
ਬਠਿੰਡਾ, 13 ਮਾਰਚ – ਮੌੜ ਮੰਡੀ ਦੀ ਚੰਡੀਗੜ੍ਹ ਪੜ੍ਹਦੀ ਕੁੜੀ ਦੇ ਕਤਲ ਦੇ ਸੰਬੰਧ ’ਚ ਪੁਲਸ ਨੇ ਪੰਜ ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਲਿਆ ਹੈ ਤੇ ਡਿਊਟੀ ਵਿੱਚ ਅਣਗਹਿਲੀ ਕਰਨ ਦੇ ਦੋਸ਼ ਵਿੱਚ ਮੌੜ ਦੇ ਥਾਣੇਦਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਰੋਸ ਦੇ ਚਲਦਿਆਂ ਬੁੱਧਵਾਰ ਦੂਜੇ ਦਿਨ ਵੀ ਸ਼ਹਿਰ ਦੇ ਸਾਰੇ ਬਜ਼ਾਰ ਬੰਦ ਰਹੇ ਤੇ ਪੁਲਸ ਅਧਿਕਾਰੀਆਂ ਦੀ ਢਿੱਲੀ ਕਾਰਵਾਈ ਤੋਂ ਭੜਕੇ ਮੰਡੀ ਵਾਸੀਆਂ ਨੇ ਨੈਸ਼ਨਲ ਹਾਈਵੇ ਜਾਮ ਕਰਕੇ ਨਾਅਰੇਬਾਜ਼ੀ ਕੀਤੀ। 19 ਸਾਲਾ ਕੁੜੀ ਗਾਇਬ ਹੋ ਗਈ ਸੀ। ਪਰਵਾਰ ਨੇ ਉਸ ਦੇ ਕਤਲ ਹੋਣ ਦਾ ਸ਼ੱਕ ਜ਼ਾਹਰ ਕੀਤਾ ਸੀ।
ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ’ਤੇ ਰੋਸ ਵਜੋਂ ਮੰਡੀ ਵਾਸੀਆਂ ਨੇ ਬੁੱਧਵਾਰ ਦੂਜੇ ਦਿਨ ਵੀ ਬਜ਼ਾਰ ਬੰਦ ਕਰ ਕੇ ਬਠਿੰਡਾ-ਭਵਾਨੀਗੜ੍ਹ ਰਾਜਮਾਰਗ ਜਾਮ ਕਰ ਦਿੱਤਾ। ਪੁਲਸ ਨੇ ਸਵੇਰੇ ਕੁੜੀ ਦੀ ਮਿ੍ਰਤਕ ਦੇਹ ਪਿੰਡ ਮਾੜੀ ਦੇ ਨੇੜੇ ਨਹਿਰ ਵਿੱਚੋਂ ਮਿਲਣ ਦਾ ਦਾਅਵਾ ਕੀਤਾ ਅਤੇ ਮੁਲਜ਼ਮਾਂ ਨੂੰ ਗਿ੍ਰਫਤਾਰ ਕਰਨ ਦੀ ਪੁਸ਼ਟੀ ਕੀਤੀ। ਐੱਸ ਐੱਸ ਪੀ ਬਠਿੰਡਾ ਅਮਨੀਤ ਕੋਂਡਲ ਨੇ ਦੱਸਿਆ ਕਿ ਮਾਮਲੇ ਵਿੱਚ ਪੁਲਸ ਨੇ ਕਰੀਬ ਇੱਕ ਦਰਜਨ ਤੋਂ ਉੱਪਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ, ਜਿਸ ਵਿੱਚ ਇੱਕ ਪਰਵਾਰ ਦੇ ਤਿੰਨ ਮੈਂਬਰਾਂ ਸਮੇਤ ਪੰਜ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ।