May 14, 2025

ਭਾਰਤ ਨੇ ਬੰਦ ਕੀਤਾ ਚੀਨ ਦਾ ਮੂੰਹ ! ਗਲੋਬਲ ਟਾਈਮਜ਼ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾਬੰਦੀ

ਨਵੀਂ ਦਿੱਲੀ, 14 ਮਈ – ਭਾਰਤ ਤੇ ਪਾਕਿਸਤਾਨ ਦੇ ਵਿਗੜਦੇ ਸਬੰਧਾਂ ਦੇ ਵਿਚਕਾਰ ਚੀਨ ਆਪਣਾ ਪ੍ਰਚਾਰ ਫੈਲਾਉਣ ਤੋਂ ਨਹੀਂ ਰੁਕ ਰਿਹਾ ਹੈ। ਇਸ ਪ੍ਰਚਾਰ ਨੂੰ ਰੋਕਣ ਲਈ ਭਾਰਤ ਨੇ ਚੀਨ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਗਲੋਬਲ ਟਾਈਮਜ਼ ਦੇ X ਖਾਤੇ ਨੂੰ ਬਲਾਕ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਨੇ ਚੀਨ ਦੀ ਸਰਕਾਰੀ ਸਮਾਚਾਰ ਏਜੰਸੀ xinhua ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਭਾਰਤ ਸਰਕਾਰ ਨੇ ਇਹ ਫੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਕੇਂਦਰ ਨੇ ਅਰੁਣਾਚਲ ਪ੍ਰਦੇਸ਼ ਵਿੱਚ ਚੀਨੀ ਦਖਲਅੰਦਾਜ਼ੀ ਬਾਰੇ ਚੀਨ ਨੂੰ ਚੇਤਾਵਨੀ ਦਿੱਤੀ ਹੈ। ਭਾਰਤ ਨੇ ਅਰੁਣਾਚਲ ਪ੍ਰਦੇਸ਼ ਦੀਆਂ ਕੁਝ ਥਾਵਾਂ ਦੇ ਨਾਮ ਬਦਲਣ ਦੀ ਚੀਨ ਦੀ ਕੋਸ਼ਿਸ਼ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਸੰਬੰਧ ਵਿੱਚ ਕਿਹਾ ਕਿ ਇਹ ਇੱਕ ਵਿਅਰਥ ਅਤੇ ਬੇਕਾਰ ਕੋਸ਼ਿਸ਼ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਅਸੀਂ ਚੀਨ ਦੀ ਇਸ ਕੋਸ਼ਿਸ਼ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ। ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਹਿੱਸਾ ਸੀ, ਹੈ ਤੇ ਹਮੇਸ਼ਾ ਰਹੇਗਾ। ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਹਿੱਸਾ ਦੱਸਦਾ ਹੈ ਚੀਨ ਜ਼ਿਕਰ ਕਰ ਦਈਏ ਕਿ ਚੀਨ ਨੇ ਅਰੁਣਾਚਲ ਪ੍ਰਦੇਸ਼ ਦੀਆਂ ਕੁਝ ਥਾਵਾਂ ਦੇ ਨਾਮ ਅਜਿਹੇ ਸਮੇਂ ਬਦਲਣ ਦਾ ਫੈਸਲਾ ਕੀਤਾ ਹੈ ਜਦੋਂ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਤਣਾਅ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਚੀਨ ਭਾਰਤੀ ਰਾਜ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਹਿੱਸਾ ਮੰਨਦਾ ਹੈ। ਇਸ ਤੋਂ ਪਹਿਲਾਂ ਵੀ, ਇਸਨੇ ਅਰੁਣਾਚਲ ਪ੍ਰਦੇਸ਼ ਵਿੱਚ ਕਈ ਵਾਰ ਥਾਵਾਂ ਦੇ ਨਾਮ ਬਦਲੇ ਹਨ, ਜਿਸ ‘ਤੇ ਭਾਰਤ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਚੀਨ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਰੁਣਾਚਲ ਪ੍ਰਦੇਸ਼ ਫੇਰੀ ਦਾ ਵੀ ਸਖ਼ਤ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, “ਅਸੀਂ ਪ੍ਰਧਾਨ ਮੰਤਰੀ ਦੀ ਅਰੁਣਾਚਲ ਪ੍ਰਦੇਸ਼ ਫੇਰੀ ਸਬੰਧੀ ਚੀਨ ਦੇ ਬਿਆਨ ਨੂੰ ਰੱਦ ਕਰਦੇ ਹਾਂ।

ਭਾਰਤ ਨੇ ਬੰਦ ਕੀਤਾ ਚੀਨ ਦਾ ਮੂੰਹ ! ਗਲੋਬਲ ਟਾਈਮਜ਼ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾਬੰਦੀ Read More »

ਪਾਕ ਸਰਕਾਰ ਮੁੜ ਅੱਤਵਾਦੀ ਠਿਕਾਣੇ ਵਸਾਉਣ ਦੀ ਤਿਆਰੀ ‘ਚ

ਇਸਲਾਮਾਬਾਦ, 14 ਮਈ – ਅੱਤਵਾਦ ਦੇ ਮਾਮਲੇ ਵਿੱਚ ਪਾਕਿਸਤਾਨ ਇੱਕ ਵਾਰ ਫਿਰ ਬੇਨਕਾਬ ਹੋ ਗਿਆ ਹੈ। ਇੰਨੀ ਤਬਾਹੀ ਤੋਂ ਬਾਅਦ ਵੀ ਉਸਨੂੰ ਸ਼ਾਂਤੀ ਨਹੀਂ ਮਿਲਦੀ। ਪਾਕਿਸਤਾਨ ਸਰਕਾਰ ਨੇ ਅੱਤਵਾਦੀ ਟਿਕਾਣਿਆਂ ਨੂੰ ਮੁੜ ਵਸਾਉਣ ਦਾ ਐਲਾਨ ਕੀਤਾ ਹੈ। ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਨੇ ਐਲਾਨ ਕੀਤਾ ਹੈ ਕਿ ਆਪ੍ਰੇਸ਼ਨ ਸਿੰਦੂਰ ਵਿੱਚ ਤਬਾਹ ਹੋਏ ਅੱਤਵਾਦੀ ਟਿਕਾਣਿਆਂ ਨੂੰ ਦੁਬਾਰਾ ਬਣਾਇਆ ਜਾਵੇਗਾ, ਇਸ ਦੇ ਨਾਲ ਹੀ ਮਾਰੇ ਗਏ ਅੱਤਵਾਦੀਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਤੇ ਜ਼ਖਮੀਆਂ ਨੂੰ 10 ਲੱਖ ਤੋਂ 20 ਲੱਖ ਪਾਕਿਸਤਾਨੀ ਰੁਪਏ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਐਲਾਨ ਨਾਲ ਪਾਕਿਸਤਾਨ ਦੀ ਅਸਲੀਅਤ ਪੂਰੀ ਦੁਨੀਆ ਦੇ ਸਾਹਮਣੇ ਆ ਗਈ ਹੈ ਕਿ ਉਹ ਅੱਤਵਾਦੀ ਸੰਗਠਨਾਂ ਅਤੇ ਅੱਤਵਾਦੀਆਂ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਇੱਕ ਲੰਬੀ ਪੋਸਟ ਪਾਈ, ਜਿਸ ਵਿੱਚ ਅੱਤਵਾਦੀਆਂ ਨੂੰ ਮੁਆਵਜ਼ਾ ਦੇਣ ਅਤੇ ਉਨ੍ਹਾਂ ਦੇ ਟਿਕਾਣਿਆਂ ਦੇ ਪੁਨਰ ਨਿਰਮਾਣ ਦਾ ਐਲਾਨ ਕੀਤਾ ਗਿਆ ਹੈ। ਆਪ੍ਰੇਸ਼ਨ ਸਿੰਦੂਰ 6-7 ਮਈ ਦੀ ਵਿਚਕਾਰਲੀ ਰਾਤ ਨੂੰ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਭਾਰਤੀ ਫੌਜ ਨੇ ਪਾਕਿਸਤਾਨ ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਸਹੀ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ ਸੀ। ਇਨ੍ਹਾਂ ਵਿੱਚ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਤੇ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਕੈਂਪ ਸ਼ਾਮਲ ਹਨ। ਇਨ੍ਹਾਂ ਅੱਤਵਾਦੀ ਟਿਕਾਣਿਆਂ ਵਿੱਚ ਭਾਰਤ ਵਿਰੁੱਧ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਈ ਗਈ ਸੀ। ਆਪ੍ਰੇਸ਼ਨ ਸਿੰਦੂਰ ਵਿੱਚ ਮਸੂਦ ਅਜ਼ਹਰ ਦੇ ਪਰਿਵਾਰ ਦੇ 14 ਅੱਤਵਾਦੀ ਮਾਰੇ ਗਏ ਹਨ, ਇਸ ਲਈ ਪਾਕਿਸਤਾਨ ਸਰਕਾਰ ਉਸਦੇ ਪਰਿਵਾਰ ਨੂੰ 14 ਕਰੋੜ ਰੁਪਏ ਮੁਆਵਜ਼ਾ ਦੇਵੇਗੀ। ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਕਹਿਣਾ ਹੈ ਕਿ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਲਈ ਘਰ ਬਣਾਉਣਾ ਤੇ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਸਰਕਾਰ ਇਸ ਜ਼ਿੰਮੇਵਾਰੀ ਨੂੰ ਪੂਰਾ ਕਰੇਗੀ। ਸਾਰੇ ਜ਼ਖਮੀਆਂ ਦੇ ਇਲਾਜ ਦਾ ਸਾਰਾ ਖ਼ਰਚਾ ਸਰਕਾਰ ਚੁੱਕੇਗੀ। ਸ਼ਾਹਬਾਜ਼ ਸ਼ਰੀਫ਼ ਜਿਨ੍ਹਾਂ ਲੋਕਾਂ ਬਾਰੇ ਗੱਲ ਕਰ ਰਹੇ ਹਨ, ਉਹ ਸਾਰੇ ਅੱਤਵਾਦੀ ਸਨ ਜੋ ਭਾਰਤ ਵਿਰੁੱਧ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਦੇ ਸਨ। ਅੱਤਵਾਦੀ ਟਿਕਾਣਿਆਂ ਦੇ ਵਿਨਾਸ਼ ਤੋਂ ਬਾਅਦ ਘਬਰਾਹਟ ਵਿੱਚ ਪਾਕਿਸਤਾਨ ਨੇ ਭਾਰਤ ਦੇ ਕਈ ਸ਼ਹਿਰਾਂ ਵਿੱਚ ਫੌਜੀ ਠਿਕਾਣਿਆਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਇੱਥੇ ਵੀ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਪਾਕਿਸਤਾਨ ਦੀਆਂ ਉਨ੍ਹਾਂ ਮਿਜ਼ਾਈਲਾਂ ਨੂੰ ਵੀ ਤਬਾਹ ਕਰ ਦਿੱਤਾ ਜਿਨ੍ਹਾਂ ਨੂੰ ਉਹ ਆਪਣੀ ਤਾਕਤ ਸਮਝਦਾ ਸੀ। ਪਾਕਿਸਤਾਨ ਦਾ ਕਹਿਣਾ ਹੈ ਕਿ ਇਨ੍ਹਾਂ ਹਮਲਿਆਂ ਵਿੱਚ 11 ਪਾਕਿ ਫੌਜ ਦੇ ਜਵਾਨ ਮਾਰੇ ਗਏ ਅਤੇ 78 ਜ਼ਖਮੀ ਹੋਏ। ਸ਼ਾਹਬਾਜ਼ ਸ਼ਰੀਫ ਸਰਕਾਰ ਆਪਣੀ ਜਾਨ ਗੁਆਉਣ ਵਾਲੇ ਪਾਕਿ ਫੌਜ ਦੇ ਜਵਾਨਾਂ ਨੂੰ 1 ਤੋਂ 1.8 ਕਰੋੜ ਪਾਕਿਸਤਾਨੀ ਰੁਪਏ ਦਾ ਮੁਆਵਜ਼ਾ ਦੇਵੇਗੀ। ਇਹ ਮੁਆਵਜ਼ਾ ਸੈਨਿਕਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਰੈਂਕ ਦੇ ਅਨੁਸਾਰ ਦਿੱਤਾ ਜਾਵੇਗਾ ਅਤੇ ਪੂਰੀ ਤਨਖਾਹ ਅਤੇ ਗੁਜ਼ਾਰਾ ਭੱਤਾ ਉਨ੍ਹਾਂ ਦੀ ਸੇਵਾਮੁਕਤੀ ਦੀ ਮਿਤੀ ਤੱਕ ਦਿੱਤਾ ਜਾਂਦਾ ਰਹੇਗਾ। ਪਾਕਿਸਤਾਨੀ ਸਰਕਾਰ ਦਾ ਕਹਿਣਾ ਹੈ ਕਿ ਉਹ ਸੈਨਿਕਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕੇਗੀ ਅਤੇ ਹਰੇਕ ਸੈਨਿਕ ਦੀ ਇੱਕ ਧੀ ਦੇ ਵਿਆਹ ਲਈ 10 ਲੱਖ ਪਾਕਿਸਤਾਨੀ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ।

ਪਾਕ ਸਰਕਾਰ ਮੁੜ ਅੱਤਵਾਦੀ ਠਿਕਾਣੇ ਵਸਾਉਣ ਦੀ ਤਿਆਰੀ ‘ਚ Read More »

ਪਾਕਿਸਤਾਨ ਨੇ ਭਾਰਤ ਦੇ ਹਵਾਲੇ ਕੀਤਾ BSF ਦਾ ਜਵਾਨ

ਅੰਮ੍ਰਿਤਸਰ, 14 ਮਈ – ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਵਿਚਕਾਰ, ਬੀਐਸਐਫ ਜਵਾਨ ਪੀਕੇ ਸਾਹੂ ਆਪਣੇ ਵਤਨ ਵਾਪਸ ਆ ਗਿਆ ਹੈ। ਪਾਕਿਸਤਾਨ ਨੇ ਉਨ੍ਹਾਂ ਨੂੰ ਭਾਰਤ ਵਾਪਸ ਕਰ ਦਿੱਤਾ ਹੈ। ਪੀਕੇ ਸਾਹੂ 23 ਅਪ੍ਰੈਲ ਨੂੰ ਗ਼ਲਤੀ ਨਾਲ ਪਾਕਿਸਤਾਨ ਦੀ ਸਰਹੱਦ ਵਿੱਚ ਦਾਖਲ ਹੋ ਗਿਆ ਸੀ। ਇਸ ਤੋਂ ਬਾਅਦ ਉਸਨੂੰ ਪਾਕਿਸਤਾਨੀ ਫੌਜ ਨੇ ਗ੍ਰਿਫਤਾਰ ਕਰ ਲਿਆ। ਪੀਕੇ ਸਾਹੂ ਨੂੰ 21 ਦਿਨਾਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਪੀਕੇ ਸਾਹੂ ਦੀ ਵਾਪਸੀ ਸੰਬੰਧੀ ਸੀਮਾ ਸੁਰੱਖਿਆ ਬਲ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ। ਬੀਐਸਐਫ ਨੇ ਕਿਹਾ, “ਅੱਜ ਬੀਐਸਐਫ ਜਵਾਨ ਕਾਂਸਟੇਬਲ ਪੂਰਨਮ ਕੁਮਾਰ ਸਾਹੂ ਅਟਾਰੀ-ਵਾਹਗਾ ਸਰਹੱਦ ਤੋਂ ਭਾਰਤ ਵਾਪਸ ਆ ਗਿਆ ਹੈ। ਪੂਰਨਮ 23 ਅਪ੍ਰੈਲ 2025 ਨੂੰ ਡਿਊਟੀ ਦੌਰਾਨ ਗ਼ਲਤੀ ਨਾਲ ਪਾਕਿਸਤਾਨ ਵਿੱਚ ਦਾਖਲ ਹੋ ਗਿਆ ਸੀ। ਪੀਕੇ ਸਾਹੂ ਉਦੋਂ ਪਾਕਿਸਤਾਨ ਵਿੱਚ ਦਾਖਲ ਹੋ ਗਿਆ ਜਦੋਂ ਦੋਵਾਂ ਦੇਸ਼ਾਂ ਵਿਚਕਾਰ ਸਥਿਤੀ ਵਿਗੜਨੀ ਸ਼ੁਰੂ ਹੋ ਗਈ। ਭਾਰਤ ਦੇ ਆਪ੍ਰੇਸ਼ਨ ਸਿੰਦੂਰ ਨੇ ਪਾਕਿਸਤਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ, ਹਾਲਾਂਕਿ ਇਸਦਾ ਪੀਕੇ ਸਾਹੂ ਦੀ ਰਿਹਾਈ ‘ਤੇ ਕੋਈ ਅਸਰ ਨਹੀਂ ਪਿਆ।

ਪਾਕਿਸਤਾਨ ਨੇ ਭਾਰਤ ਦੇ ਹਵਾਲੇ ਕੀਤਾ BSF ਦਾ ਜਵਾਨ Read More »

ਲੇਹ-ਮਨਾਲੀ ਸ਼ਾਹਰਾਹ ਖੁੱਲ੍ਹਿਆ

ਸ਼ਿਮਲਾ, 14 ਮਈ – ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀ ਆਰ ਓ) ਨੇ ਮੰਗਲਵਾਰ ਲੇਹ-ਮਨਾਲੀ ਕੌਮੀ ਮਾਰਗ (ਐੱਨ ਐੱਚ-3) ਨੂੰ ਆਵਾਜਾਈ ਲਈ ਖੋਲ੍ਹ ਦਿੱਤਾ, ਜੋ ਲੱਦਾਖ ਨੂੰ ਮਨਾਲੀ ਰਾਹੀਂ ਭਾਰਤ ਦੇ ਬਾਕੀ ਹਿੱਸਿਆਂ ਨਾਲ ਜੋੜਦਾ ਹੈ। ਬੀ ਆਰ ਓ ਨੇ ਇਸ ਤੋਂ ਪਹਿਲਾਂ ਇਸ ਸੜਕ ਤੋਂ ਬਰਫ ਹਟਾਈ। ਬੀ ਆਰ ਓ ਨੇ ਕਿਹਾ ਕਿ ਇਹ 475 ਕਿਲੋਮੀਟਰ ਲੰਬਾ ਮਾਰਗ ਨਵੰਬਰ 2024 ਤੋਂ ਬੰਦ ਸੀ ਤੇ ਇਹ ਹਥਿਆਰਬੰਦ ਬਲਾਂ ਦੀ ਆਵਾਜਾਈ ਅਤੇ ਲੱਦਾਖ ਵਿੱਚ ਅੱਗੇ ਵਾਲੇ ਖੇਤਰਾਂ ਵਿੱਚ ਜ਼ਰੂਰੀ ਸਪਲਾਈ ਲਈ ਮਹੱਤਵਪੂਰਨ ਹੈ। ਹੁਣ ਇਸ ਮਾਰਗ ਨੂੰ ਬਹਾਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਟੀਮਾਂ ਨੇ ਉੱਚਾਈ ਵਾਲੇ ਪਾਸਿਆਂ ’ਤੇ ਕੁਝ ਸਥਾਨਾਂ ’ਤੇ 15 ਫੁੱਟ ਤੱਕ ਉੱਚੀਆਂ ਬਰਫ਼ ਦੀਆਂ ਕੰਧਾਂ ਨੂੰ ਸਾਫ ਕੀਤਾ ਜਿਨ੍ਹਾਂ ਵਿੱਚ ਟੈਂਗਲਾਂਗ ਲਾ (17,480 ਫੁੱਟ), ਲਾਚੁੰਗ ਲਾ (16,616 ਫੁੱਟ), ਨਕੀ ਲਾ (15,563 ਫੁੱਟ) ਅਤੇ ਬਾਰਚਾ ਲਾ ਸ਼ਾਮਲ ਹਨ।

ਲੇਹ-ਮਨਾਲੀ ਸ਼ਾਹਰਾਹ ਖੁੱਲ੍ਹਿਆ Read More »

ਜਵਾਬ ਨਹੀਂ ਮਿਲੇ

ਆਸ ਸੀ ਕਿ ਪਹਿਲਗਾਮ ਕਤਲੇਆਮ, ਉਸ ਦੇ ਬਾਅਦ ਛਿੜੀ ਭਾਰਤ-ਪਾਕਿਸਤਾਨ ਲੜਾਈ ਤੇ ਫਿਰ ਲੜਾਈਬੰਦੀ ਨੂੰ ਲੈ ਕੇ ਲੋਕਾਂ ਦੇ ਜ਼ਿਹਨ ਵਿੱਚ ਉਠਦੇ ਰਹੇ ਸਵਾਲਾਂ ਦੇ ਜਵਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਕੌਮ ਨੂੰ ਸੰਬੋਧਨ ਵਿੱਚ ਦੇਣਗੇ, ਪਰ ਉਹ ਇਨ੍ਹਾਂ ਨੂੰ ਗਾਇਬ ਕਰ ਗਏ। ਲੋਕ ਜਾਣਨਾ ਚਾਹੁੰਦੇ ਸਨ ਕਿ ਕਸ਼ਮੀਰ ਦੀ ਖੂਬਸੂਰਤ ਵਾਦੀ ’ਚ ਕਤਲੇਆਮ ਕਰਨ ਵਾਲੇ ਕੌਣ ਸਨ, ਕਿੱਥੋਂ ਆਏ ਸਨ, ਕਿਵੇਂ ਆਏ ਤੇ ਚਲੇ ਗਏ, ਕੁਝ ਪਤਾ ਲੱਗਾ? ਸੈਲਾਨੀਆਂ ਦੀ ਕਾਫੀ ਆਮਦ ਦੇ ਬਾਵਜੂਦ ਉੱਥੇ ਸੁਰੱਖਿਆ ਹਟਾਉਣ ਦਾ ਫੈਸਲਾ ਕਿਸ ਦਾ ਸੀ ਤੇ ਕਿਉ ਲਿਆ ਗਿਆ? ਇਸ ਲਈ ਜ਼ਿੰਮੇਵਾਰਾਂ ਖਿਲਾਫ ਕੋਈ ਕਾਰਵਾਈ ਕੀਤੀ ਗਈ? ਪ੍ਰਧਾਨ ਮੰਤਰੀ ਨੇ ਮੰਨਿਆ ਕਿ ਪਹਿਲਗਾਮ ਦਾ ਮਾਮਲਾ ਬਹੁਤ ਗੰਭੀਰ ਸੀ। ਤਾਂ ਫਿਰ ਉਹ ਬਿਹਾਰ ਦੀ ਚੋਣ ਰੈਲੀ ਤੇ ਕੇਰਲਾ ਵਿੱਚ ਅਡਾਨੀ ਦੀ ਬੰਦਰਗਾਹ ਵਾਲੇ ਪ੍ਰੋਗਰਾਮ ’ਚ ਕਿਉ ਚਲੇ ਗਏ? ਸਰਬ ਪਾਰਟੀ ਮੀਟਿੰਗ ਵਿੱਚ ਕਿਉ ਨਹੀਂ ਆਏ? ਇਹ ਵੀ ਨਹੀਂ ਦੱਸਿਆ ਕਿ ਲੜਾਈ ਵਿੱਚ ਮਹਿੰਗੇ ਜਹਾਜ਼ ਡਿੱਗਣ ਦੇ ਦੁਨੀਆ ਵਿੱਚ ਹੋ ਰਹੇ ਚਰਚੇ ਸਹੀ ਹਨ ਜਾਂ ਗਲਤ। ਪ੍ਰਧਾਨ ਮੰਤਰੀ ਨੇ ਪਾਕਿਸਤਾਨ ਵਿੱਚ 100 ਦਹਿਸ਼ਤਗਰਦ ਮਾਰਨ ਦਾ ਦਾਅਵਾ ਕੀਤਾ, ਜਦਕਿ ਏਨੀ ਸਹੀ ਗਿਣਤੀ ਦੱਸਣੀ ਸੰਭਵ ਨਹੀਂ। ਹੋਰ ਤਾਂ ਹੋਰ ਦਹਿਸ਼ਤਗਰਦਾਂ ਦਾ ਮੁਖੀ ਅਜ਼ਹਰ ਮਸੂਦ ਤਾਂ ਬਚ ਹੀ ਗਿਆ। ਏਨੇ ਸਾਰੇ ਆਗੂਆਂ ਨੂੰ ਜੱਫੀਆਂ ਪਾਉਣ, ਮਹਿੰਗੇ ਤੋਹਫੇ ਦੇਣ, ਝੂਲੇ ਝੂਲਣ ਤੇ ਹਥਿਆਰ ਖਰੀਦਣ ਦੇ ਬਾਵਜੂਦ ਸੰਕਟ ਵੇਲੇ ਉਹ ਭਾਰਤ ਦੀ ਹਮਾਇਤ ’ਚ ਕਿਉ ਨਹੀਂ ਆਏ ਤੇ ਪਾਕਿਸਤਾਨ ਦੇ ਖਿਲਾਫ ਕਿਉ ਨਹੀਂ ਭੁਗਤੇ? ਪ੍ਰਧਾਨ ਮੰਤਰੀ ਨੇ ਇਹ ਵੀ ਸਾਫ-ਸਾਫ ਨਹੀਂ ਦੱਸਿਆ ਕਿ ਪਾਕਿਸਤਾਨ ’ਤੇ ਹਮਲੇ ਨਾਲ ਕੀ ਹਾਸਲ ਹੋਇਆ? ਅਮਰੀਕੀ ਰਾਸ਼ਟਰਪਤੀ ਟਰੰਪ ਦੇ ਇਸ ਬਿਆਨ ਦੀ ਵੀ ਖੁੱਲ੍ਹ ਕੇ ਵਿਰੋਧਤਾ ਨਹੀਂ ਕੀਤੀ ਕਿ ਵਪਾਰ ਦੇ ਲਾਲਚ ’ਚ ਭਾਰਤ ਤੇ ਪਾਕਿਸਤਾਨ ਲੜਾਈ ਰੋਕਣ ਲਈ ਰਾਜ਼ੀ ਹੋ ਗਏ। ਟਰੰਪ ਨੇ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਲਈ ਦਖਲ ਦੀ ਗੱਲ ਕਹੀ, ਪਰ ਪ੍ਰਧਾਨ ਮੰਤਰੀ ਨੇ ਖੁੱਲ੍ਹ ਕੇ ਵਿਰੋਧਤਾ ਨਹੀਂ ਕੀਤੀ। ਕੀ ਦੇਸ਼ ਦੀ ਕਸ਼ਮੀਰ ਨੀਤੀ ਬਦਲ ਗਈ ਹੈ, ਜੇ ਬਦਲ ਗਈ ਹੈ ਤਾਂ ਦੇਸ਼ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਸੀ। ਪੂਰੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਸਿੰਧੂਰ ਦਾ ਜ਼ਿਕਰ ਕਈ ਵਾਰ ਕੀਤਾ, ਪਰ ਜਿਨ੍ਹਾਂ ਦਾ ਸਿੰਧੂਰ ਉੱਜੜ ਗਿਆ, ਉਨ੍ਹਾਂ ਦੀ ਜਿਹੜੀ ਤੌਹੀਨ ਉਨ੍ਹਾਂ ਦੇ ਭਗਤਾਂ ਨੇ ਕੀਤੀ, ਉਸ ਬਾਰੇ ਚੁੱਪੀ ਬਣਾਈ ਰੱਖੀ। ਜੇ ਸਮਝੌਤਾ ਟਰੰਪ ਨੇ ਕਰਵਾਇਆ ਤਾਂ ਮੋਦੀ ਜੀ ਦੇ ਪੱਧਰ ’ਤੇ ਹੀ ਹੋਇਆ ਹੋਵੇਗਾ, ਪਰ ਇਸ ਦਾ ਐਲਾਨ ਕਰਨ ਵਾਲੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੀ ਬਿਨਾਂ ਗੱਲ ’ਤੇ ਸੋਸ਼ਲ ਮੀਡੀਆ ’ਤੇ ਜੋ ਟੋ੍ਰਲਿੰਗ ਹੋਈ, ਉਸ ਬਾਰੇ ਪ੍ਰਧਾਨ ਮੰਤਰੀ ਨੂੰ ਬੋਲਣਾ ਚਾਹੀਦਾ ਸੀ, ਪਰ ਜ਼ਰੂਰੀ ਨਹੀਂ ਸਮਝਿਆ। ਪ੍ਰਧਾਨ ਮੰਤਰੀ ਨੇ ਕਸ਼ਮੀਰ ਦੇ ਲੋਕਾਂ ਬਾਰੇ ਵੀ ਕੁਝ ਨਹੀਂ ਕਿਹਾ, ਜਿਹੜੇ ਦਹਿਸ਼ਤਗਰਦੀ ਦੇ ਖਿਲਾਫ ਏਨੀ ਵੱਡੀ ਗਿਣਤੀ ’ਚ ਸੜਕਾਂ ’ਤੇ ਉਤਰੇ ਸਨ। ਕਸ਼ਮੀਰੀ ਵਿਦਿਆਰਥੀਆਂ ਤੇ ਕਾਰੋਬਾਰੀਆਂ ਨਾਲ ਬਾਕੀ ਦੇਸ਼ ਵਿੱਚ ਹੋਈ ਬਦਸਲੂਕੀ ਬਾਰੇ ਵੀ ਚੁੱਪੀ ਰੱਖੀ। ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਆਪਣੇ ਭਗਤਾਂ ਨੂੰ ਖੁਸ਼ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਕਿ ‘ਅਪ੍ਰੇਸ਼ਨ ਸਿੰਧੂਰ’ ਖਤਮ ਨਹੀਂ ਹੋਇਆ ਤੇ ਇਹ ਮੁਲਤਵੀ ਕੀਤਾ ਗਿਆ ਹੈ।

ਜਵਾਬ ਨਹੀਂ ਮਿਲੇ Read More »

ਜ਼ਹਿਰੀਲੀ ਸ਼ਰਾਬ ਦਾ ਜੁੰਮੇਵਾਰ ਕੌਣ/ਬੁੱਧ ਸਿੰਘ ਨੀਲੋਂ

ਹਰ ਹਾਦਸੇ ਤੋਂ ਬਾਅਦ ਹੋਰ ਵੱਡਾ ਹਾਦਸਾ ਵਾਪਰ ਜਾਂਦਾ ਹੈ, ਹਰ ਬਾਰ ਕੁੱਝ ਕੁ ਉਤੇ ਨਜਲਾ ਸੁੱਟਿਆ ਜਾਂਦਾ ਹੈ। ਦੋ ਚਾਰ ਅਧਿਕਾਰੀ ਮੁਅੱਤਲ ਕੀਤੇ ਜਾਂਦੇ ਹਨ। ਕੁੱਝ ਕੁ ਨੂੰ ਫ਼ੜ ਲਿਆ ਜਾਂਦਾ ਹੈ। ਜਾਂਚ ਕਮਿਸ਼ਨ ਬਣਾਇਆ ਜਾਂਦਾ ਹੈ। ਮਸਲਾ ਠੰਢੇ ਬਸਤੇ ਵਿੱਚ ਪਾਇਆ ਜਾਂਦਾ ਹੈ। ਕਿਸੇ ਵੀ ਹਾਦਸੇ ਦੀ ਕੋਈ ਜਾਂਚ ਪੜਤਾਲ ਦੀ ਰਿਪੋਰਟ ਸਾਹਮਣੇ ਨਹੀਂ ਆਉਂਦੀ। ਇਹ ਪੜਤਾਲਾਂ ਫਾਈਲਾਂ ਵਿੱਚ ਦਮ ਘੁੱਟ ਕੇ ਮਰ ਜਾਂਦੀਆਂ ਹਨ। ਸਰਕਾਰ ਬਾਂਦਰ ਵਾਂਗ ਟਪੂਸੀਆਂ ਮਾਰਨ ਦੀ ਖੇਡ ਕਰਦੀ ਹੈ। ਸੱਤਾ ਵਿਰੋਧੀ ਸਿਆਸੀ ਪਾਰਟੀਆਂ ਸਰਕਾਰ ਉਤੇ ਦੋਸ਼ ਲਗਾਉਂਦੀਆਂ ਹਨ। ਉਹਨਾਂ ਨੂੰ ਆਪਣੇ ਵੇਲੇ ਕੀਤੀਆਂ ਗਈਆਂ ਜਾਣ ਬੁੱਝ ਕੇ ਗਲਤੀਆਂ ਤੇ ਗੁਨਾਹ ਭੁੱਲ ਜਾਂਦੇ ਹਨ। ਜਿਵੇਂ ਸੁਖਬੀਰ ਬਾਦਲ ਨੂੰ ਭੁੱਲ ਗਏ ਹਨ। ਇਸੇ ਤਰ੍ਹਾਂ ਕਾਂਗਰਸ ਪਾਰਟੀ ਨੂੰ ਸਭ ਕੁੱਝ ਭੁੱਲ ਗਿਆ ਹੈ। ਚਿੜੀਆਂ ਦੀ ਮੌਤ ਗੁਆਰੇ ਦਾ ਹਾਸਾ, ਇਹੋ ਜਿਹਾ ਇਹ ਜਗਤ ਤਮਾਸ਼ਾ। ਲੋਕਾਂ ਦੇ ਘਰ ਸੱਥਰ ਤੇ ਸਿਆਸੀ ਪਾਰਟੀਆਂ ਦੇ ਘਰ ਹਾਸਾ। ਇਹ ਸਿਲਸਿਲਾ ਛੇ ਦਹਾਕਿਆਂ ਤੋਂ ਜਾਰੀ। ਕਦੇ ਵੀ ਅਸਲੀ ਦੋਸ਼ੀ ਨਹੀਂ ਫ਼ੜੇ ਜਾਂਦੇ। ਪੰਜਾਬ ਦੇ ਲੋਕਾਂ ਤੇ ਸਰਕਾਰ ਨੂੰ ਸਭ ਪਤਾ ਹੈ। ਢਕੀ ਰਿਝਦੀ ਹੈ। ਲੋਕ ਧਰਨੇ ਮੁਜ਼ਾਹਰੇ ਕਰਦੇ ਹਨ। ਸਰਕਾਰ ਉਹਨਾਂ ਨੂੰ ਦਬਾਉਣ ਲਈ ਪੁਲਿਸ ਦੀ ਦੁਰਵਰਤੋ ਕਰਦੀ ਹੈ। ਪੰਜਾਬ ਦੇਸ਼ ਵਿੱਚ ਦੂਜੇ ਸਥਾਨ ਤੇ ਪਹੁੰਚ ਗਿਆ, ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਵਿਚ। ਹੁਣ ਤੱਕ ਦੇ ਅੰਕੜੇ ਇਸ ਖ਼ਬਰ ਵਿੱਚ ਪੜ੍ਹ ਸਕਦੇ ਓ! ਲੋਕਾਂ ਨੂੰ ਭਾਣਾ ਮੰਨਣ ਲਈ ਮਜਬੂਰ ਕੀਤਾ ਜਾਂਦਾ ਹੈ। ਪੰਜਾਬ ਦੇ ਨੌਕਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਕਰਨ ਲਈ ਕਿਸੇ ਹਾਦਸੇ ਵਿੱਚ ਮਰਨਾ ਪੈਂਦਾ ਹੈ। ਇਹ ਹੈ ਵਿਕਾਸ ਦੀ ਪ੍ਰਾਪਤੀ। ਯੁੱਧ ਨਸ਼ਿਆਂ ਵਿਰੁੱਧ ਹੋਇਆ ਠੁੱਸ। ਸਰਕਾਰ ਵੱਲੋਂ ਇਸ਼ਤਿਹਾਰ ਜਾਰੀ ਕਰਕੇ ਦੱਸਿਆ ਗਿਆ ਹੈ ਕਿ ਨਸ਼ਿਆਂ ਦੇ ਵਿਰੁੱਧ ਮੁਹਿੰਮ ਵਿੱਚ ਐਨੇ ਨਸ਼ੀਲੇ ਪਦਾਰਥ ਤੇ ਨਸ਼ਾ ਵਪਾਰੀ ਫ਼ੜੇ ਗਏ ਹਨ। ਆਮ ਲੋਕਾਂ ਦੇ ਘਰਾਂ ਉਪਰ ਬੁਲਡੋਜ਼ਰਾਂ ਨਾਲ ਸਫ਼ਾਈ ਮੁਹਿੰਮ ਤਹਿਤ ਡਰਾਮਾ ਕੀਤਾ ਜਾ ਰਿਹਾ ਹੈ। ਧਨਾਢ ਤੇ ਸਿਆਸੀ ਪਾਰਟੀਆਂ, ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਤੋਂ ਬਗ਼ੈਰ ਪੱਤਾ ਨਹੀਂ ਹਿੱਲਦਾ। ਕੀ ਮਜੀਠਾ ਇਲਾਕੇ ਦੇ ਪੁਲਿਸ ਪ੍ਰਸ਼ਾਸਨ, ਐਮ ਐਲ ਏ, ਮੰਤਰੀ ਤੇ ਐਮ ਪੀ ਨੂੰ ਪਤਾ ਨਹੀਂ ਸੀ ਕਿ ਇਹ ਕੌਣ ਕਾਰੋਬਾਰ ਕਰ ਰਿਹਾ ਹੈ? ਸਭ ਨੂੰ ਪਤਾ ਸੀ, ਮਾਇਆ ਨਾਗਨੀ ਨੇ ਉਹਨਾਂ ਨੂੰ ਅੰਨ੍ਹੇ ਤੇ ਬੋਲੇ ਕਰ ਦਿੱਤਾ ਹੈ। ਉਹਨਾਂ ਨੂੰ ਨਾ ਦਿਖਦਾ ਹੈ ਤੇ ਨਾ ਹੀ ਸੁਣਦਾ ਹੈ। ਉਹਨਾਂ ਨੂੰ ਤਾਂ ਮਰਨ ਵਾਲਿਆਂ ਦੇ ਪਰਵਾਰਾਂ ਦੀਆਂ ਚੀਕਾਂ ਵੀ ਨਹੀਂ ਸੁਣਦੀਆਂ। ਉਹਨਾਂ ਨੂੰ ਹੋਰ ਕੀ ਸੁਣਾਈ ਦੇਣਾ ਹੈ। ਹਰ ਹਾਦਸੇ ਵਿੱਚ ਸਮੇਂ ਦੀਆਂ ਸਰਕਾਰਾਂ ਦੇ ਭਾਈਚਾਰੇ ਦਾ ਨਾਮ ਬੋਲਦਾ ਹੈ। ਮੀਡੀਆ ਵਿੱਚ ਉਹਨਾਂ ਦੀ ਚਰਚਾ ਹੁੰਦੀ ਹੈ। ਪਰ ਕਿਸੇ ਸਿਆਸੀ ਪਾਰਟੀ ਦੇ ਆਗੂ, ਕਿਸੇ ਮੰਤਰੀ ਨੂੰ ਕਦੇ ਸਜ਼ਾ ਨਹੀਂ ਹੋਈ। ਸਾਨੂੰ ਪਾਠ ਪੜ੍ਹਾਇਆ ਜਾਂਦਾ ਹੈ, ਉਪਰ ਵਾਲਾ ਸਭ ਦੇਖਦਾ ਹੈ। ਉਹ ਹੀ ਹਿਸਾਬ ਕਿਤਾਬ ਕਰੇਗਾ। ਉਪਰ ਵਾਲੇ ਨੂੰ ਇਹ ਪਹਿਲਾਂ ਕਿਉਂ ਨਹੀਂ ਦਿਖਦਾ? ਉਹ ਵੀ ਸਰਮਾਏਦਾਰੀ ਦਾ ਗੁਲਾਮ ਬਣ ਕੇ ਰਹਿ ਗਿਆ ਹੈ। ਕਾਰਨਾਂ ਨੂੰ ਸਮਝਣ ਦੀ ਵਜਾਏ ਉਹਨਾਂ ਉਪਰ ਪਰਦੇ ਪਾਉਣ ਦੀ ਖੇਡ ਹਰ ਹਾਦਸੇ ਮੌਕੇ ਖੇਡੀ ਜਾਂਦੀ ਹੈ ਤੇ ਉਦੋਂ ਤੱਕ ਖੇਡੀ ਜਾਂਦੀ ਰਹੇਗੀ ਜਦੋਂ ਤੱਕ ਲੋਕ ਖੁਦ ਇਨਸਾਫ਼ ਨਹੀਂ ਕਰਦੇ। ਲੋਕਾਂ ਨੂੰ ਖ਼ੁਦ ਜਾਗਣ ਦੀ ਲੋੜ ਹੈ, ਉਠਣ ਦੀ ਲੋੜ ਹੈ। ਵਪਾਰੀਆਂ, ਅਧਿਕਾਰੀਆਂ, ਪੁਜਾਰੀਆਂ ਤੇ ਲਿਖਾਰੀਆਂ ਨੇ ਉਹਨਾਂ ਦੀ ਬਾਂਹ ਨਹੀਂ ਫੜੀ। ਸਗੋਂ ਲੋਕਾਂ ਨੂੰ ਖ਼ੁਦ ਉਹਨਾਂ ਨਾਗਾਂ ਦੀ ਧੌਣ ਮਰੋੜ ਨੀ ਪੈਣੀਂ ਹੈ। ਜਿਹੜੇ ਇਹ ਜ਼ਹਿਰ ਵੇਚ ਰਹੇ ਹਨ। ਇਸ ਘਟਨਾ ਦੇ ਜੁੰਮੇਵਾਰ ਉਹ ਲੋਕ ਹਨ ਜੋਂ ਧਰਮਾਂ ਤੇ ਸਿਆਸੀ ਪਾਰਟੀਆਂ ਦੇ ਸੀਰੀ ਬਣੇ ਹੋਏ ਹਨ। ਸਰਕਾਰ, ਪੁਲਿਸ ਅਧਿਕਾਰੀਆਂ ਤੇ ਨਸ਼ੇ ਦੇ ਵਪਾਰੀਆਂ ਦਾ ਕੋਈ ਦੋਸ਼ ਨਹੀਂ। ਇਹਨਾਂ ਹਾਦਸਿਆਂ ਦੇ ਜੁੰਮੇਵਾਰ ਲੋਕ ਹਨ। ਜਿਹੜੇ ਗਾਂਧੀ ਦੇ ਤਿੰਨ ਬਾਂਦਰ ਬਣੇ ਹੋਏ ਹਨ। ਬੁੱਧ ਸਿੰਘ ਨੀਲੋਂ 9464370823

ਜ਼ਹਿਰੀਲੀ ਸ਼ਰਾਬ ਦਾ ਜੁੰਮੇਵਾਰ ਕੌਣ/ਬੁੱਧ ਸਿੰਘ ਨੀਲੋਂ Read More »