ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨਾਲ ਕੀਤਾ ਆਪਣਾ ਵਾਅਦਾ ਕਾਇਮ ਰੱਖਿਆ ਅਤੇ ਪੰਜਾਬ ਸੂਬੇ ਦੇ ਤਿੰਨ ਅਤੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਛੇ ਦਹਿਸ਼ਤਗਰਦ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਪਾਕਿਸਤਾਨ ਖ਼ਿਲਾਫ਼ ਬਦਲੇ ਦੀ ਕਾਰਵਾਈ ਕਰਨ ਦੇ ਆਪਣੇ ਅਹਿਦ ਦੀ ਨੁਮਾਇਸ਼ ਕੀਤੀ। 1971 ਦੀ ਜੰਗ ਤੋਂ ਬਾਅਦ ਪਹਿਲੀ ਵਾਰ ਭਾਰਤ ਨੇ ਪਾਕਿਸਤਾਨ ਦੇ ਧੁਰ ਅੰਦਰ ਹਮਲੇ ਕੀਤੇ ਹਨ। 1971 ਅਤੇ ਫਿਰ 1999 ਦੀ ਕਾਰਗਿਲ ਜੰਗ ਵਿੱਚ ਹਾਰ ਜਿੱਤ ਦਾ ਨਿਤਾਰਾ ਹੋ ਗਿਆ ਸੀ; ਐਤਕੀਂ ਇਸ ਟਕਰਾਅ ਦੇ ਨਤੀਜੇ ਓਨੇ ਸਾਫ਼ ਨਜ਼ਰ ਨਹੀਂ ਆ ਰਹੇ; ਕਾਫ਼ੀ ਕੁਝ ਕੁ-ਪ੍ਰਚਾਰ ਦੀ ਧੁੰਦ ਅਤੇ ਦੋਵੇਂ ਪਾਸੀਂ ਪਸਰੀ ਸੁੰਨ ’ਚੋਂ ਨਿਖੇੜ ਕੇ ਦੇਖਣਾ ਪੈਣਾ ਹੈ। ਵੱਧ ਤੋਂ ਵੱਧ ਇਸ ਬਾਬਤ ਇਹੀ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਤਰ੍ਹਾਂ ਦੀ ਖੜੋਤ ਹੈ। 10 ਮਈ ਨੂੰ ਗੋਲੀਬੰਦੀ ਦਾ ਐਲਾਨ ਕਰ ਦਿੱਤਾ ਗਿਆ। ਸਰਕਾਰ ਨੇ ਆਖਿਆ ਕਿ 100 ਦਹਿਸ਼ਤਗਰਦ ਮਾਰੇ ਗਏ ਹਨ। ਲਗਦਾ ਹੈ ਕਿ ਸਭ ਤੋਂ ਵੱਡਾ ਨਿਸ਼ਾਨਾ ਬਹਾਵਲਪੁਰ ਵਿੱਚ ਜੈਸ਼-ਏ-ਮੁਹੰਮਦ ਦਾ ਮਰਕਜ਼ ਸੁਬਹਾਨਅੱਲ੍ਹਾ ਸੀ ਜਿਸ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ; ਇਸੇ ਤਰ੍ਹਾਂ ਮੁਰੀਦਕੇ ਵਿੱਚ ਲਸ਼ਕਰ-ਏ-ਤਇਬਾ ਦਾ ਸਦਰ ਮੁਕਾਮ ਸ਼ਾਮਿਲ ਸੀ। ਬਹਾਵਲਪੁਰ ਅਤੇ ਮੁਰੀਦਕੇ ਵਿੱਚ ਜਨਾਜ਼ਿਆਂ ਵਿੱਚ ਪਾਕਿਸਤਾਨੀ ਫ਼ੌਜ ਦੀ ਹਾਜ਼ਰੀ ਤੋਂ ਪੁਸ਼ਟੀ ਹੁੰਦੀ ਹੈ ਕਿ ਇਨ੍ਹਾਂ ਗਰੁੱਪਾਂ ਅਤੇ ਪਾਕਿਸਤਾਨੀ ਰਿਆਸਤ/ਸਟੇਟ ਵਿਚਕਾਰ ਦਿਨ ਵਾਂਗ ਬਹੁਤਾ ਕੁਝ ਸਾਫ਼ ਨਹੀਂ ਹੈ। ਬਹਰਹਾਲ, ਇਨ੍ਹਾਂ ਜਥੇਬੰਦੀਆਂ ਦਾ ਨੁਕਸਾਨ ਸਥਾਈ ਨਹੀਂ; ਨਾ ਹੀ ਇਨ੍ਹਾਂ ਹਮਲਿਆਂ ਕਰ ਕੇ ਪਾਕਿਸਤਾਨੀ ਨਿਜ਼ਾਮ ਕਸ਼ਮੀਰ ਅਤੇ ਹੋਰ ਥਾਈਂ ਭਾਰਤ ਨੂੰ ਪੱਛ ਲਾਉਣ ਲਈ ਦਹਿਸ਼ਤਗਰਦ ਪ੍ਰੌਕਸੀਆਂ ਦੀ ਵਰਤੋਂ ਕਰਨ ਦੀ ਨੀਤੀ ਬਾਰੇ ਮੁੜ ਵਿਚਾਰ ਕਰਨ ਲਈ ਮਜਬੂਰ ਹੋ ਸਕੇਗਾ। ਇਸ ਲਈ ਭਰੋਸੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਇਨ੍ਹਾਂ ਹਮਲਿਆਂ ਨੇ ਯਕੀਨੀ ਬਣਾ ਦਿੱਤਾ ਹੈ ਕਿ ਪਾਕਿਸਤਾਨੀ ਸਰਜ਼ਮੀਂ ਤੋਂ ਭਾਰਤ ਖ਼ਿਲਾਫ਼ ਕੋਈ ਹੋਰ ਹਮਲਾ ਨਹੀਂ ਹੋਵੇਗਾ। ਇਹ ਬੇਯਕੀਨੀ ਸਰਕਾਰ ਦੇ ਇਸ ਐਲਾਨ ’ਚੋਂ ਵੀ ਬਿਆਨ ਹੁੰਦੀ ਹੈ ਕਿ ਭਵਿੱਖ ਵਿੱਚ ਦਹਿਸ਼ਤਗਰਦੀ ਦੀ ਕਿਸੇ ਵੀ ਕਾਰਵਾਈ ਨੂੰ ਜੰਗ ਦਾ ਕਦਮ ਮੰਨਿਆ ਜਾਵੇਗਾ। 2016 ਦੀ ਸਰਜੀਕਲ ਸਟ੍ਰਾਈਕ ਅਤੇ 2019 ਦੇ ਬਾਲਾਕੋਟ ਹਮਲੇ ਦੇ ਮੁਕਾਬਲੇ 7 ਮਈ ਦੀ ਕਾਰਵਾਈ ਦਾ ਪੈਮਾਨਾ ਕਾਫ਼ੀ ਵੱਡਾ ਸੀ ਅਤੇ ਨਿਸ਼ਾਨਿਆਂ ਦਾ ਦਾਇਰਾ ਵੀ ਵਸੀਹ ਸੀ ਪਰ ਜਿੱਥੋਂ ਤੱਕ ਇਸ ਦੇ ਡਰਾਵੇ (deterrence value) ਦਾ ਤਾਅਲੁਕ ਹੈ, ਇਸ ਨੂੰ ਉਦੋਂ ਤੱਕ ‘ਜਾਣੇ ਅਣਜਾਣੇ’ ਵਰਗ ਵਿੱਚ ਰੱਖਣਾ ਪਵੇਗਾ ਜਦੋਂ ਤੱਕ ਖ਼ਾਸ ਤੌਰ ’ਤੇ ਭਾਰਤ ਉੱਪਰ ਫੋਕਸ ਰੱਖਣ ਵਾਲੇ ਦਹਿਸ਼ਤਗਰਦ ਗਰੁੱਪ ਪਾਕਿਸਤਾਨੀ ਸਰਜ਼ਮੀਂ ਤੋਂ ਕਾਰਵਾਈ ਕਰਦੇ ਰਹਿੰਦੇ ਹਨ। ਫ਼ੌਜੀ ਮੁਹਾਜ਼ ’ਤੇ ਇਸ ਦੇ ਫ਼ਾਇਦੇ ਤੇ ਨੁਕਸਾਨ ਬਾਰੇ ਵਧੇਰੇ ਸਪੱਸ਼ਟਤਾ ਸਮਾਂ ਪਾ ਕੇ ਹੀ ਆ ਸਕੇਗੀ। ਜਿਵੇਂ ਹੀ ਫ਼ੌਜੀ ਟਕਰਾਅ ਵਧਿਆ ਤਾਂ 7, 8 ਤੇ 9 ਮਈ ਨੂੰ ਪਾਕਿਸਤਾਨ ਦੇ ਦਾਗ਼ੇ ਡਰੋਨਾਂ ਦੀਆਂ ਡਾਰਾਂ ਦਾ ਟਾਕਰਾ ਕਰਨ ਅਤੇ ਸਿਵਲੀਅਨ ਤੇ ਫ਼ੌਜੀ ਟਿਕਾਣਿਆਂ ਦੀ ਰਾਖੀ ਲਈ ਭਾਰਤ ਦੀ ਕਾਬਲੀਅਤ ਨਾਟਕੀ ਢੰਗ ਨਾਲ ਟੈਲੀਵਿਜ਼ਨ ਸਕਰੀਨਾਂ ’ਤੇ ਸਾਹਮਣੇ ਆਈ। ਭਾਰਤ ਨੇ ਰਾਵਲਪਿੰਡੀ ਵਿੱਚ ਰਣਨੀਤਕ ਤੌਰ ’ਤੇ ਅਹਿਮ ਚਕਲਾਲਾ ਏਅਰਬੇਸ ਅਤੇ ਹੋਰ ਹਵਾਈ ਅੱਡਿਆਂ ’ਤੇ ਵੀ ਮਾਰ ਕੀਤੀ। ਪਾਕਿਸਤਾਨ ਦੀ ਮਿਲਟਰੀ ਹੈੱਡਕੁਆਰਟਰਜ਼ ਐਂਡ ਸਟ੍ਰੈਟਜਿਕ ਪਲੈਨਜ਼ ਡਿਵੀਜ਼ਨ ਵੀ ਰਾਵਲਪਿੰਡੀ ਵਿੱਚ ਹੀ ਮੌਜੂਦ ਹਨ। ਹਾਲ ਦੀ ਘੜੀ, ਏਅਰ ਮਾਰਸ਼ਲ ਏਕੇ ਭਾਰਤੀ ਜੋ ਹਵਾਈ ਸੈਨਾ ਦੇ ਡਾਇਰੈਕਟਰ ਜਨਰਲ ਆਫ ਅਪਰੇਸ਼ਨਜ਼ ਹਨ, ਵੱਲੋਂ ਪੰਜਾਬ ਵਿੱਚ ਬਠਿੰਡਾ ਤੇ ਕਸ਼ਮੀਰ ਵਾਦੀ ਵਿੱਚ ਪਾਂਪੋਰ ਵਿੱਚ 7 ਮਈ ਦੀ ਸਵੇਰ ਨੂੰ ਦੇਖੇ ਮਲਬੇ ਅਤੇ ਪਾਕਿਸਤਾਨੀ ਧਿਰ ਵੱਲੋਂ ਕੀਤੇ ਇਸ ਦਾਅਵੇ ਕਿ ਉਸ ਦੀ ਹਵਾਈ ਫ਼ੌਜ ਨੇ 5 ਜਹਾਜ਼ ਸੁੱਟ ਲਏ ਸਨ, ਦੇ ਜਵਾਬ ਵਿੱਚ ਜਾਰੀ ਬਿਆਨ ਵਿੱਚ ਇਹ ਕਹਿਣਾ ਕਿ “ਲੜਾਈ ਵਿੱਚ ਨੁਕਸਾਨ ਤਾਂ ਹੁੰਦਾ ਹੈ ਹੀ” ਕੁਝ ਭਾਰਤੀ ਲੜਾਕੂ ਜਹਾਜ਼ਾਂ ਦੇ ਦੱਸੇ ਨੁਕਸਾਨ ਨੂੰ ਟੇਢੇ ਢੰਗ ਨਾਲ ਪ੍ਰਵਾਨ ਕਰਦਾ ਜਾਪਦਾ ਹੈ। ਬਹੁਤ ਸਾਰੀਆਂ ਭਰੋਸੇਮੰਦ ਕੌਮਾਂਤਰੀ ਮੀਡੀਆ ਸੰਸਥਾਵਾਂ ਵੱਲੋਂ ਕੁਝ ਪੱਛਮੀ ਅਹਿਲਕਾਰਾਂ ਦੇ ਹਵਾਲੇ ਨਾਲ ਇਹ ਦਾਅਵਾ (ਭਾਰਤੀ ਲੜਾਕੂ ਜਹਾਜ਼ ਡੇਗਣ) ਕੀਤਾ ਜਾਂਦਾ ਰਿਹਾ ਹੈ। ਲੜਾਈ ਦੇ ਮੈਦਾਨ ਵਿੱਚ ਪਾਕਿਸਤਾਨ ਨੂੰ ਚੀਨ ਦੀ ਮਦਦ ਦਾ ਫ਼ਾਇਦਾ ਮਿਲਿਆ ਹੈ ਅਤੇ ਹੁਣ ਇਹ ਦੇਖਣਾ ਬਾਕੀ ਹੈ ਕਿ ਅਗਲੇ ਕੁਝ ਮਹੀਨਿਆਂ ਦੌਰਾਨ ਚੀਨ ਨਾਲ ਆਪਣੇ ਸਬੰਧ ਆਮ ਵਰਗੇ ਬਣਾਉਣ ਦੀ ਦਿੱਲੀ ਦੀ ਚਾਰਾਜੋਈ ਉੱਪਰ ਇਸ ਦਾ ਕੀ ਪ੍ਰਭਾਵ ਪੈਂਦਾ ਹੈ। ਭਾਰਤ ਨੂੰ ਚੀਨ ਖ਼ਿਲਾਫ਼ ਖੇਡਦੇ ਤੱਕਦੇ ਰਹਿੰਦੇ ਇਸ ਦੇ ਗੁਆਂਢੀ ਤਾਂ ਇਨ੍ਹਾਂ ਚਾਰ ਦਿਨਾਂ ਤੋਂ ਆਪੋ-ਆਪਣੇ ਸੰਦੇਸ਼ ਲੈ ਚੁੱਕੇ ਹੋਣਗੇ। ਵਿਆਪਕ ਕੂਟਨੀਤਕ ਅਖਾੜੇ ’ਚ ਅਜਿਹੇ ਕਈ ਕਾਰਨ ਹਨ ਜਿਨ੍ਹਾਂ ’ਚੋਂ ਇੱਕ ਜਿਹੜਾ ਭਾਰਤ-ਅਮਰੀਕਾ ਰਿਸ਼ਤੇ ਨੂੰ ਸਹਾਰਾ ਦੇ ਰਿਹਾ ਹੈ ਤੇ ਕੁਆਡ ਦੇ ਮੈਂਬਰ ਵਜੋਂ ਭਾਰਤ ਦੀ ਅਹਿਮੀਅਤ ਨੂੰ ਵੀ ਮਜ਼ਬੂਤ ਕਰ ਰਿਹਾ ਹੈ, ਉਹ ਹੈ ਹਿੰਦ ਮਹਾਸਾਗਰ ਖੇਤਰ ਵਿੱਚ ਚੀਨ ਦੇ ਮੁਕਾਬਲੇ ਇਸ ਦੀ ਭੂਮਿਕਾ। ਤਾਇਵਾਨ ਤੋਂ ਟੋਕੀਓ, ਕੈਨਬਰਾ ਤੋਂ ਵਾਸ਼ਿੰਗਟਨ ਤੱਕ, ਭਾਰਤ ਪਾਕਿਸਤਾਨ ਦੀ ਇਸ ਟੱਕਰ ਨੂੰ ਏਸ਼ੀਆ-ਪ੍ਰਸ਼ਾਂਤ ਖੇਤਰ ’ਚ ਵਿਆਪਕ ਅਸਰਾਂ ਦੇ ਪੱਖ ਤੋਂ ਵਾਚਿਆ ਜਾ ਰਿਹਾ ਹੈ। ਪੱਛਮ ਵਿੱਚ ਭਾਰਤ ਦੇ ਕਈ ਦੋਸਤਾਂ ਨੇ ਪਾਕਿਸਤਾਨ ਨਾਲ ਸੰਜਮ ਵਰਤਣ ਅਤੇ ਵਾਰਤਾ ਦੀ ਸਲਾਹ ਦਿੱਤੀ ਪਰ ਪਾਕਿਸਤਾਨ ਦੀ ਅਤਿਵਾਦ ਨੂੰ ਸਹਾਰਾ ਦੇਣ ਲਈ ਨਿਖੇਧੀ ਨਹੀਂ ਕੀਤੀ। ਭਾਰਤ ਦੀ ਆਈਐੱਮਐੱਫ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਬਣਾਉਣ ਦੀ ਕੋਸ਼ਿਸ਼ ਨਾਕਾਮ ਹੋਈ ਜਿਸ ਦਾ ਉਦੇਸ਼ ਸੀ ਕਿ ਪਾਕਿਸਤਾਨ ਨੂੰ ਕਰਜ਼ੇ ਦੀ ਕਿਸ਼ਤ ਨਾ ਮਿਲੇ। ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਅਮਰੀਕਾ ਵੱਲੋਂ ਦਿੱਤਾ ਬਿਆਨ ਦੋ ਅਰਥੀ ਬਣ ਗਿਆ। ਜਿਵੇਂ ਹੀ ਟਕਰਾਅ ਆਰੰਭ ਹੋਇਆ, ਅਮਰੀਕਾ ਨੇ ਸ਼ੁਰੂ ’ਚ “ਇਸ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ” ਕਹਿ ਕੇ ਹੱਥ ਝਾੜ ਲਏ; ਤੇ ਘੰਟਿਆਂ ਵਿੱਚ ਹੀ ਪਹੁੰਚ ਬਦਲ ਕੇ ਸਿੱਧੀ “ਵਿਚੋਲਗੀ” ਤੱਕ ਪਹੁੰਚ ਗਈ। ਕੁਝ ਰਿਪੋਰਟਾਂ ਮੁਤਾਬਿਕ, ਭਾਰਤ ਦਾ ਚਕਲਾਲਾ ’ਤੇ ਹਮਲਾ ਅਹਿਮ ਮੋੜ ਸੀ। ਕੁਝ ਹੋਰ ਰਿਪੋਰਟਾਂ ਪਾਕਿਸਤਾਨ ਵੱਲੋਂ ਆਪਣੇ ਪਰਮਾਣੂ ਹਥਿਆਰ ਕੱਢਣ ਦੀ ਤਿਆਰੀ ਦਾ ਇਸ਼ਾਰਾ ਕਰਨ ਬਾਰੇ ਦੱਸਦੀਆਂ ਹਨ। ਆਪਣੀ ਕਿਤਾਬ ‘ਇੰਡੀਆਜ਼ ਪਾਕਿਸਤਾਨ ਕੋਨੰਡਰੱਮ, ਮੈਨੇਜਿੰਗ ਏ ਕੰਪਲੈਕਸ ਰਿਲੇਸ਼ਨਸ਼ਿਪ’ ਵਿਚ ਸ਼ਰਤ ਸਭਰਵਾਲ, ਜੋ 26/11 ਤੋਂ ਬਾਅਦ ਦੇ ਮੁਸ਼ਕਿਲ ਵਰ੍ਹਿਆਂ ’ਚ ਪਾਕਿਸਤਾਨ ਵਿੱਚ ਹਾਈ ਕਮਿਸ਼ਨਰ ਸਨ, ਨੇ ਅਤੀਤ ਦੇ ਤਜਰਬਿਆਂ ਦੇ ਆਧਾਰ ਉੱਤੇ ਰਿਸ਼ਤਿਆਂ ਦੇ ਭਵਿੱਖ ਬਾਰੇ ਟਿੱਪਣੀਆਂ ਕੀਤੀਆਂ ਸਨ। “ਗੁਆਂਢੀਆਂ ਵਜੋਂ ਭਾਰਤ ਅਤੇ ਪਾਕਿਸਤਾਨ ਇੱਕ-ਦੂਜੇ ਨਾਲ ਗੱਲਬਾਤ ਬਿਨਾਂ ਨਹੀਂ ਰਹਿ ਸਕਦੇ। ਜਦੋਂ ਉਹ ਸਾਹਮਣੇ ਬੈਠ ਕੇ ਗੱਲ ਨਹੀਂ ਕਰ ਰਹੇ ਹੁੰਦੇ, ਉਦੋਂ ਉਹ ਅਕਸਰ ਬੰਦੂਕਾਂ ਰਾਹੀਂ ਗੱਲ ਕਰਦੇ ਹਨ। ਹਰ ਵਾਰ ਜਦੋਂ ਬੰਦੂਕਾਂ ਦਾ ਖੜਾਕ ਉੱਚਾ ਹੋਇਆ ਤਾਂ ਠੰਢ-ਠੰਢਾਅ ਕਰਨ ਲਈ ਤਾਕਤਵਰ ਮੁਲਕਾਂ ਨੂੰ ਦਖ਼ਲ ਦੇਣਾ ਪਿਆ।” ਇਸੇ ਤਰ੍ਹਾਂ ਕਾਰਗਿਲ ਜੰਗ ਠੰਢੀ ਹੋਈ ਸੀ ਤੇ 2019 ਦਾ ਟਕਰਾਅ ਵੀ ਇੰਝ ਹੀ ਹੱਲ ਹੋਇਆ; ਇਸੇ ਤਰੀਕੇ ਨਾਲ ਹੀ 10 ਮਈ ਦੁਪਹਿਰ ਤੋਂ ਬਾਅਦ ਦੋ ਗੁਆਂਢੀਆਂ ਵਿਚਾਲੇ ਤੇਜ਼ੀ ਨਾਲ ਵਧ ਰਿਹਾ ਟਕਰਾਅ ਖ਼ਤਮ ਕੀਤਾ ਗਿਆ। ਆਖ਼ਿਰ ’ਚ ਟਰੰਪ ਜੋ ਹਾਲ ਦੀ ਘੜੀ ਯੂਕਰੇਨ ਨਾਲ ਰੂਸ ਦੀ ਜੰਗ ਖ਼ਤਮ ਕਰਾਉਣ ਦੇ ਆਪਣੇ ਯਤਨਾਂ ’ਚ ਸਫਲ ਨਹੀਂ ਹੋ ਸਕੇ, ਨੇ ਸਭ ਤੋਂ ਪਹਿਲਾਂ ‘ਟਰੁੱਥ ਸੋਸ਼ਲ’ ਅਤੇ ਪੋਸਟ ਰਾਹੀਂ ਗੋਲੀਬੰਦੀ ਦਾ ਐਲਾਨ ਕੀਤਾ ਤੇ ਆਪਣੀ ਭੂਮਿਕਾ ਬਾਰੇ ਵੀ ਦੱਸਿਆ। ਚੰਗੀ ਪਹਿਲ ਵਜੋਂ ਅਮਰੀਕੀ ਰਾਸ਼ਟਰਪਤੀ ਨੇ ਕਸ਼ਮੀਰ ਮੁੱਦੇ ਦਾ ਹੱਲ ਕਰਾਉਣ ਲਈ ਮਦਦ ਦੀ ਪੇਸ਼ਕਸ਼ ਦਾ ਪ੍ਰਸਤਾਵ ਵੀ ਰੱਖਿਆ। ਜੇ ਪਾਕਿਸਤਾਨ ਦਾ ਇਰਾਦਾ ਕਸ਼ਮੀਰ ਵੱਲ ਕੌਮਾਂਤਰੀ ਧਿਆਨ ਖਿੱਚਣਾ