ਪਰ ਉਸ ਦੇ ਰਿਕਾਰਡ ਬੋਲਦੇ ਹਨ ਕਿ ਜੋ ਵੀ ਕਿਹਾ ਹੈ ਕਿ ਉਹ ਕਰਕੇ ਵਿਖਾਇਆ ਹੈ। ਇਸ ਕਰਕੇ ਉਹ ਲੋਕਾਂ ਨੂੰ ਹੜ੍ਹਾਂ ਤੋਂ ਪੱਕੇ ਤੌਰ ’ਤੇ ਮੁਕਤੀ ਦਿਵਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਨੀਤ ਕੌਰ ਅਤੇ ਧਰਮਵੀਰ ਗਾਂਧੀ ਤੋਂ ਲੋਕ ਉਨ੍ਹਾਂ ਦਾ ਰਿਪੋਰਟ ਕਾਰਡ ਜ਼ਰੂਰ ਮੰਗਣ। ਅਕਾਲੀ ਆਗੂ ਨੇ ਕਿਹਾ ਕਿ ਅੱਜ ਪਟਿਆਲਾ ਹਲਕੇ ਵਿੱਚ ਸਿਹਤ ਸਹੂਲਤਾਂ ਦਾ ਜਨਾਜਾ ਨਿਕਲ ਗਿਆ ਹੈ। ਅਕਾਲੀ ਸਰਕਾਰ ਦੇ ਸਮੇਂ ਖੋਲ੍ਹੇ ਗਏ ਸੁਵਿਧਾ ਕੇਂਦਰਾਂ ’ਤੇ ਮੁਹੱਲਾ ਕਲੀਨਿਕਾਂ ਦੇ ਬੋਰਡ ਟੰਗ ਕੇ ਲੋਕਾਂ ਨੂੰ ਗੁਮਰਾਹ ਕਰਨ ਵਾਲੀ ‘ਆਪ’ ਸਰਕਾਰ ਇਸ ਚੋਣ ਵਿੱਚ ਬੇਨਕਾਬ ਹੋ ਗਈ ਹੈ।

ਪ੍ਰਨੀਤ ਕੌਰ ਤੇ ਧਰਮਵੀਰ ਗਾਂਧੀ ਤੋਂ ਰਿਪੋਰਟ ਕਾਰਡ ਮੰਗਣ ਲੋਕ Read More »

ਰਮਾਇਣ ਤੋਂ ਬਾਅਦ ਅਰੁਣ ਗੋਵਿਲ ਨੂੰ ਕਮਰਸ਼ੀਅਲ ਫਿਲਮਾਂ ‘ਚ ਕੰਮ ਮਿਲਣਾ ਹੋ ਗਿਆ ਸੀ ਬੰਦ

ਦੂਰਦਰਸ਼ਨ ‘ਤੇ ਰਮਾਇਣ ਦੇ ਪ੍ਰਸਾਰਣ ਨੂੰ ਭਲਾ ਕੌਣ ਭੁੱਲ ਸਕਦਾ ਹੈ। ਨਿਰਦੇਸ਼ਕ ਰਾਮਾਨੰਦ ਸਾਗਰ ਦੇ ਇਸ ਮਿਥਿਹਾਸਕ ਸ਼ੋਅ ‘ਚ ਅਭਿਨੇਤਾ ਅਰੁਣ ਗੋਵਿਲ ਨੇ ਭਗਵਾਨ ਰਾਮ ਦੀ ਭੂਮਿਕਾ ਨਿਭਾਈ ਸੀ। ਅਰੁਣ ਨੇ ਜਿਸ ਤਰ੍ਹਾਂ ਇਸ ਕਿਰਦਾਰ ਨੂੰ ਨਿਭਾਇਆ, ਉਸ ਦੀ ਅੱਜ ਵੀ ਚਰਚਾ ਹੈ ਤੇ ਇੰਨਾ ਹੀ ਨਹੀਂ ਉਨ੍ਹਾਂ ਨੂੰ ਰਾਮਾਇਣ ਦੇ ਰਾਮ ਦੇ ਰੂਪ ‘ਚ ਪਛਾਣਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਰਾਮਾਇਣ ਟੀਵੀ ਸੀਰੀਅਲ ਤੋਂ ਬਾਅਦ ਅਰੁਣ ਗੋਵਿਲ ਦੇ ਫਿਲਮੀ ਕਰੀਅਰ ‘ਤੇ ਮਾੜਾ ਅਸਰ ਪਿਆ ਤੇ ਅਦਾਕਰ ਨੂੰ ਫਿਲਮਾਂ ਮਿਲਣੀਆਂ ਬੰਦ ਹੋ ਗਈਆਂ। ਆਓ ਇਸ ਮਾਮਲੇ ਨੂੰ ਥੋੜ੍ਹਾ ਹੋਰ ਵਿਸਥਾਰ ਨਾਲ ਸਮਝਦੇ ਹਾਂ… ਅਰੁਣ ਗੋਵਿਲ ਨੇ ਰਾਮਾਇਣ ਸੀਰੀਅਲ ‘ਚ ਭਗਵਾਨ ਸ਼੍ਰੀ ਰਾਮ ਦਾ ਕਿਰਦਾਰ ਬੜੀ ਸਾਦਗੀ ਨਾਲ ਨਿਭਾਇਆ ਸੀ। ਸਥਿਤੀ ਇਹ ਸੀ ਕਿ ਲੋਕ ਉਨ੍ਹਾਂ ਨੂੰ ਅਸਲ ਵਿਚ ਅਯੁੱਧਿਆ ਨੰਦਨ ਦੇ ਰੂਪ ‘ਚ ਦੇਖਣ ਲੱਗੇ। ਰਾਮਾਇਣ ਬਹੁਤ ਹਿੱਟ ਹੋ ਗਈ ਤੇ ਕਈ ਵਾਰ ਦੂਰਦਰਸ਼ਨ ‘ਤੇ ਰੀਟੈਲੀਕਾਸਟ ਵੀ ਕੀਤੀ ਗਈ। ਪਰ ਉਸ ਦੀ ਕਾਲੀ ਸੱਚਾਈ ਇਹ ਰਹੀ ਕਿ ਇਸ ਸੀਰੀਅਲ ਤੋਂ ਬਾਅਦ ਅਰੁਣ ਦਾ ਕਮਰਸ਼ੀਅਲ ਕਰੀਅਰ ਪੂਰੀ ਤਰ੍ਹਾਂ ਠੱਪ ਹੋ ਗਿਆ। ਦਰਅਸਲ, ਰਾਜਸ਼੍ਰੀ ਅਨਪਲੱਗਡ ਨੂੰ ਦਿੱਤੇ ਇੱਕ ਇੰਟਰਵਿਊ ‘ਚ ਅਰੁਣ ਗੋਵਿਲ ਨੇ ਇਸ ਮਾਮਲੇ ‘ਤੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ ਤੇ ਕਿਹਾ ਹੈ – ਰਾਮਾਇਣ ਤੋਂ ਬਾਅਦ ਮੈਨੂੰ ਬਹੁਤ ਸ਼ੋਹਰਤ ਮਿਲੀ, ਪਰ ਇਕ ਸੱਚਾਈ ਇਹ ਸੀ ਕਿ ਮੈਨੂੰ ਫਿਲਮਾਂ ‘ਚ ਕੰਮ ਮਿਲਣਾ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ। ਮੇਕਰਜ਼ ਮੈਨੂੰ ਕਹਿੰਦੇ ਸਨ ਕਿ ਅਰੁਣ ਤੁਹਾਨੂੰ ਕਿਹੜਾ ਰੋਲ ਦੇਈਏ, ਤੁਹਾਡਾ ਅਕਸ ਸਭ ਦੇ ਜ਼ਿਹਨ ‘ਚ ਭਗਵਾਨ ਰਾਮ ਦੇ ਰੂਪ ‘ਚ ਬਣ ਚੁੱਕਾ ਹੈ। ਅਜਿਹੇ ਵਿਚ ਦੱਸ ਦੇਈਏ ਕਿ ਤੁਹਾਨੂੰ ਕਿਵੇਂ ਦਾ ਕਿਰਦਾਰ ਦਿੱਤਾ। ਇਕ ਅਦਾਕਾਰ ਦੇ ਤੌਰ ‘ਤੇ ਸਾਲਾਂ ਤਕ ਰਾਮਾਇਣ ਦਾ ਨੈਗੇਟਿਵ ਇਫੈਕਟਸ ਮੇਰੇ ‘ਤੇ ਪਿਆ। ਇਸ ਤੋਂ ਬਾਅਦ ਮੈਂ ਛੋਟੇ ਪਰਦੇ ਵੱਲ ਰੁਖ ਕੀਤਾ ਤੇ ਕੁਝ ਗ੍ਰੇਅ ਕਰੈਕਟਰ ਵੀ ਕੀਤੇ, ਪਰ ਬਾਅਦ ਵਿਚ ਮੈਂ ਖ਼ੁਦ ਤੋਂ ਪੁੱਛਿਆ ਕਿ ਆਖਿਰ ਮੈਂ ਕੀ ਕਰ ਰਿਹਾ ਹਾਂ। ਹਾਲਾਂਕਿ ਕੁਝ ਸਮੇਂ ਬਾਅਦ ਗੱਡੀ ਪਟੜੀ ‘ਤੇ ਪਰਤ ਆਈ। ਰਾਮਾਇਣ ਟੀਵੀ ਸੀਰੀਅਲ 1987 ‘ਚ ਸ਼ੁਰੂ ਹੋਇਆ ਸੀ। ਇਸ ਤੋਂ ਪਹਿਲਾਂ ਅਰੁਣ ਗੋਵਿਲ ਹਿੰਦੀ ਸਿਨੇਮਾ ‘ਚ ਬਤੌਰ ਕਲਾਕਾਰ ਆਪਣੀ ਪਛਾਣ ਬਣਾ ਚੁੱਕੇ ਸਨ। ਰਾਮਾਇਣ ਤੋਂ ਪਹਿਲਾਂ ਉਨ੍ਹਾਂ ਪਹੇਲੀ, ਜੁਦਾਈ, ਰਾਮ ਤੇਰਾ ਦੇਸ਼, ਕਰਮ ਯੁੱਧ, ਹਿੰਮਤਵਾਲਾ ਤੇ ਬਾਦਲ ਵਰਗੀਆਂ ਕਈ ਫਿਲਮਾਂ ਵਿੱਚ ਮਹੱਤਵਪੂਰਣ ਭੂਮਿਕਾਵਾਂ ਨਿਭਾਈਆਂ ਸਨ। ਹਾਲਾਂਕਿ ਰਾਮਾਇਣ ਤੋਂ ਬਾਅਦ ਉਨ੍ਹਾਂ ਦੀਆਂ ਫਿਲਮਾਂ ਦੀ ਗਿਣਤੀ ਤੇਜ਼ੀ ਨਾਲ ਘਟਣ ਲੱਗੀ। ਸੰਘਰਸ਼ ਦੇ ਦਿਨਾਂ ‘ਚ ਅਰੁਣ ਗੋਵਿਲ ਨੇ ਭੋਜਪੁਰੀ, ਤਾਮਿਲ ਤੇ ਬੰਗਾਲੀ ਫਿਲਮਾਂ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। 2007 ਵਿਚ ਰਾਜਸਥਾਨੀ ਫਿਲਮ ਕਨਹੈਇਓ ਦੇ 16 ਸਾਲ ਬਾਅਦ ਅਰੁਣ ਨੇ ਅਕਸ਼ੇ ਕੁਮਾਰ ਦੀ ਓ ਮਾਈ ਗੌਡ 2 ਨਾਲ ਹਿੰਦੀ ਸਿਨੇਮਾ ‘ਚ ਸਫਲ ਵਾਪਸੀ ਕੀਤੀ। ਟੀਵੀ ‘ਤੇ ਰਾਮਾਇਣ ‘ਚ ਭਗਵਾਨ ਰਾਮ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਅਰੁਣ ਗੋਵਿਲ ਇਕ ਵਾਰ ਫਿਰ ਤੋਂ ਰਾਮਾਇਣ ਦਾ ਹਿੱਸਾ ਬਣਨ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰ ਉਹ ਛੋਟੇ ਪਰਦੇ ‘ਤੇ ਨਹੀਂ ਸਗੋਂ ਵੱਡੇ ਪਰਦੇ ਦੀ ਰਾਮਾਇਣ ‘ਚ ਨਜ਼ਰ ਆਉਣਗੇ।

ਰਮਾਇਣ ਤੋਂ ਬਾਅਦ ਅਰੁਣ ਗੋਵਿਲ ਨੂੰ ਕਮਰਸ਼ੀਅਲ ਫਿਲਮਾਂ ‘ਚ ਕੰਮ ਮਿਲਣਾ ਹੋ ਗਿਆ ਸੀ ਬੰਦ Read More »

Paytm ਦੀ ਆਰਥਿਕ ਸਥਿਤੀ ‘ਤੇ ਦਿਖਾਈ ਦੇ ਰਿਹਾ RBI ਦੀ ਕਾਰਵਾਈ ਦਾ ਅਸਰ

  ਅੱਜ ਸਵੇਰੇ, Fintech ਫਰਮ One 97 Communications Ltd ਨੇ ਮਾਰਚ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਮਾਰਚ ਤਿਮਾਹੀ ‘ਚ ਉਨ੍ਹਾਂ ਦਾ ਨੈੱਟ ਲੋਸ 550 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਕ ਸਾਲ ਪਹਿਲਾਂ ਇਸੇ ਮਿਆਦ ‘ਚ ਕੰਪਨੀ ਨੂੰ 167.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਜੇਕਰ ਅਸੀਂ ਪੂਰੇ ਕਾਰੋਬਾਰੀ ਸਾਲ ਦੀ ਗੱਲ ਕਰੀਏ ਤਾਂ 31 ਮਾਰਚ 2024 ਨੂੰ ਖਤਮ ਹੋਏ ਸਾਲ ‘ਚ ਕੰਪਨੀ ਦਾ ਘਾਟਾ ਘਟ ਕੇ 1,422.4 ਕਰੋੜ ਰੁਪਏ ਰਹਿ ਗਿਆ। Paytm ਨੂੰ FY23 ‘ਚ 1,776.5 ਕਰੋੜ ਰੁਪਏ ਦਾ ਘਾਟਾ ਦਰਜ ਕੀਤਾ ਸੀ। ਇਸ ਤੋਂ ਇਲਾਵਾ ਵਿੱਤੀ ਸਾਲ 2024 ਦੀ ਚੌਥੀ ਤਿਮਾਹੀ ‘ਚ Paytm ਦਾ ਸੰਚਾਲਨ ਮਾਲੀਆ 2.8 ਫੀਸਦੀ ਘਟ ਕੇ 2,267.1 ਕਰੋੜ ਰੁਪਏ ਰਹਿ ਗਿਆ, ਜੋ ਵਿੱਤੀ ਸਾਲ 2023 ਦੀ ਇਸੇ ਤਿਮਾਹੀ ‘ਚ 2,464.6 ਕਰੋੜ ਰੁਪਏ ਸੀ। ਹਾਲਾਂਕਿ, Paytm ਦੀ ਸਾਲਾਨਾ ਆਮਦਨ FY2023 ਦੇ 7,990.3 ਕਰੋੜ ਰੁਪਏ ਤੋਂ FY2024 ਵਿੱਚ 9,978 ਕਰੋੜ ਰੁਪਏ ਤੱਕ ਲਗਭਗ 25 ਫੀਸਦੀ ਵਧਣ ਦੀ ਉਮੀਦ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 15 ਮਾਰਚ ਤੋਂ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ ਨੂੰ ਕਿਸੇ ਵੀ ਗਾਹਕ ਖਾਤੇ, ਵਾਲਿਟ ਅਤੇ ਫਾਸਟੈਗ ਵਿੱਚ ਜਮ੍ਹਾਂ, ਕ੍ਰੈਡਿਟ ਲੈਣ-ਦੇਣ ਜਾਂ ਟਾਪ-ਅੱਪ ਸਵੀਕਾਰ ਕਰਨ ਤੋਂ ਰੋਕ ਦਿੱਤਾ ਹੈ। ਆਰਬੀਆਈ ਦੇ ਇਸ ਫੈਸਲੇ ਨਾਲ ਕੰਪਨੀ ਦੀ ਵਿੱਤੀ ਕਾਰਗੁਜ਼ਾਰੀ ਵੀ ਪ੍ਰਭਾਵਿਤ ਹੋਈ ਹੈ। RBI ਦੁਆਰਾ ਲਗਾਈ ਗਈ ਪਾਬੰਦੀ ਤੋਂ ਬਾਅਦ, Paytm ਨੇ ਅੰਦਾਜ਼ਾ ਲਗਾਇਆ ਸੀ ਕਿ RBI ਦੇ ਫੈਸਲੇ ਨਾਲ ਕੰਪਨੀ ਨੂੰ 300-500 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। Paytm ਨੂੰ Q2FY25 ਤੋਂ ਮਜ਼ਬੂਤ ​​ਮਾਲੀਆ ਵਾਧੇ ਅਤੇ ਮੁਨਾਫੇ ਵਿੱਚ ਸੁਧਾਰ ਦੀ ਉਮੀਦ ਹੈ। ਕੰਪਨੀ ਬੈਂਕ ਸਾਂਝੇਦਾਰੀ ਰਾਹੀਂ ਵਿੱਤੀ ਉਤਪਾਦਾਂ ਦੀ ਵੰਡ ਨੂੰ ਵਧਾਉਣ ਅਤੇ ਗਾਹਕਾਂ ਦੀ ਧਾਰਨਾ ਅਤੇ ਸੇਵਾ ਨੂੰ ਵਧਾਉਣ ‘ਤੇ ਧਿਆਨ ਕੇਂਦਰਤ ਕਰ ਰਹੀ ਹੈ। ਜੇਕਰ Paytm ਸ਼ੇਅਰਾਂ ਦੀ ਗੱਲ ਕਰੀਏ ਤਾਂ ਅੱਜ ਵੀ ਕੰਪਨੀ ਦੇ ਸ਼ੇਅਰ 5 ਫੀਸਦੀ ਤੱਕ ਡਿੱਗ ਚੁੱਕੇ ਹਨ। ਖ਼ਬਰ ਲਿਖੇ ਜਾਣ ਤੱਕ ਪੇਟੀਐਮ ਦੇ ਸ਼ੇਅਰ ਦੀ ਕੀਮਤ 346.40 ਰੁਪਏ ਪ੍ਰਤੀ ਸ਼ੇਅਰ ਸੀ। ਪਿਛਲੇ ਇਕ ਮਹੀਨੇ ‘ਚ ਕੰਪਨੀ ਦੇ ਸ਼ੇਅਰਾਂ ਨੇ 8.34 ਫੀਸਦੀ ਦਾ ਨਕਾਰਾਤਮਕ ਰਿਟਰਨ ਦਿੱਤਾ ਹੈ। ਇਸ ਦੇ ਨਾਲ ਹੀ ਕੰਪਨੀ ਦੇ ਸ਼ੇਅਰਾਂ ਨੇ 1 ਸਾਲ ‘ਚ ਨਿਵੇਸ਼ਕਾਂ ਨੂੰ 51.01 ਫੀਸਦੀ ਦਾ ਨਕਾਰਾਤਮਕ ਰਿਟਰਨ ਦਿੱਤਾ ਹੈ। BSE ਦੀ ਵੈੱਬਸਾਈਟ ਦੇ ਅਨੁਸਾਰ, Paytm ਦੀ ਮੂਲ ਕੰਪਨੀ One 97 Communications Ltd ਦਾ ਐੱਮ-ਕੈਪ 10,785.46 ਕਰੋੜ ਰੁਪਏ ਹੈ।

Paytm ਦੀ ਆਰਥਿਕ ਸਥਿਤੀ ‘ਤੇ ਦਿਖਾਈ ਦੇ ਰਿਹਾ RBI ਦੀ ਕਾਰਵਾਈ ਦਾ ਅਸਰ Read More »

ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਵਿਚ ਝਟਕਿਆਂ ਕਾਰਨ ਯਾਤਰੀ ਦੀ ਮੌਤ

ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਵਿਚ ‘ਚਾਣਚੱਕ ਲੱਗੇ ਜ਼ੋਰਦਾਰ ਝਟਕਿਆਂ’ ਕਰਕੇ 73 ਸਾਲਾ ਬਰਤਾਨਵੀ ਨਾਗਰਿਕ ਦੀ ਮੌਤ ਹੋ ਗਈ ਜਦੋਂਕਿ ਦੋ ਦਰਜਨ ਤੋਂ ਵੱਧ ਯਾਤਰੀ ਜ਼ਖ਼ਮੀ ਹੋ ਗਏ। ਬਰਤਾਨਵੀ ਵਿਅਕਤੀ, ਜਿਸ ਦੀ ਅਜੇ ਤੱਕ ਸ਼ਨਾਖਤ ਨਹੀਂ ਹੋਈ, ਦੀ ਮੌਤ ਦਾ ਕਾਰਨ ‘ਦਿਲ ਦਾ ਦੌਰਾ’ ਮੰਨਿਆ ਜਾ ਰਿਹਾ ਹੈ। ਲੰਡਨ ਤੋਂ ਸਿੰਗਾਪੁਰ ਆ ਰਹੀ ਸਿੰਗਾਪੁਰ ਏਅਰਲਾਈਨ ਦੀ ਉਡਾਣ ਐੱਸਕਿਊ321 ਵਿਚ ਤਿੰਨ ਭਾਰਤੀ ਨਾਗਰਿਕਾਂ ਸਣੇ 229 ਵਿਅਕਤੀ ਸਵਾਰ ਸਨ। ਇਹ ਘਟਨਾ 20 ਮਈ ਦੀ ਹੈ। ਜਹਾਜ਼ ਨੂੰ ਝਟਕੇ ਲੱਗਣ ਮੌਕੇ ਇਹ ਇਰਾਵੜੀ ਬੇਸਿਨ ’ਤੇ 37,000 ਫੁੱਟ ਦੀ ਉਚਾਈ ’ਤੇ ਸੀ। ਪਾਇਲਟ ਨੇ ਫੌਰੀ ਮੈਡੀਕਲ ਐਮਰਜੈਂਸੀ ਐਲਾਨਦਿਆਂ ਉਡਾਣ ਬੈਂਕਾਕ ਵੱਲ ਨੂੰ ਮੋੜ ਲਈ। ਕੁੱਲ 30 ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਵਿਚ ਝਟਕਿਆਂ ਕਾਰਨ ਯਾਤਰੀ ਦੀ ਮੌਤ Read More »

ਡੇਰਿਆਂ ਦੀ ਸਿਆਸਤ

ਪਿਛਲੇ ਕਰੀਬ ਦੋ ਦਹਾਕਿਆਂ ਤੋਂ ਪੰਜਾਬ ਅਤੇ ਹਰਿਆਣਾ ਵਿੱਚ ਕਈ ਧਾਰਮਿਕ ਸੰਪਰਦਾਵਾਂ ਅਤੇ ਡੇਰੇ ਵੋਟ ਬੈਂਕ ਦਾ ਰੂਪ ਧਾਰ ਚੁੱਕੇ ਹਨ। ਹਰਿਆਣਾ ਵਿੱਚ ਲੋਕ ਸਭਾ ਦੀਆਂ ਚੋਣਾਂ ਲਈ 25 ਮਈ ਅਤੇ ਪੰਜਾਬ ਵਿੱਚ ਪਹਿਲੀ ਜੂਨ ਨੂੰ ਮਤਦਾਨ ਹੋਵੇਗਾ। ਹੁਣ ਜਦੋਂ ਚੋਣ ਪ੍ਰਚਾਰ ਭਖ ਰਿਹਾ ਹੈ ਤਾਂ ਵੱਖੋ-ਵੱਖਰੀਆਂ ਪਾਰਟੀਆਂ ਦੇ ਉਮੀਦਵਾਰ ਅਤੇ ਸਿਆਸਤਦਾਨ ਡੇਰਿਆਂ ਦੇ ਗੇੜੇ ਲਾ ਰਹੇ ਹਨ ਤਾਂ ਕਿ ਆਪੋ-ਆਪਣੇ ਚੁਣਾਵੀ ਗਣਿਤ ਨੂੰ ਬਿਹਤਰ ਕਰ ਕੇ ਇੱਛਤ ਨਤੀਜੇ ਹਾਸਿਲ ਕੀਤੇ ਜਾ ਸਕਣ। ਪੰਜਾਬ ਅਤੇ ਹਰਿਆਣਾ ਵਿੱਚ ਲੋਕ ਸਭਾ ਦੀਆਂ ਚੋਣਾਂ ਵਿੱਚ ਬਹੁਕੋਨੀ ਮੁਕਾਬਲੇ ਹੋ ਰਹੇ ਹਨ ਜਿਸ ਦੇ ਮੱਦੇਨਜ਼ਰ ਬਹੁਤ ਸਾਰੇ ਉਮੀਦਵਾਰ ਇਨ੍ਹਾਂ ਡੇਰਿਆਂ ਦੇ ਸ਼ਰਧਾਲੂਆਂ ਦੀਆਂ ਵੋਟਾਂ ਲੈਣ ਲਈ ਤਰਲੋਮੱਛੀ ਹੋ ਰਹੇ ਹਨ। ਅਸਲ ਵਿੱਚ ਪਿਛਲੇ ਕੁਝ ਸਾਲਾਂ ਤੋਂ ਇਹ ਰੁਝਾਨ ਬਹੁਤ ਜ਼ੋਰ ਫੜ ਗਿਆ ਹੈ ਹਾਲਾਂਕਿ ਸੁਪਰੀਮ ਕੋਰਟ ਨੇ 2017 ਵਿੱਚ ਆਪਣੇ ਫ਼ੈਸਲੇ ਵਿੱਚ ਸਪੱਸ਼ਟ ਆਖਿਆ ਸੀ ਕਿ ਧਰਮ, ਨਸਲ, ਜਾਤ, ਫਿਰਕੇ ਜਾਂ ਭਾਸ਼ਾ ਦੇ ਆਧਾਰ ’ਤੇ ਕਿਸੇ ਵੀ ਤਰ੍ਹਾਂ ਦੀ ਵੋਟਾਂ ਦੀ ਅਪੀਲ ਲੋਕ ਪ੍ਰਤੀਨਿਧਤਾ ਕਾਨੂੰਨ ਅਧੀਨ ਭ੍ਰਿਸ਼ਟ ਕਾਰਵਾਈ ਗਿਣੀ ਜਾਵੇਗੀ। ਸਬਬੀਂ ਉਸੇ ਸਾਲ ਸਿਰਸਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦੇ ਦੋਸ਼ ਵਿੱਚ ਮੁਜਰਮ ਕਰਾਰ ਦਿੱਤਾ ਗਿਆ ਸੀ ਅਤੇ ਉਸ ਨੂੰ 20 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਡੇਰੇ ਵੱਲੋਂ ਆਪਣੇ ਸ਼ਰਧਾਲੂਆਂ ਨੂੰ ਅਕਸਰ ਕਿਸੇ ਨਾ ਕਿਸੇ ਚੋਣ ਵਿੱਚ ਕਿਸੇ ਪਾਰਟੀ ਜਾਂ ਕਿਸੇ ਉਮੀਦਵਾਰ ਦੇ ਸਮਰਥਨ ਦਾ ਫ਼ਰਮਾਨ ਜਾਰੀ ਕਰਨ ਦੀ ਪ੍ਰਥਾ ਰਹੀ ਹੈ। ਇਹ ਕਿਹਾ ਜਾਂਦਾ ਹੈ ਕਿ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਸ ਨੇ ਕਾਂਗਰਸ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ ਜਿਸ ਕਰ ਕੇ ਪਾਰਟੀ ਨੇ ਮਾਲਵਾ ਖੇਤਰ ਵਿੱਚ ਕਾਫ਼ੀ ਚੰਗੀ ਕਾਰਗੁਜ਼ਾਰੀ ਦਿਖਾਈ ਸੀ ਹਾਲਾਂਕਿ ਇਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਬਹੁਮਤ ਹਾਸਿਲ ਕਰ ਕੇ ਸੱਤਾ ਹਾਸਿਲ ਕਰਨ ਵਿੱਚ ਕਾਮਯਾਬ ਹੋ ਗਿਆ ਸੀ। ਬਾਅਦ ਵਿੱਚ ਡੇਰਾ ਮੁਖੀ ਵੱਲੋਂ ਆਪਣੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਭੰਗ ਕਰ ਦੇਣ ਕਰ ਕੇ ਇਸ ਦੇ ਜਨਤਕ ਐਲਾਨਾਂ ਦੀ ਪ੍ਰਥਾ ’ਤੇ ਵਿਰਾਮ ਲੱਗ ਗਿਆ; ਫਿਰ ਵੀ ਸਿਆਸਤਦਾਨ ਡੇਰਾ ਸਿਰਸਾ ਨੂੰ ਤਾਕਤ ਵਜੋਂ ਤਸਲੀਮ ਕਰਦੇ ਰਹੇ। ਸਮਾਜ ਉੱਤੇ ਡੇਰਿਆਂ ਦੇ ਅਜਿਹੇ ਪ੍ਰਭਾਵ ਕਾਰਨ ਹੀ ਸਿਆਸਤਦਾਨ ਵੋਟਾਂ ਲੈਣ ਲਈ ਸਿੱਧੇ ਜਾਂ ਅਸਿੱਧੇ ਢੰਗ ਨਾਲ ਇਨ੍ਹਾਂ ਡੇਰਿਆਂ ਵੱਲ ਅਹੁਲਦੇ ਹਨ। ਦੂਜੇ ਵੱਡੇ ਡੇਰੇ ਜਿਵੇਂ ਰਾਧਾ ਸੁਆਮੀ ਸਤਿਸੰਗ ਬਿਆਸ, ਨੂਰਮਹਿਲ ਡੇਰਾ ਤੇ ਡੇਰਾ ਸੱਚਖੰਡ ਬੱਲਾਂ ਦਾ ਵੀ ਸਮਰਥਨ ਮੰਗਿਆ ਜਾਂਦਾ ਰਿਹਾ ਹੈ ਜਦੋਂਕਿ ਇਹ ਡੇਰੇ ਗ਼ੈਰ-ਸਿਆਸੀ ਹੋਣ ਦਾ ਦਾਅਵਾ ਕਰਦੇ ਹਨ। ਡੇਰੇ ਜਿਨ੍ਹਾਂ ਦਾ ਰਸੂਖ਼ ਸਿਆਸੀ ਅਤੇ ਜਾਤੀ ਫ਼ਰਕਾਂ ਤੋਂ ਉੱਤੇ ਹੈ, ਦੇ ਮੁਖੀਆਂ ਵੱਲੋਂ ਦਿੱਤਾ ਹਲਕਾ ਜਿਹਾ ਸੰਕੇਤ ਵੀ ਪੈਰੋਕਾਰਾਂ ਤੱਕ ਇਹ ਸੁਨੇਹਾ ਲਾਉਣ ਵਿਚ ਕਾਫ਼ੀ ਹੁੰਦਾ ਹੈ ਕਿ ਚੋਣਾਂ ਵਾਲੇ ਦਿਨ ਉਨ੍ਹਾਂ ਕੀ ਕਰਨਾ ਹੈ; ਇੱਥੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਲਈ ਮੌਕਾ ਲੁਕਿਆ ਹੁੰਦਾ ਹੈ, ਖ਼ਾਸ ਤੌਰ ’ਤੇ ਉੱਥੇ ਜਿੱਥੇ ਮੁਕਾਬਲੇ ਫ਼ਸਵੇਂ ਹੁੰਦੇ ਹਨ। ਅਸਲ ਵਿਚ, ਮੁਲਕ ਦੀ ਸਮੁੱਚੀ ਸਿਆਸਤ ਚੋਣਾਂ ਦੁਆਲੇ ਘੁੰਮਦੀ ਹੈ। ਸਿਆਸਤ ਦਾ ਸਾਰਾ ਤਾਣਾ-ਬਾਣਾ ਬਹੁਤ ਡੂੰਘੀ ਤਰ੍ਹਾਂ ਚੋਣਾਂ ਨਾਲ ਜੁੜ ਗਿਆ ਹੈ। ਇਸੇ ਕਰ ਕੇ ਸਿਆਸਤ ਦੇ ਪਿੜ ਵਿਚ ਅਜਿਹੇ ਵਰਤਾਰੇ ਦੇਖਣ ਨੂੰ ਮਿਲ ਰਹੇ ਹਨ ਜਿਨ੍ਹਾਂ ਦਾ ਸਮਾਜਿਕ ਸਰੋਕਾਰਾਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ।

ਡੇਰਿਆਂ ਦੀ ਸਿਆਸਤ Read More »