March 13, 2025

ਰੂਸ-ਯੂਕਰੇਨ ਗੋਲੀਬੰਦੀ

ਅਮਰੀਕਾ ਵੱਲੋਂ ਯੂਕਰੇਨ ਨੂੰ 30 ਦਿਨਾਂ ਦੀ ਗੋਲੀਬੰਦੀ ਲਈ ਮਨਾਉਣਾ ਰੂਸ ਨਾਲ ਚੱਲ ਰਹੀ ਇਸ ਦੀ ਜੰਗ ਵਿੱਚ ਅਹਿਮ ਮੋੜ ਹੈ। ਅਮਰੀਕਾ ਦੇ ਰੱਖੇ ਪ੍ਰਸਤਾਵ ਨੂੰ ਯੂਕਰੇਨ ਨੇ ਸਵੀਕਾਰ ਕੀਤਾ ਹੈ। ਇਹ ਟਕਰਾਅ ਤੁਰੰਤ ਰੁਕਣ ਨਾਲ ਭਾਵੇਂ ਤਬਾਹੀ ਤੋਂ ਕੁਝ ਸਮੇਂ ਲਈ ਰਾਹਤ ਜ਼ਰੂਰ ਮਿਲੇਗੀ, ਪਰ ਬੁਨਿਆਦੀ ਸਵਾਲ ਅਜੇ ਵੀ ਕਾਇਮ ਹੈ: ਕੀ ਇਹ ਹੰਢਣਸਾਰ ਸ਼ਾਂਤੀ ਲਈ ਚੁੱਕਿਆ ਗਿਆ ਅਸਲ ਕਦਮ ਹੈ ਜਾਂ ਮਹਿਜ਼ ਆਰਜ਼ੀ ਰਣਨੀਤਕ ਦਾਅ ਖੇਡਿਆ ਗਿਆ ਹੈ? ਗੋਲੀਬੰਦੀ ਸਮਝੌਤੇ ਤੋਂ ਬਾਅਦ ਅਮਰੀਕਾ ਵੱਲੋਂ ਕੀਵ ਨੂੰ ਫ਼ੌਜੀ ਮਦਦ ਅਤੇ ਖੁਫ਼ੀਆ ਜਾਣਕਾਰੀ ਦੇਣ ਦੇ ਫ਼ੈਸਲੇ ਤੋਂ ਸਪੱਸ਼ਟ ਹੈ ਕਿ ਇਹ ਸ਼ਾਂਤੀ ਨਾਜ਼ੁਕ ਹੈ ਅਤੇ ਕਦੇ ਵੀ ਭੰਗ ਹੋ ਸਕਦੀ ਹੈ। ਵਾਸ਼ਿੰਗਟਨ ਦੀ ਸ਼ਮੂਲੀਅਤ ਲੈਣ-ਦੇਣ ਵਾਲੀ ਰਹੀ ਹੈ, ਜੋ ਅਕਸਰ ਇਸ ਦੇ ਆਪਣੇ ਭੂ-ਰਾਜਨੀਤਕ ਹਿੱਤਾਂ ਨਾਲ ਜੁੜੀ ਹੁੰਦੀ ਹੈ। ਇਸ ਦਾ ਸਬੂਤ ਹਾਲ ਹੀ ਵਿੱਚ ਯੂਕਰੇਨ ਅਤੇ ਅਮਰੀਕਾ ਵਿਚਾਲੇ ਦੁਰਲੱਭ ਖਣਿਜਾਂ ਲਈ ਦੁਬਾਰਾ ਹੋਇਆ ਸਮਝੌਤਾ ਹੈ। ਇਹ ਸ਼ੱਕ ਪੈਦਾ ਕਰਦਾ ਹੈ ਕਿ ਕੀ ਵਾਕਈ ਇਹ ਗੋਲੀਬੰਦੀ ਟਕਰਾਅ ਠੱਲ੍ਹਣ ਲਈ ਹੈ ਜਾਂ ਆਰਥਿਕ ਤੇ ਰਣਨੀਤਕ ਲਾਹਾ ਲੈਣ ਦਾ ਮਹਿਜ਼ ਜ਼ਰੀਆ ਹੈ। ਅਮਰੀਕਾ ਵੱਲੋਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣੇ ਹਿੱਤਾਂ ਨੂੰ ਪਹਿਲ ਦੇਣ ਦੇ ਦ੍ਰਿਸ਼ਟੀਕੋਣ ਤੋਂ ਸਾਰੇ ਵਾਕਿਫ਼ ਹਨ। ਇਸ ਤੋਂ ਇਲਾਵਾ ਰੂਸ ਦੇ ਹੁੰਗਾਰੇ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਗੋਲੀਬੰਦੀ ਲਈ ਵਚਨਬੱਧ ਨਹੀਂ ਹਨ ਤੇ ਗੋਲੀਬੰਦੀ ਦੀਆਂ ਪਹਿਲਾਂ ਹੋਈਆਂ ਕੋਸ਼ਿਸ਼ਾਂ ਲੰਮਾਂ ਸਮਾਂ ਨਹੀਂ ਕੱਢ ਸਕੀਆਂ। ਜੇਕਰ ਮਾਸਕੋ ਇਸ ਦਾ ਪਾਲਣ ਨਹੀਂ ਕਰਦਾ ਤਾਂ ਟਕਰਾਅ ਬੇਰੋਕ ਜਾਰੀ ਰਹੇਗਾ; ਸਿੱਟੇ ਵਜੋਂ ਇਹ ਸਮਝੌਤਾ ਅਰਥਹੀਣ ਸਾਬਿਤ ਹੋਵੇਗਾ। ਇਸ ਲਈ ਰੂਸ ਦਾ ਵਚਨਬੱਧਤਾ ਨਾਲ ਧਿਰ ਬਣਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਅਮਰੀਕਾ-ਯੂਕਰੇਨ ਦੇ ਸਾਂਝੇ ਬਿਆਨ ਵਿੱਚ ਯੂਕਰੇਨ ਲਈ ਠੋਸ ਸੁਰੱਖਿਆ ਗਾਰੰਟੀ ਦੀ ਗ਼ੈਰ-ਮੌਜੂਦਗੀ ਦਰਸਾਉਂਦੀ ਹੈ ਕਿ ਕੀਵ ਨੂੰ ਸ਼ਾਇਦ ਲੰਮੇ ਸਮੇਂ ਲਈ ਉਹ ਭਰੋਸਾ ਨਹੀਂ ਮਿਲ ਸਕਿਆ ਜੋ ਇਹ ਚਾਹੁੰਦਾ ਹੈ। ਯੂਰੋਪ ਵੀ ਯੂਕਰੇਨ ਲਈ ਸੁਰੱਖਿਆ ਗਾਰੰਟੀ ਦੀ ਮੰਗ ਕਰ ਰਿਹਾ ਹੈ ਅਤੇ ਲਾਮਬੰਦ ਹੋਇਆ ਹੈ। ਗੋਲੀਬੰਦੀ ਦੀ ਸਫਲਤਾ ਇਸ ਚੀਜ਼ ’ਤੇ ਨਿਰਭਰ ਕਰੇਗੀ ਕਿ ਕੀ ਇਹ ਟਕਰਾਅ ਹੋਰ ਵਧਣ ਤੋਂ ਪਹਿਲਾਂ ਮਹਿਜ਼ ਵਿਰਾਮ ਦਾ ਕੰਮ ਕਰਨ ਦੀ ਬਜਾਇ, ਅਰਥਪੂਰਨ ਸੰਵਾਦ ਨੂੰ ਜਨਮ ਦਿੰਦੀ ਹੈ ਜਾਂ ਨਹੀਂ। ਜੇਕਰ ਕੂਟਨੀਤੀ ਕੰਮ ਨਹੀਂ ਕਰਦੀ ਤਾਂ ਜੰਗ ਪਹਿਲਾਂ ਨਾਲੋਂ ਵੱਧ ਭੜਕ ਕੇ ਮੁੜ ਸ਼ੁਰੂ ਹੋ ਸਕਦੀ ਹੈ; ਹਾਲਾਂਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਸ਼ਾਂਤੀ ਲਈ ਵਚਨਬੱਧਤਾ ਦਾ ਸੰਕੇਤ ਕੀਤਾ ਹੈ, ਇਸ ਲਈ ਦਬਾਅ ਹੁਣ ਰੂਸ ਉੱਤੇ ਹੈ।

ਰੂਸ-ਯੂਕਰੇਨ ਗੋਲੀਬੰਦੀ Read More »

ਅਮਰੀਕਾ ਨੇ ਗੁਆਂਤਾਨਾਮੋ ਬੇ ਤੋਂ ਬਾਕੀ ਬਚੇ ਪ੍ਰਵਾਸੀਆਂ ਨੂੰ ਬਾਹਰ ਕੱਢਿਆ

ਅਮਰੀਕਾ, 13 ਮਾਰਚ – ਸੰਯੁਕਤ ਰਾਜ ਅਮਰੀਕਾ ਨੇ ਕਿਊਬਾ ਦੇ ਗਵਾਂਤਾਨਾਮੋ ਬੇ ਵਿਖੇ ਆਪਣੇ ਜਲ ਸੈਨਾ ਦੇ ਬੇਸ ’ਤੇ ਰੱਖੇ ਪ੍ਰਵਾਸੀਆਂ ਦੇ ਆਖ਼ਰੀ ਸਮੂਹ ਨੂੰ ਬਾਹਰ ਕੱਢ ਲਿਆ ਹੈ, ਅਤੇ ਉਨ੍ਹਾਂ ਨੂੰ ਦੇਸ਼ ਨਿਕਾਲੇ ਦੀ ਉਡੀਕ ਕਰਨ ਲਈ ਅਮਰੀਕਾ ਦੀ ਮੁੱਖ ਭੂਮੀ ’ਤੇ ਵਾਪਸ ਭੇਜ ਦਿਤਾ ਹੈ। ਦੋ ਅਮਰੀਕੀ ਰੱਖਿਆ ਅਧਿਕਾਰੀਆਂ ਨੇ ਬੁਧਵਾਰ ਨੂੰ ਵੀਓਏ ਨੂੰ ਦੱਸਿਆ ਕਿ ਬੇਸ ਦੇ ਨਜ਼ਰਬੰਦੀ ਕੇਂਦਰ ਵਿੱਚ ਰੱਖੇ ਗਏ 23 ‘ਉੱਚ-ਜੋਖ਼ਮ’ ਵਾਲੇ ਗ਼ੈਰ-ਕਾਨੂੰਨੀ ਪ੍ਰਵਾਸੀ’ ਸਮੇਤ 40 ਨਜ਼ਰਬੰਦਾਂ ਨੂੰ ਮੰਗਲਵਾਰ ਨੂੰ ਲੁਈਸਿਆਨਾ ਭੇਜਿਆ ਗਿਆ। ਅਧਿਕਾਰੀਆਂ ਨੇ ਅਪਰੇਸ਼ਨ ਬਾਰੇ ਚਰਚਾ ਕਰਨ ਲਈ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਬੋਲਦਿਆਂ ਕਿਹਾ ਕਿ ਨਜ਼ਰਬੰਦਾਂ ਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ਆਈਸੀਈ) ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਗ਼ੈਰ-ਫ਼ੌਜੀ ਜਹਾਜ਼ ’ਤੇ ਲਿਜਾਇਆ ਗਿਆ ਸੀ। ਨਾ ਤਾਂ ਆਈਸੀਈ ਅਤੇ ਨਾ ਹੀ ਇਸਦੀ ਮੂਲ ਏਜੰਸੀ, ਹੋਮਲੈਂਡ ਸਕਿਓਰਿਟੀ ਵਿਭਾਗ ਨੇ ਇਸ ’ਤੇ ਕੋਈ ਟਿੱਪਣੀ ਕੀਤੀ। ਪਿਛਲੇ ਹਫ਼ਤੇ, ਗਵਾਂਤਾਨਾਮੋ ਵਿਖੇ ਨਜ਼ਰਬੰਦਾਂ ਬਾਰੇ ਅਪਡੇਟ ਕੀਤੀ ਜਾਣਕਾਰੀ ਦੀ ਬੇਨਤੀ ਦੇ ਜਵਾਬ ਵਿੱਚ, ਇੱਕ ਆਈਸੀਈ ਦੇ ਬੁਲਾਰੇ ਨੇ ‘ਬਕਾਇਆ ਮੁਕੱਦਮੇ ਕਾਰਨ’ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਧੀਨ ਅਮਰੀਕੀ ਦੇਸ਼ ਨਿਕਾਲੇ ਦੇ ਯਤਨਾਂ ਦੀ ਅਗਵਾਈ ਕਰਨ ਵਾਲੇ ਆਈਸੀਈ ਅਤੇ ਡੀਐਚਐਸ ਨੇ ਬੰਦੀਆਂ ਦੀ ਪਹਿਚਾਣ, ਉਨ੍ਹਾਂ ਦੇ ਮੂਲ ਦੇਸ਼ ਜਾਂ ਉਨ੍ਹਾਂ ’ਤੇ ਲਗਾਏ ਗਏ ਅਪਰਾਧਾਂ ਬਾਰੇ ਸਵਾਲਾਂ ਦਾ ਜਵਾਬ ਦੇਣ ਤੋਂ ਵਾਰ ਵਾਰ ਇਨਕਾਰ ਕਰ ਦਿਤਾ ਹੈ।

ਅਮਰੀਕਾ ਨੇ ਗੁਆਂਤਾਨਾਮੋ ਬੇ ਤੋਂ ਬਾਕੀ ਬਚੇ ਪ੍ਰਵਾਸੀਆਂ ਨੂੰ ਬਾਹਰ ਕੱਢਿਆ Read More »

ਹੋਲੇ ਮਹੱਲੇ ਦਾ ਦੂਜਾ ਪੜਾਅ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ

ਸ੍ਰੀ ਆਨੰਦਪੁਰ ਸਾਹਿਬ, 13 ਮਾਰਚ – ਹੋਲੇ ਮਹੱਲੇ ਦੇ ਪਹਿਲਾ ਪੜਾਅ ਕੀਰਤਪੁਰ ਸਾਹਿਬ ਵਿਖੇ ਸੰਪੂਰਨ ਹੋਣ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭਤਾ ਹੋਈ , ਜੋ 13 14 15 ਤਰੀਕ ਨੂੰ ਮਹੱਲਾ ਕੱਢਿਆ ਜਾਵੇਗਾ। ਹੋਲੇ ਮਹੱਲੇ ਦੌਰਾਨ ਸੰਗਤ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਮੇਲਾ ਖੇਤਰ ’ਚ ਜਾਮ ਦੀ ਸਮੱਸਿਆ ਨਾ ਆਵੇ ਇਸ ਨੂੰ ਦੇਖਦਿਆਂ ਹੋਇਆ ਝਿੰਗੜੀ ਚੌਂਕ ਵਿਖੇ ਪੁੱਡਾ ਕਲੋਨੀ ’ਚ ਪਾਰਕਿੰਗ ਦੀ ਸੁਵਿਧਾ ਬਣਾਈ ਗਈ ਹੈ ਅਤੇ ਇੱਥੋਂ ਹੀ ਟਰੈਕਟਰ ਟਰਾਲੀਆਂ ਬੱਸਾਂ ਟਰੱਕ ਰੋਕੇ ਜਾ ਰਹੇ ਹਨ। ਲੇਕਿਨ ਹਿਮਾਚਲ ਨੂੰ ਜਾਣ ਲਈ ਗੱਡੀਆਂ, ਬੱਸਾਂ, ਲੰਗਰਾਂ ਦੀਆਂ ਗੱਡੀਆਂ ਐਂਮਰਜਸੀ ਨੂੰ ਨਹੀਂ ਰੋਕਿਆ ਜਾ ਰਿਹਾ ਅਤੇ ਇੱਥੋਂ ਹੀ ਸੰਗਤ ਦੀ ਸਹੂਲਤ ਦੇ ਲਈ ਈ ਰਿਕਸ਼ਾ ਅਤੇ ਬੱਸਾਂ ਦੀ ਸੁਵਿਧਾ ਫਰੀ ’ਚ ਸੰਗਤ ਲਈ ਕੀਤੀ ਗਈ ਹੈ ਤਾਂ ਜੋ ਸੰਗਤ ਨੂੰ ਪੈਦਲ ਇਥੋਂ ਨਾ ਜਾਣ ਕਰ ਕੇ ਈ ਰਿਕਸ਼ਾ ਤੇ ਬੱਸਾਂ ਵਿੱਚ ਆਉਣ ਜਾਣ ਦੀ ਸੁਵਿਧਾ ਪ੍ਰਾਪਤ ਕੀਤੀ ਗਈ ਹੈ। ਕਿਉਂਕਿ ਮੇਲਾ ਖੇਤਰ ’ਚ ਟਰੈਕਟਰ ਟਰਾਲੀਆਂ ਬੱਸਾਂ ਅਤੇ ਟਰੱਕ ਜਾਣ ਦੇ ਕਾਰਨ ਜਾਮ ਦੀ ਸਮੱਸਿਆ ਬਣ ਜਾਂਦੀ ਹੈ ਜਿਸ ਕਾਰਨ ਐਂਮਰਜਸੀ ਸੁਵਿਧਾ ਨੂੰ ਵੀ ਪ੍ਰੇਸ਼ਾਨੀ ਆਉਂਦੀ ਹੈ ਅਤੇ ਪੈਦਲ ਆਉਂਦੀ ਜਾਂਦੀ ਸੰਗਤ ਲਈ ਵੀ ਪ੍ਰੇਸ਼ਾਨੀ ਪੈਦਾ ਹੋ ਜਾਂਦੀ ਹੈ ।

ਹੋਲੇ ਮਹੱਲੇ ਦਾ ਦੂਜਾ ਪੜਾਅ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ Read More »

ਮੋਹਾਲੀ ‘ਚ ਇੱਕ ਹਫ਼ਤੇ ਵਿੱਚ 1.5 ਕਰੋੜ ਦੇ ਕੀਤੇ ਗਏ ਟ੍ਰੈਫ਼ਿਕ ਚਲਾਨ

ਮੋਹਾਲੀ, 13 ਮਾਰਚ – ਪੰਜਾਬ ਦੇ ਮੋਹਾਲੀ ਸ਼ਹਿਰ ਵਿੱਚ ਸਰਕਾਰ ਨੇ ਸੜਕ ਹਾਦਸਿਆਂ ਨੂੰ ਰੋਕਣ ਅਤੇ ਅਪਰਾਧੀਆਂ ਨਾਲ ਨਜਿੱਠਣ ਲਈ ਚੰਡੀਗੜ੍ਹ ਵਾਂਗ ਸ਼ਹਿਰ ਦੀ ਨਿਗਰਾਨੀ ਅਤੇ ਟ੍ਰੈਫ਼ਿਕ ਪ੍ਰਬੰਧਨ ਪ੍ਰਣਾਲੀ ਸ਼ੁਰੂ ਕੀਤੀ ਹੈ। ਪਰ ਇਹ ਪ੍ਰਣਾਲੀ ਹੁਣ ਲੋਕਾਂ ਦੀਆਂ ਜੇਬਾਂ ‘ਤੇ ਬੋਝ ਸਾਬਤ ਹੋ ਰਹੀ ਹੈ। ਹਾਲਾਤ ਇਹ ਹਨ ਕਿ ਇੱਕ ਹਫ਼ਤੇ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਨੂੰ 1.5 ਕਰੋੜ ਦੇ ਈ-ਚਲਾਨ ਜਾਰੀ ਕੀਤੇ ਗਏ ਹਨ। ਹੈਲਮੇਟ ਨਾ ਪਹਿਨਣ ਵਾਲੀਆਂ ਔਰਤਾਂ ਦੇ ਚਲਾਨ ਵੀ ਕੱਟੇ ਗਏ ਹਨ। ਜੇਕਰ ਸਥਿਤੀ ਇਹੀ ਰਹੀ ਤਾਂ ਇੱਕ ਸਾਲ ਵਿੱਚ ਮੋਹਾਲੀ ਨਗਰ ਨਿਗਮ ਈ-ਚਲਾਨਾਂ ਤੋਂ ਪ੍ਰਾਪਰਟੀ ਟੈਕਸ ਤੋਂ ਹੋਣ ਵਾਲੇ 33 ਕਰੋੜ ਰੁਪਏ ਨਾਲੋਂ ਵੱਧ (36 ਕਰੋੜ ਰੁਪਏ) ਕਮਾਏਗਾ। ਹਾਲਾਂਕਿ, ਸੀਐਮ ਭਗਵੰਤ ਮਾਨ ਨੇ ਖੁਦ ਕਿਹਾ ਹੈ ਕਿ ਉਨ੍ਹਾਂ ਦਾ ਉਦੇਸ਼ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣਾ ਹੈ, ਨਾ ਕਿ ਉਨ੍ਹਾਂ ਨੂੰ ਚਲਾਨ ਜਾਰੀ ਕਰਨਾ। ਪੁਲਿਸ ਅਨੁਸਾਰ ਇਸ ਹਫ਼ਤੇ 13 ਹਜ਼ਾਰ ਤੋਂ ਵੱਧ ਲੋਕਾਂ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ। ਜੇਕਰ ਉਨ੍ਹਾਂ ਦੇ ਚਲਾਨ ਦੀ ਕੀਮਤ ਨਿਰਧਾਰਤ ਕੀਤੀ ਜਾਵੇ, ਤਾਂ ਇਹ ਲਗਭਗ 1.5 ਕਰੋੜ ਰੁਪਏ ਬਣਦੀ ਹੈ। ਇਹ ਚਲਾਨ ਵੱਖ-ਵੱਖ ਦੋਸ਼ਾਂ ਹੇਠ ਜਾਰੀ ਕੀਤੇ ਗਏ ਹਨ। ਜ਼ਿਆਦਾਤਰ ਚਲਾਨਾਂ ਵਿੱਚ ਜ਼ੈਬਰਾ ਕਰਾਸਿੰਗ ਦੀ ਪਾਲਣਾ ਨਾ ਕਰਨਾ, ਲਾਲ ਬੱਤੀ ਟੱਪਣਾ, ਗੱਡੀ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਨਾ ਅਤੇ ਹੈਲਮੇਟ ਨਾ ਪਹਿਨਣਾ ਸ਼ਾਮਲ ਹੈ।

ਮੋਹਾਲੀ ‘ਚ ਇੱਕ ਹਫ਼ਤੇ ਵਿੱਚ 1.5 ਕਰੋੜ ਦੇ ਕੀਤੇ ਗਏ ਟ੍ਰੈਫ਼ਿਕ ਚਲਾਨ Read More »

ਪਾਕਿ ਫੌਜੀਆਂ ਨੇ ਬਚਾਈ 190 ਯਾਤਰੀਆਂ ਦੀਆਂ ਜਾਨਾ

ਕਰਾਚੀ, 13 ਮਾਰਚ – ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬਲੋਚ ਲੜਾਕਿਆਂ ਵੱਲੋਂ ਮੰਗਲਵਾਰ ਅਗਵਾ ਕੀਤੀ ਐੱਕਸਪ੍ਰੈੱਸ ਰੇਲ ਗੱਡੀ ਦੇ 190 ਯਾਤਰੀਆਂ ਨੂੰ ਛੁਡਾ ਲਿਆ ਹੈ, ਜਦੋਂਕਿ ਇਸ ਕਾਰਵਾਈ ਦੌਰਾਨ 30 ਲੜਾਕੇ ਮਾਰੇ ਗਏ। ਰੇਲ ਗੱਡੀ ਨੂੰ ਅਗਵਾ ਕਰਨ ਵਾਲੇ ਹਥਿਆਰਬੰਦ ਬਲੋਚ ਲੜਾਕਿਆਂ ਖਿਲਾਫ ਕਾਰਵਾਈ ਦੂਜੇ ਦਿਨ ਵੀ ਜਾਰੀ ਸੀ। ਜਾਫ਼ਰ ਐੱਕਸਪ੍ਰੈੱਸ, ਜਿਸ ਦੇ ਨੌਂ ਡੱਬਿਆਂ ਵਿੱਚ 400 ਦੇ ਕਰੀਬ ਯਾਤਰੀ ਸਵਾਰ ਸਨ, ਕੋਇਟਾ ਤੋਂ ਪੇਸ਼ਾਵਰ ਜਾ ਰਹੀ ਸੀ, ਜਦੋਂ ਹਥਿਆਰਬੰਦ ਵਿਅਕਤੀਆਂ ਨੇ ਗਦਲਾਰ ਤੇ ਪੀਰੂ ਕੋਨੇਰੀ ਦੇ ਪਹਾੜੀ ਇਲਾਕੇ ਵਿਚ ਇੱਕ ਸੁਰੰਗ ’ਚ ਰੇਲ ਗੱਡੀ ਦਾ ਰਾਹ ਰੋਕ ਕੇ ਸੌ ਤੋਂ ਵੱਧ ਯਾਤਰੀਆਂ ਨੂੰ ਅਗਵਾ ਕਰ ਲਿਆ। ਉਨ੍ਹਾਂ ਰੇਲ ਗੱਡੀ ’ਤੇ ਗੋਲੀਆਂ ਵੀ ਚਲਾਈਆਂ, ਜਿਸ ਨਾਲ ਕਈ ਯਾਤਰੀ ਜ਼ਖਮੀ ਹੋ ਗਏ। ਹਮਲੇ ਦੀ ਜ਼ਿੰਮੇਵਾਰੀ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ ਐੱਲ ਏ) ਨੇ ਲਈ ਸੀ। ਕੋਇਟਾ ਤੇ ਸਿਬੀ ਦਰਮਿਆਨ ਬੋਲਨ 100 ਕਿਲੋਮੀਟਰ ਤੋਂ ਵੱਧ ਦਾ ਪਹਾੜੀ ਇਲਾਕਾ ਹੈ। ਇਸ ਇਲਾਕੇ ਵਿਚ 17 ਸੁਰੰਗਾਂ ਹਨ, ਜਿਸ ਵਿੱਚੋਂ ਰੇਲ ਮਾਰਗ ਗੁਜ਼ਰਦਾ ਹੈ। ਮੁਸ਼ਕਲ ਪਹਾੜੀ ਇਲਾਕੇ ਕਰਕੇ ਰੇਲ ਗੱਡੀਆਂ ਆਮ ਕਰਕੇ ਧੀਮੀ ਰਫਤਾਰ ਨਾਲ ਲੰਘਦੀਆਂ ਹਨ। ਸੁਰੱਖਿਆ ਬਲਾਂ ਨੇ ਲੜਾਕਿਆਂ ਨਾਲ ਗੋਲੀਬਾਰੀ ਜਾਰੀ ਹੋਣ ਦਾ ਦਾਅਵਾ ਕਰਦਿਆਂ ਹੁਣ ਤੱਕ 190 ਯਾਤਰੀਆਂ ਨੂੰ ਬਚਾਉਣ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਵਿਚ ਮਹਿਲਾਵਾਂ ਤੇ ਬੱਚੇ ਵੀ ਹਨ। ਸਾਰੇ ਯਾਤਰੀਆਂ ਨੂੰ ਛੁਡਾਏ ਜਾਣ ਤੱਕ ਅਪਰੇਸ਼ਨ ਜਾਰੀ ਰਹੇਗਾ। ਸੂਤਰਾਂ ਨੇ ਕਿਹਾ ਕਿ ਲੜਾਕਿਆਂ ਨੇ ਹਨੇਰੇ ਦਾ ਫਾਇਦਾ ਲੈ ਕੇ ਭੱਜਣ ਲਈ ਛੋਟੇ-ਛੋਟੇ ਗਰੁੱਪ ਬਣਾਏ ਹਨ, ਪਰ ਸੁਰੱਖਿਆ ਬਲਾਂ ਨੇ ਸੁਰੰਗ ਨੂੰ ਘੇਰਾ ਪਾਇਆ ਹੋਇਆ ਹੈ ਅਤੇ ਜਲਦੀ ਹੀ ਬਾਕੀ ਬਚਦੇ ਯਾਤਰੀਆਂ ਨੂੰ ਵੀ ਬਚਾਅ ਲਿਆ ਜਾਵੇਗਾ। ਸੂਤਰਾਂ ਨੇ ਕਿਹਾ ਕਿ ਛੁਡਾਏ ਗਏ ਯਾਤਰੀਆਂ ਵਿੱਚ ਮਰਦ, ਔਰਤਾਂ ਤੇ ਬੱਚੇ ਸ਼ਾਮਲ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਇਕ ਦੂਜੀ ਰੇਲ ਗੱਡੀ ਰਾਹੀਂ ਬਲੋਚਿਸਤਾਨ ਦੇ ਕੱਚੀ ਜ਼ਿਲ੍ਹੇ ਦੇ ਮਾਚ ਕਸਬੇ ਵਿੱਚ ਭੇਜਿਆ ਗਿਆ ਹੈ। ਦੁਵੱਲੀ ਗੋਲੀਬਾਰੀ ਵਿਚ ਆਮ ਨਾਗਰਿਕਾਂ ਦੇ ਮਾਰੇ ਜਾਣ ਬਾਰੇ ਅਧਿਕਾਰਤ ਅੰਕੜੇ ਉਪਲੱਬਧ ਨਹੀਂ ਹਨ, ਪਰ ਸੁਰੱਖਿਆ ਸੂਤਰਾਂ ਨੇ ਕਿਹਾ ਕਿ ਗੋਲੀਬਾਰੀ ਵਿੱਚ ਰੇਲ ਗੱਡੀ ਦਾ ਡਰਾਈਵਰ ਅਤੇ ਕਈ ਯਾਤਰੀ ਜ਼ਖਮੀ ਹੋ ਗਏ ਹਨ। ਉਧਰ ਬੀ ਐੱਲ ਏ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਰੇਲ ਗੱਡੀ ਨੂੰ ਪਟੜੀ ਤੋਂ ਉਤਾਰ ਕੇ ਇਸ ਦਾ ਕੰਟਰੋਲ ਆਪਣੇ ਕਬਜ਼ੇ ਵਿੱਚ ਲੈ ਲਿਆ। ਉਸ ਨੇ ਛੇ ਸੁਰੱਖਿਆ ਜਵਾਨਾਂ ਨੂੰ ਮਾਰਨ ਤੇ ਸੁਰੱਖਿਆ ਕਰਮੀਆਂ ਸਣੇ 100 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦਾ ਦਾਅਵਾ ਕੀਤਾ ਸੀ।

ਪਾਕਿ ਫੌਜੀਆਂ ਨੇ ਬਚਾਈ 190 ਯਾਤਰੀਆਂ ਦੀਆਂ ਜਾਨਾ Read More »

ਕੁੜੀ ਦੇ ਕਤਲ ’ਚ ਪੰਜ ਗਿ੍ਰਫਤਾਰ, ਥਾਣੇਦਾਰ ਮੁਅੱਤਲ

ਬਠਿੰਡਾ, 13 ਮਾਰਚ – ਮੌੜ ਮੰਡੀ ਦੀ ਚੰਡੀਗੜ੍ਹ ਪੜ੍ਹਦੀ ਕੁੜੀ ਦੇ ਕਤਲ ਦੇ ਸੰਬੰਧ ’ਚ ਪੁਲਸ ਨੇ ਪੰਜ ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਲਿਆ ਹੈ ਤੇ ਡਿਊਟੀ ਵਿੱਚ ਅਣਗਹਿਲੀ ਕਰਨ ਦੇ ਦੋਸ਼ ਵਿੱਚ ਮੌੜ ਦੇ ਥਾਣੇਦਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਰੋਸ ਦੇ ਚਲਦਿਆਂ ਬੁੱਧਵਾਰ ਦੂਜੇ ਦਿਨ ਵੀ ਸ਼ਹਿਰ ਦੇ ਸਾਰੇ ਬਜ਼ਾਰ ਬੰਦ ਰਹੇ ਤੇ ਪੁਲਸ ਅਧਿਕਾਰੀਆਂ ਦੀ ਢਿੱਲੀ ਕਾਰਵਾਈ ਤੋਂ ਭੜਕੇ ਮੰਡੀ ਵਾਸੀਆਂ ਨੇ ਨੈਸ਼ਨਲ ਹਾਈਵੇ ਜਾਮ ਕਰਕੇ ਨਾਅਰੇਬਾਜ਼ੀ ਕੀਤੀ। 19 ਸਾਲਾ ਕੁੜੀ ਗਾਇਬ ਹੋ ਗਈ ਸੀ। ਪਰਵਾਰ ਨੇ ਉਸ ਦੇ ਕਤਲ ਹੋਣ ਦਾ ਸ਼ੱਕ ਜ਼ਾਹਰ ਕੀਤਾ ਸੀ। ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ’ਤੇ ਰੋਸ ਵਜੋਂ ਮੰਡੀ ਵਾਸੀਆਂ ਨੇ ਬੁੱਧਵਾਰ ਦੂਜੇ ਦਿਨ ਵੀ ਬਜ਼ਾਰ ਬੰਦ ਕਰ ਕੇ ਬਠਿੰਡਾ-ਭਵਾਨੀਗੜ੍ਹ ਰਾਜਮਾਰਗ ਜਾਮ ਕਰ ਦਿੱਤਾ। ਪੁਲਸ ਨੇ ਸਵੇਰੇ ਕੁੜੀ ਦੀ ਮਿ੍ਰਤਕ ਦੇਹ ਪਿੰਡ ਮਾੜੀ ਦੇ ਨੇੜੇ ਨਹਿਰ ਵਿੱਚੋਂ ਮਿਲਣ ਦਾ ਦਾਅਵਾ ਕੀਤਾ ਅਤੇ ਮੁਲਜ਼ਮਾਂ ਨੂੰ ਗਿ੍ਰਫਤਾਰ ਕਰਨ ਦੀ ਪੁਸ਼ਟੀ ਕੀਤੀ। ਐੱਸ ਐੱਸ ਪੀ ਬਠਿੰਡਾ ਅਮਨੀਤ ਕੋਂਡਲ ਨੇ ਦੱਸਿਆ ਕਿ ਮਾਮਲੇ ਵਿੱਚ ਪੁਲਸ ਨੇ ਕਰੀਬ ਇੱਕ ਦਰਜਨ ਤੋਂ ਉੱਪਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ, ਜਿਸ ਵਿੱਚ ਇੱਕ ਪਰਵਾਰ ਦੇ ਤਿੰਨ ਮੈਂਬਰਾਂ ਸਮੇਤ ਪੰਜ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ।

ਕੁੜੀ ਦੇ ਕਤਲ ’ਚ ਪੰਜ ਗਿ੍ਰਫਤਾਰ, ਥਾਣੇਦਾਰ ਮੁਅੱਤਲ Read More »

ਬਲੋਚ ਬਾਗ਼ੀਆਂ ਦਾ ਵੱਡਾ ਦਹਿਸ਼ਤੀ ਕਾਰਾ

ਦਹਿਸ਼ਤਗ਼ਰਦੀ ਪਾਕਿਸਤਾਨ ਲਈ ਕਿੰਨੀ ਵੱਡੀ ਸਿਰਦਰਦੀ ਬਣ ਗਈ ਹੈ, ਇਸ ਦਾ ਅੰਦਾਜ਼ਾ ਬਲੋਚ ਬਾਗ਼ੀਆਂ ਵਲੋਂ ਸੂਬਾ ਬਲੋਚਿਸਤਾਨ ਵਿਚ 500 ਦੇ ਕਰੀਬ ਮੁਸਾਫ਼ਰਾਂ ਵਾਲੀ ਰੇਲ ਗੱਡੀ ਅਗਵਾ ਕੀਤੇ ਜਾਣ ਵਾਲੀ ਘਟਨਾ ਤੋਂ ਲਾਇਆ ਜਾ ਸਕਦਾ ਹੈ। ਮੰਗਲਵਾਰ ਨੂੰ ਬਲੋਚ ਬਾਗ਼ੀਆਂ ਨੇ ਕੋਇਟਾ ਤੋਂ ਪਿਸ਼ਾਵਰ ਜਾਣ ਵਾਲੀ ਜਾਫ਼ਰ ਐਕਸਪ੍ਰੈੱਸ ਨੂੰ ਬਲੋਚਿਸਤਾਨ ਤੇ ਖ਼ੈਬਰ ਪਖ਼ਤੂਨਖ਼ਵਾ ਸੂਬਿਆਂ ਦੀ ਸਰਹੱਦ ਨੇੜੇ ਬੋਲਾਨ ਦੱਰੇ ਦੇ ਇਲਾਕੇ ਵਿਚ ਅਗਵਾ ਕਰ ਲਿਆ। ਉਨ੍ਹਾਂ ਨੇ ਪੰਜ ਸੌ ਕਿਲੋਮੀਟਰ ਲੰਬੇ ਇਸ ਰੇਲ ਰੂਟ ’ਤੇ ਪੈਂਦੀਆਂ ਸੱਤ ਸੁਰੰਗਾਂ ਵਿਚੋਂ ਇਕ (ਮਸ਼ਕਾਫ਼ ਸੁਰੰਗ) ਵਿਚ ਇਹ ਗੱਡੀ ਰੁਕਵਾ ਲਈ। ਗੱਡੀ ਰੁਕਵਾਉਣ ਲਈ ਉਨ੍ਹਾਂ ਨੇ ਰੇਲ ਪਟੜੀ ਦਾ ਕੁੱਝ ਹਿੱਸਾ ਉਡਾ ਦਿਤਾ ਅਤੇ ਫਿਰ ਗੋਲੀਬਾਰੀ ਕਰ ਕੇ ਇੰਜਣ ਚਾਲਕ ਸਮੇਤ ਰੇਲ ਅਮਲੇ ਦੇ ਕੁੱਝ ਮੈਂਬਰਾਂ ਦੀ ਹੱਤਿਆ ਕਰ ਦਿਤੀ। ਜਿਸ ਰੂਟ ’ਤੇ ਇਹ ਗੱਡੀ ਜਾ ਰਹੀ ਸੀ, ਉਸ ’ਤੇ ਰੇਲ ਆਵਾਜਾਈ ਪਹਿਲਾਂ ਡੇਢ ਮਹੀਨਾ ਦਹਿਸ਼ਤੀ ਹਮਲਿਆਂ ਦੇ ਖ਼ਦਸ਼ਿਆਂ ਕਾਰਨ ਠੱਪ ਰੱਖੀ ਗਈ ਸੀ। ਸੁਰੱਖਿਆ ਏਜੰਸੀਆਂ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਇਹ ਆਵਾਜਾਈ ਚੰਦ ਦਿਨ ਪਹਿਲਾਂ ਹੀ ਬਹਾਲ ਕੀਤੀ ਗਈ ਸੀ। ਅਗਵਾਕਾਰੀ ਦੀ ਜ਼ਿੰਮੇਵਾਰੀ ਬਲੋਚ ਲਿਬਰੇਸ਼ਨ ਆਰਮੀ (ਬੀ.ਐਲ.ਏ.) ਨੇ ਲਈ ਹੈ ਜਿਸ ਨੂੰ ਬਲੋਚ ਬਾਗ਼ੀ ਗੁੱਟਾਂ ਵਿਚੋਂ ਸਭ ਤੋਂ ਵੱਧ ਤਾਕਤਵਰ ਤੇ ਘਾਤਕ ਮੰਨਿਆ ਜਾਂਦਾ ਹੈ। ਪਾਕਿਸਤਾਨ ਦੇ ਸਰਕਾਰੀ ਅੰਕੜਿਆਂ ਮੁਤਾਬਿਕ ਤਹਿਰੀਕ-ਇ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਤੋਂ ਬਾਅਦ ਬੀ.ਐਲ.ਏ. ਨੇ ਸਾਲ 2024 ਦੌਰਾਨ ਸਭ ਤੋਂ ਵੱਧ ਹੱਤਿਆਵਾਂ ਕੀਤੀਆਂ। ਟੀ.ਟੀ.ਪੀ. ਨੇ ਜਿੱਥੇ 300 ਜਾਨਾਂ ਲਈਆਂ, ਉਥੇ ਬੀ.ਐਲ.ਏ. ਵਲੋਂ ਕੀਤੀਆਂ ਹੱਤਿਆਵਾਂ ਦੀ ਗਿਣਤੀ 224 ਰਹੀ। ਇਹ ਅੰਕੜੇ ਪਾਕਿਸਤਾਨ ਸੁਰੱਖਿਆ ਰਿਪੋਰਟ, 2024 ਵਿਚ ਸ਼ਾਮਲ ਹਨ। ਗ਼ੈਰ-ਸਰਕਾਰੀ ਹਲਕੇ ਪਸ਼ਤੂਨ ਤੇ ਬਲੋਚ ਬਾਗ਼ੀਆਨਾ ਸਰਗਰਮੀਆਂ ਵਿਚ ਮੌਤਾਂ ਦੀ ਗਿਣਤੀ ਵੱਧ ਦਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਅਪਣੀ ‘ਨਾਲਾਇਕੀ’ ਛੁਪਾਉਣ ਹਿੱਤ ਬਹੁਤ ਸਾਰੀਆਂ ਦਹਿਸ਼ਤੀ ਘਟਨਾਵਾਂ ਨੂੰ ‘ਰੁਟੀਨ ਅਪਰਾਧ’ ਦੱਸਦੀ ਆਈ ਹੈ। ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਨੇ ਬਲੋਚਾਂ ਤੇ ਪਸ਼ਤੂਨਾਂ ਦਰਮਿਆਨ ਪੰਜ ਦਹਾਕਿਆਂ ਤੋਂ ਵੱਧ ਸਮੇਂ ਤਕ ਫੁੱਟ ਪੁਆਈ ਰੱਖੀ। ਪਸ਼ਤੂਨਾਂ ਨੂੰ ਬਲੋਚਾਂ ਦੇ ਇਲਾਕਿਆਂ ਵਿਚ ਵਸਾਉਣ ਦੀ ਨੀਤੀ, ਉਪਰੋਕਤ ਮੁਹਿੰਮ ਦਾ ਅਹਿਮ ਹਿੱਸਾ ਸੀ। ਪਰ ਪਿਛਲੇ ਪੰਜ ਕੁ ਵਰਿ੍ਹਆਂ ਤੋਂ ਟੀ.ਟੀ.ਪੀ. ਨੇ ਬੀ.ਐਲ.ਏ. ਅਤੇ ਇਕ ਹੋਰ ਬਲੋਚ ਬਾਗ਼ੀ ਜਮਾਤ-ਬਲੋਚਿਸਤਾਨ ਨੈਸ਼ਨਲਿਸਟ ਆਰਮੀ (ਬੀ.ਐਨ.ਏ.) ਨਾਲ ਨੇੜਤਾ ਤੇ ਤਾਲਮੇਲ ਬਰਕਰਾਰ ਰੱਖਿਆ ਹੋਇਆ ਹੈ। ਇਸੇ ਤਾਲਮੇਲ ਦੀ ਬਦੌਲਤ ਇਹ ਜਥੇਬੰਦੀਆਂ ਪਾਕਿਸਤਾਨੀ ਫ਼ੌਜ ਵਲੋਂ ਦਹਿਸ਼ਤੀਆਂ ’ਚ ਸਫ਼ਾਏ ਲਈ ਚਲਾਈ ਮੁਹਿੰਮ ‘ਅਜ਼ਮ-ਇ-ਇਸਤਿਹਕਾਮ’ ਨੂੰ ਬੇਅਸਰ ਬਣਾਉਣ ਵਿਚ ਕਾਮਯਾਬ ਰਹੀਆਂ। ਟੀ.ਟੀ.ਪੀ. ਤੇ ਬਲੋੋਚ ਬਾਗ਼ੀ ਗੁਟਾਂ ਦੇ ਟੀਚੇ ਵੱਖੋ-ਵੱਖਰੇ ਹਨ। ਟੀ.ਟੀ.ਪੀ. ਅਫ਼ਗ਼ਾਨਿਸਤਾਨ ਤੇ ਪਾਕਿਸਤਾਨ ਵਿਚਲੇ ਪਸ਼ਤੂਨ ਇਲਾਕਿਆਂ ਦੇ ਏਕੀਕਰਨ ਲਈ ਲੜਦੀ ਆ ਰਹੀ ਹੈ। ਇਸੇ ਲਈ ਉਸ ਨੂੰ ਅਫ਼ਗ਼ਾਨ ਤਾਲਿਬਾਨ ਤੋਂ ਸਿੱਧੀ-ਅਸਿੱਧੀ ਇਮਦਾਦ ਹਾਸਿਲ ਹੁੰਦੀ ਆਈ ਹੈ। ਉਸ ਦੇ ਅੱਡੇ ਵੀ ਪਾਕਿ-ਅਫ਼ਗ਼ਾਨ ਸਰਹੱਦ ਦੇ ਅਫ਼ਗ਼ਾਨ ਪਾਸੇ ਹਨ। ਬਲੋਚ ਬਾਗ਼ੀਆਂ ਦਾ ਟੀਚਾ ਮੂਲ ਰੂਪ ਵਿਚ ਵੱਖਵਾਦੀ ਨਹੀਂ। ਉਹ ਬਲੋਚਿਸਤਾਨ ਵਿਚ ਬਲੋਚਾਂ ਦੇ ਹੱਕ ਬਚਾਉਣ ਲਈ ਲੜਦੇ ਆ ਰਹੇ ਹਨ। ਉਹ ਬਲੋਚ ਭੂਮੀ ਦੇ ਖਣਿਜੀ ਖ਼ਜ਼ਾਨੇ ਦੀ ਲੁੱਟ-ਖਸੁੱਟ ਰੋਕੇ ਜਾਣ, ਸੂਬਾਈ ਮਾਇਕ ਸੋਮੇ ਸੂਬੇ ਦੇ ਲੋਕਾਂ ਉੱਤੇ ਖ਼ਰਚੇ ਜਾਣ ਅਤੇ ਸੂਬੇ ਨੂੰ ਨੀਮ ਖ਼ੁਦਮੁਖਤਾਰੀ ਦਿੱਤੇ ਜਾਣ ਵਰਗੀਆਂ ਮੰਗਾਂ ਉੱਤੇ ਜ਼ੋਰ ਦਿੰਦੇ ਆ ਰਹੇ ਹਨ। ਅੱਡੇ ਉਨ੍ਹਾਂ ਦੇ ਵੀ ਅਫ਼ਗ਼ਾਨ ਧਰਤੀ ’ਤੇ ਹਨ, ਪਰ ਇਰਾਨ ਦੇ ਸੀਸਤਾਨ-ਬਲੋਚਿਸਤਾਨ ਸੂਬੇ ਵਿਚ ਵੀ ਉਨ੍ਹਾਂ ਦੇ ਹਮਾਇਤੀਆਂ ਤੇ ਮਦਦਗਾਰਾਂ ਦੀ ਗਿਣਤੀ ਘੱਟ ਨਹੀਂ। ਦਹਿਸ਼ਤੀਆਂ ਵਲੋਂ ਰੇਲ ਗੱਡੀਆਂ ਅਗਵਾ ਕੀਤੇ ਜਾਣ ਦੀਆਂ ਕੁੱਝ ਘਟਨਾਵਾਂ ਵੀਹਵੀਂ ਸਦੀ ਦੌਰਾਨ ਅਫ਼ਰੀਕਾ ਤੇ ਦੱਖਣੀ ਯੂਰੋਪ, ਖ਼ਾਸ ਕਰ ਕੇ ਬੌਸਨੀਆ-ਹਰਜ਼ੇਗੋਵਿਨਾ ਤੇ ਸੂਡਾਨ ਵਿਚ ਵਾਪਰੀਆਂ ਸਨ। ਅਜਿਹੀਆਂ ਘਟਨਾਵਲੀਆਂ ਨੂੰ ਲੈ ਕੇ ਹੌਲੀਵੁੱਡ ਵਿਚ ਕੁੱਝ ਫ਼ਿਲਮਾਂ (‘ਦਿ ਟੇਕਿੰਗ ਆਫ਼ ਪੈਲਹਾਮ’, ‘ਅੰਡਰ ਸੀਜ 2’, ‘ਡੈੱਥ ਟ੍ਰੇਨ’ ਆਦਿ) ਵੀ ਬਣੀਆਂ ਹੋਈਆਂ ਹਨ। ਪਰ ਇਹ ਪਹਿਲੀ ਵਾਰ ਹੈ ਜਦੋਂ ਦਹਿਸ਼ਤੀਆਂ ਨੇ ਪਾਕਿਸਤਾਨ ਵਿਚ ਅਜਿਹਾ ਕਾਰਾ ਕੀਤਾ। ਅਜਿਹੇ ਕਾਰਿਆਂ ਵਿਚ ਵਹਿਸ਼ਤ ਅਕਸਰ ਨਿਰਦੋਸ਼ਾਂ ਨੂੰ ਝੱਲਣੀ ਪੈਂਦੀ ਹੈ। ਇਸੇ ਲਈ ਅਜਿਹੀ ਹਿੰਸਾ ਦੀ ਮਜ਼ੱਮਤ ਕੀਤੀ ਜਾਣੀ ਚਾਹੀਦੀ ਹੈ। ਪਾਕਿਸਤਾਨੀ ਗ੍ਰਹਿ ਮੰਤਰਾਲੇ ਨੇ 27 ਤੋਂ ਵੱਧ ਦਹਿਸ਼ਤੀ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਕਿਉਂਕਿ ਫ਼ੌਜੀ ਆਪ੍ਰੇਸ਼ਨ ਬੁੱਧਵਾਰ ਰਾਤ ਤਕ ਮੁਕੰਮਲ ਨਹੀਂ ਸੀ ਹੋਇਆ, ਇਸ ਲਈ ਮੌਤਾਂ ਤੇ ਜ਼ਖ਼ਮੀਆਂ ਦੀ ਗਿਣਤੀ ਬਾਰੇ ਅਟਕਲਬਾਜ਼ੀ ਹੀ ਚੱਲ ਰਹੀ ਹੈ। ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨੀ ਜੇਲ੍ਹਾਂ ਵਿਚ ਕੈਦ ਸਾਰੇ ਬਲੋਚ ਸਿਆਸੀ ਬੰਦੀਆਂ ਦੀ ਰਿਹਾਈ ਬਾਰੇ ਅਗਵਾਕਾਰਾਂ ਦੀ ਮੰਗ ਸਵੀਕਾਰ ਨਹੀਂ ਕੀਤੀ ਗਈ।

ਬਲੋਚ ਬਾਗ਼ੀਆਂ ਦਾ ਵੱਡਾ ਦਹਿਸ਼ਤੀ ਕਾਰਾ Read More »

ਵੋਟਰਾਂ ਨਾਲ ਧੋਖਾ

ਚੋਣਾਂ ਦੇ ਮੌਕੇ ਫ੍ਰੀਬੀਜ਼ ਯਾਨਿ ਮੁਫਤ ਦੀਆਂ ਰਿਓੜੀਆਂ ਦਾ ਲਾਲਚ ਦੇ ਕੇ ਵੋਟਰਾਂ ਨੂੰ ਲੁਭਾਉਣ ਦਾ ਸਿਲਸਿਲਾ ਕਈ ਸਾਲਾਂ ਤੋਂ ਚੱਲ ਰਿਹਾ ਹੈ, ਪਰ ਹੁਣ ਲੋਕ ਇਹ ਕਹਿਣ ਲੱਗ ਪਏ ਹਨ ਕਿ ਇਹ ਰਿਓੜੀਆਂ ਸਿਰਫ ਚੋਣ ਜੁਮਲੇ ਹਨ, ਜਿਹੜੇ ਕਿ ਸੱਤਾ ਹਾਸਲ ਕਰਨ ਦੇ ਬਾਅਦ ਹਵਾ ਵਿੱਚ ਗਾਇਬ ਹੋ ਜਾਂਦੇ ਹਨ। ਮਹਾਰਾਸ਼ਟਰ ਦੀ ਚਰਚਿਤ ‘ਲਾੜਕੀ ਬਹਿਨ ਯੋਜਨਾ’ ਇਸ ਦੀ ਤਾਜ਼ਾ ਮਿਸਾਲ ਵਜੋਂ ਸਾਹਮਣੇ ਆਈ ਹੈ। ਇਸ ਯੋਜਨਾ ਦਾ ਬਜਟ 2025-26 ਵਿੱਚ 10 ਹਜ਼ਾਰ ਕਰੋੜ ਰੁਪਏ ਘਟਾ ਦਿੱਤਾ ਗਿਆ ਹੈ। ਰਕਮ ਵਧਾਉਣੀ ਤਾਂ ਦੂਰ, ਲਾਭਪਾਤਰਾਂ ਦੇ ਨਾਂਅ ਤੱਕ ਕੱਟੇ ਜਾ ਰਹੇ ਹਨ। ਮਹਾਰਾਸ਼ਟਰ ਦੀ ਮਹਾਯੁਤੀ ਸਰਕਾਰ ਨੇ 2024 ਦੀਆਂ ਅਸੰਬਲੀ ਚੋਣਾਂ ਤੋਂ ਪਹਿਲਾਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਮਕਸਦ ਆਰਥਕ ਤੌਰ ’ਤੇ ਕਮਜ਼ੋਰ ਮਹਿਲਾਵਾਂ ਨੂੰ ਹਰ ਮਹੀਨੇ 1500 ਰੁਪਏ ਦੀ ਸਹਾਇਤਾ ਦੇਣਾ ਸੀ। ਚੋਣ ਪ੍ਰਚਾਰ ਦੌਰਾਨ ਇਹ ਰਕਮ 2100 ਰੁਪਏ ਤੱਕ ਵਧਾਉਣ ਦਾ ਵਾਅਦਾ ਕੀਤਾ ਗਿਆ। ਯੋਜਨਾ ਦੇ ਪ੍ਰਚਾਰ ’ਤੇ ਹੀ ਸਰਕਾਰ ਨੇ 200 ਕਰੋੜ ਰੁਪਏ ਖਰਚ ਦਿੱਤੇ। ਇਕੱਠੇ ਛੇ ਮਹੀਨੇ ਦੇ 7500 ਰੁਪਏ ਮਹਿਲਾਵਾਂ ਦੇ ਖਾਤੇ ਵਿੱਚ ਪਾ ਕੇ ਮਹਾਯੁਤੀ ਨੇ ਚੋਣਾਂ ’ਚ ਜ਼ਬਰਦਸਤ ਸਫਲਤਾ ਹਾਸਲ ਕੀਤੀ। ਨਵੇਂ ਬਜਟ ਵਿੱਚ ਰਕਮ ਵਧਾਉਣ ਦੀ ਥਾਂ ਪਿਛਲੇ ਕੁਝ ਮਹੀਨਿਆਂ ਵਿੱਚ 9 ਲੱਖ ਮਹਿਲਾਵਾਂ ਦੇ ਨਾਂਅ ਸੂਚੀ ਵਿੱਚੋਂ ਹਟਾ ਦਿੱਤੇ ਗਏ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਨਾਂਅ ਕੱਟਣ ਦੀ ਤਿਆਰੀ ਹੈ। ਆਪੋਜ਼ੀਸ਼ਨ ਪਾਰਟੀਆਂ ਇਸ ਨੂੰ ਚੋਣ ਧੋਖਾ ਕਰਾਰ ਦੇ ਰਹੀਆਂ ਹਨ, ਜਦਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਉਹ ਹੱਕਦਾਰ ਮਹਿਲਾਵਾਂ ਦਾ ਪਤਾ ਲਾ ਰਹੀ ਹੈ। ਬਜਟ ਘਟਾਉਣ ਬਾਰੇ ਵਿੱਤ ਮੰਤਰੀ ਅਜੀਤ ਪਵਾਰ ਨੇ ਇਹ ਦਲੀਲ ਦਿੱਤੀ ਹੈ ਕਿ 2 ਕਰੋੜ 52 ਲੱਖ ਰਜਿਸਟਰਡ ਲਾਭਪਾਤਰੀ ਮਹਿਲਾਵਾਂ ਨੂੰ 21-21 ਸੌ ਰੁਪਏ ਦਿੱਤੇ ਗਏ ਤਾਂ ਸਾਲਾਨਾ ਖਰਚ 63 ਹਜ਼ਾਰ ਕਰੋੜ ਰੁਪਏ ਤੱਕ ਪੁੱਜ ਜਾਵੇਗਾ, ਜਿਹੜਾ ਬਹੁਤ ਮਹਿੰਗਾ ਪੈ ਸਕਦਾ ਹੈ, ਪਰ ਸਵਾਲ ਉਠਦਾ ਹੈ ਕਿ ਜਦੋਂ ਚੋਣ ਵਾਅਦਾ ਕੀਤਾ ਗਿਆ ਸੀ, ਉਦੋਂ ਬਜਟ ਦਾ ਹਿਸਾਬ ਨਹੀਂ ਲਾਇਆ ਗਿਆ? ਦਿੱਲੀ ਅਸੰਬਲੀ ਚੋਣਾਂ ਤੋਂ ਪਹਿਲਾਂ ਵੀ ਭਾਜਪਾ ਨੇ ਮਹਿਲਾਵਾਂ ਨੂੰ 2500 ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ, ਪਰ ਅਜੇ ਤੱਕ ਇਹ ਯੋਜਨਾ ਲਾਗੂ ਨਹੀਂ ਕੀਤੀ ਗਈ ਤੇ ਸ਼ਰਤਾਂ ਵੀ ਜੋੜ ਦਿੱਤੀਆਂ ਗਈਆਂ ਹਨ, ਜਿਸ ਨਾਲ ਕਾਫੀ ਮਹਿਲਾਵਾਂ ਯੋਜਨਾ ਤੋਂ ਬਾਹਰ ਹੋ ਜਾਣਗੀਆਂ। ਮੁਫਤ ਦੀਆਂ ਰਿਓੜੀਆਂ ਦਾ ਮੁੱਦਾ ਹਮੇਸ਼ਾ ਵਿਵਾਦਗ੍ਰਸਤ ਰਿਹਾ ਹੈ। ਤਾਮਿਲਨਾਡੂ ਤੇ ਆਂਧਰਾ ਵਰਗੇ ਰਾਜਾਂ ਵਿੱਚ ਮੁਫਤ ਟੀ ਵੀ, ਸਾਈਕਲ ਤੇ ਕੈਸ਼ ਦੀਆਂ ਯੋਜਨਾਵਾਂ ਸ਼ੁਰੂ ਹੋਈਆਂ ਸਨ, ਜਿਹੜੀਆਂ ਹੁਣ ਦੇਸ਼ ਭਰ ਵਿੱਚ ਫੈਲ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2022 ਵਿੱਚ ਇਸ ਨੂੰ ‘ਰਿਓੜੀ ਕਲਚਰ’ ਕਹਿ ਕੇ ਅਲੋਚਨਾ ਕੀਤੀ ਸੀ, ਪਰ ਉਨ੍ਹਾ ਦੀ ਪਾਰਟੀ ਯੂ ਪੀ, ਮਹਾਰਾਸ਼ਟਰ ਤੇ ਦਿੱਲੀ ਵਿੱਚ ਅਜਿਹੀਆਂ ਯੋਜਨਾਵਾਂ ਦਾ ਵਾਅਦਾ ਕਰਨ ਤੋਂ ਪਿੱਛੇ ਨਹੀਂ ਰਹੀ। ਮਹਾਰਾਸ਼ਟਰ ਸਰਕਾਰ ਵੱਲੋਂ ਲਾੜਕੀ ਬਹਿਨ ਯੋਜਨਾ ਦੀ ਰਕਮ ਨਾ ਵਧਾਉਣ ਅਤੇ ਦਿੱਲੀ ਸਰਕਾਰ ਵੱਲੋਂ ਯੋਜਨਾ ਲਾਗੂ ਕਰਨ ਤੋਂ ਪਹਿਲਾਂ ਹੀ ਮਹਿਲਾਵਾਂ ਨੂੰ ਸੂਚੀ ਵਿੱਚੋਂ ਬਾਹਰ ਕਰਨ ਤੋਂ ਸਾਫ ਹੈ ਕਿ ਲਾਰੇ ਲਾਉਣੇ ਆਸਾਨ ਹੁੰਦੇ ਹਨ ਤੇ ਨਿਭਾਉਣੇ ਔਖੇ।

ਵੋਟਰਾਂ ਨਾਲ ਧੋਖਾ Read More »