-ਡਾ. ਗੁਮਟਾਲਾ ਨੂੰ “ਜੀਵਨ ਭਰ ਦੀਆਂ ਪ੍ਰਾਪਤੀਆਂ” ਲਈ ਦਿੱਤਾ ਗਿਆ ਪੁਰਸਕਾਰ ਫਗਵਾੜਾ, 21 ਅਪ੍ਰੈਲ ( ਏ.ਡੀ.ਪੀ. ਨਿਊਜ਼ ) ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਨੇ ਪ੍ਰਸਿੱਧ ਪੰਜਾਬੀ ਲੇਖਕ ਅਤੇ ਕਾਲਮਨਵੀਸ ਡਾ. ਚਰਨਜੀਤ ਸਿੰਘ ਗੁਮਟਾਲਾ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਦਾ ਪੁਰਸਕਾਰ ਪ੍ਰਦਾਨ ਕੀਤਾ। ਐਤਵਾਰ ਨੂੰ ਇਥੇ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਉਹਨਾ ਨੂੰ ਮੰਮੰਟੋ, ਸਨਮਾਨ ਪੱਤਰ ਅਤੇ ਦੁਸ਼ਾਲਾ ਭੇਟ ਕੀਤਾ। 14 ਪੁਸਤਕਾਂ ਅਤੇ 300 ਲੇਖਾਂ ਦੇ ਰਿਚੇਤਾ ਗੁਮਟਾਲਾ ਜੀ ਨੂੰ ਇਹ ਸਨਮਾਨ ਸੀਨੀਅਰ ਪੱਤਰਕਾਰ ਅਤੇ ਲੇਖਕ ਸਤਨਾਮ ਸਿੰਘ ਮਾਣਕ, ਮੰਚ ਪ੍ਰਧਾਨ ਗੁਰਮੀਤ ਸਿੰਘ ਪਲਾਹੀ, ਪ੍ਰੋ. ਜਸਵੰਤ ਸਿੰਘ ਗੰਡਮ, ਗਿਆਨ ਸਿੰਘ, ਡਾ. ਸੁਖਦੇਵ ਸਿੰਘ ਅਤੇ ਦੀਦਾਰ ਸਿੰਘ ਸ਼ੇਤਰਾ ਵੱਲੋਂ ਦਿੱਤਾ ਗਿਆ। ਇਸ ਮੌਕੇ ਪੰਜਾਬ ਦੇ ਹਾਲਾਤ ਸੰਬੰਧੀ ਇੱਕ ਖੁਲ੍ਹਾ ਵਿਚਾਰ-ਵਟਾਂਦਰਾ ਹੋਇਆ। ਇਸ ਵਿੱਚ ਆਪਣੇ ਕੁੰਜੀਵਤ ਸੰਬੋਧਨ ਵਿੱਚ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਪੰਜਾਬ ਸੰਕਟ ਅਸਲ ਵਿੱਚ ਖੇਤੀ ਸੰਕਟ ਦਾ ਹੀ ਵਿਸਥਾਰ ਹੈ । ਉਹਨਾ ਕਿਹਾ ਕਿ ਪਹਿਲਾਂ ਖੇਤੀ ਮਾਡਲ ਵਿਭਿੰਨਤਾ ਵਾਲਾ ਸੀ, ਪਰ ਹੁਣ ਇਸ ਪੁਰਾਣੇ ਮਾਡਲ ਉਤੇ ਪੁਨਰ ਵਿਚਾਰ ਕਰਨ ਦੀ ਲੋੜ ਹੈ। ਉਹਨਾ ਜ਼ੋਰ ਦੇ ਕੇ ਕਿਹਾ ਕਿ ਇਸ ਵੇਲੇ ਪੰਜਾਬ ਤੇ ਦੇਸ਼ ਵਿੱਚ ਸਾਨੂੰ ਇੱਕ ਲੋਕ-ਪੱਖੀ ਅਤੇ ਕੁਦਰਤ ਪੱਖੀ ਵਿਕਾਸ ਮਾਡਲ ਦੀ ਲੋੜ ਹੈ। ਉਹਨਾ ਨੇ ਪੰਜਾਬ ਵਿਚਲੇ ਪਾਣੀ ਦੇ ਗੰਭੀਰ ਸੰਕਟ ਬਾਰੇ ਪੰਜਾਬੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇ ਅਸੀਂ ਇਸ ਵਿੱਚੋਂ ਬਾਹਰ ਨਿਕਲਣ ਦੇ ਫੌਰੀ ਢੰਗ ਤਰੀਕੇ ਨਾ ਅਪਨਾਏ ਤਾਂ ਲੋਕ ਪੀਣ ਵਾਲੇ ਪਾਣੀ ਲਈ ਵੀ ਲੜਾਈਆਂ ਕਰਨਗੇ ਅਤੇ ਇਹ ਨੇੜਲੇ ਭਵਿੱਖ ‘ਚ ਵਾਪਰਨ ਵਾਲਾ ਹੈ। ਉਹਨਾ ਕਿਹਾ ਕਿ ਸ਼ੁੱਧ ਖੁਰਾਕ, ਸ਼ੁੱਧ ਹਵਾ, ਸ਼ੁੱਧ ਪਾਣੀ ਹਰ ਬੰਦੇ ਦੇ ਅਧਿਕਾਰ ਹੈ। ਉਹਨਾ ਨੇ ਕੇਂਦਰ ਨੂੰ ਪੁੱਛਿਆ ਕਿ ਉਹ ਝੋਨੇ ਦੀ ਫ਼ਸਲ ਦੇ ਬਦਲ ਵਜੋਂ ਤੇਲ ਬੀਜਾਂ ਅਤੇ ਦਾਲਾਂ ਉਪਰ ਘੱਟੋ-ਘੱਟ ਸਮਰਥਨ ਕੀਮਤ ਕਿਉਂ ਨਹੀਂ ਦਿੰਦੀ? ਜੇਕਰ ਇਹਨਾ ਤੇ ਸਮਰਥਨ ਮੁੱਲ ਦੇ ਦਿੱਤਾ ਜਾਵੇ ਤਾਂ ਕਿਸਾਨ ਝੋਨੇ ਦੀ ਫ਼ਸਲ ਵਿੱਚੋਂ ਆਪਣੇ ਆਪ ਬਾਹਰ ਨਿਕਲ ਅਵੇਗਾ, ਜਿਸ ਨਾਲ 70% ਪਾਣੀ ਦੀ ਬਚਤ ਹੋਏਗੀ। ਉਹਨਾ ਨੇ ਕਿਹਾ ਕਿ ਇਕੱਲੇ ਸਮਰਥਨ ਮੁੱਲ ਦੀ ਨਹੀਂ, ਇੱਕ ਨਵੀਂ ਖੇਤੀ ਨੀਤੀ ਦੀ ਅਤਿਅੰਤ ਲੋੜ ਹੈ। ਉਹਨਾ ਨੇ ਖੇਤ ਅਧਾਰਤ ਸਨੱਅਤਾਂ ਅਤੇ ਪ੍ਰੋਸੈਸਿੰਗ ਇਕਾਈਆਂ ਦੀ ਸਥਾਪਨਾ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪਹਿਲੀ ਜੂਨ ਤੋਂ ਝੋਨਾ ਲਾਉਣਾ ਪਾਣੀ ਦੇ ਸੰਕਟ ਨੂੰ ਡਰਾਉਣੀ ਹੱਦ ਤੱਕ ਵਧਾਉਣ ਬਰੋਬਰ ਹੈ। ਉਹਨਾ ਨੇ ਇਹ ਮਿਤੀ 15 ਤੋਂ 20 ਜੂਨ ਕਰਨ ਦਾ ਸਮਰਥਨ ਕੀਤਾ। ਰਾਸ਼ਟਰੀ ਪੱਧਰ ਉਪਰ ਉਹਨਾ ਧਰਮ ਅਧਾਰਤ ਹਿੰਦੂ ਸਟੇਟ ਸਥਾਪਤ ਕਰਨ ਦੀਆਂ ਨੀਤੀਆਂ ਦਾ ਵਿਰੋਧ ਕਰਦਿਆਂ ਧਰਮ ਨਿਰਪੱਖ, ਸੰਘੀ, ਲੋਕਤੰਤਰਿਕ, ਸੰਵਿਧਾਨਿਕ ਪ੍ਰਣਾਲੀ ਦਾ ਸਮਰਥਨ ਕੀਤਾ। ਉਹਨਾ ਕਿਹਾ ਕਿ ਹੁਣ ਤਾਂ ਸ਼ਿਵ ਸੈਨਾ ਦਾ ਸੀਨੀਅਰ ਨੇਤਾ ਸੰਜੈ ਰਾਓਤ ਵੀ ਇਹ ਕਹਿਣ ਲੱਗ ਪਿਆ ਹੈ ਕਿ ਭਾਰਤ ਨੂੰ ਹਿੰਦੂ ਪਾਕਿਸਤਾਨ ਬਣਾਇਆ ਜਾ ਰਿਹਾ ਹੈ। ਉਹਨਾ ਕਿਹਾ ਕਿ ਜੋ ਸੱਚ ਨਹੀਂ ਹੈ ਉਸਨੂੰ ਸੱਚ ਬਣਾਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਸਿੱਧ ਸਮਾਜਿਕ ਵਿਗਿਆਨੀ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਪਹਿਲੀ ਜੂਨ ਤੋਂ ਝੋਨਾ ਲਗਵਾਉਣਾ ਆਤਮਘਾਤੀ ਹੈ। ਉਹਨਾ ਨੇ ਵੀ 15 ਜੂਨ ਤੋਂ ਝੋਨਾ ਲਾਏ ਜਾਣ ਦੀ ਵਕਾਲਤ ਕੀਤੀ। ਪੰਜਾਬ ਵਿੱਚ ਮੁਫ਼ਤਖੋਰੀ ਦੀ ਸਿਆਸੀ ਨੀਤੀ ਦੀ ਅਲੋਚਨਾ ਕਰਦਿਆਂ ਉਹਨਾ ਕਿਹਾ ਕਿ ਸਬਸਿਡੀਆਂ ਸਿਰਫ਼ ਲੋੜਬੰਦਾਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਸਮੇਂ ਪ੍ਰੋ. ਜਸਵੰਤ ਸਿੰਘ ਗੰਡਮ ਨੇ ਫਾਸ਼ੀਵਾਦੀ ਤਾਕਤਾਂ ਵਿਰੁੱਧ ਸੰਘਰਸ਼ਸ਼ੀਲ ਜਮਾਤਾਂ ਨੂੰ ਲਾਮਬੰਦ ਅਤੇ ਇੱਕਮੁੱਠ ਹੋਣਾ ਦਾ ਸੱਦਾ ਦਿੱਤਾ । ਸਨਮਾਨ ਸੰਬੋਧਨ ਵਿੱਚ ਡਾਕਟਰ ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ‘ਚ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਲਾਇਬ੍ਰੇਰੀਆਂ ਖੋਹਲਣ ਉਪਰ ਜ਼ੋਰ ਦਿੱਤਾ। ਵਿਚਾਰ ਚਰਚਾ ਵਿੱਚ ਦੀਦਾਰ ਸਿੰਘ ਸ਼ੇਤਰਾ, ਸੁਖਦੇਵ ਮਾਧੋਪੁਰੀਮ ਮਾਸਟਰ ਸੁਖਦੇਵ ਸਿੰਘ, ਕਮਲੇਸ਼ ਸੰਧੂ, ਦਰਸ਼ਨ ਸਿੰਘ ਰਿਆੜ, ਗੁਰਵਿੰਦਰ ਮਾਣਕ, ਗਿਆਨ ਸਿੰਘ, ਰਵਿੰਦਰ ਚੋਟ, ਪ੍ਰਿੰ. ਗੁਰਮੀਤ ਸਿੰਘ ਪਲਾਹੀ , ਪ੍ਰਿੰ. ਇੰਦਰਜੀਤ ਸਿੰਘ ਬਾਸੂ ਨੇ ਹਿੱਸਾ ਲਿਆ। ਇਸ ਸਮੇਂ ਡਾ. ਸੁਖਦੇਵ ਸਿੰਘ ਦੀ ਪੁਸਤਕ “ਪੰਜਾਬ , ਸਮਾਜਿਕ, ਆਰਥਿਕ, ਸਭਿਆਚਰਾਕ ਬਦਲਾਅ ਤੇ ਰੋਝਾਨ” ਅਤੇ ਜਸਬੀਰ ਕੌਰ ਦੀ ਪੁਸਤਕ “ਯਾਦਗਾਰੀ ਪਿੰਡ” ਅਤੇ ਪਰਵਿੰਦਰਜੀਤ ਸਿੰਘ ਵੱਲੋਂ ਬਣਾਈ ਵੈਬਸਾਈਟ “ਸਿੱਖ ਪਲੇਸਿਜ਼” ਦਾ ਲੋਕ ਅਰਪਨ ਕੀਤਾ ਗਿਆ। ਡਾ. ਚਰਨਜੀਤ ਸਿੰਘ ਗੁਮਟਾਲਾ ਦਾ ਸਨਮਾਨ ਪੱਤਰ ਦੀਦਾਰ ਸਿੰਘ ਸ਼ੇਤਰਾ ਨੇ ਪੜ੍ਹਿਆ। ਸਟੇਜ ਸਕੱਤਰ ਦੀ ਭੂਮਿਕਾ ਰਵਿੰਦਰ ਚੋਟ ਨੇ ਬਾ-ਖ਼ੂਬੀ ਨਿਭਾਈ ਇਸ ਸਮੇਂ ਪੱਤਰਕਾਰ ਟੀ.ਡੀ. ਚਾਵਲਾ, ਪਰਮਜੀਤ ਸਿੰਘ ਨਿੱਕੇ ਘੁੰਮਣ, ਰਕੇਸ਼ ਸ਼ਾਂਤੀ ਦੂਤ, ਪਰਵਿੰਦਰਜੀਤ ਸਿੰਘ, ਬਲਦੇਵ ਰਾਜ ਕੋਮਲ, ਕਰਮਜੀਤ ਸਿੰਘ ਸੰਧੂ, ਜਸਵਿੰਦਰ ਕੌਰ ਫਗਵਾੜਾ, ਗੁਰਬਿੰਦਰ ਸਿੰਘ ਮਾਣਕ, ਸੋਹਣ ਸਹਿਜਲ, ਐਡਵੋਕੇਟ ਪ੍ਰਿੰ. ਪਵਨਦੀਪ ਕੌਰ, ਮੈਡਮ ਚਰਨਜੀਤ ਕੌਰ, ਉਰਮਨਜੀਤ ਸਿੰਘ, ਅਸ਼ੋਕ ਸ਼ਰਮਾ ਪੱਤਰਕਾਰ, ਸੁਖਦੇਵ ਗੰਡਮਾ, ਬਲਵੀਰ ਕੌਰ, ਬੱਬੂ ਸੈਣੀ, ਹਰਜਿੰਦਰ ਸਿੰਘ ਨਿਆਣਾ, ਸੀਤਲ ਬੰਗਾ, ਗੁਰਮੀਤ ਰੱਤੂ, ਦਵਿੰਦਰ ਜੱਸਲ, ਸੋਹਣ ਸਹਿਜਲ ਅਤੇ ਸਾਹਿਬਾ ਜੀਟਨ ਕੌਰ ਅਤੇ ਬਹੁਤ ਸਾਰੇ ਲੇਖਕ ਸਰੋਤੇ ਹਾਜ਼ਰ ਸਨ।