
ਚੰਡੀਗੜ੍ਹ, 7 ਅਪ੍ਰੈਲ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨਵਾਂਸ਼ਹਿਰ ਵਿੱਚ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਵੀ ਮੌਜੂਦ ਸਨ। ਸਰਕਾਰ ਇਸਨੂੰ ਸਿੱਖਿਆ ਕ੍ਰਾਂਤੀ ਕਹਿ ਰਹੀ ਹੈ ਪਰ ਇਸ ਦੌਰਾਨ ਇੱਕ ਪੋਸਟ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਸਰਕਾਰ ਕਸੂਤੀ ਘਿਰਦੀ ਜਾਪਦੀ ਹੈ। ਇਸ ਨੂੰ ਲੈ ਕੇ ਹਲਕਾ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਪਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸੋਸ਼ਲ ਮੀਡੀਆ ਦੀ ਲਤ ਵਿਚ ਫਸੀ ਭਗਵੰਤ ਮਾਨ ਸਰਕਾਰ ਹੁਣ ਆਪਣੀ ਵਾਹ-ਵਾਹ ਲਈ ਅਧਿਆਪਕਾਂ ਨੂੰ ਵੀ IT ਸੈੱਲ ਵਜੋਂ ਵਰਤ ਰਹੀ ਹੈ।
ਅਧਿਆਪਕਾਂ ਨੂੰ X (ਟਵਿੱਟਰ) ਅਕਾਊਂਟ ਬਣਾਉਣ, #PunjabSikhyaKranti ਹੈਸ਼ਟੈਗ ਵਰਤਣ ਤੇ ਸਿਰਫ਼ ਸਕਾਰਾਤਮਕ ਪੋਸਟਾਂ ਕਰਨ ਦੇ ਹੁਕਮ ਦਿੱਤੇ ਗਏ ਹਨ—ਤਾਂ ਕਿ ਸਕੂਲਾਂ ਦੀ ਰੂਟੀਨ ਆਮ ਮੁਰੰਮਤ ਨੂੰ ਵੀ “ਕ੍ਰਾਂਤੀ” ਵਜੋਂ ਦਿਖਾਇਆ ਜਾ ਸਕੇ! ਇਹ ਸਿੱਖਿਆ ਕ੍ਰਾਂਤੀ ਨਹੀਂ, ਸਰਕਾਰੀ ਪ੍ਰਚਾਰ ਮੁਹਿੰਮ ਹੈ!ਇਸ ਮੁੱਦੇ ਨੂੰ ਲੈ ਕੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਡੇਢ ਮਿੰਟ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਦਿੱਲੀ ਨੂੰ ਬਰਬਾਦ ਕਰਨ ਤੋਂ ਬਾਅਦ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਪੰਜਾਬ ਚਲੇ ਗਏ। ਅੱਜ ਮੈਂ ਹੈਰਾਨ ਸੀ ਕਿ ਉਨ੍ਹਾਂ ਨੇ ਅਧਿਆਪਕਾਂ ਨੂੰ ਇਹ ਹੁਕਮ ਕਿਵੇਂ ਜਾਰੀ ਕੀਤਾ ਕਿ ਤੁਹਾਨੂੰ ਸਾਰਿਆਂ ਨੂੰ ਸੋਸ਼ਲ ਮੀਡੀਆ ‘ਤੇ ਆਪਣੇ ਖਾਤੇ ਬਣਾਉਣੇ ਚਾਹੀਦੇ ਹਨ, ਨਾਲ ਹੀ, ਜਦੋਂ ਵੀ ਉਨ੍ਹਾਂ ਦਾ ਕੋਈ ਮੰਤਰੀ ਜਾਂ ਵਿਧਾਇਕ ਸਕੂਲ ਆਉਂਦਾ ਹੈ, ਤਾਂ ਉਸਦਾ ਸਿੱਧਾ ਪ੍ਰਸਾਰਣ ਕਰੋ। ਇਸਦਾ ਮਤਲਬ ਹੈ ਕਿ ਉਹ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਬਣ ਗਿਆ ਹੈ। ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ, ਅਧਿਆਪਕ ਉਨ੍ਹਾਂ ਦੀਆਂ ਵੀਡੀਓ ਬਣਾਉਣਗੇ ਤਾਂ ਬੱਚੇ ਕਿਵੇਂ ਪੜ੍ਹਨਗੇ? ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੇ ਪੰਜਾਬ ਦੇ ਭਵਿੱਖ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਹੈ।