admin

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰਪੁਰਬ ਸਮਾਗਮ ਮੌਕੇ ਹਜ਼ਾਰਾਂ ਸੰਗਤਾਂ ਪੁੱਜੀਆਂ

-ਪਾਕਿਸਤਾਨ ਦੀ ਸਰਲ ਵੀਜ਼ਾ ਪ੍ਰਣਾਲੀ ਹੋਣ ਕਰਕੇ ਵਿਦੇਸ਼ੀ ਸਿੱਖ ਸੰਗਤ ਦੀ ਵੱਡੀ ਗਿਣਤੀ -ਵਾਹਗਾ ਬਾਰਡਰ ਰਾਹੀਂ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਾਲੇ ਜੱਥਾ ਦਾ ਨਿੱਘਾ ਸਵਾਗਤ ਅਤੇ ਹੋਰ ਸੰਗਤ ਵੀ ਪਹੁੰਚਣੀ ਸ਼ੁਰੂ -ਨਨਕਾਣਾ ਸਾਹਿਬ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਵਿਸ਼ੇਸ਼ ਰਿਪੋਰਟ– ਲਾਹੌਰ, 15 ਨਵੰਬਰ 2024:- ਨਨਕਾਣਾ ਸਾਹਿਬ – ਸਿੱਖ ਧਰਮ ਦੇ ਬਾਨੀ ਅਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਦੇ ਸਮਾਗਮ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਬੜੇ ਉਤਸ਼ਾਹ ਨਾਲ ਸ਼ੁਰੂ ਹੋ ਚੁੱਕੇ ਹਨ। ਪਾਕਿਸਤਾਨ ਸਰਕਾਰ ਵੱਲੋਂ ਵੀਜ਼ਾ ਪ੍ਰਣਾਲੀ ਹੋਰ ਸਰਲ ਹੋਣ ਕਰਕੇ ਜਿੱਥੇ ਵਿਦੇਸ਼ਾਂ ਦੇ ਵਿਚੋਂ ਭਾਰੀ ਗਿਣਤੀ ਦੇ ਵਿਚ ਸਿੱਖ ਸੰਗਤ ਇਥੇ ਪਹੁੰਚ ਰਹੀ ਹੈ ਉਥੇ ਪਾਕਿਸਤਾਨ ਦੇ ਸਾਰੇ ਪ੍ਰਾਂਤਾ ਵਿਚੋਂ ਬਹੁਤ ਸਾਰੀ ਸੰਗਤ ਵੀ ਇਥੇ ਪਹੁੰਚ ਚੁੱਕੀ ਹੈ। ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਦੇ ਵਿਚ 800 ਦੇ ਕਰੀਬ ਸੰਗਤ ਅਤੇ ਭਾਰਤ ਦੇ ਹੋਰ ਕਈ ਥਾਵਾਂ ਤੋਂ ਸੰਗਤ ਅੱਜ ਗੁਰਦੁਆਰਾ ਨਨਕਾਣਾ ਸਾਹਿਬ ਪੁੱਜੀ ਜਿਸ ਦਾ ਨਿੱਘਾ ਸਵਾਗਤ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਜਿਨ੍ਹਾਂ ਵਿਚ ਸ. ਰਮੇਸ਼ ਸਿੰਘ ਅਰੋੜਾ (ਘੱਟ ਗਿਣਤੀ ਮੰਤਰਾਲੇ ਦੇ ਮੰਤਰੀ) ਵੀ ਸ਼ਾਮਿਲ ਸਨ,  ਵੱਲੋਂ ਕੀਤਾ ਗਿਆ। ਇਸ ਜੱਥੇ ਨੂੰ ਵੱਖ-ਵੱਖ ਏ. ਸੀ. ਬੱਸਾਂ ਰਾਹੀਂ ਸ੍ਰੀ ਨਨਕਾਣਾ ਸਾਹਿਬ ਲਿਆਂਦਾ ਗਿਆ ਅਤੇ ਅਗਲੇ ਦਿਨਾਂ ਦੇ ਵਿਚ ਇਹ ਜੱਥਾ ਸ੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਪੰਜਾ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਨ ਜਾਵੇਗਾ। ਕੱਲ੍ਹ ਤੋਂ ਸ਼ੁਰੂ ਹੋਏ ਇਨ੍ਹਾਂ ਤਿੰਨ ਦਿਨਾਂ ਸਮਾਗਮਾਂ ਦੇ ਆਖਰੀ ਦਿਨ ਲੱਖਾਂ ਦੀ ਗਿਣਤੀ ਦੇ ਵਿਚ ਸੰਗਤਾਂ ਦੇ ਪੁੱਜਣ ਦੀ ਉਮੀਦ ਹੈ, ਜਿਸ ਨੂੰ ਵੇਖਦਿਆਂ ਸਰਕਾਰ ਨੇ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਹੋਏ ਹਨ। ਖਾਸ ਗੱਲ ਇਹ ਹੈ ਕਿ ਪ੍ਰਸਾਸ਼ਣ ਆਮ ਲੋਕ, ਨਨਕਾਣਾ ਸਾਹਿਬ ਵਿਖੇ ਪੁੱਜਣ ਵਾਲੀ ਸੰਗਤ ਦਾ ਬਹੁਤ ਅਦਬ ਨਾਲ ਮਾਨ-ਸਤਿਕਾਰ ਕਰ ਰਹੇ ਹਨ ਅਤੇ ਹਰ ਤਰ੍ਹਾਂ ਨਾਲ ਸਹਿਯੋਗ ਕਰ ਰਹੇ ਹਨ। ਧੁੰਦ ਤੇ ਧੁੰਏ  ਵਾਲਾ ਮੌਸਮ ਹੋਣ ਦੇ ਬਾਵਜੂਦ ਵੀ ਗੁਰਦੁਆਰਾ ਪ੍ਰਬੰਧਾਂ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਊਨਤਾਈ ਨਜ਼ਰ ਨਹੀਂ ਆ ਰਹੀ।   ਨਿੱਕੀਆਂ ਬੱਚੀਆਂ ਤੋਂ ਲੈ ਕੇ ਬਜ਼ੁਰਗ ਮਾਤਾਵਾਂ, ਖਾਸ ਕਰ ਸਿੰਧ-ਪੇਸ਼ਾਵਰ ਤੋਂ ਪੁੱਜੀਆਂ ਨਾਨਕ ਨਾਮ ਲੇਵਾ ਸੰਗਤਾਂ ਬਹੁਤ ਉਤਸ਼ਾਹ ਤੇ ਸ਼ਰਧਾ ਨਾਲ ਸੇਵਾ ਕਰ ਰਹੀਆਂ ਹਨ। ਡਾਕਟਰ, ਇੰਜੀਨੀਅਰ ਅਤੇ ਵੱਡੇ ਕਾਰੋਬਾਰੀ ਲੰਗਰ ਅਤੇ ਹੋਰ ਸੇਵਾਵਾਂ ਬੜੀ ਨਿਮਰਤਾ ਨਾਲ ਕਰ ਰਹੇ ਹਨ, ਇਹ ਵੀ ਜ਼ਿਕਰਯੋਗ ਹੈ ਕਿ ਸਿੰਧੀ ਲੋਕਾਂ ਵੱਲੋਂ ਹਰ ਸਾਲ ਵੱਡੇ ਪੱਧਰ ਉਤੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ, ਬੱਸਾਂ ਦੇ ਰੂਪ ਵਿਚ ਸੇਵਾਦਾਰਾਂ ਦਾ ਕਾਫਲਾ ਕਈ ਦਿਨ ਪਹਿਲਾਂ ਪੁੱਜ ਜਾਂਦਾ ਹੈ। ਨਨਕਾਣਾ ਸਾਹਿਬ ਨੂੰ ਜੋੜਦੀਆਂ ਸਾਰੀਆਂ ਸੰਪਰਕ ਸੜਕਾਂ ਵਿਸ਼ਵ ਦੇ ਕੋਨੇ-ਕੋਨੇ ਤੋਂ ਪੁੱਜ ਰਹੀ ਸੰਗਤ ਦੇ ਨਾਲ ਰੌਣਕ ਭਰਪੂਰ ਬਣੀਆਂ ਹੋਈਆਂ ਹਨ। ਗੁਰਦੁਆਰਾ ਸਾਹਿਬ ਕੰਪਲੈਕਸ ਨੂੰ ਸੁੰਦਰ ਬਿਜਲਈ ਲੜੀਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਗਿਆ। ਬਾਹਰਲੇ ਵਿਹੜੇ ਦੇ ਵਿਚ ਕੀਰਤਨ ਦਰਬਾਰ ਚੱਲ ਰਿਹਾ ਹੈ। ਅੱਜ ਇਥੇ ਸਵੇਰ ਤੋਂ ਹੀ ਨਤਮਸਤਕ ਹੋਣ ਦੇ ਲਈ ਸੰਗਤਾਂ ਲੰਬੀਆਂ-ਲੰਬੀਆਂ ਕਤਾਰਾਂ ਦੇ ਵਿਚ ਬੱਚਿਆਂ ਸਮੇਤ ਜੁੜਦੀਆਂ ਨਜ਼ਰ ਆਈਆਂ। ਸੰਗਤ ਸਰੋਵਰ ਦੇ ਵਿਚ ਇਸ਼ਨਾਨ ਕਰਕੇ ਮੱਥਾ ਟੇਕਣ ਵੀ ਜਾ ਰਹੀ ਸੀ। ਇਸ ਵਾਰ ਇਹ ਵੀ ਵੇਖਣ ਨੂੰ ਮਿਲਿਆ ਕਿ ਲਾਹੌਰ ਤੋਂ ਫੈਸਲਾਬਾਦ, ਨਨਕਾਣਾ ਸਾਹਿਬ ਤੇ ਸ਼ਾਹਕੋਟ ਤੱਕ ਪੈਂਦੇ ਹੋਟਲ, ਮੋਟਲ, ਸਰਾਵਾਂ ਦੇ ਵਿਚ ਠਹਿਰਣ ਦੇ ਲਈ ਜਗ੍ਹਾ ਨਹੀਂ ਮਿਲ ਰਹੀ। ਗਿਣਤੀ ਐਨੀ ਜਿਆਦਾ ਹੈ ਕਿ ਲੋਕ ਗੁਰਦੁਆਰਾ ਸਾਹਿਬ ਦੇ ਵਿਹੜੇ ਵਿਚ ਨਿੱਜੀ ਟੈਂਟ ਲਗਾ ਕੇ ਰਹਿ ਰਹੇ ਹਨ। ਭਲਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਉਤੇ ਆਯੋਜਿਤ ਕੀਤਾ ਜਾਣ ਵਾਲਾ ਮਹਾਨ ਨਗਰ ਕੀਰਤਨ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਆਰੰਭ ਹੋਵੇਗਾ ਅਤੇ ਫਿਰ ਗੁਰਦੁਆਰਾ ਪੱਟੀ ਸਾਹਿਬ, ਗੁਰਦੁਆਰਾ ਬਾਲ ਲੀਲਾ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਕਿਆਰਾ ਸਾਹਿਬ  ਰਾਹੀਂ ਹੋ ਕੇ ਵਾਪਿਸ ਪਰਤੇਗਾ। ਸੰਗਤਾ ਦੇ ਲਈ ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ ਸੀ ਜਿਸ ਦੇ ਵਿਚ ਕਈ ਤਰ੍ਹਾਂ ਦੀਆਂ ਸਬਜ਼ੀਆਂ, ਪ੍ਰਸ਼ਾਦੇ, ਮਿੱਠੇ ਅਤੇ ਲੂਣ ਵਾਲੇ ਚੌਲਾਂ, ਸਲਾਦ ਅਤੇ ਚਾਹ-ਪਾਣੀ ਸਮੇਤ ਹੋਰ ਬਹੁਤ ਕੁਝ ਵਰਤਾਇਆ ਜਾ ਰਿਹਾ ਸੀ। ਸਿਹਤ ਵਿਭਾਗ ਅਤੇ ਐਂਬੂਲੈਂਸ ਸੇਵਾਵਾਂ ਵੀ ਇਥੇ ਮੌਜੂਦ ਸਨ।

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰਪੁਰਬ ਸਮਾਗਮ ਮੌਕੇ ਹਜ਼ਾਰਾਂ ਸੰਗਤਾਂ ਪੁੱਜੀਆਂ Read More »

ਕਵਿਤਾ/ਸਵਾਗਤ ਗੁਰੂ ਨਾਨਕ ਦੇਵ ਜੀ/ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ

ਧੰਨਭਾਗ ! ਜੀ ਆਇਆਂ ਨੂੰ। ਆਓ ਮੇਰੇ ਨਾਨਕ ਜੀ। ਜੰਮ ਜੰਮ ਆਓ, ਫੇਰਾ ਪਾਓ ਜਲਦੀ, ਨਿੱਘਰਦੀ ਜਾਂਦੀ ਧਰਤੀ ਤੇ। ਬਹੁ-ਪੱਖੀ ਵੀਜ਼ੇ ਨੇ ਸਾਰੇ ਤੁਹਾਡੇ ਕੋਲ। ਤੁਹਾਨੂੰ ਪ੍ਰਯੋਜਿਕ ਦੀ ਲੋੜ ਨਹੀਂ। ਅਮਰੀਕਾ ਕੈਨੇਡਾ ਚਰਨ ਪਾਓ। ਸਮੁੰਦਰੀ ਜਹਾਜ਼/ ਕਾਰਗੋ ਵਿਚ ਨਹੀਂ! ਉਡਣ-ਖਟੋਲੇ ਦੀਆਂ ਚਾਬੀਆਂ, ਤੁਹਾਡੇ ਅੰਗ ਸੰਗ ਕਹਿਣਗੀਆਂ। ਸੋਧਣ ਵਾਲੀ ਹੋ ਗਈ ਫੇਰ ਧਰਤ ਲੋਕਾਈ। ਲੱਖਾਂ ਆਗਾਸ ਪਤਾਲ ਬ੍ਰਹਿਮੰਡ ਘੁੰਮਣੇ ਨੇ। ਖ਼ੂਨ ਪੀਣੇ ਮਲਕ ਭਾਗੋਆਂ ਨੂੰ ਮਿਲਾਵਾਂਗਾ, ਸੱਜਣ ਠਗਾਂ ਨੂੰ ਨੰਗਾ ਕਰਾਵਾਂਗਾ, ਵਲੀ ਕੰਧਾਰੀ ਤੁਹਾਡੇ ਚਰਨੀਂ ਪਵੇਗਾ। ਭੂਮੀਏਂ ਚੋਰ ਵੀ ਮਿਲਣਗੇ ਇੱਥੇ, ਜੋ ਦਸਾਂ ਨਹੁੰਆਂ/ਉਂਗਲਾਂ ਦੀ ਕਿਰਤ ਕਰਕੇ, ਮਾਲ ਲੁੱਟਦੇ ਪੰਡਾਂ ਬੰਨ੍ਹ ਲੈਂਦੇ ਨੇ, ਲੂਣਾ ਸਲੂਣਾ ਦਾਰੂ ਮੁਰਗ਼ਾ ਚੱਟਮ ਕਰਕੇ, ਥਾਲ਼ੀ ਵਿਚ ਛੇਕ ਕਰਦੇ ਨੇ, ਤੇ ਸਭ ਕੁੱਝ ਉਠਾ ਲੈ ਜਾਂਦੇ ਨੇ ਥਾਲ਼ੀ ਸਮੇਤ। ਊੜਾ ਐੜਾ ਅੰਗਰੇਜ਼ੀ ਸਪੇਨੀ ਬਹੁ-ਭਾਸ਼ਾਈ, ਕਲਾਸਾਂ ਲੱਗਦੀਆਂ ਨੇ ਮਦਰਸਿਆਂ ਵਿਚ। ਪੰਡਿਤ ਮੁੱਲਾਂ ਮੌਲਵੀ ਜਾਣਦੇ ਸਾਰੇ, ਮੁਨਸ਼ੀ ਪੜ੍ਹਾਕੂ ਨੂੰ ਤੇ ਬੱਚੇ ‘ਸਰ’ ਨੂੰ ਸਬਕ ਸਿਖਾਉਂਦੇ ਨੇ ਹੁਣ। ਤੁਹਾਡਾ ਲਾਇਆ ਸਿੱਖੀ ਦਾ ਬੂਟਾ, ਪ੍ਰਫੁਲਿਤ ਹੋ ਰਿਹਾ ਸਾਰੀ ਦੁਨੀਆ ਤੇ, ਸ਼ਾਨ ਵਧਾ ਰਿਹਾ ਸਿੱਖੀ ਫੁਲਵਾੜੀ ਦੀ। ਤੁਹਾਡੇ ਕਰ ਕਮਲਾਂ ਨਾਲ, ਨਿੱਤ ਨਵੇਂ ਉੱਸਰਦੇ ਰੱਬ ਦੇ ਨਵੇਂ ਘਰ, ਮੰਦਰ ਗੁਰਦੁਆਰਿਆਂ ਦੇ, ਨੀਂਹ ਪੱਥਰ ਰਖਾਵਾਂਗਾ ਕੀਰਤੀ ਕਮਾਵਾਂਗਾ। ਲਾਲੋਆਂ ਦੀ ਕੋਧਰਾ ਰੋਟੀ ਵਿਚੋਂ ਦੁੱਧ ਵਗਾ ਕੇ, ਟੀ ਵੀ ਅਖ਼ਬਾਰਾਂ ਵਿਚ ਫ਼ੋਟੋ ਕਢਾਵਾਂਗਾ। ਸੋਸ਼ਲ ਮੀਡੀਆ ਵੀ ਆਪਣਾਹੈ। ਕਿਰਤ ਕਰਨ ਦੀ ਫ਼ਿਲਾਸਫ਼ੀ ਪ੍ਰਚਾਰਾਂਗਾ। ਪੰਥ ਨੂੰ ਦਰਪੇਸ਼ ਮਸਲੇ ਨੇ ਬੜੇ ਇੱਥੇ, ਤੁਹਾਡੇ ਵਿਚਾਰ ਗੋਚਰੇ। ਤੱਪੜ ਨਹੀਂ ਮਿਲਦੇ ਪੰਗਤ ਵਾਸਤੇ, ਪੈਂਟ ਕੋਟ ਦੀ ਕਰੀਜ਼ ਟੁੱਟਣ ਦਾ ਖ਼ਤਰਾ ਹੈ, ਫਾਸਟ ਫੂਡ ਕੜਾਹ ਪੂਰੀ ਪੀਜ਼ਾ ਬਰੰਗੀ, ਮੇਜ਼ ਸੋਫ਼ੇ ਕੁਰਸੀਆਂ ਤੇ ਵਰਤੇਗੀ। ਸਮਾਰਟ ਡਰੱਗ ਵਰਤਾਵਾਂਗਾ, ਸਿਰ ਫੇਰਾਂਗਾ, ਦੁਨੀਆ ਘੁਮਾਵਾਂਗਾ, ਕਰਾਮਾਤ ਦਿਖਾਵਾਂਗਾ। ਮੈਰਾਥਨ ਦੌੜ ਦਾ ਮੋਢੀ ਬਣਾਵਾਂਗਾ ਤੁਹਾਨੂੰ। ਮਾਨਵਤਾ ਪੈਗ਼ਾਮ ਦੂਰ ਦੂਰ ਪਹੁੰਚਾਵਾਂਗਾ। ਗਲੋਬਲ ਪਿੰਡ ਭਰਮਣ ਕਰ ਕੇ, ਉਦਾਸੀਆਂ ਲਾ ਕੇ ਚਾਰ ਚੁਫੇਰੇ, ਤੁਹਾਡੇ ਪੈਰਾਂ ਵਿਚ ਬਿਆਈਆਂ ਨਹੀਂ ਪਾਟਣਗੀਆਂ। ਫ਼ਸਟ ਏਡ ਬਕਸਾ ਕਰੀਮ ਬੈਂਡ-ਏਡ, ਨਾਲ ਰਹਿਣਗੇ ਤੁਹਾਡੇ ਹੈਂਡ ਬੈਗ ਵਿਚ। ਅਣਗਿਣਤ ਬਾਲੇ ਤੇ ਮਰਦਾਨੇ, ਸਿੱਖਿਅਤ ਕੀਰਤਨੀਏ ਕਥਾਕਾਰ, ਰਾਹਦਾਰੀ ਲੈਣ ਲਈ ਤੁਹਾਡੇ ਜਥੇ ਵਿਚ, ਤੁਹਾਡੇ ਸੱਜੇ ਖੱਬੇ ਚੌਰ ਝੁਲਾਉਣਗੇ, ਗਲ ਵਿਚ ਪੱਲਾ ਪਾ ਪਰਿਕਰਮਾ ਕਰਨਗੇ, ਗਤਕਾ ਖੇਡਣਗੇ, ਰਬਾਬ ਵਜਾਉਣਗੇ। ਉਨ੍ਹਾਂ ਦੀ ਰਾਖੀ ਕਰਨੀ ਪਵੇਗੀ ਪਰ, ਕਬੂਤਰ ਬਣ ਕੇ ਨਾ ਉੱਡ ਜਾਣ ਕਿਤੇ। ਕੰਪਿਊਟਰ ਤੋਂ ਦੂਰ-ਵਰਤੀ ਕਬਜ਼ਾ, ਸਮਾਜਿਕ ਕੁਰੀਤੀਆਂ ਤੋਂ ਸੁਰੱਖਿਆ, ਧਰਮ-ਸੰਕਟ ਕਸ਼ਟ-ਨਿਵਾਰਕ ਸ਼ਬਦ, ਤੁਹਾਡੇ ਅੰਗ ਸੰਗ ਰਹਿਣਗੇ। ਬੰਗਲੇ ‘ਚ ਕਊਚ ਤੇ ਬੈਠੇ, ਸਾਰੀ ਦੁਨੀਆ ਦੀਆਂ ਤੜਾਵਾਂ, ਤੁਹਾਡੀ ਮਾਊਸ ਵਿਚ ਹੋਣਗੀਆਂ। ਸੱਚੇ ਸੌਦੇ ਦੀ ਪਿਰਤ ਪੰਗਤ ਬਠਾਉਗੇ। ਲੰਗਰ ਲਗਾਉਗੇ, ਮੁਫ਼ਤ ਫੂਡ ਛਕਾਉਗੇ। ਪਾਸਕੂ ਰਹਿਤ ਤੱਕੜੀ ਤੋਲੋਗੇ। ਹੋਮ-ਲੈੱਸ ਭੁੱਖਿਆਂ ਲਈ, ਨਵਾਬ ਦੇ ਮੋਦੀ ਖ਼ਾਨੇ ਤੇਰਾਂ ਤੇਰਾ ਬੋਲੋਗੇ। ਮੱਝਾਂ ਚਰਾਉਗੇ ਬਿਗਾਨੇ ਖੇਤੀਂ, ਫਨੀਅਰ ਸੱਪ ਤੋਂ ਛਾਂ ਕਰਵਾਉਗੇ। ਉੱਜੜੀ ਖੇਤੀ ਹਰੀ ਭਰੀ ਦਿਖਾਉਗੇ, ਰਾਏ ਬੁਲਾਰ ਨੂੰ ਭਰਮਾਉਗੇ, ਨਿਵਾਉਗੇ। ਭੁੱਖ ਜੰਗ ਮੰਦਹਾਲੀ ਝਗੜੇ ਵਾਲੇ, ਬਗ਼ਦਾਦ ਮਦੀਨੇ ਹੁਣ ਨਹੀਂ ਜਾਣਾ, ਮੱਕਾ ਹੁਣ ਨਹੀਂ ਘੁੰਮਦਾ, ਸਾਇੰਸ ਕਾਟੋ ਵੱਸ ਗਈ ਉੱਥੇ। ਭੰਡ ਨੂੰ ਮਾਰੇ ਨਾ ਮੰਦਾ ਬੋਲੇ ਕੋਈ, ਭੰਡ ਨੂੰ ਭੰਡ ਆਪੇ ਮਾਰੀ ਦੁਰਕਾਰੀ ਜਾਏ, ਵੱਡੀ ਮੱਛੀ ਛੋਟੀ ਨੂੰ ਖਾਏ। ਪਾਪ ਦੀ ਜੰਜ, ਦਾਜ ਦੇ ਲੋਭੀ, ਨਸ਼ਿਆਂ ਦੇ ਵਪਾਰੀ ਕੁੜੀ ਮਾਰ ਨੜੀ ਮਾਰ, ਮਾਣਸ ਖਾਣੇ ਥਾਂ ਥਾਂ ਫਿਰਦੇ, ਸ਼ਰਮ ਧਰਮ ਦੀ ਓੜ ਕੇ ਲੋਈ। ਸੋਨੇ ਕੰਗਣ ਕੈਂਠੇ ਗਲ ਹੀਰਿਆਂ ਦੀ ਮਾਲਾ, ਕੰਨ ਪੜਵਾ ਕੇ ਭੇਸ ਵਟਾਈ ਮਖੌਟੇ ਪਾਈ, ਨਜੂਮੀ ਨਾਥ ਜੋਗੀ ਨਕਲੀ ਕੁਸੰਤ ਭੇਖੀ, ਭਵਿੱਖ ਸਵਾਰਦੇ ਰਿੱਧੀਆਂ ਸਿੱਧੀਆਂ ਦੱਸਦੇ, ਰੂਹਾਨੀ ਜਾਮ ਪਿਲਾਉਂਦੇ, ਪ੍ਰਵਚਨ ਕਰਦੇ, ਕਲਗ਼ੀ ਮੁਕਟ ਸਜਾਈ। ਧੂਣੀਆਂ ਲਗਾਈ ਬੈਠੇ ਡੇਰੇ ਜਮਾਈ। ਤਮ੍ਹਾ ਲਾਲਚ ਨਫ਼ਰਤ ਈਰਖਾ, ਸੜਦੇ ਤੇਲ ਕੜਾਹੇ ਆਤੰਕਵਾਦ ਵਾਲੇ, ਅਗਿਆਨਤਾ ਵਾਲੇ, ਮਹਿੰਗਾਈ ਭ੍ਰਿਸ਼ਟਾਚਾਰੀ, ਦਨਦਨਾਉਂਦੇ ਦੰਦ ਦਿਖਾ ਰਹੇ ਨੇ, ਦੈਂਤ ਕੌਡੇ ਰਾਖਸ਼ ਮੂੰਹ ਅੱਡੀ ਖੜ੍ਹੇ। ਦੁਨੀਆ ਨੂੰ ਉਂਗਲਾਂ ਤੇ ਨਚਾਉਂਦੇ, ਥਾਂ ਥਾਂ ਪੰਗਾ ਲੈਂਦੇ ਚਵਾਤੀਆਂ ਲਗਾਉਂਦੇ, ਕਸਾਈ ਰਾਜੇ ਸ਼ੀਂਹ ਨੂੰ ਮਿਲਾਵਾਂਗਾ ਇੱਥੇ। ਨਵੇਂ ਸ਼ਾਸਕ ਟਰੰਪ ਨੂੰ ਮਿਲਾਵਾਂਗਾ, ਬਦਲ ਜਾਏ ਉਸ ਦੀ ਵਿਉਂਤਬੰਦੀ ਸ਼ਾਇਦ, ਉਸ ਦਾ ਤਪਦਾ ਖੂਨ-ਪਿਆਸਾ ਹਿਰਦਾ, ਸ਼ਾਂਤ ਹੋ ਜਾਏ ਤੁਹਾਡੇ ਰੂਹਾਨੀ ਦਰਸ਼ਨ ਕਰ ਕੇ, ਤੁਹਾਡੇ ਪ੍ਰਵਚਨ ਉਪਦੇਸ਼ ਨੂੰ ਕੰਨੀਂ ਪਾ ਕੇ। ਜਾਬਰ ਬਾਬਰ ਵਾਲੀ ਚੱਕੀ ਨਹੀਂ ਚੱਲਣੀ ਆਪੇ, ਹੱਥੀਂ ਪੀਹਣਾ ਪੈਣਾ ਹੁਣ ਆਟਾ। ਪਾਪ ਦੇ ਸੋਹਲੇ ਲਿਖਣ ਗਾਉਣ ਵਾਲੇ, ਚੜ੍ਹਦੇ ਨੇ ਸੂਲੀ ਫਾਂਸੀ ਦੇਸ਼ ਨਿਕਾਲੇ। ਕਰਨੀ ਪੈਣੀ ਗੁਰੀਲਾ ਗੁੰਗੀ ਕਲਮੀ ਵਾਰ, ਉੱਡਣ ਤਸ਼ਤਰੀਆਂ ਤੇ ਅਗਨ ਬਾਣ, ਕਰਨੇ ਠੰਢੇ ਲਿਖਤਾਂ ਨਾਲ ਪ੍ਰੇਰਨਾ ਨਾਲ। ਰੱਬੀ ਬਾਣੀ ਗੰਢਾਂ ਵਿਚ ਬੰਨ੍ਹ ਕੇ, ਸੂਰਜ ਨੂੰ ਬੁੱਕਲ ਵਿਚ ਲੈਣ ਵਾਂਗ, ਲੁਕਾ ਕੇ ਰੱਖਦੇ ਬੰਦਸ਼ਾਂ ਵਿਚ। ਧੂਫ਼ ਦਿੰਦੇ ਮੱਥਾ ਟੇਕਦੇ, ਪੂਜਾ ਦਾ ਵੱਲ ਸਿਖਾਉਂਦੇ ਆਲੰਬੜਦਾਰ, ਅੱਖਰ ਸ਼ਬਦ ਅਰਥ ਤੋਂ ਕੋਰੇ ਅਗਿਆਨੀ। ਆਓ, ਛੇਤੀ ਆਓ, ਖੋਲ੍ਹ ਦਿਓ ਸਾਰੀਆਂ ਗੰਢਾਂ। ਗੁਰੂ ਗ੍ਰੰਥ ਸਾਹਿਬ ਤੇ ਗੁਰਧਾਮਾਂ ਦੇ, ਖੁੱਲ੍ਹੇ ਦਰਸ ਦੀਦਾਰ ਮੈਂ ਚਾਹਵਾਂ। ਦਰਸ਼ਨ ਦੀਜੈ ਖੋਲ੍ਹ ਕਿਵਾੜ। ਇਨਸਾਨੀਅਤ ਪਿਆਰ, ਸਾਂਝੀਵਾਲਤਾ ਸੰਦੇਸ਼, ਏਕ ਨੂਰ, ਏਕ ਪਿਤਾ ਏਕਸ ਦੇ ਹਮ ਬਾਰਕ, ਚਾਰੇ ਕੂਟਾਂ ਵੱਲ ਘਰ ਘਰ ਪਹੁੰਚਾਵਾਂ। ਮੁਆਫ਼ ਕਰੀਂ, ਮੈਂ ਬੰਦਾ ਤੇਰਾ ਭੁੱਲਣ ਹਾਰ, ਨਾ ਮੰਦੇ ਸ਼ਬਦ ਕਹਾਈਂ ਮੈਥੋਂ, ਸੋਈ ਕਰਾਈਂ, ਸੋਈ ਕਹਾਈਂ ਜੋ ਤੈਨੂੰ ਭਾਵੇ, ਨਾ ਮੰਦੇ ਕਰਮ ਕਰਾਈਂ ਨਿਮਾਣੇ ਪੰਨੂ ਕੋਲੋਂ।(ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ)

ਕਵਿਤਾ/ਸਵਾਗਤ ਗੁਰੂ ਨਾਨਕ ਦੇਵ ਜੀ/ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ Read More »

ਨਵੀਂ ਛਪੀ ਪੁਸਤਕ ਵਸੀਅਤਨਾਮਾ ਸ਼ਾਹਮੁਖੀ ਲਿਪੀ/ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ

(ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ)

ਨਵੀਂ ਛਪੀ ਪੁਸਤਕ ਵਸੀਅਤਨਾਮਾ ਸ਼ਾਹਮੁਖੀ ਲਿਪੀ/ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ Read More »

ਗੁਰੂ ਨਾਨਕ ਤੇ ਅੱਜ – ਸੰਤ ਰਾਮ ਉਦਾਸੀ/ਯਸ਼ ਪਾਲ

ਕਿਰਤ ਕਰੋ ਤੇ ਆਪੋ ‘ਚ ਵੰਡ ਖਾਉ ਸਾਰੀ ਧਰਤ ਦੇ ਉੱਤੇ ਪ੍ਰਚਾਰਿਆ ਸੀ। ਭੱਜਾ ਆਇਓਂ ਮਰਦਾਨੇ ਦੀ ਰੱਖਿਆ ਨੂੰ ਸੱਚੇ ਇਸ਼ਕ ਦਾ ਸਿਲਾ ਤੂੰ ਤਾਰਿਆ ਸੀ। ਜਿਹੜਾ ਕਰੇ ਸੇਵਾ ਓਹੀ ਖਾਵੇ ਮੇਵਾ ਦੈਵੀ ਹੱਕਾਂ ਨੂੰ ਤੂੰ ਲਲਕਾਰਿਆ ਸੀ। ਰਾਜੇ ਅਫਸਰਾਂ ਤੋਂ ਕਦੇ ਭਲਾ ਨਾਹੀਂ ਫਿਰਕੂ ਧਰਮ ਦਾ ਨਸ਼ਾ ਉਤਾਰਿਆ ਸੀ। —ਅੱਜ— ਮਜ੍ਹਬੀ ਕਾਂਗ ਹੈ ਹੜ੍ਹਾਂ ਦੇ ਵਾਂਗ ਆਈ ਸੱਚੇ ਧਰਮ ਨੂੰ ਜੀਹਨੇ ਹੈ ਰੋੜ੍ਹ ਦਿੱਤਾ। ਮੁਸਲਿਮ-ਹਿੰਦੂ ਦੀ ਪਿਆਰ-ਗਲਵੱਕੜੀ ਨੂੰ ਸਾਮਰਾਜ ਨੇ ਫੁੱਟ ਪਾ ਤੋੜ ਦਿੱਤਾ। ਏਨੇ ਵਧੇ ਨੇ ਭੂਮੀਏ, ਮਲਕ, ਸੱਜਣ ਤੈਥੋਂ ਇਹਨਾਂ ਦੀ ਗਿਣਤੀ ਨ੍ਹੀ ਕਰੀ ਜਾਣੀ। ਰਾਖੀ ਲਾਲੋ, ਮਰਦਾਨੇ ਦੀ ਕਰੇਂਗਾ ਕੀ ਆਪਣੀ ਮਾਲ਼ਾ ਦੀ ਰਾਖੀ ਨ੍ਹੀ ਕਰੀ ਜਾਣੀ। ਜੇ ਤੂੰ ਕਹੇਂ ਸੰਗੀਤ ਦਾ ਪਾ ਜਾਦੂ ਜਿੱਤ ਲਵੇਂਗਾ ਇਹਨਾਂ ਪਾਖੰਡੀਆਂ ਨੂੰ। ਮਿਲਖਾਂ ਵਾਲੜੇ ਇਸੇ ਸੰਗੀਤ ਅੱਗੇ ਸ਼ਾਮੀਂ ਰੋਜ ਨਚਾਂਵਦੇ ਰੰਡੀਆਂ ਨੂੰ। ਏਥੇ ਕਲਾ ਤੇ ਕਿਰਤ ਦੀ ਪਏ ਲੋਟੀ ਬਾਣੀ ਸੁਣਨ ਤੋਂ ਲੋਕਾਂ ਜਵਾਬ ਦੇਣੈ। ਤੂੰ ਵੀ ਮਹਿੰਗ ਦੀ ਤੰਗੀ ਤੋਂ ਤੰਗ ਆ ਕੇ ਰੋਟੀ ਲਈ ਅੱਜ ਵੇਚ ਰਬਾਬ ਦੇਣੈ। ਸਾਦਾ ਯੁੱਗ ਤੇਰਾ, ਗੁੰਝਲਦਾਰ ਸਾਡਾ ਨਿਰਾ ਸਰਨਾ ਨ੍ਹੀ ਸਤਿਕਰਤਾਰ ਕਹਿ ਕੇ। ਜੇਕਰ ਫੇਰ ਤੂੰ ਆਉਣਾ ਏ ਜੱਗ ਉੱਤੇ ਤਾਂ ਫਿਰ ਆਈਂ ਤੂੰ ਕੋਲ ਤਲਵਾਰ ਲੈ ਕੇ। ਕਾਜੀ, ਪਾਦਰੀ, ਭਿਖਸ਼ੂ, ਭਾਈ, ਜੈਨੀ ਸੱਚੇ ਧਰਮ ਉੱਤੇ ਕਾਰੀ ਚੋਟ ਬਾਬਾ। ਵੇਖ! ਅੱਜ ਕਿੰਨੇ ਇੱਜੜ ਵਿਹਲੜਾਂ ਦੇ ਤੇਰੇ ਲਾਲੋ ਦੇ ਚਰ ਗਏ ਮੋਠ ਬਾਬਾ। ਕੀਹਨੂੰ ਕੀਹਨੂੰ ਸੁਧਾਰੇਂਗਾ ਦੱਸ ਆ ਕੇ ਲੰਮੇ ਪੈਂਡੇ ਨੇ ਤੈਨੂੰ ਘਰਕਾ ਦੇਣੈ। ਹੋਕਾ ਸੱਚ ਦਾ ਦਿੱਤਾ ਜੇ, ਪੁਲਿਸ ਹੱਥੋਂ ‘ ਨਕਸਲਬਾੜੀਆ ’ ਕਹਿ ਕੇ ਮਰਵਾ ਦੇਣੈ। ਨਰਕ ਸੁਰਗ ਦੇ ਨਾਅਰੇ ‘ਤੇ ਲੁੱਟਦੇ ਨੇ ਤੇਰੇ ਨਾਂ ‘ਤੇ ਚੜ੍ਹਾਵੇ ਵੀ ਵੰਡਦੇ ਨੇ। ਪਰ ਤੇਰੇ ਵਾਂਗ ਜੋ ਸੱਚ ਦਾ ਦਏ ਹੋਕਾ ਉਹਨੂੰ ਨਾਸਤਿਕ ਆਖ ਕੇ ਭੰਡਦੇ ਨੇ। ਤੇਰੇ ਨਾਂ ਥੱਲੇ ਲੱਖਾਂ ਜ਼ੁਲਮ ਹੁੰਦੇ ਡੰਕੇ ਚੋਟ ਲਾ ਕੇ ਤੈਨੂੰ ਕਹਾਂਗਾ ਮੈਂ। ਜੇ ਤੂੰ ਰੀਝੇਂਗਾ ਐਵੇਂ ਅਡੰਬਰਾਂ ‘ਤੇ ਬਾਗੀ ਤੇਰੀ ਖੁਦਾਈ ਤੋਂ ਰਹਾਂਗਾ ਮੈਂ। ਨਿਰਾ ਝੂਠ ਨਈਂ ਏਥੇ ਕੁੱਝ ਸੱਚ ਵੀ ਏ ਜਾਈਂ ਝੂਠ ਤੋਂ ਨਾ ਘਬਰਾ ਬਾਬਾ। ਜਿਹੜੇ ਜੂਝਦੇ ਲਾਲੋ ਨੇ ਸੱਚ ਖਾਤਿਰ ਤੈਨੂੰ ਹੱਥਾਂ ‘ਤੇ ਲੈਣਗੇ ਚਾ ਬਾਬਾ। ਤੰਗ ਆਏ ਮਜ਼ਦੂਰ ਨੇ ਲੋਟੂਆਂ ਤੋਂ ਤੇਰੇ ਵਰਗੇ ਦੀ ਅਗਵਾਈ ਉਡੀਕਦੇ ਨੇ। ਜੇਰਾ ਕੱਢੀਂ ‘ਉਦਾਸੀ’ ਤੂੰ ਪੰਜਵੀਂ ਨੂੰ ਤੈਨੂੰ ਲਾਲੋ ਦੇ ਭਾਈ ਉਡੀਕਦੇ ਨੇ। ਪੇਸ਼ਕਸ਼ : ਯਸ਼ ਪਾਲ (ਵਰਗ ਚੇਤਨਾ) (98145-35005)

ਗੁਰੂ ਨਾਨਕ ਤੇ ਅੱਜ – ਸੰਤ ਰਾਮ ਉਦਾਸੀ/ਯਸ਼ ਪਾਲ Read More »

ਭਾਰਤ ’ਚ ਤੇਜ਼ੀ ਨਾਲ ਫੈਲ ਰਹੀ ਹੈ ਸ਼ੂਗਰ ਦੀ ਸਮਸਿੱਆ

ਨਵੀਂ ਦਿੱਲੀ, 14 ਨਵੰਬਰ – ਅੱਜ ਦੇ ਯੁੱਗ ਵਿੱਚ ਸ਼ੂਗਰ ਦੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਹਰ ਵਰਗ ਦੇ ਲੋਕ, ਵੱਡੇ ਅਤੇ ਛੋਟੇ, ਸ਼ੂਗਰ ਤੋਂ ਪੀੜਤ ਹਨ। ਸ਼ਹਿਰੀ ਖੇਤਰ ਹੋਵੇ ਜਾਂ ਪੇਂਡੂ ਖੇਤਰ, ਹਰ ਪਾਸੇ ਸ਼ੂਗਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜੀਵਨਸ਼ੈਲੀ ਵਿੱਚ ਬਦਲਾਅ, ਅਨਿਯਮਿਤ ਕੰਮ ਦੇ ਘੰਟੇ, ਤਣਾਅ ਅਤੇ ਜੰਕ ਫੂਡ ਵਰਗੀਆਂ ਆਦਤਾਂ ਕਾਰਨ ਸ਼ੂਗਰ ਦੇ ਮਾਮਲੇ ਵੱਧ ਰਹੇ ਹਨ। ਨਿਊਬਰਗ ਡਾਇਗਨੋਸਟਿਕ ਦੇ ਕੰਸਲਟੈਂਟ ਪੈਥੋਲੋਜਿਸਟ ਡਾ: ਆਕਾਸ਼ ਸ਼ਾਹ ਦਾ ਕਹਿਣਾ ਹੈ ਕਿ ਸਮੇਂ ਸਿਰ ਸ਼ੂਗਰ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਬਿਮਾਰੀ ਦੀ ਪਛਾਣ ਨਾ ਹੋਣ ਨਾਲ ਵਿਅਕਤੀ ਦੀ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ। ਸ਼ੂਗਰ ਕਾਰਨ ਦਿਲ ਦੀਆਂ ਬਿਮਾਰੀਆਂ, ਗੁਰਦਿਆਂ ਦਾ ਨੁਕਸਾਨ, ਅੱਖਾਂ ਦੀ ਰੋਸ਼ਨੀ ਦੀ ਕਮੀ ਆਦਿ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇੱਥੋਂ ਤੱਕ ਕਿ ਅੰਗਾਂ ਨੂੰ ਕੱਟਣਾ ਵੀ ਜ਼ਰੂਰੀ ਹੋ ਸਕਦਾ ਹੈ। ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਬਲੱਡ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ, ਜੋ ਸਮੇਂ ਦੇ ਨਾਲ ਦਿਲ, ਅੱਖਾਂ ਅਤੇ ਗੁਰਦਿਆਂ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ। ਸ਼ੂਗਰ ਦੀਆਂ ਦੋ ਕਿਸਮਾਂ ਇਹਨਾਂ ਵਿੱਚੋਂ ਸਭ ਤੋਂ ਆਮ ਟਾਈਪ 2 ਸ਼ੂਗਰ ਹੈ ਜੋ ਖਾਸ ਤੌਰ ‘ਤੇ ਨੌਜਵਾਨ ਪੀੜ੍ਹੀ ਵਿੱਚ ਦੇਖਿਆ ਜਾਂਦਾ ਹੈ। ਇਸ ਵਿੱਚ ਸਰੀਰ ਲੋੜੀਂਦੀ ਮਾਤਰਾ ਵਿੱਚ ਇਨਸੁਲਿਨ ਪੈਦਾ ਨਹੀਂ ਕਰ ਪਾਉਂਦਾ ਹੈ। ਇਸ ਦੇ ਨਾਲ ਹੀ ਜੇਕਰ ਅਸੀਂ ਟਾਈਪ 1 ਡਾਇਬਟੀਜ਼ ਦੀ ਗੱਲ ਕਰੀਏ ਤਾਂ ਇਹ ਇੱਕ ਗੰਭੀਰ ਸਥਿਤੀ ਹੈ ਜਿਸ ਵਿੱਚ ਸਰੀਰ ਆਪਣੇ ਆਪ ਇਨਸੁਲਿਨ ਪੈਦਾ ਕਰਨ ਵਿੱਚ ਅਸਮਰੱਥ ਹੁੰਦਾ ਹੈ ਅਤੇ ਇਸਦਾ ਇਲਾਜ ਸਿਰਫ ਇਨਸੁਲਿਨ ਟੀਕੇ ਦੁਆਰਾ ਕੀਤਾ ਜਾ ਸਕਦਾ ਹੈ। ਹਰ ਸਾਲ ਸ਼ੂਗਰ ਦੀ ਜਾਂਚ ਕਰਵਾਓ ਜੇਕਰ ਅਸੀਂ ਨਵੀਂ ਪੀੜ੍ਹੀ ਨੂੰ ਸ਼ੂਗਰ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਸਭ ਤੋਂ ਜ਼ਰੂਰੀ ਹੈ ਜੀਵਨ ਸ਼ੈਲੀ ਅਤੇ ਵਿਵਹਾਰ ਨੂੰ ਬਦਲਣਾ। ਬਚਪਨ ਵਿਚ ਸਰੀਰਕ ਗਤੀਵਿਧੀਆਂ ਦੀ ਕਮੀ ਕਾਰਨ ਮੋਟਾਪਾ ਤੇਜ਼ੀ ਨਾਲ ਵਧਦਾ ਹੈ ਜੋ ਬਾਅਦ ਵਿਚ ਸ਼ੂਗਰ ਦਾ ਕਾਰਨ ਬਣ ਸਕਦਾ ਹੈ। ਇਸ ਦੇ ਨਾਲ ਹੀ ਜੰਕ ਫੂਡ ਵੀ ਬਹੁਤ ਚਿੰਤਾ ਦਾ ਵਿਸ਼ਾ ਹੈ। ਡਾਕਟਰ ਆਕਾਸ਼ ਦਾ ਕਹਿਣਾ ਹੈ ਕਿ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸਾਲ ਵਿੱਚ ਦੋ ਵਾਰ ਸ਼ੂਗਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸ਼ੁਰੂਆਤ ਵਿੱਚ ਹੀ ਬਿਮਾਰੀ ਦਾ ਪਤਾ ਲਗਾਇਆ ਜਾ ਸਕੇ। ਸ਼ੂਗਰ ਦੇ ਆਮ ਲੱਛਣ ਵਾਰ ਵਾਰ ਪਿਸ਼ਾਬ, ਬਹੁਤ ਪਿਆਸ ਮਹਿਸੂਸ ਕਰਨਾ, ਅਕਸਰ ਭੁੱਖ ਮਹਿਸੂਸ ਕਰਨਾ, ਥੱਕ ਜਾਣਾ, ਘੱਟ ਨਜ਼ਰ ਆਉਣਾ, ਜ਼ਖ਼ਮ ਠੀਕ ਨਹੀਂ ਹੁੰਦਾ, ਹੱਥਾਂ ਜਾਂ ਪੈਰਾਂ ਵਿੱਚ ਝਰਨਾਹਟ ਸ਼ੂਗਰ ਦੀ ਰੋਕਥਾਮ ਲਈ ਸੁਝਾਅ ਸਿਹਤਮੰਦ ਖੁਰਾਕ ਖਾਓ, ਕਸਰਤ ਕਰੋ, ਤਣਾਅ ਨਾ ਕਰੋ, ਸਿਗਰਟਨੋਸ਼ੀ, ਅਲਕੋਹਲ ਅਤੇ ਕੈਫੀਨ ਤੋਂ ਬਚੋ, ਨਿਯਮਤ ਜਾਂਚ ਕਰਵਾਓ

ਭਾਰਤ ’ਚ ਤੇਜ਼ੀ ਨਾਲ ਫੈਲ ਰਹੀ ਹੈ ਸ਼ੂਗਰ ਦੀ ਸਮਸਿੱਆ Read More »

ਜਲਦ ਮਾਰਕੀਟ ‘ਚ ਦਸਤਕ ਦੇਵੇਗਾ Apple ਦਾ ਕੈਮਰਾ, ਦੇਖਣ ਨੂੰ ਮਿਲ ਸਕਦੀਆਂ ਹਨ ਇਹ ਖੂਬੀਆਂ

ਨਵੀਂ ਦਿੱਲੀ, 14 ਨਵੰਬਰ – ਜੇ Apple ਨੇ ਕੈਮਰਾ ਬਣਾਇਆ, ਇਹ ਸਵਾਲ ਤੁਹਾਡੇ ਦਿਮਾਗ ‘ਚ ਕਈ ਵਾਰ ਆਇਆ ਹੋਵੇਗਾ ਤੇ ਇਹ ਸਹੀ ਵੀ ਹੈ, ਕਿਉਂਕਿ ਕੰਪਨੀ ਆਪਣੇ ਸਮਾਰਟਫੋਨ ‘ਚ ਸ਼ਾਨਦਾਰ ਕੈਮਰੇ ਆਫਰ ਕਰਦੀ ਹੈ। ਹੁਣ ਇਹ ਸੱਚ ਹੋਣ ਦੀ ਉਮੀਦ ਹੈ ਕਿਉਂਕਿ ਕੰਪਨੀ ਨੂੰ ਲੈ ਕੇ ਅਜਿਹੀ ਚਰਚਾ ਹੈ ਕਿ ਉਹ ਵਾਸਤਵ ‘ਚ ਇਕ ਕੈਮਰਾ ਬਣਾ ਰਹੀ ਸੀ ਪਰ ਇਹ ਉਹ ਕੈਮਰਾ ਨਹੀਂ ਹੈ ਜਿਸਦੀ ਤੁਸੀਂ ਉਮੀਦ ਕਰ ਸਕਦੇ ਹੋ। ਅਜਿਹਾ ਇਸ ਲਈ ਹੈ ਕਿਉਂਕਿ ਵਿਸ਼ਲੇਸ਼ਕ ਮਿੰਗ-ਚੀ ਕੁਓ ਤੋਂ ਮਿਲੀ ਜਾਣਕਾਰੀ ਅਨੁਸਾਰ Apple ਇੱਕ ਸਮਾਰਟ ਹੋਮ ਕੈਮਰੇ ‘ਤੇ ਕੰਮ ਕਰ ਰਿਹਾ ਹੈ। ਜਿਸ ਨੂੰ 2026 ਤੱਕ ਲਾਂਚ ਕੀਤਾ ਜਾ ਸਕਦਾ ਹੈ। ਕੈਮਰਾ ਬਾਜ਼ਾਰ ‘ਤੇ ਕਬਜ਼ਾਂ ਕਰਨਾ Apple ਦਾ ਉਦੇਸ਼ ਆਪਣੇ ਮੀਡੀਅਮ ਪੇਜ ‘ਤੇ ਰਿਪੋਰਟ ਕਰਦੇ ਹੋਏ, ਮਿੰਗ-ਚੀ ਕੁਓ ਨੇ ਦਾਅਵਾ ਕੀਤਾ ਕਿ Apple ਸਮਾਰਟ ਹੋਮ IP ਕੈਮਰਾ ਬਾਜ਼ਾਰ ‘ਚ ਐਂਟਰੀ ਲਵੇਗਾ, ਜਿਸ ਦਾ ਮਾਸ ਪ੍ਰੋਡੈਕਸ਼ਨ 2026 ਲਈ ਸ਼ਡਿਊਲ ਹੈ। ਉਸ ਨੇ ਕਿਹਾ ਕਿ ਕੈਮਰੇ ਨੂੰ Apple ਈਕੋਸਿਸਟਮ ਦੇ ਅੰਦਰ ਸੀਮਲੇਸ ਇੰਟੀਗ੍ਰੇਸ਼ਨ ਲਈ ਡਿਜ਼ਾਇਨ ਕੀਤਾ ਗਿਆ ਹੈ ਖ਼ਾਸ ਕਰਕੇ ਵਾਇਰਲੈੱਸ ਕੁਨੈਕਟੀਵਿਟੀ ਜ਼ਰੀਏ। ਕੁਓ ਨੇ ਕਿਹਾ ਕਿ ਸਮਾਰਟ ਹੋਮ ਆਈਪੀ ਕੈਮਰਿਆਂ ਦੀ ਗਲੋਬਲ ਸ਼ਿਪਮੈਂਟ 30 ਤੋਂ 40 ਮਿਲੀਅਨ ਯੂਨਿਟ ਹੈ ਤੇ Apple ਦਾ ਲੰਬੇ ਸਮੇਂ ਦਾ ਟੀਚਾ ਇਸ ਪ੍ਰੋਡੈਕਟ ਲਾਈਨ ਅੰਦਰ 10 ਮਿਲੀਅਨ ਤੋਂ ਜ਼ਿਆਦਾ ਇਨਿਊਲ ਸ਼ਿਪਮੈਂਟ ‘ਤੇ ਕਬਜ਼ਾ ਕਰਨਾ ਹੈ। ਕੁਓ ਨੇ ਕਿਹਾ, ‘ਇਹ ਰਣਨੀਤਕ ਕਦਮ ਘਰੇਲੂ ਬਾਜ਼ਾਰ ਵਿੱਚ ਵਿਕਾਸ ਦੇ ਮੌਕਿਆਂ ਦੀ ਐਪਲ ਦੀ ਨਿਰੰਤਰ ਖੋਜ ਨੂੰ ਦਰਸਾਉਂਦਾ ਹੈ। ਮੇਰਾ ਮੰਨਣਾ ਹੈ ਕਿ ਐਪਲ ਦਾ ਸ਼ਾਨਦਾਰ ਈਕੋਸਿਸਟਮ ਤੇ ਐਪਲ ਇੰਟੈਲੀਜੈਂਸ ਤੇ ਸਿਰੀ ਦੇ ਨਾਲ ਡੂੰਘਾ ਏਕੀਕਰਣ ਯੂਜ਼ਰਜ਼ ਐਕਸਪੀਰੀਅਨਜ਼ ਨਾਲ ਵਧੀਆ ਗਰੋਥ ਹੋਵੇਗੀ।’ Apple ਦਾ ਸਮਾਰਟ ਕੈਮਰਾ ਯੂਜ਼ਰਜ਼ ਨੂੰ ਇਸ ਨਾਲ ਸੰਭਾਵਤ ਤੌਰ ‘ਤੇ ਜ਼ਿਆਦਾ ਲਾਭ ਮਿਲ ਸਕਦਾ ਹੈ। ਕਿਉਂਕਿ ਐਪਲ ਇੱਕ ਵਧੀਆ ਏਕੀਕ੍ਰਿਤ ਸਿਸਟਮ ਵਿੱਚ ਕੰਮ ਕਰਦਾ ਹੈ। ਅਜਿਹੀ ਸਥਿਤੀ ਵਿੱਚ ਐਪਲ ਦਾ ਇੱਕ ਸਮਾਰਟ ਹੋਮ ਕੈਮਰਾ ਆਸਾਨੀ ਨਾਲ ਅਕਸੇਸਿਬਲ ਹੋਵੇਗਾ ਖ਼ਾਸ ਕਰਕੇ ਹੋਮਕਿਟ ਨਾਲ ਇਹ ਵੀ ਸੰਭਾਵਨਾ ਹੈ ਕਿ ਇਸ ਨੂੰ ਆਈਫੋਨ ਤੇ ਹੋਰ ਐਪਲ ਡਿਵਾਈਸਾਂ ਦੁਆਰਾ ਮੈਨੇਜ ਕੀਤਾ ਜਾ ਸਕਦਾ ਹੈ। ਬਲੂਮਬਰਗ ਨੇ ਅਜਿਹੀ ਚਰਚਾਵਾਂ ‘ਤੇ ਵੀ ਰਿਪੋਰਟ ਕੀਤੀ ਹੈ ਕਿ ਐਪਲ ਇੱਕ ਸਮਾਰਟ ਹੋਮ ਡਿਸਪਲੇਅ ਲਾਂਚ ਕਰ ਸਕਦਾ ਹੈ।ਇਸ ਚਰਚਿਤ ਡਿਵਾਈਸ ਨੂੰ ਲੈ ਕੇ ਇਹ ਸੰਭਾਵਨਾ ਹੈ ਕਿ ਇਹ 6 ਇੰਚ ਹੋਵੇਗਾ ਤੇ ਇਸ ਨੂੰ ਕੰਧ ‘ਤੇ ਲਗਾਇਆ ਜਾ ਸਕਦਾ ਹੈ। ਇਹ ਹੋਮ ਆਟੋਮੇਸ਼ਨ ਤੌਰ ‘ਤੇ ਇੱਕ ਗੇਟਵੇ ਵਜੋਂ ਕੰਮ ਕਰ ਸਕਦਾ ਹੈ। ਇਸ ਡਿਵਾਈਸ ‘ਚ ਸਕਰੀਨ ਦੇ ਆਲੇ-ਦੁਆਲੇ ਮੋਟੇ ਬੇਜ਼ਲ ਦੇਖੇ ਜਾ ਸਕਦੇ ਹਨ। ਇਸ ਵਿੱਚ ਬਿਲਟ-ਇਨ ਰੀਚਾਰਜ ਬੈਟਰੀ ਤੇ ਸਪੀਕਰ ਹੋ ਸਕਦੇ ਹਨ। ਇਸ ‘ਚ ਅਕਸੇਸਰੀਜ ਵੀ ਗਾਹਕਾਂ ਨੂੰ ਦਿੱਤੇ ਜਾ ਸਕਦੇ ਹਨ।

ਜਲਦ ਮਾਰਕੀਟ ‘ਚ ਦਸਤਕ ਦੇਵੇਗਾ Apple ਦਾ ਕੈਮਰਾ, ਦੇਖਣ ਨੂੰ ਮਿਲ ਸਕਦੀਆਂ ਹਨ ਇਹ ਖੂਬੀਆਂ Read More »

ਪੈਨ ਕਾਰਡ ਆਧਾਰ ਨਾਲ ਲਿੰਕ ਨਾ ਹੋਣ ਕਾਰਣ ਪੈ ਸਕਦਾ ਹੈ ਭਾਰੀ ਜੁਰਮਾਨਾ

ਨਵੀਂ ਦਿੱਲੀ, 14 ਨਵੰਬਰ – ਕੇਂਦਰ ਸਰਕਾਰ ਨੇ ਵਿੱਤੀ ਧੋਖਾਧੜੀ ਨੂੰ ਰੋਕਣ ਲਈ ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਆਮਦਨ ਕਰ ਵਿਭਾਗ ਨੇ ਇਸ ਲਈ 31 ਦਸੰਬਰ 2024 ਤੱਕ ਦੀ ਡੈੱਡਲਾਈਨ ਦਿੱਤੀ ਹੈ। ਜੇਕਰ ਤੁਸੀਂ 31 ਦਸੰਬਰ ਤੱਕ ਪੈਨ ਅਤੇ ਆਧਾਰ ਨੂੰ ਲਿੰਕ ਨਹੀਂ ਕਰਦੇ ਤਾਂ ਤੁਹਾਡਾ ਪੈਨ ਕਾਰਡ ਡੀ-ਐਕਟੀਵੇਟ ਹੋ ਜਾਵੇਗਾ। ਇਸ ਕਾਰਨ ਤੁਹਾਨੂੰ ਟੈਕਸ ਅਦਾ ਕਰਨ, ਲੈਣ-ਦੇਣ ਕਰਨ ਆਦਿ ਸਮੇਤ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਪੈਨ-ਆਧਾਰ ਨੂੰ ਲਿੰਕ ਕਰਨ ਲਈ ਜੁਰਮਾਨਾ ਸਰਕਾਰ ਨੇ 30 ਜੂਨ 2023 ਤੱਕ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਹੂਲਤ ਮੁਫ਼ਤ ਦਿੱਤੀ ਸੀ ਪਰ ਹੁਣ ਲੇਟ ਫੀਸ ਵਜੋਂ 1000 ਰੁਪਏ ਜੁਰਮਾਨਾ ਭਰਨਾ ਪਵੇਗਾ। ਪਹਿਲਾਂ ਜੁਰਮਾਨੇ ਦੀ ਰਕਮ 500 ਰੁਪਏ ਸੀ ਜੋ ਹੁਣ ਵਧਾ ਕੇ 1000 ਰੁਪਏ ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਆਧਾਰ ਕਾਰਡ ਨੂੰ ਪੈਨ ਨਾਲ ਲਿੰਕ ਕਰਨ ਤੋਂ ਬਾਅਦ ਹੁਣ ਤੁਹਾਨੂੰ 1,000 ਰੁਪਏ ਜੁਰਮਾਨਾ ਭਰਨਾ ਪਵੇਗਾ। ਕਿੰਨੇ ਲੋਕਾਂ ’ਤੇ ਲੱਗਾ ਜੁਰਮਾਨਾ ਦੇਸ਼ ਵਿੱਚ 2 ਕਰੋੜ ਤੋਂ ਵੱਧ ਟੈਕਸਦਾਤਾਵਾਂ ਨੇ ਮੁਫਤ ਡੈੱਡਲਾਈਨ ਖ਼ਤਮ ਹੋਣ ਤੋਂ ਬਾਅਦ ਪੈਨ ਨੂੰ ਆਧਾਰ ਨਾਲ ਲਿੰਕ ਕਰਵਾਇਆ ਹੈ। ਸਰਕਾਰ ਨੇ ਉਨ੍ਹਾਂ ਤੋਂ ਜੁਰਮਾਨੇ ਵਜੋਂ 2,125 ਕਰੋੜ ਰੁਪਏ ਵਸੂਲ ਕੀਤੇ ਹਨ। ਇਨਕਮ ਟੈਕਸ ਐਕਟ, 1961 ਦੀ ਧਾਰਾ 234H ਪ੍ਰਦਾਨ ਕਰਦੀ ਹੈ ਕਿ ਕਿਸੇ ਵਿਅਕਤੀ ਨੂੰ ਧਾਰਾ 139AA ਦੀ ਉਪ-ਧਾਰਾ (2) ਅਧੀਨ ਆਧਾਰ ਦੀ ਜਾਣਕਾਰੀ ਦੇਣੀ ਹੋਵੇਗੀ। ਜੇਕਰ ਉਹ ਅਜਿਹਾ ਨਹੀਂ ਕਰਦਾ ਹੈ ਤਾਂ ਉਸ ਨੂੰ ਸਰਕਾਰ ਨੂੰ 1000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪਵੇਗਾ। ਦੇਸ਼ ’ਚ ਕਿੰਨੇ ਪੈਨ ਕਾਰਡ ਹਨ? ਜੇਕਰ ਅਸੀਂ ਮਾਰਚ 2024 ਤੱਕ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਦੇਸ਼ ‘ਚ 74 ਕਰੋੜ ਤੋਂ ਜ਼ਿਆਦਾ ਲੋਕਾਂ ਕੋਲ ਪੈਨ ਕਾਰਡ ਸਨ। ਇਨ੍ਹਾਂ ਵਿੱਚੋਂ 60.5 ਕਰੋੜ ਲੋਕਾਂ ਨੇ ਆਪਣੇ ਪੈਨ ਨੂੰ ਆਧਾਰ ਨਾਲ ਜੋੜਿਆ ਸੀ। ਪਿਛਲੇ ਸਾਲ ਨਵੰਬਰ ਵਿੱਚ, ਇੱਕ ਆਰਟੀਆਈ ਦੇ ਜਵਾਬ ਵਿੱਚ, ਸੀਬੀਡੀਟੀ ਨੇ ਕਿਹਾ ਸੀ ਕਿ ਉਸਨੇ 11.5 ਕਰੋੜ ਪੈਨ ਨੂੰ ਆਧਾਰ ਨਾਲ ਲਿੰਕ ਨਾ ਕੀਤੇ ਜਾਣ ਕਾਰਨ ਡੀ-ਐਕਟੀਵੇਟ ਕਰ ਦਿੱਤਾ ਹੈ। ਪੈਨ ਨੂੰ ਆਧਾਰ ਨਾਲ ਕਿਵੇਂ ਕਰੀਏ ਲਿੰਕ? ਇਨਕਮ ਟੈਕਸ ਵੈੱਬਸਾਈਟ – eportal.incometax.gov.in ਜਾਂ incometaxindiaefiling.gov.in ‘ਤੇ ਜਾਓ। ਯੂਜ਼ਰ ਆਈਡੀ ਦੀ ਥਾਂ ‘ਤੇ ਪੈਨ ਨੰਬਰ ਭਰ ਕੇ ਰਜਿਸਟਰ ਕਰੋ। ਹੁਣ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ ਇੱਕ ਪੌਪ ਵਿੰਡੋ ਦਿਖਾਈ ਦੇਵੇਗੀ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਪ੍ਰੋਫਾਈਲ ਸੈਟਿੰਗਜ਼ ‘ਤੇ ਜਾਓ ਅਤੇ ਆਧਾਰ ਲਿੰਕ ‘ਤੇ ਕਲਿੱਕ ਕਰੋ। ਇੱਥੇ ਤੁਸੀਂ ਪੈਨ ਕਾਰਡ ਦੀ ਜਾਣਕਾਰੀ ਦੇਖੋਗੇ ਜਿਵੇਂ ਜਨਮ ਮਿਤੀ, ਲਿੰਗ ਅਤੇ ਨਾਮ। ਇਸ ਜਾਣਕਾਰੀ ਨੂੰ ਆਧਾਰ ਨਾਲ ਮਿਲਾਓ। ਫਿਰ Link Now ਬਟਨ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਡੀ ਸਕ੍ਰੀਨ ‘ਤੇ ਲਿਖਿਆ ਹੋਵੇਗਾ ਕਿ ਤੁਹਾਡਾ ਪੈਨ ਆਧਾਰ ਨਾਲ ਲਿੰਕ ਹੋ ਗਿਆ ਹੈ

ਪੈਨ ਕਾਰਡ ਆਧਾਰ ਨਾਲ ਲਿੰਕ ਨਾ ਹੋਣ ਕਾਰਣ ਪੈ ਸਕਦਾ ਹੈ ਭਾਰੀ ਜੁਰਮਾਨਾ Read More »

ਜ਼ਿਲ੍ਹਾ ਟਾਸਕ ਫੋਰਸ ਨੇ ਬਾਲ ਮਜ਼ਦੂਰੀ ਨੂੰ ਰੋਕਣ ਲਈ ਬੰਗਾ ਵਿਖੇ ਕੀਤੀ ਚੈਕਿੰਗ

ਨਵਾਂਸ਼ਹਿਰ, 14 ਨਵੰਬਰ – ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਡਾਇਰੈਕਟਰ ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਬਲਾਕ ਵਿਚ ਬਾਲ ਮਜ਼ਦੂਰੀ ਨੂੰ ਰੋਕਣ ਲਈ ਮੁਹਿੰਮ ਚਲਾਈ ਗਈ। ਇਸ ਤਹਿਤ ਬਾਲ ਮਜ਼ਦੂਰੀ ਨੂੰ ਰੋਕਣ ਲਈ ਬਣਾਈ ਗਈ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਬੰਗਾ ਦੀਆਂ ਵੱਖ-ਵੱਖ ਥਾਵਾਂ ‘ਤੇ ਚੈਕਿੰਗ ਕੀਤੀ ਗਈ। ਜ਼ਿਲ੍ਹਾ ਪ੍ਰੋਗਰਾਮ ਅਫਸਰ ਜਗਰੂਪ ਸਿੰਘ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਦੀ ਅਗਵਾਈ ਹੇਠ ਕੀਤੀ ਇਸ ਚੈਕਿੰਗ ਦੌਰਾਨ ਟੀਮ ਵੱਲੋਂ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਵਿਚ ਲੱਗਿਆ ਕੋਈ ਵੀ ਬੱਚਾ ਨਹੀਂ ਪਾਇਆ ਗਿਆ। ਟੀਮ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਹੋ ਰਹੀ ਲਗਾਤਾਰ ਚੈਕਿੰਗ ਦੇ ਫਲਸਰੂਪ ਅੱਜ ਚੈਕਿੰਗ ਦੌਰਾਨ ਕੋਈ ਵੀ ਬੱਚਾ ਮਜ਼ਦੂਰੀ ਕਰਦੇ ਹੋਏ ਨਹੀਂ ਪਾਇਆ ਗਿਆ। ਇਸ ਮੌਕੇ ਮੌਜੂਦ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਵੱਲੋਂ ਦੱਸਿਆ ਗਿਆ ਕਿ ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਪੈਨ ਇੰਡੀਆ ਬਾਲ ਮਜ਼ਦੂਰੀ ਖਿਲਾਫ ਰੈਸਕਿਊ ਅਤੇ ਰੀਹੈਬਿਲੀਟੇਸ਼ਨ ਕੰਪੇਨ ਤਹਿਤ ਪੂਰੇ ਪੰਜਾਬ ਵਿਚ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਦੂਜੇ ਰਾਜਾਂ ਤੋਂ ਆਏ ਹੋਏ ਪ੍ਰਵਾਸੀਆਂ ਨੂੰ ਪੰਜਾਬ ਵਿਚ ਭਿੱਖਿਆ ਕਰਨ ਤੋਂ ਰੋਕਿਆ ਜਾ ਸਕੇ ਅਤੇ ਭਿੱਖਿਆ ਵਿਚ ਲੱਗੇ ਹੋਏ ਬੱਚਿਆਂ ਨੂੰ ਸਿੱਖਿਆ ਨਾਲ ਜੋੜ ਕੇ ਉਨ੍ਹਾਂ ਦੇ ਭਵਿੱਖ ਨੂੰ ਉੱਜਵਲ ਬਣਾਇਆ ਜਾ ਸਕੇ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਜੇਕਰ ਕੋਈ ਵੀ 18 ਸਾਲ ਤੋਂ ਘੱਟ ਉਮਰ ਦਾ ਬੱਚਾ ਭੀਖ ਮੰਗਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਉਸਦੀ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਜਾਂ ਚਾਇਲਡ ਹੈਲਪਲਾਈਨ ਨੰਬਰ 1098 ਤੇ ਦਿੱਤੀ ਜਾਵੇ। ਮੌਕੇ ‘ਤੇ ਹਾਜ਼ਰ ਰਜਿੰਦਰ ਕੌਰ ਬਾਲ ਸੁਰੱਖਿਆ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਜ਼ੀਰੋ ਤੋਂ 18 ਸਾਲ ਤੱਕ ਦੇ ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਵਿਅਕਤੀ ਖ਼ਿਲਾਫ ਜੁਵੇਨਾਈਲ ਜਸਟਿਸ ਐਕਟ ਅਧੀਨ ਦੋ ਸਾਲ ਤੱਕ ਦੀ ਸਜ਼ਾ ਅਤੇ 1 ਲੱਖ ਰੁਪਏ ਜ਼ੁਰਮਾਨਾ ਹੋ ਸਕਦਾ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦੀ ਅਗਵਾਈ ਹੇਠ ਕੀਤੀ ਜਾ ਰਹੀ ਚੈਕਿੰਗ ਟੀਮ ਵਿਚ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੋਂ ਰਜਿੰਦਰ ਕੌਰ ਬਾਲ ਸੁਰੱਖਿਆ ਅਫਸਰ, ਸੰਤੋਸ਼ ਡੀ.ਈ.ਓ, ਹਰਵਿੰਦਰ ਸਿੰਘ ਲੇਬਰ ਇੰਸਪੈਕਟਰ, ਸਿੱਖਿਆ ਵਿਭਾਗ ਤੋਂ ਸੁਰਿੰਦਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫਤਰ ਤੋਂ ਛਿੰਦਰਪਾਲ, ਸਿਹਤ ਵਿਭਾਗ ਤੋਂ ਦਰਬਾਰਾ ਸਿੰਘ, ਨਗਰ ਕੌਂਸਲ ਤੋਂ ਰਵਿੰਦਰ ਕੁਮਾਰ, ਪੁਲਿਸ ਵਿਭਾਗ ਤੋਂ ਸੁਰਜੀਤ ਸਿੰਘ ਅਤੇ ਨੀਲਮ ਰਾਣੀ ਹਾਜ਼ਰ ਸਨ।

ਜ਼ਿਲ੍ਹਾ ਟਾਸਕ ਫੋਰਸ ਨੇ ਬਾਲ ਮਜ਼ਦੂਰੀ ਨੂੰ ਰੋਕਣ ਲਈ ਬੰਗਾ ਵਿਖੇ ਕੀਤੀ ਚੈਕਿੰਗ Read More »

ਚੰਡੀਗੜ੍ਹਦਾ AQI ਪਹੁੰਚਿਆ ਦਿੱਲੀ ਦੇ ਨੇੜੇ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

ਚੰਡੀਗੜ੍ਹ, 14 ਨਵੰਬਰ – AQI ਚੰਡੀਗੜ੍ਹ ਵਿਚ ਵੀਰਵਾਰ ਨੂੰ ਵੀ ਹਵਾ ਦੀ ਗੁਣਵੱਤਾ ਵਿੱਚ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲੀ ਅਤੇ AQI ਪੱਧਰ 421 ਦੇ ਚਿੰਤਾਜਨਕ ਅੰਕੜੇ ਤੱਕ ਪਹੁੰਚ ਗਿਆ, ਜਿਸ ਨੂੰ ‘ਗੰਭੀਰ’ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਅਜਿਹਾ ਉੱਚ AQI ਪ੍ਰਦੂਸ਼ਣ ਦੇ ਖਤਰਨਾਕ ਪੱਧਰ ਨੂੰ ਦਰਸਾਉਂਦਾ ਹੈ ਜੋ ਕਿ ਗੰਭੀਰ ਸਿਹਤ ਖਤਰੇ ਪੈਦਾ ਕਰਦਾ ਹੈ। ਸਿਹਤ ਮਾਹਿਰਾਂ ਅਨੁਸਾਰ ਇਸ ਉੱਚ ਪੱਧਰ ਦਾ ਏਕਿਉਆਈ ਖਾਸ ਤੌਰ ’ਤੇ ਕਮਜ਼ੋਰ ਸਮੂਹਾਂ ਜਿਵੇਂ ਕਿ ਬੱਚਿਆਂ, ਬਜ਼ੁਰਗਾਂ, ਅਤੇ ਸਾਹ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਲਈ ਬਹੁਤ ਖਤਰਨਾਕ ਹੈ। ਅਧਿਕਾਰਤ ਅੰਕੜਿਆਂ ਦੇ ਅਨੁਸਾਰ ਸ਼ਹਿਰ ਵਿੱਚ ਸਵੇਰੇ 7 ਵਜੇ ਏਅਰ ਕੁਆਲਿਟੀ ਇੰਡੈਕਸ 418 ਸੀ, ਹਾਲਾਂਕਿ ਸਵੇਰੇ 9 ਵਜੇ ਤੱਕ ਔਸਤ AQI 412 ਤੇ ਆ ਗਿਆ। ਧੂੰਏਂ ਨੇ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਚੰਡੀਗੜ੍ਹ ਮੌਸਮ ਵਿਭਾਗ ਨੇ ਵੀ ਖਿੱਤੇ ਵਿੱਚ ਯੈਲੋ ਅਲਰਟ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਹਾਲਾਤ ਸ਼ੁੱਕਰਵਾਰ ਤੱਕ ਬਣੇ ਰਹਿਣਗੇ। ਮੌਸਮ ਵਿਭਾਗ ਦੇ ਮਾਹਰਾਂ ਦੇ ਅਨੁਸਾਰ ਪਹਾੜਾਂ ਵਿੱਚ ਪੱਛਮੀ ਗੜਬੜੀ ਨੇ ਖੇਤਰ ਵਿੱਚ ਨਮੀ ਦੀ ਮਾਤਰਾ ਨੂੰ ਵਧਾ ਦਿੱਤਾ ਹੈ, ਜਿਸ ਨਾਲ ਹਵਾ ਦਾ ਸੰਚਾਰ ਘਟਿਆ ਹੈ ਅਤੇ ਨਤੀਜੇ ਵਜੋਂ ਸਵੇਰ ਦੀ ਸੰਘਣੀ ਧੁੰਦ ਹੈ। ਖੇਤਰ ਦੀ ਵਿਗੜਦੀ ਹਵਾ ਦੀ ਗੁਣਵੱਤਾ ਸਿਰਫ ਫਸਲਾਂ ਨੂੰ ਸਾੜਨ ਦੇ ਨਤੀਜਾ ਵਜੋਂ ਨਹੀਂ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਕਿਹਾ ਕਿ ਹੋਰ ਮਹੱਤਵਪੂਰਨ ਯੋਗਦਾਨ ਪਾਉਣ ਵਾਲਿਆਂ ਵਿੱਚ ਧੂੜ ਅਤੇ ਸ਼ਹਿਰੀ ਪ੍ਰਦੂਸ਼ਣ ਸਰੋਤ ਸ਼ਾਮਲ ਹਨ ਜਿਵੇਂ ਕਿ ਵਾਹਨਾਂ ਦੇ ਤੋਂ ਨਿੱਕਲਦਾ ਧੂਆਂ ਅਤੇ ਉਦਯੋਗਿਕ ਨਿਕਾਸ ਆਦਿ। ਜਲਵਾਯੂ ਪਰਿਵਰਤਨ ਅਤੇ ਖੇਤੀਬਾੜੀ ਮੌਸਮ ਵਿਭਾਗ ਦੀ ਮੁਖੀ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਸਭ ਤੋਂ ਚਿੰਤਾਜਨਕ ਪਹਿਲੂ ਸ਼ਾਮ ਦੇ ਤਾਪਮਾਨ ਦਾ ਵਧਣਾ ਹੈ। ਇਸ ਵੇਲੇ ਇਸ ਖੇਤਰ ਵਿੱਚ ਰਾਤ ਦਾ ਤਾਪਮਾਨ 18 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਹੈ ਜਦਕਿ ਨਵੰਬਰ ਦੇ ਦੂਜੇ ਹਫ਼ਤੇ ਆਮ ਤਾਪਮਾਨ 11 ਤੋਂ 12 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿੰਦਾ ਹੈ। ਕਿੰਗਰਾ ਨੇ ਕਿਹਾ, “ਪੀਏਯੂ ਆਬਜ਼ਰਵੇਟਰੀ ਮਾਨੀਟਰਿੰਗ ਮੌਸਮ 1970 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਹ ਵਰਤਾਰਾ ਇੰਨੇ ਸਾਲਾਂ ਵਿੱਚ ਪਹਿਲੀ ਵਾਰ ਦੇਖਿਆ ਗਿਆ ਹੈ।” ਉਨ੍ਹਾਂ ਕਿਹਾ ਕਿ ਅਜੇ ਵੀ ਖੇਤਰ ਵਿੱਚ ਹਵਾ ਦੀ ਰਫ਼ਤਾਰ ਲਗਭਗ 2 ਕਿਲੋਮੀਟਰ ਪ੍ਰਤੀ ਘੰਟਾ ਹੈ। ਅਜਿਹੀਆਂ ਸਥਿਤੀਆਂ ਵਿੱਚ ਪ੍ਰਦੂਸ਼ਨ ਇਕ ਜਗ੍ਹਾ ਫਸ ਜਾਂਦਾ ਹੈ ਅਤੇ ਖੇਤਰ ਵਿੱਚ ਇੱਕ ਜ਼ਹਿਰੀਲੇ ਹਵਾ ਦਾ ਗੁਬਾਰਾ ਬਣਾ ਦਿੰਦਾ ਹੈ। ਪ੍ਰਿੰਸੀਪਲ ਐਗਰੀਕਲਚਰ ਮੈਟਰੋਲੋਜਿਸਟ ਕੇ.ਕੇ ਗਿੱਲ ਨੇ ਕਿਹਾ ਕਿ ਕਣਕ ਦੇ ਖੇਤਾਂ ਦੀ ਸਿੰਚਾਈ ਵੀ ਧੁੰਦ ਦੇ ਗਠਨ ਵਿੱਚ ਵਾਧਾ ਕਰ ਰਹੀ ਹੈ। “ਇਸ ਵੇਲੇ ਸਵੇਰ ਅਤੇ ਸ਼ਾਮ ਨੂੰ ਧੁੰਦ ਹੈ, ਦਿਨ ਵੇਲੇ ਇਹ ਧੂੰਏਂ ਅਤੇ ਇਸ ਵਿੱਚ ਫਸੇ ਧੂੜ ਦੇ ਕਣਾਂ ਵਿੱਚ ਬਦਲ ਜਾਂਦੇ ਹਨ। ਅਜਿਹੀਆਂ ਸਥਿਤੀਆਂ ਵਿੱਚ, ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਨਾਲ ਨੁਕਸਾਨਦੇਹ ਪ੍ਰਭਾਵ ਪੈ ਸਕਦਾ ਹੈ ਅਤੇ ਹੋਰ ਪ੍ਰਦੂਸ਼ਣ ਹੋ ਸਕਦਾ ਹੈ। ਪੰਜਾਬ ਵਿੱਚ ਬੁੱਧਵਾਰ ਨੂੰ 509 ਤਾਜ਼ਾ ਖੇਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ, ਜਦੋਂ ਕਿ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਮੰਡੀ ਗੋਬਿੰਦਗੜ੍ਹ (322) ਅਤੇ ਅੰਮ੍ਰਿਤਸਰ (310) ਸਨ। ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਇੱਕ ਦਿਨ ਵਿੱਚ 91 ਖੇਤਾਂ ਵਿੱਚ ਅੱਗ ਦੇ ਮਾਮਲੇ ਦਰਜ ਕੀਤੇ ਗਏ ਅਤੇ ਦੂਜੇ ਨੰਬਰ ’ਤੇ ਮੋਗਾ ਵਿਚ 88 ਮਾਮਲੇ ਸਾਹਮਣੇ ਆਏ ਹਨ। ਖੇਤਾਂ ਵਿੱਚ ਅੱਗ ਲੱਗਣ ਦੇ ਮਾਮਲਿਆਂ ਦੀ ਕੁੱਲ ਗਿਣਤੀ 7,621 ਤੱਕ ਪਹੁੰਚ ਗਈ ਹੈ।

ਚੰਡੀਗੜ੍ਹਦਾ AQI ਪਹੁੰਚਿਆ ਦਿੱਲੀ ਦੇ ਨੇੜੇ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ Read More »

ਭਾਜਪਾ ਦਾ ਪੰਜਾਬ ਪੈਂਤੜਾ

ਰਵਨੀਤ ਸਿੰਘ ਬਿੱਟੂ ਨੂੰ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਿਲ ਹੋਇਆਂ ਅਜੇ ਨੌਂ ਮਹੀਨੇ ਹੋਏ ਹਨ ਪਰ ਦਲਬਦਲੀ ਦੇ ਇਸ ਛੋਟੇ ਜਿਹੇ ਅਰਸੇ ਵਿੱਚ ਹੀ ਉਨ੍ਹਾਂ ਬਿਆਨਬਾਜ਼ੀ ਦੇ ਆਸਰੇ ਆਪਣੀ ਵਾਹਵਾ ‘ਭੱਲ’ ਬਣਾ ਲਈ ਹੈ। ਲੁਧਿਆਣਾ ਹਲਕੇ ਤੋਂ ਲੋਕ ਸਭਾ ਦੀ ਚੋਣ ਵਿੱਚ ਬਿੱਟੂ ਕਾਂਗਰਸ ਆਗੂ ਅਮਰਿੰਦਰ ਸਿੰਘ ਰਾਜਾ ਵਡਿ਼ੰਗ ਤੋਂ ਹਾਰ ਗਏ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਰੇਲ ਅਤੇ ਫੂਡ ਪ੍ਰਾਸੈਸਿੰਗ ਰਾਜ ਮੰਤਰੀ ਦਾ ਅਹੁਦਾ ਦੇ ਕੇ ਨਵਾਜਿਆ ਗਿਆ। ਫਿਰ ਉਹ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਚੁਣ ਲਏ ਗਏ। ਇਸ ਸਮੇਂ ਉਹ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚਾਰ ਸੀਟਾਂ ਲਈ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰਾਂ ਦਾ ਪ੍ਰਚਾਰ ਕਰਨ ਆਏ ਹੋਏ ਹਨ। ਉਨ੍ਹਾਂ ਮੁਕਤਸਰ ਵਿੱਚ ਆਉਣ ਸਾਰ ਪਹਿਲਾ ਬਿਆਨ ਕਿਸਾਨ ਜਥੇਬੰਦੀਆਂ ਖ਼ਿਲਾਫ਼ ਦਾਗਿਆ। ਯੂਰੀਆ ਅਤੇ ਡੀਏਪੀ ਦੀ ਘਾਟ ਕਾਰਨ ਕਣਕ ਦੀ ਬਿਜਾਈ ਵਿੱਚ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਬਾਬਤ ਬਿੱਟੂ ਦਾ ਕਥਨ ਹੈ- “ਖਾਦ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ ਪਰ ਉਹ (ਕਿਸਾਨ ਆਗੂ) ਹਦਾਇਤਾਂ ਦੇ ਰਹੇ ਹਨ ਕਿ ਇਹ ਕਿੱਥੇ ਜਾਣੀ ਚਾਹੀਦੀ ਹੈ। ਤੁਸੀਂ ਤਾਲਿਬਾਨ ਬਣ ਗਏ ਹੋ। ਤੁਹਾਨੂੰ ਕਿਤੇ ਰੁਕਣਾ ਪਵੇਗਾ।” ਰਵਨੀਤ ਬਿੱਟੂ ਇੱਥੇ ਹੀ ਨਹੀਂ ਰੁਕੇ ਸਗੋਂ ਉਹ ਇਹ ਕਹਿਣ ਤੱਕ ਚਲੇ ਗਏ ਕਿ ‘ਜ਼ਿਮਨੀ ਚੋਣਾਂ ਹੋ ਲੈਣ ਦਿਓ, ਫੇਰ ਅਸੀਂ ਪੁੱਛਾਂਗੇ ਕਿ ਉਨ੍ਹਾਂ (ਕਿਸਾਨ ਆਗੂਆਂ) ਨੇ ਆਗੂ ਬਣਨ ਤੋਂ ਬਾਅਦ ਕਿੰਨੀ ਜ਼ਮੀਨ ਜਾਇਦਾਦ ਬਣਾਈ ਹੈ ਅਤੇ ਉਨ੍ਹਾਂ ’ਚੋਂ ਕੌਣ ਆੜ੍ਹਤੀਆ ਜਾਂ ਸ਼ੈੱਲਰ ਮਾਲਕ ਹੈ?’ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਐਤਕੀਂ ਜਿਸ ਤਰ੍ਹਾਂ ਦਾ ਸੰਕਟ ਬਣਿਆ ਅਤੇ ਅਜੇ ਤੱਕ ਵੀ ਚੱਲ ਰਿਹਾ ਹੈ, ਉਸ ਨੂੰ ਸੁਲਝਾਉਣ ਵਿੱਚ ਬਿੱਟੂ ਨੇ ਕੇਂਦਰੀ ਮੰਤਰੀ ਹੋਣ ਨਾਤੇ ਕੋਈ ਭੂਮਿਕਾ ਨਿਭਾਈ ਹੋਵੇ, ਇਸ ਦੀ ਕਦੇ ਕੋਈ ਖ਼ਬਰ ਸਾਹਮਣੇ ਨਹੀਂ ਆਈ। ਹਾਲ ਹੀ ਵਿੱਚ ਹੋਈਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ ਅਤੇ ਉੱਥੇ ਭਾਜਪਾ ਨੇ ਜੋ ਪੈਂਤੜਾ ਅਪਣਾਇਆ ਸੀ, ਉਸ ਨੂੰ ਪੰਜਾਬ ਵਿੱਚ ਵੀ ਅਪਣਾ ਸਕਦੀ ਹੈ। ਭਾਜਪਾ ਦੀ ਪ੍ਰਦੇਸ਼ ਇਕਾਈ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਭਾਵੇਂ ਬਿੱਟੂ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਉਸ ਦੇ ਬਿਆਨਾਂ ਨਾਲੋਂ ਪਾਰਟੀ ਦੀ ਦੂਰੀ ਦਰਸਾਉਣ ਦਾ ਯਤਨ ਕੀਤਾ ਹੈ। ਗਰੇਵਾਲ ਨੇ ਦਾਅਵਾ ਕੀਤਾ ਕਿ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਮੋਦੀ ਸਰਕਾਰ ਨੇ ਕਿਸਾਨਾਂ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਕਿਹਾ, “ਹੋ ਸਕਦਾ ਹੈ ਕਿ ਸਾਡਾ ਵਿਚਾਰ ਕਿਸਾਨ ਆਗੂਆਂ ਨਾਲ ਮੇਲ ਨਾ ਖਾਂਦਾ ਹੋਵੇ ਪਰ ਅਸੀਂ ਕਿਸਾਨਾਂ ਦੀ ਭਲਾਈ ਸੋਚਦੇ ਹਾਂ। ਕਿਸਾਨ ਯੂਨੀਅਨਾਂ ਛੋਟੇ ਤੇ ਸੀਮਾਂਤ ਕਿਸਾਨਾਂ ਲਈ ਸੰਘਰਸ਼ ਕਰਦੀਆਂ ਹਨ। ਉਂਝ, ਜੇ ਕਿਸਾਨ ਜਥੇਬੰਦੀਆਂ ਨੂੰ ਸਾਡੀ ਕੋਈ ਵੀ ਟੀਕਾ ਟਿੱਪਣੀ ਚੰਗੀ ਨਾ ਲੱਗੀ ਹੋਵੇ ਤਾਂ ਅਸੀਂ ਉਸ ਦੀ ਮੁਆਫ਼ੀ ਮੰਗਦੇ ਹਾਂ।” ਪੰਜਾਬ ਵਿੱਚ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਭਾਜਪਾ ਨੇ ਸਾਰੀਆਂ ਤੇਰਾਂ ਸੀਟਾਂ ’ਤੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਸਨ। ਇਸ ਤੋਂ ਪਹਿਲਾਂ ਭਾਜਪਾ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਨਾਲ ਰਲ ਕੇ ਤਿੰਨ ਸੀਟਾਂ ਉੱਪਰ ਹੀ ਚੋਣ ਲੜਦੀ ਰਹੀ ਸੀ। ਪਿਛਲੀਆਂ ਚੋਣਾਂ ਵਿੱਚ ਭਾਜਪਾ ਕੋਈ ਸੀਟ ਤਾਂ ਨਹੀਂ ਜਿੱਤ ਸਕੀ ਪਰ ਪਾਰਟੀ ਕੁੱਲ ਮਿਲਾ ਕੇ 18 ਫ਼ੀਸਦੀ ਤੋਂ ਵੱਧ ਵੋਟਾਂ ਹਾਸਿਲ ਕਰਨ ਵਿੱਚ ਕਾਮਯਾਬ ਰਹੀ ਜਿਸ ਸਦਕਾ ਇਹ ਸੂਬੇ ਦੀ ਰਾਜਨੀਤੀ ਦੀ ਤੀਜੀ ਧਿਰ ਬਣ ਕੇ ਉੱਭਰੀ; ਇਸ ਦਾ ਪੁਰਾਣਾ ਭਿਆਲ ਸ਼੍ਰੋਮਣੀ ਅਕਾਲੀ ਦਲ ਚੌਥੇ ਨੰਬਰ ’ਤੇ ਖਿਸਕ ਗਿਆ ਸੀ। ਤਿੰਨ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ 2020-21 ਦੇ ਅੰਦੋਲਨ ਕਰ ਕੇ ਕੇਂਦਰ ਨੂੰ ਪਿਛਾਂਹ ਹਟਣ ਲਈ ਮਜਬੂਰ ਹੋਣਾ ਪਿਆ ਸੀ ਅਤੇ ਹੁਣ ਵੀ ਕਈ ਸਿਆਸੀ ਅਤੇ ਕਿਸਾਨੀ ਧਿਰਾਂ ਦਾ ਖਿਆਲ ਹੈ ਕਿ ਮੋਦੀ ਸਰਕਾਰ ਦੇ ਮਨ ਵਿੱਚ ਕਿਸਾਨ ਅੰਦੋਲਨ ਦੀ ਟੀਸ ਬਣੀ ਹੋਈ ਹੈ ਅਤੇ ਕਦੇ ਝੋਨੇ ਦੀ ਖਰੀਦ ਜਾਂ ਫਿਰ ਪਰਾਲੀ ਦੀ ਸਾੜਫੂਕ ਦੇ ਬਹਾਨੇ ਪੰਜਾਬ ਦੀ ਕਿਸਾਨੀ ਉਸ ਦੇ ਨਿਸ਼ਾਨੇ ’ਤੇ ਹੈ। ਲੋਕ ਸਭਾ ਚੋਣਾਂ ਵਿਚ ਕਿਸਾਨ ਜਥੇਬੰਦੀਆਂ ਖ਼ਾਸਕਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਸਿਆਸੀ ਆਗੂਆਂ ਅਤੇ ਉਮੀਦਵਾਰਾਂ ਖ਼ਾਸਕਰ ਭਾਜਪਾ ਦੇ ਉਮੀਦਵਾਰਾਂ ਨੂੰ ਘੇਰ ਕੇ ਸਵਾਲ ਪੁੱਛਣ ਦਾ ਸੱਦਾ ਦਿੱਤਾ ਗਿਆ ਸੀ ਜਿਸ ਕਰ ਕੇ ਇਸ ਪਾਰਟੀ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਦੋ ਕੁ ਹਫ਼ਤੇ ਪਹਿਲਾਂ ਸਾਬਕਾ ਮੁੱਖ ਮੰਤਰੀ ਅਤੇ ਹੁਣ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਖੰਨਾ ਮੰਡੀ ਦਾ ਦੌਰਾ ਕਰਨ ਆਏ ਸਨ ਤਾਂ ਉਨ੍ਹਾਂ ਆਖਿਆ ਸੀ ਕਿ ਪਾਰਟੀ ਲੀਡਰਸ਼ਿਪ ਨੇ ਪੰਜਾਬ ਦੀ ਰਾਜਨੀਤੀ ਜਾਂ ਚਲੰਤ ਖੇਤੀ ਸੰਕਟ ਨਾਲ ਜੁੜੇ ਮਾਮਲਿਆਂ ਬਾਰੇ ਉਨ੍ਹਾਂ ਤੋਂ ਸਲਾਹ ਨਹੀਂ ਲਈ ਤੇ ਜਦੋਂ ਤੱਕ ਉਹ ਸਲਾਹ ਨਹੀਂ ਮੰਗਦੇ, ਉਦੋਂ ਤਕ ਉਹ ਦੇਣਗੇ ਵੀ ਨਹੀਂ। ਟ੍ਰਿਬਿਊਨ ਪ੍ਰਕਾਸ਼ਨ ਸਮੂਹ ਨਾਲ ਮੁਲਾਕਾਤ ਵਿੱਚ ਸਾਬਕਾ ਮੁੱਖ ਮੰਤਰੀ ਨੇ ਆਖਿਆ ਸੀ: “ਉਨ੍ਹਾਂ ਮੈਥੋਂ ਕੋਈ ਰਾਏ ਨਹੀਂ ਮੰਗੀ। ਮੈਂ ਭਾਜਪਾ ਤੋਂ ਨਿਰਾਸ਼ ਨਹੀਂ ਹਾਂ, ਇਹ ਜ਼ਰੂਰ ਸੋਚਦਾਂ ਹਾਂ ਕਿ ਸਾਡੇ (ਸਾਬਕਾ ਕਾਂਗਰਸੀਆਂ) ’ਚੋਂ ਬਹੁਤਿਆਂ ਨੇ ਪਾਰਟੀ ਮੌਜ ਮਸਤੀ ਲਈ ਜੁਆਇਨ ਨਹੀਂ ਕੀਤੀ ਸੀ। ਅਸੀਂ ਤਾਂ ਗਏ ਸੀ ਕਿਉਂਕਿ ਅਸੀਂ ਸਾਰੇ ਗੰਭੀਰ ਤੇ ਤਜਰਬੇਕਾਰ ਸਿਆਸਤਦਾਨ ਹਾਂ। ਕੀ ਪੰਜਾਬ ਦੇ ਸੰਕਟ ਬਾਰੇ ਉਨ੍ਹਾਂ ਨੂੰ ਸਾਥੋਂ ਕੋਈ ਬਿਹਤਰ ਸਲਾਹ ਦੇ ਸਕਦਾ ਹੈ?” ਇਸ ਤੋਂ ਪਹਿਲਾਂ ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੀ ਕੇਂਦਰੀ ਲੀਡਰਸ਼ਿਪ ਨੂੰ ਪੰਜਾਬ ਦੇ ਮਸਲਿਆਂ ਪ੍ਰਤੀ ਆਪਣਾ ਨਜ਼ਰੀਆ ਬਦਲਣ ਦੀ ਸਲਾਹ ਦਿੱਤੀ ਸੀ। ਸੁਣਨ ਵਿੱਚ ਆਇਆ ਸੀ ਕਿ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਦੋਂ ਤੋਂ ਹੀ ਉਨ੍ਹਾਂ ਆਪਣੀ ਜਨਤਕ ਸਰਗਰਮੀ ਲਗਭਗ ਬੰਦ ਕੀਤੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਬਾਰੇ ਵੀ ਉਨ੍ਹਾਂ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕੀਤੇ ਸਨ ਅਤੇ ਕਿਹਾ ਸੀ ਕਿ ਬਤੌਰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਾ ਆਪਣਾ ਮੁਕਾਮ ਤੇ ਸਿਆਸਤ ਹੈ; ਪੰਜਾਬ ਦੀ ਸਿਆਸਤ ਵਿੱਚੋਂ ਅਕਾਲੀ ਸਿਆਸਤ ਮਨਫ਼ੀ ਨਹੀਂ ਹੋਣੀ ਚਾਹੀਦੀ। ਪੰਜਾਬ ਮੁੱਖ ਤੌਰ ’ਤੇ ਖੇਤੀ ਪ੍ਰਧਾਨ ਸੂਬਾ ਹੈ ਜਿਸ ਦੇ ਅਰਥਚਾਰੇ ਦੀ ਚੂਲ ਖੇਤੀਬਾੜੀ ’ਤੇ ਟਿਕੀ ਹੋਈ ਹੈ। ਪੰਜਾਬ ਦੀ ਕਿਸਾਨੀ ਬਹੁਤ ਗਤੀਸ਼ੀਲ ਤੇ ਉਦਮੀ ਤਬਕਾ ਗਿਣੀ ਜਾਂਦੀ ਹੈ ਅਤੇ ਜਥੇਬੰਦਕ ਤੌਰ ’ਤੇ ਕਾਫ਼ੀ ਮਜ਼ਬੂਤ ਧਿਰ ਹੈ। ਸਮਾਜ ਦੇ ਕਿਸੇ ਵੀ ਤਬਕੇ ਦੇ ਮੰਗਾਂ ਮਸਲਿਆਂ ਬਾਰੇ ਸਿਆਸੀ ਧਿਰਾਂ ਜਾਂ ਸਰਕਾਰਾਂ ਦਾ ਅਜਿਹਾ ਹਠੀ ਰਵੱਈਏ ਦੀ ਮਿਸਾਲ ਨਹੀਂ ਮਿਲਦੀ। ਸਵਾਲਾਂ ਦਾ ਸਵਾਲ ਹੁਣ ਇਹ ਹੈ ਕਿ ਭਾਜਪਾ ਕਿਸਾਨਾਂ ਅਤੇ ਉਨ੍ਹਾਂ ਦੇ ਸਰੋਕਾਰਾਂ ਪ੍ਰਤੀ ਅਜਿਹਾ ਹਠੀ ਵਤੀਰਾ ਧਾਰਨ ਕਰ ਕੇ ਪੰਜਾਬ ਦੀ ਰਾਜਨੀਤੀ ਵਿਚ ਆਪਣਾ ਬਣਦਾ ਮੁਕਾਮ ਤਲਾਸ਼ ਸਕਦੀ ਹੈ?

ਭਾਜਪਾ ਦਾ ਪੰਜਾਬ ਪੈਂਤੜਾ Read More »