
ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਸ ਦੇ ਖਰਬਾਂਪਤੀ ਜੋਟੀਦਾਰ ਐਲਨ ਮਸਕ ਖਿਲਾਫ ਸਨਿੱਚਰਵਾਰ ਅਮਰੀਕਾ ਤੇ ਯੂਰਪੀ ਦੇਸ਼ਾਂ ਵਿੱਚ ਵੱਡੇ ਮੁਜ਼ਾਹਰੇ ਹੋਏ। ‘ਹੈਂਡਜ਼ ਔਫ’ (ਹੱਥ ਪਰ੍ਹੇ ਰੱਖੋ) ਨਾਂਅ ਦੇ ਇਸ ਅੰਦੋਲਨ ਤਹਿਤ ਅਮਰੀਕਾ ਦੇ ਸਾਰੇ 50 ਰਾਜਾਂ ’ਚ 1200 ਤੋਂ ਵੱਧ ਰੈਲੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਮਨੁੱਖੀ ਅਧਿਕਾਰ ਕਾਰਕੁੰਨਾਂ, ਸਾਬਕਾ ਫੌਜੀਆਂ, ਟਰੇਡ ਯੂਨੀਅਨਾਂ, ਐੱਲ ਜੀ ਬੀ ਟੀ ਕਿਊ+ਭਾਈਚਾਰੇ ਤੇ ਹੋਰਨਾਂ ਜਥੇਬੰਦੀਆਂ ਦੇ ਮੈਂਬਰਾਂ ਨੇ ਸਰਕਾਰੀ ਨੌਕਰੀਆਂ ਵਿੱਚ ਕਟੌਤੀ, ਜਨਤਕ ਸੇਵਾਵਾਂ ’ਚ ਕਮੀ ਤੇ ਵਿਵਾਦਗ੍ਰਸਤ ਸਮਾਜੀ ਨੀਤੀਆਂ ਖਿਲਾਫ ਆਵਾਜ਼ ਬੁਲੰਦ ਕੀਤੀ। ਲੋਕਾਂ ਨੇ ‘ਸਾਡੀ ਜਮਹੂਰੀਅਤ ਤੋਂ ਹੱਥ ਪਰ੍ਹੇ ਰੱਖੋ’, ‘ਵਿਭਿੰਨਤਾ, ਬਰਾਬਰੀ ਤੇ ਸਮਾਵੇਸ਼ ਅਮਰੀਕਾ ਨੂੰ ਮਜ਼ਬੂਤ ਕਰਦੇ ਹਨ’ ਵਰਗੇ ਨਾਅਰਿਆਂ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ।
ਅਮਰੀਕਾ ਦੇ ਲੋਕ ਟਰੰਪ ਪ੍ਰਸ਼ਾਸਨ ਵੱਲੋਂ ਮਸਕ ਦੀ ਅਗਵਾਈ ਵਿੱਚ ਕਾਇਮ ਕੀਤੇ ਗਏ ‘ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ਿਐਂਸੀ’ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਤੋਂ ਬਹੁਤ ਖ਼ਫਾ ਹਨ। ਟੈਸਲਾ, ਸਪੇਸਐਕਸ ਤੇ ਐਕਸ ਦੇ ਮਾਲਕ ਮਸਕ ਦੀ ਸੋਚ ਹੈ ਕਿ ਵੱਡੇ ਪੈਮਾਨੇ ’ਤੇ ਸਰਕਾਰੀ ਖਰਚ ਵਿੱਚ ਕਟੌਤੀ ਨਾਲ ਟੈਕਸ ਦਾਤਿਆਂ ਦੇ ਅਰਬਾਂ ਡਾਲਰ ਬਚਾਏ ਜਾ ਰਹੇ ਹਨ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਇਹ ਕਦਮ ਜ਼ਰੂਰੀ ਸੇਵਾਵਾਂ ਨੂੰ ਨਸ਼ਟ ਕਰ ਰਹੇ ਹਨ। ਸਮਾਜੀ ਸੁਰੱਖਿਆ ਦਫਤਰਾਂ ਨੂੰ ਬੰਦ ਕਰਨ, ਕੇਂਦਰੀ ਮੁਲਾਜ਼ਮਾਂ ਦੀ ਵੱਡੇ ਪੈਮਾਨੇ ’ਤੇ ਛਾਂਟੀ, ਸਿਹਤ ਸੇਵਾਵਾਂ ਤੇ ਏਡਜ਼ ਤੋਂ ਰੋਕਥਾਮ ਲਈ ਫੰਡਿੰਗ ਵਿੱਚ ਕਟੌਤੀ ਨੇ ਲੋਕਾਂ ਦੇ ਗੁੱਸੇ ਨੂੰ ਭੜਕਾਇਆ ਹੈ। ਐੱਲ ਜੀ ਬੀ ਟੀ ਕਿਊ+ਭਾਈਚਾਰੇ ਦੀ ਸੁਰੱਖਿਆ ਵਿੱਚ ਕਮੀ ਵੀ ਪ੍ਰਮੁੱਖ ਮੁੱਦਾ ਹੈ।
ਵਾਸ਼ਿੰਗਟਨ ਡੀ ਸੀ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਾਰਕੁੰਨ ਗ੍ਰੇਲੇਨ ਹਗਲਰ ਨੇ ਕਿਹਾ-ਉਨ੍ਹਾਂ ਇੱਕ ਸੁੱਤੇ ਹੋਏ ਦਾਨਵ ਨੂੰ ਜਗਾ ਦਿੱਤਾ ਹੈ। ਅਜੇ ਤਾਂ ਇਹ ਸ਼ੁਰੂਆਤ ਹੈ। ਅਮਰੀਕੀਆਂ ਦਾ ਕਹਿਣਾ ਹੈ ਕਿ ਮਸਕ ਅਣਚੁਣਿਆ ਬੰਦਾ ਹੈ, ਜਿਹੜਾ ਸਰਕਾਰ ’ਤੇ ਨਾਜਾਇਜ਼ ਦਬਾਅ ਪਾ ਰਿਹਾ ਹੈ। ਉਸ ਦੀਆਂ ਨੀਤੀਆਂ ਜਮਹੂਰੀਅਤ ਲਈ ਖਤਰਾ ਹਨ। ਉਹ ਜਮਹੂਰੀ ਅਦਾਰਿਆਂ ਨੂੰ ਕਮਜ਼ੋਰ ਕਰ ਰਿਹਾ ਹੈ। ਅਮਰੀਕਾ ਦੇ ਨਾਲ-ਨਾਲ ਜਰਮਨੀ, ਫਰਾਂਸ, ਯੂ ਕੇ ਤੇ ਪੁਰਤਗਾਲ ਵਰਗੇ ਦੇਸ਼ਾਂ ਵਿੱਚ ਵੀ ਲੋਕਾਂ ਨੇ ਟਰੰਪ ਤੇ ਮਸਕ ਦੀਆਂ ਨੀਤੀਆਂ ਖਿਲਾਫ ਆਵਾਜ਼ ਉਠਾਈ ਹੈ। ਪੈਰਿਸ ਵਿੱਚ ‘ਤਾਨਾਸ਼ਾਹ ਖਿਲਾਫ ਮੁਜ਼ਾਹਮਤ’ ਅਤੇ ‘ਜਮਹੂਰੀਅਤ ਬਚਾਓ’ ਜਦਕਿ ਲੰਡਨ ਵਿੱਚ ‘ਕੈਨੇਡਾ ਤੋਂ ਹੱਥ ਪਰ੍ਹੇ ਰੱਖੋ’ ਅਤੇ ‘ਯੂਕਰੇਨ ਤੋਂ ਹੱਥ ਪਰ੍ਹੇ ਰੱਖੋ’ ਦੇ ਨਾਅਰੇ ਬੁਲੰਦ ਕੀਤੇ ਗਏ। ‘ਹੱਥ ਪਰ੍ਹੇ ਰੱਖੋ’ ਅੰਦੋਲਨ ਟਰੰਪ ਦੇ ਦੂਜੇ ਕਾਰਜਕਾਲ ਵਿੱਚ ਸਭ ਤੋਂ ਵੱਡਾ ਜਥੇਬੰਦ ਪ੍ਰੋਟੈੱਸਟ ਬਣ ਗਿਆ ਹੈ।