ਜਵਾਬ ਨਹੀਂ ਮਿਲੇ

ਆਸ ਸੀ ਕਿ ਪਹਿਲਗਾਮ ਕਤਲੇਆਮ, ਉਸ ਦੇ ਬਾਅਦ ਛਿੜੀ ਭਾਰਤ-ਪਾਕਿਸਤਾਨ ਲੜਾਈ ਤੇ ਫਿਰ ਲੜਾਈਬੰਦੀ ਨੂੰ ਲੈ ਕੇ ਲੋਕਾਂ ਦੇ ਜ਼ਿਹਨ ਵਿੱਚ ਉਠਦੇ ਰਹੇ ਸਵਾਲਾਂ ਦੇ ਜਵਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਕੌਮ ਨੂੰ ਸੰਬੋਧਨ ਵਿੱਚ ਦੇਣਗੇ, ਪਰ ਉਹ ਇਨ੍ਹਾਂ ਨੂੰ ਗਾਇਬ ਕਰ ਗਏ। ਲੋਕ ਜਾਣਨਾ ਚਾਹੁੰਦੇ ਸਨ ਕਿ ਕਸ਼ਮੀਰ ਦੀ ਖੂਬਸੂਰਤ ਵਾਦੀ ’ਚ ਕਤਲੇਆਮ ਕਰਨ ਵਾਲੇ ਕੌਣ ਸਨ, ਕਿੱਥੋਂ ਆਏ ਸਨ, ਕਿਵੇਂ ਆਏ ਤੇ ਚਲੇ ਗਏ, ਕੁਝ ਪਤਾ ਲੱਗਾ? ਸੈਲਾਨੀਆਂ ਦੀ ਕਾਫੀ ਆਮਦ ਦੇ ਬਾਵਜੂਦ ਉੱਥੇ ਸੁਰੱਖਿਆ ਹਟਾਉਣ ਦਾ ਫੈਸਲਾ ਕਿਸ ਦਾ ਸੀ ਤੇ ਕਿਉ ਲਿਆ ਗਿਆ? ਇਸ ਲਈ ਜ਼ਿੰਮੇਵਾਰਾਂ ਖਿਲਾਫ ਕੋਈ ਕਾਰਵਾਈ ਕੀਤੀ ਗਈ? ਪ੍ਰਧਾਨ ਮੰਤਰੀ ਨੇ ਮੰਨਿਆ ਕਿ ਪਹਿਲਗਾਮ ਦਾ ਮਾਮਲਾ ਬਹੁਤ ਗੰਭੀਰ ਸੀ।

ਤਾਂ ਫਿਰ ਉਹ ਬਿਹਾਰ ਦੀ ਚੋਣ ਰੈਲੀ ਤੇ ਕੇਰਲਾ ਵਿੱਚ ਅਡਾਨੀ ਦੀ ਬੰਦਰਗਾਹ ਵਾਲੇ ਪ੍ਰੋਗਰਾਮ ’ਚ ਕਿਉ ਚਲੇ ਗਏ? ਸਰਬ ਪਾਰਟੀ ਮੀਟਿੰਗ ਵਿੱਚ ਕਿਉ ਨਹੀਂ ਆਏ? ਇਹ ਵੀ ਨਹੀਂ ਦੱਸਿਆ ਕਿ ਲੜਾਈ ਵਿੱਚ ਮਹਿੰਗੇ ਜਹਾਜ਼ ਡਿੱਗਣ ਦੇ ਦੁਨੀਆ ਵਿੱਚ ਹੋ ਰਹੇ ਚਰਚੇ ਸਹੀ ਹਨ ਜਾਂ ਗਲਤ। ਪ੍ਰਧਾਨ ਮੰਤਰੀ ਨੇ ਪਾਕਿਸਤਾਨ ਵਿੱਚ 100 ਦਹਿਸ਼ਤਗਰਦ ਮਾਰਨ ਦਾ ਦਾਅਵਾ ਕੀਤਾ, ਜਦਕਿ ਏਨੀ ਸਹੀ ਗਿਣਤੀ ਦੱਸਣੀ ਸੰਭਵ ਨਹੀਂ। ਹੋਰ ਤਾਂ ਹੋਰ ਦਹਿਸ਼ਤਗਰਦਾਂ ਦਾ ਮੁਖੀ ਅਜ਼ਹਰ ਮਸੂਦ ਤਾਂ ਬਚ ਹੀ ਗਿਆ। ਏਨੇ ਸਾਰੇ ਆਗੂਆਂ ਨੂੰ ਜੱਫੀਆਂ ਪਾਉਣ, ਮਹਿੰਗੇ ਤੋਹਫੇ ਦੇਣ, ਝੂਲੇ ਝੂਲਣ ਤੇ ਹਥਿਆਰ ਖਰੀਦਣ ਦੇ ਬਾਵਜੂਦ ਸੰਕਟ ਵੇਲੇ ਉਹ ਭਾਰਤ ਦੀ ਹਮਾਇਤ ’ਚ ਕਿਉ ਨਹੀਂ ਆਏ ਤੇ ਪਾਕਿਸਤਾਨ ਦੇ ਖਿਲਾਫ ਕਿਉ ਨਹੀਂ ਭੁਗਤੇ? ਪ੍ਰਧਾਨ ਮੰਤਰੀ ਨੇ ਇਹ ਵੀ ਸਾਫ-ਸਾਫ ਨਹੀਂ ਦੱਸਿਆ ਕਿ ਪਾਕਿਸਤਾਨ ’ਤੇ ਹਮਲੇ ਨਾਲ ਕੀ ਹਾਸਲ ਹੋਇਆ? ਅਮਰੀਕੀ ਰਾਸ਼ਟਰਪਤੀ ਟਰੰਪ ਦੇ ਇਸ ਬਿਆਨ ਦੀ ਵੀ ਖੁੱਲ੍ਹ ਕੇ ਵਿਰੋਧਤਾ ਨਹੀਂ ਕੀਤੀ ਕਿ ਵਪਾਰ ਦੇ ਲਾਲਚ ’ਚ ਭਾਰਤ ਤੇ ਪਾਕਿਸਤਾਨ ਲੜਾਈ ਰੋਕਣ ਲਈ ਰਾਜ਼ੀ ਹੋ ਗਏ।

ਟਰੰਪ ਨੇ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਲਈ ਦਖਲ ਦੀ ਗੱਲ ਕਹੀ, ਪਰ ਪ੍ਰਧਾਨ ਮੰਤਰੀ ਨੇ ਖੁੱਲ੍ਹ ਕੇ ਵਿਰੋਧਤਾ ਨਹੀਂ ਕੀਤੀ। ਕੀ ਦੇਸ਼ ਦੀ ਕਸ਼ਮੀਰ ਨੀਤੀ ਬਦਲ ਗਈ ਹੈ, ਜੇ ਬਦਲ ਗਈ ਹੈ ਤਾਂ ਦੇਸ਼ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਸੀ। ਪੂਰੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਸਿੰਧੂਰ ਦਾ ਜ਼ਿਕਰ ਕਈ ਵਾਰ ਕੀਤਾ, ਪਰ ਜਿਨ੍ਹਾਂ ਦਾ ਸਿੰਧੂਰ ਉੱਜੜ ਗਿਆ, ਉਨ੍ਹਾਂ ਦੀ ਜਿਹੜੀ ਤੌਹੀਨ ਉਨ੍ਹਾਂ ਦੇ ਭਗਤਾਂ ਨੇ ਕੀਤੀ, ਉਸ ਬਾਰੇ ਚੁੱਪੀ ਬਣਾਈ ਰੱਖੀ। ਜੇ ਸਮਝੌਤਾ ਟਰੰਪ ਨੇ ਕਰਵਾਇਆ ਤਾਂ ਮੋਦੀ ਜੀ ਦੇ ਪੱਧਰ ’ਤੇ ਹੀ ਹੋਇਆ ਹੋਵੇਗਾ, ਪਰ ਇਸ ਦਾ ਐਲਾਨ ਕਰਨ ਵਾਲੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੀ ਬਿਨਾਂ ਗੱਲ ’ਤੇ ਸੋਸ਼ਲ ਮੀਡੀਆ ’ਤੇ ਜੋ ਟੋ੍ਰਲਿੰਗ ਹੋਈ, ਉਸ ਬਾਰੇ ਪ੍ਰਧਾਨ ਮੰਤਰੀ ਨੂੰ ਬੋਲਣਾ ਚਾਹੀਦਾ ਸੀ, ਪਰ ਜ਼ਰੂਰੀ ਨਹੀਂ ਸਮਝਿਆ।

ਪ੍ਰਧਾਨ ਮੰਤਰੀ ਨੇ ਕਸ਼ਮੀਰ ਦੇ ਲੋਕਾਂ ਬਾਰੇ ਵੀ ਕੁਝ ਨਹੀਂ ਕਿਹਾ, ਜਿਹੜੇ ਦਹਿਸ਼ਤਗਰਦੀ ਦੇ ਖਿਲਾਫ ਏਨੀ ਵੱਡੀ ਗਿਣਤੀ ’ਚ ਸੜਕਾਂ ’ਤੇ ਉਤਰੇ ਸਨ। ਕਸ਼ਮੀਰੀ ਵਿਦਿਆਰਥੀਆਂ ਤੇ ਕਾਰੋਬਾਰੀਆਂ ਨਾਲ ਬਾਕੀ ਦੇਸ਼ ਵਿੱਚ ਹੋਈ ਬਦਸਲੂਕੀ ਬਾਰੇ ਵੀ ਚੁੱਪੀ ਰੱਖੀ। ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਆਪਣੇ ਭਗਤਾਂ ਨੂੰ ਖੁਸ਼ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਕਿ ‘ਅਪ੍ਰੇਸ਼ਨ ਸਿੰਧੂਰ’ ਖਤਮ ਨਹੀਂ ਹੋਇਆ ਤੇ ਇਹ ਮੁਲਤਵੀ ਕੀਤਾ ਗਿਆ ਹੈ।

ਸਾਂਝਾ ਕਰੋ

ਪੜ੍ਹੋ

ਜੰਗਬੰਦੀ ਦੇ ਮਗਰੋਂ ਮੁੜ ਤੋਂ ਸ਼ੁਰੂ ਹੋਈਆਂ

ਚੰਡੀਗੜ੍ਹ, 14 ਮਈ  – ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ...