admin

ਚੈਂਪੀਅਨਸ ਟਰਾਫੀ ਖੇਡਣ ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ

ਨਵੀਂ ਦਿੱਲੀ, 9 ਨਵੰਬਰ – ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ) ਨੇ ਸਾਰੀਆਂ ਕਿਆਸਅਰਾਈਆਂ ’ਤੇ ਠੱਲ ਪਾਉਂਦਿਆਂ ਅੱਜ ਇੱਥੇ ਅਧਿਕਾਰਤ ਤੌਰ ’ਤੇ ਸਪੱਸ਼ਟ ਕੀਤਾ ਕਿ ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ਪਾਕਿਸਤਾਨ ਨਹੀਂ ਜਾਵੇਗੀ। ਬੋਰਡ ਨੇ ਅੱਜ ਅਧਿਕਾਰਤ ਤੌਰ ’ਤੇ ਪਾਕਿਸਤਾਨ ਕ੍ਰਿਕਟ ਬੋਰਡ ਕੋਲ ਆਪਣਾ ਰੁਖ਼ ਸਪੱਸ਼ਟ ਕਰ ਦਿੱਤਾ ਹੈ। 2025 ਚੈਂਪੀਅਨਜ਼ ਟਰਾਫੀ 19 ਫਰਵਰੀ ਤੋਂ 9 ਮਾਰਚ ਤੱਕ ਤਿੰਨ ਸ਼ਹਿਰਾਂ ਕਰਾਚੀ, ਲਾਹੌਰ ਅਤੇ ਰਾਵਲਪਿੰਡੀ ਵਿੱਚ ਹੋਵੇਗੀ। ਬੀਸੀਸੀਆਈ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਟੀਮ ਨੂੰ ਟੂਰਨਾਮੈਂਟ ਵਿੱਚ ਹਿੱਸਾ ਲੈਣ ਤੋਂ ਰੋਕਣ ਦਾ ਕਾਰਨ ਦੱਸਿਆ ਹੈ। ਹੁਣ ਭਾਰਤੀ ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ਟੀਮ ਦੇ ਮੈਚ ਦੁਬਈ ਵਿੱਚ ਹੋਣੇ ਚਾਹੀਦੇ ਹਨ। ਪਿਛਲੇ ਦੋ ਸਾਲਾਂ ਦੌਰਾਨ ਇਹ ਦੂਜੀ ਵਾਰ ਹੈ, ਜਦੋਂ ਟੀਮ ਨੇ ਅਜਿਹਾ ਕਰਨ ਲਈ ਕਿਹਾ ਹੈ। ਇਸ ਤੋਂ ਪਹਿਲਾਂ ਏਸ਼ੀਅਨ ਕ੍ਰਿਕਟ ਕੌਂਸਲ ਦੇ ਮੁਖੀ ਜੈ ਸ਼ਾਹ ਦੀ ਅਗਵਾਈ ਵਿੱਚ ਭਾਰਤ ਨੇ ਸ੍ਰੀਲੰਕਾ ਵਿੱਚ ਮੈਚ ਖੇਡੇ ਸੀ। ਬੀਸੀਸੀਆਈ ਨੇ ਅੱਜ ਅਧਿਕਾਰਤ ਤੌਰ ’ਤੇ ਆਪਣਾ ਰੁਖ਼ ਸਪੱਸ਼ਟ ਕੀਤਾ ਹੈ ਕਿਉਂਕਿ ਮੈਚਾਂ ਦੇ ਪ੍ਰੋਗਰਾਮ ਦਾ ਐਲਾਨ 11 ਨਵੰਬਰ ਨੂੰ ਕੀਤਾ ਜਾਣਾ ਹੈ। ਬੀਸੀਸੀਆਈ ਸੂਤਰਾਂ ਅਨੁਸਾਰ ਕਿਸੇ ਵੀ ਤਰ੍ਹਾਂ ਦੀ ਦੇਰੀ ਕਾਰਨ ਮਾਮਲਾ ਪੇਚੀਦਾ ਹੋ ਸਕਦਾ ਹੈ। ਏਸ਼ੀਆ ਕੱਪ ਸਮੇਂ ਤੋਂ ਹੀ ਬੀਸੀਸੀਆਈ ਹਾਈਬ੍ਰਿਡ ਮਾਡਲ ਅਪਨਾਉਣ ’ਤੇ ਜ਼ੋਰ ਦੇ ਰਿਹਾ ਹੈ ਅਤੇ ਉਸ ਨੇ ਭਾਰਤੀ ਮੈਚਾਂ ਲਈ ਸ੍ਰੀਲੰਕਾ ਅਤੇ ਯੂਏਆਈ ਦੇ ਸਥਾਨਾਂ ਦਾ ਸੁਝਾਅ ਦਿੱਤਾ ਹੈ। ਸਮਝਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਦੀ ਅਗਵਾਈ ਵਾਲੇ ਗ੍ਰਹਿ ਮੰਤਰਾਲੇ ਨਾਲ ਸਲਾਹ-ਮਸ਼ਵਰੇ ਮਗਰੋਂ ਹੀ ਪਾਕਿਸਤਾਨ ਦੀ ਯਾਤਰਾ ਨਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਸਾਲ ਦੇ ਸ਼ੁਰੂ ਵਿੱਚ ਕੁੱਝ ਖ਼ਬਰ ਏਜੰਸੀਆਂ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਪਾਕਿਸਤਾਨ ਦੌਰੇ ਮਗਰੋਂ ਭਾਰਤੀ ਟੀਮ ਦੀ ਗੁਆਂਢੀ ਮੁਲਕ ਦੀ ਯਾਤਰਾ ਦੀ ਸੰਭਾਵਨਾ ਨੂੰ ਉਭਾਰਿਆ ਸੀ। ਹਾਲਾਂਕਿ ਬੀਸੀਸੀਆਈ ਨੇ ਭਾਰਤ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਹੈ ਕਿ ਸਰਹੱਦ ਪਾਰ ਅਤਿਵਾਦ ’ਤੇ ਠੱਲ ਪਾਉਣ ਮਗਰੋਂ ਹੀ ਕ੍ਰਿਕਟ ਸਬੰਧਾਂ ਨੂੰ ਬਹਾਲ ਕੀਤਾ ਜਾਵੇਗਾ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਮੋਹਸਿਨ ਨਕਵੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਭਾਰਤ ਤਰਫ਼ੋਂ ਕੋਈ ਰਸਮੀ ਸੂਚਨਾ ਨਹੀਂ ਮਿਲੀ ਹੈ ਕਿ ਭਾਰਤੀ ਟੀਮ ਆਗਾਮੀ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਦੀ ਯਾਤਰਾ ਨਹੀਂ ਕਰੇਗੀ। ਮੋਹਸਿਨ ਨਕਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅੱਜ ਤੱਕ ਸਾਡੇ ਨਾਲ ਕਿਸੇ ਨੇ ਵੀ ‘ਹਾਈਬ੍ਰਿਡ ਮਾਡਲ’ ਉੱਤੇ ਚਰਚਾ ਨਹੀਂ ਕੀਤੀ ਅਤੇ ਨਾ ਹੀ ਅਸੀਂ ਇਸ ਬਾਰੇ ਗੱਲ ਕਰਨ ਲਈ ਤਿਆਰ ਹਾਂ ਪਰ ਅਸੀਂ ਪਿਛਲੇ ਕੁੱਝ ਸਾਲਾਂ ਤੋਂ ਚੰਗਾ ਵਿਵਹਾਰ ਦਿਖਾ ਰਹੇ ਹਾਂ ਅਤੇ ਕਿਸੇ ਨੂੰ ਵੀ ਸਾਡੇ ਤੋਂ ਹਰ ਸਮੇਂ ਅਜਿਹਾ ਕਰਨ ਦੀ ਉਮੀਦ ਨਹੀਂ ਕਰਨੀ ਚਾਹੀਦੀ।’’ ਨਕਵੀ ਨੇ ਕਿਹਾ ਕਿ ਜੇਕਰ ਪੀਸੀਬੀ ਨੂੰ ਅਜਿਹਾ ਕੋਈ ਲਿਖਤੀ ਪ੍ਰਸਤਾਵ ਪੇਸ਼ ਕੀਤਾ ਜਾਂਦਾ ਹੈ ਤਾਂ ਉਹ ਇਸ ਨੂੰ ਸਰਕਾਰ ਕੋਲ ਲੈ ਕੇ ਜਾਣਗੇ ਅਤੇ ਅੱਗੇ ਸਰਕਾਰ ਜੋ ਵੀ ਫ਼ੈਸਲਾ ਲਵੇਗੀ ਉਹ ਉਸ ਦੀ ਪਾਲਣਾ ਕਰਨਗੇ। ਨਕਵੀ ਨੇ ਕਿਹਾ, ‘‘ਜਿੱਥੋਂ ਤੱਕ ਸਾਡਾ ਸਬੰਧ ਹੈ, ਟੂਰਨਾਮੈਂਟ ਪਾਕਿਸਤਾਨ ਵਿੱਚ ਹੋ ਰਿਹਾ ਹੈ ਅਤੇ ਸਾਰੀਆਂ ਟੀਮਾਂ ਇੱਥੇ ਖੇਡਣ ਲਈ ਉਤਸਕ ਹਨ।

ਚੈਂਪੀਅਨਸ ਟਰਾਫੀ ਖੇਡਣ ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ Read More »

ਹੁਣ ਵ੍ਹਟਸਐਪ ਕਰੇਗਾ ਅਸਲੀ-ਨਕਲੀ ਫੋਟੋ ਦੀ ਸ਼ਨਾਖਤ

ਨਵੀਂ ਦਿੱਲੀ, 9 ਨਵੰਬਰ – ਯੂਜ਼ਰਜ਼ ਦੇ ਐਕਸਪੀਰੀਅਸ ਨੂੰ ਬਿਹਤਰ ਬਣਾਉਣ ਲਈ, ਮੈਟਾ-ਮਾਲਕੀਅਤ ਵਾਲਾ ਪਲੇਟਫਾਰਮ ਵ੍ਹਟਸਐਪ ਦੇ ਨਵੇਂ ਫੀਚਰਜ਼ ਦੀ ਪੇਸ਼ ਕਰਦਾ ਰਹਿੰਦਾ ਹੈ। ਹੁਣ ਕੰਪਨੀ ਇਕ ਨਵੇਂ ਫੀਚਰ ‘ਤੇ ਕੰਮ ਕਰ ਰਹੀ ਹੈ, ਜਿਸ ਨਾਲ ਫਰਜ਼ੀ ਫੋਟੋਆਂ ‘ਤੇ ਕਾਫੀ ਹੱਦ ਤੱਕ ਰੋਕ ਲੱਗੇਗੀ। ਨਵੇਂ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਵ੍ਹਟਸਐਪ ‘ਤੇ ਫੋਟੋ ਦੀ ਸੱਚਾਈ ਜਾਣ ਸਕੋਗੇ। ਫਰਜ਼ੀ ਫੋਟੋਆਂ ਬਾਰੇ ਪਤਾ ਲਗਾਉਣਾ ਆਸਾਨ ਹੋ ਜਾਵੇਗਾ। ਕੰਪਨੀ ਗ਼ਲਤ ਜਾਣਕਾਰੀ ਅਤੇ ਅਫਵਾਹਾਂ ਨੂੰ ਰੋਕਣ ਲਈ ਇਹ ਫੀਚਰ ਲਿਆ ਰਹੀ ਹੈ। ਜਾਅਲੀ ਫੋਟੋ ਦੀ ਪਲ ’ਚ ਹੋਵੇਗੀ ਪਛਾਣ ਵ੍ਹਟਸਐਪ ਦਾ ਨਵਾਂ ਫੀਚਰ ਫਿਲਹਾਲ ਟੈਸਟਿੰਗ ਫੇਜ ‘ਚ ਹੈ। ਇਸ ਨੂੰ ਆਉਣ ਵਾਲੇ ਦਿਨਾਂ ‘ਚ ਸਾਰੇ ਯੂਜ਼ਰਜ਼ ਲਈ ਰੋਲਆਊਟ ਕੀਤਾ ਜਾ ਸਕਦਾ ਹੈ। ਇਸ ਫੀਚਰ ਨੂੰ WABetainfo ‘ਤੇ ਦੇਖਿਆ ਗਿਆ ਹੈ। ਜਿੱਥੇ ਇਸ ਬਾਰੇ ਹੋਰ ਜਾਣਕਾਰੀ ਵੀ ਮਿਲੀ ਹੈ। ਇਸ ਫੀਚਰ ਦਾ ਨਾਂ reverse search image ਹੈ। ਫੀਚਰ ਨੂੰ ਬਿਲਡ ਨੰਬਰ 2.24.2313 ਦੇ ਨਾਲ WebBeta ਜਾਣਕਾਰੀ ‘ਤੇ ਦੇਖਿਆ ਗਿਆ ਹੈ। ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਫੀਚਰ iOS ਯੂਜ਼ਰਜ਼ ਲਈ ਉਪਲਬਧ ਹੋਵੇਗਾ ਜਾਂ ਨਹੀਂ। ਕਿਵੇਂ ਕਰੇਗਾ ਕੰਮ ਵ੍ਹਟਸਐਪ ਦਾ ਨਵਾਂ ਫੀਚਰ ਪਲੇਟਫਾਰਮ ਤੋਂ ਬਾਹਰ ਨਿਕਲੇ ਬਿਨਾਂ ਫੋਟੋ ਦੀ ਅਸਲੀ ਜਾਂ ਨਕਲੀ ਸੱਚਾਈ ਜਾਣਨ ‘ਚ ਮਦਦ ਕਰੇਗਾ। ਦਰਅਸਲ, ਅਜਿਹਾ ਕਰਨ ਲਈ ਉਪਭੋਗਤਾਵਾਂ ਨੂੰ ਪਹਿਲਾਂ ਵ੍ਹਟਸਐਪ ਤੋਂ ਇੱਕ ਫੋਟੋ ਡਾਊਨਲੋਡ ਕਰਨੀ ਪੈਂਦੀ ਹੈ ਅਤੇ ਫਿਰ ਉਹ ਫੋਟੋ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਹਾਲਾਂਕਿ ਇਸ ਫੀਚਰ ਦੇ ਆਉਣ ਨਾਲ ਇਹ ਕੰਮ ਘੱਟ ਹੋ ਜਾਵੇਗਾ। ਯੂਜ਼ਰਜ਼ ਫੋਟੋ ‘ਤੇ ਕਲਿੱਕ ਕਰਕੇ ਹੀ ਇਹ ਜਾਣਕਾਰੀ ਜਾਣ ਸਕਣਗੇ। ਇਸ ਫੀਚਰ ਦੀ ਵਰਤੋਂ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਵ੍ਹਟਸਐਪ ਨੂੰ ਖੋਲ੍ਹਣਾ ਹੋਵੇਗਾ ਅਤੇ ਤਿੰਨ ਡਾਟਸ ‘ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਸਰਚ ਆਨ ਵੈੱਬ ਆਪਸ਼ਨ ‘ਤੇ ਟੈਪ ਕਰਨਾ ਹੋਵੇਗਾ। ਇਸ ‘ਚ ਕਿਹਾ ਗਿਆ ਹੈ ਕਿ ਵ੍ਹਟਸਐਪ ਨਵੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਗੂਗਲ ਦੇ ਸਰਚ ਫੀਚਰ ਨਾਲ ਇੰਟੀਗ੍ਰੇਸ਼ਨ ਕਰ ਰਿਹਾ ਹੈ। ਜਲਦ ਮਿਲੇਗਾ ਸਟਿੱਕਰ ਫੀਚਰ ਇਨ੍ਹੀਂ ਦਿਨੀਂ ਵ੍ਹਟਸਐਪ Sticker prompts ਫੀਚਰ ‘ਤੇ ਵੀ ਕੰਮ ਕਰ ਰਿਹਾ ਹੈ। ਫਿਲਹਾਲ ਇਸ ਦੀ ਟੈਸਟਿੰਗ ਚੱਲ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ‘ਚ ਇਸ ਨੂੰ ਸਟੇਬਲ ਯੂਜ਼ਰਜ਼ ਲਈ ਰੋਲਆਊਟ ਕਰ ਦਿੱਤਾ ਜਾਵੇਗਾ। ਇਹ ਸਟਿੱਕਰ ਉਪਭੋਗਤਾਵਾਂ ਨੂੰ ਇੰਟਰਐਕਟਿਵ ਪ੍ਰੋਂਪਟ ਬਣਾਉਣ ਦੀ ਆਗਿਆ ਦੇਵੇਗਾ। ਇਸ ਤੋਂ ਇਲਾਵਾ ਇਸ ਫੀਚਰ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਵੈੱਬ ਬੀਟਾ ਜਾਣਕਾਰੀ ‘ਤੇ ਵੀ ਜ਼ਿਆਦਾ ਵੇਰਵੇ ਉਪਲਬਧ ਨਹੀਂ ਹਨ।

ਹੁਣ ਵ੍ਹਟਸਐਪ ਕਰੇਗਾ ਅਸਲੀ-ਨਕਲੀ ਫੋਟੋ ਦੀ ਸ਼ਨਾਖਤ Read More »

ਰੀਅਲਮੀ ਲਿਆ ਰਿਹਾ ਅੰਡਰਵਾਟਰ ਫੋਟੋਗ੍ਰਾਫੀ ਮੋਡ ਵਾਲਾ ਸਮਾਰਟਫੋਨ

ਨਵੀਂ ਦਿੱਲੀ, 9 ਨਵੰਬਰ – ਰੀਅਲਮੀ ਨੇ ਆਪਣੇ ਫਲੈਗਸ਼ਿਪ ਰੀਅਲਮੀ GT 7 Pro ਦੀ ਚੀਨ ਲਈ ਲਾਂਚ ਡੇਟ ਕੰਫਰਮ ਕਰ ਦਿੱਤੀ ਹੈ। ਇਹ 4 ਨਵੰਬਰ ਨੂੰ ਚੀਨ ‘ਚ ਲਾਂਚ ਕੀਤਾ ਜਾ ਰਿਹਾ ਹੈ। ਇਸ ਬਾਰੇ ਕਈ ਤਰ੍ਹਾਂ ਦੀ ਜਾਣਕਾਰੀ ਕੰਫਰਮ ਹੋ ਚੁੱਕੀ ਹੈ । ਫੋਨ ਨੂੰ ਚੀਨ ‘ਚ ਪੇਸ਼ ਕਰਨ ਤੋਂ ਬਾਅਦ ਕੰਪਨੀ ਭਾਰਤ ‘ਚ ਵੀ ਲੈ ਕੇ ਆਉਣ ਵਾਲੀ ਹੈ। ਫੋਨ ਇਸ ਮਹੀਨੇ ਭਾਰਤ ‘ਚ ਲਾਂਚ ਹੋਵੇਗਾ।ਕੰਪਨੀ ਨੇ ਇਹ ਵੀ ਕਿਹਾ ਕਿ ਇਹ ਭਾਰਤ ਦਾ ਪਹਿਲਾਂ ਅਜਿਹਾ ਫੋਨ ਹੋਵੇਗਾ। ਜਿਸ ‘ਚ Qualcomm ਦਾ ਲੇਟੈਸਟ Snapdragon 8 Elite ਹੋਵੇਗਾ। ਹੁਣ ਇਸ ਫਲੈਗਸ਼ਿਪ ਫੋਨ ਦੇ ਕੈਮਰਿਆਂ ਦੀ ਡਿਟੇਲ ਸਾਹਮਣੇ ਆਈ ਹੈ। ਬ੍ਰਾਂਡ ਦੇ ਆਫੀਸ਼ਲ Weibo ਪੇਜ ‘ਤੇ ਕੁਝ ਹੋਰ ਚੀਜ਼ਾਂ ਬਾਰੇ ਦੱਸਿਆ ਗਿਆ ਹੈ। ਰੀਅਲਮੀ GT 7 Pro ਟੈਲੀਫੋਟੋ ਕੈਮਰਾ ਫੀਚਰਜ਼ ਇਸ ਸਾਲ ਲਾਂਚ ਹੋਣ ਵਾਲੇ ਜ਼ਿਆਦਾਤਰ ਫਲੈਗਸ਼ਿਪ ਸਮਾਰਟਫੋਨ ‘ਚ ਪੈਰੀਸਕੋਪ ਟੈਲੀਫੋਟੋ ਕੈਮਰਾ ਦਿੱਤਾ ਜਾਵੇਗਾ ਪਰ ਰੀਅਲਮੀ ਇਸ ਮਾਮਲੇ ‘ਚ ਥੋੜ੍ਹਾ ਅਲੱਗ ਕਰਨ ਵਾਲਾ ਹੈ। GT 7 Pro ਫੋਨ ਨੂੰ ਅੰਡਰਵਾਟਰ ਫੋਟੋਗ੍ਰਾਫੀ ਮੋਡ ਨਾਲ ਲਿਆਦਾ ਜਾ ਰਿਹਾ ਹੈ। ਡਿਵਾਇਸ ਅੰਡਰਵਾਟਰ ਫਿੰਗਰਪ੍ਰਿੰਟ ਅਨਲਾਕਿੰਗ ਨੂੰ ਸਪੋਰਟ ਕਰੇਗਾ ਤੇ ਅਨਲਾਕ ਤੋਂ ਬਾਅਦ ਸਿੱਧੀ ਕੈਮਰਾ ਐਪ ਨੂੰ ਖੋਲ੍ਹੇਗਾ। ਯੂਜ਼ਰਜ਼ ਰਿਅਰ ਤੇ ਫਰੰਟ ਦੋਵੇ ਕੈਮਰੇ ਨਾਲ ਪਿਕਚਰਸ ਕਲਿੱਕ ਕਰ ਸਕਣਗੇ ਤੇ ਜ਼ੂਮ ਇੰਨ ਵੀ ਕਰ ਸਕੋਗੇ। ਇਹ ਫੋਨ ਪਾਣੀ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਪਾਣੀ ਨੂੰ ਅਪਣੇ ਆਪ ਬਾਹਰ ਕੱਢ ਦੇਵੇਗਾ। ਇੰਨ੍ਹਾਂ ਹੀ ਨਹੀਂ ਬ੍ਰਾਂਡ ਦਾ ਦਾਅਵਾ ਹੈ ਕਿ ਰੀਅਲਮੀ GT 7 Pro ‘ਚ 1/1,000 ਸੈਕਿੰਡ ਦੀ ਸਪੀਡ ਨਾਲ ਮੂਵਿੰਗ ਪਲਾਂ ਨੂੰ ਕੈਪਚਰ ਕਰਨ ਲਈ AI DMotion ਐਲਗੋਰਿਦਮ ਵੀ ਹੋਵੇਗਾ। ਰਿਅਲਮੀ ਜੀਟੀ 7 ਪ੍ਰੋ ‘ਚ ਟੈਲੀਫੋਟੋ ਕੈਮਰੇ ਜ਼ਰੀਏ 3x ਆਪਟੀਕਲ ਜ਼ੂਮ, 6X ਲੈਨਸਲੈਸ ਜ਼ੂਮ ਤੇ 120X ਤਕ ਡਿਜੀਟਲ ਜ਼ੂਮ ਦੀ ਸੁਵਿਧਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਕੰਫਰਮ ਹੈ ਡਿਟੇਲ ਰੀਅਲਮੀ GT 7 Pro ‘ਚ Snapdragon 8 Elite SoC ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ‘ਚ Qualcomm ਦਾ ਕਸਟਮ Orion Core CPU ਹੈ, ਜਿਸ ਦੀ ਟਾਪ ਕਲਾਕ ਸਪੀਡ 4.32GHz ਹੈ। ਰੀਅਲਮੀ ਇਸ ਚਿਪ ਨੂੰ 12GB LPDDR5X ਰੈਮ ਤੇ 12GB LPDDR5X ਸਟੋਰਜ ਨਾਲ ਜੋੜੇਗਾ। ਇਸ ‘ਚ 120W ਵਾਈਡ ਫਾਸਟ ਚਾਰਜਿੰਗ ਨੂੰ ਸਪੋਰਟ ਕਰਨ ਵਾਲੀ 6,500 mAh ਦੀ ਬੈਟਰੀ ਹੋਵੇਗੀ। ਫੋਨ Samsung Eco 2 OLED Plus ਨਾਲ ਆ ਰਿਹਾ ਹੈ। ਚੀਨ ‘ਚ ਇਸ ਦੀ ਸ਼ੁਰੂਆਤੀ ਕੀਮਤ CNY 3,999 (ਲਗਪਗ 47,100ਰੁਪਏ) ਹੋਵੇਗੀ। ਇਸ ਨੂੰ ਮਾਰਸ ਐਕਸਪਲੋਰੇਸ਼ਨ ਐਡੀਸ਼ਨ, ਸਟਾਰ ਟ੍ਰੇਲ ਟਾਈਟੇਨੀਅਮ ਤੇ ਲਾਈਟ ਡੋਮੇਨ ਵ੍ਹਾਈਟ ਕਲਰ ਆਪਸ਼ਨ ‘ਚ ਪੇਸ਼ ਕੀਤਾ ਜਾਵੇਗਾ।

ਰੀਅਲਮੀ ਲਿਆ ਰਿਹਾ ਅੰਡਰਵਾਟਰ ਫੋਟੋਗ੍ਰਾਫੀ ਮੋਡ ਵਾਲਾ ਸਮਾਰਟਫੋਨ Read More »

ਦੁਖਿਆਰੀ/ਜਤਿੰਦਰ ਸਿੰਘ ਪਮਾਲ

ਸਾਲ 2002 ਵਿੱਚ ਮੇਰੀ ਬਦਲੀ ਫਰੀਦਕੋਟ ਤੋਂ ਕਪੂਰਥਲੇ ਹੋ ਗਈ। ਵਧੀਆ ਸਮਾਂ ਗੁਜ਼ਰ ਰਿਹਾ ਸੀ। 1975 ਤੋਂ ਲੈ ਕੇ 1992 ਤੱਕ ਬਤੌਰ ਤਹਿਸੀਲ ਪਬਲੀਸਿਟੀ ਔਰਗੇਨਾਈਜ਼ਰ ਅਤੇ ਸਹਾਇਕ ਲੋਕ ਸੰਪਰਕ ਅਫਸਰ ਵਜੋਂ ਲਗਭਗ 17 ਸਾਲ ਕਪੂਰਥਲਾ ਜਿ਼ਲ੍ਹੇ ਵਿੱਚ ਨੌਕਰੀ ਕੀਤੀ ਹੋਈ ਸੀ। ਆਪਣਾ ਪਰਿਵਾਰ ਵੀ ਕਪੂਰਥਲੇ ਲੈ ਆਂਦਾ ਸੀ। ਪੁੱਤਰ ਦੀ ਮਾਈਗਰੇਸ਼ਨ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਰਵਾ ਲਈ ਸੀ। 2002 ਵਿੱਚ ਹੀ ਅਚਾਨਕ ਮੇਰੀ ਬਦਲੀ ਚੰਡੀਗੜ੍ਹ ਮੁੱਖ ਦਫਤਰ ਬਤੌਰ ਸੂਚਨਾ ਅਤੇ ਲੋਕ ਸੰਪਰਕ ਅਫਸਰ ਕਰ ਦਿੱਤੀ ਗਈ ਜਿੱਥੇ ਮੈਂ 2007 ਤੱਕ ਸੇਵਾ ਮੁਕਤ ਹੋਣ ਤੱਕ ਰਿਹਾ। ਸੈਕਟਰੀਏਟ ਵਿੱਚ ਨੌਕਰੀ ਕਰਦੇ ਮੁਲਾਜ਼ਮਾਂ ਨੂੰ ਸੈਕਟਰੀਏਟ ਸਵੇਰੇ ਲਿਜਾਣ ਅਤੇ ਸ਼ਾਮ ਨੂੰ ਵਾਪਸ ਛੱਡਣ ਲਈ ਨਿਸ਼ਚਿਤ ਥਾਵਾਂ ’ਤੇ ਬੱਸਾਂ ਦਾ ਪ੍ਰਬੰਧ ਸੀ। ਗੱਲ 2005 ਦੀ ਹੈ, ਸ਼ਾਮ ਨੂੰ ਵਾਪਸੀ ਵੇਲੇ ਕਈ ਦਿਨਾਂ ਤੋਂ ਇੱਕ ਔਰਤ ਨੂੰ ਆਪਣੀ ਗੋਦ ਵਿੱਚ 2 ਕੁ ਸਾਲ ਦੇ ਬੱਚੇ ਨਾਲ ਰੋਜ਼ਾਨਾ ਸੜਕ ’ਤੇ ਭੀਖ ਮੰਗਦੀ ਦੇਖ ਰਿਹਾ ਸੀ। ਇੱਕ ਦਿਨ ਇਸ ਔਰਤ ਦੀ ਦੁੱਖਾਂ ਭਰੀ ਕਹਾਣੀ ਜਾਨਣ ਦਾ ਮਨ ਬਣਾ ਲਿਆ। ਸ਼ਾਮ ਨੂੰ ਜਦੋਂ ਬੱਸ ਉਤਰ ਕੇ ਆਪਣੀ ਰਿਹਾਇਸ਼ ਵੱਲ ਜਾ ਰਿਹਾ ਸੀ ਤਾਂ ਉਹ ਭਿਖਾਰਨ ਸੜਕ ’ਤੇ ਬੈਠੀ ਦਿਸੀ। ਉਸ ਦਾ ਬੱਚਾ ਜੋ ਹੱਡੀਆਂ ਦਾ ਮੁੱਠ ਬਣ ਚੁੱਕਾ ਸੀ, ਉਸ ਦੀ ਗੋਦੀ ਵਿੱਚ ਕੁਰਲਾ ਰਿਹਾ ਸੀ। ਹਰ ਕੋਈ ਉਸ ਦੇ ਲੀਰੋ-ਲੀਰ ਹੋਏ ਲੀੜਿਆਂ ਅਤੇ ਅੱਧਨੰਗੇ ਅੰਗ ਸ਼ਰਾਰਤੀ ਨਜ਼ਰਾਂ ਨਾਲ ਦੇਖਦਾ ਜਾ ਰਿਹਾ ਸੀ। ਮੈਂ ਹੌਸਲਾ ਕਰ ਕੇ ਜਕਦਿਆਂ-ਜਕਦਿਆਂ ਉਸ ਨਾਲ ਗੱਲ ਕੀਤੀ। ਉਸ ਨੇ ਦੱਸਿਆ, “ਬੱਚਾ ਕਈ ਦਿਨ ਤੋਂ ਬਿਮਾਰ ਹੈ, ਦਵਾਈ ਲੈ ਕੇ ਦੇਣੀ ਐ। 3 ਦਿਨ ਤੋਂ ਰੋਟੀ ਨਸੀਬ ਨਹੀਂ ਹੋਈ। ਕੁਝ ਪੈਸੇ ਦੇ ਦਿਉ… ਬੱਚੇ ਲਈ ਦਵਾਈ ਲੈਣੀ। ਉਸ ਦੁਖੀ ਜਿੰਦ ਦੀਆਂ ਮਜਬੂਰੀਆਂ ਸੁਣ ਕੇ ਅੱਖਾਂ ’ਚੋਂ ਬਦੋ-ਬਦੀ ਹੰਝੂ ਵਗ ਤੁਰੇ ਅਤੇ ਮਨ ਕਹਿ ਉੱਠਿਆ ਕਿ ਗਰੀਬ ਦੀਆਂ ਸਧਰਾਂ ਕਦੀ ਪੂਰੀਆਂ ਨਹੀਂ ਹੁੰਦੀਆਂ। ਉਸ ਨੂੰ ਪੁੱਛਿਆ, “ਤੈਨੂੰ ਕਿਸ ਦੁੱਖ ਨੇ ਇਹ ਮਜਬੂਰੀਆਂ ਝੱਲਣ ਲਈ ਮਜਬੂਰ ਕੀਤੈ।” ਉਹਨੇ ਮਸਾਂ ਹੰਝੂ ਰੋਕ ਕੇ ਹੌਲੀ-ਹੌਲੀ ਬੋਲਦਿਆਂ ਆਪਣੇ ਬੱਚੇ ਵੱਲ ਇਸ਼ਾਰਾ ਕਰ ਕੇ ਦੱਸਿਆ, “ਇੱਕ ਦਿਨ ਇਸ ਦਾ ਪਿਤਾ ਜਲੂਸ ਵਿੱਚ ਸ਼ਾਮਲ ਹੋ ਕੇ ਸਰਕਾਰ ਕੋਲੋਂ ਰੋਟੀਆਂ ਮੰਗਣ ਲਈ ਗਿਆ ਸੀ ਤਾਂ ਸਰਕਾਰ ਦੀ ਪੁਲੀਸ ਨੇ ਰੋਟੀਆਂ ਮੰਗਣ ਦੇ ਇਵਜ਼ ’ਚ ਡਾਂਗਾਂ ਮਾਰ-ਮਾਰ ਉਸ ਦੀਆਂ ਪਸਲੀਆਂ ਤੋੜ ਦਿੱਤੀਆਂ। ਸਾਡੀ ਮਾੜੀ ਕਿਸਮਤ ਨੂੰ ਉਹ ਡਾਂਗਾਂ ਦੀਆਂ ਸੱਟਾਂ ਨਾ ਸਹਿ ਸਕਿਆ ਅਤੇ ਸਦਾ ਦੀ ਨੀਂਦ ਸੌਂ ਗਿਆ।” ਥੋੜ੍ਹਾ ਰੁਕ ਕੇ ਅਤੇ ਹੰਝੂ ਪੂੰਝ ਕੇ ਉਹ ਫਿਰ ਬੋਲੀ, “ਇਸ ਦਾ ਪਿਤਾ ਅਤੇ ਉਹ ਦਿਨ ਜਦੋਂ ਕਦੇ ਯਾਦ ਆਉਂਦੇ ਹਨ ਤਾਂ ਅੱਖਾਂ ਵਿਚਾਰੀਆਂ ਬਹਿ ਕੇ ਰੋ ਲੈਂਦੀਆਂ ਹਨ ਅਤੇ ਇਹ ਗੋਦੜੀ ਦਾ ਲਾਲ ਬਸ ਮੇਰੀ ਇਕੋ-ਇਕ ਜਾਇਦਾਦ ਹੈ। ਇਸੇ ਲਈ ਭੁੱਖੀ ਰਹਿ-ਰਹਿ ਕੇ ਵੀ ਰਾਤਾਂ ਗੁਜ਼ਾਰ ਰਹੀ ਹਾਂ। ਸਭ ਪਾਸਿਓਂ ਬੇਆਸ ਹੋ ਕੇ ਰੱਬ ’ਤੇ ਆਸ ਰੱਖੀ ਸੀ ਪਰ ਹੁਣ ਉਹਦੇ ਦਰੋਂ ਵੀ ਦੁਰਕਾਰੀ ਗਈ ਆਂ। ਉਸ ਦੀ ਇਹ ਦਰਦ ਕਹਾਣੀ ਸੁਣ ਕੇ ਮਨ ਕੁਰਲਾ ਉਠਿਆ। ਮੈਂ ਆਪਣੇ ਹੰਝੂ ਪੂੰਝੇ, ਜੇਬ ਵਿੱਚੋਂ 100 ਦਾ ਨੋਟ ਕੱਢ ਕੇ ਉਸ ਨੂੰ ਦਿੱਤਾ ਅਤੇ ਆਪਣੀ ਰਿਹਾਇਸ਼ ਵੱਲ ਤੁਰ ਪਿਆ।

ਦੁਖਿਆਰੀ/ਜਤਿੰਦਰ ਸਿੰਘ ਪਮਾਲ Read More »

ਵਿਜੀਲੈਂਸ ਬਿਊਰੋ ਵੱਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲਾ ਠੇਕੇਦਾਰ ਕਾਬੂ

ਚੰਡੀਗੜ੍ਹ, 9 ਨਵੰਬਰ – ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਜ਼ਿਲ੍ਹਾ ਫਿਰੋਜਪੁਰ ਦੇ ਪਿੰਡਾਂ ’ਚ ਸਾਲ 2018-2019 ਵਿੱਚ ਮਾਈਨਿੰਗ ਮਹਿਕਮੇ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ ਨਾਜਾਇਜ਼ ਮਾਈਨਿੰਗ ਕਰਨ ਵਾਲੇ ਪ੍ਰਾਈਮਵਿਜਨ ਕੰਪਨੀ ਦੇ ਠੇਕੇਦਾਰ ਮਹਾਂਵੀਰ ਸਿੰਘ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ’ਚ ਮਾਈਨਿੰਗ ਮਹਿਕਮੇ ਦੇ ਤਤਕਾਲੀ ਅਧਿਕਾਰੀਆਂ/ਕਰਮਚਾਰੀਆਂ ਖਿਲਾਫ਼ ਵੀ ਸਾਜਿਸ਼ ਰਚਣ ਅਤੇ ਭ੍ਰਿਸ਼ਟਾਚਾਰ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਸ਼ਿਕਾਇਤ ਨੰਬਰ 180/2019 ਫਿਰੋਜ਼ਪੁਰ ਦੀ ਗਹਿਨ ਪੜਤਾਲ ਉਪਰੰਤ ਮੁਕੱਦਮਾ ਨੰਬਰ 30 ਮਿਤੀ 04.11.2024 ਨੂੰ ਆਈ.ਪੀ.ਸੀ. ਦੀ ਧਾਰਾ 409, 379, 120-ਬੀ, ਮਾਈਨਿੰਗ ਤੇ ਮਿਨਰਲਜ ਕਾਨੂੰਨ ਦੀ ਧਾਰਾ 21 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ) ਸਮੇਤ 13(2) ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਵਿਖੇ ਦਰਜ ਕੀਤਾ ਗਿਆ ਹੈ। ਜਿਸ ’ਚ ਠੇਕੇਦਾਰ ਮਹਾਂਵੀਰ ਸਿੰਘ ਪ੍ਰਾਈਮਵਿਜਨ ਕੰਪਨੀ ਅਤੇ ਉਸ ਸਮੇਂ ਤਾਇਨਾਤ ਰਹੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀ ਬਤੌਰ ਮੁਲਜ਼ਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜੀਰਾ ਅਧੀਨ ਪੈਂਦੇ ਪਿੰਡ ਟਿੰਡਵਾਂ, ਪਿੰਡ ਰੋਸ਼ਨਸ਼ਾਹ ਵਾਲਾ ਅਤੇ ਪਿੰਡ ਬਹਿਕ ਗੁੱਜਰਾਂ ਦੇ 217 ਕਨਾਲ 01 ਮਰਲਾ ਰਕਬੇ ਵਿੱਚ ਉਕਤ ਠੇਕੇਦਾਰ ਮਹਾਂਵੀਰ ਸਿੰਘ ਵੱਲੋਂ ਮਾਈਨਿੰਗ ਮਹਿਕਮੇ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ ਜਮੀਨ ਮਾਲਕਾਂ ਨੂੰ ਪੰਜਾਬ ਸਰਕਾਰ ਪਾਸੋਂ ਫਰਮ ਨੂੰ ਮਾਈਨਿੰਗ ਕਰਨ ਦਾ ਠੇਕਾ ਮਿਲਿਆ ਹੋਣ ਦਾ ਦੱਸਕੇ ਇੰਨਾਂ ਪਿੰਡਾਂ ਵਿੱਚ ਨਾਜਾਇਜ਼ ਮਾਈਨਿੰਗ ਕੀਤੀ ਗਈ। ਜਿਸ ਨਾਲ ਸਰਕਾਰ ਨੂੰ ਕਰੀਬ 4,05,60,785 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਗਿਆ ਅਤੇ ਜ਼ਮੀਨ ਮਾਲਕਾਂ ਨੂੰ ਉਨ੍ਹਾਂ ਦੀ ਬਣਦੀ ਰਾਇਲਟੀ ਵੀ ਨਹੀਂ ਦਿੱਤੀ ਗਈ। ਬੁਲਾਰੇ ਮੁਤਾਬਕ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵਲੋਂ ਉਕਤ ਮੁਲਜ਼ਮ ਠੇਕੇਦਾਰ ਮਹਾਂਵੀਰ ਸਿੰਘ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਨਾਮਲੂਮ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 91 ਮਿਤੀ 25.07.2020 ਨੂੰ ਆਈ.ਪੀ.ਸੀ. ਦੀ ਧਾਰਾ 379 ਅਤੇ ਮਾਈਨਿੰਗ ਐਕਟ ਦੀ ਧਾਰਾ 21 ਤਹਿਤ ਥਾਣਾ ਸਦਰ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਦਰਜ ਕਰਵਾਇਆ ਗਿਆ ਅਤੇ ਜ਼ਮੀਨ ਮਾਲਕਾਂ ਨੂੰ ਰਿਕਵਰੀ ਨੋਟਿਸ ਜਾਰੀ ਕੀਤੇ ਗਏ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਤਹਿਸੀਲ ਫਿਰੋਜ਼ਪੁਰ ਵਿੱਚ ਪੈਂਦੇ ਪਿੰਡਾਂ ਗਿੱਲਾਂਵਾਲਾ, ਆਂਸਲ, ਖਾਨੇ ਕੇ ਅਹਿਲ ਅਤੇ ਖੁਸ਼ਹਾਲ ਸਿੰਘ ਵਾਲਾ ਵਿਚ ਮਨਜੂਰਸ਼ੁਦਾ ਖੱਡਾਂ ਦੇ ਬਰਾਬਰ ਹੀ ਉਕਤ ਪ੍ਰਾਈਮਵਿਜਨ ਕੰਪਨੀ ਦੇ ਠੇਕੇਦਾਰ ਮਹਾਂਵੀਰ ਸਿੰਘ ਵਲੋਂ 244 ਕਨਾਲ ਅਤੇ 446 ਕਨਾਲ 13 ਮਰਲੇ ਰਕਬੇ ਵਿੱਚ ਮਹਿਕਮੇ ਦੇ ਅਧਿਕਾਰੀਆਂ /ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ ਜ਼ਮੀਨਾਂ ਵਿੱਚੋਂ ਨਾਜਾਇਜ਼ ਮਾਈਨਿੰਗ ਕੀਤੀ, ਜਿਸ ਨਾਲ ਸਰਕਾਰ ਨੂੰ ਕਰੀਬ 31,48,63,994 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਗਿਆ। ਉਕਤ ਕੰਪਨੀ ਵੱਲੋਂ ਇੰਨਾਂ ਪਿੰਡਾਂ ਦੇ ਜ਼ਮੀਨ ਮਾਲਕਾਂ ਨੂੰ ਵੀ ਬਣਦੀ ਰਾਇਲਟੀ ਨਹੀਂ ਦਿੱਤੀ ਗਈ। ਬੁਲਾਰੇ ਨੇ ਦੱਸਿਆ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਉਕਤ ਠੇਕੇਦਾਰ ਮਹਾਂਵੀਰ ਸਿੰਘ ਨੇ ਮਾਈਨਿੰਗ ਵਿਭਾਗ ਫਿਰੋਜ਼ਪੁਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ ਸਰਕਾਰੀ ਖ਼ਜ਼ਾਨੇ ਨੂੰ ਕੁੱਲ 35,54,24,779 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਹੈ। ਉੱਨਾਂ ਦੱਸਿਆ ਕਿ ਭਾਵੇਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ /ਕਰਮਚਾਰੀਆਂ ਵਲੋਂ ਇਸ ਸਮੇਂ ਦੌਰਾਨ ਇਲਾਕੇ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ਸਬੰਧੀ ਵੱਖ-ਵੱਖ ਥਾਣਿਆਂ ਵਿਚ ਕਈ ਮੁਕੱਦਮੇ ਦਰਜ ਕਰਵਾਏ ਗਏ। ਪਰੰਤੂ ਇਨ੍ਹਾਂ ਅਧਿਕਾਰੀਆਂ /ਕਰਮਚਾਰੀਆਂ ਵੱਲੋਂ ਪ੍ਰਾਈਮਵਿਜਨ ਕੰਪਨੀ ਦੇ ਉਕਤ ਠੇਕੇਦਾਰ ਮਹਾਂਵੀਰ ਸਿੰਘ ਦੇ ਖਿਲਾਫ਼ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮਾਈਨਿੰਗ ਵਿਭਾਗ ਫਿਰੋਜ਼ਪੁਰ ਦੇ ਅਧਿਕਾਰੀਆਂ /ਕਰਮਚਾਰੀਆਂ ਦੀ ਮਿਲੀਭੁਗਤ ਤੋਂ ਬਿਨ੍ਹਾਂ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਹੋਣੀ ਸੰਭਵ ਨਹੀਂ ਹੈ ਪਰ ਉਕਤ ਠੇਕੇਦਾਰ ਵਿਰੁੱਧ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਗਈ। ਇਸ ਕਰਕੇ ਪ੍ਰਾਈਮਵਿਜਨ ਕੰਪਨੀ ਦੇ ਠੇਕੇਦਾਰ ਮਹਾਂਵੀਰ ਸਿੰਘ ਅਤੇ ਉਸ ਸਮੇ ਤਾਇਨਾਤ ਰਹੇ ਮਾਈਨਿੰਗ ਵਿਭਾਗ ਦੇ ਸਬੰਧਿਤ ਅਧਿਕਾਰੀਆਂ /ਕਰਮਚਾਰੀਆਂ ਵੱਲੋਂ ਮਿਲੀਭੁਗਤ ਰਾਹੀਂ ਨਾਜਾਇਜ਼ ਮਾਈਨਿੰਗ ਕਰਾਉਣੀ ਸਾਹਮਣੇ ਆਈ ਹੈ ਜਿਸ ਉਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਵਲੋਂ ਉਕਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸ ਕੇਸ ਸਬੰਧੀ ਹੋਰ ਤਫਤੀਸ਼ ਜਾਰੀ ਹੈ। ਮੁਲਜ਼ਮ ਠੇਕੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਨੂੰ ਭਲਕੇ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਵਿਜੀਲੈਂਸ ਬਿਊਰੋ ਵੱਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲਾ ਠੇਕੇਦਾਰ ਕਾਬੂ Read More »

ਝੋਨੇ ਦੀ ਚੁਕਾਈ ਨਾ ਹੋਣ ਕਾਰਨ ਮੰਡੀਆਂ ’ਚ ਬੋਰੀਆਂ ਦੇ ਅੰਬਾਰ

ਫਿਲੌਰ, 9 ਨਵੰਬਰ – ਸਥਾਨਕ ਮੰਡੀ ਸਮੇਤ ਹੋਰ ਸਹਾਇਕ ਮੰਡੀਆਂ ਵਿੱਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਹੁਣ ਤੱਕ ਕੁੱਲ ਹੋਈ ਖ਼ਰੀਦ ’ਚੋਂ ਹਾਲੇ ਤੱਕ ਸਿਰਫ਼ 42 ਫ਼ੀਸਦੀ ਹੀ ਚੁਕਾਈ ਹੋ ਸਕੀ ਹੈ। ਸਭ ਤੋਂ ਵੱਧ 76 ਫੀਸਦੀ ਚੁਕਾਈ ਪ੍ਰਾਈਵੇਟ ਫਰਮਾਂ ਨੇ ਕੀਤੀ ਹੈ ਅਤੇ 62 ਫ਼ੀਸਦ ਨਾਲ ਵੇਅਰਹਾਊਸ ਦੂਜੇ ਨੰਬਰ ’ਤੇ ਹੈ। ਪਨਗਰੇਨ ਦੀ ਹਾਲੇ ਤੱਕ 33 ਫ਼ੀਸਦੀ ਚੁਕਾਈ ਹੀ ਹੋ ਸਕੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਹਾਲੇ ਤੱਕ 62 ਫ਼ੀਸਦੀ ਹੀ ਖਰੀਦ ਹੋਈ ਹੈ। ਮੰਡੀਆਂ ’ਚ ਚਲਦੀ ਪ੍ਰੇਸ਼ਾਨੀ ਕਾਰਨ ਕਿਸਾਨ ਦੀ ਫ਼ਸਲ ਖੇਤਾਂ ’ਚ ਹੀ ਖ਼ਰਾਬ ਹੋ ਰਹੀ ਹੈ। ਤੇਹਿੰਗ ਦੀ ਮੰਡੀ ਵਿੱਚ ਪਿਛਲੇ ਸਾਲ ਨਾਲੋਂ ਵੱਧ ਖ਼ਰੀਦ ਹੋ ਚੁੱਕੀ ਹੈ। ਅੱਪਰਾ ਦੀ ਮੰਡੀ 58 ਫ਼ੀਸਦੀ ਖਰੀਦ ਨਾਲ ਫਾਡੀ ਚੱਲ ਰਹੀ ਹੈ। ਇੱਕ-ਇੱਕ ਫ਼ੀਸਦ ਦੇ ਵਾਧੇ ਨਾਲ ਲਸਾੜਾ ਅਤੇ ਮੁਠੱਡਾ ਖੁਰਦ ਅੱਗੇ ਚੱਲ ਰਹੇ ਹਨ। ਉਕਤ ਤਿੰਨੋਂ ਮੰਡੀਆਂ ਨਾਲ ਸਬੰਧਤ ਪਿੰਡਾਂ ’ਚ ਹਾਲੇ ਵੀ ਕਾਫੀ ਫ਼ਸਲ ਖੇਤਾਂ ’ਚ ਖੜ੍ਹੀ ਹੈ। ਜਿੰਨੇ ਖੇਤ ਵਿਹਲੇ ਹੋ ਰਹੇ ਹਨ, ਉਨ੍ਹਾਂ ’ਚ ਨਾਲੋ-ਨਾਲ ਕਣਕ ਦੀ ਬਿਜਾਂਦ ਵੀ ਹੋ ਰਹੀ ਹੈ। ਫਸੇ ਹੋਏ ਕਿਸਾਨ ਕੱਟ ਲਗਾ ਕੇ ਵੀ ਆਪਣੀ ਫ਼ਸਲ ਵੇਚਣ ਲਈ ਮਜ਼ਬੂਰ ਹੋ ਰਹੇ ਹਨ। ਗੁਰਾਇਆ ਦੀ ਮੰਡੀ ’ਚ ਥਾਂ ਨਾ ਹੋਣ ਤੋਂ ਦੁਖੀ ਕਿਸਾਨਾਂ ਵੱਲੋਂ ਕੁੱਝ ਦਿਨ ਪਹਿਲਾਂ ਸੜਕ ਵੀ ਜਾਮ ਕੀਤੀ ਗਈ ਸੀ। ਵੱਖ-ਵੱਖ ਕਿਸਾਨਾਂ ਨੇ ਮੰਗ ਕੀਤੀ ਕਿ ਘੱਟੋ-ਘੱਟ ਮੰਡੀਆਂ ’ਚੋਂ ਚੁਕਾਈ ਤਾਂ ਕਰਨੀ ਚਾਹੀਦੀ ਹੈ ਤਾਂ ਜੋ ਮੰਡੀਆਂ ’ਚ ਜਿਣਸ ਸੁੱਟਣ ਲਈ ਥਾਂ ਮਿਲ ਸਕੇ।

ਝੋਨੇ ਦੀ ਚੁਕਾਈ ਨਾ ਹੋਣ ਕਾਰਨ ਮੰਡੀਆਂ ’ਚ ਬੋਰੀਆਂ ਦੇ ਅੰਬਾਰ Read More »

ਆਈ.ਟੀ ਵਿਭਾਗ ਵਲੋਂ ਸੀ.ਐੱਮ ਹੇਮੰਤ ਸੋਰੇਨ ਦੇ ਨਿੱਜੀ ਸਲਾਹਕਾਰ ਦੇ ਘਰ ‘ਤੇ ਹੋਰ ਟਿਕਾਣਿਆਂ ਦੀ ਛਾਪੇਮਾਰੀ

ਝਾਰਖੰਡ, 9 ਨਵੰਬਰ – ਝਾਰਖੰਡ ਵਿਧਾਨ ਸਭਾ ਚੋਣਾਂ ਦੌਰਾਨ ਹੇਮੰਤ ਸੋਰੇਨ ਨੂੰ ਵੱਡਾ ਝਟਕਾ ਲੱਗਾ ਹੈ। ਆਮਦਨ ਕਰ ਵਿਭਾਗ ਨੇ ਰਾਂਚੀ ਅਤੇ ਜਮਸ਼ੇਦਪੁਰ ਸਮੇਤ 9 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ, ਜਿਸ ‘ਚ ਮੁੱਖ ਮੰਤਰੀ ਦੇ ਕਰੀਬੀ ਸੁਨੀਲ ਸ੍ਰੀਵਾਸਤਵ ਵੀ ਸ਼ਾਮਲ ਹਨ। 14 ਅਕਤੂਬਰ ਨੂੰ ਈਡੀ ਦੀ ਟੀਮ ਨੇ ਜਲ ਜੀਵਨ ਮਿਸ਼ਨ ‘ਚ ਹੋਏ ਘਪਲੇ ‘ਤੇ ਛਾਪੇਮਾਰੀ ਕੀਤੀ ਸੀ, ਜਿਸ ‘ਚ ਹੇਮੰਤ ਕੈਬਨਿਟ ਮੰਤਰੀ ਮਿਥਿਲੇਸ਼ ਠਾਕੁਰ ਦੇ ਭਰਾ ਵਿਨੈ ਠਾਕੁਰ, ਨਿਜੀ ਸਕੱਤਰ ਹਰਿੰਦਰ ਸਿੰਘ ਅਤੇ ਕਈ ਇੰਜੀਨੀਅਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਸੀ, ਜਿਸ ‘ਚ ਸੁਨੀਲ ਮੁੱਖ ਮੰਤਰੀ ਸੋਰੇਨ ਦੇ ਨਿੱਜੀ ਸਲਾਹਕਾਰ ਹਨ।  ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਆਈ.ਟੀ. ਸੀਆਰਪੀਐਫ ਵੀ ਛਾਪੇਮਾਰੀ ਵਾਲੀ ਥਾਂ ‘ਤੇ ਹੈ। 14 ਅਕਤੂਬਰ ਨੂੰ ਛਾਪਾ ਮਾਰਿਆ ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਲ ਜੀਵਨਮਿਸ਼ਨ ਘੁਟਾਲੇ ਦੇ ਸਬੰਧ ਵਿੱਚ ਹੇਮੰਤ ਸਰਕਾਰ ਦੇ ਕੈਬਨਿਟ ਮੰਤਰੀ ਦੇ ਭਰਾ ਵਿਨੈ ਠਾਕੁਰ ਅਤੇ ਸੋਰੇਨ ਸਰਕਾਰ ਦੇ ਕੈਬਨਿਟ ਮੰਤਰੀ ਮਿਥਿਲੇਸ਼ ਠਾਕੁਰ ਦੇ ਨਿੱਜੀ ਸਕੱਤਰ ਹਰਿੰਦਰ ਸਿੰਘ ਸਮੇਤ ਵਿਭਾਗ ਦੇ ਕਈ ਇੰਜੀਨੀਅਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਪਹਿਲੇ ਪੜਾਅ ਦੀਆਂ ਚੋਣਾਂ 13 ਨਵੰਬਰ ਨੂੰ ਝਾਰਖੰਡ ‘ਚ 2 ਪੜਾਵਾਂ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ‘ਚ ਇਕ ਹਫਤੇ ਤੋਂ ਵੀ ਘੱਟ ਸਮਾਂ ਬਾਕੀ ਹੈ, ਕਿਉਂਕਿ ਆਮਦਨ ਕਰ ਵਿਭਾਗ ਨੇ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਦੇ ਅਹਾਤੇ ‘ਤੇ ਛਾਪੇਮਾਰੀ ਕੀਤੀ ਹੈ। ਪਹਿਲੇ ਪੜਾਅ ‘ਚ 13 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ ਦੂਜੇ ਪੜਾਅ ‘ਚ 20 ਨਵੰਬਰ ਨੂੰ ਵੋਟਿੰਗ ਹੋਵੇਗੀ, ਜਿਸ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਦੇ ਆਗੂ ਹੇਮੰਤ ਸੋਰੇਨ ਨੂੰ ਕਥਿਤ ਜ਼ਮੀਨ ਘੁਟਾਲੇ ਦੇ ਕੇਸ ਵਿੱਚ ਜੂਨ ਵਿੱਚ ਝਾਰਖੰਡ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ। 31 ਜਨਵਰੀ, 2024 ਨੂੰ, ਈਡੀ ਨੇ ਉਸ ਤੋਂ 7 ਘੰਟੇ ਤੋਂ ਵੱਧ ਪੁੱਛਗਿੱਛ ਕਰਨ ਤੋਂ ਬਾਅਦ ਉਸਨੂੰ ਗ੍ਰਿਫਤਾਰ ਕੀਤਾ।

ਆਈ.ਟੀ ਵਿਭਾਗ ਵਲੋਂ ਸੀ.ਐੱਮ ਹੇਮੰਤ ਸੋਰੇਨ ਦੇ ਨਿੱਜੀ ਸਲਾਹਕਾਰ ਦੇ ਘਰ ‘ਤੇ ਹੋਰ ਟਿਕਾਣਿਆਂ ਦੀ ਛਾਪੇਮਾਰੀ Read More »

ਹੁਣ ਵਰਚੁਅਲ ਕ੍ਰੈਡਿਟ ਕਾਰਡ ਰਾਹੀਂ ਡਿਜੀਟਲ ਪੇਮੈਂਟ ਕਰਨਾ ਹੋਵੇਗਾ ਹੋਰ ਵੀ ਆਸਾਨ

ਨਵੀਂ ਦਿੱਲੀ, 9 ਨਵੰਬਰ – ਅੱਜ ਦੇ ਸਮੇਂ ਵਿੱਚ ਅਸੀਂ ਜਿੰਨਾ ਹੋ ਸਕੇ ਆਪਣਾ ਸਮਾਂ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਤਕਨਾਲੋਜੀ ਨੇ ਸਮੇਂ ਦੀ ਬੱਚਤ ਵਿੱਚ ਬਹੁਤ ਮਦਦ ਕੀਤੀ ਹੈ। ਹਾਂ, ਇਕ ਪਾਸੇ ਤਕਨਾਲੋਜੀ ਨੇ ਸਾਨੂੰ ਸਮਾਰਟ ਬਣਾ ਦਿੱਤਾ ਹੈ ਅਤੇ ਦੂਜੇ ਪਾਸੇ ਇਸ ਨੇ ਸਾਨੂੰ ਕੋਈ ਵੀ ਕੰਮ ਸਮਾਰਟ ਤਰੀਕੇ ਨਾਲ ਕਰਨਾ ਵੀ ਸਿਖਾਇਆ ਹੈ। ਇਸ ਦੀ ਸਭ ਤੋਂ ਵਧੀਆ ਉਦਾਹਰਣ ਅੱਜ ਹੋ ਰਹੀ ਲੈਣ-ਦੇਣ ਦੀ ਪ੍ਰਕਿਰਿਆ ਹੈ। ਪਿਛਲੇ 15 ਸਾਲ ਪਹਿਲਾਂ ਸਾਨੂੰ ਲੈਣ-ਦੇਣ ਲਈ ਬੈਂਕ ਜਾਣਾ ਪੈਂਦਾ ਸੀ ਪਰ ਹੁਣ ਅਸੀਂ ਆਸਾਨੀ ਨਾਲ ਕੁਝ ਸਕਿੰਟਾਂ ਵਿੱਚ ਆਨਲਾਈਨ ਭੁਗਤਾਨ ਕਰ ਸਕਦੇ ਹਾਂ। ਜਿੱਥੇ ਇੱਕ ਪਾਸੇ ਆਨਲਾਈਨ ਭੁਗਤਾਨ ਨੇ ਲੈਣ-ਦੇਣ ਨੂੰ ਆਸਾਨ ਬਣਾ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਇਸ ਨਾਲ ਆਨਲਾਈਨ ਧੋਖਾਧੜੀ ਵਿੱਚ ਵੀ ਵਾਧਾ ਹੋਇਆ ਹੈ। ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦੇ ਵੇਰਵੇ ਅਤੇ ਡਾਟਾ ਚੋਰੀ ਹੋਣ ਦਾ ਖਤਰਾ ਹੈ। ਭਾਵੇਂ ਅਸੀਂ ਸੁਰੱਖਿਅਤ ਢੰਗ ਨਾਲ ਭੁਗਤਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇਹ ਜੋਖ਼ਮ ਅਜੇ ਵੀ ਬਣਿਆ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਇਸ ਖ਼ਤਰੇ ਨੂੰ ਘੱਟ ਕਰਨ ਲਈ, ਸਾਡੇ ਕੋਲ ਵਰਚੁਅਲ ਕ੍ਰੈਡਿਟ ਕਾਰਡ (Virtual Credit Card) ਦਾ ਆਪਸ਼ਨ ਵੀ ਹੈ। ਅਸੀਂ ਤੁਹਾਨੂੰ ਹੇਠਾਂ ਇਸ ਕਾਰਡ ਬਾਰੇ ਵਿਸਥਾਰ ਵਿੱਚ ਦੱਸਾਂਗੇ। ਕੀ ਹੈ ਵਰਚੁਅਲ ਕ੍ਰੈਡਿਟ ਕਾਰਡ? ਵਰਚੁਅਲ ਕ੍ਰੈਡਿਟ ਕਾਰਡ ਫਿਜ਼ੀਕਲ ਕ੍ਰੈਡਿਟ ਕਾਰਡ (Credit Card) ਵਾਂਗ ਹੀ ਹੈ। ਇਹ ਕਾਰਡ ਮੁੱਖ ਤੌਰ ‘ਤੇ ਆਨਲਾਈਨ ਭੁਗਤਾਨ ਲਈ ਤਿਆਰ ਕੀਤਾ ਗਿਆ ਹੈ। ਇਹ ਕਾਰਡ ਬੈਂਕ ਦੁਆਰਾ ਜਾਰੀ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਕਾਰਡ ਤੁਹਾਡੇ ਫਿਜ਼ੀਕਲ ਕ੍ਰੈਡਿਟ ਕਾਰਡ ਖਾਤੇ ਨਾਲ ਜੁੜਿਆ ਹੋਇਆ ਹੈ। ਇਸ ਕਾਰਡ ਵਿੱਚ ਇੱਕ ਅਸਥਾਈ ਨੰਬਰ ਹੈ। ਇਸ ਨੰਬਰ ਰਾਹੀਂ ਹੀ ਤੁਸੀਂ ਆਨਲਾਈਨ ਪਲੇਟਫਾਰਮ ‘ਤੇ ਖਰੀਦਦਾਰੀ ਆਦਿ ਕਰ ਸਕਦੇ ਹੋ। ਇਹ ਕਾਰਡ ਤੁਹਾਡੀ ਖਰੀਦਦਾਰੀ ਅਤੇ ਕਾਰਡ ਵੇਰਵਿਆਂ ਨੂੰ ਇੱਕ ਪਰਤ ‘ਤੇ ਸੁਰੱਖਿਆ ਪ੍ਰਦਾਨ ਕਰਦਾ ਹੈ। ਇੱਕ ਵਰਚੁਅਲ ਕ੍ਰੈਡਿਟ ਕਾਰਡ ਬਣਾਉਣ ਲਈ, ਉਪਭੋਗਤਾ ਲਈ ਇੱਕ ਬੈਂਕ ਖਾਤਾ ਹੋਣਾ ਲਾਜ਼ਮੀ ਹੈ। ਇਹ ਕਾਰਡ ਬੈਂਕ ਦੁਆਰਾ ਜਾਰੀ ਕੀਤਾ ਜਾਂਦਾ ਹੈ, ਇਸ ਲਈ ਇਸ ਦੀਆਂ ਫੀਚਰ ਤੇ ਸੇਵਾਵਾਂ ਹਰ ਬੈਂਕ ਵਿੱਚ ਵੱਖਰੀਆਂ ਹਨ। ਜੇਕਰ ਤੁਸੀਂ ਵਰਚੁਅਲ ਕ੍ਰੈਡਿਟ ਕਾਰਡ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਬੈਂਕ ਦੇ ਪੋਰਟਲ ਜਾਂ ਵੈੱਬਸਾਈਟ ‘ਤੇ ਜਾ ਕੇ ਇਸਨੂੰ ਆਸਾਨੀ ਨਾਲ ਜਨਰੇਟ ਕਰ ਸਕਦੇ ਹੋ। ਕਿਵੇਂ ਕੰਮ ਕਰਦੈ ਵਰਚੁਅਲ ਕ੍ਰੈਡਿਟ ਕਾਰਡ ਵਰਚੁਅਲ ਕ੍ਰੈਡਿਟ ਕਾਰਡ Advanced security features ਦੇ ਨਾਲ ਆਉਂਦੇ ਹਨ। ਜਿਵੇਂ ਹੀ ਤੁਸੀਂ ਇਸ ਕਾਰਡ ਨੂੰ ਜਨਰੇਟ ਕਰਦੇ ਹੋ, ਤੁਹਾਨੂੰ ਇੱਕ ਫਿਜ਼ੀਕਲ ਕ੍ਰੈਡਿਟ ਕਾਰਡ ਵਾਂਗ ਵਿਲੱਖਣ ਕਾਰਡ ਨੰਬਰ, CVV ਅਤੇ ਮਿਆਦ ਪੁੱਗਣ ਦੀ ਮਿਤੀ ਵਰਗੇ ਵੇਰਵੇ ਪ੍ਰਾਪਤ ਹੋਣਗੇ। ਇਸ ਕਾਰਡ ਦਾ ਨੰਬਰ ਅਸਥਾਈ ਹੈ। ਆਮ ਤੌਰ ‘ਤੇ ਇਹ ਨੰਬਰ ਸਿੰਗਲ ਭੁਗਤਾਨ ਜਾਂ 24 ਤੋਂ 48 ਘੰਟਿਆਂ ਲਈ ਵੈਲਿਡ ਰਹਿੰਦਾ ਹੈ। ਆਨਲਾਈਨ ਖਰੀਦਦਾਰੀ ਜਾਂ ਭੁਗਤਾਨ ਕਰਦੇ ਸਮੇਂ ਤੁਹਾਨੂੰ ਇਸ ਕਾਰਡ ਦਾ ਵੇਰਵਾ ਦੇਣਾ ਹੋਵੇਗਾ। ਜਿਸ ਤੋਂ ਬਾਅਦ ਭੁਗਤਾਨ ਦੀ ਰਕਮ ਤੁਹਾਡੇ ਫਿਜ਼ੀਕਲ ਕਾਰਡ ਜਾਂ ਬੈਂਕ ਖਾਤੇ ਤੋਂ ਕੱਟੀ ਜਾਵੇਗੀ। ਵਰਚੁਅਲ ਕਾਰਡ ਦੇ ਫ਼ਾਇਦੇ ਇਸ ਕਾਰਡ ਦੇ ਐਡਵਾਂਸ ਸੁਰੱਖਿਆ ਫੀਚਰ ਕਾਰਨ ਧੋਖਾਧੜੀ ਦਾ ਖਤਰਾ ਬਹੁਤ ਘੱਟ ਹੈ। ਜੇ ਤੁਸੀਂ ਆਨਲਾਈਨ ਭੁਗਤਾਨ ਕਰਨਾ ਚਾਹੁੰਦੇ ਹੋ ਤਾਂ ਇਹ ਕਾਰਡ ਬਹੁਤ ਮਦਦਗਾਰ ਸਾਬਤ ਹੋਵੇਗਾ। ਇਸ ਨਾਲ ਤੁਸੀਂ ਖਰਚਿਆਂ ਨੂੰ ਕੁਝ ਹੱਦ ਤੱਕ ਕੰਟਰੋਲ ਕਰ ਸਕਦੇ ਹੋ। ਇਸ ਕਾਰਡ ਨਾਲ ਆਨਲਾਈਨ ਖਰੀਦਦਾਰੀ ਕਰਦੇ ਸਮੇਂ, ਤੁਸੀਂ ਕਾਰਡ ਦੇ ਵੇਰਵੇ ਤੁਰੰਤ ਤਿਆਰ ਕਰਕੇ ਆਸਾਨੀ ਨਾਲ ਭੁਗਤਾਨ ਕਰ ਸਕਦੇ ਹੋ। ਵਰਚੁਅਲ ਕਾਰਡ ਦੇ ਨੁਕਸਾਨ ਤੁਸੀਂ ਇਸ ਕਾਰਡ ਰਾਹੀਂ ਕੁਝ ਹੀ ਸੇਵਾਵਾਂ ਦੀ ਵਰਤੋਂ ਕਰ ਸਕਦੇ ਹੋ। ਇਹ ਕਾਰਡ ਆਨਲਾਈਨ ਖਰੀਦਦਾਰੀ ਕਰਦੇ ਸਮੇਂ ਭੁਗਤਾਨ ਲਈ ਬਣਾਇਆ ਗਿਆ ਹੈ। ਤੁਸੀਂ ਇਸ ਕਾਰਡ ਰਾਹੀਂ ਸਟੋਰ ਵਿੱਚ ਖਰੀਦਦਾਰੀ ਨਹੀਂ ਕਰ ਸਕਦੇ ਜਾਂ ਹੋਰ ਸੇਵਾਵਾਂ ਦੀ ਵਰਤੋਂ ਨਹੀਂ ਕਰ ਸਕਦੇ। ਇਸ ਦੀ ਵੈਲਿਡਿਟੀ ਬਹੁਤ ਘੱਟ ਰਹਿੰਦੀ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਵਾਰ-ਵਾਰ ਕਾਰਡ ਦੇ ਵੇਰਵੇ ਜਨਰੇਟ ਕਰਨੇ ਪੈ ਸਕਦੇ ਹਨ। ਇਸ ਕਾਰਡ ਦਾ ਇੱਕ ਨੁਕਸਾਨ ਇਹ ਹੈ ਕਿ ਸਾਰੇ Online Merchants ਇਸ ਕਾਰਡ ਤੋਂ ਭੁਗਤਾਨ ਸਵੀਕਾਰ ਨਹੀਂ ਕਰਦੇ ਹਨ। ਅਜਿਹੀ ਸਥਿਤੀ ਵਿੱਚ ਤੁਹਾਨੂੰ ਆਨਲਾਈਨ ਭੁਗਤਾਨ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਖਿਰਕਾਰ, ਇਹ ਕਾਰਡ ਉਨ੍ਹਾਂ ਉਪਭੋਗਤਾਵਾਂ ਲਈ ਬਹੁਤ ਫ਼ਾਇਦੇਮੰਦ ਹੈ ਜੋ ਆਨਲਾਈਨ ਖਰੀਦਦਾਰੀ ਦੇ ਸ਼ੌਕੀਨ ਹਨ। ਹਾਂ, ਇਹਨਾਂ ਕਾਰਡਾਂ ਵਿੱਚ ਐਡਵਾਂਸ ਸੁਰੱਖਿਆ ਫੀਚਰ ਧੋਖਾਧੜੀ ਦੇ ਜੋਖ਼ਮ ਨੂੰ ਘਟਾਉਂਦੀ ਹੈ। ਹਾਲਾਂਕਿ ਜੋ ਉਪਭੋਗਤਾ ਜ਼ਿਆਦਾ ਆਨਲਾਈਨ ਖਰੀਦਦਾਰੀ ਨਹੀਂ ਕਰਦੇ ਹਨ, ਉਨ੍ਹਾਂ ਲਈ ਇਹ ਕਾਰਡ ਇੰਨਾ ਲਾਭਦਾਇਕ ਨਹੀਂ ਹੋਵੇਗਾ। ਇੱਕ ਸੀਮਾ ਤੋਂ ਵੱਧ ਇਸ ਕਾਰਡ ਦੀ ਵਰਤੋਂ ਕਰਨਾ ਉਨ੍ਹਾਂ ਲਈ ਮਹਿੰਗਾ ਸਾਬਤ ਹੋ ਸਕਦਾ ਹੈ।

ਹੁਣ ਵਰਚੁਅਲ ਕ੍ਰੈਡਿਟ ਕਾਰਡ ਰਾਹੀਂ ਡਿਜੀਟਲ ਪੇਮੈਂਟ ਕਰਨਾ ਹੋਵੇਗਾ ਹੋਰ ਵੀ ਆਸਾਨ Read More »

ਡਾਲਰ ਦੇ ਮੁਕਾਬਲੇ ਰੁਪੱਈਆ ਹੇਠਲੇ ਪੱਧਰ ’ਤੇ ਪਹੁੰਚਿਆ

  ਮੁੰਬਈ, 9 ਨਵੰਬਰ – ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ ਅੱਜ ਪੰਜ ਪੈਸੇ ਡਿੱਗ ਕੇ 84.37 ਨਾਲ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਿਆ। ਉਂਝ ਰੁਪਿਆ ਡਿੱਗਣ ਦਾ ਸਿਲਸਿਲਾ ਦੋ ਦਿਨ ਤੋਂ ਜਾਰੀ ਹੈ। ਰੁਪੱਈਆ ਡਿੱਗਣ ਦੀ ਮੁੱਖ ਵਜ੍ਹਾ ਵਿਦੇਸ਼ੀ ਫੰਡਾਂ ਦੀ ਨਿਕਾਸੀ ਤੇ ਘਰੇਲੂ ਇਕੁਇਟੀਜ਼ ਦੇ ਮੰਦੇ ਰੁਝਾਨ ਨੂੰ ਮੰਨਿਆ ਜਾ ਰਿਹਾ ਹੈ। ਡਾਲਰ ਦੇ ਮੁਕਾਬਲੇ ਰੁਪੱਈਆ ਅੱਜ 84.32 ਦੇ ਪੱਧਰ ਉੱਤੇ ਖੁੱਲ੍ਹਾ ਸੀ। ਦਿਨ ਦੇ ਕਾਰੋਬਾਰ ਦੌਰਾਨ ਸਥਾਨਕ ਕਰੰਸੀ 84.31 ਦੇ ਸਿਖਰਲੇ ਅਤੇ 84.38 ਦੇ ਹੇਠਲੇ ਪੱਧਰ ਤੱਕ ਗਈ, ਪਰ ਅਖੀਰ ਨੂੰ ਪੰਜ ਪੈਸੇ ਦੇ ਨੁਕਸਾਨ ਨਾਲ 84.37 ’ਤੇ ਬੰਦ ਹੋਈ।

ਡਾਲਰ ਦੇ ਮੁਕਾਬਲੇ ਰੁਪੱਈਆ ਹੇਠਲੇ ਪੱਧਰ ’ਤੇ ਪਹੁੰਚਿਆ Read More »

ਹਰਿਆਣਾ ਰੋਡਵੇਜ਼ ਦੇ ਬੇੜੇ ‘ਚ ਸ਼ਾਮਲ ਹੋਣਗੀਆਂ 650 ਨਵੀਆਂ ਬੱਸਾਂ

ਹਰਿਆਣਾ, 9 ਨਵੰਬਰ – ਚੰਡੀਗੜ੍ਹ ਹਰਿਆਣਾ ਦੀ ਨਾਇਬ ਸੈਣੀ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਗੱਬਰ ਦੇ ਨਾਂ ਨਾਲ ਮਸ਼ਹੂਰ ਅਨਿਲ ਵਿੱਜ ਲਗਾਤਾਰ ਹਰਕਤ ਵਿੱਚ ਨਜ਼ਰ ਆ ਰਹੇ ਹਨ। ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਅੰਬਾਲਾ ਬੱਸ ਸਟੈਂਡ ‘ਤੇ ਪਾਣੀ, ਸਫ਼ਾਈ ਵਿਵਸਥਾ ਆਦਿ ਦਾ ਮੁਆਇਨਾ ਕੀਤਾ ਅਤੇ ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੂੰ ਸਾਰੇ ਪ੍ਰਬੰਧਾਂ ‘ਚ ਸੁਧਾਰ ਕਰਨ ਦੇ ਆਦੇਸ਼ ਦਿੱਤੇ। ਟਰਾਂਸਪੋਰਟ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਯਾਤਰੀਆਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਟਰਾਂਸਪੋਰਟ ਦੇ ਬੇੜੇ ਵਿੱਚ 650 ਹੋਰ ਨਵੀਆਂ ਬੱਸਾਂ ਸ਼ਾਮਲ ਕਰੇਗੀ। ਇਨ੍ਹਾਂ ਵਿੱਚ 150 ਏਸੀ ਬੱਸਾਂ ਅਤੇ 500 ਨਾਨ-ਏਸੀ ਬੱਸਾਂ ਸ਼ਾਮਲ ਹੋਣਗੀਆਂ। ਨਵੀਆਂ ਬੱਸਾਂ ਵਾਤਾਵਰਣ ਦੇ ਮਾਪਦੰਡਾਂ ਦੇ ਅਨੁਕੂਲ ਹੋਣਗੀਆਂ, ਤਾਂ ਜੋ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ। ਅਨਿਲ ਵਿੱਜ ਨੇ ਕਿਹਾ ਕਿ ਜਨਤਕ ਟਰਾਂਸਪੋਰਟ ਰਾਹੀਂ ਆਵਾਜਾਈ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਰੋਡਵੇਜ਼ ਬੇੜੇ ’ਚ ਸ਼ਾਮਲ ਨਵੀਆਂ ਬੱਸਾਂ ਬੀਐਸ-6 ਮਾਡਲ ‘ਤੇ ਆਧਾਰਿਤ ਹੋਣਗੀਆਂ, ਜੋ ਨਵੀਂ ਦਿੱਲੀ ਸਮੇਤ ਕਈ ਹੋਰ ਰਾਜਾਂ ਲਈ ਚਲਾਈਆਂ ਜਾਣਗੀਆਂ। ਇਨ੍ਹਾਂ ਬੱਸਾਂ ਵਿੱਚ ਯਾਤਰੀਆਂ ਨੂੰ ਮੋਬਾਈਲ ਚਾਰਜਿੰਗ ਦੀ ਸਹੂਲਤ, ਏਸੀ, ਆਰਾਮਦਾਇਕ ਸੀਟਾਂ ਵਰਗੀਆਂ ਸਹੂਲਤਾਂ ਮਿਲਣਗੀਆਂ। ਇਸ ਤੋਂ ਪਹਿਲਾਂ ਉਨ੍ਹਾਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਸਫ਼ਰ ਦੌਰਾਨ ਕੋਈ ਵੀ ਰੋਡਵੇਜ਼ ਬੱਸ ਪ੍ਰਾਈਵੇਟ ਢਾਬਿਆਂ ’ਤੇ ਨਹੀਂ ਰੁਕੇਗੀ। ਇਸ ਦੇ ਨਾਲ ਹੀ ਉਨ੍ਹਾਂ ਰੋਡਵੇਜ਼ ਕਰਮਚਾਰੀਆਂ ਨੂੰ ਵਰਦੀ ਵਿੱਚ ਰਹਿਣ ਦੀ ਹਦਾਇਤ ਕੀਤੀ ਸੀ।

ਹਰਿਆਣਾ ਰੋਡਵੇਜ਼ ਦੇ ਬੇੜੇ ‘ਚ ਸ਼ਾਮਲ ਹੋਣਗੀਆਂ 650 ਨਵੀਆਂ ਬੱਸਾਂ Read More »