ਡਾ. ਰਵਿੰਦਰ ਸਿੰਘ ਮਾਨ 12 ਮਈ ਦੀ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਵਿਛੋੜਾ ਦੇ ਗਏ ਹਨ। ਲਗਪਗ 68 ਸਾਲਾਂ ਦੀ ਉਮਰ ’ਚ ਇਸ ਫਾਨੀ ਸੰਸਾਰ ਤੋਂ ਵਿਦਾ ਹੋਣ ਵਾਲੇ ਇਸ ਇਨਸਾਨ ਨੇ ਆਪਣਾ ਪੂਰਾ ਜੀਵਨ ਵਿੱਦਿਅਕ ਖੇਤਰ ਵਿਚ ਸੇਵਾ ਕਰਦਿਆਂ ਗੁਜ਼ਾਰਿਆ ਸੀ। ਪੰਜਾਬ ਦੇ ਮਾਨਤਾ ਪ੍ਰਾਪਤ ਪਬਲਿਕ ਸਕੂਲਾਂ ਦੀ ਲੜੀ ਵਿਚ ਰਵਿੰਦਰ ਮਾਨ ਦਾ ਨਾਮ ਬਹੁਤ ਹੀ ਆਦਰ-ਸਤਿਕਾਰ ਦਾ ਪਾਤਰ ਰਿਹਾ ਹੈ।ਪੰਜਾਬ ਦੇ ਪੱਛੜੇ ਕਹੇ ਜਾਣ ਵਾਲੇ ਬਠਿੰਡਾ ਜ਼ਿਲ੍ਹੇ ਵਿਚ ਵਿੱਦਿਆ ਦਾ ਚਾਨਣ ਵੰਡਣ ਵਾਲੇ ਇਸ ਸ਼ਖ਼ਸ ਦਾ ਯੋਗਦਾਨ ਕਦਾਚਿਤ ਅਣਡਿੱਠ ਨਹੀਂ ਕੀਤਾ ਜਾ ਸਕਦਾ।
ਡਾ. ਮਾਨ ਪੰਜਾਬ ਦੇ ਵਿੱਦਿਅਕ ਖੇਤਰ ਦੀ ਉਹ ਸ਼ਖ਼ਸੀਅਤ ਸੀ ਜਿਸ ਨੇ ਵਿਅਕਤੀਗਤ ਪੱਧਰ ’ਤੇ ਨਿਰੋਲ ਨਿੱਜੀ ਸਾਧਨਾ ਦੇ ਬਲਬੂਤੇ ਨਾ ਕੇਵਲ ਇਸ ਖੇਤਰ ’ਚ ਆਪਣੇ ਪੈਰ ਹੀ ਜਮਾਏ ਸਨ ਸਗੋਂ ਇਸ ਖੇਤਰ ਵਿਚ ਆਪਣੀ ਵੱਖਰੀ ਪਛਾਣ ਵੀ ਬਣਾਈ ਸੀ। ਵਰਤਮਾਨ ਸਮੇਂ ਵਿਚ ਜਦੋਂ ਪਿੰਡਾਂ ਤੇ ਸ਼ਹਿਰਾਂ ’ਚ ਲਗਪਗ ਹਰ ਗਲੀ-ਮੁਹੱਲੇ ਵਿਚ ਸਕੂਲਨੁਮਾ ਦੁਕਾਨਾਂ ਸਥਾਪਤ ਹੋ ਰਹੀਆਂ ਹਨ, ਉਸ ਸਮੇਂ ਰਵਿੰਦਰ ਸਿੰਘ ਮਾਨ ਨੇ ਆਪਣੇ ਨਿੱਜੀ ਯਤਨਾਂ ਸਦਕਾ ਬਠਿੰਡੇ ਦੇ ਸਿਵਲ ਲਾਈਨ ਇਲਾਕੇ ਵਿਚ ‘ਦਸਮੇਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ’ ਸਥਾਪਤ ਕਰ ਕੇ ਇਸ ਖੇਤਰ ਦੀ ਮੋਹਰਲੀ ਕਤਾਰ ਵਿਚ ਆਪਣਾ ਸਥਾਨ ਬਣਾ ਲਿਆ ਸੀ।
ਰਵਿੰਦਰ ਸਿੰਘ ਮਾਨ ਦਾ ਸਿੱਖਿਆ ਦੇ ਖੇਤਰ ਵਿਚ ਸਫਲਤਾ ਪ੍ਰਾਪਤ ਕਰਨ ਦਾ ਰਾਜ਼ ਨਿਰਸੰਦੇਹ ਉਸ ਦੀ ਮਿਸ਼ਨਰੀ ਭਾਵਨਾ ਨਾਲ ਜੁੜਿਆ ਹੋਇਆ ਸੀ। ਜਿਹੜੇ ਲੋਕ ਉਸ ਦੇ ਸੰਪਰਕ ਵਿਚ ਆਏ ਹਨ, ਉਹ ਭਲੀਭਾਂਤ ਜਾਣਦੇ ਹਨ ਕਿ ਗ਼ਰੀਬ, ਲੋੜਵੰਦ, ਸਾਧਨਹੀਣ ਲੋਕਾਂ ਪ੍ਰਤੀ ਉਸ ਦਾ ਨਜ਼ਰੀਆ ਹਮੇਸ਼ਾ ਹਮਦਰਦੀ ਭਰਿਆ ਰਿਹਾ ਸੀ। ਇਨ੍ਹਾਂ ਵਰਗਾਂ ਦੇ ਲੋਕ ਜਦੋਂ ਕਦੇ ਆਪਣੇ ਬੱਚਿਆਂ ਦੀ ਫੀਸ ਦੇਣ ਤੋਂ ਅਸਮਰੱਥਾ ਪ੍ਰਗਟ ਕਰਦੇ ਸਨ ਤਾਂ ਮਾਨ ਸਾਹਿਬ ਨੇ ਕਦੇ ਵੀ ਉਨ੍ਹਾਂ ਨੂੰ ਨਿਰਾਸ਼ ਨਹੀਂ ਸੀ ਕੀਤਾ। ਜਦੋਂ ਵੀ ਕਿਸੇ ਲੋੜਵੰਦ ਪਰਿਵਾਰ ਦੇ ਬੇਰੁਜ਼ਗਾਰ ਮੁੰਡੇ-ਕੁੜੀ ਨੂੰ ਨੌਕਰੀ ਦੀ ਤਲਾਸ਼ ਹੁੰਦੀ ਤਾਂ ਵੀ ਅਕਸਰ ਉਨ੍ਹਾਂ ਵੱਲੋਂ ਰਵਿੰਦਰ ਸਿੰਘ ਮਾਨ ਦਾ ਦਰਵਾਜ਼ਾ ਖੜਕਾਇਆ ਜਾਂਦਾ ਸੀ।
ਉਸ ਨੇਕ ਇਨਸਾਨ ਨੇ ਕਦੇ ਵੀ ਕਿਸੇ ਨੂੰ ਤੋੜਵਾਂ ਜਵਾਬ ਦੇ ਕੇ ਵਾਪਸ ਨਹੀਂ ਸੀ ਮੋੜਿਆ। ਹਰ ਹਾਲਤ ’ਚ ਉਹ ਲੋੜਵੰਦ ਪਰਿਵਾਰ ਦੀ ਮਦਦ ਕਰਨ ਦਾ ਯਤਨ ਕਰਦਾ ਸੀ। ਸ਼ਾਇਦ ਉਸ ਦਾ ਮਿਲਾਪੜਾ, ਸੁਭਾਅ, ਮਿਠਾਸ ਭਰੀ ਆਵਾਜ਼ ਤੇ ਅਪਣੱਤ ਭਰਿਆ ਵਿਵਹਾਰ ਹੀ ਉਸ ਦੀ ਸਫਲਤਾ ਲਈ ਸਹਿਯੋਗੀ ਬਣਦੇ ਰਹੇ ਹੋਣਗੇ। ਰਵਿੰਦਰ ਮਾਨ ਆਪਣੇ ਮਾਤਾ-ਪਿਤਾ ਦਾ ਸਰਵਣ ਪੁੱਤਰ ਸੀ। ਉਸ ਨੇ ਆਪਣੇ ਪਿਤਾ ਹਜ਼ੂਰ ਸਿੰਘ ਦੀ ਜੋ ਸੇਵਾ ਕੀਤੀ ਸੀ, ਉਹ ਆਪਣੀ ਮਿਸਾਲ ਆਪ ਬਣੀ ਹੋਈ ਹੈ। ਉਸ ਦੇ ਦੇਹਾਂਤ ਉਪਰੰਤ ਨੇ ਆਪਣੇ ਪਿਤਾ ਦੀ ਯਾਦ ਨੂੰ ਸਮਰਪਿਤ ਇਕ ਤਿਮਾਹੀ ਪਰਚਾ ਵੀ ਕੱਢਿਆ ਸੀ। ‘ਚਾਨਣ ਰਿਸ਼ਮਾਂ’ ਸਿਰਲੇਖ ਅਧੀਨ ਪ੍ਰਕਾਸ਼ਤ ਹੋਣ ਵਾਲਾ ਇਹ ਮੈਗਜ਼ੀਨ ਨਿਰੋਲ ਵਿੱਦਿਅਕ ਖੇਤਰ ਨਾਲ ਜੁੜਿਆ ਹੋਇਆ ਸੀ ਜਿਸ ਵਿਚ ਸਮਕਾਲੀ ਸਮੇਂ ਦੀਆਂ ਵਿੱਦਿਅਕ ਸਮੱਸਿਆਵਾਂ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਨਾਲ ਜੁੜੀ ਕਿਸੇ ਨਾਮਵਰ ਸ਼ਖ਼ਸੀਅਤ ਨਾਲ ਮੁਲਾਕਾਤ ਪ੍ਰਕਾਸ਼ਤ ਹੋਇਆ ਕਰਦੀ ਸੀ।
ਇਸੇ ਸਾਲ ਜਨਵਰੀ ਮਹੀਨੇ ਜਦੋਂ ਡਾ. ਮਾਨ ਦੇ ਮਾਤਾ ਜੀ ਜਗੀਰ ਕੌਰ ਦਾ ਦੇਹਾਂਤ ਹੋਇਆ ਸੀ ਤਾਂ ਉਹ ਬੁਰੀ ਤਰ੍ਹਾਂ ਟੁੱਟ ਗਿਆ ਸੀ। ਉਸ ਦੀ ਜਾਨ ਤਾਂ ਉਸੇ ਸਮੇਂ ਚਲੀ ਗਈ ਸੀ, ਬਾਅਦ ਵਿਚ ਤਾਂ ਉਹ ਐਵੇਂ ਹੱਡ ਘੜੀਸਦਾ ਰਿਹਾ ਸੀ। ਇਹ ਭਾਵਂੇ ਨਿਹਾਇਤ ਇਤਫ਼ਾਕ ਹੀ ਹੋ ਸਕਦਾ ਹੈ ਕਿ ਉਸ ਦੀ ਮਿ੍ਰਤੂ ‘ਮਦਰ ਡੇ’ ਵਾਲੇ ਦਿਨ ਹੀ ਹੋਈ ਸੀ। ਸੱਚਮੁੱਚ ਉਸ ਦੇ ਪ੍ਰਾਣ ਆਪਣੀ ਮਾਂ ਵਿਚ ਵਸਦੇ ਸਨ। ਸਿੱਖਿਆ ਦੇ ਖੇਤਰ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਮਾਨ ਨੇ ਉੱਘੇ ਸਿੱਖਿਆ ਸ਼ਾਸਤਰੀ ਡਾ. ਬਿਕਰਮ ਸਿੰਘ ਘੁੰਮਣ ਦੀ ਅਗਵਾਈ ਵਿਚ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਤੋਂ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ ਸੀ। ਉਸ ਨੇ ਆਪਣੇ ਬੱਚਿਆਂ ਨੂੰ ਵੀ ਉਚੇਰੀ ਸਿੱਖਿਆ ਨਾਲ ਜੋੜਿਆ ਹੋਇਆ ਸੀ।
ਉਸ ਦੀ ਬੇਟੀ ਦੀਪ ਕਮਲ ਨੇ ਪੰਜਾਬੀ ਯੂਨੀਵਰਸਟੀ ਰਿਜਨਲ ਸੈਂਟਰ ਬਠਿੰਡਾ ਦੇ ਐਜੂਕੇਸ਼ਨ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਤੇ ਉੱਘੇ ਭਾਸ਼ਾ ਸ਼ਸਤਰੀ ਡਾ. ਕਮਲਜੀਤ ਸਿੰਘ ਦੀ ਅਗਵਾਈ ’ਚ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ ਹੈ ਤੇ ਮਾਨ ਸਾਹਿਬ ਦੇ ਦਾਮਾਦ ਗੁਰਪਾਲ ਸਿੰਘ ਨੇ ਕੰਪਿਊਟਰ ਸਾਇੰਸ ਦੇ ਖੇਤਰ ਵਿਚ ਉਚੇਰੀ ਸਿੱਖਿਆ ਪ੍ਰਾਪਤ ਕੀਤੀ ਹੈ। ਉਨ੍ਹਾਂ ਦੇ ਬੇਟੇ ਤਸ਼ਵਿੰਦਰ ਸਿੰਘ ਮਾਨ ਨੇ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਕੈਂਪਸ ਤੋਂ ਉਚੇਰੀ ਸਿੱਖਿਆ ਪ੍ਰਾਪਤ ਕੀਤੀ ਹੈ ਤੇ ਉਸ ਦੀ ਨੂੰਹ ਚੰਦਨਪ੍ਰੀਤ ਕੌਰ ਵੀ ਸਿੱਖਿਆ ਦੇ ਖੇਤਰ ਨੂੰ ਹੀ ਸਮਰਪਿਤ ਹਨ।
ਰਵਿੰਦਰ ਸਿੰਘ ਮਾਨ ਵੱਲੋਂ ਵਿਦਿਆਰਥੀ ਵਰਗ ਅੰਦਰ ਕਲਾਤਮਕ ਤੇ ਸੱਭਿਆਚਾਰਕ ਗਤੀਵਿਧੀਆਂ ਜਾਰੀ ਰੱਖਣ ਦਾ ਨਿਰਾਲਾ ਸ਼ੌਕ ਰਿਹਾ ਸੀ। ਉਸ ਵੱਲੋਂ ਆਪਣੇ ਲਗਪਗ ਸਾਰੇ ਸਕੂਲਾਂ ਦੇ ਸਾਲਾਨਾ ਇਨਾਮ ਵੰਡ ਅਤੇ ਸਨਮਾਨ ਸਮਾਰੋਹ ਪੂਰੀ ਸ਼ਾਨੋ-ਸ਼ੌਕਤ ਨਾਲ ਕੀਤੇ ਜਾਂਦੇ ਸਨ। ਇਸ ਕਿਸਮ ਦੇ ਸਾਲਾਨਾ ਸਮਾਗਮਾਂ ਨੂੰ ਦਿਲਚਸਪ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਉਹ ਖ਼ਰਚੇ ਦਾ ਕਦੇ ਵੀ ਸੰਕੋਚ ਨਹੀਂ ਸੀ ਕਰਦਾ ਸਗੋਂ ਅਜਿਹੇ ਸਮਾਗਮਾਂ ਦੀ ਉਚੇਚੀ ਤਿਆਰੀ ਦੀ ਪ੍ਰੈਕਟਿਸ ਲਈ ਉਹ ਕਿਸੇ ਨਾਮਵਰ ਕਲਾਕਾਰ ਦਾ ਸਹਿਯੋਗ ਪ੍ਰਾਪਤ ਕਰ ਲਿਆ ਕਰਦਾ ਸੀ।
ਮੈਨੂੰ ਚੇਤੇ ਹੈ ਕਿ ਬਹੁਤ ਸਾਲ ਤੱਕ ਨਾਮਵਰ ਗੀਤਕਾਰ ਮਰਹੂਮ ਪ੍ਰੀਤ ਮਹਿੰਦਰ ਤਿਵਾੜੀ ਮਾਨ ਸਾਹਿਬ ਦੇ ਸਮਾਗਮ ਦੀ ਤਿਆਰੀ ਕਰਵਾਇਆ ਕਰਦਾ ਸੀ। ਮਾਨ ਉਸ ਨੂੰ ਦਿਲ ਖੋਲ੍ਹ ਕੇ ਮਾਣਭੇਟਾ ਦਿਆ ਕਰਦਾ ਸੀ। ਇਨ੍ਹਾਂ ਕਲਾਕਾਰ ਵਿਦਿਆਰਥੀਆਂ ਦੀ ਕਲਾ ਕੁਸ਼ਲਤਾ ਉਸ ਸਮੇਂ ਵੀ ਦੇਖਣ ਨੂੰ ਮਿਲਦੀ ਸੀ ਜਦੋਂ ਉਹ ਭਾਸ਼ਾ ਵਿਭਾਗ ਪੰਜਾਬ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਯੋਜਿਤ ਵੰਨ-ਸੁਵੰਨੇ ਜ਼ਿਲ੍ਹਾ ਪੱਧਰੀ ਸੱਭਿਆਚਾਰਕ ਮੁਕਾਬਲਿਆਂ ਵਿਚ ਪਹਿਲੇ, ਦੂਜੇ ਸਥਾਨ ਪ੍ਰਾਪਤ ਕਰਦੇ ਰਹੇ ਸਨ।
ਇਹ ਗੱਲ ਵੀ ਮਸ਼ਹੂਰ ਰਹੀ ਸੀ ਕਿ ਹਰ ਸਾਲ ਛੱਬੀ ਜਨਵਰੀ ਤੇ ਪੰਦਰਾਂ ਅਗਸਤ ਦੇ ਕੌਮੀ ਸਮਾਗਮ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਦੇ ਗਿੱਧੇ ਦਾ ਹੀ ਸਹਾਰਾ ਲੈਂਦਾ ਰਿਹਾ ਸੀ। ਇਹ ਵਿਦਿਆਰਥੀ ਕੇਵਲ ਸੱਭਿਆਚਾਰਕ ਖੇਤਰ ਵਿਚ ਹੀ ਨਹੀਂ ਸਗੋਂ ਵਿੱਦਿਅਕ ਪ੍ਰੀਖਿਆ ਸਮੇਂ ਵੀ ਚੰਗਾ ਨਾਮਣਾ ਖੱਟਦੇ ਰਹੇ ਹਨ। ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮਾਂ ਦਾ ਹੈੱਡ ਕੁਆਰਟਰ ਵੀ ਮਾਨ ਦਾ ਸਕੂਲ ਹੀ ਬਣਦਾ ਰਿਹਾ ਹੈ। ਉਹ ਆਪਣੇ ਸਕੂਲ ਦੇ ਸਾਲਾਨਾ ਸਮਾਗਮ ’ਚ ਅਕਸਰ ਕਿਸੇ ਚੋਟੀ ਦੇ ਵਿਦਵਾਨ, ਉੱਘੇ ਅਕਾਦਮੀਸ਼ਨ ਜਾਂ ਕਿਸੇ ਉੱਘੇ ਸਿੱਖਿਆ ਅਧਿਕਾਰੀ ਨੂੰ ਬਤੌਰ ਮੁੱਖ ਮਹਿਮਾਨ ਬੁਲਾਇਆ ਕਰਦਾ ਸੀ। ਸਿੱਖਿਆ ਦੇ ਖੇਤਰ ’ਚ ਪੇਸ਼ ਆ ਰਹੀਆਂ ਸਮੱਸਿਆਵਾ ਦੇ ਸਮਾਧਾਨ ਲਈ ਪੰਜਾਬ ਦੇ ਮਾਨਤਾ ਪ੍ਰਾਪਤ ਪਬਲਿਕ ਸਕੂਲਾਂ ਦੀ ਇਕ ਸਾਂਝੀ ਇਕਾਈ ਰਾਸਾ ਦੇ ਨਾਂ ਅਧੀਨ ਰਜਿਸਟਰਡ ਹੈ।
ਮਾਨ ਲੰਬਾ ਸਮਾਂ ਇਸ ਦੇ ਸੂਬਾ ਪ੍ਰਧਾਨ ਰਹੇ ਸਨ। ਉਹ ਪੰਜਾਬ ਸਰਕਾਰ ਵੱਲੋਂ ਨਾਮਜ਼ਦ ਮੈਂਬਰ ਦੀ ਹੈਸੀਅਤ ’ਚ ਕਾਫ਼ੀ ਸਮਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਲਾਹਕਾਰ ਬੋਰਡ ਦੇ ਮੈਂਬਰ ਵੀ ਰਹੇ ਸਨ। ਗਿਆਰਾਂ ਮਈ ਨੂੰ ਪੰਜਾਬੀ ਦੇ ਮਹਿਬੂਬ ਸ਼ਾਇਰ ਡਾ. ਸੁਰਜੀਤ ਪਾਤਰ ਦੇ ਵਿਛੋੜੇ ’ਚ ਵਿਲਕਦੀਆਂ ਸੇਜਲ ਅੱਖਾਂ ਦੀ ਨਮੀਂ ਹਾਲੇ ਸੁੱਕੀ ਨਹੀਂ ਸੀ ਕਿ 12 ਮਈ ਨੂੰ ਡਾ. ਰਵਿੰਦਰ ਮਾਨ ਦੇ ਵਿਦਾ ਹੋਣ ਦਾ ਸਦਮੇ ਭਰਿਆ ਸੁਨੇਹਾ ਮਿਲ ਗਿਆ। ਉਹ ਲੰਬੇ ਰਾਹਾਂ ਦਾ ਅਣਥੱਕ ਪਾਂਧੀ ਕੁੱਲੂ-ਮਨਾਲੀ ਦੀ ਅਜਿਹੀ ਯਾਤਰਾ ’ਤੇ ਗਿਆ ਕਿ ਮੁੜ ਨਹੀਂ ਪਰਤਿਆ।