April 21, 2025

ਟਰੰਪ ਤੋਂ ਸਤਿਆਂ ਵੱਲੋਂ ਅਮਰੀਕਾ-ਭਰ ’ਚ ਵਿਖਾਵੇ

ਨਿਊਯਾਰਕ, 21 ਅਪ੍ਰੈਲ – ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਤੋਂ ਗੁੱਸੇ ਲੱਖਾਂ ਅਮਰੀਕੀਆਂ ਨੇ ਸ਼ਨਿੱਚਰਵਾਰ ਦੇਸ਼-ਭਰ ਵਿੱਚ ਵਿਖਾਵੇ ਕੀਤੇ। ਉਨ੍ਹਾਂ ਟਰੰਪ ਨੂੰ ਹਟਾਉਣ ਅਤੇ ਲੋਕਤੰਤਰ ਨੂੰ ਬਚਾਉਣ ਦੇ ਹੱਕ ਵਿੱਚ ਨਾਅਰੇ ਲਾਏ। ਉਨ੍ਹਾਂ ਦੋਸ਼ ਲਾਇਆ ਕਿ ਟਰੰਪ ਅਮਰੀਕਾ ਨੂੰ ਪੁਲਸ ਰਾਜ ਬਣਾਉਣ ਵਿੱਚ ਲੱਗਾ ਹੋਇਆ ਹੈ ਤੇ ਦੇਸ਼ ਦੇ ਜਮਹੂਰੀ ਆਦਰਸ਼ਾਂ ਲਈ ਖਤਰਾ ਹੈ। ਵਿਖਾਵਾਕਾਰੀਆਂ ਨੇ ਪ੍ਰਵਾਸੀਆਂ ਨੂੰ ਕੱਢਣ ਅਤੇ ਫਲਸਤੀਨੀਆਂ ’ਤੇ ਜ਼ੁਲਮ ਢਾਹ ਰਹੇ ਇਜ਼ਰਾਈਲ ਦੀ ਹਮਾਇਤ ਦੀਆਂ ਟਰੰਪ ਦੀਆਂ ਨੀਤੀਆਂ ਦਾ ਵੀ ਵਿਰੋਧ ਕੀਤਾ। ਉਨ੍ਹਾਂ ਫਲਸਤੀਨ ਦੀ ਆਜ਼ਾਦੀ ਦੇ ਹੱਕ ਵਿੱਚ ਨਾਅਰੇ ਲਾਏ ਤੇ ਗਾਜ਼ਾ ਵਿੱਚ ਇਜ਼ਰਾਈਲੀ ਹਮਲਿਆਂ ਨਾਲ ਮਾਰੇ ਜਾਣ ਵਾਲਿਆਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਵਿਖਾਵਾਕਾਰੀਆਂ ਨੇ ਰਾਸ਼ਟਰਪਤੀ ਦੇ ਘਰ ਵ੍ਹਾਈਟ ਹਾਊਸ ਦਾ ਵੀ ਘਿਰਾਓ ਕੀਤਾ। ਇਸ ਅੰਦੋਲਨ ਦਾ ਨਾਂਅ 50 50 1 ਦਿੱਤਾ ਗਿਆ ਸੀ, ਜਿਸਦਾ ਮਤਲਬ ਸੀ50 ਰਾਜ, 50 ਵਿਖਾਵੇ, 1 ਅੰਦੋਲਨ। ਸੀ ਐੱਨ ਐੱਨ ਨਿਊਜ਼ ਚੈਨਲ ਮੁਤਾਬਕ 50 ਰਾਜਾਂ ਵਿੱਚ 1400 ਤੋਂ ਵੱਧ ਰੈਲੀਆਂ ’ਚ ਲੱਖਾਂ ਲੋਕਾਂ ਨੇ ਹਿੱਸਾ ਲਿਆ। ਇਸਤੋਂ ਪਹਿਲਾਂ ਪੰਜ ਅਪ੍ਰੈਲ ਨੂੰ ਵੀ ਟਰੰਪ ਤੇ ਉਸਦੇ ਖਾਸਮ-ਖਾਸ ਖਰਬਾਂਪਤੀ ਐਲਨ ਮਸਕ ਖਿਲਾਫ ਦੇਸ਼-ਭਰ ’ਚ ਵਿਖਾਵੇ ਹੋਏ ਸਨ। ਡੇਨਵਰ ਵਿੱਚ, ਸੈਂਕੜੇ ਵਿਖਾਵਾਕਾਰੀ ਕੋਲੋਰਾਡੋ ਸਟੇਟ ਕੈਪੀਟਲ ਵਿੱਚ ਇਕੱਠੇ ਹੋਏ ਅਤੇ ਪ੍ਰਵਾਸੀਆਂ ਨਾਲ ਏਕਤਾ ਦਾ ਪ੍ਰਗਟਾਵਾ ਕੀਤਾ। ਕੁਝ ਲੋਕਾਂ ਨੇ ਅਮਰੀਕੀ ਝੰਡਾ ਲਹਿਰਾਇਆ, ਜਦੋਂ ਕਿ ਕੁਝ ਲੋਕਾਂ ਨੇ ਇਸਨੂੰ ਉਲਟਾ ਕਰਕੇ ਦਿਖਾਇਆ ਕਿ ਦੇਸ਼ ਸੰਕਟ ਦੀ ਘੜੀ ਵਿੱਚੋਂ ਗੁਜ਼ਰ ਰਿਹਾ ਹੈ। ਪੋਰਟਲੈਂਡ, ਓਰੇਗਨ ਵਿੱਚ ਹਜ਼ਾਰਾਂ ਲੋਕਾਂ ਨੇ ਮਾਰਚ ਕੀਤਾ। ਸ਼ਿਕਾਗੋ, ਸਾਂ ਫਰਾਂਸਿਸਕੋ, ਮੈਨਹਟਨ ਤੇ ਅਲਾਸਕਾ ਵਿੱਚ ਵੀ ਵਿਖਾਵੇ ਹੋਏ। ਕੁਝ ਥਾਵਾਂ ’ਤੇ, ਲੋਕਾਂ ਨੇ ਟੈਸਲਾ ਕਾਰ ਦੇ ਡੀਲਰਾਂ ਦੇ ਸਾਹਮਣੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ। ਟੈਸਲਾ ਦਾ ਮਾਲਕ ਐਲਨ ਮਸਕ ਟਰੰਪ ਦਾ ਕਰੀਬੀ ਹੈ। ਟਰੰਪ ਨੇ ਉਸਨੂੰ ਸਰਕਾਰੀ ਕੁਸ਼ਲਤਾ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਹੈ। ਮਸਕ ਦੇ ਹੁਕਮਾਂ ’ਤੇ ਕਈ ਵਿਭਾਗਾਂ ਵਿੱਚ ਛਾਂਟੀ ਕੀਤੀ ਗਈ। ਇਸ ਕਰਕੇ, ਅਮਰੀਕਾ ਦੇ ਲੋਕ ਮਸਕ ਤੋਂ ਵੀ ਨਾਰਾਜ਼ ਹਨ। ਨਿਊਯਾਰਕ ਵਿੱਚ, ਮੁੱਖ ਲਾਇਬ੍ਰੇਰੀ ਦੇ ਬਾਹਰ ਲੋਕਾਂ ਦੀ ਭੀੜ ਹੱਥਾਂ ਵਿੱਚ ਤਖਤੀਆਂ ਲੈ ਕੇ ਇਕੱਠੀ ਹੋਈ। ਇਨ੍ਹਾਂ ਤਖਤੀਆਂ ’ਤੇ ‘ਜਗੀਰੂ ਰਾਜ ਖਤਮ ਹੋ ਚੁੱਕਾ ਹੈ’, ‘ਅਮਰੀਕਾ ਵਿੱਚ ਕੋਈ ਰਾਜਾ ਨਹੀਂ’, ‘ਜ਼ਾਲਮ ਦਾ ਵਿਰੋਧ ਕਰੋ’ ‘ਨਫਰਤ ਨਾਲ ਰਾਸ਼ਟਰ ਕਦੇ ਮਹਾਨ ਨਹੀਂ ਬਣਦਾ’ ਅਤੇ ‘ਸਾਰਿਆਂ ਲਈ ਬਰਾਬਰ ਹੱਕਾਂ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਲਈ ਘੱਟ ਹੱਕ’ ਲਿਖਿਆ ਹੋਇਆ ਸੀ। ਕੌਨਕੌਰਡ ਦੇ ਵਿਖਾਵੇ ਦੌਰਾਨ ਬੋਸਟਨ ਵਾਸੀ ਜਾਰਜ ਬ੍ਰਾਇੰਟ ਨੇ ਕਿਹਾ ਕਿ ਟਰੰਪ ਪੁਲਸ ਰਾਜ ਕਾਇਮ ਕਰ ਰਿਹਾ ਹੈ। ਉਹ ਅਦਾਲਤਾਂ ਦੀ ਤੌਹੀਨ ਕਰ ਰਿਹਾ ਹੈ। ਉਹ ਵਿਦਿਆਰਥੀਆਂ ਨੂੰ ਚੁੱਕ ਰਿਹਾ ਹੈ। ਇਹ ਫਾਸ਼ੀਵਾਦ ਹੈ। ਉਸਨੇ ਜਿਹੜੀ ਤਖਤੀ ਫੜੀ ਹੋਈ ਸੀ, ਉਸ ਉੱਤੇ ਲਿਖਿਆ ਸੀ‘ਟਰੰਪ ਦੇ ਫਾਸ਼ੀਵਾਦੀ ਸ਼ਾਸਨ ਨੂੰ ਹੁਣ ਜਾਣਾ ਚਾਹੀਦਾ ਹੈ। ਬੋਸਟਨ ਦੀ ਰੈਲੀ ਵਿੱਚ ਆਪਣੀ ਪਤਨੀ, ਧੀ ਤੇ ਦੋ ਦੋਹਤਿਆਂ ਨਾਲ ਹਿੱਸਾ ਲੈਣ ਵਾਲੇ 80 ਸਾਲਾ ਰਿਟਾਇਰਡ ਮਿਸਤਰੀ ਥਾਮਸ ਬੈਸਫੋਰਡ ਨੇ ਕਿਹਾ, ‘‘ਇਹ ਅਮਰੀਕਾ ’ਚ ਸੁਤੰਤਰਤਾ ਲਈ ਸੰਕਟ ਦੀ ਘੜੀ ਹੈ। ਅਮਰੀਕੀ ਆਪਣੀ ਹੀ ਸਰਕਾਰ ਦੇ ਹਮਲੇ ਹੇਠ ਹਨ ਤੇ ਇਸ ਵਿਰੁੱਧ ਇਕੱਠੇ ਹੋ ਕੇ ਖੜ੍ਹਨ ਦੀ ਲੋੜ ਹੈ।’’ ਉਸਨੇ ਇਹ ਵੀ ਕਿਹਾ ਕਿ ਉਹ ਬੱਚਿਆਂ ਨੂੰ ਇਸ ਕਰਕੇ ਨਾਲ ਲੈ ਕੇ ਆਇਆ ਕਿ ਉਹ ਜਾਣ ਸਕਣ ਕਿ ਕਦੇ-ਕਦੇ ਆਜ਼ਾਦੀ ਲਈ ਲੜਨਾ ਪੈਂਦਾ ਹੈ।

ਟਰੰਪ ਤੋਂ ਸਤਿਆਂ ਵੱਲੋਂ ਅਮਰੀਕਾ-ਭਰ ’ਚ ਵਿਖਾਵੇ Read More »

ਗਾਜ਼ਾ ਦੀ ਵੀਰਾਂਗਣਾ ਫਾਤਿਮਾ ਹਸੋਨਾ

ਨਵੀਂ ਦਿੱਲੀ, 21 ਅਪ੍ਰੈਲ -ਡੇਢ ਸਾਲ ਤੱਕ ਗਾਜ਼ਾ ਦੀ ਜੰਗ ਦੇ ਹਰ ਦ੍ਰਿਸ਼ ਨੂੰ ਆਪਣੇ ਕੈਮਰੇ ਨਾਲ ਕੈਦ ਕਰਨ ਵਾਲੀ 25 ਸਾਲਾ ਫੋਟੋ ਪੱਤਰਕਾਰ ਫਾਤਿਮਾ ਹਸੋਨਾ ਹਵਾਈ ਹਮਲੇ ਵਿੱਚ ਮਾਰੀ ਗਈ। ਇਸ ਹਮਲੇ ‘ਚ ਫਾਤਿਮਾ ਦੇ ਨਾਲ ਉਸ ਦੇ 10 ਰਿਸ਼ਤੇਦਾਰਾਂ ਦੀ ਵੀ ਮੌਤ ਹੋ ਗਈ ਸੀ। ਫਾਤਿਮਾ ਕਿਹੋ ਜਿਹੀ ਮੌਤ ਚਾਹੁੰਦੀ ਸੀ? ਫਾਤਿਮਾ ਨੇ ਇੱਕ ਵਾਰ ਸੋਸ਼ਲ ਮੀਡੀਆ ‘ਤੇ ਲਿਖਿਆ ਸੀ, “ਜੇ ਮੈਂ ਮਰ ਜਾਂਦੀ ਹਾਂ, ਤਾਂ ਮੈਂ ਇੱਕ ਸ਼ਾਨਦਾਰ ਮੌਤ ਚਾਹੁੰਦੀ ਹਾਂ। ਮੈਂ ਸਿਰਫ਼ ਬ੍ਰੇਕਿੰਗ ਨਿਊਜ਼ ਜਾਂ ਇੱਕ ਸਮੂਹ ਵਿੱਚ ਇੱਕ ਨੰਬਰ ਨਹੀਂ ਬਣਨਾ ਚਾਹੁੰਦੀ। ਮੈਂ ਇੱਕ ਅਜਿਹੀ ਮੌਤ ਚਾਹੁੰਦੀ ਹਾਂ ਜੋ ਦੁਨੀਆ ਸੁਣ ਸਕੇ, ਇੱਕ ਅਜਿਹਾ ਪ੍ਰਭਾਵ ਜੋ ਸਮੇਂ ਅਤੇ ਸਥਾਨ ਦੁਆਰਾ ਦਫ਼ਨਾਇਆ ਨਾ ਜਾ ਸਕੇ। ਉਸ ਨੇ ਅਜਿਹੀ ਇੱਛਾ ਤਾਂ ਹੀ ਜ਼ਾਹਰ ਕੀਤੀ ਸੀ ਪਰ ਉਸ ਦੀ ਇੱਛਾ ਦਾ ਬਹੁਤ ਹੀ ਦਰਦਨਾਕ ਪਹਿਲੂ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਉੱਤਰੀ ਗਾਜ਼ਾ ਵਿਚ ਉਸ ਦੇ ਘਰ ‘ਤੇ ਇਜ਼ਰਾਈਲੀ ਹਵਾਈ ਹਮਲਾ ਹੋਇਆ। ਫਾਤਿਮਾ ਦਾ ਵੀ ਕੁਝ ਦਿਨਾਂ ‘ਚ ਵਿਆਹ ਹੋਣ ਵਾਲਾ ਸੀ। ਇਸ ਹਵਾਈ ਹਮਲੇ ਵਿਚ ਫਾਤਿਮਾ ਅਤੇ ਉਸ ਦੀ ਗਰਭਵਤੀ ਭੈਣ ਸਮੇਤ ਉਸ ਦੇ ਪਰਿਵਾਰ ਦੇ ਦਸ ਮੈਂਬਰਾਂ ਦੀ ਵੀ ਮੌਤ ਹੋ ਗਈ ਸੀ। ਫਾਤਿਮਾ ਦੀ ਜ਼ਿੰਦਗੀ ‘ਤੇ ਆਧਾਰਿਤ ਫਿਲਮ ਦਾ ਪ੍ਰੀਮੀਅਰ ਹੋਣ ਵਾਲਾ ਸੀ ਇਸ ਹਮਲੇ ਦੇ ਬਾਰੇ ‘ਚ ਇਜ਼ਰਾਇਲੀ ਫੌਜ ਨੇ ਕਿਹਾ ਕਿ ਇਜ਼ਰਾਈਲੀ ਫੌਜੀਆਂ ਅਤੇ ਨਾਗਰਿਕਾਂ ‘ਤੇ ਹਮਲਿਆਂ ‘ਚ ਸ਼ਾਮਲ ਹਮਾਸ ਦੇ ਇਕ ਮੈਂਬਰ ਨੂੰ ਹਮਲੇ ‘ਚ ਨਿਸ਼ਾਨਾ ਬਣਾਇਆ ਗਿਆ ਸੀ। ਫਾਤਿਮਾ ਦੀ ਮੌਤ ਤੋਂ 24 ਘੰਟੇ ਪਹਿਲਾਂ ਇੱਕ ਐਲਾਨ ਕੀਤਾ ਗਿਆ ਸੀ ਕਿ ਇਜ਼ਰਾਈਲੀ ਹਮਲੇ ਦੌਰਾਨ ਗਾਜ਼ਾ ਵਿੱਚ ਫਾਤਿਮਾ ਹਸੋਨਾ ਦੇ ਜੀਵਨ ਬਾਰੇ ਇੱਕ ਫਿਲਮ ਕਾਨਸ ਦੇ ਨਾਲ ਇੱਕ ਫ੍ਰੈਂਚ ਸੁਤੰਤਰ ਫਿਲਮ ਫੈਸਟੀਵਲ ਵਿੱਚ ਪ੍ਰੀਮੀਅਰ ਕਰੇਗੀ। ਇਜ਼ਰਾਈਲ-ਗਾਜ਼ਾ ਯੁੱਧ ਗਾਜ਼ਾ ਦੇ ਸਿਹਤ ਮੰਤਰਾਲੇ ਅਨੁਸਾਰ, 7 ਅਕਤੂਬਰ ਦੇ ਹਮਲੇ ਤੋਂ ਬਾਅਦ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 51,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਪੀੜਤਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਮਾਰਚ ਵਿੱਚ ਜੰਗਬੰਦੀ ਟੁੱਟਣ ਤੋਂ ਬਾਅਦ ਇਜ਼ਰਾਈਲ ਨੇ ਮੁੜ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ, ਜਿਸ ਵਿੱਚ ਸ਼ੁੱਕਰਵਾਰ ਨੂੰ ਹਮਲਾ ਵੀ ਸ਼ਾਮਲ ਹੈ।

ਗਾਜ਼ਾ ਦੀ ਵੀਰਾਂਗਣਾ ਫਾਤਿਮਾ ਹਸੋਨਾ Read More »

ਰਾਮਬਨ ’ਚ ਬੱਦਲ ਫਟਣ ਕਾਰਨ 3 ਮੌਤਾਂ

ਰਾਮਬਨ, 21 ਅਪ੍ਰੈਲ – ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਧਰਮਕੁੰਡ ਇਲਾਕੇ ਵਿੱਚ ਐਤਵਾਰ ਸਵੇਰੇ ਅਚਾਨਕ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ। ਇਸ ਕੁਦਰਤੀ ਆਫ਼ਤ ਵਿੱਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰੀ ਮੀਂਹ ਕਾਰਨ ਨਾਲੇ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਗਿਆ ਅਤੇ ਪਾਣੀ ਆਲੇ-ਦੁਆਲੇ ਦੇ ਪਿੰਡਾਂ ਵਿੱਚ ਦਾਖਲ ਹੋ ਗਿਆ। ਇਸ ਵੇਲੇ ਸ੍ਰੀਨਗਰ ਹਾਈਵੇਅ ਬੰਦ ਕਰ ਦਿੱਤਾ ਗਿਆ ਹੈ। ਰਾਮਬਨ ਵਿੱਚ ਪਿਛਲੇ 24 ਘੰਟਿਆਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੂਰੇ ਇਲਾਕੇ ਵਿੱਚ ਹਫੜਾ-ਦਫੜੀ ਵਾਲਾ ਮਾਹੌਲ ਹੈ। ਜ਼ਮੀਨ ਖਿਸਕਣ ਕਾਰਨ ਸਮੱਸਿਆਵਾਂ ਵੀ ਵਧ ਗਈਆਂ ਹਨ। ਧਰਮਕੁੰਡ ਪਿੰਡ ਨੇੜੇ ਚਨਾਬ ਪੁਲ ਨੇੜੇ ਆਏ ਹੜ੍ਹ ਕਾਰਨ 100 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, ਜਦੋਂ ਕਿ 25-30 ਘਰਾਂ ਨੂੰ ਅੰਸ਼ਕ ਤੌਰ ‘ਤੇ ਨੁਕਸਾਨ ਪਹੁੰਚਿਆ ਹੈ। ਤੇਜ਼ ਵਹਾਅ ਕਾਰਨ ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚ ਫਸ ਗਏ। ਪ੍ਰਸ਼ਾਸਨ ਅਤੇ ਬਚਾਅ ਟੀਮਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ, ਜਿਸ ਵਿੱਚ ਹੁਣ ਤੱਕ 90 ਤੋਂ 100 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਬਚਾਅ ਕਾਰਜ ਅਜੇ ਵੀ ਜਾਰੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਵੱਲ ਧਿਆਨ ਨਾ ਦੇਣ ਅਤੇ ਅਧਿਕਾਰਤ ਜਾਣਕਾਰੀ ਦੀ ਪਾਲਣਾ ਕਰਨ। ਇਲਾਕੇ ਵਿੱਚ ਅਜੇ ਵੀ ਭਾਰੀ ਬਾਰਿਸ਼ ਜਾਰੀ ਹੈ, ਜਿਸ ਕਾਰਨ ਸਥਿਤੀ ਹੋਰ ਵਿਗੜਨ ਦੀ ਸੰਭਾਵਨਾ ਹੈ।

ਰਾਮਬਨ ’ਚ ਬੱਦਲ ਫਟਣ ਕਾਰਨ 3 ਮੌਤਾਂ Read More »

ਬੁੱਧ ਬਾਣ/ਭਗਵੰਤ ਸਰਕਾਰ ਅਧਿਆਪਕਾਂ ਨੂੰ ਪੱਕੇ ਕਰਦੀ ਹੋਈ/ਬੁੱਧ ਸਿੰਘ ਨੀਲੋਂ

*ਠੋਕਰਾਂ ਖਾਣ ਦੇ ਫਾਇਦੇ ਜ਼ਿੰਦਗੀ ਦੇ ਵਿੱਚ ਕੋਈ ਰਸਤਾ ਸਿੱਧਾ ਮੰਜ਼ਿਲ ਵੱਲ ਨਹੀਂ ਜਾਂਦਾ। ਹਰ ਰਸਤੇ ਦੇ ਵਿੱਚ ਬੜੇ ਟੋਏ ਤੇ ਪਹਾੜ ਹੁੰਦੇ ਹਨ। ਇਹਨਾਂ ਨੂੰ ਪਾਰ ਕਰਨ ਦੇ ਲਈ ਹਿੰਮਤ, ਹੌਸਲਾ, ਸਬਰ, ਸੰਤੋਖ, ਨਿਮਰਤਾ, ਸਾਦਗੀ, ਹਲੀਮੀ ਤੇ ਲਗਨ ਦੀ ਲੋੜ ਹੁੰਦੀ ਹੈ। ਇਸ ਦੇ ਵਿੱਚ ਕੋਈ ਵੀ ਰਸਤਾ ਵਿੱਚ ਵਿਚਾਲੇ ਦਾ ਨਹੀਂ ਹੁੰਦਾ। ਇਹ ਤਾਂ ਕੱਛੂਕੁੰਮੇ ਤੇ ਸਹੇ ਦੌੜ ਵਰਗਾ ਹੁੰਦਾ ਹੈ। ਅਸੀਂ ਕੱਛੂਕੁੰਮੇ ਘੱਟ ਤੇ ਸਹੇ ਵਧੇਰੇ ਹਾਂ। ਅਸੀਂ ਦਿਮਾਗ ਤੋਂ ਕੰਮ ਘੱਟ ਤੇ ਦਿਲ ਤੋਂ ਵਧੇਰੇ ਕੰਮ ਲੈਂਦੇ ਹਾਂ। ਇਸੇ ਕਰਕੇ ਅਸੀਂ ਠੋਕਰਾਂ ਖਾ ਕੇ ਵੀ ਸਮਝਦੇ ਨਹੀਂ। ਉਂਝ ਸਮਝਣ ਲਈ ਗਿਆਨ ਹਾਸਲ ਕਰਨ ਲਈ ਅਧਿਐਨ ਕਰਨ ਦੀ ਲੋੜ ਹੁੰਦੀ ਹੈ। ਗਿਆਨ ਸਾਨੂੰ ਪੜ੍ਹ ਤੇ ਸੁਣ ਕੇ ਹੀ ਮਿਲਦਾ ਹੈ। ਅਸੀਂ ਇਹਨਾਂ ਦੋਹਾਂ ਤਰੀਕਿਆਂ ਨੂੰ ਵਿਸਾਰ ਕੇ ਬੋਲਣ ਉਤੇ ਜ਼ੋਰ ਦਿੱਤਾ ਹੋਇਆ ਹੈ। ਇਸੇ ਕਰਕੇ ਚਾਰੇ ਪਾਸੇ ਕਾਵਾਂ ਰੌਲੀ ਪਈ ਹੋਈ ਹੈ। ਅੰਨ੍ਹੇ ਨੂੰ ਬੋਲ਼ਾ ਧੂੰਈ ਫ਼ਿਰਦਾ ਹੈ। ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਕ, ਭਾਸ਼ਾ ਤੇ ਬੋਲੀ ਦੀ ਕਾਣੀ ਵੰਡ ਨੇ ਸਮਾਜ ਨੂੰ ਵਰਨਾਂ, ਜਾਤਾਂ ਤੇ ਫ਼ਿਰਕਿਆਂ ਵਿੱਚ ਵੰਡ ਦਿੱਤਾ ਹੈ। ਅਸੀਂ ਆਪਣੇ ਦੁਸ਼ਮਣ ਨਾਲ ਘੱਟ ਤੇ ਆਪਣਿਆਂ ਨਾਲ ਵਧੇਰੇ ਲੜਾਈਆਂ ਲੜਦੇ ਹਾਂ। ਸਾਡੀ ਬਹੁਤੀ ਤਾਕਤ ਇਸੇ ਲਈ ਖ਼ਾਰਜ ਹੁੰਦੀ ਹੈ। ਸਾਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਿਆਂ ਕਰਨ ਲਈ ਲੜਨ ਮਰਨ ਦੀਆਂ ਗੱਲਾਂ ਸਿਖਾਈਆਂ ਜਾ ਰਹੀਆਂ ਹਨ। ਸਾਨੂੰ ਬੁਨਿਆਦੀ ਸੁੱਖ ਸਹੂਲਤਾਂ ਤੋਂ ਵਿਰਵੇ ਕੀਤਾ ਹੋਇਆ ਹੈ। ਸਾਨੂੰ ਹਰ ਤਰ੍ਹਾਂ ਦੀਆਂ ਠੋਕਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਇਹਨਾਂ ਠੋਕਰਾਂ ਤੋਂ ਕੋਈ ਸਬਕ ਨਹੀਂ ਸਿੱਖਦੇ। ਸਗੋਂ ਸਬਕ਼ ਸਿਖਾਉਣ ਦੇ ਰਸਤੇ ਤੁਰ ਪੈਂਦੇ ਹਾਂ। ਇਸੇ ਕਰਕੇ ਅਸੀਂ ਸਮਾਜਕ ਜੰਗਲ ਦੀਆਂ ਝਾੜੀਆਂ ਤੇ ਝਾਫਿਆਂ ਦੇ ਵਿੱਚ ਫਸ ਜਾਂਦੇ ਹਾਂ। ਝਾੜੀਆਂ ਦੇ ਵਿੱਚ ਫਸੀ ਸਾਰੀ ਜ਼ਿੰਦਗੀ ਫੇਰ ਦਿਨ ਕਟੀ ਕਰਨ ਲਈ ਮਜਬੂਰ ਹੋ ਕੇ ਰਹਿ ਜਾਂਦੀ ਹੈ। ਪਰ ਕੁੱਝ ਅਜਿਹੇ ਵੀ ਹੁੰਦੇ ਹਨ, ਜਿਹੜੇ ਇਹਨਾਂ ਝਾੜੀਆਂ ਨੂੰ ਝਾੜ ਕੇ ਬਾਲਣ ਬਣਾ ਕੇ ਫੂਕ ਦੇਂਦੇ ਹਨ। ਪਰਉਹ ਲੋਕ ਗਿਣਤੀ ਦੇ ਹੁੰਦੇ ਹਨ। ਸਿਆਣੇ ਤੇ ਸੂਝਵਾਨ ਇਨਸਾਨਾਂ ਦੀ ਭੀੜ੍ਹ ਨਹੀਂ ਹੁੰਦੀ। ਭੀੜ ਤੇ ਹੜ੍ਹ ਦੀ ਕੋਈ ਦਸ਼ਾ ਤੇ ਦਿਸ਼ਾ ਨਹੀਂ ਹੁੰਦੀ। ਦਸ਼ਾ ਤੇ ਦਿਸ਼ਾ ਬਣਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਅਸੀਂ ਸਮੂਹਿਕ ਸੰਘਰਸ਼ ਕਰਨ ਦੇ ਪਾਂਧੀ ਨਹੀਂ ਬਣਦੇ। ਕਿਉਂਕਿ ਸਾਡੇ ਮਨਾਂ ਵਿੱਚ ਹੰਕਾਰ ਵਧੇਰੇ ਹੈ। ਇਹ ਹੰਕਾਰ ਸਾਨੂੰ ਤੜਫਾਉਂਦਾ ਹੈ। ਅਸੀਂ ਇਸ ਤੜਫ਼ਣ ਤੋਂ ਛੁਟਕਾਰਾ ਪਾਉਣ ਲਈ ਸਗੋਂ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਜ਼ਿੰਦਗੀ ਦੇ ਵਿੱਚ ਡੋਬਣ ਤੇ ਦਲਦਲ ਵਿੱਚ ਧੱਕਾ ਦੇਣ ਵਾਲੇ ਬਹੁਤੇ ਆਪਣੇ ਹੀ ਹੁੰਦੇ ਹਨ। ਸਿਆਣੇ ਕਹਿੰਦੇ ਹਨ ਕਿ ਸ਼ਰੀਕ ਸਿਹਰਾ ਬੰਨ੍ਹ ਕੇ ਨਹੀਂ ਆਉਂਦਾ ਪਰ ਉਹ ਹੋਰ ਕੋਈ ਮੌਕਾ ਨਹੀਂ ਛੱਡਦਾ। ਜ਼ਿੰਦਗੀ ਦੇ ਭਵ ਸਾਗਰ ਦੇ ਵਿੱਚ ਡੁੱਬ ਦੇ ਉਹ ਹਨ ਜਿਹੜੇ ਤੈਰਨਾ ਛੱਡ ਦੇਂਦੇ ਹਨ। ਉਹਨਾਂ ਨੂੰ ਪਾਣੀ ਆਪਣੇ ਆਪ ਹੀ ਅਣ ਪਛਾਣੀਆਂ ਝੀਲਾਂ ਨਦੀਆਂ ਨਾਲਿਆਂ ਤੇ ਖੇਤਾਂ ਵਿੱਚ ਲੈਣ ਜਾਂਦਾ ਹੈ। ਜਿਥੇ ਉਹ ਮਿੱਟੀ ਦੇ ਬਾਵੇ ਬਣ ਕਿ ਰਹਿ ਜਾਂਦੇ ਹਨ। ਇਹਨਾਂ ਮਿੱਟੀ ਦੇ ਬਾਵਿਆਂ ਨੂੰ ਸਮਾਂ ਝਾਮੇਂ ਬਣਾ ਲੈਂਦਾ ਹੈ, ਉਹ ਆਪਣੀ ਸਫਾਈ ਲਈ ਇਹਨਾਂ ਨੂੰ ਵਰਤਦਾ ਹੈ। ਇਹ ਮਿੱਟੀ ਦੋ ਮੋਰ ਬਣ ਕੇ ਦੁਸ਼ਵਾਰੀਆਂ ਦੇ ਮੀਂਹ ਝੱਖੜ ਵਿੱਚ ਖੁਰਦੇ ਤੇ ਝੂਰਦੇ ਰਹਿੰਦੇ ਹਨ। ਉਹਨਾਂ ਦੇ ਵਿੱਚ ਕੁੱਝ ਕੁ ਹੁੰਦੇ ਹਨ ਜਿਹੜੇ ਇਹ ਸੋਚਦੇ ਹਨ ਕਿ ਮੈਨੂੰ ਆਪਣਿਆਂ ਨੇ ਪਾਣੀ ਦੇ ਵਿੱਚ ਧੱਕਾ ਮਾਰਿਆ ਸੀ ਕਿ ਡੁੱਬ ਜਾਵੇਗਾ ਪਰ ਮੈਂ ਤੈਰਨਾ ਸਿੱਖ ਗਿਆ, ਆਪਣੀ ਸਿਆਣਪ ਨਾਲ ਕੰਢੇ ਜਾ ਲੱਗਿਆ ਆਂ। ਹੁਣ ਉਹ ਪਛਤਾਉਂਦੇ ਹੀ ਨਹੀਂ, ਤੜਪਦੇ ਹਨ ਕਿ ਇਸ ਨੇ ਤਾਂ ਜਿਉਣਾ ਵੀ ਸਿੱਖ ਲਿਆ ਹੈ। ਮੈਂ ਜਿੱਤ ਦੀ ਖੁਸ਼ੀ ਵਿੱਚ ਧੌਣ ਨੂੰ ਉੱਚੀ ਕਰਕੇ ਜਦ ਉਹਨਾਂ ਦੇ ਕੋਲੋਂ ਦੀ ਲੰਘਦਾ ਹਾਂ ਤਾਂ ਉਹ ਖੁਦ ਸ਼ਰਮ ਨਾਲ ਝੁਕ ਕੇ ਸਿਜਦਾ ਕਰਦੇ ਹਨ। ਪਰ ਇਹੋ ਜਿਹੇ ਉਹ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਵਕਤ ਠੋਕਰਾਂ ਇਸ ਲਈ ਮਾਰਦਾ ਹੈ ਕਿ ਰਸਤਿਆਂ ਦੇ ਮੀਲ ਪੱਥਰ ਬਣ ਕੇ ਮੰਜ਼ਿਲ ਦਾ ਰਾਹ ਤੇ ਰਸਤਾ ਦੱਸਣ। ਮੈਂਨੂੰ ਇਹਨਾਂ ਠੋਕਰਾਂ ਨੇ ਜਿਉਣਾ ਸਿਖਾਇਆ ਹੈ। ਜੇ ਮੈਨੂੰ ਠੋਕਰਾਂ ਨਾ ਵੱਜਦੀਆਂ ਤੇ ਮੈਨੂੰ ਧੱਕੇ ਨਾਲ ਪੈਂਦੇ ਤਾਂ ਮੈਂ ਵੀ ਜਿਉਂਦੇ ਜੀ ਮਰ ਜਾਣਾ ਸੀ। ਜਾਂ ਚਾਰ ਦੀਵਾਰੀ ਦੇ ਪਿੰਜਰੇ ਵਿੱਚ ਆਪਣੇ ਹੀ ਆਪ ਮਰ ਜਾਣਾ ਸੀ। ਐ ਜ਼ਿੰਦਗੀ ਤੂੰ ਚੰਗਾ ਕੀਤਾ, ਮੈਨੂੰ ਜਿਉਣਾ ਆ ਗਿਆ ਹੈ। ਹੁਣ ਮੈਂ ਅਤੀਤ ਦੇ ਉਹਨਾਂ ਕਾਲੇ ਪੰਨਿਆਂ ਨੂੰ ਅੱਗ ਦੇ ਵਿੱਚ ਸਾੜ ਦਿੱਤਾ ਹੈ। ਉਹਨਾਂ ਦੀ ਸਵਾਹ ਮੈਂ ਡੂੰਘੇ ਟੋਏ ਵਿੱਚ ਦਬਾਅ ਦਿੱਤੀ ਹੈ। ਤਾਂ ਇਸ ਧੂੜ ਮਿੱਟੀ ਦੇ ਵਿੱਚ ਗਲ ਜਾਵੇ। ਇਹ ਕਦੇ ਦਿਖਾਈ ਨਾ ਦੇਵੇ। ਐ ਜ਼ਿੰਦਗੀ ਤੂੰ ਕਿੰਨੀ ਬਦਲ ਗਈ ਹੈ, ਜਿਵੇਂ ਹੁੰਮਸ ਭਰੇ ਹੋਏ ਵਾਤਾਵਰਨ ਤੋਂ ਬਾਅਦ ਠੰਢੀਆਂ ਹਵਾਵਾਂ ਦੇ ਬੁੱਲ੍ਹੇ ਆਉਣ ਤੇ ਮੌਸਮ ਬਦਲ ਜਾਵੇ। ਮੈਂ ਬਦਲ ਗਿਆ ਹਾਂ ਤੇ ਬਦਲ ਰਿਹਾ ਹਾਂ। ਹੁਣ ਮੈਂ ਅੱਗੇ ਵੱਲ ਜਾ ਰਿਹਾ ਹਾਂ, ਬਹੁਤ ਦੂਰ ਛੱਡ ਆਇਆ ਹਾਂ ਉਹਨਾਂ ਦੁੱਖਾਂ ਤੇ ਦਰਦਾਂ ਨੂੰ ਜੋਂ ਰੋਜ਼ ਮੇਰੇ ਅੰਦਰਲੇ ਨੂੰ ਭੋਰ ਭੋਰ ਖਾ ਰਹੇ ਸੀ। ਕੁਲਵੰਤ ਨੀਲੋਂ ਦਾ ਇਹ ਸ਼ੇਅਰ ਚੇਤੇ ਆਉਂਦਾ ਹੈ। ਤੂੰ ਠੋਕਰਾਂ ਚੋਂ ਠੋਸ ਇਰਾਦੇ ਨੂੰ ਜਨਮ ਦੇ ਸੌ ਵਾਰ ਆਖਿਆ ਕਿ ਹਾਉਕਾ ਨਹੀਂ ਭਰੀਦਾ। ਪਤਾ ਨਹੀਂ ਕਿਉਂ ਖਿਆਲ ਕਿ ਮੈਂ ਇਹ ਕੁੱਝ ਡਾਇਰੀ ਦੇ ਪੰਨਿਆਂ ਵਿੱਚ ਉਤਾਰ ਦਿਆਂ ਤਾਂ ਕੋਈ ਇਸ ਡਾਇਰੀ ਨੂੰ ਪੜ੍ਹ ਕੇ ਕੋਈ ਜ਼ਿੰਦਗੀ ਦੇ ਵਿੱਚ ਠੋਕਰ ਨਾ ਖਾਵੇ। ਉਸਨੂੰ ਜਿਉਣਾ ਆ ਜਾਵੇ। ਕਹਿੰਦੇ ਹਨ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਮੱਛੀ ਤਾਂ ਸਿਆਣੀ ਹੁੰਦੀ ਹੈ ਪਰ ਅਸੀਂ ਸਿਆਣਪ ਤੋਂ ਵਿਰਵੇ ਹਾਂ। ਸਾਨੂੰ ਹੁਣ ਤੱਕ ਅਨੇਕਾਂ ਹੀ ਠੋਕਰਾਂ ਲੱਗੀਆਂ ਹਨ ਪਰ ਅਸੀਂ ਉਹਨਾਂ ਠੋਕਰਾਂ ਤੋਂ ਕੋਈ ਸਬਕ ਨਹੀਂ ਸਿੱਖਿਆ। ਹੁਣ ਮਨੁੱਖ ਪੈਰ ਪੈਰ ਉੱਤੇ ਠੋਕਰਾਂ ਖਾ ਰਿਹਾ ਹੈ। ਕਿਉਂਕਿ ਉਹ ਸਿਆਣਾ ਨਹੀਂ ਹੋਇਆ। ਮਨੁੱਖ ਸਿਆਣਾ ਗਿਆਨ ਨਾਲ ਹੁੰਦਾ ਹੈ। ਡਿਗਰੀਆਂ ਨਾਲ ਕੁੱਝ ਸਿੱਖਿਆ ਨਹੀਂ ਜਾ ਸਕਦਾ, ਸਿੱਖਣ ਲਈ ਹੱਥੀਂ ਕਿਰਤ ਕਰਨੀ ਪੈਂਦੀ ਹੈ। ਇਹ ਕਿਰਤ ਕਰਨ ਲਈ ਉਠਣਾ ਪੈਦਾ ਹੈ, ਜਿਹੜੇ ਤੁਰਦੇ ਹਨ ਉਹੀ ਮੰਜ਼ਿਲ ਉੱਤੇ ਪੁੱਜਦੇ ਹਨ। ਠੋਕਰਾਂ ਤੋਂ ਸਬਕ ਲੈਣ ਦੀ ਲੋੜ ਹੈ। ਬੁੱਧ ਸਿੰਘ ਨੀਲੋਂ 9464370823

ਬੁੱਧ ਬਾਣ/ਭਗਵੰਤ ਸਰਕਾਰ ਅਧਿਆਪਕਾਂ ਨੂੰ ਪੱਕੇ ਕਰਦੀ ਹੋਈ/ਬੁੱਧ ਸਿੰਘ ਨੀਲੋਂ Read More »

ਸ਼ਾਇਰ ਮਰਦੇ ਨਹੀਂ, ਸ਼ਹੀਦ ਮਿਟਦੇ ਨਹੀਂ!

ਤਹਿਜ਼ੀਬ ਦੀ ਰੂਹ ਕਦੇ-ਕਦੇ ਚੀਕਦੀ ਨਹੀਂ, ਸਿਸਕਦੀ ਹੈ। ਸ਼ੋਰ ਨਹੀਂ ਮਚਾਉਦੀ, ਬਸ ਖਾਮੋਸ਼ ਹੋ ਕੇ ਸਾਡੀ ਪੇਸ਼ਾਨੀ ਤੋਂ ਆਪਣਾ ਨੂਰ ਵਾਪਸ ਲੈ ਲੈਂਦੀ ਹੈ ਅਤੇ ਅੱਜ ਹਿੰਦੁਸਤਾਨ ਦੀ ਉਸੇ ਤਹਿਜ਼ੀਬ, ਜਿਸ ਨੇ ਸੂਫੀ ਸੰਤਾਂ ਤੇ ਸੰਤ ਕਬੀਰ ਦੀਆਂ ਗੱਲਾਂ ਤੋਂ ਲੈ ਕੇ ਬਹਾਦਰ ਸ਼ਾਹ ਜ਼ਫਰ ਦੀ ਸ਼ਾਇਰੀ ਤੱਕ ਇੱਕ ਗੁਲਦਸਤਾ ਬਣਾਇਆ ਸੀ, ਨੂੰ ਨਫਰਤ ਦੇ ਸ਼ੋਅਲੇ ਨਾਲ ਜਲਾਇਆ ਜਾ ਰਿਹਾ ਹੈ। ਗਾਜ਼ੀਆਬਾਦ ਰੇਲਵੇ ਸਟੇਸ਼ਨ ’ਤੇ ਹਿੰਦੁਸਤਾਨ ਦੇ ਸ਼ਹੀਦਾਂ ਦੀਆਂ ਤਸਵੀਰਾਂ ਨਾਲ ਸਜੀ ਇੱਕ ਪੇਂਟਿੰਗ ਲੱਗੀ ਹੋਈ ਹੈ। ਉਸ ਵਿੱਚ ਇੱਕ ਚਿਹਰਾ ਜਨੂੰਨੀਆਂ ਨੂੰ ‘ਮੁਸਲਮਾਨ’ ਲੱਗ ਗਿਆ ਤੇ ਉਹੀ ਕਾਫੀ ਸੀ, ਉਸ ਨੂੰ ਗ਼ੱਦਾਰ ਕਰਾਰ ਦੇ ਕੇ ਉਸ ’ਤੇ ਕਾਲਖ ਪੋਤ ਦੇਣ ਲਈ। ਉਹ ਚਿਹਰਾ ਕਿਸੇ ਆਮ ਬੰਦੇ ਦਾ ਨਹੀਂ, ਸਗੋਂ 1857 ਦੀ ਜੰਗੇ-ਆਜ਼ਾਦੀ ਦੇ ਸਭ ਤੋਂ ਪਹਿਲੇ ਤੇ ਸਭ ਤੋਂ ਵੱਡੇ ਪ੍ਰਤੀਕ ਬਹਾਦਰ ਸ਼ਾਹ ਜ਼ਫਰ ਦਾ ਸੀ। ‘ਹਿੰਦੂ ਰੱਖਿਆ’ ਦੇ ਨਾਂਅ ’ਤੇ ਇਤਿਹਾਸ ਤੋਂ ਬੇਖਬਰ, ਤਹਿਜ਼ੀਬ ਤੋਂ ਬੇਅਸਰ ਤੇ ਜ਼ਮੀਰ ਤੋਂ ਖਾਲੀ ਅਖੌਤੀ ਯੋਧਿਆਂ ਨੇ ਇਹ ਘਿਨਾਉਣਾ ਕਾਰਾ ਕਰ ਦਿੱਤਾ। ਦਾਅਵਾ ਕਰ ਰਹੇ ਸਨ ਕਿ ਉਹ ਆਪਣੇ ਇਤਿਹਾਸ ਦੀ ਰਾਖੀ ਕਰ ਰਹੇ ਹਨ। ਕਿਹੜੇ ਇਤਿਹਾਸ ਦੀ? ਕੀ ਉਸ ਇਤਿਹਾਸ ਦੀ, ਜਿਸ ਵਿੱਚ 1857 ਦੀ ਬਗਾਵਤ ਨੂੰ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਕਿਹਾ ਗਿਆ ਸੀ। ਉਸ ਇਤਿਹਾਸ ਦੀ, ਜਿਸ ਵਿੱਚ ਹਿੰਦੂ-ਮੁਸਲਿਮ-ਸਿੱਖ-ਈਸਾਈ ਸਭ ਮਿਲ ਕੇ ਲੜੇ ਸੀ ਤੇ ਫਿਰੰਗੀ ਹਕੂਮਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ ਜਾਂ ਉਸ ਝੂਠੇ, ਸਿਆਹ, ਜਹਾਲਤ ਨਾਲ ਭਰੇ ‘ਇਤਿਹਾਸ’ ਦੀ, ਜਿਸ ਵਿੱਚ ਮੁਸਲਮਾਨ ਹੋਣਾ ਗੁਨਾਹ ਹੈ। ਬਹਾਦਰ ਸ਼ਾਹ ਜ਼ਫਰ ਇੱਕ ਸ਼ਾਇਰ ਤੇ ਬੁੱਢਾ ਬਾਦਸ਼ਾਹ ਨਹੀਂ, ਸਗੋਂ ਉਸ ਤਹਿਜ਼ੀਬ ਦਾ ਆਖਰੀ ਕਿਲ੍ਹਾ ਸੀ, ਜਿਸ ਨੇ ਮੁਗਲੀਆ ਤਾਮੀਰਾਤ ਤੋਂ ਲੈ ਕੇ ਉਰਦੂ ਸ਼ਾਇਰੀ ਤੱਕ, ਹਿੰਦੁਸਤਾਨ ਨੂੰ ਇੱਕ ਗੈਰਮਾਮੂਲੀ ਹੁਸਨ ਅਤਾ ਕੀਤਾ ਸੀ। ਉਹ ਜਦ ਬਰਮਾ ਦੇ ਜੇਲ੍ਹਖਾਨੇ ਵਿੱਚ ਤਨਹਾ ਮਰਿਆ ਸੀ ਤਾਂ ਅੰਗਰੇਜ਼ਾਂ ਨੇ ਇੱਕ ਚੱਟਾਨ ’ਤੇ ਲਿਖਿਆ ‘ਇੱਥੇ ਹਿੰਦੁਸਤਾਨ ਦਾ ਆਖਰੀ ਬਾਦਸ਼ਾਹ ਦਫਨ ਹੈ’। ਅਤੇ ਅੱਜ ਉਸ ਦੇ ਆਪਣੇ ਵਤਨ ਵਿੱਚ ਹੀ ਉਸ ਦੀ ਤਸਵੀਰ ’ਤੇ ਕਾਲਖ ਪੋਤ ਦਿੱਤੀ ਗਈ, ਕਿਉਕਿ ਉਹ ਮੁਸਲਮਾਨ ਸੀ! ਇਹ ਹਰਕਤ ਬਹਾਦਰ ਸ਼ਾਹ ਜ਼ਫਰ ਦੇ ਖਿਲਾਫ ਨਹੀਂ ਸੀ, ਇਹ ਭਾਰਤ ਦੇ ਉਸ ਸਾਂਝੇ ਅਤੀਤ ਦੇ ਖਿਲਾਫ ਸੀ, ਜਿਹੜਾ ਸਿਰਫ ਹਿੰਦੂ ਜਾਂ ਮੁਸਲਮਾਨ ਨਹੀਂ, ਸਗੋਂ ਇੱਕ ਮੁਹੱਬਤ ਨਾਲ ਸਨਿਆ ਤਾਜ ਮਹਿਲ ਹੈ, ਭਗਤੀ ਤੇ ਸੂਫੀ ਦਾ ਸੰਗਮ ਹੈ, ਗੰਗਾ-ਜਮੁਨੀ ਤਹਿਜ਼ੀਬ ਹੈ। ਕਿੰਨਾ ਆਸਾਨ ਹੈ ਅੱਜ ਇਸ ਮੁਲਕ ਵਿੱਚ ਕਿਸੇ ਨਾਂਅ ਨੂੰ ਮਿਟਾ ਦੇਣਾ, ਕਿਸੇ ਚਿਹਰੇ ਨੂੰ ਗ਼ੱਦਾਰ ਬਣਾ ਦੇਣਾ, ਕਿਸੇ ਤਸਵੀਰ ’ਤੇ ਕਾਲਖ ਪੋਤ ਦੇਣਾਬਿਨਾਂ ਜਾਣੇ, ਬਿਨਾਂ ਪੜ੍ਹੇ, ਬਿਨਾਂ ਸਮਝੇ। ਪਰ ਅਜਿਹੇ ਅਨਸਰਾਂ ਨੂੰ ਇੱਕ ਗੱਲ ਚੇਤੇ ਰੱਖਣੀ ਪਏਗੀ ਕਿ ਤਾਰੀਖ਼ ’ਤੇ ਕਾਲਖ ਨਹੀਂ ਠਹਿਰਦੀ। ਉਹ ਧੋਈ ਜਾਂਦੀ ਹੈ ਤੇ ਫਿਰ ਉਹੀ ਚਿਹਰਾ ਹੋਰ ਵੀ ਵਧੇਰੇ ਰੌਸ਼ਨ ਹੋ ਕੇ ਸਾਹਮਣੇ ਆਉਦਾ ਹੈ। ਜਿਹੜੇ ਅੱਜ ਬਹਾਦਰ ਸ਼ਾਹ ਜ਼ਫਰ ਦੀ ਤਸਵੀਰ ਤੋਂ ਡਰਦੇ ਹਨ, ਉਹ ਦਰਅਸਲ ਆਪਣੇ ਝੂਠੇ ਇਤਿਹਾਸ ਦੇ ਆਈਨੇ ਵਿੱਚ ਉਸ ਸ਼ਖਸ ਦੇ ਸੱਚ ਨੂੰ ਨਹੀਂ ਦੇਖ ਪਾਉਦੇ, ਜਿਸ ਨੇ ਕਿਹਾ ਸੀ ‘ਕਿਤਨਾ ਹੈ ਬਦਨਸੀਬ ਜ਼ਫਰ ਦਫਨ ਕੇ ਲੀਏ, ਦੋ ਗਜ਼ ਜ਼ਮੀਨ ਭੀ ਨਾ ਮਿਲੀ ਕੂ-ਏ-ਯਾਰ ਮੇਂ।

ਸ਼ਾਇਰ ਮਰਦੇ ਨਹੀਂ, ਸ਼ਹੀਦ ਮਿਟਦੇ ਨਹੀਂ! Read More »