
ਨਵੀਂ ਦਿੱਲੀ, 14 ਮਈ – ਭਾਰਤ ਤੇ ਪਾਕਿਸਤਾਨ ਦੇ ਵਿਗੜਦੇ ਸਬੰਧਾਂ ਦੇ ਵਿਚਕਾਰ ਚੀਨ ਆਪਣਾ ਪ੍ਰਚਾਰ ਫੈਲਾਉਣ ਤੋਂ ਨਹੀਂ ਰੁਕ ਰਿਹਾ ਹੈ। ਇਸ ਪ੍ਰਚਾਰ ਨੂੰ ਰੋਕਣ ਲਈ ਭਾਰਤ ਨੇ ਚੀਨ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਗਲੋਬਲ ਟਾਈਮਜ਼ ਦੇ X ਖਾਤੇ ਨੂੰ ਬਲਾਕ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਨੇ ਚੀਨ ਦੀ ਸਰਕਾਰੀ ਸਮਾਚਾਰ ਏਜੰਸੀ xinhua ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।
ਭਾਰਤ ਸਰਕਾਰ ਨੇ ਇਹ ਫੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਕੇਂਦਰ ਨੇ ਅਰੁਣਾਚਲ ਪ੍ਰਦੇਸ਼ ਵਿੱਚ ਚੀਨੀ ਦਖਲਅੰਦਾਜ਼ੀ ਬਾਰੇ ਚੀਨ ਨੂੰ ਚੇਤਾਵਨੀ ਦਿੱਤੀ ਹੈ। ਭਾਰਤ ਨੇ ਅਰੁਣਾਚਲ ਪ੍ਰਦੇਸ਼ ਦੀਆਂ ਕੁਝ ਥਾਵਾਂ ਦੇ ਨਾਮ ਬਦਲਣ ਦੀ ਚੀਨ ਦੀ ਕੋਸ਼ਿਸ਼ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਸੰਬੰਧ ਵਿੱਚ ਕਿਹਾ ਕਿ ਇਹ ਇੱਕ ਵਿਅਰਥ ਅਤੇ ਬੇਕਾਰ ਕੋਸ਼ਿਸ਼ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਅਸੀਂ ਚੀਨ ਦੀ ਇਸ ਕੋਸ਼ਿਸ਼ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ। ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਹਿੱਸਾ ਸੀ, ਹੈ ਤੇ ਹਮੇਸ਼ਾ ਰਹੇਗਾ।