ਰੂਹਾਂ ਦਾ ਮੇਲ/ਸ਼ਵਿੰਦਰ ਕੌਰ

ਰੂੰ ਨਾਲ ਭਰੀ, ਘੁੱਗੀਆਂ ਦੇ ਛਾਪੇ ਵਾਲੀ ਖੱਦਰ ਦੀ ਰਜ਼ਾਈ ਸਾਂਭਦਿਆਂ ਧੀ ਬੋਲੀ ਸੀ, “ਮੰਮੀ, ਆਹ ਖੱਦਰ ਦੀ ਪੁਰਾਣੇ ਵੇਲੇ ਦੀ ਰਜ਼ਾਈ ਐਵੇਂ ਕੱਢ ਲੈਂਦੇ ਐਂ। ਕਿੰਨੀ ਭਾਰੀ ਐ, ਇਨ੍ਹਾਂ ਨੂੰ ਹੁਣ ਕੌਣ ਵਰਤਦੈ? ਆਹ ਦੇਖੋ, ਫਾਈਬਰ ਦੀ ਰੂੰ ਵਾਲੀ ਰਜ਼ਾਈ। ਨਾਲੇ ਚੁੱਕਣ ਨੂੰ ਹਲਕੀ-ਫੁਲਕੀ, ਨਾਲੇ ਨਿੱਘੀ। ਧੀ ਤਾਂ ਇਹ ਕਹਿ ਕੇ ਆਪਣੇ ਕੰਮ ਲੱਗ ਗਈ ਪਰ ਮੇਰੀਆਂ ਸੋਚਾਂ ਖੱਦਰ ਸ਼ਬਦ ’ਤੇ ਹੀ ਅੜ ਗਈਆਂ। ਕਦੇ ਖੱਦਰ ਅਤੇ ਇਸ ਤੋਂ ਬਣੀਆਂ ਵਸਤਾਂ ਦੀ ਘਰਾਂ ਵਿੱਚ ਅਹਿਮ ਥਾਂ ਹੁੰਦੀ ਸੀ। ਪਹਿਨਣ ਤੇ ਵਰਤਣ ਲਈ ਕੱਪੜੇ ਖੱਦਰ ਤੋਂ ਹੀ ਬਣਦੇ। ਨਵੀਨ ਮੰਡੀਕਰਨ ਅਤੇ ਨਵ-ਉਦਾਰਵਾਦ ਦੇ ਯੁੱਗ ਵਿੱਚ ਮਸ਼ੀਨਰੀ ਅਤੇ ਕੰਪਿਊਟਰ ਦੀ ਆਧੁਨਿਕ ਤਕਨੀਕ ਨੇ ਖੱਦਰ ਦੀਆਂ ਰਜ਼ਾਈਆਂ ਅਤੇ ਹੋਰ ਵਸਤਾਂ ਪਰ੍ਹੇ ਧੱਕ ਕੇ ਨਰਮ ਮੁਲਾਇਮ ਕੱਪੜੇ ਅਤੇ ਰਜ਼ਾਈਆਂ ਨੂੰ ਅੱਗੇ ਲੈ ਆਂਦਾ।

ਉਸ ਸਮੇਂ ਸਕੂਲ ਕਿਸੇ ਵਿਰਲੇ ਟਾਵੇਂ ਪਿੰਡ ਵਿਚ ਹੁੰਦਾ ਸੀ। ਕੁੜੀਆਂ ਨੂੰ ਅੱਖਰ ਗਿਆਨ ਦੇਣਾ ਉਦੋਂ ਕਿਸੇ ਦੀ ਸੋਚ ਦਾ ਹਿੱਸਾ ਨਹੀਂ ਸੀ ਬਣਿਆ। ਉਨ੍ਹਾਂ ਲਈ ਘਰ ਦੇ ਕੰਮਾਂ, ਕੱਤਣ, ਕੱਢਣ ਦੇ ਕੰਮ ਵਿੱਚ ਨਿਪੁੰਨ ਹੋਣਾ ਹੀ ਜ਼ਰੂਰੀ ਸਮਝਿਆ ਜਾਂਦਾ। ਘਰ ਦੇ ਕੰਮ ਨਿਬੇੜ ਕੇ ਉਹ ਚਰਖਾ ਕੱਤਦੀਆਂ। ਸੂਤ ਤੋਂ ਖੱਦਰ ਤਿਆਰ ਹੋਣ ’ਤੇ ਉਸ ਨੂੰ ਲਾਲ ਜਾਂ ਗੁਲਾਬੀ ਰੰਗ ਨਾਲ ਰੰਗਦੀਆਂ। ਉਸ ਰੰਗਦਾਰ ਕੱਪੜੇ ’ਤੇ ਪੱਟ ਨਾਲ ਕਢਾਈ ਕਰ ਕੇ ਉਨ੍ਹਾਂ ਤੋਂ ਸਿਰ ’ਤੇ ਲੈਣ ਵਾਲੀਆਂ ਬਾਗ ਤੇ ਫੁਲਕਾਰੀਆਂ ਤਿਆਰ ਕਰਦੀਆਂ। ਉਨ੍ਹਾਂ ਉੱਪਰ ਜਦੋਂ ਉਹ ਮਨ ਦੇ ਵਲਵਲਿਆਂ ਅਤੇ ਸਿਰਜਣ ਸ਼ਕਤੀ ਦੇ ਸੁਮੇਲ ਨਾਲ ਰੀਝਾਂ ਦੇ ਫੁੱਲ ਉਕਰਦੀਆਂ ਤਾਂ ਕਢਾਈ ਕਲਾ ਦਾ ਸਿਖਰ ਹੁੰਦੀ।

ਰੀਝਾਂ ਨਾਲ ਕੱਢੇ ਇਹ ਬਾਗ ਫੁਲਕਾਰੀਆਂ, ਖੱਦਰ ਦੀਆਂ ਰਜ਼ਾਈਆਂ, ਤਲਾਈਆਂ, ਖੇਸ, ਚੁਤੈਈਆਂ ਤੇ ਕੁਝ ਹੋਰ ਮਾੜਾ ਮੋਟਾ ਸਾਮਾਨ ਮਾਪੇ ਧੀਆਂ ਨੂੰ ਵਿਆਹ ਸਮੇਂ ਪਿਆਰ ਅਤੇ ਮਮਤਾ ਨਾਲ ਤੋਹਫੇ ਵਜੋਂ ਦਿੰਦੇ ਜਿਸ ਨੂੰ ਦਾਜ ਕਿਹਾ ਜਾਂਦਾ। ਮਾਪਿਆਂ ਦੇ ਦਿੱਤੇ ਇਹ ਤੋਹਫ਼ੇ ਸਹੁਰੇ ਘਰ ਵਾਲੇ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲੈਂਦੇ। ਪਰਿਵਾਰ ਦੀ ਸਾਂਝੀ ਕਿਰਤ ਨਾਲ ਬਣਾਏ ਅਤੇ ਮੋਹ ਮੁਹੱਬਤਾਂ ਨਾਲ ਤਿਆਰ ਕੀਤੇ ਤੋਹਫ਼ੇ ਧੀਆਂ ਨੂੰ ਦਾਜ ਵਿੱਚ ਦੇਣ ਸਮੇਂ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇੱਕ ਦਿਨ ਇਹ ਦਾਜ ਅਜਿਹਾ ਸਮਾਜਿਕ ਕਲੰਕ ਬਣ ਜਾਵੇਗਾ ਜੋ ਮਾਪਿਆਂ ਅਤੇ ਧੀਆਂ ਲਈ ਗਲ ਦਾ ਫੰਦਾ ਬਣ ਜਾਵੇਗਾ। ਹੋਰ ਤਾਂ ਹੋਰ, ਇਹ ਸਹਿਜ ਤੁਰਦੀ ਜ਼ਿੰਦਗੀ ਨੂੰ ਬਦਲ ਕੇ ਵੱਡੀ ਤਬਦੀਲੀ ਲਿਆਉਣ ਦਾ ਕਾਰਕ ਬਣੇਗਾ। ਸਮੇਂ ਦੇ ਗੇੜ ਨਾਲ ਖੱਦਰ ਦੀਆਂ ਰਜ਼ਾਈਆਂ ਵਾਂਗ ਦਾਜ ਦਾ ਰੂਪ ਵੀ ਬਦਲ ਗਿਆ। ਮੇਰੀ ਦਾਦੀ ਦੱਸਦੀ ਹੁੰਦੀ ਸੀ ਕਿ ਉਸ ਸਮੇਂ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਸਾਡੇ ਪਿੰਡ ’ਚ ਪਹਿਲੀ ਵਾਰ ਦਾਜ ਵਿੱਚ ਸਾਈਕਲ ਆਇਆ। ਕਈ ਦਿਨ ਪਿੰਡ ਵਿਚ ਸਾਈਕਲ ਦੀਆਂ ਗੱਲਾਂ ਹੁੰਦੀਆਂ ਰਹੀਆਂ।

ਗੱਲ ਸਾਈਕਲ ’ਤੇ ਹੀ ਨਾ ਰੁਕੀ, ਸਾਈਕਲ ਤੋਂ ਬਾਅਦ ਘੜੀ ਅਤੇ ਫਿਰ ਰੇਡੀਓ ਦਾਜ ਦਾ ਹਿੱਸਾ ਬਣ ਗਏ। ਤੁਰ ਕੇ ਵਾਟਾਂ ਗਾਹੁੰਦੇ, ਪ੍ਰਛਾਵਿਆਂ, ਤਾਰਿਆਂ ਅਤੇ ਖਿੱਤੀਆਂ ਤੋਂ ਸਮੇਂ ਦਾ ਅੰਦਾਜ਼ਾ ਲਾਉਂਦੇ ਮਨੁੱਖ ਨੇ ਆਵਾਜਾਈ, ਸਮਾਂ ਅਤੇ ਸੰਚਾਰ ਦੇ ਨਵੇਂ ਯੁੱਗ ਵਿੱਚ ਪ੍ਰਵੇਸ਼ ਕੀਤਾ। ਇਸ ਨੇ ਸਾਡੇ ਸੱਭਿਆਚਾਰ ਵਿੱਚ ਤਬਦੀਲੀ ਲਿਆਂਦੀ। ਮਨੁੱਖੀ ਮਨ ਵਿੱਚ ਆਈ ਲਾਲਸਾ ਨੇ ਦਾਜ ਲਈ ਲੋਭ ਵਧਾ ਦਿੱਤਾ। ਲੜਕੇ ਵਾਲੇ ਲੜਕੀ ਵਾਲਿਆਂ ਦੇ ਤੋਹਫਿਆਂ ਤੋਂ ਸੰਤੁਸ਼ਟ ਨਾ ਹੋ ਕੇ ਦਾਜ ਦੀ ਮਰਜ਼ੀ ਮੁਤਾਬਿਕ ਮੰਗ ਕਰਨ ਲੱਗੇ। ਇਉਂ ਦਾਜ ਵਿੱਚ ਦਿੱਤੀਆਂ ਜਾਂਦੀਆਂ ਵਸਤਾਂ ਵਿੱਚ ਵਾਧਾ ਹੁੰਦਾ ਗਿਆ। ਗੱਲ ਸਾਈਕਲ ਤੋਂ ਸਕੂਟਰ, ਮੋਟਰਸਾਈਕਲ ਤੇ ਮਰੂਤੀ ਕਾਰ ਤੋਂ ਹੁੰਦੀ ਹੋਈ ਲਗਜ਼ਰੀ ਕਾਰਾਂ ਤੱਕ ਪਹੁੰਚ ਗਈ। ਇਸੇ ਤਰ੍ਹਾਂ ਘੜੀ ਤੋਂ ਮੋਬਾਈਲ, ਸਮਾਰਟ ਫੋਨ ਤੋਂ ਆਈ ਫੋਨ ਦੇ ਰਾਹ ਤੁਰ ਪਈ। ਰੇਡੀਓ ਤੋਂ ਅੱਗੇ ਟੀਵੀ, ਐੱਲਸੀਡੀ, ਐੱਲਈਡੀ ਤੋਂ ਵੀ ਅੱਗੇ ਤੁਰ ਗਈ। ਨਕਦੀ ਅਤੇ ਗਹਿਣੇ ਵੀ ਹਿੱਸਾ ਬਣੇ। ਇਹ ਕੁਝ ਤਾਂ ਖਾਂਦੇ-ਪੀਂਦੇ ਘਰਾਂ ਤੱਕ ਸੀਮਤ ਹੈ। ਇਸ ਤੋਂ ਅੱਗੇ ਵਾਲਿਆਂ ਦਾ ਤਾਂ ਕਿਆਸ ਵੀ ਨਹੀਂ ਲਾਇਆ ਜਾ ਸਕਦਾ, ਕੀ ਕੁਝ ਚੱਲਦਾ।

ਵਿਆਹ ਵਰਗੀ ਪਵਿੱਤਰ ਰਸਮ ਇੱਕ ਸੌਦਾ ਬਣ ਗਈ। ਲੜਕੀ ਦੇ ਗੁਣਾਂ ਦੀ ਥਾਂ ਪਦਾਰਥਕ ਵਸਤਾਂ ਦੀ ਕੀਮਤ ਵੱਧ ਹੋਣ ਲੱਗ ਪਈ। ਲੜਕੀਆਂ ਦੀ ਹੋਂਦ ਅਤੇ ਗੁਣਾਂ ਨੂੰ ਦਾਜ ਰੂਪੀ ਦੈਂਤ ਨੇ ਨਿਗਲ ਲਿਆ ਤੇ ਸਮਾਜਿਕ ਲਾਹਣਤ ਦਾ ਰੂਪ ਲੈ ਲਿਆ। ਇਸ ਲਾਹਣਤ ਦਾ ਸ਼ਿਕਾਰ ਬਣੇ ਧੀਆਂ ਦੇ ਉਹ ਮਾਪੇ ਜਿਨ੍ਹਾਂ ਦੀ ਦਾਜ ਦੇਣ ਦੀ ਪੁੱਗਤ ਨਹੀਂ ਸੀ। ਜੇ ਉਹ ਕਰਜ਼ਾ ਚੁੱਕ ਕੇ ਧੀ ਦੇ ਸਹੁਰਿਆਂ ਦੀਆਂ ਮੰਗਾਂ ਪੂਰੀਆਂ ਕਰਦੇ ਤਾਂ ਜਦੋਂ ਸਿਰ ਚੜ੍ਹੇ ਕਰਜ਼ੇ ਕਾਰਨ ਦਿਨ-ਰਾਤ ਫਿ਼ਕਰਾਂ ਨਾਲ ਘੁਲਦੇ ਰਹਿੰਦੇ। ਇਹ ਫਿ਼ਕਰ ਕਈ ਵਾਰ ਉਨ੍ਹਾਂ ਨੂੰ ਮਾਨਸਿਕ ਰੋਗੀ ਬਣਾ ਦਿੰਦਾ ਜਿਹੜਾ ਅੱਗੇ ਜਾ ਕੇ ਅਜਿਹੇ ਮੋੜ ’ਤੇ ਖੜ੍ਹਾ ਕਰ ਦਿੰਦਾ ਕਿ ਉਹ ਜ਼ਿੰਦਗੀ ਨਾਲੋਂ ਮੌਤ ਨੂੰ ਤਰਜੀਹ ਦੇਣ ਬਾਰੇ ਸੋਚਣ ਲੱਗ ਪੈਂਦਾ।

ਜਿਨ੍ਹਾਂ ਧੀਆਂ ਦੇ ਮਾਪਿਆਂ ਦੀ ਪਹੁੰਚ ਨਾ ਦਾਜ ਦੇਣ ਜੋਗੀ ਅਤੇ ਨਾ ਹੀ ਕਰਜ਼ਾ ਚੁੱਕਣ ਦੀ ਹੁੰਦੀ ਹੈ, ਉਹ ਚਾਅ, ਸੱਧਰਾਂ ਤੇ ਸੁਫਨਿਆਂ ਨੂੰ ਆਪਣੇ ਅੰਦਰ ਦੱਬੀ ਸਿਸਕ-ਸਿਸਕ ਕੇ ਜਵਾਨੀ ਦੀ ਦਹਿਲੀਜ਼ ਪਾਰ ਕਰਦੀਆਂ, ਕੰਵਾਰੀਆਂ ਬੈਠੀਆਂ ਧੀਆਂ ਨੂੰ ਦੇਖਣ ਲਈ ਮਜਬੂਰ ਹੁੰਦੇ ਹਨ। ਦਾਜ ਦੇ ਲੋਭੀਆਂ ਦੀਆਂ ਵਧਦੀਆਂ ਮੰਗਾਂ ਪੂਰੀਆਂ ਨਾ ਹੋਣ ’ਤੇ ਨੂੰਹ ਨੂੰ ਤਸ਼ੱਦਦ ਅਤੇ ਮੌਤ ਦਾ ਸ਼ਿਕਾਰ ਹੋਣਾ ਪੈਂਦਾ। ਇਸ ਸਦਕਾ ਹੀ ਕੋਈ ਲੜਕੀ ਪੈਦਾ ਹੋਣ ਤੋਂ ਪਹਿਲਾਂ ਹੀ ਮਾਂ ਦੀ ਕੁੱਖ ’ਚ ਹੀ ਖ਼ਤਮ ਕਰ ਦਿੱਤੀ ਜਾਂਦੀ ਹੈ। ਲਿੰਗ ਅਨੁਪਾਤ ’ਚ ਧੀਆਂ ਦੀ ਗਿਣਤੀ ਘਟਣਾ ਵੀ ਦਾਜ ਦਾ ਇੱਕ ਕਾਰਨ ਹੈ। ਧੀਆਂ ਜੰਮਣ ਵਾਲੀ ਔਰਤ ਨੂੰ ਤਾਹਨੇ-ਮਿਹਣੇ ਤੇ ਕੁੱਟਮਾਰ ਤੱਕ ਸਹਿਣੇ ਪੈਂਦੇ।

ਸਾਂਝਾ ਕਰੋ

ਪੜ੍ਹੋ