ਮਿੰਨੀ ਕਹਾਣੀਆਂ/ਜਗਜੀਤ ਸਿੰਘ ਲੋਹਟਬੱਦੀ

ਮੌਸਮ ਦੀ ਪਹਿਲੀ ਬਰਫ਼ਬਾਰੀ ਹੋ ਚੁੱਕੀ ਸੀ। ਕੜਾਕੇ ਦੀ ਠੰਢ ਨੇ ਅਜੇ ਪੂਰਾ ਜ਼ੋਰ ਨਹੀਂ ਸੀ ਫੜਿਆ। ਕਦੇ ਕਦੇ ਤਿੱਖੀ ਹਵਾ ਦੇ ਝੋਂਕੇ ਸਰਦ ਰੁੱਤ ਦੇ ਆਗਮਨ ਦਾ ਅਹਿਸਾਸ ਜ਼ਰੂਰ ਕਰਾ ਦਿੰਦੇ। ਖ਼ੁਸ਼ਨੁਮਾ ਘੜੀਆਂ ਦਾ ਜਜ਼ਬਾ ਮਨ ਵਿੱਚ ਸੰਜੋਈ ਮੈਂ ਪਾਰਕ-ਨੁਮਾ-ਗਰਾਊਂਡ ਵਿੱਚ ਜਾ ਪਹੁੰਚਿਆ। ਬੱਚੇ ਆਪਣੀਆਂ ਖੇਡਾਂ ਵਿੱਚ ਮਗਨ… ਕੋਈ ਪੀਂਘਾਂ ਝੂਟ ਰਿਹਾ… ਕੋਈ ਚੰਡੋਲ ਦੇ ਚੱਕਰਾਂ ਵਿੱਚ ਕਿਲਕਾਰੀਆਂ ਮਾਰ ਰਿਹਾ… ਕੋਈ ਖ਼ਰਗੋਸ਼ਾਂ ਦੀ ਡਾਹ ਲੈਣ ਲਈ ਕਾਹਲਾ। ਨਾਲ ਆਏ ਵਡੇਰੇ ਆਪਣੇ ਹਮ-ਉਮਰਾਂ ਸੰਗ ਬਾਬਾਣੀਆਂ ਕਹਾਣੀਆਂ ਵਿੱਚ ਮਸਰੂਫ਼।

ਬਜ਼ੁਰਗਾਂ ਦਾ ਇੱਕ ਵੱਖਰਾ ਦਾਇਰਾ ਹੁੰਦਾ। ਗੱਲਾਂ ਬੀਤੇ ਜ਼ਮਾਨੇ ਦੀਆਂ… ਪੰਜਾਬ ਦੀਆਂ… ਕੈਨੇਡਾ ਦੀਆਂ। ਅੰਮ੍ਰਿਤਸਰ ਤੋਂ ਆਏ ਸੱਜਣ ਦੱਸ ਰਹੇ ਸਨ: “ਕੈਨੇਡਾ ਦੇ ਇਸ ਸ਼ਹਿਰ ਰੀਜਾਇਨਾ ਨੂੰ ਲਗਾਤਾਰ ਪੰਜਵੇਂ ਸਾਲ ‘ਟ੍ਰੀ ਸਿਟੀ ਆਫ ਦਾ ਵਰਲਡ’ (ਰੁੱਖਾਂ ਦਾ ਸ਼ਹਿਰ) ਐਲਾਨਿਆ ਗਿਆ ਹੈ। ਛੋਟੇ ਜਿਹੇ ਇਸ ਖ਼ੂਬਸੂਰਤ ਸ਼ਹਿਰ ਨੂੰ ਇੱਕ ਲੱਖ ਅੱਸੀ ਹਜ਼ਾਰ ਰੰਗ ਬਰੰਗੇ ਬਿਰਖਾਂ ਨੇ ਸੁੰਦਰ ਦਿੱਖ ਨਾਲ ਸ਼ਿੰਗਾਰਿਆ ਹੋਇਐ। ਬਰਸਾਤ ਅਤੇ ਬਰਫ਼ ਦੇ ਪਾਣੀ ਨੂੰ ਬਚਾ ਕੇ ਧਰਤੀ ਅੰਦਰ ਹੀ ਪਾਇਆ ਜਾਂਦਾ ਹੈ। ਜੀਵ ਜੰਤੂਆਂ ਦੀ ਸੁਰੱਖਿਆ ਸਮਾਜਿਕ ਜ਼ਿੰਮੇਵਾਰੀ ਹੈ। ਕਿੰਨੇ ਕੁਦਰਤ ਪ੍ਰੇਮੀ ਹਨ ਇਹ ਲੋਕ? ਬਲਿਹਾਰੀ ਕੁਦਰਤਿ ਵਸਿਆ… ਦਾ ਸੰਕਲਪ ਧਾਰਿਆ ਹੋਇਐ!”

ਰੋਜ਼ ਵਾਂਗ ਸੰਗੀ-ਸਾਥੀਆਂ ਨੂੰ ਦੁਆ ਸਲਾਮ ਕਰ ਕੇ ਮੈਂ ਬੈਂਚ ’ਤੇ ਬੈਠਿਆ ਤਾਂ ਕੰਨਾਂ ਵਿੱਚ ਸੰਗੀਤਕ ਧੁਨਾਂ ਦੀ ਮੱਧਮ ਜਿਹੀ ਆਵਾਜ਼ ਪਈ। ਆਲੇ-ਦੁਆਲੇ ਨਜ਼ਰ ਘੁਮਾਈ ਤਾਂ ਦੇਖਿਆ ਕਿ ਪਾਰਕ ਦੀ ਪਾਰਲੀ ਗੁੱਠੇ ਕੋਈ ਸ਼ਖ਼ਸ ਬੰਸਰੀ ਵਜਾ ਰਿਹਾ ਸੀ। ਮਨ ਕਿਸੇ ਵਿਸਮਾਦ ਵਿੱਚ ਜੁੜ ਗਿਆ। ਅਗਲੇ ਦਿਨ ਫਿਰ ਸੰਗੀਤ ਦੀ ਵੇਦਨਾ ਨੇ ਆਪਣੇ ਵੱਲ ਧਿਆਨ ਖਿੱਚ ਲਿਆ। ਕਈ ਦਿਨ ਇਹ ਸਿਲਸਿਲਾ ਚੱਲਦਾ ਰਿਹਾ। ਜਗਿਆਸਾ-ਵੱਸ ਇੱਕ ਦਿਨ ਮੈਂ ਪਾਰਕ ਦੇ ਉਸ ਕਿਨਾਰੇ ਵੱਲ ਚੱਲ ਪਿਆ, ਜਿੱਧਰੋਂ ਰੋਜ਼ ਸਰੋਦੀ ਸੁਰਾਂ ਦੀ ਆਹਟ ਸੁਣਾਈ ਦਿੰਦੀ ਸੀ। ਥੋੜ੍ਹੀ ਵਿੱਥ ’ਤੇ ਓਹਲੇ ਜਿਹੇ ਬੈਠ ਮੈਂ ਕਿੰਨਾ ਚਿਰ ਇਸ ਸੁਰਲੋਕ ਵਿੱਚ ਸਰਸ਼ਾਰ ਹੁੰਦਾ ਰਿਹਾ।

ਵੰਝਲੀ ਵਜਾਉਣ ਵਾਲੀ ਅੱਧਖੜ ਉਮਰ ਦੀ ਗੋਰੀ ਔਰਤ ਸੀ। ਵੈਰਾਗਮਈ ਤਰੰਗਾਂ ਨਾਲ ਚੁਫ਼ੇਰਾ ਗ਼ਮਗੀਨ ਹੋ ਗਿਆ ਜਾਪਿਆ। ਪੈਰ ਮੱਲੋਮੱਲੀ ਸੰਗੀਤ ਦੇ ਮੁਜੱਸਮੇ ਤੱਕ ਲੈ ਗਏ। ਜਕਦੇ ਜਕਦੇ ਜਾਣਨਾ ਚਾਹਿਆ ਤਾਂ ਭਰੇ ਮਨ ਨਾਲ ਉਸ ਦੱਸਿਆ ਕਿ ਪਿਛਲੇ ਦਿਨੀਂ ਅਣਜਾਣੇ ਵਿੱਚ ਉਸ ਕੋਲੋਂ ਘੋਰ ਪਾਪ ਹੋ ਗਿਆ ਸੀ। ਇਸੇ ਪਾਰਕ ਦੀ ਸਾਹਮਣੀ ਸੜਕ ’ਤੇ ਵਾਹੋ-ਦਾਹੀ ਭੱਜਿਆ ਆਉਂਦਾ ਇੱਕ ਖ਼ਰਗੋਸ਼ ਉਸ ਦੀ ਕਾਰ ਹੇਠ ਆ ਕੇ ਕੁਚਲਿਆ ਗਿਆ ਸੀ। ਉਸ ਨੂੰ ਜੁਰਮਾਨਾ ਭਰਨਾ ਪਿਆ ਸੀ ਅਤੇ ਡਰਾਈਵਿੰਗ ਲਾਇਸੈਂਸ ’ਤੇ ਵੀ ਰੈੱਡ ਮਾਰਕ ਲੱਗ ਗਿਆ ਸੀ। ਪਰ ਉਸ ਦੀ ਅੰਤਰ-ਆਤਮਾ ਉਸ ਨੂੰ ਜੀਵ ਹੱਤਿਆ ਹੋਣ ’ਤੇ ਲਗਾਤਾਰ ਝੰਜੋੜ ਰਹੀ ਸੀ। ਸੰਗੀਤ ਉਸ ਦੇ ਵਲੂੰਧਰੇ ਹਿਰਦੇ ਨੂੰ ਸਕੂਨ ਬਖ਼ਸ਼ਦਾ ਸੀ। ਮੈਂ ਮਨ ਹੀ ਮਨ ਸੋਚ ਰਿਹਾ ਸੀ ਕਿ ਅਸੀਂ ਪ੍ਰਕਿਰਤੀ ਦੀ ਦੁਹਾਈ ਦੇਣ ਵਾਲੇ ‘ਧਾਰਮਿਕ’ ਜੀਵ, ਇਨ੍ਹਾਂ ‘ਨਾਸਤਿਕ’ ਲੋਕਾਂ ਦੇ ਹਾਣ ਦੇ ਕਦੋਂ ਹੋਵਾਂਗੇ? ਮੇਰੇ ਸਾਹਮਣੇ ਬੈਠੀ ਉਸ ਔਰਤ ਦੇ ਪਰਲ ਪਰਲ ਵਗਦੇ ਪਛਤਾਵੇ ਦੇ ਅੱਥਰੂ ਉਸ ਦੇ ਚਿਹਰੇ ਨੂੰ ਧੋ ਰਹੇ ਸਨ।

ਸਾਂਝਾ ਕਰੋ

ਪੜ੍ਹੋ