ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰਪੁਰਬ ਸਮਾਗਮ ਮੌਕੇ ਹਜ਼ਾਰਾਂ ਸੰਗਤਾਂ ਪੁੱਜੀਆਂ

-ਪਾਕਿਸਤਾਨ ਦੀ ਸਰਲ ਵੀਜ਼ਾ ਪ੍ਰਣਾਲੀ ਹੋਣ ਕਰਕੇ ਵਿਦੇਸ਼ੀ ਸਿੱਖ ਸੰਗਤ ਦੀ ਵੱਡੀ ਗਿਣਤੀ
-ਵਾਹਗਾ ਬਾਰਡਰ ਰਾਹੀਂ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਾਲੇ ਜੱਥਾ ਦਾ ਨਿੱਘਾ ਸਵਾਗਤ ਅਤੇ ਹੋਰ ਸੰਗਤ ਵੀ ਪਹੁੰਚਣੀ ਸ਼ੁਰੂ
-ਨਨਕਾਣਾ ਸਾਹਿਬ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਵਿਸ਼ੇਸ਼ ਰਿਪੋਰਟ–
ਲਾਹੌਰ, 15 ਨਵੰਬਰ 2024:- ਨਨਕਾਣਾ ਸਾਹਿਬ – ਸਿੱਖ ਧਰਮ ਦੇ ਬਾਨੀ ਅਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਦੇ ਸਮਾਗਮ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਬੜੇ ਉਤਸ਼ਾਹ ਨਾਲ ਸ਼ੁਰੂ ਹੋ ਚੁੱਕੇ ਹਨ। ਪਾਕਿਸਤਾਨ ਸਰਕਾਰ ਵੱਲੋਂ ਵੀਜ਼ਾ ਪ੍ਰਣਾਲੀ ਹੋਰ ਸਰਲ ਹੋਣ ਕਰਕੇ ਜਿੱਥੇ ਵਿਦੇਸ਼ਾਂ ਦੇ ਵਿਚੋਂ ਭਾਰੀ ਗਿਣਤੀ ਦੇ ਵਿਚ ਸਿੱਖ ਸੰਗਤ ਇਥੇ ਪਹੁੰਚ ਰਹੀ ਹੈ ਉਥੇ ਪਾਕਿਸਤਾਨ ਦੇ ਸਾਰੇ ਪ੍ਰਾਂਤਾ ਵਿਚੋਂ ਬਹੁਤ ਸਾਰੀ ਸੰਗਤ ਵੀ ਇਥੇ ਪਹੁੰਚ ਚੁੱਕੀ ਹੈ। ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਦੇ ਵਿਚ 800 ਦੇ ਕਰੀਬ ਸੰਗਤ ਅਤੇ ਭਾਰਤ ਦੇ ਹੋਰ ਕਈ ਥਾਵਾਂ ਤੋਂ ਸੰਗਤ ਅੱਜ ਗੁਰਦੁਆਰਾ ਨਨਕਾਣਾ ਸਾਹਿਬ ਪੁੱਜੀ ਜਿਸ ਦਾ ਨਿੱਘਾ ਸਵਾਗਤ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਜਿਨ੍ਹਾਂ ਵਿਚ ਸ. ਰਮੇਸ਼ ਸਿੰਘ ਅਰੋੜਾ (ਘੱਟ ਗਿਣਤੀ ਮੰਤਰਾਲੇ ਦੇ ਮੰਤਰੀ) ਵੀ ਸ਼ਾਮਿਲ ਸਨ,  ਵੱਲੋਂ ਕੀਤਾ ਗਿਆ। ਇਸ ਜੱਥੇ ਨੂੰ ਵੱਖ-ਵੱਖ ਏ. ਸੀ. ਬੱਸਾਂ ਰਾਹੀਂ ਸ੍ਰੀ ਨਨਕਾਣਾ ਸਾਹਿਬ ਲਿਆਂਦਾ ਗਿਆ ਅਤੇ ਅਗਲੇ ਦਿਨਾਂ ਦੇ ਵਿਚ ਇਹ ਜੱਥਾ ਸ੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਪੰਜਾ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਨ ਜਾਵੇਗਾ।

ਕੱਲ੍ਹ ਤੋਂ ਸ਼ੁਰੂ ਹੋਏ ਇਨ੍ਹਾਂ ਤਿੰਨ ਦਿਨਾਂ ਸਮਾਗਮਾਂ ਦੇ ਆਖਰੀ ਦਿਨ ਲੱਖਾਂ ਦੀ ਗਿਣਤੀ ਦੇ ਵਿਚ ਸੰਗਤਾਂ ਦੇ ਪੁੱਜਣ ਦੀ ਉਮੀਦ ਹੈ, ਜਿਸ ਨੂੰ ਵੇਖਦਿਆਂ ਸਰਕਾਰ ਨੇ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਹੋਏ ਹਨ। ਖਾਸ ਗੱਲ ਇਹ ਹੈ ਕਿ ਪ੍ਰਸਾਸ਼ਣ ਆਮ ਲੋਕ, ਨਨਕਾਣਾ ਸਾਹਿਬ ਵਿਖੇ ਪੁੱਜਣ ਵਾਲੀ ਸੰਗਤ ਦਾ ਬਹੁਤ ਅਦਬ ਨਾਲ ਮਾਨ-ਸਤਿਕਾਰ ਕਰ ਰਹੇ ਹਨ ਅਤੇ ਹਰ ਤਰ੍ਹਾਂ ਨਾਲ ਸਹਿਯੋਗ ਕਰ ਰਹੇ ਹਨ। ਧੁੰਦ ਤੇ ਧੁੰਏ  ਵਾਲਾ ਮੌਸਮ ਹੋਣ ਦੇ ਬਾਵਜੂਦ ਵੀ ਗੁਰਦੁਆਰਾ ਪ੍ਰਬੰਧਾਂ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਊਨਤਾਈ ਨਜ਼ਰ ਨਹੀਂ ਆ ਰਹੀ।

 

ਨਿੱਕੀਆਂ ਬੱਚੀਆਂ ਤੋਂ ਲੈ ਕੇ ਬਜ਼ੁਰਗ ਮਾਤਾਵਾਂ, ਖਾਸ ਕਰ ਸਿੰਧ-ਪੇਸ਼ਾਵਰ ਤੋਂ ਪੁੱਜੀਆਂ ਨਾਨਕ ਨਾਮ ਲੇਵਾ ਸੰਗਤਾਂ ਬਹੁਤ ਉਤਸ਼ਾਹ ਤੇ ਸ਼ਰਧਾ ਨਾਲ ਸੇਵਾ ਕਰ ਰਹੀਆਂ ਹਨ। ਡਾਕਟਰ, ਇੰਜੀਨੀਅਰ ਅਤੇ ਵੱਡੇ ਕਾਰੋਬਾਰੀ ਲੰਗਰ ਅਤੇ ਹੋਰ ਸੇਵਾਵਾਂ ਬੜੀ ਨਿਮਰਤਾ ਨਾਲ ਕਰ ਰਹੇ ਹਨ, ਇਹ ਵੀ ਜ਼ਿਕਰਯੋਗ ਹੈ ਕਿ ਸਿੰਧੀ ਲੋਕਾਂ ਵੱਲੋਂ ਹਰ ਸਾਲ ਵੱਡੇ ਪੱਧਰ ਉਤੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ, ਬੱਸਾਂ ਦੇ ਰੂਪ ਵਿਚ ਸੇਵਾਦਾਰਾਂ ਦਾ ਕਾਫਲਾ ਕਈ ਦਿਨ ਪਹਿਲਾਂ ਪੁੱਜ ਜਾਂਦਾ ਹੈ।

ਨਨਕਾਣਾ ਸਾਹਿਬ ਨੂੰ ਜੋੜਦੀਆਂ ਸਾਰੀਆਂ ਸੰਪਰਕ ਸੜਕਾਂ ਵਿਸ਼ਵ ਦੇ ਕੋਨੇ-ਕੋਨੇ ਤੋਂ ਪੁੱਜ ਰਹੀ ਸੰਗਤ ਦੇ ਨਾਲ ਰੌਣਕ ਭਰਪੂਰ ਬਣੀਆਂ ਹੋਈਆਂ ਹਨ। ਗੁਰਦੁਆਰਾ ਸਾਹਿਬ ਕੰਪਲੈਕਸ ਨੂੰ ਸੁੰਦਰ ਬਿਜਲਈ ਲੜੀਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਗਿਆ। ਬਾਹਰਲੇ ਵਿਹੜੇ ਦੇ ਵਿਚ ਕੀਰਤਨ ਦਰਬਾਰ ਚੱਲ ਰਿਹਾ ਹੈ। ਅੱਜ ਇਥੇ ਸਵੇਰ ਤੋਂ ਹੀ ਨਤਮਸਤਕ ਹੋਣ ਦੇ ਲਈ ਸੰਗਤਾਂ ਲੰਬੀਆਂ-ਲੰਬੀਆਂ ਕਤਾਰਾਂ ਦੇ ਵਿਚ ਬੱਚਿਆਂ ਸਮੇਤ ਜੁੜਦੀਆਂ ਨਜ਼ਰ ਆਈਆਂ। ਸੰਗਤ ਸਰੋਵਰ ਦੇ ਵਿਚ ਇਸ਼ਨਾਨ ਕਰਕੇ ਮੱਥਾ ਟੇਕਣ ਵੀ ਜਾ ਰਹੀ ਸੀ। ਇਸ ਵਾਰ ਇਹ ਵੀ ਵੇਖਣ ਨੂੰ ਮਿਲਿਆ ਕਿ ਲਾਹੌਰ ਤੋਂ ਫੈਸਲਾਬਾਦ, ਨਨਕਾਣਾ ਸਾਹਿਬ ਤੇ ਸ਼ਾਹਕੋਟ ਤੱਕ ਪੈਂਦੇ ਹੋਟਲ, ਮੋਟਲ, ਸਰਾਵਾਂ ਦੇ ਵਿਚ ਠਹਿਰਣ ਦੇ ਲਈ ਜਗ੍ਹਾ ਨਹੀਂ ਮਿਲ ਰਹੀ।

ਗਿਣਤੀ ਐਨੀ ਜਿਆਦਾ ਹੈ ਕਿ ਲੋਕ ਗੁਰਦੁਆਰਾ ਸਾਹਿਬ ਦੇ ਵਿਹੜੇ ਵਿਚ ਨਿੱਜੀ ਟੈਂਟ ਲਗਾ ਕੇ ਰਹਿ ਰਹੇ ਹਨ। ਭਲਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਉਤੇ ਆਯੋਜਿਤ ਕੀਤਾ ਜਾਣ ਵਾਲਾ ਮਹਾਨ ਨਗਰ ਕੀਰਤਨ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਆਰੰਭ ਹੋਵੇਗਾ ਅਤੇ ਫਿਰ ਗੁਰਦੁਆਰਾ ਪੱਟੀ ਸਾਹਿਬ, ਗੁਰਦੁਆਰਾ ਬਾਲ ਲੀਲਾ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਕਿਆਰਾ ਸਾਹਿਬ  ਰਾਹੀਂ ਹੋ ਕੇ ਵਾਪਿਸ ਪਰਤੇਗਾ। ਸੰਗਤਾ ਦੇ ਲਈ ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ ਸੀ ਜਿਸ ਦੇ ਵਿਚ ਕਈ ਤਰ੍ਹਾਂ ਦੀਆਂ ਸਬਜ਼ੀਆਂ, ਪ੍ਰਸ਼ਾਦੇ, ਮਿੱਠੇ ਅਤੇ ਲੂਣ ਵਾਲੇ ਚੌਲਾਂ, ਸਲਾਦ ਅਤੇ ਚਾਹ-ਪਾਣੀ ਸਮੇਤ ਹੋਰ ਬਹੁਤ ਕੁਝ ਵਰਤਾਇਆ ਜਾ ਰਿਹਾ ਸੀ। ਸਿਹਤ ਵਿਭਾਗ ਅਤੇ ਐਂਬੂਲੈਂਸ ਸੇਵਾਵਾਂ ਵੀ ਇਥੇ ਮੌਜੂਦ ਸਨ।

ਸਾਂਝਾ ਕਰੋ

ਪੜ੍ਹੋ

ਫਲਸਤੀਨ ਅੰਬੈਸੀ ਵਿਖੇ ਹੋਈ ਕਿਰਤੀ ਕਿਸਾਨ ਯੂਨੀਅਨ

ਫਲਸਤੀਨ, 15 ਨਵੰਬਰ – ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਫਲਸਤੀਨ...