admin

ਥੀਨ ਡੈਮ ਕਾਮਿਆਂ ਨੇ 35 ਸਾਲਾਂ ਮਗਰੋਂ ਜਿੱਤਿਆ ਕੇਸ

ਪਠਾਨਕੋਟ, 9 ਨਵੰਬਰ – ਰਣਜੀਤ ਸਾਗਰ ਡੈਮ ’ਤੇ ਕੰਮ ਕਰ ਰਹੇ ਡੇਲੀਵੇਜ਼ ਵਰਕਰਾਂ (ਦਿਹਾੜੀਦਾਰਾਂ) ਦਾ ਕੇਸ ਥੀਨ ਡੈਮ ਵਰਕਰਜ਼ ਯੂਨੀਅਨ ਨੇ 35 ਸਾਲਾਂ ਦੀ ਜਦੋ-ਜਹਿਦ ਮਗਰੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜਿੱਤ ਲਿਆ ਹੈ। ਇਸ ਨਾਲ 1406 ਵਰਕਰਾਂ ਨੂੰ ਰੈਗੂਲਰ ਵਰਕਰਾਂ ਦੇ ਬਰਾਬਰ ਤਨਖਾਹਾਂ ਤੇ ਭੱਤਿਆਂ ਦਾ ਏਰੀਅਰ ਮਿਲਣ ਦੀ ਆਸ ਬੱਝ ਗਈ ਹੈ ਜਿਸ ਕਾਰਨ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਥੀਨ ਡੈਮ ਵਰਕਰਜ਼ ਯੂਨੀਅਨ ਨੇ ਅੱਜ ਦਿਹਾੜੀਦਾਰਾਂ ਦੀ ਮੀਟਿੰਗ ਕਰਕੇ ਡੈਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਦਾਲਤ ਦੇ ਫੈਸਲੇ ਅਨੁਸਾਰ 18 ਫੀਸਦ ਵਿਆਜ ਸਮੇਤ ਸਾਰੀ ਅਦਾਇਗੀ ਮਜ਼ਦੂਰਾਂ ਦੇ ਖਾਤਿਆਂ ਵਿੱਚ ਯਕਮੁਸ਼ਤ ਪਾਈ ਜਾਵੇ। ਆਗੂਆਂ ਦਾ ਕਹਿਣਾ ਹੈ ਕਿ ਇਹ ਰਕਮ 150 ਕਰੋੜ ਰੁਪਏ ਤੋਂ ਵੱਧ ਦੀ ਬਣਦੀ ਹੈ ਜਦਕਿ ਡੈਮ ਪ੍ਰਸ਼ਾਸਨ ਨੇ ਮਜ਼ਦੂਰਾਂ ਨੂੰ ਇਸ ਦੀ ਅਦਾਇਗੀ ਕਰਵਾਉਣ ਲਈ 56 ਕਰੋੜ ਰੁਪਏ ਦੀ ਮਨਜ਼ੂਰੀ ਪੰਜਾਬ ਸਰਕਾਰ ਕੋਲੋਂ ਲੈ ਲਈ ਹੈ। ਇਸ ਕੇਸ ਵਿੱਚ ਥੀਨ ਡੈਮ ਵਰਕਰਜ਼ ਯੂਨੀਅਨ (ਸੀਟੂ) ਦੇ ਪ੍ਰਧਾਨ ਨੱਥਾ ਸਿੰਘ ਖੁਦ ਅਦਾਲਤਾਂ ਵਿੱਚ ਪੇਸ਼ ਹੁੰਦੇ ਰਹੇ। ਯੂਨੀਅਨ ਨੇ ਅਦਾਲਤ ਦੇ ਫ਼ੈਸਲੇ ਨੂੰ ਲਾਗੂ ਨਾ ਕਰਨ ਖ਼ਿਲਾਫ਼ ਡੈਮ ਪ੍ਰਸ਼ਾਸਨ ਖ਼ਿਲਾਫ਼ ਅਦਾਲਤ ਵਿੱਚ ਅਦਾਲਤ ਦੀ ਮਾਣਹਾਨੀ ਦਾ ਕੇਸ ਪਾ ਦਿੱਤਾ। ਮੈਨੇਜਮੈਂਟ ਨੇ ਬੀਤੀ 16 ਅਕਤੂਬਰ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਕਿ ਮਜ਼ਦੂਰਾਂ ਦੀ ਬਣਦੀ ਅਦਾਇਗੀ ਦੋ ਮਹੀਨਿਆਂ ਵਿੱਚ ਕਰ ਦਿੱਤੀ ਜਾਵੇਗੀ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 9 ਦਸੰਬਰ ’ਤੇ ਪਾ ਦਿੱਤੀ। ਯੂਨੀਅਨ ਆਗੂਆਂ ਨੱਥਾ ਸਿੰਘ, ਜਸਵੰਤ ਸਿੰਘ ਸੰਧੂ, ਹਰਿੰਦਰ ਸਿੰਘ ਰੰਧਾਵਾ, ਵਿਜੈ ਕੁਮਾਰ ਸ਼ਰਮਾ, ਸਕੱਤਰ ਸਿੰਘ, ਜਨਕ ਰਾਜ ਅਤੇ ਅਵਤਾਰ ਸਿੰਘ ਨੇ ਅੱਜ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਡੈਮ ਦੀ ਮੈਨੇਜਮੈਂਟ ਵਿਆਜ ਸਮੇਤ ਬਣਦੇ ਸਾਰੇ ਬਕਾਏ ਵਰਕਰਾਂ ਦੇ ਖਾਤੇ ਵਿੱਚ ਪਾਵੇ। ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਵਰਿੰਦਰ ਕੁਮਾਰ ਨਾਲ ਜਦ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਕਾਫ਼ੀ ਪੁਰਾਣਾ ਮਾਮਲਾ ਹੈ। ਅਦਾਇਗੀ ਕਰਨ ਸਬੰਧੀ ਪੁੱਛਣ ’ਤੇ ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਮਾਮਲਾ ਪ੍ਰੋਸੈੱਸ ਵਿੱਚ ਹੈ। ਥੀਨ ਡੈਮ ਵਰਕਰਜ਼ ਯੂਨੀਅਨ ਵੱਲੋਂ ਲੜੀ ਗਈ ਲੜਾਈ ਦਾ ਵੇਰਵਾ ਥੀਨ ਡੈਮ ਵਰਕਰਜ਼ ਯੂਨੀਅਨ ਦੇ ਪ੍ਰਧਾਨ ਨੱਥਾ ਸਿੰਘ ਅਨੁਸਾਰ ਸਾਲ 1989 ਵਿੱਚ ਯੂਨੀਅਨ ਵੱਲੋਂ ਉਨ੍ਹਾਂ ਡੇਲੀਵੇਜ਼ ਵਰਕਰਾਂ ਨੂੰ ਰੈਗੂਲਰ ਵਰਕਰਾਂ ਦੇ ਬਰਾਬਰ ਤਨਖਾਹਾਂ ਤੇ ਭੱਤੇ ਦੇਣ ਲਈ ਇੰਡਸਟਰੀਅਲ ਟ੍ਰਿਬਿਊਨਲ ਪੰਜਾਬ (ਚੰਡੀਗੜ੍ਹ) ਵਿੱਚ ਕੇਸ ਦਾਇਰ ਕੀਤਾ ਸੀ। ਟ੍ਰਿਬਿਊਨਲ ਨੇ 27 ਅਪਰੈਲ 1992 ਨੂੰ ਫ਼ੈਸਲਾ ਯੂਨੀਅਨ ਦੇ ਹੱਕ ਵਿੱਚ ਦਿੱਤਾ ਸੀ। ਡੈਮ ਪ੍ਰਸ਼ਾਸਨ ਵੱਲੋਂ ਇਸ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ। ਹਾਈ ਕੋਰਟ ਨੇ 26 ਮਾਰਚ 2008 ਨੂੰ ਡੈਮ ਪ੍ਰਸ਼ਾਸਨ ਦੇ ਹੱਕ ’ਚ ਫ਼ੈਸਲਾ ਦੇ ਦਿੱਤਾ ਜਿਸ ਨੂੰ ਯੂਨੀਅਨ ਵੱਲੋਂ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ। ਸਿਖਰਲੀ ਅਦਾਲਤ ਨੇ 16 ਅਕਤੂਬਰ 2014 ਨੂੰ ਇਹ ਕੇਸ ਹਾਈ ਕੋਰਟ ਨੂੰ ਸੁਣਵਾਈ ਲਈ ਭੇਜ ਦਿੱਤਾ। ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਪਹਿਲੀ ਸਤੰਬਰ 2022 ਨੂੰ ਯੂਨੀਅਨ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ ਤੇ ਨਾਲ 18 ਫੀਸਦੀ ਵਿਆਜ ਵੀ ਦੇਣ ਦਾ ਫੈਸਲਾ ਕਰ ਦਿੱਤਾ। ਇਸ ਖ਼ਿਲਾਫ਼ ਡੈਮ ਪ੍ਰਸ਼ਾਸਨ ਸੁਪਰੀਮ ਕੋਰਟ ਵਿੱਚ ਚਲਾ ਗਿਆ। ਸਿਖਰਲੀ ਅਦਾਲਤ ਨੇ 24 ਮਾਰਚ 2023 ਨੂੰ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦੇ ਫੈਸਲੇ ਨੂੰ ਹੀ ਬਰਕਰਾਰ ਰੱਖਿਆ।

ਥੀਨ ਡੈਮ ਕਾਮਿਆਂ ਨੇ 35 ਸਾਲਾਂ ਮਗਰੋਂ ਜਿੱਤਿਆ ਕੇਸ Read More »

ਹਵਾਈ ਅੱਡਿਆਂ ਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਨਾ ਪਹਿਨਣ ਦੀ ਪਾਬੰਦੀ ਮਨਜ਼ੂਰ ਨਹੀਂ : ਬਾਬਾ ਬਲਬੀਰ ਸਿੰਘ

ਸ੍ਰੀ ਫਤਿਹਗੜ੍ਹ ਸਾਹਿਬ, 9 ਨਵੰਬਰ – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਇੱਕ ਲਿਖਤੀ ਪ੍ਰੈਸ ਨੋਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਹਵਾਈ ਅੱਡਿਆਂ ਤੇ ਕੰਮ ਕਰਨ ਵਾਲੇ ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ਦੀਆਂ ਧਾਰਮਿਕ (ਚਿੰਨ੍ਹ) ਨਿਸ਼ਾਨੀਆਂ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਗਾਈ ਪਾਬੰਦੀ ਦਾ ਸਖ਼ਤ ਨੋਟਿਸ ਲੈਂਦਿਆਂ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਜਿਸ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ 90 ਫੀਸਦੀ ਤੋਂ ਵੱਧ ਕੁਰਬਾਨੀਆਂ ਦੇ ਕੇ ਦੇਸ ਦੀ ਆਜ਼ਾਦੀ ਹਾਸਲ ਕੀਤੀ ਹੈ ਉਸੇ ਦੇਸ਼ ਵਿੱਚ ਭਾਰਤ ਦੇ ਮੌਜੂਦਾ ਹਾਕਮ ਸਿੱਖਾਂ ਧਰਮ ਦੀਆਂ ਵਿਰਾਸਤੀ ਨਿਸ਼ਾਨੀਆਂ ਤੇ ਪਾਬੰਦੀ ਲਗਾ ਕੇ ਸਿੱਖ ਧਰਮ ਵਿੱਚ ਸਿੱਧਾ ਦਖਲ ਦੇਣ ਦੀਆਂ ਨਾਕਾਮ ਚਾਲਾਂ ਚੱਲ ਰਹੀ ਹੈ ਅਤੇ ਸਿੱਖਾਂ ਨੁੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਬਾਬਾ ਬਲਬੀਰ ਸਿੰਘ ਨੇ ਕਿਹਾ ਕੇਂਦਰ ਦੀ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ ਵੱਲੋਂ ਦੇਸ਼ ਦੇ ਹਵਾਈ ਅੱਡਿਆਂ ਤੇ ਸੁਰੱਖਿਆਂ ਸੇਵਾਵਾਂ ਵਿੱਚ ਤਾਇਨਾਤ ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ਦੇ ਧਾਰਮਿਕ ਚਿੰਨ੍ਹ ਕ੍ਰਿਪਾਨ ਧਾਰਨ ਕਰਨ ਤੇ ਪਾਬੰਦੀ ਲਾਉਣ ਵਾਲੇ ਫੈਸਲੇ ਦੀ ਬੁੱਢਾ ਦਲ ਜ਼ੋਰਦਾਰ ਸ਼ਬਦਾਂ ਵਿੱਚ ਜ਼ੋਰਦਾਰ ਨਿਖੇਧੀ ਕਰਦਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਦੀ ਇਸ ਕਾਰਵਾਈ ਨੂੰ ਸਿੱਖ ਧਰਮ ਦੀ ਰਹੁਰੀਤਾਂ ਵਿੱਚ ਸਿੱਧਾ ਦਖਲ ਕਰਾਰ ਦੇਂਦਾ ਹੈ। ਉਨ੍ਹਾਂ ਕਿਹਾ ਕਿ ਕੁੱਝ ਸਰਕਾਰ ਦਾ ਫੈਸਲਾ ਸਿੱਖ ਕੌਮ ਕਦਾਚਿਤ ਬਰਦਾਸ਼ਤ ਨਹੀਂ ਕਰੇਗੀ। ਨਿਹੰਗ ਸਿੰਘ ਮੁਖੀ ਨੇ ਕਿਹਾ ਕਿ ਅੱਜ ਕ੍ਰਿਪਾਨ ਤੇ ਪਾਬੰਦੀ ਲਾਈ ਹੈ ਆਉਣ ਵਾਲੇ ਕੱਲ ਨੂੰ ਦਸਤਾਰ ਤੇ ਪਾਬੰਦੀ ਵੱਲ ਵੀ ਤੁਰਨਗੇ ਇਸ ਨੂੰ ਰੋਕਣ ਲਈ ਸਿੱਖ ਕੌਮ ਨੂੰ ਵਿਰਸੇ ਵਿੱਚ ਮਿਲੀਆਂ ਧਾਰਮਿਕ ਨਿਸ਼ਾਨੀਆਂ ਦੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਸਮੂੰਹ ਸਿੱਖ ਜਥੇਬੰਦੀਆਂ ਨੂੰ ਇੱਕ ਜੁੱਟ ਹੋ ਕੇ ਘੱਟ ਗਿਣਤੀ ਸਿੱਖ ਕੌਮ ਦੇ ਧਾਰਮਿਕ ਚਿੰਨ੍ਹਾਂ ਤੇ ਪਾਬੰਦੀ ਲਾਉਣ ਵਾਲੀਆਂ ਮੰਦਭਾਗੀ ਚਾਲਾਂ ਨੂੰ ਇੱਕ ਪਲੇਟ ਫਾਰਮ ਤੇ ਲਾਮਬੰਦ ਹੋਣ ਦੀ ਅਪੀਲ ਕੀਤੀ ਹੈ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਸ ਮਾਰੂ ਹਮਲੇ ਨੂੰ ਤੁਰੰਤ ਰੋਕਣ ਲਈ ਪ੍ਰਧਾਨ ਮੰਤਰੀ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਇੱਕ ਪੱਤਰ ਲਿੱਖ ਕੇ ਬੁੱਢਾ ਦਲ ਦੇ ਵਫਦ ਨੂੰ ਮਿਲਣ ਦਾ ਸਮਾਂ ਵੀ ਮੰਗਿਆ ਹੈ।

ਹਵਾਈ ਅੱਡਿਆਂ ਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਨਾ ਪਹਿਨਣ ਦੀ ਪਾਬੰਦੀ ਮਨਜ਼ੂਰ ਨਹੀਂ : ਬਾਬਾ ਬਲਬੀਰ ਸਿੰਘ Read More »

ਰਵਨੀਤ ਬਿੱਟੂ ਦਾ ਕਿਸਾਨ ਲੀਡਰਾਂ ‘ਤੇ ਵੱਡਾ ਬਿਆਨ, ਜ਼ਿਮਨੀ ਚੋਣਾਂ ਤੋਂ ਬਾਅਦ ਜਾਇਦਾਦ ਦੀ ਹੋਵੇਗੀ ਜਾਂਚ

9, ਨਵੰਬਰ – ਕਿਸਾਨ ਆਗੂਆਂ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਦਾ ਵਿਰੋਧ ਕਿਸਾਨ ਨਹੀਂ ਕਿਸਾਨ ਆਗੂ ਕਰ ਰਹੇ ਹਨ। ਜ਼ਿਮਨੀ ਚੋਣਾਂ ਤੋਂ ਬਾਅਦ ਇਨ੍ਹਾਂ ਕਿਸਾਨ ਆਗੂਆਂ ਦੀ ਜਾਇਦਾਦ ਦੀ ਜਾਂਚ ਕਰਾਂਗੇ। ਕਿਸਾਨ ਲੀਡਰ ਬਣਨ ਤੋਂ ਪਹਿਲਾਂ ਤੇ ਬਾਅਦ ਦੀ ਸੱਪੰਤੀ ਦੀ ਜਾਂਚ ਕਰਵਾਵਾਂਗੇ। ਕਿਸਾਨ ਆਗੂਆਂ ‘ਤੇ ਵੱਡਾ ਇਲਜ਼ਾਮ ਲਗਾਉਂਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਕਿਸਾਨ ਲੀਡਰ ਖਾਦ ਦੀਆਂ ਟ੍ਰੇਨਾਂ ਲੁੱਟ ਰਹੇ ਹਨ। ਉਨ੍ਹਾਂ ਕਿਸਾਨ ਆਗੂਆਂ ਦੀ ਤੁਲਨਾ ਤਾਲਿਬਾਨ ਨਾਲ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ, ਕੀ ਇਹ ਤਾਲਿਬਾਨ ਬਣਾਉਣਾ ਚਾਹੁੰਦੇ ਹਨ। ਹੁਣ ਦੇਖਣਾ ਹੋਵੇਗਾ ਕਿ ਰਵਨੀਤ ਬਿੱਟੂ ਦੇ ਇਸ ਬਿਆਨ ਦਾ ਕਿਸਾਨ ਲੀਡਰ ਕੀ ਜਵਾਬ ਦੇਣਗੇ।

ਰਵਨੀਤ ਬਿੱਟੂ ਦਾ ਕਿਸਾਨ ਲੀਡਰਾਂ ‘ਤੇ ਵੱਡਾ ਬਿਆਨ, ਜ਼ਿਮਨੀ ਚੋਣਾਂ ਤੋਂ ਬਾਅਦ ਜਾਇਦਾਦ ਦੀ ਹੋਵੇਗੀ ਜਾਂਚ Read More »

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐੱਮਯੂ) ਦੇ ਘੱਟਗਿਣਤੀ ਦਰਜੇ ’ਤੇ ਮੁੜ ਗੌਰ ਕਰਨ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਭਾਰਤ ਦੇ ਵਿਦਿਅਕ ਢਾਂਚੇ ਅੰਦਰ ਘੱਟਗਿਣਤੀਆਂ ਦੇ ਹੱਕਾਂ ਉਤੇ ਚੱਲਦੀ ਵਿਚਾਰ-ਚਰਚਾ ’ਚ ਲਾਮਿਸਾਲ ਪਲ਼ ਹੈ। ਸਿਖ਼ਰਲੀ ਅਦਾਲਤ ਨੇ 4-3 ਦੇ ਬਹੁਮਤ ਨਾਲ ਸ਼ੁੱਕਰਵਾਰ ਨੂੰ ਇਹ ਫੈਸਲਾ ਸੁਣਾ ਕੇ 1967 ਦੇ ਐੱਸ ਅਜ਼ੀਜ਼ ਬਾਸ਼ਾ ਬਨਾਮ ਭਾਰਤ ਸਰਕਾਰ ਫੈਸਲੇ ਨੂੰ ਪਲਟਾ ਦਿੱਤਾ ਹੈ। ਉਸ ਫੈਸਲੇ ’ਚ ਅਲੀਗੜ੍ਹ ਯੂਨੀਵਰਸਿਟੀ ਦੇ ਘੱਟਗਿਣਤੀ ਦਰਜੇ ਨੂੰ ਕਾਨੂੰਨ ਦੁਆਰਾ ਇਸ ਦੀ ਸਥਾਪਨਾ ਦੇ ਆਧਾਰ ’ਤੇ ਨਕਾਰਿਆ ਗਿਆ ਸੀ। ਬਹੁਮਤ ਵਾਲੇ ਜੱਜਾਂ ’ਚ ਸ਼ਾਮਲ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਦਲੀਲ ਦਿੱਤੀ ਕਿ ਸੰਸਥਾ ਦੀ ਅਧਿਕਾਰਤ ਸਥਾਪਨਾ ਨਾਲੋਂ ਇਸ ਦੀਆਂ ਜੜ੍ਹਾਂ ਉਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਵਿਰੋਧ ’ਚ ਨਿੱਤਰੇ ਜੱਜਾਂ ਜਸਟਿਸ ਸੂਰੀਆ ਕਾਂਤ, ਦੀਪਾਂਕਰ ਦੱਤਾ ਅਤੇ ਐੱਸਸੀ ਸ਼ਰਮਾ ਨੇ ਕਿਹਾ ਕਿ ਅਸਲ ਘੱਟਗਿਣਤੀ ਸੰਸਥਾਵਾਂ ਨੂੰ ਪ੍ਰਸ਼ਾਸਕੀ ਕੰਟਰੋਲ ਆਪਣੇ ਕੋਲ ਰੱਖਣਾ ਚਾਹੀਦਾ ਹੈ। ਸੰਨ 1875 ਵਿਚ ਮੁਸਲਿਮ ਭਾਈਚਾਰੇ ਵੱਲੋਂ ਸਥਾਪਿਤ ਕੀਤੀ ਗਈ ਇਹ ਯੂਨੀਵਰਸਿਟੀ ਮਗਰੋਂ ਬਰਤਾਨਵੀ ਕਾਲ ਅਧੀਨ ਇਕ ਕਾਨੂੰਨ ਰਾਹੀਂ 1920 ’ਚ ਅਧਿਕਾਰਤ ਰੂਪ ਵਿਚ ਸਰਕਾਰ ਤਹਿਤ ਲਿਆਂਦੀ ਗਈ। ਏਐੱਮਯੂ ਦੀ ਸਥਾਪਨਾ ਦਾ ਮਨੋਰਥ ਇਸ ਦੇ ਪੁਨਰ-ਮੁਲਾਂਕਣ ’ਚ ਅਹਿਮ ਥਾਂ ਰੱਖਦਾ ਹੈ। ਇਸ ਵਿਆਖਿਆ ਤਹਿਤ ਏਐੱਮਯੂ ਦੀ ਪਛਾਣ ਇਸ ਦੀ ਬੁਨਿਆਦ ਤੋਂ ਹੈ, ਭਾਵੇਂ ਇਹ ਹੁਣ ਸਰਕਾਰੀ ਨਿਗਰਾਨੀ ਤਹਿਤ ਆਉਂਦੀ ਹੈ। ਇਹ ਦ੍ਰਿਸ਼ਟੀਕੋਣ ਜ਼ੋਰ ਦਿੰਦਾ ਹੈ ਕਿ ਜ਼ਰੂਰੀ ਨਹੀਂ ਕਿ ਘੱਟਗਿਣਤੀ ਸੰਸਥਾਵਾਂ ਨੂੰ ਸਿਰਫ਼ ਤੇ ਸਿਰਫ਼ ਸੰਸਥਾਪਕ ਭਾਈਚਾਰੇ ਦੇ ਮੈਂਬਰ ਹੀ ਚਲਾਉਣ, ਤੇ ਨਾ ਹੀ ਉਹ ਆਪਣੇ ਘੱਟਗਿਣਤੀ ਦਰਜੇ ਨੂੰ ਬਰਕਰਾਰ ਰੱਖਣ ਲਈ ਨਿਰੋਲ ਉਸੇ ਭਾਈਚਾਰੇ ਨੂੰ ਪਹਿਲ ਦੇ ਸਕਦੇ ਹਨ। ਸੁਪਰੀਮ ਕੋਰਟ ਦੇ ਹੁਕਮ ਨੇ ਏਐੱਮਯੂ ਦੇ ਦਰਜੇ ’ਤੇ ਤਿੰਨ ਜੱਜਾਂ ਦੇ ਆਖਿ਼ਰੀ ਫੈਸਲੇ ਨੂੰ ਮੁਲਤਵੀ ਕਰ ਦਿੱਤਾ। ਇਸ ਨਾਲ ਸੰਭਾਵਨਾ ਬਣੀ ਹੈ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਮੁਸਲਿਮ ਵਿਦਿਆਰਥੀਆਂ ਲਈ ਸੀਟਾਂ ਰਾਖਵੀਆਂ ਕਰ ਸਕਦੀ ਹੈ ਜੋ ਫ਼ਿਰਕੇ ਦੀ ਸੇਵਾ ਕਰਨ ਦੇ ਇਸ ਦੇ ਮਨੋਰਥ ਨੂੰ ਮਜ਼ਬੂਤ ਕਰ ਸਕਦਾ ਹੈ। ਇਸ ਫੈਸਲੇ ਦਾ ਕਾਫੀ ਮਹੱਤਵ ਹੈ ਕਿਉਂਕਿ ਇਹ ਘੱਟਗਿਣਤੀਆਂ ਦੇ ਹੱਕਾਂ ਅਤੇ ਖੁਦਮੁਖਤਾਰੀ ’ਤੇ ਜਾਰੀ ਵਿਆਪਕ ਵਿਚਾਰ-ਚਰਚਾ ਵਿਚਾਲੇ ਆਇਆ ਹੈ। ਇਸ ਮਾਮਲੇ ’ਚੋਂ ਸਰਕਾਰੀ ਨਿਯਮਾਂ ਅਤੇ ਵੱਖ-ਵੱਖ ਫਿਰਕਿਆਂ ਦੀ ਅਗਵਾਈ ’ਚ ਚੱਲਦੀ ਅਜਿਹੀ ਸਿੱਖਿਆ ਵਿਚਾਲੇ ਸੰਤੁਲਨ ਬਣਾਉਣ ਦਾ ਸਵਾਲ ਵੀ ਉੱਭਰਿਆ ਸੀ। ਅਦਾਲਤ ਦੇ ਸੂਖਮ ਰੁਖ ਨੇ ਸਵੀਕਾਰਿਆ ਹੈ ਕਿ ਭਾਰਤ ਦੇ ਅਕਾਦਮਿਕ ਭੂ-ਦ੍ਰਿਸ਼ ਵਿਚ ਵੰਨ-ਸਵੰਨਤਾ ਨੂੰ ਹੁਲਾਰਾ ਦੇਣ ਲਈ ਘੱਟਗਿਣਤੀਆਂ ਨੂੰ ਵਿਦਿਅਕ ਹੱਕ ਦੇਣਾ ਜ਼ਰੂਰੀ ਹੈ। ਪੱਖ ਵਿਚ ਆਇਆ ਇਹ ਫੈਸਲਾ, ਨਾ ਸਿਰਫ਼ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਲਈ ਬਲਕਿ ਘੱਟਗਿਣਤੀ ਦਰਜਾ ਮੰਗ ਰਹੀਆਂ ਅਜਿਹੀਆਂ ਹੋਰਨਾਂ ਸੰਸਥਾਵਾਂ ਲਈ ਵੀ ਰਾਹ ਦਸੇਰਾ ਬਣ ਸਕਦਾ ਹੈ। ਇਹ ਸਿੱਖਿਆ ’ਚ ਘੱਟਗਿਣਤੀਆਂ ਦੇ ਹੱਕਾਂ ਪ੍ਰਤੀ ਮੁਲਕ ਦੀ ਪਹੁੰਚ ਵਿਚ ਤਬਦੀਲੀ ਦਾ ਕਾਰਨ ਵੀ ਬਣ ਸਕਦਾ ਹੈ।

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ Read More »

ਫਾਉਂਡਰ ਚੇਅਰਮੈਨ ਸੁਰੇਸ਼ ਮੱਲ੍ਹਣ ਯੂ.ਐਸ.ਏ. ਨੇ ਕੀਤੀ ਸਰਬ ਨੌਜਵਾਨ ਸਭਾ ਦੇ ਕਾਰਜਾਂ ਦੀ ਸਮੀਖਿਆ

* ਕਿਹਾ- ਉੱਮੀਦ ਤੋਂ ਜਿਆਦਾ ਕਾਮਯਾਬੀ ਨਾਲ ਕੰਮ ਕਰ ਰਹੀ ਸਭਾ * ਵੋਕੇਸ਼ਨਲ ਸੈਂਟਰ ‘ਚ ਜਲਦ ਸ਼ੁਰੂ ਹੋਵੇਗਾ ਹੈਲਥ ਕੇਅਰ ਕੋਰਸ – ਸੁਖਵਿੰਦਰ ਸਿੰਘ ਫਗਵਾੜਾ 9 ਨਵੰਬਰ (ਏ.ਡੀ.ਪੀ ਨਿਯੂਜ਼) – ਸਮਾਜ ਸੇਵਾ ਦੇ ਖੇਤਰ ‘ਚ ਪਿਛਲੇ ਕਰੀਬ 35 ਸਾਲਾਂ ਤੋਂ ਸਰਗਰਮ ਜੱਥੇਬੰਦੀ ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਦੇ ਫਾਉਂਡਰ ਚੇਅਰਮੈਨ ਅਤੇ ਐਨ.ਆਰ.ਆਈ. ਸੁਰੇਸ਼ ਮੱਲ੍ਹਣ ਯੂ.ਐਸ.ਏ. ਦਾ ਵਤਨ ਫੇਰੀ ਮੌਕੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਥਾਨਕ ਹੋਟਲ ਰੀਜੈਂਟਾ ਵਿਖੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਮੁੱਖ ਸਰਪ੍ਰਸਤ ਸਤਪਾਲ ਲਾਂਬਾ ਨੇ ਕੀਤੀ। ਸਭਾ ਦੀ ਸਲਾਹਕਾਰ ਕਮੇਟੀ ਦੇ ਮੈਂਬਰਾਂ ਤਵਿੰਦਰ ਰਾਮ ਚੇਅਰਮੈਨ ਮਾਰਕੀਟ ਕਮੇਟੀ ਅਤੇ ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਪ੍ਰਧਾਨ ਐੱਸ.ਸੀ.ਵਿੰਗ ਆਮ ਆਦਮੀ ਪਾਰਟੀ ਵਲੋਂ ਫਾਉਂਡੇਰ ਚੇਅਰਮੈਨ ਸੁਰੇਸ਼ ਮੱਲ੍ਹਣ ਨੂੰ ਸਭਾ ਦੀਆਂ ਗਤੀਵਿਧੀਆਂ ਨਾਲ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਅਕਤੂਬਰ ਮਹੀਨੇ ਵਿਚ 9 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦਾ ਸਮੂਹਿਕ ਵਿਆਹ ਸਮਾਗਮ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਵਧੀਆ ਢੰਗ ਨਾਲ ਸੰਪਨ ਹੋਇਆ। ਜਿਸ ਵਿਚ ਪੰਜਾਬ ਭਰ ਤੋਂ ਸਿਆਸੀ ਆਗੂਆਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਮਾਜਿਕ ਤੇ ਧਾਰਮਿਕ ਖੇਤਰ ਦੇ ਮੋਹਤਵਰ ਵਿਅਕਤੀਆਂ ਨੇ ਨਵਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ। ਇਸ ਤੋਂ ਇਲਾਵਾ ਲੋੜਵੰਦ ਮਰੀਜਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ, ਵਾਤਾਵਰਣ ਸੁਰੱਖਿਆ ਨੂੰ ਸਮਰਪਿਤ ਪ੍ਰੋਗਰਾਮ ਤੇ ਹੋਰ ਵੀ ਬਹੁਤ ਸਾਰੇ ਸਮਾਜ ਸੇਵੀ ਕਾਰਜ ਲਗਾਤਾਰ ਜਾਰੀ ਹਨ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਫਾਉਂਡਰ ਚੇਅਰਮੈਨ ਸੁਰੇਸ਼ ਮੱਲ੍ਹਣ ਨੂੰ ਦੱਸਿਆ ਕਿ ਸਭਾ ਵਲੋਂ ਸਕੀਮ ਨੰਬਰ 3 ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਚਲਾਏ ਜਾ ਰਹੇ ਵੋਕੇਸ਼ਨ ਸੈਂਟਰ ਵਿਚ ਲੜਕੀਆਂ ਨੂੰ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਿਲਾਈ, ਕਟਾਈ, ਬਿਉਟੀਸ਼ੀਅਨ ਅਤੇ ਕੰਪਿਉਟਰ ਕੋਰਸ ਕਰਵਾਏ ਜਾ ਰਹੇ ਹਨ। ਸੈਂਕੜੇ ਲੜਕੀਆਂ ਨੇ ਸਫਲਤਾ ਨਾਲ ਕੋਰਸ ਪੂਰਾ ਕੀਤਾ ਹੈ ਅਤੇ ਕੋਰਸ ਪੂਰਾ ਕਰਨ ਤੋਂ ਬਾਅਦ ਲੜਕੀਆਂ ਨੂੰ ਰੁਜਗਾਰ ਦੇ ਸਾਧਨ ਵੀ ਸਭਾ ਵਲੋਂ ਮੁਹੱਈਆ ਕਰਵਾਏ ਜਾਂਦੇ ਹਨ। ਆਉਂਦੇ ਦਿਨਾਂ ਵਿਚ ਜਲਦੀ ਹੀ ਹੈਲਥ ਕੇਅਰ ਦਾ ਨਵਾਂ ਕੋਰਸ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਸੁਰੇਸ਼ ਮੱਲ੍ਹਣ ਨੇ ਸਭਾ ਦੀਆਂ ਸਮਾਜ ਸੇਵੀ ਕਾਰਗੁਜਾਰੀਆਂ ਪ੍ਰਤੀ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਬ ਨੌਜਵਾਨ ਸਭਾ ਦਾ ਗਠਨ ਕਰੀਬ 35 ਸਾਲ ਪਹਿਲਾਂ ਜਿਸ ਉੱਮੀਦ ਦੇ ਨਾਲ ਕੀਤਾ ਸੀ, ਇਹ ਉਸ ਉੱਮੀਦ ਤੋਂ ਵੀ ਵੱਧ ਕਾਮਯਾਬੀ ਨਾਲ ਕੰਮ ਕਰ ਰਹੀ ਹੈ। ਜਿਸ ਦੇ ਲਈ ਸਭਾ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਵਧਾਈ ਦੇ ਪਾਤਰ ਹਨ। ਉਹਨਾਂ ਭਰੋਸਾ ਦਿੱਤਾ ਕਿ ਸਭਾ ਦੀ ਬਿਹਤਰੀ ਅਤੇ ਸਮਾਜ ਸੇਵੀ ਪ੍ਰੋਜੈਕਟਾਂ ਨੂੰ ਹੋਰ ਵੀ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਵਿਚ ਉਹ ਹਮੇਸ਼ਾ ਸਹਿਯੋਗ ਦਿੰਦੇ ਰਹਿਣਗੇ। ਸਭਾ ਵਲੋਂ ਫਾਉਂਡੇਰ ਚੇਅਰਮੈਨ ਸੁਰੇਸ਼ ਮੱਲ੍ਹਣ ਦੀ ਆਮਦ ਦੀ ਖੁਸ਼ੀ ਵਿਚ ਕੇਕ ਕੱਟਿਆ ਗਿਆ। ਉਹਨਾਂ ਨੂੰ ਲੋਈ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਪਰਮਜੀਤ ਸਿੰਘ ਖੁਰਾਣਾ ਸਾਬਕਾ ਕੌਂਸਲਰ, ਰਣਜੀਤ ਮੱਲ੍ਹਣ ਕਨੇਡਾ, ਇੰਦਰਜੀਤ ਕਾਲੜਾ, ਐਚ.ਐਸ.ਰਾਜਾ, ਰਾਜਕੁਮਾਰ ਕਨੌਜੀਆ ਸੀਨੀਅਰ ਉਪ ਪ੍ਰਧਾਨ, ਰਵਿੰਦਰ ਸਿੰਘ ਰਾਏ ਉਪ ਪ੍ਰਧਾਨ, ਡਾ. ਵਿਜੇ ਕੁਮਾਰ ਜਨਰਲ ਸਕੱਤਰ, ਰਾਮ ਸਕੂਜਾ ਮੋਹਨ ਸਵੀਟਸ, ਜੁਣੇਸ਼ ਜੈਨ, ਜੋਗਿੰਦਰ ਕੁਮਾਰ ਜੇ.ਕੇ ਢਾਬਾ, ਪਰਮਜੀਤ ਰਾਏ, ਆਰ.ਪੀ. ਸ਼ਰਮਾ, ਜਗਜੀਤ ਸੇਠ ਮੈਨੇਜਰ, ਨਰਿੰਦਰ ਸੈਣੀ, ਸਾਹਿਬਜੀਤ ਸਾਬੀ, ਅਸ਼ੋਕ ਕੁਮਾਰ ਡੀ. ਪੀ., ਜਸ਼ਨ ਮਹਿਰਾ, ਮਨਦੀਪ ਬਾਸੀ, ਵਿੱਕੀ ਸਿੰਘ, ਗੁਰਦੀਪ ਸਿੰਘ ਤੁਲੀ ਕੋਆਰਡੀਨੇਟਰ ਵਪਾਰ ਸੈਲ ਆਪ ਫਗਵਾੜਾ, ਅਸ਼ੋਕ ਸ਼ਰਮਾ ਤੋਂ ਇਲਾਵਾ ਸੀਨੀਅਰ ਮਹਿਲਾ ਆਪ ਆਗੂ ਪ੍ਰਿਤਪਾਲ ਕੌਰ ਤੁਲੀ, ਰਾਕੇਸ਼ ਕੋਛੜ ਆਦਿ ਹਾਜ਼ਰ ਸਨ।

ਫਾਉਂਡਰ ਚੇਅਰਮੈਨ ਸੁਰੇਸ਼ ਮੱਲ੍ਹਣ ਯੂ.ਐਸ.ਏ. ਨੇ ਕੀਤੀ ਸਰਬ ਨੌਜਵਾਨ ਸਭਾ ਦੇ ਕਾਰਜਾਂ ਦੀ ਸਮੀਖਿਆ Read More »

ਪੁਸਤਕ ‘ਸੁਰਿੰਦਰਪ੍ਰੀਤ ਘਣੀਆਂ ਦੀ ਗ਼ਜ਼ਲ -ਚੇਤਨਾ’ ਸੰਬੰਧੀ ਲੋਕ-ਅਰਪਣ ਅਤੇ ਵਿਚਾਰ ਚਰਚਾ ਸਮਾਗਮ ਨੇ ਗੋਸ਼ਟੀ ਦਾ ਰੂਪ ਧਾਰਿਆ

ਪਟਿਆਲਾ 9 ਨਵੰਬਰ – ਇੱਥੇ ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਦੇ ਸੈਮੀਨਾਰ ਹਾਲ ਵਿਖੇ ਡਾ. ਬਲਵਿੰਦਰ ਕੌਰ ਸਿੱਧੂ ਡੀਨ ਭਾਸ਼ਾਵਾਂ ਦੀ ਸਮੁੱਚੀ ਤੇ ਸੁਯੋਗ ਅਗਵਾਈ ਤਹਿਤ ਮਹਾਰਿਸ਼ੀ ਵਾਲਮੀਕੀ ਚੇਅਰ ਦੇ ਸਹਿਯੋਗ ਨਾਲ ਪ੍ਰਸਿੱਧ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਦੀ ਸਮੁੱਚੀ ਸ਼ਾਇਰੀ ਬਾਰੇ  ਸੰਪਾਦਿਤ ਪੁਸਤਕ ‘ਸੁਰਿੰਦਰਪ੍ਰੀਤ ਘਣੀਆਂ ਦੀ ਗ਼ਜ਼ਲ ਚੇਤਨਾ’ ਸੰਬੰਧੀ ਇਕ ਸ਼ਾਨਦਾਰ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਭੀਮਇੰਦਰ ਸਿੰਘ ਡਾਇਰੈਕਟਰ, ਵਰਡ ਪੰਜਾਬੀ ਸੈਂਟਰ ਨੇ ਕੀਤੀ ਜਦੋਂ ਕਿ ਸੁਖਦੇਵ  ਬਾਂਸਲ ਪ੍ਰਧਾਨ, ਪੰਜਾਬੀ ਆਰਟਸ ਅਤੇ ਲਿਟਰੇਰੀ ਅਕੈਡਮੀ ਯੂ. ਕੇ. ਲੈਸਟਰ ਆਪਣੇ ਸ਼ਰੀਕੇ ਹਯਾਤ ਸੁਰਿੰਦਰ ਕੌਰ ਬਾਂਸਲ ਸਮੇਤ ਮੁੱਖ ਮਹਿਮਾਨ ਵਜੋਂ ਅਤੇ ਡਾ. ਨਰਿੰਦਰ ਕੌਰ ਮੁਲਤਾਨੀ ਡੀਨ ,ਅਕਾਦਮਿਕ ਮਾਮਲੇ ਵਿਸ਼ੇਸ਼ ਮਹਿਮਾਨ ਵਜੋਂ ਇਸ ਸਮਾਗਮ ਵਿੱਚ ਹਾਜ਼ਰ ਹੋਏ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਡਾ. ਬਲਵਿੰਦਰ ਕੌਰ ਸਿੱਧੂ, ਦਰਸ਼ਨ ਬੁੱਟਰ, ਸੁਰਿੰਦਰਪ੍ਰੀਤ ਘਣੀਆਂ,ਡਾ. ਦਰਸ਼ਨ ਸਿੰਘ  ਆਸ਼ਟ, ਸੁਸ਼ੀਲ ਦੁਸਾਂਝ, ਬਲਵਿੰਦਰ ਸੰਧੂ ਵੀ ਸ਼ਾਮਲ ਸਨ। ਸਮਾਗਮ ਦੇ ਸ਼ੁਰੂ ਵਿਚ ਡਾ. ਬਲਵਿੰਦਰ ਕੌਰ ਸਿੱਧੂ ਡੀਨ, ਭਾਸ਼ਾਵਾਂ ਨੇ ਹਾਜਰ ਮਹਿਮਾਨਾਂ ਨੂੰ ਨਿੱਘੀ ਜੀ ਆਇਆਂ ਆਖਦਿਆਂ ਕਿਹਾ ਕਿ ਸੁਰਿੰਦਰਪ੍ਰੀਤ ਘਣੀਆਂ ਮੇਰੇ ਇਲਾਕੇ ਬਠਿੰਡਾ ਦਾ ਚਰਚਿਤ ਅਤੇ ਪ੍ਰਸਿੱਧ ਸ਼ਾਇਰ ਹੈ ਜਿਸ ਦੀ ਸ਼ਾਇਰੀ ਵਿਚ ਪਿੰਡ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਦੇ ਦਲਿਤ, ਦਮਿਤ ਅਤੇ ਪੀੜਤ ਲੋਕਾਂ ਦੀ ਗੱਲ ਗਹਿਰੀ ਸੰਵੇਦਨਾ ਨਾਲ ਕਲਾਤਮਕ ਢੰਗ ਨਾਲ ਪੇਸ਼ ਹੋਈ ਹੈ। ਮੈਨੂੰ ਉਹਨਾਂ ਦੀ ਇਸ ਪੁਸਤਕ ਵਾਰੇ ਸਮਾਗਮ ਆਯੋਜਿਤ ਕਰਕੇ ਬੇਹੱਦ ਪ੍ਰਸੰਨਤਾ ਹੋਈ ਹੈ।  ਇਸ ਉਪਰੰਤ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਲੋਕ ਅਰਪਣ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਸੁਖਦੇਵ ਸਿੰਘ ਬਾਂਸਲ ਨੇ ਕਿਹਾ ਕਿ ਪਦਾਰਥ ਦੇ ਬੇਸ਼ੁਮਾਰ ਢੇਰ ਇੱਕਠੇ ਕਰਨ ਦੇ ਬਾਵਜੂਦ ਵੀ ਮਨੁੱਖ ਪ੍ਰੇਸ਼ਾਨ ਹੈ ਅਤੇ ਖੁਦਕੁਸ਼ੀਆਂ ਕਰ ਰਿਹਾ ਹੈ। ਵਿਸ਼ਵ ਸਾਮਰਾਜ ਅਤੇ ਵਿਸ਼ਵ ਮੰਡੀ ਦੀਆਂ ਲੋਕ ਦੋਖੀ ਨੀਤੀਆਂ ਕਾਰਣ ਅਜੋਕਾ ਮਨੁੱਖ ਜੀਵਨ ਦੀਅਆਂ ਮੁੱਖ ਲੋੜਾਂ ਤੋਂ ਵੀ ਮਹਿਰੂਮ ਹੈ। ਉਨ੍ਹਾਂ ਕਿਹਾ ਕਿ ਸੁਰਿੰਦਰਪ੍ਰੀਤ ਘਣੀਆਂ ਮੰਡੀ ਦੇ ਸੌਦਾਗਰਾਂ ਦੀਆਂ ਇਨ੍ਹਾਂ ਲੋਕ ਦੋਖੀ ਨੀਤੀਆਂ ਪ੍ਰਤੀ ਅਚੇਤ ਪਾਠਕ ਨੂੰ ਸੁਚੇਤ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਸ਼ਾਂਤੀ ਅਤੇ ਖੁਸ਼ੀ ਲਈ ਅਜੋਕੇ ਮਨੁੱਖ ਨੂੰ ਪ੍ਰਕਿਰਤੀ ਅਤੇ ਅਧਿਆਤਮ ਨਾਲ ਜੁੜਨਾ ਹੋਵੇਗਾ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਭੀਮਇੰਦਰ ਸਿੰਘ ਨੇ ਕਿਹਾ ਕਿ ਵਿਸ਼ਵ ਮੰਡੀ ਹੀ ਜ਼ਮੀਨਾਂ, ਜ਼ਮੀਰਾਂ, ਵਸਤਾਂ ਇੱਥੋਂ ਤੱਕ ਕਿ ਜ਼ਿੰਦਗੀ ਦੇ ਪ੍ਰਮੁੱਖ ਸਰੋਕਾਰ ਪਿਆਰ ,ਮੁਹੱਬਤ ਦੀ ਕੀਮਤ ਤੈਅ ਕਰਦੀ ਹੈ ਜੋ ਕਿ ਮਨੁੱਖ ਦੀ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਵਾਸਤੇ ਬੇਹੱਦ ਖਤਰਨਾਕ ਵਰਤਾਰਾ ਹੈ।ਉਹਨਾਂ ਕਿਹਾ ਕਿ ਸੁਰਿੰਦਰਪ੍ਰੀਤ  ਘਣੀਆਂ ਆਪਣੀ ਸ਼ਾਇਰੀ ਵਿਚ ਇਹਨਾਂ ਖਤਰਨਾਕ ਵਰਤਾਰਿਆਂ ਪਿੱਛੇ ਲੁਕਵੇਂ ਕਾਰਕਾਂ ਦੀ ਨਿਸ਼ਾਨਦੇਹੀ ਕਰਕੇ ਇਨ੍ਹਾਂ ਵਰਤਾਰਿਆਂ ਤੋਂ ਪਰਦਾ ਉਠਾਉਂਦਾ ਹੈ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾ. ਨਰਿੰਦਰ ਕੌਰ ਮੁਲਤਾਨੀ ਦਾ ਕਹਿਣਾ ਸੀ ਕਿ ਪੁਸਤਕ ਦਾ ਨਾਮ ਹੀ ਸਾਨੂੰ ਇਹ ਸੋਅ ਦਿੰਦਾ ਹੈ ਕਿ ਇਸ ਪੁਸਤਕ ਦੀ ਸ਼ਾਇਰੀ ਪਾਠਕਾਂ ਨੂੰ ਲੋਕ ਵਿਰੋਧੀ ਵਰਤਾਰਿਆਂ ਪ੍ਰਤੀ ਸੁਚੇਤ ਕਰੇਗੀ। ਇਸ ਤੋਂ ਪਹਿਲਾਂ ਦਰਸ਼ਨ ਬੁੱਟਰ ਨੇ ਪ੍ਰਮੁੱਖ ਬੁਲਾਰੇ ਵਜੋਂ  ਬੋਲਦਿਆਂ ਸੁਰਿੰਦਰ ਪ੍ਰੀਤ ਘਣੀਆਂ ਦੀ ਇਕ ਗ਼ਜ਼ਲ ਤਰੰਨਮ ਵਿਚ ਪੇਸ਼ ਕਰਨ ਉਪਰੰਤ ਸ੍ਰੀ ਘਣੀਆਂ ਨੂੰ ਰੋਹ ਅਤੇ ਸੱਤਾ ਪ੍ਰਤੀ ਨਾਬਰੀ ਦਾ ਸ਼ਾਇਰ ਕਿਹਾ। ਪ੍ਰਸਿੱਧ ਆਲੋਚਕ ਅਤੇ ਲੋਕ ਸੰਘਰਸ਼ ਵਿਚ ਜ਼ਿਕਰਯੋਗ ਯੋਗਦਾਨ ਪਾ ਰਹੀ ਡਾ. ਅਰਵਿੰਦਰ ਕੌਰ ਕਾਕੜਾ ਨੇ  ਕਿਹਾ ਕਿ ਸੁਰਿੰਦਰਪ੍ਰੀਤ ਘਣੀਆਂ ਆਪਣੀ ਸ਼ਾਇਰੀ ਵਿਚ ਘਰ ਤੋਂ ਲੈ ਕੇ ਵਿਸ਼ਵ ਪੱਧਰ ਦੇ ਸਰੋਕਾਰਾਂ ਅਤੇ ਮਸਲਿਆਂ ਬਾਰੇ ਸੰਵਾਦ ਰਚਾਉਂਦਾ ਹੈ। ਸੁਸ਼ੀਲ ਦੁਸਾਂਝ ਦਾ ਕਹਿਣਾ ਸੀ ਕਿ ਸੁਰਿੰਦਰਪ੍ਰੀਤ ਘਣੀਆਂ ਜਿੱਥੇ ਇਕ ਗ਼ਜ਼ਲਕਾਰ ਵਜੋਂ ਆਪਣਾ ਜ਼ਿਕਰਯੋਗ ਯੋਗਦਾਨ ਪਾ ਰਿਹਾ ਹੈ ਉਥੇ ਉਹ ਪਿਛਲੇ ਵੀਹ ਸਾਲਾਂ ਤੋਂ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਵੱਖ ਵੱਖ ਅਹੁਦਿਆਂ ਤੇ ਕਾਰਜਸ਼ੀਲ ਹੁੰਦਿਆਂ  ਮਾਂ ਬੋਲੀ, ਸਾਹਿਤ, ਸੱਭਿਆਚਾਰ ਆਦਿ ਦੀ ਪ੍ਰਫੁੱਲਤਾ ਪ੍ਰਤੀ ਬੜੀ ਸੁਹਿਰਦਤਾ ਅਤੇ ਸਰਗਰਮੀ ਨਾਲ ਜਥੇਬੰਦਕ ਯੋਗਦਾਨ ਵੀ ਪਾ ਰਿਹਾ ਹੈ। ਇਸ ਮੌਕੇ ਸ਼੍ਰੋਮਣੀ ਕਵੀ ਬਲਵਿੰਦਰ ਸੰਧੂ ਨੇ ਕਿਹਾ ਕਿ ਸੁਰਿੰਦਰਪ੍ਰੀਤ ਘਣੀਆਂ ਦੀ ਸ਼ਾਇਰੀ ਵਿਚ ਸਾਡੇ ਸਾਰੇ ਦੇਸ਼ ਦੀ ਵਿਭਿੰਨਤਾ ਵਾਂਗ ਪ੍ਰਕਿਰਤੀ, ਪ੍ਰਗਤੀਸ਼ੀਲਤਾ, ਰੁਮਾਂਸ, ਆਸ਼ਾ, ਨਿਰਾਸ਼ਾ ਆਦਿ ਸਰੋਕਾਰ ਬੜੇ ਹੀ ਕਲਾਤਮਿਕ ਰੂਪ ‘ਚ ਪੇਸ਼ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਪੁਸਤਕ ਨਵੇਂ ਗ਼ਜ਼ਲਕਾਰਾਂ ਅਤੇ ਖੋਜਾਰਥੀਆਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ। ਪ੍ਰਸਿੱਧ ਆਲੋਚਕ ਡਾ. ਗੁਰਜੰਟ ਸਿੰਘ ਨੇ ਕਿਹਾ ਕਿ ਸੁਰਿੰਦਰਪ੍ਰੀਤ ਘਣੀਆਂ ਪੰਜਾਬੀ ਸਾਹਿਤ ਦੀ ਨਾਬਰੀ ਦੀ ਰਵਾਇਤ ਨੂੰ ਬਾਖੂਬੀ ਅੱਗੇ ਤੋਰਦਾ ਹੋਇਆ ਸੱਤਾ ਪ੍ਰਤੀ ਆਪਣਾ ਰੋਹ ਅਤੇ ਆਵਾਜ਼ ਬੁਲੰਦ ਕਰਦਾ ਹੈ। ਸ਼੍ਰੋਮਣੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਮੈਂ ਘਣੀਆਂ ਜੀ ਦਾ ਲੰਮੇ ਸਮੇਂ ਤੋਂ ਪਾਠਕ ਹਾਂ। ਉਸਦੀ ਲੋਕ ਭਾਸ਼ਾ ਵਿਚ ਲਿਖੀ  ਲੋਕ ਪੱਖੀ ਸ਼ਾਇਰੀ  ਮਨ ਨੂੰ ਟੁੰਬਦੀ ਹੈ। ਪ੍ਰਸਿੱਧ ਸ਼ਾਇਰ ਅਤੇ ਆਲੋਚਕ ਡਾ. ਗੁਰਸੇਵਕ ਲੰਬੀ ਨੇ ਜਿੱਥੇ ਸੁਰਿੰਦਰਪ੍ਰੀਤ ਘਣੀਆਂ ਦੀ ਗ਼ਜ਼ਲ ਦੇ ਲੋਕਪੱਖੀ ਸਰੋਕਾਰਾਂ ਅਤੇ ਕਲਾਤਮਿਕਤਾ ਦੀ ਪ੍ਰਸੰਸਾ ਕੀਤੀ ਉਥੇ ਸਰੋਤਿਆਂ ਦੀ ਮੰਗ ਨੂੰ ਕਬੂਲਦਿਆਂ ਆਪਣੀ ਇਕ ਭਾਵਪੂਰਤ ਰਚਨਾ ਤਰੰਨਮ ਵਿਚ ਪੇਸ਼ ਕਰਦਿਆਂ ਵਿਸ਼ੇਸ਼ ਵਾਹ ਵਾਹ ਖੱਟੀ। ਵਿਚਾਰ ਚਰਚਾ ਦੀ ਇਸ ਲੜੀ ਨੂੰ  ਅੰਜਾਮ ,ਤੇ  ਪਹੁੰਚਾਦਿਅਆਂ ਡਾ. ਰਾਜਵੰਤ ਕੌਰ ਪੰਜਾਬੀ, ਡਾ. ਜਸਮੀਤ ਸਿੰਘ, ਸ਼ਾਇਰ ਮੀਤ ਬਠਿੰਡਾ, ਡਾ. ਰਿਪਨਜੋਤ ਕੌਰ ਸੋਨੀ, ਸ੍ਰੀਮਤੀ ਸ਼ਾਂਤਾ ਦੇਵੀ ਸਾਬਕਾ ਰਜਿਸਟਰਾਰ,  ਦਰਸ਼ਨ ਸਿੰ ਘ ਲਾਇਬ੍ਰੇਰੀ ਇੰਚਾਰਜ ਨੇ ਵੀ ਪੁਸਤਕ ਉਪਰ ਵਿਚਾਰ ਪੇਸ਼ ਕਰਦਿਆਂ ਸੁਰਿੰਦਰਪ੍ਰੀਤ ਘਣੀਆਂ ਅਤੇ  ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਸਮਾਗਮ ਦੇ ਪ੍ਰਬੰਧਕ ਗੁਰਜੀਤ ਸਿੰਘ ਗਿੱਲ ਨੇ ਮੰਚ ਸੰਚਾਲਨ ਕਰਦਿਆਂ ਪੁਸਤਕ ਅਤੇ ਬੁਲਾਰਿਆਂ ਦੇ ਵਿਚਾਰਾਂ ਉੱਪਰ ਆਪਣੀ ਭਾਵਪੂਰਤ ਟਿੱਪਣੀਆਂ ਕੀਤੀਆਂ।  ਸਮਾਗਮ ਦੇ ਅੰਤ ਵਿੱਚ ਸੁਰਿੰਦਰਪ੍ਰੀਤ ਘਣੀਆਂ ਨੇ  ਸਮੂਹ ਹਾਜ਼ਰੀਨ ਅਤੇ ਸਮਾਗਮ ਦੀ ਰੂਹੇ -ਰਵਾਂ ਡਾ. ਬਲਵਿੰਦਰ ਕੌਰ ਸਿੱਧੂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ  ਕਿਹਾ ਕਿ ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਇਹ ਸਮਾਗਮ ਕਰਵਾ ਕੇ ਉਨ੍ਹਾਂ ਦੀ ਚਿਰੋਕੀ ਅਧੂਰੀ ਰੀਝ ਨੂੰ ਪੂਰਾ ਕੀਤਾ ਹੈ। ਇਸ ਮੌਕੇ  ਸੁਰਿੰਦਰਪ੍ਰੀਤ ਘਣੀਆਂ ਨੇ ਆਪਣੀਆਂ ਚਰਚਿਤ ਗ਼ਜ਼ਲਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਜਿੰਨਾਂ ਨੂੰ ਸਰੋਤਿਆਂ ਨੇ ਭਰਪੂਰ ਦਾਦ ਦਿੱਤੀ। ਇਸ ਮੌਕੇ ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਵੱਖ ਵੱਖ  ਪੰਜਾਬੀ ਵਿਭਾਗਾਂ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀ, ਖੋਜਾਰਥੀ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।

ਪੁਸਤਕ ‘ਸੁਰਿੰਦਰਪ੍ਰੀਤ ਘਣੀਆਂ ਦੀ ਗ਼ਜ਼ਲ -ਚੇਤਨਾ’ ਸੰਬੰਧੀ ਲੋਕ-ਅਰਪਣ ਅਤੇ ਵਿਚਾਰ ਚਰਚਾ ਸਮਾਗਮ ਨੇ ਗੋਸ਼ਟੀ ਦਾ ਰੂਪ ਧਾਰਿਆ Read More »

ਜੰਮੂ ਕਸ਼ਮੀਰ ਵਿਧਾਨ ਸਭਾ ਦਾ ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ

ਸ੍ਰੀਨਗਰ, 8 ਨਵੰਬਰ – ਉਪ ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦੀ ਮਤਾ ਪਾਸ ਹੋਣ ਮਗਰੋਂ ਅੱਜ ਜੰਮੂ ਕਸ਼ਮੀਰ ਵਿਧਾਨ ਸਭਾ ਦਾ ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਵਿਧਾਨ ਸਭਾ ਦਾ ਪੰਜ ਰੋਜ਼ਾ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ ਸੀ। ਲੰਘੇ ਬੁੱਧਵਾਰ ਤੋਂ ਵਿਧਾਨ ਸਭਾ ਦੀ ਕਾਰਵਾਈ ਹੰਗਾਮੇ ਕਾਰਨ ਪ੍ਰਭਾਵਿਤ ਹੁੰਦੀ ਰਹੀ। ਹਾਕਮ ਧਿਰ ਨੈਸ਼ਨਲ ਕਾਨਫਰੰਸ ਵੱਲੋਂ ਪੇਸ਼ ਕੀਤੇ ਗਏ ਇੱਕ ਮਤੇ ਦੇ ਪਾਸ ਹੋਣ ਮਗਰੋਂ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਨੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਇਸ ਮਤੇ ’ਚ ਜੰਮੂ ਕਸ਼ਮੀਰ ਦੀ ਰਾਜ ਵਜੋਂ ਵਿਸ਼ੇਸ਼ ਸਥਿਤੀ ਦੀ ਬਹਾਲੀ ਲਈ ਦਿੱਲੀ ਤੇ ਖੇਤਰ ਦੇ ਚੁਣੇ ਹੋਏ ਨੁਮਾਇੰਦਿਆਂ ਵਿਚਾਲੇ ਗੱਲਬਾਤ ਦੀ ਮੰਗ ਕੀਤੀ ਗਈ ਸੀ। ਸੈਸ਼ਨ ਦੇ ਆਖਰੀ ਦਿਨ ਅੱਜ ਵਿਧਾਨ ਸਭਾ ਨੇ ਉਪ ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦੀ ਮਤਾ ਪਾਸ ਕੀਤਾ ਅਤੇ ਇਸ ਮਗਰੋਂ ਸਪੀਕਰ ਅਬਦੁਲ ਰਹੀਮ ਰਾਠੇਰ ਨੇ ਸਦਨ ਨੂੰ ਅਣਮਿੱਥੇ ਸਮੇਂ ਲਈ ਉਠਾ ਦਿੱਤਾ।

ਜੰਮੂ ਕਸ਼ਮੀਰ ਵਿਧਾਨ ਸਭਾ ਦਾ ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ Read More »

ਰਾਹੁਲ ਨੂੰ ਸਾਵਰਕਰ ਬਾਰੇ ਬੋਲਣ ਲਈ ਕਹਿਣ ਕਾਂਗਰਸ ਤੇ ਭਾਈਵਾਲ

ਨਾਸਿਕ, 8 ਨਵੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਰਾਸ਼ਟਰ ਵਿੱਚ ਕਾਂਗਰਸ ਦੀਆਂ ਭਾਈਵਾਲ ਪਾਰਟੀਆਂ ਨੂੰ ਚੁਣੌਤੀ ਦਿੱਤੀ ਕਿ ਉਹ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਹਿੰਦੁਤਵ ਵਿਚਾਰਧਾਰਕ ਵੀਡੀ ਸਾਵਰਕਰ ਅਤੇ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਦੀ ਪ੍ਰਸ਼ੰਸਾ ਵਿੱਚ 15 ਮਿੰਟ ਬੋਲਣ ਲਈ ਕਹਿਣ। ਉਨ੍ਹਾਂ ਕਿਹਾ ਕਿ ਸਾਵਰਕਰ ਤੇ ਬਾਲ ਠਾਕਰੇ ਦਾ ਦੇਸ਼ ਵਿੱਚ ਯੋਗਦਾਨ ਬੇਮਿਸਾਲ ਹੈ। ਮੋਦੀ ਨੇ ਕਿਹਾ ਕਿ ਉਹ ਉਨ੍ਹਾਂ ਦੇ ਜਵਾਬ ਦਾ ਇੰਤਜ਼ਾਰ ਕਰਨਗੇ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਆਪਣੀ ਪ੍ਰਚਾਰ ਮੁਹਿੰਮ ਨੂੰ ਭਖਾਉਂਦਿਆਂ ਉਨ੍ਹਾਂ ਅੱਜ ਨਾਸਿਕ ਜ਼ਿਲ੍ਹੇ ਵਿੱਚ ਆਪਣੀ ਦੂਜੀ ਰੈਲੀ ਕੀਤੀ। ਮੋਦੀ ਨੇ ਦੋਸ਼ ਲਗਾਇਆ ਕਿ ਕਾਂਗਰਸ ਸੱਤਾ ਲਈ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀਜ਼) ਨੂੰ ਕਮਜ਼ੋਰ ਕਰਨਾ ਤੇ ਵੰਡਣਾ ਚਾਹੁੰਦੀ ਹੈ। ਉਨ੍ਹਾਂ ਕਾਂਗਰਸ ਨੂੰ ‘ਪਰ-ਜੀਵੀ’ ਕਰਾਰ ਦਿੱਤਾ ਜੋ ਕਿ ਆਪਣੀ ਹੋਂਦ ਬਚਾਉਣ ਲਈ ਹੋਰ ਪਾਰਟੀਆਂ ’ਤੇ ਨਿਰਭਰ ਕਰਦੀ ਹੈ। ਭਾਜਪਾ ਦੇ ਸਟਾਰ ਪ੍ਰਚਾਰਕ ਨੇ ਕਿਹਾ ਕਿ 20 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਮਹਾਰਾਸ਼ਟਰ ਦੇ ਆਤਮ ਸਨਮਾਨ ਅਤੇ ਮਾਣ ਦੀ ਲੜਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ’ਤੇ ਇਕ ਜਾਤੀ ਨੂੰ ਦੂਜੀ ਨਾਲ ਲੜਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ‘ਏਕ ਹੈਂ ਤੋਂ ਸੇਫ (ਸੁਰੱਖਿਅਤ) ਹੈਂ।’’ ਮਹਾਰਾਸ਼ਟਰ ਵਿੱਚ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਰੈਲੀ ਵਿੱਚ ਮੋਦੀ ਨੇ ਕਿਹਾ, ‘‘ਉਹ ਨਹੀਂ ਚਾਹੁੰਦੇ ਕਿ ਐੱਸਸੀ, ਐੱਸਟੀ ਅਤੇ ਓਬੀਸੀ ਪ੍ਰਗਤੀ ਕਰਨ ਅਤੇ ਉਨ੍ਹਾਂ ਨੂੰ ਉਚਿਤ ਮਾਨਤਾ ਮਿਲੇ..ਚੇਤੇ ਰੱਖੋ, ਏਕ ਹੈਂ ਤੋਂ ਸੇਫ ਹੈਂ।’’ ਉਨ੍ਹਾਂ ‘ਇੰਡੀਆ’ ਗੱਠਜੋੜ ’ਤੇ ਜੰਮੂ ਕਸ਼ਮੀਰ ਤੋਂ ਭਾਰਤ ਦਾ ਸੰਵਿਧਾਨ ਹਟਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਅਤੇ ਨਾਲ ਹੀ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਦੀ ਕੋਈ ਤਾਕਤ ਉੱਥੇ ਧਾਰਾ 370 ਬਹਾਲ ਨਹੀਂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਦਲਿਤਾਂ ਤੇ ਕਬਾਇਲੀਆਂ ਨੂੰ ਭੜਕਾਉਣ ਲਈ ‘ਇੰਡੀਆ’ ਗੱਠਜੋੜ ਕੋਰੀਆਂ ਕਿਤਾਬਾਂ ਨੂੰ ਸੰਵਿਧਾਨ ਦੇ ਰੂਪ ਵਿੱਚ ਪੇਸ਼ ਕਰ ਰਿਹਾ ਹੈ।

ਰਾਹੁਲ ਨੂੰ ਸਾਵਰਕਰ ਬਾਰੇ ਬੋਲਣ ਲਈ ਕਹਿਣ ਕਾਂਗਰਸ ਤੇ ਭਾਈਵਾਲ Read More »

ਝੋਨੇ ਦੀ ਬੇਕਦਰੀ ਅਤੇ ਕਿਸਾਨੀ ਸੰਕਟ/ਰਣਜੀਤ ਸਿੰਘ ਘੁੰਮਣ

ਹਰੀ ਕ੍ਰਾਂਤੀ (ਕਣਕ-ਝੋਨਾ ਕ੍ਰਾਂਤੀ) ਜੋ ਕਿਸੇ ਵੇਲੇ ਪੰਜਾਬ ਅਤੇ ਕਿਸਾਨ ਦੀ ਆਰਥਿਕਤਾ ਲਈ ਵਰਦਾਨ ਸਮਝੀ ਜਾਂਦੀ ਸੀ, ਹੁਣ ਸਰਾਪ ਬਣ ਚੁੱਕੀ ਹੈ। ਅਜਿਹਾ ਮੁੱਖ ਤੌਰ ਤੇ ਕੇਂਦਰ ਅਤੇ ਪੰਜਾਬ ਸਰਕਾਰਾਂ ਦੀਆਂ ਖੇਤੀ ਨੀਤੀਆਂ ਕਾਰਨ ਹੋਇਆ ਹੈ। 1960ਵਿਆਂ ਦੇ ਦਹਾਕੇ ਵਿੱਚ ਕੇਂਦਰ ਸਰਕਾਰ ਨੇ ਅਨਾਜ ਦੀ ਘਾਟ ਪੂਰੀ ਕਰਨ ਲਈ ਹਰੀ ਕ੍ਰਾਂਤੀ ਨੂੰ ਸਫਲ ਬਣਾਉਣ ਲਈ ਪੰਜਾਬ ਨੂੰ ਚੁਣਿਆ। ਕਣਕ ਅਤੇ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਲਈ ਪੰਜਾਬ ਵਿਚ ਉਹ ਸਾਰੇ ਹਾਲਾਤ ਪਹਿਲਾਂ ਹੀ ਮੌਜੂਦ ਸਨ ਜੋ ਇਨ੍ਹਾਂ ਫਸਲਾਂ ਦੇ ਪ੍ਰਫੁਲਤ ਹੋਣ ਲਈ ਲੋੜੀਂਦੇ ਸਨ। ਸਰਕਾਰ ਦੁਆਰਾ ਮੁਹੱਈਆ ਕੀਤੇ ਅਨੁਕੂਲ ਮਾਹੌਲ ਨੇ ਕਿਸਾਨਾਂ ਨੂੰ ਕਣਕ-ਝੋਨੇ ਦੀ ਖੇਤੀ ਲਈ ਉਤਸ਼ਾਹਿਤ ਕੀਤਾ। ਫਲਸਰੂਪ, ਦੇਸ਼ ਅਨਾਜ ਪੱਖੋਂ ਤਾਂ ਆਤਮ-ਨਿਰਭਰ ਹੋ ਗਿਆ ਪਰ ਪੰਜਾਬ ਦਾ ਕਿਸਾਨ ਕਣਕ-ਝੋਨੇ ਦੇ ਫਸਲੀ ਚੱਕਰ ਵਿਚ ਫਸ ਗਿਆ। ਨਤੀਜੇ ਵਜੋਂ ਨਾ ਕੇਵਲ ਪੰਜਾਬ ਦੀ ਮਿੱਟੀ, ਪਾਣੀ ਤੇ ਹਵਾ ਦੀ ਗੁਣਵੱਤਾ ਖਰਾਬ ਹੋਈ ਸਗੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਖਤਰੇ ਦੀ ਹੱਦ ਤਕ ਨੀਵਾਂ ਚਲਾ ਗਿਆ। ਝੋਨੇ ਦੀ ਖਰੀਦ ਦਾ ਮੌਜੂਦਾ ਸੰਕਟ ਅਤੇ ਕਿਸਾਨਾਂ ਦੀ ਖੱਜਲ-ਖੁਆਰੀ ਜੱਗ ਜ਼ਾਹਿਰ ਹੈ। ਕੇਂਦਰ ਸਰਕਾਰ ਦੀ ਬੇਰੁਖੀ ਦੇ ਨਾਲ-ਨਾਲ ਪੰਜਾਬ ਸਰਕਾਰ ਦੀ ਅਣਗਹਿਲੀ ਅਤੇ ਪੰਜਾਬ ਤੇ ਕੇਂਦਰ ਵਿਚਾਲੇ ਖਿੱਚੋਤਾਣ ਇਸ ਲਈ ਜ਼ਿੰਮੇਵਾਰ ਹੈ। ਪੰਜਾਬ ਸਰਕਾਰ ਨੇ ਵੇਲੇ ਸਿਰ ਕੇਂਦਰ ਸਰਕਾਰ ਨਾਲ ਲੋੜੀਂਦਾ ਰਾਬਤਾ ਨਹੀਂ ਬਣਾਇਆ। ਤਕਰੀਬਨ ਡੇਢ ਕੁ ਦਹਾਕੇ ਤੋਂ ਕੇਂਦਰ ਸਰਕਾਰ ਬਿਨਾਂ ਕਿਸੇ ਪੁਖਤਾ ਨੀਤੀ ਦੇ ਪੰਜਾਬ ਸਰਕਾਰ ਨੂੰ ਹਦਾਇਤਾਂ ਰੂਪੀ ਪ੍ਰਵਚਨ ਕਰ ਰਹੀ ਹੈ ਕਿ ਝੋਨੇ ਹੇਠੋਂ ਰਕਬਾ ਘਟਾਇਆ ਜਾਵੇ। 2002 ਵਿਚ ਡਾ. ਸਰਦਾਰਾ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਕਮੇਟੀ ਨੇ ਝੋਨੇ ਹੇਠੋਂ ਰਕਬਾ ਘਟਾਉਣ ਲਈ ਕੇਂਦਰ ਤੋਂ ਵਿੱਤੀ ਪੈਕਜ ਦੀ ਸਿਫਾਰਸ਼ ਕੀਤੀ ਸੀ ਪਰ ਪੰਜਾਬ ਸਰਕਾਰ ਦੁਆਰਾ ਪਹੁੰਚ ਕਰਨ ਦੇ ਬਾਵਜੂਦ ਕੇਂਦਰ ਸਰਕਾਰ ਨੇ ਅਜਿਹਾ ਕੋਈ ਪੈਕੇਜ ਦੇਣ ਦੀ ਹਾਮੀ ਨਹੀਂ ਭਰੀ ਅਤੇ ਨਾ ਹੀ ਪਿਛਲੇ 25 ਸਾਲਾਂ ਵਿਚ ਅਜਿਹਾ ਕੋਈ ਠੋਸ ਕਦਮ ਚੁੱਕਿਆ ਜਿਸ ਕਾਰਨ ਫਸਲੀ ਵੰਨ-ਸਵੰਨਤਾ ਸੰਭਵ ਹੋ ਸਕਦੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਝੋਨੇ ਦੀਆਂ ਬਦਲਵੀਆਂ ਫਸਲਾਂ ਦੇ ਵੱਧ ਝਾੜ ਦੇਣ ਵਾਲੇ ਬੀਜਾਂ ਬਾਰੇ ਕੋਈ ਪੁਖਤਾ ਖੋਜ ਨਹੀਂ ਕੀਤੀ ਜਾਪਦੀ। ਪੰਜਾਬ ਦੀ ਖੇਤੀ ਨੀਤੀ ਖਰੜੇ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਵੈਟਨਰੀ ਯੂਨੀਵਰਸਿਟੀ ਅਤੇ ਸਰਕਾਰ ਦੇ ਖੇਤੀ ਨਾਲ ਸਬੰਧਿਤ ਮਹਿਕਮਿਆਂ ਵਿਚ ਲੱਗਭੱਗ ਅੱਧੀਆਂ ਅਸਾਮੀਆਂ ਖਾਲੀ ਪਈਆਂ ਹਨ। ਜ਼ਾਹਿਰ ਹੈ ਕਿ ਦੇਸ਼ ਦੀ ਅਨਾਜ ਸੁਰੱਖਿਆ ਦੇ ਮੱਦੇਨਜ਼ਰ ਕਣਕ-ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਸਬੰਧੀ ਖੋਜ ਨੂੰ ਪਹਿਲ ਦਿੱਤੀ ਜਾਂਦੀ ਰਹੀ ਹੈ ਜਿਸ ਦਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ। ਆਉਣ ਵਾਲੇ ਨੇੜਲੇ ਭਵਿੱਖ ਵਿਚ ਸਮੁੱਚੇ ਖੇਤੀ ਖੇਤਰ ਅਤੇ ਉਸ ਵਿਚ ਸਿੱਧੇ-ਅਸਿੱਧੇ ਰੂਪ ਵਿਚ ਨਿਰਭਰ ਆਬਾਦੀ ਲਈ ਸੰਕਟ ਹੋਰ ਗੰਭੀਰ ਹੋਣ ਦੀ ਸੰਭਾਵਨਾ ਹੈ; ਖਾਸ ਕਰ ਕੇ ਪੰਜਾਬ ਦੀ ਖੇਤੀ ਅਤੇ ਕਿਸਾਨੀ ਲਈ। ਜਾਪਦਾ ਹੈ, ਤਿੰਨ ਖੇਤੀ ਕਾਨੂੰਨ ਵਾਪਸ ਕਰਾਉਣ ਦੇ ਲੰਮੇ ਸੰਘਰਸ਼ ਵਿਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਨਿਭਾਈ ਮੋਹਰੀ ਭੂਮਿਕਾ ਅਜੇ ਕੇਂਦਰ ਸਰਕਾਰ ਨੂੰ ਹਜ਼ਮ ਨਹੀਂ ਹੋਈ। ਕਾਰਨ ਕੁਝ ਵੀ ਹੋਣ, ਇਕ ਗੱਲ ਤਾਂ ਸਪਸ਼ਟ ਹੈ ਕਿ ਆਉਣ ਵਾਲੇ ਸਾਲਾਂ ਵਿਚ ਝੋਨੇ ਦੀ ਵਿਕਰੀ ਸਬੰਧੀ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ। ਇਸ ਤੋਂ ਇਲਾਵਾ ਝੋਨੇ ਵਿਚ ਨਮੀ ਦੀਆਂ ਸਖਤ ਸ਼ਰਤਾਂ, ਚੌਲਾਂ ਦੀ ਗੁਣਵੱਤਾ ਸਬੰਧੀ ਮਾਪਦੰਡ ਅਤੇ ਕੇਂਦਰੀ ਭੰਡਾਰ ਵਿਚ ਲੋੜ ਤੋਂ ਕਿਤੇ ਜ਼ਿਆਦਾ ਮਾਤਰਾ ਵਿਚ ਚੌਲਾਂ ਦਾ ਭੰਡਾਰ ਅਤੇ ਭੰਡਾਰਨ ਦੀ ਸਮਰੱਥਾ ਦੀ ਘਾਟ ਵੀ ਕੁਝ ਅਜਿਹੇ ਸੰਕੇਤ ਹਨ ਜੋ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਚੌਲਾਂ ਦੀ ਖਰੀਦ (ਖਾਸ ਕਰ ਕੇ ਐੱਮਐੱਸਪੀ ਉਪਰ) ’ਤੇ ਪ੍ਰਸ਼ਨ ਚਿੰਨ ਲਾਉਂਦੇ ਹਨ। ਅਰੁਣਾਚਲ ਪ੍ਰਦੇਸ਼ ਵਿਚ ਪੰਜਾਬ ਦੇ ਚੌਲਾਂ (ਜੁਲਾਈ 2024 ਨੂੰ ਭੇਜੇ) ਦੇ ਸੈਂਪਲ ਫੇਲ੍ਹ ਹੋਣ ਅਤੇ ਅਕਤੂਬਰ ਵਿਚ ਇਹ ਸਭ ਕੁਝ ਨਸ਼ਰ ਕਰਨ ਦੀ ਕਹਾਣੀ ਵੀ ਅਜਿਹੇ ਸੰਕੇਤ ਕਰਦੀ ਹੈ। ਅੱਜ ਕੱਲ੍ਹ ਮੰਡੀਆਂ ਵਿੱਚ ਰੁਲ ਰਿਹਾ ਝੋਨਾ ਅਤੇ ਉਸ ਦੀ ਖਰੀਦ (ਕੁਝ ਥਾਵਾਂ ਤੇ ਐੱਮਐੱਸਪੀ ਤੋਂ ਹੇਠਾਂ), ਭਰਾਈ, ਲਵਾਈ ਆਦਿ ਵਿਚ ਆ ਰਹੀਆਂ ਮੁਸ਼ਕਿਲਾਂ ਵੀ ਇਸ ਗੱਲ ਵੱਲ ਸੇਧਤ ਹਨ। ਸਾਲ 2020 ਦੇ ਤਿੰਨ ਖੇਤੀ ਕਾਨੂੰਨ ਵੀ ਸਰਕਾਰੀ ਮੰਡੀਆਂ ਦੀ ਮਹੱਤਤਾ ਘਟਾਉਣ ਅਤੇ ਐੱਮਐੱਸਪੀ ਨੂੰ ਧੁੰਦਲਾ ਕਰਨ ਵੱਲ ਸੇਧਤ ਸਨ। ਇਸ ਤੋਂ ਇਲਾਵਾ ਖੇਤੀ ਅਤੇ ਕਿਸਾਨੀ ਸੰਕਟ ਨੂੰ ਗਹਿਰਾ ਕਰ ਕੇ ਬਹੁਤ ਸਾਰੇ ਕਿਸਾਨਾਂ ਨੂੰ ਖੇਤੀ ਵਿਚੋਂ ਬਾਹਰ ਕੱਢਣ ਵੱਲ ਵੀ ਸੰਕੇਤ ਕਰਦੇ ਹਨ। ਮੌਜੂਦਾ ਖੇਤੀ ਮਾਡਲ ਤਾਂ ਪਹਿਲਾਂ ਹੀ ਖੇਤੀ ਵਿਚ ਲੱਗੀ ਕਿਰਤ ਸ਼ਕਤੀ (ਵਾਹੀਕਾਰ ਅਤੇ ਖੇਤ ਮਜ਼ਦੂਰ) ਨੂੰ ਖੇਤੀ ਵਿਚੋਂ ਬਾਹਰ ਧੱਕ ਰਿਹਾ ਹੈ; ਉਂਝ, ਉਨ੍ਹਾਂ ਲਈ ਰੁਜ਼ਗਾਰ ਦੇ ਬਦਲਵੇਂ ਮੌਕਿਆ ਦੀ ਬਹੁਤ ਘਾਟ ਹੈ। ਹੁਣ ਜਦ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਦੀ ਆਦਤ ਪੈ ਗਈ ਹੈ ਤਾਂ ਸਰਕਾਰ ਬਿਨਾਂ ਕੋਈ ਬਦਲਵਾਂ ਮਾਹੌਲ (ਢੁੱਕਵੀਂ ਨੀਤੀ) ਸਿਰਜਣ ਦੀ ਬਜਾਇ ਕਿਸਾਨਾਂ ਨੂੰ ਕਹਿ ਰਹੀ ਹੈ ਕਿ ਉਹ ਫਸਲੀ ਵੰਨ-ਸਵੰਨਤਾ ਕਰਨ। ਜੇ ਕੇਂਦਰ ਅਤੇ ਪੰਜਾਬ ਸਰਕਾਰ ਫਸਲੀ ਵੰਨ-ਸਵੰਨਤਾ ਸਬੰਧੀ ਸੱਚਮੁੱਚ ਸੰਜੀਦਾ ਹਨ ਤਾਂ ਇਸ ਲਈ ਲੋੜੀਂਦਾ ਮਾਹੌਲ ਸਿਰਜਣਾ ਪਵੇਗਾ। ਘੱਟੋ-ਘੱਟ 10 ਸਾਲਾਂ ਦਾ ਸਮਾਂ ਕਿਸਾਨਾਂ ਨੂੰ ਦੇਣਾ ਪਵੇਗਾ। ਇਸ ਦੌਰਾਨ ਬਦਲਵੀਆਂ ਫਸਲਾਂ (ਖਾਸ ਕਰ ਕੇ ਝੋਨੇ) ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਖੋਜ ’ਤੇ ਜ਼ੋਰ ਦੇਣਾ ਪਵੇਗਾ ਅਤੇ ਬਦਲਵੀਆਂ ਫਸਲਾਂ ਦੀ ਐੱਮਐੱਸਪੀ ਉਪਰ ਖਰੀਦ ਵੀ ਯਕੀਨੀ ਬਣਾਉਣੀ ਪਵੇਗੀ। ਜੇ ਫਿਰ ਵੀ ਕਿਸਾਨ ਦਾ ਘਰ ਪੂਰਾ ਨਹੀਂ ਹੁੰਦਾ ਤਾਂ ਬਦਲਵੀਆਂ ਫਸਲਾਂ ਅਤੇ ਮੌਜੂਦਾ ਫਸਲੀ ਚੱਕਰ ਤੋਂ ਮਿਲਣ ਵਾਲੀ ਪ੍ਰਤੀ ਏਕੜ ਸ਼ੁੱਧ ਆਮਦਨ ਵਿਚਲਾ ਅੰਤਰ ਵੀ ਸਰਕਾਰ ਨੂੰ ਪੂਰਾ ਕਰਨਾ ਪਵੇਗਾ। ਇਸ ਤੋਂ ਬਿਨਾਂ ਫਸਲੀ ਵੰਨ-ਸਵੰਨਤਾ ਹੋ ਹੀ ਨਹੀਂ ਸਕਦੀ। ਆਲਮ ਇਹ ਹੈ ਕਿ ਇਸ ਬੁਨਿਆਦੀ ਮੁੱਦੇ ਵੱਲ ਧਿਆਨ ਦੇਣ ਦੀ ਥਾਂ ਸਰਕਾਰ ਅਤੇ ਮਾਹਿਰ ਗੱਲੀਂ-ਬਾਤੀਂ ਫਸਲੀ ਵੰਨ-ਸਵੰਨਤਾ ਚਾਹੁੰਦੇ ਹਨ। ਇਸੇ ਕਰ ਕੇ ਝੋਨੇ ਹੇਠ ਰਕਬਾ ਘਟਣ ਦੀ ਥਾਂ ਵਧ ਰਿਹਾ ਹੈ। ਕਣਕ-ਝੋਨੇ ਦੇ ਫਸਲੀ ਚੱਕਰ (ਖਾਸ ਕਰ ਕੇ ਝੋਨਾ) ਕਾਰਨ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗ ਰਹੇ ਪੱਧਰ ਨੇ ਅਜਿਹਾ ਸੰਕਟ ਖੜ੍ਹਾ ਕਰ ਦਿਤਾ ਹੈ ਜਿਸ ਨਾਲ ਜਾਪਦਾ ਹੈ ਕਿ ਨੇੜਲੇ ਭਵਿੱਖ ਵਿਚ ਧਰਤੀ ਹੇਠਲਾ ਪਾਣੀ ਕੱਢਣ ਦੀਆਂ ਲਾਗਤਾਂ ਵਿਚ ਵੀ ਚੋਖਾ ਵਾਧਾ ਹੋਵੇਗਾ। ਅਜਿਹੇ ਹਾਲਤ ਵੀ ਬਣ ਸਕਦੇ ਹਨ ਜਦ ਪਾਣੀ ਦੀ ਘਾਟ ਕਾਰਨ ਲਾਹੇਵੰਦ ਖੇਤੀ ਸੰਭਵ ਹੀ ਨਾ ਰਹੇ। ਪੰਜਾਬ ਵਿੱਚ ਝੋਨਾ ਪੈਦਾ ਕਰਨ ’ਤੇ ਜਿੰਨਾ ਪਾਣੀ ਲੱਗਦਾ ਹੈ, ਉਸ ਵਿਚੋਂ 80-85 ਪ੍ਰਤੀਸ਼ਤ ਕੇਂਦਰੀ ਭੰਡਾਰ ਨੂੰ ਦਿੱਤੇ ਜਾਣ ਵਾਲੇ ਚੌਲਾਂ ਉਪਰ ਖਰਚ ਹੋ ਰਿਹਾ ਹੈ। ਸਪਸ਼ਟ ਹੈ ਕਿ ਪੰਜਾਬ ਚੌਲਾਂ ਦੇ ਰੂਪ ਵਿਚ ਆਪਣਾ ਧਰਤੀ ਹੇਠਲਾ ਪਾਣੀ ਭੇਜ ਰਿਹਾ ਹੈ। ਪੰਜਾਬ ਦੇ ਖੇਤੀ ਨੀਤੀ ਖਰੜੇ ਵਿਚ ਉਨ੍ਹਾਂ 15 ਬਲਾਕਾਂ ਵਿਚ (ਜਿਥੇ 300 ਤੋਂ 400 ਪ੍ਰਤੀਸ਼ਤ ਤੋਂ ਜ਼ਿਆਦਾ ਪਾਣੀ ਕੱਢਿਆ ਜਾ ਰਿਹਾ ਹੈ) ਫੌਰੀ ਝੋਨਾ ਬੰਦ ਕਰਨ ਦੀ ਸਿਫਾਰਸ਼ ਕੀਤੀ ਹੈ ਪਰ ਇਹ ਵੀ ਇਕਦਮ ਨਹੀਂ ਹੋ ਸਕੇਗਾ। ਇਸ ਲਈ ਵੀ ਬਦਲਵੀਆਂ ਫਸਲਾਂ ਬਾਰੇ ਢੁਕਵੀਂ ਨੀਤੀ ਤਿਆਰ ਕਰ ਕੇ ਲਾਗੂ ਕਰਨੀ ਪਵੇਗੀ। ਦੇਸ਼ ਦੇ ਕੁਝ ਹੋਰ ਸੂਬਿਆਂ ਵਿਚ ਅਨਾਜ ਉਤਪਾਦਨ (ਖਾਸ ਕਰ ਝੋਨੇ ਦਾ) ਵਿੱਚ ਹੋ ਰਿਹਾ ਵਾਧਾ ਅਤੇ ਕੇਂਦਰੀ ਭੰਡਾਰ ਵਿਚ ਪੰਜਾਬ ਦੇ ਚੌਲਾਂ ਦਾ ਘਟ ਰਿਹਾ ਹਿੱਸਾ ਭਵਿੱਖ ਵਿੱਚ ਪੰਜਾਬ ਦੇ ਝੋਨੇ ਦੀ ਸਰਕਾਰੀ ਖਰੀਦ ਘਟਣ ਵੱਲ

ਝੋਨੇ ਦੀ ਬੇਕਦਰੀ ਅਤੇ ਕਿਸਾਨੀ ਸੰਕਟ/ਰਣਜੀਤ ਸਿੰਘ ਘੁੰਮਣ Read More »

ਜੁੱਤੀਆਂ ਦੇ ਕਾਰੋਬਾਰੀ ਦੀ ਦੁਕਾਨ ’ਚ ਗੋਲੀਆਂ ਚਲਾਈਆਂ

ਲੁਧਿਆਣਾ, 9 ਨਵੰਬਰ – ਸੋਸ਼ਲ ਮੀਡੀਆ ’ਤੇ ਆਪਣੀਆਂ ਪੋਸਟਾਂ ਕਰਕੇ ਸੁਰਖੀਆਂ ’ਚ ਰਹੇ ਜੁੱਤੀਆਂ ਦੇ ਕਾਰੋਬਾਰੀ ਗੁਰਵਿੰਦਰ ਸਿੰਘ ਉਰਫ਼ ਪ੍ਰਿੰਕਲ ਦੀ ਖੁੱਡ ਮੁਹੱਲਾ ਸਥਿਤ ਦੁਕਾਨ ਵਿੱਚ ਵੜ ਕੇ ਅੱਜ ਕੁਝ ਹਮਲਾਵਰਾਂ ਨੇ ਗੋਲੀਬਾਰੀ ਕੀਤੀ। ਇਸ ਵਾਰਦਾਤ ਵਿੱਚ ਪ੍ਰਿੰਕਲ ਨੂੰ ਚਾਰ ਗੋਲੀਆਂ ਲੱਗੀਆਂ ਹਨ ਤੇ ਉਸ ਦੀ ਸਾਥੀ ਨਵਜੋਤ ਕੌਰ ਵੀ ਫੱਟੜ ਹੋਈ ਹੈ। ਮੂੰਹ ਢੱਕ ਕੇ ਆਏ ਪੰਜ ਨੌਜਵਾਨਾਂ ਨੇ ਦੁਕਾਨ ਵਿੱਚ ਦਾਖਲ ਹੁੰਦਿਆਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਵੇਲੇ ਦੁਕਾਨ ਵਿੱਚ ਪ੍ਰਿੰਕਲ, ਉਸ ਦੀ ਮੈਨੇਜਰ ਤੇ ਟੈਟੂ ਆਰਟਿਸਟ ਨਵਜੋਤ ਕੌਰ, ਦੁਕਾਨ ’ਤੇ ਕੰਮ ਕਰਨ ਵਾਲੇ ਮੁਲਾਜ਼ਮ ਤੇ ਗਾਹਕ ਮੌਜੂਦ ਸਨ। ਇਸ ਮੌਕੇ ਜਵਾਬੀ ਕਾਰਵਾਈ ਕਰਦਿਆਂ ਪ੍ਰਿੰਕਲ ਨੇ ਵੀ ਆਪਣੇ ਲਾਇਸੈਂਸੀ ਹਥਿਆਰ ਤੋਂ ਗੋਲੀ ਚਲਾਈ ਸੀ ਜਿਸ ਨਾਲ ਹਮਲਾਵਰਾਂ ਵਿੱਚੋਂ ਇੱਕ ਜਣਾ ਜ਼ਖ਼ਮੀ ਹੋਇਆ ਦੱਸਿਆ ਜਾ ਰਿਹਾ ਹੈ। ਹਾਲੇ ਜ਼ਖ਼ਮੀ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ ਹੈ। ਵਾਪਸੀ ਵੇਲੇ ਹਮਲਾਵਰਾਂ ਨੇ ਪ੍ਰਿੰਕਲ ਦੇ ਭਰਾ ਦੀ ਕੱਪੜੇ ਦੀ ਦੁਕਾਨ ਤੇ ਪਿਤਾ ਸਤਨਾਮ ਸਿੰਘ ਸ਼ੰਟੀ ਦੀ ਮੀਟ ਦੀ ਦੁਕਾਨ ’ਤੇ ਵੀ ਗੋਲੀਆਂ ਚਲਾਈਆਂ ਤੇ ਕੁਝ ਹਮਲਾਵਰ ਆਪਣੇ ਹਥਿਆਰ ਵੀ ਮੌਕੇ ’ਤੇ ਹੀ ਸੁੱਟ ਗਏ। ਜ਼ਖ਼ਮੀ ਹਾਲਤ ਵਿੱਚ ਪ੍ਰਿੰਕਲ ਖੁਦ ਸੀਐੱਮਸੀ ਹਸਪਤਾਲ ਪਹੁੰਚਿਆ। ਇਸ ਵਾਰਦਾਤ ਦੀ ਖ਼ਬਰ ਮਿਲਣ ਮਗਰੋਂ ਸੀਨੀਅਰ ਪੁਲੀਸ ਅਧਿਕਾਰੀ ਤੇ ਵੱਖ-ਵੱਖ ਥਾਣਿਆਂ ਦੀ ਪੁਲੀਸ ਉਥੇ ਪਹੁੰਚੀ। ਪੁਲੀਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਦਿੱਤੀ ਹੈ ਤੇ ਮੌਕੇ ’ਤੇ ਪ੍ਰਾਪਤ ਹੋਏ ਹਥਿਆਰ ਵੀ ਪੁਲੀਸ ਨੇ ਜ਼ਬਤ ਕਰ ਲਏ ਹਨ। ਜ਼ਿਕਰਯੋਗ ਹੈ ਕਿ ਜੁੱਤੀਆਂ ਦਾ ਕਾਰੋਬਾਰੀ ਪ੍ਰਿੰਕਲ ਸੋਸ਼ਲ ਮੀਡੀਆ ’ਤੇ ਆਪਣੇ ਬਿਆਨਾਂ ਕਾਰਨ ਸੁਰਖੀਆਂ ’ਚ ਰਿਹਾ ਹੈ। ਕਿਸੇ ਵੇਲੇ ਪ੍ਰਿੰਕਲ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਕਰੀਬੀ ਸਾਥੀ ਸੀ ਪਰ ਬੈਂਸ ਨਾਲ ਵਿਵਾਦ ਹੋਣ ਮਗਰੋਂ ਉਹ ਕੁਝ ਸਮਾਂ ਭਾਜਪਾ ਆਗੂ ਕਮਲਜੀਤ ਸਿੰਘ ਕੜਵਲ ਨੇੜੇ ਹੋ ਗਿਆ। ਇਹ ਵੀ ਖ਼ਬਰ ਹੈ ਕਿ ਪ੍ਰਿੰਕਲ ਨੂੰ ਪਹਿਲਾਂ ਪੁਲੀਸ ਸੁਰੱਖਿਆ ਮਿਲੀ ਹੋਈ ਸੀ, ਜੋ ਕੁਝ ਸਮਾਂ ਪਹਿਲਾਂ ਹੀ ਵਾਪਸ ਲਈ ਗਈ ਸੀ। ਇਸ ਤੋਂ ਪਹਿਲਾਂ ਜੁੱਤੀਆਂ ਦੇ ਕਾਰੋਬਾਰੀ ਹਨੀ ਸੇਠੀ ਨਾਲ ਉਸ ਦੀ ਦੋਸਤੀ ਤੇ ਮਗਰੋਂ ਹੋਏ ਵਿਵਾਦ ਕਾਰਨ ਵੀ ਦੋਵੇਂ ਸੁਰਖੀਆਂ ’ਚ ਰਹੇ ਸਨ। ਪ੍ਰਿੰਕਲ ਵਿੱਕੀ ਥਾਮਲ ਨਾਲ ਵੀ ਰਿਹਾ ਹੈ ਤੇ ਪਿਛਲੇ ਕੁਝ ਸਮੇਂ ਤੋਂ ਗੈਂਗਸਟਰ ਨਾਨੂ ਨਾਲ ਉਸ ਦਾ ਵਿਵਾਦ ਚੱਲ ਰਿਹਾ ਹੈ। ਪ੍ਰਿੰਕਲ ਨੇ ਗੈਂਗਸਟਰ ਨਾਨੂ ਸਣੇ ਪੰਜ ਜਣਿਆਂ ਨੂੰ ਦੱਸਿਆ ਦੋਸ਼ੀ ਹਸਪਤਾਲ ਵਿੱਚ ਜ਼ੇਰੇ ਇਲਾਜ ਪ੍ਰਿੰਕਲ ਨੇ ਇਕ ਵੀਡੀਓ ਜਾਰੀ ਕਰਦਿਆਂ ਇਸ ਹਮਲੇ ਲਈ ਗੈਂਗਸਟਰ ਨਾਨੂ, ਉਸ ਦਾ ਜੀਜਾ ਰਾਜੂ ਤੇ ਲਵੀ, ਇਕ ਵਕੀਲ ਤੇ ਸ਼ਹਿਰ ਦੇ ਇਕ ਹੋਰ ਵਿਅਕਤੀ ਨੂੰ ਕਸੂਰਵਾਰ ਠਹਿਰਾਇਆ ਹੈ। ਪ੍ਰਿੰਕਲ ਦੇ ਪਰਿਵਾਰ ਵੱਲੋਂ ਵੀ ਦੋਸ਼ ਲਾਇਆ ਗਿਆ ਹੈ ਕਿ ਗੈਂਗਸਟਰ ਨਾਨੂ ਪਿਛਲੇ ਸਮੇਂ ਦੌਰਾਨ ਲਗਾਤਾਰ ਉਸ ਨੂੰ ਧਮਕੀਆਂ ਦੇ ਰਿਹਾ ਸੀ। ਪਰਿਵਾਰ ਵੱਲੋਂ ਪੁਲੀਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਪ੍ਰਿੰਕਲ ਦੇ ਪਿਤਾ ਸਤਨਾਮ ਸਿੰਘ ਸ਼ੰਟੀ ਨੇ ਦੱਸਿਆ ਕਿ ਨਾਨੂ ਵੱਲੋਂ ਧਮਕੀਆਂ ਮਿਲਣ ਸਬੰਧੀ ਉਹ ਕਈ ਵਾਰ ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਕੋਲ ਪੇਸ਼ ਹੋ ਕੇ ਸ਼ਿਕਾਇਤ ਦੇ ਚੁੱਕੇ ਹਨ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਪ੍ਰਿੰਕਲ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ। ਪਰਿਵਾਰ ਵੱਲੋਂ ਪ੍ਰਿੰਕਲ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ।

ਜੁੱਤੀਆਂ ਦੇ ਕਾਰੋਬਾਰੀ ਦੀ ਦੁਕਾਨ ’ਚ ਗੋਲੀਆਂ ਚਲਾਈਆਂ Read More »