ਡੱਲੇਵਾਲ ਵੱਲੋਂ ਮਰਨ ਵਰਤ ਖਤਮ ਕਰਨ ਦਾ ਐਲਾਨ
ਚੰਡੀਗੜ੍ਹ, 7 ਅਪ੍ਰੈਲ – ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਐਤਵਾਰ ਆਪਣਾ 131 ਦਿਨ ਤੋਂ ਚੱਲਿਆ ਆ ਰਿਹਾ ਮਰਨ ਵਰਤ ਸਰਹਿੰਦ ਵਿਖੇ ਖਤਮ ਕਰ ਦਿੱਤਾ। ਉਨ੍ਹਾ 26 ਨਵੰਬਰ 2024 ਨੂੰ ਮਰਨ ਵਰਤ ਸ਼ੁਰੂ ਕੀਤਾ ਸੀ ਅਤੇ 18 ਜਨਵਰੀ ਤੋਂ ਮੈਡੀਕਲ ਸਹੂਲਤ ਲੈਣੀ ਸ਼ੁਰੂ ਕੀਤੀ ਸੀ। ਉਹ ਕੁਝ ਦਿਨ ਪਹਿਲਾਂ ਹੀ ਹਸਪਤਾਲ ’ਚੋਂ ਡਿਸਚਾਰਜ ਹੋਏ ਸਨ। ਡੱਲੇਵਾਲ ਨੇ ਮਰਨ ਵਰਤ ਖਤਮ ਕਰਨ ਦਾ ਐਲਾਨ ਐੱਸ ਕੇ ਐੱਮ (ਗੈਰਸਿਆਸੀ) ਦੀਆਂ ਕਿਸਾਨ ਜਥੇਬੰਦੀਆਂ ਦੀ ਮਹਾਂਪੰਚਾਇਤ ਦੇ ਫੈਸਲੇ ਉਪਰੰਤ ਕੀਤਾ। ਡੱਲੇਵਾਲ ਨੇ ਕਿਹਾ ਕਿ ਉਸ ਨੂੰ ਕਿਸਾਨ ਨੇਤਾਵਾਂ ਵਲੋਂ ਵਾਰ-ਵਾਰ ਭੁੱਖ-ਹੜਤਾਲ ਖਤਮ ਕਰਨ ਲਈ ਕਿਹਾ ਜਾ ਰਿਹਾ ਸੀ ਜਿਸ ਨੂੰ ਮੁੱਖ ਰੱਖ ਕੇ ਉਨ੍ਹਾ ਇਹ ਫੈਸਲਾ ਕੀਤਾ। ਇਸ ਮਗਰੋਂ ਡੱਲੇਵਾਲ ਹੋਰ ਕਿਸਾਨ ਨੇਤਾਵਾਂ ਸਮੇਤ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨਤਮਸਤਕ ਹੋਏ, ਜਿਥੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਜਲ ਪਿਲਾ ਕੇ ਮਰਨ ਵਰਤ ਤੁੜਵਾਇਆ। ਡੱਲੇਵਾਲ ਨੇ ਐਲਾਨ ਕੀਤਾ ਕਿ ਭਾਵੇਂ ਕਿ ਪੰਜਾਬ ਸਰਕਾਰ ਨੇ ਹਿਰਾਸਤ ਵਿੱਚ ਲਏ ਗਏ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਹੈ, ਪਰ ਕਿਸਾਨਾਂ ਦੀ ਐੱਮ ਐੱਸ ਪੀ ਸਮੇਤ ਬਾਕੀ ਮੰਗਾਂ ’ਤੇ ਲੜਾਈ ਜਾਰੀ ਰਹੇਗੀ। ਜੇ ਇਨ੍ਹਾਂ ਮੰਗਾਂ ਖਾਤਰ ਮੋਰਚਾ ਦੁਬਾਰਾ ਵੀ ਲਾਉਣਾ ਪਿਆ ਤਾਂ ਲਾਵਾਂਗੇ ਅਤੇ ਅਗਲੀ ਵਾਰ ਇਸ ਤੋਂ ਵੀ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਡੱਲੇਵਾਲ ਨੇ ਪੰਜਾਬ ਅਤੇ ਕੇਦਰ ਸਰਕਾਰ ਦੀ ਅਲੋਚਨਾ ਕਰਦਿਆਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਆਪਣੇ ਦਿੱਲੀ ਦੇ ਨੇਤਾਵਾਂ ਨੂੰ ਬਚਾਉਣ ਲਈ ਕੇਦਰ ਸਰਕਾਰ ਨਾਲ ਮਿਲ ਕੇ ਸਾਜ਼ਿਸ਼ ਅਧੀਨ ਉਨ੍ਹਾਂ ਨੂੰ ਮੀਟਿੰਗ ਲਈ ਬੁਲਾ ਕੇ ਗਿ੍ਰਫਤਾਰ ਕੀਤਾ ਜਿਸ ਦਾ ਆਉਣ ਵਾਲੇ ਸਮੇਂ ਵਿੱਚ ਖਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾ ਕਿਸਾਨਾਂ ਤੋਂ ਹੱਥ ਖੜ੍ਹੇ ਕਰਵਾ ਕੇ ਪ੍ਰਵਾਨਗੀ ਲਈ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਮਜ਼ਬੂਤੀ ਨਾਲ ਸੰਘਰਸ਼ ਕੀਤਾ ਜਾਵੇਗਾ।
ਡੱਲੇਵਾਲ ਵੱਲੋਂ ਮਰਨ ਵਰਤ ਖਤਮ ਕਰਨ ਦਾ ਐਲਾਨ Read More »