ਨਾਂਦੇੜ ਦੇ ਕਿਆਮ ਦੌਰਾਨ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦੁਰ ਨੂੰ ਪੰਜਾਬ ਵੱਲ ਸਿੱਖਾਂ ਦਾ ਜਥੇਦਾਰ ਥਾਪ ਕੇ ਰਵਾਨਾ ਕੀਤਾ ਸੀ। ਗੁਰੂ ਸਾਹਿਬ ਨੇ ਬੰਦਾ ਸਿੰਘ ਨੂੰ ਆਪਣੇ ਭੱਥੇ ਦੇ ਪੰਜ ਤੀਰ, ਪੰਜ ਪਿਆਰਿਆਂ ਦੇ ਰੂਪ ਵਿੱਚ ਭਾਈ ਬਾਜ਼ ਸਿੰਘ, ਭਾਈ ਕਾਹਨ ਸਿੰਘ, ਭਾਈ ਬਿਨੋਦ ਸਿੰਘ, ਭਾਈ ਰਣ ਸਿੰਘ ਅਤੇ ਭਾਈ ਦਇਆ ਸਿਘ, ਪੰਝੀ ਸਿੰਘਾਂ ਦਾ ਇੱਕ ਜੱਥਾ, ਇੱਕ ਨਿਸ਼ਾਨ ਸਾਹਿਬ, ਇੱਕ ਨਗ਼ਾਰਾ, ਪੰਜਾਬ ਦੇ ਪ੍ਰਮੁੱਖ ਸਿੰਘਾਂ ਦੇ ਨਾਂ ਹੁਕਮਨਾਮੇ ਦੇ ਕੇ ਰਵਾਨਾ ਕੀਤਾ। ਅਜੇ ਬੰਦਾ ਸਿੰਘ ਅਤੇ ਸਿੰਘਾਂ ਨੇ ਵੀਹ ਕੋਹ (60 ਕਿਲੋਮੀਟਰ) ਹੀ ਸਫ਼ਰ ਤਹਿ ਕੀਤਾ ਸੀ ਕਿ ਪਿੱਛੋਂ ਗੁਰੂ ਗੋਬਿੰਦ ਸਿੰਘ ਉਤੇ ਵਜ਼ੀਰ ਖਾਂ ਵੱਲੋਂ ਭੇਜੇ ਦੋ ਪਠਾਣਾਂ ਨੇ ਹਮਲਾ ਕਰਾ ਦਿੱਤਾ। ਇਹ ਸਾਰਾ ਜੱਥਾ ਖਬਰ ਸੁਣਦੇ ਹੀ ਵਾਪਿਸ ਆ ਗਿਆ। ਗੁਰੂ ਸਾਹਿਬ ਦੇ ਗੁਰਪੁਰੀ ਸਿਧਾਰਨ ਅਤੇ ਅੰਤਮ ਅਰਦਾਸ ਦੀਆਂ ਰਸਮਾਂ ਪੂਰੀਆਂ ਕਰਕੇ ਹੀ ਇਹ ਜੱਥਾ ਪੰਜਾਬ ਵੱਲ ਵਧਿਆ ਸੀ। ਬੰਦਾ ਸਿੰਘ ਬਹਾਦੁਰ ਕੋਲ ਹਥਿਆਰਾਂ, ਪੈਸਿਆਂ ਅਤੇ ਵਿਅਕਤੀਆਂ ਦੀ ਬਹੁਤ ਘਾਟ ਸੀ ਪਰ ਭਾਰਤਪੁਰ ਦੇ ਲਾਗੇ ਇੱਕ ਸਿੱਖ ਸੋਦਾਗਰ ਨੇ ਕਈ ਵਰ੍ਹਿਆਂ ਦੀ ਆਪਣੀ ਦਸਵੰਦ ਦੀ ਰਕਮ ਆ ਕੇ ਬੰਦਾ ਸਿੰਘ ਨੂੰ ਭੇਟਾ ਕੀਤੀ। ਦਿੱਲੀ ਦੇ ਬਾਹਰਵਾਰ ਬੰਦਾ ਸਿੰਘ ਨੇ ਆਪਣਾ ਸਫ਼ਰ ਬੜੀ ਹੁਸ਼ਿਆਰੀ ਅਤੇ ਸਿਦਕਦਿਲੀ ਨਾਲ ਜਾਰੀ ਰੱਖਿਆ ਤਾਂ ਜੋ ਸ਼ਾਹੀ ਫੌਜਾਂ ਨਾਲ ਟਕਰਾਓ ਨਾ ਹੋ ਜਾਵੇ। ਲੋਕ ਉਸ ਨੂੰ ਗੁਰੂ ਸਾਹਿਬ ਵੱਲੋਂ ਜਥੇਦਾਰ (ਫੌਜਾਂ ਦਾ ਚੀਫ਼-ਕਮਾਂਡਰ) ਥਾਪਿਆ ਸਮਝ ਕੇ ਕਈ ਸੁਗਾਤਾਂ ਲੈ ਕੇ ਆਣ ਮਿਲਦੇ ਅਤੇ ਉਹ ਲੋਕਾਂ ਦੀ ਖੁਸ਼ਹਾਲੀ ਅਤੇ ਸਿਹਤਯਾਬੀ ਲਈ ਅਰਦਾਸਾਂ ਕਰਦਾ। ਬੰਦਾ ਸਿੰਘ ਦਾ ਜੱਥਾ ਆਖਰ ਬਾਗਰ ਪੁੱਜਾ। ਉੱਥੇ ਲਾਗੇ ਹੀ ਡਾਕੂ ਇੱਕ ਪਿੰਡ ਲੁੱਟਣ ਆਏ ਸਨ। ਡਾਕੂਆਂ ਦੇ ਮੁੱਖੀ ਨੂੰ ਮਾਰ ਕੇ ਬੰਦਾ ਸਿੰਘ ਨੇ ਬਾਕੀ ਡਾਕੂਆਂ ਨੂੰ ਕਰੜੀਆਂ ਸਜ਼ਾਵਾਂ ਦਿੱਤੀਆਂ। ਇਹ ਵੇਖ ਕੇ ਆਸਪਾਸ ਦੇ ਪਿੰਡਾਂ ਦੇ ਨੌਜਵਾਨ ਸਿੱਖ ਸੱਜ ਕੇ ਬੰਦਾ ਸਿੰਘ ਦੀਆਂ ਫੌਜਾਂ ਵਿੱਚ ਭਰਤੀ ਹੋ ਗਏ। ਆਸ ਪਾਸ ਦੇ ਪਿੰਡ ਵਾਲਿਆਂ ਖੁਸ਼ੀ ਮਨਾਈ ਅਤੇ ਰਾਸ਼ਨ, ਦੁੱਧ, ਦਹੀਂ ਆਦਿ ਲੈ ਕੇ ਬੰਦਾ ਸਿੰਘ ਅੱਗੇ ਹਾਜ਼ਰ ਹੋਏ। ਬੰਦਾ ਸਿੰਘ ਇਹ ਜੱਥਾ ਸੋਨੀਪਤ ਤੇ ਰੋਹਤਕ ਦੇ ਵਿਚਕਾਰ ਸਥਿਤ ਕਸਬਾ ਖਰਖੋਦਾ ਪੁੱਜਾ। ਦਿੱਲੀ ਤੋਂ ਇਹ ਕਸਬਾ 36 ਕਿਲੋਮੀਟਰ ਦੂਰ ਹੈ। ਇੱਥੇ ਬੰਦਾ ਸਿੰਘ ਨੇ ਸੇਹਰੀ ਅਤੇ ਖੰਡਾ ਪਿੰਡਾਂ ਵਿਚਕਾਰ ਮੁਕਾਮ ਕੀਤਾ। ਬੰਦਾ ਸਿੰਘ ਨੂੰ ਇੱਥੇ ਹੀ ਸੂਹਿਆਂ ਨੇ ਖ਼ਬਰ ਦਿੱਤੀ ਕਿ ਕੈਥਲ ਨੇੜੇ ਸ਼ਾਹੀ ਖ਼ਜਾਨਾ ਬੜੀ ਹਿਫ਼ਾਜ਼ਤ ਨਾਲ ਦਿੱਲੀ ਵੱਲ ਜਾ ਰਿਹਾ ਹੈ। ਖ਼ਬਰ ਮਿਲਦੇ ਸਾਰ ਬੰਦਾ ਸਿੰਘ ਨੇ ਆਪਣੇ ਜੰਗਜੂ ਸਿੰਘਾਂ ਨਾਲ ਜ਼ਬਰਦਸਤ ਹੱਲਾ ਬੋਲਿਆ। ਸ਼ਾਹੀ ਦਸਤਾ ਆਪਣੇ ਬਹੁਤੇ ਫੌਜੀ ਮਰਵਾ ਕੇ ਸ਼ਾਹੀ ਖਜ਼ਾਨਾ, ਘੋੜੇ, ਹਥਿਆਰ ਸੁੱਟ ਕੇ ਤਿੱਤਰ ਹੋ ਗਿਆ। ਬੰਦਾ ਸਿੰਘ ਨੇ ਸਾਰਾ ਮਾਲ ਆਪਣੇ ਸਿੱਖਾਂ ਵਿੱਚ ਵੰਡ ਕੇ ਹਥਿਆਰਾਂ ਤੇ ਘੋੜਿਆਂ ਨਾਲ ਆਪਣੀ ਸ਼ਕਤੀ ਨੂੰ ਮਜ਼ਬੂਤ ਕੀਤਾ। ਸਿਹਰੀ-ਖੰਡਾ ਦੇ ਮੁਕਾਮ ਦੌਰਾਨ ਬੰਦਾ ਸਿੰਘ ਬਹਾਦੁਰ ਨੇ ਯੁੱਧ ਨੀਤੀ ਦੀ ਪੈਂਤੜੇਬਾਜ਼ੀ ਉਪਰ ਵਿਚਾਰ ਕੀਤੀ। ਬੰਦਾ ਸਿੰਘ ਨੇ ਗੁਰੂ ਸਾਹਿਬ ਵੱਲੋਂ ਲਿਖੇ ਹੁਕਮਨਾਮੇ ਅਤੇ ਆਪਣੇ ਵੱਲੋਂ ਪੰਜਾਬ ਦੇ ਸਿੰਘਾਂ ਵੱਲ ਚਿੱਠੀਆਂ ਭੇਜੀਆਂ, “ਅਸੀਂ ਸਰਹਿੰਦ ਦੇ ਫੌਜਦਾਰ ਵਜ਼ੀਰ ਖਾਂ ਤੇ ਉਸ ਦੇ ਹਮਾਇਤੀਆਂ, ਸਲਾਹਕਾਰਾਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੀਤੇ ਜ਼ੁਲਮਾਂ ਦੀ ਸਜ਼ਾ ਦੇਣ ਲਈ ਆ ਰਹੇ ਹਾਂ। ਜਿਨ੍ਹਾਂ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਵੈਰ ਕਮਾਇਆ ਸੀ, ਉਨ੍ਹਾਂ ਨੂੰ ਵੀ ਸੋਧਿਆ ਜਾਵੇਗਾ ਅਤੇ ਸਭ ਦੁਸ਼ਟਾਂ ਦੀ ਜੜ੍ਹ ਉਖੇੜੀ ਜਾਵੇਗੀ। ਇਸ ਲਈ ਧਰਮਯੁੱਧ ਲਈ ਤਿਆਰ-ਬਰ-ਤਿਆਰ ਹੋ ਕੇ ਮੇਰੇ ਨਾਲ ਆ ਰਲੋ”। ਇਹ ਖਬਰ ਸੁਣਦੇ ਹੀ ਸਿੱਖ ਬਲਦ, ਘਰ ਘਾਟ ਵੇਚ ਕੇ ਹਥਿਆਰ, ਘੋੜੇ ਅਤੇ ਬਾਰੂਦ ਖਰੀਦ ਕੇ ਬੰਦਾ ਸਿੰਘ ਵੱਲ ਤੁਰੰਤ ਚਾਲੇ ਪਾ ਦਿੱਤੇ। ਬੰਦਾ ਸਿੰਘ ਨੇ ਇਹ ਐਲਾਨ-ਨਾਮਾ ਵੀ ਜਾਰੀ ਕੀਤਾ ਜੋ ਲੋਕੀਂ ਜ਼ਾਲਮ ਮੁਗਲਾਂ, ਜ਼ਿੰਮੀਦਾਰਾਂ ਆਦਿ ਤੋਂ ਸਤਾਏ, ਲਿਤਾੜੇ ਜਾ ਰਹੇ ਹਨ, ਉਹ ਵੀ ਖ਼ਾਲਸਾਈ ਝੰਡੇ ਹੇਠ ਇਕੱਤਰ ਹੋ ਜਾਣ। ਇਹ ਐਲਾਨ-ਨਾਮਾ ਸੁਣਦੇ ਸਾਰ ਹੀ ਸਾਰੇ ਧਰਮਾਂ ਦੇ ਲੋਕ ਕਿ ਮੁਸਲਮਾਨ ਤੇ ਕਿ ਹਿੰਦੂ ਇਕੱਠੇ ਹੋ ਕੇ ਨਵੇਂ ਇਨਕਲਾਬ ਦੀ ਉਡੀਕ ਕਰਨ ਲੱਗੇ। ਸਮਾਜ ਦੇ ਲਿਤਾੜੇ ਗਰੀਬ ਲੋਕਾਂ ਦੀ ਢਾਲ ਬਣ ਕੇ ਉਸ ਨੇ ਆਪਣਾ ਕਾਰਜ ਆਰੰਭ ਕੀਤਾ। ਬੰਦਾ ਸਿੰਘ ਨੂੰ ਲੋਕਾਂ ਦੀ ਤਹਿ ਦਿਲੋਂ ਹਮਦਰਦੀ ਪ੍ਰਾਪਤ ਹੋ ਗਈ। ਸਮਾਣਾ, ਬੰਦਾ ਸਿੰਘ ਬਹਾਦੁਰ ਦੇ ਹਮਲੇ ਦੀ ਫ਼ਰਿਸਤ ‘ਤੇ ਪਹਿਲੇ ਨੰਬਰ ‘ਤੇ ਆਉਂਦਾ ਸੀ। ਸਮਾਣਾ ਇੱਕ ਹਿਸਾਬ ਨਾਲ ਪੁੱਖਤਾ ਗੜ੍ਹੀ ਸੀ। ਗੁਰੂ ਤੇਗ ਬਹਾਦੁਰ ਸਾਹਿਬ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਫੌਜਦਾਰ ਜ਼ਾਲਮ ਜਲਾਲ-ਉ-ਦੀਨ ਸਾਸ਼ਲ ਬੇਗ ਤੇ ਬਾਸ਼ਲ ਬੇਗ ਇੱਥੋਂ ਦੇ ਹੀ ਰਹਿਣ ਵਾਲੇ ਸਨ। ਬੰਦਾ ਸਿੰਘ 26 ਨਵੰਬਰ 1709 ਈ. ਨੂੰ ਕਿਲ੍ਹਾ-ਨੁਮਾ ਸਮਾਣੇ ਨੂੰ ਚਾਰ ਪਾਸਿਉਂ ਘੇਰਾ ਪਾ ਲਿਆ। ਇੱਥੇ ਬੜੀ ਘੁਮਸਾਨ ਦੀ ਲੜਾਈ ਹੋਈ। ਸਿੱਖਾਂ ਹੱਥੋਂ ਜਲਾਲ-ਉ-ਦੀਨ, ਸਾਸ਼ਲ ਬੇਗ ਅਤੇ ਬਾਸ਼ਲ ਬੇਗ ਮਾਰੇ ਗਏ। ਸਮਾਣੇ ਵਿੱਚ ਮੁਗਲ ਫੌਜੀ, ਸਯੱਦ ਆਦਿ ਦਸ ਹਜ਼ਾਰ ਦੇ ਕਰੀਬ ਮਾਰੇ ਗਏ। ਇਸ ਜਿੱਤ ਨੇ ਸਿੰਘਾਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਅਤੇ ਬੰਦੇ ਸਿੰਘ ਨੇ ਭਾਈ ਫਤਹਿ ਸਿੰਘ ਨੂੰ ਸਮਾਣੇ ਦਾ ਫੌਜਦਾਰ ਮੁਕੱਰਰ ਕੀਤਾ। ਭਾਵੇਂ ਬਹਾਦਰ ਸ਼ਾਹ ਨੂੰ ਸਿੱਖਾਂ ਦੇ ਵਿਦਰੋਹ ਦੀਆਂ ਖਬਰਾਂ ਨਵੰਬਰ 1709 ਈ. ਤੋਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ ਪਰ ਵਜ਼ੀਰ ਖਾਂ ਦੀ ਚਿੱਠੀ 25 ਫਰਵਰੀ 1710 ਈ. ਨੂੰ ਬਾਦਸ਼ਾਹ ਅੱਗੇ ਪੇਸ਼ ਹੋਈ ਜਿਸ ਵਿੱਚ ਲਿਿਖਆ ਸੀ, “ਕੁੱਤੇ-ਸੁਭਾ ਸਿੱਖਾਂ ਦੇ ਗੁਰੂ (ਬੰਦਾ ਸਿੰਘ) ਨੇ ਆਪਣਾ ਨਾਮ ‘ਬੰਦਾ’ ਰੱਖ ਕੇ ਤੇ ਕੋਈ ਇੱਕ ਲੱਖ ਕੁੱਤੇ-ਸੁਭਾਅ ਸਾਵਾਰਾਂ ਤੇ ਪਿਆਦਾ ਸਿੰਘਾਂ ਨੂੰ ਆਪਣੇ ਨਾਲ ਇਕੱਠੇ ਕਰਕੇ, ਸ਼ੋਰ-ਸ਼ਰਾਬਾ ਤੇ ਫਸਾਦ ਪਾ ਕੇ ਗਰੀਬਾਂ, ਮਸਕੀਨਾਂ, ਸ਼ੈਖਾਂ ਤੇ ਵੱਡੇ ਵੱਡੇ ਸ਼ਯਦਾਂ ਦੇ ਘਰਾਂ ਨੂੰ ਉਜਾੜ ਦਿੱਤਾ ਤੇ ਉਹ ਇਸਲਾਮ ਵਾਲਿਆਂ ਵਿੱਚੋਂ ਕਿਸੇ ਛੋਟੇ-ਵੱਡੇ ਤੇ ਜਵਾਨ ਤੇ ਬੁੱਢੇ ਨੂੰ ਜਿਉਂਦਾ ਨਹੀਂ ਛੱਡਣਾ ਚਾਹੁੰਦਾ ਹੈ। ਐ ਬਾਦਸ਼ਾਹ ਜੇ ਇਸ ਨੂੰ ਸੋਧਣ ਵਿੱਚ ਢਿੱਲ-ਮੱਠ ਹੋਈ ਤਾਂ ਇਸ ਜਹਾਨ ਦੇ ਬਾਦਸ਼ਾਹ ਦੀ ਹਕੂਮਤ ਵਿੱਚ ਆਏ ਦਿਨ ਗੜਬੜ੍ਹ ਪੈਂਦੀ ਰਹੇਗੀ। ਇਹ ਵਕਤ ਮਰਦਾਨਗੀ ਵਿਖਾਉਣ ਦਾ ਹੈ”। ਸਮਾਣੇ ਤੋਂ ਬਾਅਦ ਬੰਦਾ ਸਿੰਘ ਨੇ ਕੈਂਥਲ ‘ਤੇ ਹਮਲਾ ਕੀਤਾ। ਥੋੜੀ ਜਿਹੀ ਲੜਾਈ ਤੋਂ ਬਾਅਦ ਮੁਗਲ ਫੌਜਾਂ ਬੇਸ਼ੁਮਾਰ ਹਥਿਆਰ, ਘੋੜੇ ਅਤੇ ਲਾਸ਼ਾਂ ਛੱਡ ਕੇ ਮੈਦਾਨੇ-ਜੰਗ ‘ਚ ਤਿੱਤਰ ਹੋ ਗਈ। ਫੌਜੀ ਰਣਨੀਤੀ ਤਹਿਤ ਬੰਦਾ ਸਿੰਘ ਨੇ ਸਰਹਿੰਦ ‘ਤੇ ਹਮਲਾ ਕਰਨਾ ਮੁਨਾਸਬ ਨਾ ਸਮਝਿਆ ਕਿਉਂਕਿ ਉਸ ਨੂੰ ਮਾਝੇ, ਮਾਲਵੇ ਤੇ ਦੁਆਬੇ ਤੋਂ ਹਥਿਆਰਬੰਦ ਸਿੰਘਾਂ ਦੀ ਉਡੀਕ ਕਰਨਾ ਚਾਹੁੰਦਾ ਸੀ। ਇਸੇ ਲਈ ਬੰਦਾ ਸਿੰਘ ਨੇ ਸਰਹਿੰਦ ਤੋਂ ਪਹਿਲਾਂ ਘੁੜਾਮ, ਠਸਕਾ, ਸ਼ਾਹਬਾਦ ਤੇ ਮੁਸਤਫਾਬਾਦ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਮੁਸਤਫ਼ਾਬਾਦ ਵਿੱਚ ਗਹਿਗਚ ਲੜਾਈ ਹੋਈ ਜਿਥੇ ਦੋ ਹਜ਼ਾਰ ਫੌਜੀਆਂ ਨੇ ਬੰਦਾ ਸਿੰਘ ਅੱਗੇ ਹਥਿਆਰ ਸੁੱਟ ਕੇ ਹਾਰ ਮੰਨ ਲਈ। ਨਾਰਨੌਲ ਦੇ ਸਥਾਨ ‘ਤੇ ਬੰਦਾ ਸਿੰਘ ਨੇ ਲੋਕਾਂ ਨੂੰ ਲੁਟੇਰਿਆਂ ਤੇ ਡਾਕੂਆਂ ਤੋਂ ਮੁਕਤੀ ਦਿਵਾਈ ਅਤੇ ਕੈਥਲ ਦੇ ਫੌਜਦਾਰ ਨੂੰ ਸਬਕ ਸਿਖਾਇਆ। ਸਮਾਣੇ ਤੋਂ ਬਾਅਦ ਬੰਦਾ ਸਿੰਘ ਨੇ ਕਪੂਰੀ ‘ਤੇ ਹਮਲਾ ਕੀਤਾ। ਉਥੋਂ ਦੇ ਫੌਜਦਾਰ ਕਦਮ-ਉ-ਦੀਨ ਨੂੰ ਮਾਰ ਕੇ ਸਾਰੇ ਸ਼ਹਿਰ ਨੂੰ ਅੱਗ ਲਾ ਦਿੱਤੀ। ਇਸ ਲੜਾਈ ਵਿੱਚ ਬੇਸ਼ੁਮਾਰ ਹਥਿਆਰ, ਖਜ਼ਾਨਾ ਤੇ ਘੋੜੇ ਸਿੰਘਾਂ ਦੇ ਹੱਥ ਆਏ, ਜਿਨ੍ਹਾਂ ਦੀ ਉਨ੍ਹਾਂ ਨੂੰ ਤੁਰੰਤ ਲੋੜ ਸੀ। ਸਢੋਰਾ ਸ਼ਹਿਰ, ਅਮੀਰ ਸ਼ਹਿਰਾਂ ਵਿੱਚ ਸ਼ੁਮਾਰ ਹੁੰਦਾ ਸੀ। ਇਥੋਂ ਦਾ ਫੌਜਦਾਰ ਜ਼ਾਲਮ ਉਸਮਾਨ ਖਾਨ ਰਾਜ ਪ੍ਰਬੰਧਕ ਕਰਕੇ ਸਾਰੇ ਇਲਾਕੇ ਵਿੱਚ ਮੰਨਿਆ ਜਾਂਦਾ ਸੀ।