ਸਲਮਾਨ ਰਸ਼ਦੀ ਦੇ ਹਵਾਲੇ ਨਾਲ ਕੁਝ ਗੱਲਾਂ/ਜੂਲੀਓ ਰਿਬੇਰੋ

ਜਦੋਂ ਸਲਮਾਨ ਰਸ਼ਦੀ ਦਾ ਪਹਿਲਾ ਨਾਵਲ ‘ਮਿਡਨਾਈਟ’ਸ ਚਿਲਡਰਨ’ ਛਪ ਕੇ ਆਇਆ ਤਾਂ ਮੈਂ ਇਹ ਖਰੀਦ ਲਿਆ। ਮੈਨੂੰ ਇਹ ਪੜ੍ਹਨਯੋਗ ਨਾ ਲੱਗਿਆ! ਉਸ ਤੋਂ ਬਾਅਦ ਰਸ਼ਦੀ ਨੇ 21 ਨਾਵਲ ਲਿਖੇ ਪਰ ਮੈਨੂੰ ਉਸ ਦੀ ਲਿਖਣ ਸ਼ੈਲੀ ਪਸੰਦ ਨਾ ਹੋਣ ਕਰ ਕੇ ਮੈਂ ਉਸ ਦੀਆਂ ਲਿਖਤਾਂ ਵੱਲ ਕੋਈ ਧਿਆਨ ਨਾ ਦਿੱਤਾ ਤੇ ਕੋਈ ਨਾਵਲ ਨਾ ਖਰੀਦਿਆ। ਗੋਆ ਵਿੱਚ ਦੀਵਾਲੀ ਦੀਆਂ ਤਿਆਰੀਆਂ ਹੋ ਰਹੀਆਂ ਸਨ। 31 ਅਕਤੂਬਰ ਨੂੰ ਮੇਰੀ ਪਤਨੀ ਮੈਲਬਾ ਦੀ ਦੂਜੀ ਬਰਸੀ ਸੀ। ਦੁਪਹਿਰ ਦੇ ਖਾਣੇ ’ਤੇ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਇਆ। ਇਹ ਕੋਈ ਤੋਹਫ਼ੇ ਦੇਣ ਵਾਲਾ ਮੌਕਾ ਤਾਂ ਨਹੀਂ ਸੀ ਪਰ ਮੇਰੀ ਪਤਨੀ ਦੀ ਭਤੀਜੀ ਸਲਮਾਨ ਰਸ਼ਦੀ ਦੀ ਨਵੀਂ ਛਪੀ ਕਿਤਾਬ ‘ਨਾਈਫ’ (ਚਾਕੂ) ਲਿਆਈ ਜਿਸ ਵਿੱਚ ਦੋ ਸਾਲ ਪਹਿਲਾਂ ਨਿਊਯਾਰਕ ਵਿੱਚ ਲੇਖਕ ਉੱਪਰ ਹੋਏ ਕਾਤਲਾਨਾ ਹਮਲੇ ਦਾ ਬਿਓਰਾ ਦਿੱਤਾ ਗਿਆ ਹੈ। ਕਿਤਾਬ ਦੇ ਵਿਸ਼ੇ ਤੋਂ ਮੇਰੀ ਜਗਿਆਸਾ ਜਾਗ ਪਈ। ਮੇਰੀ ਆਪਣੀ ਜ਼ਿੰਦਗੀ ’ਤੇ ਦੋ ਵਾਰ ਹਮਲੇ ਹੋਏ ਸਨ; ਪਹਿਲਾ ਅਕਤੂਬਰ 1986 ਵਿੱਚ ਜਲੰਧਰ ਅਤੇ ਦੂਜਾ ਅਗਸਤ 1991 ਵਿੱਚ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਵਿੱਚ। ਰਸ਼ਦੀ ਨੇ ਆਪਣਾ ਅਨੁਭਵ ਬਿਆਨ ਕਰਦਿਆਂ ਲਿਖਿਆ ਕਿ ਜਦੋਂ ਹਮਲਾਵਰ ਚਾਕੂ ਹੱਥ ਵਿੱਚ ਫੜ ਕੇ ਵਧ ਰਿਹਾ ਸੀ ਤਾਂ ਮੰਚ ’ਤੇ ਕਿਵੇਂ ਉਹ ਸੁੰਨ ਹੋ ਕੇ ਖੜ੍ਹਾ ਰਹਿ ਗਿਆ ਸੀ। ਮੇਰਾ ਖਿਆਲ ਹੈ ਕਿ ਪੀੜਤਾਂ ਦੀ ਪ੍ਰਤੀਕਿਰਿਆ ਵਿੱਚ ਉਨ੍ਹਾਂ ਦੇ ਕਿੱਤੇ ਅਤੇ ਮਾਨਸਿਕ ਬਣਤਰ ਕਰ ਕੇ ਫ਼ਰਕ ਹੋ ਸਕਦਾ ਹੈ; ਨਾਲ ਹੀ ਹਮਲਾਵਰ ਜਾਂ ਹਮਲਾਵਰਾਂ ਦੀ ਪ੍ਰੇਰਨਾ ਕਰ ਕੇ ਵੀ।

ਮੇਰੇ ਕੇਸ ਵਿੱਚ ਉਸ ਤਰ੍ਹਾਂ ਦੇ ਖੇਤਰਾਂ ਜਿੱਥੇ ਜਜ਼ਬਾਤੀ ਅਤਿਵਾਦੀ ਵਿਚਰਦੇ ਸਨ, ਉੱਥੇ ਪੇਸ਼ੇਵਰ ਔਕੜਾਂ ਦੇ ਰੂਪ ਵਿੱਚ ਸੰਭਾਵੀ ਘਾਤਕ ਹਮਲਿਆਂ ਦਾ ਡਰ ਰਹਿੰਦਾ ਸੀ। ਮੈਨੂੰ ਯਾਦ ਹੈ, ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਮੈਨੂੰ ਐੱਸਪੀਜੀ ਜਾਂ ਐੱਨਐੱਸਜੀ ਦਾ ਦਸਤਾ ਮੇਰੀ ਨਿੱਜੀ ਸੁਰੱਖਿਆ ਲਈ ਪੰਜਾਬ ਲਿਜਾਣ ਦਾ ਸੁਝਾਅ ਦਿੱਤਾ ਸੀ। ਮੈਂ ਨਿਮਰਤਾ ਸਹਿਤ ਇਹ ਪੇਸ਼ਕਸ਼ ਠੁਕਰਾ ਦਿੱਤੀ। ਮੈਨੂੰ ਪੰਜਾਬ ਪੁਲੀਸ ਦਾ ਹੌਸਲਾ ਉੱਚਾ ਚੁੱਕਣ ਲਈ ਭੇਜਿਆ ਜਾ ਰਿਹਾ ਸੀ। ਮੇਰੇ ਲਈ ਜ਼ਰੂਰੀ ਸੀ ਕਿ ਮੈਂ ਪੰਜਾਬ ਪੁਲੀਸ ਦੀ ਵਫ਼ਾਦਾਰੀ ਹਾਸਿਲ ਕਰ ਸਕਾਂ ਤਾਂ ਕਿ ਖਾਲਿਸਤਾਨੀ ਅਤਿਵਾਦੀਆਂ ਖ਼ਿਲਾਫ਼ ਲੜਾਈ ਵਿੱਚ ਉਸ ਦੀ ਅਗਵਾਈ ਕਰ ਸਕਾਂ। ਜੇ ਮੈਂ ‘ਬਲੈਕ ਕੈਟਸ’ ਲੈ ਕੇ ਚੰਡੀਗੜ੍ਹ ਪਹੁੰਚਦਾ ਤਾਂ ਜਿਨ੍ਹਾਂ ਨੂੰ ਮੈਂ ਕਮਾਂਡ ਦੇਣ ਲਈ ਭੇਜਿਆ ਗਿਆ ਸੀ, ਉਨ੍ਹਾਂ ਨੂੰ ਸੰਦੇਸ਼ ਜਾਣਾ ਸੀ ਕਿ ਮੈਂ ਉਨ੍ਹਾਂ ’ਤੇ ਭਰੋਸਾ ਨਹੀਂ ਕਰਦਾ! ਇਸ ਨਾਲ ਮੇਰਾ ਮਿਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਠੁੱਸ ਹੋ ਜਾਣਾ ਸੀ। ਪੰਜਾਬ ਵਿੱਚ ਚਾਰਜ ਸੰਭਾਲਣ ਤੋਂ ਬਾਅਦ ਅਗਲੀ ਸਵੇਰ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਫੋਨ ਆਇਆ ਜਿਸ ਵਿੱਚ ਉਨ੍ਹਾਂ ਮੈਨੂੰ ਆਪਣੇ ਕੰਮ ਵਿੱਚ ਛੁਪੇ ਖ਼ਤਰਿਆਂ ਬਾਰੇ ਆਗਾਹ ਕੀਤਾ। ਮੈਂ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਕੋਈ ਸਿਪਾਹੀ ਕਿਸੇ ਕੰਮ ਨੂੰ ਹੱਥ ਲੈਣ ਤੋਂ ਸਿਰਫ਼ ਇਸ ਕਰ ਕੇ ਇਨਕਾਰ ਨਹੀਂ ਕਰ ਸਕਦਾ ਕਿ ਉਸ ਵਿੱਚ ਖ਼ਤਰਾ ਹੋ ਸਕਦਾ ਹੈ।

ਸਲਮਾਨ ਰਸ਼ਦੀ ਦੇ ਨਾਵਲ ‘ਸੈਟੇਨਿਕ ਵਰਸਿਜ਼’ (ਸ਼ੈਤਾਨੀ ਆਇਤਾਂ) ਪ੍ਰਕਾਸ਼ਿਤ ਹੋਣ ਤੋਂ ਬਾਅਦ ਉਸ ਨੂੰ ਮਾਰਨ ਬਾਰੇ ਆਇਤੁੱਲ੍ਹਾ ਖਮੀਨੀ ਦੇ ਫ਼ਤਵੇ ਨੂੰ ਪੂਰਾ ਕਰਨ ਆਇਆ ਲਿਬਨਾਨੀ-ਅਮਰੀਕੀ ਨੌਜਵਾਨ ਇਸ ਗੱਲ ਤੋਂ ਪ੍ਰਭਾਵਿਤ ਹੋਇਆ ਸੀ ਕਿ ਉਸ ਦਾ ਪਿਤਾ ਉਸ ਅਤੇ ਉਸ ਦੀ ਭੈਣ ਤੇ ਮਾਂ ਨੂੰ ਅਮਰੀਕਾ ਵਿੱਚ ਛੱਡ ਕੇ ਲਿਬਨਾਨ ਪਰਤ ਗਿਆ ਸੀ। ਉਹ ਨੌਜਵਾਨ ਲਿਬਨਾਨ ਵਿੱਚ ਆਪਣੇ ਪਿਤਾ ਦੇ ਜ਼ੱਦੀ ਪਿੰਡ ਗਿਆ ਸੀ ਜਿੱਥੇ ਉਸ ਦੇ ਪਿਤਾ ਦੇ ਦੋਸਤਾਂ ਨੇ ਦੱਸਿਆ ਸੀ ਕਿ ਰਸ਼ਦੀ ਉਨ੍ਹਾਂ ਦੇ ਵੱਡੇ ਵਡੇਰਿਆਂ ਦੇ ਧਰਮ ਦਾ ਗੱਦਾਰ ਹੈ। ਆਪਣੇ ਪਿਤਾ ਅਤੇ ਉਸ ਦੇ ਦੋਸਤਾਂ ਨਾਲ ਇਸ ਮਿਲਣੀ ਕਰ ਕੇ ਹੀ ਉਸ ਨੌਜਵਾਨ ਨੇ ਖਮੀਨੀ ਦੇ ਫ਼ਤਵੇ ’ਤੇ ਫੁੱਲ ਚੜ੍ਹਾਉਣ ਦਾ ਤਹੱਈਆ ਕਰ ਲਿਆ ਸੀ। ਉਸ ਘਾਤਕ ਹਮਲੇ ਵਿੱਚ ਰਸ਼ਦੀ ਦੀ ਇੱਕ ਅੱਖ ਚਲੀ ਗਈ ਸੀ। ਉਹ ਨੌਜਵਾਨ ਕੋਈ ਪੇਸ਼ੇਵਰ ਹਮਲਾਵਰ ਨਹੀਂ ਸੀ ਪਰ ਉਸ ਨੇ ਜਨੂਨ ’ਚ ਆ ਕੇ ਰਸ਼ਦੀ ’ਤੇ ਚਾਕੂ ਨਾਲ ਦਰਜਨ ਤੋਂ ਵੱਧ ਹਮਲੇ ਕੀਤੇ ਸਨ। ਸਲਮਾਨ ਇਸ ਗੱਲੋਂ ਖੁਸ਼ਕਿਸਮਤ ਰਿਹਾ ਕਿ ਉਸ ਨੂੰ ਜ਼ਿੰਦਗੀ ਦਾ ‘ਦੂਜਾ ਮੌਕਾ’ ਮਿਲ ਸਕਿਆ। ਉਸ ਦੇ ਇਲਾਜ ਵਿੱਚ ਇਸ ਤੱਥ ਦਾ ਕਾਫ਼ੀ ਯੋਗਦਾਨ ਰਿਹਾ ਕਿ ਹਮਲੇ ਤੋਂ ਕੁਝ ਦੇਰ ਪਹਿਲਾਂ ਉਸ ਦਾ ਇੱਕ ਅਫਰੀਕੀ-ਅਮਰੀਕੀ ਔਰਤ ਅਲਾਇਜ਼ਾ ਨਾਲ ਰੁਮਾਂਸ ਚੱਲ ਰਿਹਾ ਸੀ ਜਿਸ ਨਾਲ ਉਸ ਨੇ ਵਿਆਹ ਕਰਵਾਇਆ। ਸਲਮਾਨ ਰਸ਼ਦੀ ਨੇ ਆਪਣੀ ਕਿਤਾਬ ਵਿੱਚ ਬਹੁਤ ਵਾਰ ‘ਲਵ’ (ਪਿਆਰ) ਸ਼ਬਦ ਦੀ ਵਰਤੋਂ ਕੀਤੀ ਹੈ।

ਮੇਰੀ ਆਪਣੀ ਜ਼ਿੰਦਗੀ ’ਤੇ ਹੋਏ ਦੋਵੇਂ ਹਮਲਿਆਂ ਵੇਲੇ ਮੇਰੀ ਪਤਨੀ ਮੌਜੂਦ ਸੀ ਜੋ 62 ਸਾਲਾਂ ਦੇ ਸਾਥ ਤੋਂ ਬਾਅਦ ਮੈਥੋਂ ਵਿਛੜ ਗਈ ਹੈ। ਮੇਰੇ ’ਤੇ ਪਹਿਲਾ ਹਮਲਾ ਜਲੰਧਰ ’ਚ ਪੰਜਾਬ ਪੁਲੀਸ ਦੇ ਹਥਿਆਰਬੰਦ ਰਿਜ਼ਰਵ ਹੈੱਡਕੁਆਰਟਜ਼ ਵਿੱਚ ਹੋਇਆ। ਮੈਨੂੰ ਪਤਾ ਸੀ ਕਿ ਖਾਲਿਸਤਾਨੀਆਂ ਨੇ ਮੈਨੂੰ ਨਿਸ਼ਾਨਾ ਬਣਾਉਣ ਲਈ ਅੱਧੀ ਦਰਜਨ ਤੋਂ ਵੱਧ ਸਿਖਲਾਈਯਾਫ਼ਤਾ ਹਮਲਾਵਰ ਤਿਆਰ ਕੀਤੇ ਹੋਏ ਹਨ ਪਰ ਮੈਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਉਹ ਮੇਰੇ ਤੱਕ ਪਹੁੰਚਣ ਲਈ ਦੋ ਜ਼ਬਰਦਸਤ ਬੈਰੀਅਰਾਂ ਪਾਰ ਕਰ ਕੇ ਆ ਜਾਣਗੇ। ਪਹਿਲਾ ਬੈਰੀਅਰ ਹੈੱਡਕੁਆਰਟਰ ਦੇ ਦੁਆਰ ’ਤੇ ਕੁਆਰਟਰ ਗਾਰਡ ਦਾ ਸੀ। ਅਤਿਵਾਦੀ ਹਮਲਿਆਂ ਵਿੱਚ ਤੇਜ਼ੀ ਆਉਣ ਤੋਂ ਬਾਅਦ ਉਹ ਗੇਟ ਹਮੇਸ਼ਾ ਬੰਦ ਰੱਖੇ ਜਾਂਦੇ ਸਨ। ਉੱਥੇ ਤਾਇਨਾਤ ਸੰਤਰੀ ਆਉਣ ਵਾਲੇ ਦੀ ਸ਼ਨਾਖ਼ਤ ਕਰ ਕੇ ਹੀ ਗੇਟ ਖੋਲ੍ਹਦਾ ਸੀ। ਉਸ ਦਿਨ ਜਿਹੜੀ ਯੂਨਿਟ ਐਂਟਰੀ ਪਾਉਣਾ ਚਾਹੁੰਦੀ ਸੀ, ਉਹ ਪੁਲੀਸ ਦੀ ਵਰਦੀ ਵਿੱਚ ਆਈ ਸੀ ਅਤੇ ਪੁਲੀਸ ਦੀ ਜੀਪ ਚਲਾਉਣ ਵਾਲੇ ਵਰਦੀਧਾਰੀ ਡਰਾਈਵਰ ਨਾਲ ‘ਇੰਸਪੈਕਟਰ’ ਬੈਠਾ ਹੋਇਆ ਸੀ।

ਅਸਲ ’ਚ ਉਹ ਪੁਲੀਸ ਦੀਆਂ ਵਰਦੀਆਂ ’ਚ ਆਏ ਅਤਿਵਾਦੀ ਸਨ। ਡਰਾਈਵਰ ਤੇ ‘ਇੰਸਪੈਕਟਰ’ ਤੋਂ ਇਲਾਵਾ ਜੀਪ ’ਚ ਪਿਛਲੇ ਪਾਸੇ ਪੁਲੀਸ ਦੀਆਂ ਵਰਦੀਆਂ ’ਚ ਚਾਰ ਹੋਰ ਬੰਦੇ ਵੀ ਬੈਠੇ ਸਨ। ਅੰਦਰ ਵੜਨ ’ਚ ਕਾਮਯਾਬ ਹੋਣ ਤੋਂ ਬਾਅਦ ਜੀਪ ਕੁਝ ਦੂਰੀ ’ਤੇ ਸਥਿਤ ਆਫੀਸਰਜ਼ ਮੈੱਸ ਵੱਲ ਵਧੀ। ਇਸ ਦੇ ਦੁਆਲੇ ਕੰਧਾਂ ਸਨ ਜਿੱਥੇ ਹਥਿਆਰਬੰਦ ਗਾਰਡ ਗਸ਼ਤ ਕਰ ਰਹੇ ਸਨ। ਦਹਿਸ਼ਤਗਰਦਾਂ ਨੇ ਕੰਧਾਂ ਦੀ ਰਾਖੀ ਕਰ ਰਹੇ ਪੰਜਾਬ ਪੁਲੀਸ ਮੁਲਾਜ਼ਮਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਉੱਪਰ ਚੜ੍ਹ ਗਏ ਅਤੇ ਅੰਦਰ ਅਹਾਤੇ ’ਚ ਮੇਰੇ ਤੇ ਮੇਰੀ ਪਤਨੀ ਉੱਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਗੋਲੀ ਦੀ ਪਹਿਲੀ ਆਵਾਜ਼ ਸੁਣਦਿਆਂ ਹੀ ਮੈਂ ਖ਼ੁਦ ਨੂੰ ਜ਼ਮੀਨ ’ਤੇ ਲੰਮਾ ਪਾ ਲਿਆ ਅਤੇ ਚੀਕ ਕੇ ਪਤਨੀ ਨੂੰ ਵੀ ਅਜਿਹਾ ਹੀ ਕਰਨ ਲਈ ਕਿਹਾ ਪਰ ਮੈਨੂੰ ਜ਼ਮੀਨ ’ਤੇ ਪਿਆ ਦੇਖ ਉਹ ਫ਼ਿਕਰ ’ਚ ਮੇਰੇ ਵੱਲ ਦੌੜੀ ਤੇ ਉਸ ਦੀ ਇੱਕ ਲੱਤ ਵਿੱਚ ਗੋਲੀ ਵੱਜ ਗਈ।

ਕੰਪਾਊਂਡ ਅੰਦਰ ਮਕਾਨਾਂ ’ਚ ਰਹਿ ਰਹੇ ਅਧਿਕਾਰੀ ਮੌਕੇ ’ਤੇ ਦੌੜੇ ਆਏ। ਮੇਰੇ ਇੱਕ ਸੀਨੀਅਰ ਅਧਿਕਾਰੀ ਦੇ ਡਾਕਟਰ ਪੁੱਤ ਨੇ ਮੇਰੀ ਪਤਨੀ ਦੇ ਜ਼ਖ਼ਮ ਦਾ ਇਲਾਜ ਕੀਤਾ। ਮੈਂ ਤੇ ਕੁਝ ਹੋਰ ਅਧਿਕਾਰੀਆਂ ਨੇ ਪੈਦਲ ਹੀ ਕੰਪਲੈਕਸ ਦੇ ਬਾਹਰੀ ਹਿੱਸੇ ਤੱਕ ਦਹਿਸ਼ਤਗਰਦਾਂ ਦੀ ਜੀਪ ਦੀ ਪੈੜ ਨੱਪੀ। ਜਿਹੜਾ ਪਹਿਲਾ ਖਿਆਲ ਮੇਰੇ ਤੇ ਮੇਰੇ ਅਧਿਕਾਰੀਆਂ ਦੇ ਜ਼ਿਹਨ ’ਚ ਆਇਆ, ਉਹ ਸੀ ਹਮਲਾਵਰਾਂ ਦਾ ਪਿੱਛਾ ਕਰਨਾ। ਬਾਅਦ ’ਚ ਸਾਨੂੰ ਮੈੱਸ ਦੀਆਂ ਕੰਧਾਂ ਦੇ ਬਾਹਰ ਐੱਸਐੱਲਆਰ ਤੇ ਏਕੇ 56 ਰਾਈਫਲਾਂ ਦੇ 49 ਚੱਲੇ ਹੋਏ ਕਾਰਤੂਸ ਮਿਲੇ। ਮੈੱਸ ਦੇ ਸਾਰੇ ਸ਼ੀਸ਼ੇ ਟੁੱਟੇ ਹੋਏ ਸਨ। ਹੈੱਡਕੁਆਰਟਰ ਦੇ ਅਹਾਤੇ ’ਚ ਗਾਰਡ ਡਿਊਟੀ ’ਤੇ ਤਾਇਨਾਤ ਪੰਜਾਬ ਪੁਲੀਸ ਦੇ ਦੋ ਅਤੇ ਸੀਆਰਪੀਐੱਫ ਦੇ ਇੱਕ ਜਵਾਨ ਦੀ ਜਾਨ ਚਲੀ ਗਈ। ਦੂਜੀ ਕੋਸ਼ਿਸ਼ ਯੂਰਪ ਦੇ ਪੂਰਬ ’ਚ ਪੈਂਦੇ ਮੁਲਕ ਦੀ ਰਾਜਧਾਨੀ ਬੁਖਾਰੈਸਟ ’ਚ ਹੋਈ; ਉਹ ਮੁਲਕ ਜਿਸ ਨੇ ਇੱਕ ਸਾਲ ਪਹਿਲਾਂ ਹੀ ਨਿਕੋਲਾਈ ਚਾਓਸੈਸਕੂ ਦੇ ਕਮਿਊਨਿਸਟ ਸ਼ਾਸਨ ਵਿਰੁੱਧ ਜ਼ਬਰਦਸਤ ਬਗ਼ਾਵਤ ਕੀਤੀ ਸੀ। ਕੁਝ ਦਿਨ ਪਹਿਲਾਂ ਹੀ ਮੈਨੂੰ ਸਾਡੀ ਖ਼ੁਫੀਆ ਏਜੰਸੀ ‘ਰਾਅ’ ਅਤੇ ਰੋਮਾਨੀਅਨ ਵਿਦੇਸ਼ ਮੰਤਰਾਲੇ ਨੇ ਭਾਰਤੀਆਂ ਦੇ ਇਕ ਸਮੂਹ ਦੀ ਮੌਜੂਦਗੀ ਬਾਰੇ ਚੌਕਸ ਕੀਤਾ ਸੀ ਜੋ ਮੈਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਮੈਂ ਉੱਚ ਪੱਧਰੀ ਸਿਖਲਾਈ ਪ੍ਰਾਪਤ ਰੋਮਾਨੀਅਨ ਸੁਰੱਖਿਆ ਦਸਤੇ ਦਾ ਸੁਰੱਖਿਆ ਕਵਰ ਪ੍ਰਵਾਨ ਕਰ ਲਿਆ। ਇਸ ਲਈ ਜਦ ਦੋ ਕਾਰਾਂ ’ਚ ਆਏ ਖਾਲਿਸਤਾਨੀ ਕਮਾਂਡੋ ਫੋਰਸ ਦੇ ਪੰਜ ਬੰਦਿਆਂ ਨੇ ਹੱਲਾ ਬੋਲਿਆ ਤਾਂ ਮੈਂ 62 ਸਾਲਾਂ ਦੀ ਉਮਰ ਹੋਣ ਦੇ ਬਾਵਜੂਦ ਤੇਜ਼ੀ ਨਾਲ ਭੱਜਿਆ। ਮੇਰੀ ਪਤਨੀ ਮੇਰੇ ਪਿੱਛੇ ਭੱਜੀ ਪਰ ਜਲਦੀ ਹੀ ਏਕੇ 56 ਰਾਈਫਲਾਂ ਨਾਲ ਲੈਸ ਦਹਿਸ਼ਤਗਰਦ ਸਾਡੇ ਤੱਕ ਪਹੁੰਚ ਗਏ। ਉਹ ਮੇਰੇ ਵੱਲ ਗੋਲੀਆਂ ਚਲਾਉਂਦੇ ਰਹੇ ਪਰ ਸਿਰਫ਼ ਇੱਕ ਗੋਲੀ ਹੀ ਮੇਰੇ ਪਿਛਲੇ ਪਾਸੇ ਲੱਗੀ। ਬਲੈਡਰ, ਗੁਦਾ ਤੇ ਹੋਰ ਸਾਰੀਆਂ ਅਹਿਮ ਨਾੜੀਆਂ ਤਾਂ ਗੋਲੀ ਤੋਂ ਬਚ ਗਈਆਂ ਪਰ ਇਹ ਮੇਰੇ ਮੂਤਰ ਨਾਲੀ ਤੋਂ ਆਰ-ਪਾਰ ਹੋ ਗਈ। ਇਸ ਨੂੰ ਠੀਕ ਕਰਨ ਲਈ ‘ਯੂਰੋਲੌਜਿਸਟ’ ਦੀ ਮੁਹਾਰਤ ਦਾ ਸਹਾਰਾ ਲੈਣਾ ਪਿਆ।

ਮਹੀਨੇ ਬਾਅਦ ਹਸਪਤਾਲ ਤੋਂ ਛੁੱਟੀ ਮਿਲਣ ਅਤੇ ਪਿਸ਼ਾਬ ਦੀ ਨਾਲੀ ਨਿਕਲਣ ਤੋਂ ਬਾਅਦ ਮੈਂ ਰੋਮਾਨੀਆ ਦੇ ਵਿਦੇਸ਼ ਵਿਭਾਗ ਨੂੰ ਬੇਨਤੀ ਕੀਤੀ ਕਿ ਮੈਨੂੰ ਹਮਲਾਵਰਾਂ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਨ੍ਹਾਂ ’ਚੋਂ ਦੋ ਨੂੰ ਫੜ ਲਿਆ ਗਿਆ ਸੀ। (ਇੱਕ ਹੋਰ ਹਮਲਾਵਰ, ਟੀਮ ਲੀਡਰ ਨੂੰ ਰੋਮਾਨੀਆ ਦੀ ਸੁਰੱਖਿਆ ਫੋਰਸ ਨੇ ਹਲਾਕ ਕਰ ਦਿੱਤਾ ਸੀ ਤੇ ਬਾਕੀ ਬਚੇ ਦੋ ਗੱਡੀ ’ਚ ਫਰਾਰ ਹੋ ਗਏ ਸਨ)। ਵਿਦੇਸ਼ ਵਿਭਾਗ ਨੇ ਮੇਰੀ ਅਪੀਲ ਹਮਲਾਵਰਾਂ ਤੱਕ ਪਹੁੰਚ ਦਿੱਤੀ ਪਰ ਉਨ੍ਹਾਂ ਮੈਨੂੰ ਮਿਲਣ ਤੋਂ ਨਾਂਹ ਕਰ ਦਿੱਤੀ। ਮੇਰੀ ਉਨ੍ਹਾਂ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਸੀ। ਉਹ ਅਣਐਲਾਨੀ ਜੰਗ ਦੇ ਲੜਾਕੇ ਸਨ। ਸਲਮਾਨ ਰਸ਼ਦੀ ਨੇ ਆਪਣੀ ਇਸ ਕਿਤਾਬ ’ਚ ਖਿਆਲੀ ਸੰਵਾਦ ਸ਼ਾਮਿਲ ਕੀਤਾ ਹੈ ਜਿਸ ’ਚ ਉਹ ਹਮਲਾਵਰ ਨੂੰ ਮੁਖ਼ਾਤਿਬ ਹੋ ਰਿਹਾ ਹੈ। ਇਸ ਵਿੱਚ ਧਰਮ ਬਾਰੇ ਉਸ ਦੇ ਰਵੱਈਏ ਦਾ ਖੁਲਾਸਾ ਹੁੰਦਾ ਹੈ; ਕਿਉਂ ਉਸ ਨੇ ਸਿਰਜਣਾ ਦੇ ਸਿਧਾਂਤ ਨੂੰ ਨਕਾਰਿਆ ਜਿਸ ਨੂੰ ਦੁਨੀਆ ਦੇ ਬਹੁਤੇ ਧਰਮ ਮਾਨਤਾ ਦਿੰਦੇ ਹਨ। ਆਪੋ-ਆਪਣੀ ਨਿਹਚੇ ਮੁਤਾਬਿਕ ਤੁਸੀਂ ਸ਼ਾਇਦ ਉਸ ਨਾਲ ਸਹਿਮਤ ਹੋਵੋ ਜਾਂ ਨਾ ਵੀ ਹੋਵੋ।

ਸਾਂਝਾ ਕਰੋ

ਪੜ੍ਹੋ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਅੱਜ...