ਟਰੰਪ ਤੋਂ ਸਤਿਆਂ ਵੱਲੋਂ ਅਮਰੀਕਾ-ਭਰ ’ਚ ਵਿਖਾਵੇ

ਨਿਊਯਾਰਕ, 21 ਅਪ੍ਰੈਲ – ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਤੋਂ ਗੁੱਸੇ ਲੱਖਾਂ ਅਮਰੀਕੀਆਂ ਨੇ ਸ਼ਨਿੱਚਰਵਾਰ ਦੇਸ਼-ਭਰ ਵਿੱਚ ਵਿਖਾਵੇ ਕੀਤੇ। ਉਨ੍ਹਾਂ ਟਰੰਪ ਨੂੰ ਹਟਾਉਣ ਅਤੇ ਲੋਕਤੰਤਰ ਨੂੰ ਬਚਾਉਣ ਦੇ ਹੱਕ ਵਿੱਚ ਨਾਅਰੇ ਲਾਏ। ਉਨ੍ਹਾਂ ਦੋਸ਼ ਲਾਇਆ ਕਿ ਟਰੰਪ ਅਮਰੀਕਾ ਨੂੰ ਪੁਲਸ ਰਾਜ ਬਣਾਉਣ ਵਿੱਚ ਲੱਗਾ ਹੋਇਆ ਹੈ ਤੇ ਦੇਸ਼ ਦੇ ਜਮਹੂਰੀ ਆਦਰਸ਼ਾਂ ਲਈ ਖਤਰਾ ਹੈ। ਵਿਖਾਵਾਕਾਰੀਆਂ ਨੇ ਪ੍ਰਵਾਸੀਆਂ ਨੂੰ ਕੱਢਣ ਅਤੇ ਫਲਸਤੀਨੀਆਂ ’ਤੇ ਜ਼ੁਲਮ ਢਾਹ ਰਹੇ ਇਜ਼ਰਾਈਲ ਦੀ ਹਮਾਇਤ ਦੀਆਂ ਟਰੰਪ ਦੀਆਂ ਨੀਤੀਆਂ ਦਾ ਵੀ ਵਿਰੋਧ ਕੀਤਾ। ਉਨ੍ਹਾਂ ਫਲਸਤੀਨ ਦੀ ਆਜ਼ਾਦੀ ਦੇ ਹੱਕ ਵਿੱਚ ਨਾਅਰੇ ਲਾਏ ਤੇ ਗਾਜ਼ਾ ਵਿੱਚ ਇਜ਼ਰਾਈਲੀ ਹਮਲਿਆਂ ਨਾਲ ਮਾਰੇ ਜਾਣ ਵਾਲਿਆਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਵਿਖਾਵਾਕਾਰੀਆਂ ਨੇ ਰਾਸ਼ਟਰਪਤੀ ਦੇ ਘਰ ਵ੍ਹਾਈਟ ਹਾਊਸ ਦਾ ਵੀ ਘਿਰਾਓ ਕੀਤਾ। ਇਸ ਅੰਦੋਲਨ ਦਾ ਨਾਂਅ 50 50 1 ਦਿੱਤਾ ਗਿਆ ਸੀ, ਜਿਸਦਾ ਮਤਲਬ ਸੀ50 ਰਾਜ, 50 ਵਿਖਾਵੇ, 1 ਅੰਦੋਲਨ।

ਸੀ ਐੱਨ ਐੱਨ ਨਿਊਜ਼ ਚੈਨਲ ਮੁਤਾਬਕ 50 ਰਾਜਾਂ ਵਿੱਚ 1400 ਤੋਂ ਵੱਧ ਰੈਲੀਆਂ ’ਚ ਲੱਖਾਂ ਲੋਕਾਂ ਨੇ ਹਿੱਸਾ ਲਿਆ। ਇਸਤੋਂ ਪਹਿਲਾਂ ਪੰਜ ਅਪ੍ਰੈਲ ਨੂੰ ਵੀ ਟਰੰਪ ਤੇ ਉਸਦੇ ਖਾਸਮ-ਖਾਸ ਖਰਬਾਂਪਤੀ ਐਲਨ ਮਸਕ ਖਿਲਾਫ ਦੇਸ਼-ਭਰ ’ਚ ਵਿਖਾਵੇ ਹੋਏ ਸਨ। ਡੇਨਵਰ ਵਿੱਚ, ਸੈਂਕੜੇ ਵਿਖਾਵਾਕਾਰੀ ਕੋਲੋਰਾਡੋ ਸਟੇਟ ਕੈਪੀਟਲ ਵਿੱਚ ਇਕੱਠੇ ਹੋਏ ਅਤੇ ਪ੍ਰਵਾਸੀਆਂ ਨਾਲ ਏਕਤਾ ਦਾ ਪ੍ਰਗਟਾਵਾ ਕੀਤਾ। ਕੁਝ ਲੋਕਾਂ ਨੇ ਅਮਰੀਕੀ ਝੰਡਾ ਲਹਿਰਾਇਆ, ਜਦੋਂ ਕਿ ਕੁਝ ਲੋਕਾਂ ਨੇ ਇਸਨੂੰ ਉਲਟਾ ਕਰਕੇ ਦਿਖਾਇਆ ਕਿ ਦੇਸ਼ ਸੰਕਟ ਦੀ ਘੜੀ ਵਿੱਚੋਂ ਗੁਜ਼ਰ ਰਿਹਾ ਹੈ। ਪੋਰਟਲੈਂਡ, ਓਰੇਗਨ ਵਿੱਚ ਹਜ਼ਾਰਾਂ ਲੋਕਾਂ ਨੇ ਮਾਰਚ ਕੀਤਾ। ਸ਼ਿਕਾਗੋ, ਸਾਂ ਫਰਾਂਸਿਸਕੋ, ਮੈਨਹਟਨ ਤੇ ਅਲਾਸਕਾ ਵਿੱਚ ਵੀ ਵਿਖਾਵੇ ਹੋਏ। ਕੁਝ ਥਾਵਾਂ ’ਤੇ, ਲੋਕਾਂ ਨੇ ਟੈਸਲਾ ਕਾਰ ਦੇ ਡੀਲਰਾਂ ਦੇ ਸਾਹਮਣੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ। ਟੈਸਲਾ ਦਾ ਮਾਲਕ ਐਲਨ ਮਸਕ ਟਰੰਪ ਦਾ ਕਰੀਬੀ ਹੈ। ਟਰੰਪ ਨੇ ਉਸਨੂੰ ਸਰਕਾਰੀ ਕੁਸ਼ਲਤਾ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਹੈ।

ਮਸਕ ਦੇ ਹੁਕਮਾਂ ’ਤੇ ਕਈ ਵਿਭਾਗਾਂ ਵਿੱਚ ਛਾਂਟੀ ਕੀਤੀ ਗਈ। ਇਸ ਕਰਕੇ, ਅਮਰੀਕਾ ਦੇ ਲੋਕ ਮਸਕ ਤੋਂ ਵੀ ਨਾਰਾਜ਼ ਹਨ। ਨਿਊਯਾਰਕ ਵਿੱਚ, ਮੁੱਖ ਲਾਇਬ੍ਰੇਰੀ ਦੇ ਬਾਹਰ ਲੋਕਾਂ ਦੀ ਭੀੜ ਹੱਥਾਂ ਵਿੱਚ ਤਖਤੀਆਂ ਲੈ ਕੇ ਇਕੱਠੀ ਹੋਈ। ਇਨ੍ਹਾਂ ਤਖਤੀਆਂ ’ਤੇ ‘ਜਗੀਰੂ ਰਾਜ ਖਤਮ ਹੋ ਚੁੱਕਾ ਹੈ’, ‘ਅਮਰੀਕਾ ਵਿੱਚ ਕੋਈ ਰਾਜਾ ਨਹੀਂ’, ‘ਜ਼ਾਲਮ ਦਾ ਵਿਰੋਧ ਕਰੋ’ ‘ਨਫਰਤ ਨਾਲ ਰਾਸ਼ਟਰ ਕਦੇ ਮਹਾਨ ਨਹੀਂ ਬਣਦਾ’ ਅਤੇ ‘ਸਾਰਿਆਂ ਲਈ ਬਰਾਬਰ ਹੱਕਾਂ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਲਈ ਘੱਟ ਹੱਕ’ ਲਿਖਿਆ ਹੋਇਆ ਸੀ। ਕੌਨਕੌਰਡ ਦੇ ਵਿਖਾਵੇ ਦੌਰਾਨ ਬੋਸਟਨ ਵਾਸੀ ਜਾਰਜ ਬ੍ਰਾਇੰਟ ਨੇ ਕਿਹਾ ਕਿ ਟਰੰਪ ਪੁਲਸ ਰਾਜ ਕਾਇਮ ਕਰ ਰਿਹਾ ਹੈ। ਉਹ ਅਦਾਲਤਾਂ ਦੀ ਤੌਹੀਨ ਕਰ ਰਿਹਾ ਹੈ। ਉਹ ਵਿਦਿਆਰਥੀਆਂ ਨੂੰ ਚੁੱਕ ਰਿਹਾ ਹੈ। ਇਹ ਫਾਸ਼ੀਵਾਦ ਹੈ।

ਉਸਨੇ ਜਿਹੜੀ ਤਖਤੀ ਫੜੀ ਹੋਈ ਸੀ, ਉਸ ਉੱਤੇ ਲਿਖਿਆ ਸੀ‘ਟਰੰਪ ਦੇ ਫਾਸ਼ੀਵਾਦੀ ਸ਼ਾਸਨ ਨੂੰ ਹੁਣ ਜਾਣਾ ਚਾਹੀਦਾ ਹੈ। ਬੋਸਟਨ ਦੀ ਰੈਲੀ ਵਿੱਚ ਆਪਣੀ ਪਤਨੀ, ਧੀ ਤੇ ਦੋ ਦੋਹਤਿਆਂ ਨਾਲ ਹਿੱਸਾ ਲੈਣ ਵਾਲੇ 80 ਸਾਲਾ ਰਿਟਾਇਰਡ ਮਿਸਤਰੀ ਥਾਮਸ ਬੈਸਫੋਰਡ ਨੇ ਕਿਹਾ, ‘‘ਇਹ ਅਮਰੀਕਾ ’ਚ ਸੁਤੰਤਰਤਾ ਲਈ ਸੰਕਟ ਦੀ ਘੜੀ ਹੈ। ਅਮਰੀਕੀ ਆਪਣੀ ਹੀ ਸਰਕਾਰ ਦੇ ਹਮਲੇ ਹੇਠ ਹਨ ਤੇ ਇਸ ਵਿਰੁੱਧ ਇਕੱਠੇ ਹੋ ਕੇ ਖੜ੍ਹਨ ਦੀ ਲੋੜ ਹੈ।’’ ਉਸਨੇ ਇਹ ਵੀ ਕਿਹਾ ਕਿ ਉਹ ਬੱਚਿਆਂ ਨੂੰ ਇਸ ਕਰਕੇ ਨਾਲ ਲੈ ਕੇ ਆਇਆ ਕਿ ਉਹ ਜਾਣ ਸਕਣ ਕਿ ਕਦੇ-ਕਦੇ ਆਜ਼ਾਦੀ ਲਈ ਲੜਨਾ ਪੈਂਦਾ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬ ‘ਚ ਵਧਾਈ ਗਈ ਸਖ਼ਤੀ, ਵਧਿਆ ਪ੍ਰਾਪਰਟੀ

ਜਲੰਧਰ, 21 ਅਪ੍ਰੈਲ – ਜਲੰਧਰ ਵਾਸੀਆਂ ਵਿਚਾਲੇ ਇਸ ਸਮੇਂ ਹਲਚਲ...