ਭਲਕੇ ਸਹੁੰ ਚੁੱਕਣਗੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ

ਕੈਨੇਡਾ, 13 ਮਾਰਚ – ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਸਹੁੰ ਚੁੱਕ ਸਮਾਗਮ ਭਲਕੇ ਯਾਨੀ ਸ਼ੁੱਕਰਵਾਰ 14 ਮਾਰਚ ਨੂੰ ਹੋਵੇਗਾ। ਉਹ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਭਾਰਤੀ ਸਮੇਂ ਅਨੁਸਾਰ ਰਾਤ 8:30 ਵਜੇ ਰਾਜਧਾਨੀ ਓਟਾਵਾ ਦੇ ਰਿਡੋ ਹਾਲ ਦੇ ਬਾਲਰੂਮ ਵਿੱਚ ਹੋਵੇਗਾ। ਕਾਰਨੀ ਤੋਂ ਇਲਾਵਾ ਉਨ੍ਹਾਂ ਦੇ ਕੈਬਨਿਟ ਮੈਂਬਰ ਵੀ ਸ਼ੁੱਕਰਵਾਰ ਨੂੰ ਸਹੁੰ ਚੁੱਕਣਗੇ। ਉਨ੍ਹਾਂ ਨੇ 9 ਫ਼ਰਵਰੀ ਨੂੰ ਲਿਬਰਲ ਪਾਰਟੀ ਦੇ ਨੇਤਾ ਲਈ ਚੋਣ ਜਿੱਤੀ। ਕਾਰਨੇ ਨੂੰ 85.9% ਵੋਟਾਂ ਮਿਲੀਆਂ। ਮਾਰਕ ਕਾਰਨੀ ਮੌਜੂਦਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲੈਣਗੇ।

ਪਾਰਟੀ ਨੇਤਾ ਦੀ ਚੋਣ ਜਿੱਤਣ ਤੋਂ ਬਾਅਦ ਕਾਰਨੀ ਨੇ ਪ੍ਰਧਾਨ ਮੰਤਰੀ ਟਰੂਡੋ ਨਾਲ ਮੁਲਾਕਾਤ ਕੀਤੀ। ਦੋਵਾਂ ਵਿਚਕਾਰ ਸੱਤਾ ਸੌਂਪਣ ਬਾਰੇ ਚਰਚਾ ਹੋਈ। ਟਰੂਡੋ ਨੇ ਜਨਵਰੀ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਸ਼ੁੱਕਰਵਾਰ ਨੂੰ ਟਰੂਡੋ ਗਵਰਨਰ ਜਨਰਲ ਕੋਲ ਜਾਣਗੇ ਅਤੇ ਅਧਿਕਾਰਤ ਤੌਰ ‘ਤੇ ਆਪਣਾ ਅਸਤੀਫ਼ਾ ਸੌਂਪਣਗੇ। ਮਾਰਕ ਕਾਰਨੀ ਇੱਕ ਅਰਥਸ਼ਾਸਤਰੀ ਅਤੇ ਸਾਬਕਾ ਕੇਂਦਰੀ ਬੈਂਕਰ ਹਨ। ਕਾਰਨੀ ਨੂੰ 2008 ਵਿੱਚ ਬੈਂਕ ਆਫ਼ ਕੈਨੇਡਾ ਦਾ ਗਵਰਨਰ ਚੁਣਿਆ ਗਿਆ ਸੀ। ਕੈਨੇਡਾ ਨੂੰ ਮੰਦੀ ਵਿੱਚੋਂ ਕੱਢਣ ਲਈ ਉਨ੍ਹਾਂ ਵੱਲੋਂ ਚੁੱਕੇ ਗਏ ਕਦਮਾਂ ਕਾਰਨ, ਬੈਂਕ ਆਫ਼ ਇੰਗਲੈਂਡ ਨੇ ਉਨ੍ਹਾਂ ਨੂੰ 2013 ਵਿੱਚ ਗਵਰਨਰ ਦੇ ਅਹੁਦੇ ਦੀ ਪੇਸ਼ਕਸ਼ ਕੀਤੀ।

ਸਾਂਝਾ ਕਰੋ

ਪੜ੍ਹੋ