January 30, 2025

ਕਾਂਗਰਸ ਵੱਲੋੋਂ ਪੂਰਵਾਂਚਲੀ ਮੰੰਤਰਾਲੇ ਦਾ ਵਾਅਦਾ

ਨਵੀਂ ਦਿੱਲੀ, 30 ਜਨਵਰੀ – ਦਿੱਲੀ ਚੋਣਾਂ ਤੋਂ ਕੁਝ ਦਿਨ ਪਹਿਲਾਂ ਕਾਂਗਰਸ ਨੇ ਬੁੱਧਵਾਰ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਜੇ ਉਹ ਰਾਜਧਾਨੀ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਜਾਤੀ ਜਨਗਣਨਾ ਕਰਵਾਈ ਜਾਵੇਗੀ ਅਤੇ ਪੂਰਵਾਂਚਲੀਆਂ ਲਈ ਇੱਕ ਮੰਤਰਾਲੇ ਦੀ ਸਥਾਪਨਾ ਕੀਤੀ ਜਾਵੇਗੀ। 2013 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪ ਤੋਂ ਹਾਰ ਮਿਲਣ ਤੋਂ ਬਾਅਦ ਕਾਂਗਰਸ ਸੱਤਾ ਤੋਂ ਬਾਹਰ ਚੱਲੀ ਆ ਰਹੀ ਹੈ। ਮੈਨੀਫੈਸਟੋ ਵਿੱਚ ਕਾਂਗਰਸ ਪਾਰਟੀ ਨੇ ਔਰਤਾਂ ਨੂੰ 2500 ਰੁਪਏ ਮਹੀਨਾ, 300 ਯੂਨਿਟ ਤੱਕ ਮੁਫਤ ਬਿਜਲੀ ਅਤੇ 500 ਰੁਪਏ ਵਿੱਚ ਐੱਲ ਪੀ ਜੀ ਸਿਲੰਡਰ ਦੇਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ 25 ਲੱਖ ਰੁਪਏ ਤੱਕ ਦਾ ਮੁਫਤ ਸਿਹਤ ਬੀਮਾ ਅਤੇ ਮੁਫਤ ਰਾਸ਼ਨ ਕਿੱਟਾਂ ਵੀ ਪਾਰਟੀ ਦੀਆਂ ਗਾਰੰਟੀਆਂ ਵਿੱਚ ਸ਼ਾਮਲ ਹਨ।

ਕਾਂਗਰਸ ਵੱਲੋੋਂ ਪੂਰਵਾਂਚਲੀ ਮੰੰਤਰਾਲੇ ਦਾ ਵਾਅਦਾ Read More »

ਕੀ ਜ਼ਹਿਰੀਲਾ ਪਾਣੀ ਦੇ ਕੇ ਹਰਿਆਣਾ ਮੈਨੂੰ ਮਾਰੇਗਾ : ਮੋਦੀ

ਨਵੀਂ ਦਿੱਲੀ, 30 ਜਨਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਆਮ ਆਦਮੀ ਪਾਰਟੀ (ਆਪ) ’ਤੇ ਤਿੱਖਾ ਹਮਲਾ ਕਰਦਿਆਂ ਉਸ ਦੇ ਹਰਿਆਣਾ ਸਰਕਾਰ ਵਲੋਂ ਯਮੁਨਾ ਨਦੀ ਨੂੰ ਜ਼ਹਿਰੀਲਾ ਕਰਨ ਦੇ ਦਾਅਵੇ ਨੂੰ ਖਾਰਜ ਕੀਤਾ। ਉਨ੍ਹਾਂ ਕਿਹਾ ਕਿ ਉਹ ਖੁਦ ਯਮੁਨਾ ਦਾ ਪਾਣੀ ਪੀਂਦੇ ਹਨ। ਦਿੱਲੀ ਦੇ ਕਰਤਾਰ ਨਗਰ ਵਿੱਚ ਇੱਕ ਰੈਲੀ ’ਚ ਮੋਦੀ ਨੇ ਦਿੱਲੀ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ‘ਆਪ’ ਉੱਤੇ ਕਈ ਸ਼ਬਦੀ ਹਮਲੇ ਕੀਤੇ। ਉਨ੍ਹਾ ਪੁੱਛਿਆਕੀ ਹਰਿਆਣਾ ਦੇ ਲੋਕ ਦਿੱਲੀ ਤੋਂ ਵੱਖਰੇ ਹਨ? ਕੀ ਉਨ੍ਹਾਂ ਦੇ ਪਰਵਾਰ ਅਤੇ ਰਿਸ਼ਤੇਦਾਰ ਇੱਥੇ ਨਹੀਂ ਰਹਿੰਦੇ? ਕੀ ਉਹ ਜ਼ਹਿਰ ਦੇ ਸਕਦੇ ਹਨ? ਇਸ ਦਾਅਵੇ ’ਤੇ ਤਨਜ਼ ਕਸਦਿਆਂ ਮੋਦੀ ਨੇ ਕਿਹਾਇਹ ਪ੍ਰਧਾਨ ਮੰਤਰੀ ਵੀ ਉਹੀ ਪਾਣੀ ਪੀਂਦਾ ਹੈ।

ਕੀ ਜ਼ਹਿਰੀਲਾ ਪਾਣੀ ਦੇ ਕੇ ਹਰਿਆਣਾ ਮੈਨੂੰ ਮਾਰੇਗਾ : ਮੋਦੀ Read More »

ਮਹਾ ਤਰਾਸਦੀ

ਮੰਗਲਵਾਰ ਅਤੇ ਬੁੱਧਵਾਰ ਦੀ ਰਾਤ ਨੂੰ ਪ੍ਰਯਾਗਰਾਜ ਵਿੱਚ ਮਹਾਕੁੰਭ ਦੇ ਸੰਗਮ ਖੇਤਰ ਵਿੱਚ ਮਚੀ ਭਗਦੜ ਦੀ ਘਟਨਾ ਨਾਲ ਜਿੱਥੇ ਦੁਨੀਆ ਭਰ ਵਿੱਚ ਮਸ਼ਹੂਰ ਭਾਰਤ ਦੇ ਇਸ ਮਹਾ ਮੇਲੇ ਦੀ ਸੋਭਾ ਧੁੰਦਲੀ ਹੋ ਗਈ ਹੈ, ਉੱਥੇ ਇਸ ਮੌਕੇ ਭੀੜ ਨੂੰ ਸੰਭਾਲਣ ਲਈ ਕੀਤੇ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਸਵਾਲ ਉੱਠਣੇ ਵੀ ਸੁਭਾਵਿਕ ਹਨ। ਅਠਾਰਾਂ ਘੰਟੇ ਬੀਤਣ ਦੇ ਬਾਵਜੂਦ ਲੋਕ ਆਪਣੇ ਪਿਆਰਿਆਂ ਨੂੰ ਲੱਭ ਰਹੇ ਸਨ; ਜਾਣਕਾਰੀ ਦੀ ਘਾਟ ਅਤੇ ਸਰਕਾਰ ਦੀ ਸੰਵੇਦਨਹੀਣਤਾ ਦਾ ਆਲਮ ਇਹ ਰਿਹਾ ਕਿ ਅਠਾਰਾਂ ਘੰਟੇ ਬੀਤਣ ’ਤੇ ਵੀ ਘਟਨਾ ਬਾਰੇ ਕੋਈ ਅਧਿਕਾਰਤ ਸੂਚਨਾ ਨਹੀਂ ਦਿੱਤੀ ਗਈ ਕਿ ਭਾਜੜ ਦੌਰਾਨ ਕਿੰਨੇ ਲੋਕ ਮਾਰੇ ਗਏ ਹਨ, ਕਿੰਨੇ ਜ਼ਖ਼ਮੀ ਜਾਂ ਲਾਪਤਾ ਹਨ। ਹਰ ਵਾਰ ਮਹਾਕੁੰਭ ’ਤੇ ਕਰੋੜਾਂ ਸ਼ਰਧਾਲੂ ਪਹੁੰਚਦੇ ਹਨ ਪਰ ਇਸ ਵਾਰ ਇਹ ਤਾਦਾਦ ਹੋਰ ਵੀ ਜ਼ਿਆਦਾ ਦੱਸੀ ਜਾ ਰਹੀ ਹੈ। ਆਖ਼ਿਰ ਸ਼ਾਮ ਨੂੰ ਇੱਕ ਉਚ ਪੁਲੀਸ ਅਧਿਕਾਰੀ ਨੇ 30 ਮੌਤਾਂ ਅਤੇ 60 ਜਣਿਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਦਿੱਤੀ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਅੰਮ੍ਰਿਤ ਇਸ਼ਨਾਨ ਲਈ ਕਰੀਬ 9 ਕਰੋੜ ਲੋਕ ਮੇਲੇ ਵਿੱਚ ਪਹੁੰਚੇ ਹੋਏ ਸਨ। ਐਨੀ ਤਾਦਾਦ ਵਿੱਚ ਭੀੜ ਨੂੰ ਸੰਭਾਲਣ ਦੇ ਪ੍ਰਬੰਧ ਹਮੇਸ਼ਾ ਚੁਣੌਤੀਪੂਰਨ ਹੁੰਦੇ ਹਨ ਪਰ ਇਸ ਵਾਰ ਉੱਤਰ ਪ੍ਰਦੇਸ਼ ਸਰਕਾਰ ਦਾ ਜ਼ਿਆਦਾ ਧਿਆਨ ਸ਼ਾਇਦ ਪ੍ਰਚਾਰ ’ਤੇ ਜ਼ਿਆਦਾ ਕੇਂਦਰਿਤ ਰਿਹਾ ਹੈ। ਭਗਦੜ ਮਚਣ ਦੇ ਕਾਰਨਾਂ ਬਾਰੇ ਵੀ ਅਧਿਕਾਰੀ ਮੂੰਹ ਨਹੀਂ ਖੋਲ੍ਹ ਰਹੇ ਪਰ ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਰਾਤੀਂ ਕਰੀਬ ਡੇਢ ਵਜੇ ਨਾਗਾ ਸਾਧੂਆਂ ਦੇ ਸ਼ਾਹੀ ਇਸ਼ਨਾਨ ਦੇ ਆਉਣ ਦੀ ਗੱਲ ਫੈਲਣ ’ਤੇ ਉੱਥੇ ਮੌਜੂਦ ਲੋਕਾਂ ਅੰਦਰ ਹਫੜਾ-ਦਫੜੀ ਮਚ ਗਈ ਅਤੇ ਬੇਕਾਬੂ ਭੀੜ, ਬੈਠੇ ਆਰਾਮ ਕਰ ਰਹੇ ਲੋਕਾਂ ਨੂੰ ਦਰੜਦੀ ਚਲੀ ਗਈ। ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਘਟਨਾ ਨੂੰ ਬਹੁਤੀ ਤਵੱਜੋ ਨਾ ਦੇ ਕੇ ਆਈ ਗਈ ਕਰਨ ਦੀ ਕੋਸ਼ਿਸ਼ ਕੀਤੀ ਹੈ, ਸ਼ਾਇਦ ਅਜਿਹਾ ਦਹਿਸ਼ਤ ਤੇ ਨਕਾਰਾਤਮਕ ਪ੍ਰਚਾਰ ਨੂੰ ਟਾਲਣ ਦੇ ਇਰਾਦੇ ਨਾਲ ਕੀਤਾ ਗਿਆ ਹੈ, ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਸ਼ਰਧਾਲੂਆਂ ਨਾਲ ਸੰਵੇਦਨਾ ਜ਼ਾਹਿਰ ਕੀਤੀ ਹੈ ਜਿਨ੍ਹਾਂ ਆਪਣੇ ਪਰਿਵਾਰਕ ਮੈਂਬਰ ਗੁਆ ਲਏ ਹਨ। ਸਥਿਤੀ ਬੇਕਾਬੂ ਕਿਵੇਂ ਹੋਈ ਤੇ ਕਿਨ੍ਹਾਂ ਵੱਲੋਂ ਡਿਊਟੀ ’ਚ ਲਾਪਰਵਾਹੀ ਵਰਤੀ ਗਈ, ਇਹ ਜਾਣਨ ਲਈ ਗਹਿਰਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜਾਣਕਾਰੀ ਗੁਪਤ ਰੱਖਣ ਨਾਲ ਕੇਵਲ ਅਫ਼ਵਾਹਾਂ ਫੈਲਣਗੀਆਂ ਤੇ ਗ਼ਲਤ ਸੂਚਨਾ ਲੋਕਾਂ ਤੱਕ ਪਹੁੰਚੇਗੀ। ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਸੀ ਕਿ ਉਹ ਭੀੜ ਵਧਣ ਤੋਂ ਰੋਕਣ ਲਈ, ਜਿਹੜਾ ਵੀ ਪਹਿਲਾ ਘਾਟ ਉਨ੍ਹਾਂ ਨੂੰ ਮਿਲਦਾ ਹੈ, ਉੱਥੇ ਇਸ਼ਨਾਨ ਕਰਨ ’ਤੇ ਨਾਲ ਹੀ ਜ਼ੋਰ ਦਿੱਤਾ ਸੀ ਕਿ ਸੰਗਮ ’ਤੇ ਸਾਰੇ ਘਾਟਾਂ ਦੀ ਬਰਾਬਰ ਪਵਿੱਤਰਤਾ ਹੈ ਹਾਲਾਂਕਿ ਲੋੜ ਸੀ ਕਿ ਇਸ ਅਪੀਲ ਨੂੰ ਢੁੱਕਵੇਂ ਕਦਮਾਂ ਨਾਲ ਅਸਰਦਾਰ ਬਣਾਇਆ ਜਾਂਦਾ ਤਾਂ ਕਿ ਸ਼ਰਧਾਲੂ ਅਨੁਸ਼ਾਸਿਤ ਢੰਗ ਨਾਲ ਅੱਗੇ ਵਧਦੇ।

ਮਹਾ ਤਰਾਸਦੀ Read More »

ਗਣ ਨਹੀਂ, ਤੰਤਰ ਦੀ ਆਵਾਜ਼

ਮਹਾਤਮਾ ਗਾਂਧੀ ਕੌਮੀ ਦਿਹਾਤੀ ਰੁਜ਼ਗਾਰ ਗਰੰਟੀ ਯੋਜਨਾ (ਮਨਰੇਗਾ) ਜੋ ਪੇਂਡੂ ਰੁਜ਼ਗਾਰ ਦੀ ਜੀਵਨ ਰੇਖਾ ਹੈ, ਇੱਕ ਵਾਰ ਫਿਰ ਪੈਸੇ ਦੀ ਕਮੀ ਨਾਲ ਜੂਝ ਰਹੀ ਹੈ। ਸਕੀਮ ਤਹਿਤ ਵਿੱਤੀ ਸਾਲ 2024-25 ਲਈ ਸਰਕਾਰ ਨੇ 86000 ਕਰੋੜ ਰੁਪਏ ਰੱਖੇ ਸਨ, ਫਿਰ ਵੀ 4315 ਕਰੋੜ ਰੁਪਏ ਦੀ ਅਦਾਇਗੀ ਬਕਾਇਆ ਪਈ ਹੈ। 2023-24 ਵਿੱਚ, ਸ਼ੁਰੂਆਤ ਦੇ ਪਹਿਲੇ ਮਹੀਨਿਆਂ ’ਚ ਹੀ ਸਕੀਮ 6146 ਕਰੋੜ ਰੁਪਏ ਦੇ ਘਾਟੇ ਵਿੱਚ ਚੱਲ ਰਹੀ ਸੀ। ਇਸੇ ਤਰ੍ਹਾਂ 2022-23 ਵਿੱਚ ਸੋਧ ਕੇ ਅਲਾਟ ਕੀਤੇ ਗਏ 89400 ਕਰੋੜ ਰੁਪਏ ਵੀ ਅਸਲ ਬਜਟ ਨਾਲੋਂ ਘੱਟ ਸਨ। ਵਿੱਤੀ ਲੋੜਾਂ ਪੂਰਨ ਦਾ ਇਹ ਸਾਲਾਨਾ ਸੰਘਰਸ਼ ਸਕੀਮ ਦੀ ਯੋਜਨਾਬੰਦੀ ਤੇ ਮਾਲੀ ਤਰਜੀਹਾਂ ਨਾਲ ਸਬੰਧਿਤ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਇਸ ’ਚ ਸਪੱਸ਼ਟ ਤੌਰ ’ਤੇ ਕਈ ਕਮੀਆਂ ਹਨ। ਮਨਰੇਗਾ ਦੀ ਦਿਹਾੜੀ ਵਧਾ ਕੇ 400 ਰੁਪਏ ਕਰਨ ਦੀ ਕਾਂਗਰਸ ਦੀ ਮੰਗ ਸਥਾਈ ਹੱਲ ਨਾਲੋਂ ਸਿਆਸੀ ਧਾਰਨਾ ਵੱਧ ਜਾਪਦੀ ਹੈ। ਇਹ ਇੱਕ ਲੁਭਾਉਣਾ ਕਦਮ ਹੈ ਤੇ ਅਸਲ ਜੜ੍ਹ ਫੜਨ ਦੇ ਸਮਰੱਥ ਨਹੀਂ ਜਦੋਂਕਿ ਉਹ ਹੈ ਸਮੇਂ ਸਿਰ ਫੰਡ ਅਲਾਟਮੈਂਟ ’ਚ ਢਾਂਚਾਗਤ ਕਮੀਆਂ। ਆਧਾਰ ਨਾਲ ਜੁਡਿ਼ਆ ਅਦਾਇਗੀ ਢਾਂਚਾ ਤੇ ਰਾਸ਼ਟਰੀ ਮੋਬਾਈਲ ਨਿਗਰਾਨੀ ਤੰਤਰ, ਅਜਿਹੇ ਤਕਨੀਕੀ ਦਖ਼ਲਾਂ ਨੇ ਕੰਮਾਂ ਨੂੰ ਲਟਕਾਇਆ ਹੀ ਹੈ। ਵਾਰ-ਵਾਰ ਸੰਪਰਕ ਦਾ ਟੁੱਟਣਾ ਤੇ ਆਧਾਰ ਲਿੰਕਿੰਗ ਵਰਗੀਆਂ ਕਠੋਰ ਸ਼ਰਤਾਂ ਵੱਡੇ ਪੱਧਰ ’ਤੇ ਜੌਬ ਕਾਰਡ ਰੱਦ ਹੋਣ ਦਾ ਕਾਰਨ ਬਣੀਆਂ ਹਨ। 2022 ਤੋਂ ਬਾਅਦ ਕਰੀਬ ਨੌਂ ਕਰੋੜ ਕਾਮੇ ਇਸ ਤੋਂ ਟੁੱਟ ਚੁੱਕੇ ਹਨ। ਇਸ ਨੂੰ ਭਾਵੇਂ ਪਾਰਦਰਸ਼ਤਾ ’ਚ ਵਾਧਾ ਕਹਿ ਕੇ ਪ੍ਰਚਾਰਿਆ ਗਿਆ ਸੀ ਪਰ ਇਹ ਸਿਸਟਮ ਲੋਕਾਂ ਦੇ ਰੁਜ਼ਗਾਰ ’ਚ ਅਡਿ਼ੱਕਾ ਬਣ ਗਿਆ ਹੈ। ਇਸ ਤੰਤਰ ’ਚ ਸੁਧਾਰ ਸਮੇਂ ਦੀ ਲੋੜ ਹੈ। ਦੂਰ-ਦਰਾਜ ਦੇ ਪੇਂਡੂ ਇਲਾਕਿਆਂ ’ਚ ਲੋਕ ਅਜਿਹੀਆਂ ਤਕਨੀਕੀ ਚੁਣੌਤੀਆਂ ਦਾ ਟਾਕਰਾ ਕਰਨ ਦੇ ਸਮਰੱਥ ਨਹੀਂ ਹਨ। ਮਨਰੇਗਾ ਮੰਗ ਆਧਾਰਿਤ ਸਕੀਮ ਸੀ ਜਿਸ ਦਾ ਮੰਤਵ ਦਿਹਾਤ ’ਚ ਰਹਿੰਦੇ ਪਰਿਵਾਰਾਂ ਲਈ ਰੁਜ਼ਗਾਰ ਯਕੀਨੀ ਬਣਾਉਣਾ ਸੀ। ਸਕੀਮ ਆਪਣੇ ਮੰਤਵਾਂ ’ਤੇ ਪੂਰੀ ਉਤਰਨੀ ਚਾਹੀਦੀ ਹੈ। ਮਨਰੇਗਾ ਨੇ ਦਿਹਾਤੀ ਤੰਗੀ ਨੂੰ ਲਗਾਤਾਰ ਉਭਾਰਿਆ ਹੈ, ਕੰਮ ਲਈ ਵਧੀ ਮੰਗ ਨੇ ਸ਼ਹਿਰਾਂ ’ਚ ਨੌਕਰੀ ਦੀ ਘਾਟ ਵੱਲ ਸੰਕੇਤ ਕੀਤਾ ਹੈ। ਗ਼ਰੀਬੀ ਘਟਾਉਣ ’ਚ ਇਸ ਦੀ ਭੂਮਿਕਾ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਮਨਰੇਗਾ ਨੇ ਰੁਜ਼ਗਾਰ ਦੇ ਕੇ ਲੋਕਾਂ ਨੂੰ ਪੱਛੜੇ ਇਲਾਕਿਆਂ ’ਚ ਵਿੱਤੀ ਤੌਰ ’ਤੇ ਤਕੜੇ ਕੀਤਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਕੀਕੀ ਬਜਟ ਤਿਆਰ ਕਰਨ, ਪਾਰਦਰਸ਼ੀ ਢੰਗ ਨਾਲ ਯੋਜਨਾ ਲਾਗੂ ਕਰਨ ਤੇ ਪ੍ਰਸ਼ਾਸਕੀ ਅਡਿ਼ੱਕੇ ਦੂਰ ਕਰਨ ਵੱਲ ਪਹਿਲ ਦੇ ਆਧਾਰ ’ਤੇ ਧਿਆਨ ਦੇਵੇ।

ਗਣ ਨਹੀਂ, ਤੰਤਰ ਦੀ ਆਵਾਜ਼ Read More »

ਜਮਹੂਰੀ ਅਧਿਕਾਰ ਸਭਾ ਵੱਲੋਂ ਪਿੰਡ ਦਾਨ ਸਿੰਘ ਵਾਲਾ/ਕੋਠੇ ਜੀਵਨ ਸਿੰਘ ਵਾਲਾ ਦੇ ਲੁੱਟਮਾਰ ਤੇ ਅਗਜਨੀ ਕਾਂਡ ਦੀ ਰਿਪੋਰਟ ਰਿਲੀਜ

* ਪੁਲਿਸ ਕਾਰਵਾਈ ਚ ਮਹੱਤਵਪੂਰਨ ਤੱਥ ਛੁਪਾਏ ਗਏ *ਸਮੁੱਚੇ ਘਟਨਾਕ੍ਰਮ ਲਈ ਪੁਲਿਸ-ਨਸ਼ਾ ਤਸਕਰਾਂ-ਸਰਪੰਚ ਤੇ ਸਿਆਸਤਦਾਨਾਂ ਦਾ ਗਠਜੋੜ ਜਿੰਮੇਵਾਰ – ਜਮਹੂਰੀ ਅਧਿਕਾਰ ਸਭਾ ਬਠਿੰਡਾ, 30 ਜਨਵਰੀ – ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲਾ ਇਕਾਈ ਬਠਿੰਡਾ ਨੇ ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਜੀਵਨ ਸਿੰਘ ਵਾਲਾ ਵਿਖੇ ਵਾਪਰੇ ਲੁੱਟਮਾਰ ਤੇ ਅਗਜਨੀ ਕਾਂਡ ਲਈ ਨਸ਼ਾ ਤਸਕਰਾਂ,ਪੁਲਿਸ, ਸਿਆਸਤਦਾਨਾਂ ਤੇ ਸਰਪੰਚ ਦੇ ਗਠਜੋੜ ਨੂੰ ਜਿੰਮੇਵਾਰ ਠਹਿਰਾਉਂਦਿਆਂ ਹਾਈਕੋਰਟ ਰਾਹੀਂ ਉੱਚ ਪਧਰੀ ਜਾਂਚ ਕਰਕੇ ਦੋਸ਼ੀਆਂ ਤੇ ਉਹਨਾਂ ਨੂੰ ਸ਼ਹਿ ਦੇਣ ਵਾਲੇ ਸਰਪੰਚ ਆਦਿ ਖਿਲਾਫ਼ ਪਰਚੇ ਦਰਜ ਕਰਨ ਅਤੇ ਨਸ਼ਾ ਰੋਕੂ ਐਕਟ ਤਹਿਤ ਸਖ਼ਤ ਸਜਾਵਾਂ ਦੇਣ,ਲੋਕਾਂ ਦੇ ਹੋਏ ਨੂਕਸਾਨ ਦਾ ਮੁਲਾਂਕਣ ਕਰਕੇ ਉਸ ਦੀ ਭਰਪਾਈ ਕਰਨ,ਲੋਕਾਂ ਨੂੰ ਰੋਟੀ ਰੋਜ਼ੀ ਚਲਾਉਣ ਲਈ ਵਿੱਤੀ ਸਹਾਇਤਾ ਦੇਣ,ਜਖ਼ਮੀਆਂ ਦਾ ਇਲਾਜ ਮੁਫਤ ਕਰਨ,ਜਿਨਾਂ ਪੁਲਿਸ ਅਧਿਕਾਰੀਆਂ ਨੇ ਅਣਗਿਹਲੀ ਵਰਤੀ ਤੇ ਤਸਕਰਾਂ ਨੂੰ ਹੱਲਾਸ਼ੇਰੀ ਦਿੱਤੀ ਹੈ,ਉਹਨਾਂ ਨੂੰ ਤੁਰੰਤ ਮੁਅਤਲ ਕਰਕੇ ਵਿਭਾਗੀ ਕਾਰਵਾਈ ਕਰਨ ਅਤੇ ਨਸ਼ਾ ਦੇ ਸੋਦਾਗਰਾਂ ਦੀ ਹਰ ਤਰ੍ਹਾਂ ਦੀ ਪੁਸ਼ਤਪਨਾਹੀ ਬੰਦ ਕਰਨ ਦੀ ਮੰਗ ਕੀਤੀ ਹੈ l ਪ੍ਰਿੰ ਬੱਗਾ ਸਿੰਘ ਦੀ ਅਗਵਾਈ ਚ ਮਨੋਹਰ ਦਾਸ,ਡਾ ਅਜੀਤਪਾਲ ਸਿੰਘ,ਸਿਕੰਦਰ ਸਿੰਘ ਧਾਲੀਵਾਲ ਤੇ ਡਾ.ਸਰਦੂਲ ਸਿੰਘ ਗਰੇਵਾਲ ਤੇ ਅਧਾਰਤ ਪੰਜ ਮੈਂਬਰੀ ਜਾਂਚ ਕਮੇਟੀ ਨੇ ਘਟਨਾ ਸਥਲ ਦਾ ਦੌਰਾ ਕਰਕੇ ਪੀੜਤਾਂ ਦੇ ਬਿਆਨ ਲਏ,ਸਿਵਲ ਹਸਪਤਾਲ ਗੋਨਿਆਣਾ ਵਿਖੇ ਦਾਖਲ ਜਖਮੀਆਂ ਦੀਆਂ ਰਿਪੋਰਟਾਂ ਦੀ ਜਾਂਚ ਕੀਤੀ,ਉਹਨਾਂ ਤੋਂ ਘਰਾਂ ਦੇ ਹੋਏ ਜਾਨੀ ਤੇ ਮਾਲੀ ਨੁਕਸਾਨ ਦਾ ਵੇਰਵਾ ਲਿਆ ਅਤੇ ਨਹੀਆਂ ਵਾਲੇ ਥਾਣੇ ਵਿੱਚ ਦਰਜ਼ ਐਫਆਈਆਰ ਤੇ ਹੋਰ ਦਸਤਾਵੇਜਾਂ ਦਾ ਅਧਿਐਨ ਕੀਤਾ l ਸਕੱਤਰ ਸੁਦੀਪ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਗੋਨਿਆਣਾ ਹਲਕੇ ਦੇ ਪਿੰਡ ਕੋਠੇ ਜੀਵਨ ਸਿੰਘ ਵਾਲਾ ਦੀ ਜਿਆਦਾਤਰ ਆਬਾਦੀ ਦਲਿਤ ਫਿਰਕੇ ਨਾਲ ਸਬੰਧ ਰੱਖਦੀ ਹੈ l ਪਿੰਡ ਤੋਂ ਥਾਣਾ ਨਹੀਆਂ ਵਾਲੇ ਦੀ ਦੂਰੀ ਮਹਿਜ ਅੱਠ ਕਿਲੋਮੀਟਰ ਹੈ l ਪਿੰਡ ਦੇ ਲੋਕਾਂ ਵਲੋਂ ਘਟਨਾ ਤੋਂ ਦੋ ਦਿਨ ਪਹਿਲਾਂ ਪਿੰਡ ਦੇ ਸਰਪੰਚ ਅਤੇ ਪੁਲਸ ਥਾਣੇ ਨੂੰ ਸੂਚਨਾ ਦਿੱਤੀ ਗਈ ਸੀ ਕਿ ਨਸ਼ਾ ਤਸਕਰ ਪਿੰਡ ਵਿੱਚ ਨਸ਼ਾ ਵੇਚਣ ਆਉਂਦੇ ਹਨ। ਜਦੋਂ ਰੋਕਿਆ ਜਾਂਦਾ ਹੈ ਤਾਂ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ l ਕੁਝ ਦਿਨ ਪਹਿਲਾਂ ਸਰਪੰਚ ਸਾਹਮਣੇ ਘਟਨਾ ਦੇ ਮੁੱਖ ਸਾਜ਼ਿਸ਼ਕਰਤਾ ਹਰਵਿੰਦਰ ਸਿੰਘ ਨੇ ਲੋਕਾਂ ਨੂੰ ਧਮਕੀ ਦਿੱਤੀ ਸੀ ਕਿ ਜਿਹਨਾਂ ਲੋਕਾਂ ਨੇ ਨਸ਼ਿਆਂ ਦਾ ਵਿਰੋਧ ਕੀਤਾ,ਉਹਨਾਂ ਦੇ ਘਰ ਫੂਕ ਦਿੱਤੇ ਜਾਣਗੇ l ਆਮ ਆਦਮੀ ਪਾਰਟੀ ਨਾਲ ਸੰਬੰਧਿਤ ਪਿੰਡ ਦੇ ਸਰਪੰਚ ਬੰਤਾ ਸਿੰਘ ਦੀ ਮੁੱਖ ਦੋਸ਼ੀ ਹਰਵਿੰਦਰ ਸਿੰਘ ਨੇ ਵੋਟਾਂ ਵਿੱਚ ਭਾਰੀ ਮਦਦ ਕੀਤੀ ਸੀ l ਸਰਕਾਰ ਪੁਲਸ ਤੇ ਸਰਪੰਚ ਦੀ ਸ਼ਹਿ ਤੇ ਪਿੰਡ ਵਿੱਚ ਵੀ ਨਸ਼ਿਆਂ ਦਾ ਕਾਰੋਬਾਰ ਚਲਦਾ ਹੈ l ਇੱਕ ਸਾਬਕਾ ਸਰਪੰਚ ਜਸਵੰਤ ਸਿੰਘ ਬਰਾੜ ਨੇ ਇਸ ਤੱਥ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਧਰਮਪ੍ਰੀਤ,ਲਵਪ੍ਰੀਤ ਅਤੇ ਹਰਵਿੰਦਰ ਸਿੰਘ ਚਿੱਟਾ ਵੇਚਦੇ ਹਨ l ਕਈ ਵਿਅਕਤੀ ਨਸ਼ਾ ਕਰਦੇ ਮਰ ਵੀ ਗਏ ਹਨ ਅਤੇ ਪਿੰਡ ਵਿੱਚ ਨਸ਼ਾ ਤਸਕਰਾਂ ਵੱਲੋਂ ਨਸ਼ਾ ਭੇਜਿਆ ਜਾਂਦਾ ਹੈ l 9 ਜਨਵਰੀ ਦੀ ਰਾਤ ਨੂੰ 150/200 ਲੋਕਾਂ ਦੇ ਹਥਿਆਰਬੰਧ ਗਰੋਹ ਨੇ ਪੈਟਰੋਲ ਬੰਬ ਸੁੱਟ ਕੇ ਕਰੀਬ ਅੱਠ ਘਰਾਂ ਨੂੰ ਸਾੜਿਆ ਤੇ ਉਨਾਂ ਦੇ ਕੀਮਤੀ ਸਮਾਨ ਨੂੰ ਤਹਿਸ ਨਹਿਸ ਕੀਤਾ ਹੈ। ਗੁੰਡਾਗਰਦੀ,ਲੁੱਟਖੋਹ ਤੇ ਅੱਗਜਨੀ ਦਾ ਇਹ ਨੰਗਾ ਨਾਚ ਕਈ ਘੰਟੇ ਚਾਲੂ ਰਿਹਾ। ਗੋਰਾ ਸਿੰਘ ਨਾਂ ਦੇ ਵਿਅਕਤੀ ਨੇ ਤਾਂ ਨਿੰਮ ਦੇ ਦਰਖਤ ਤੇ ਚੜ ਕੇ ਹਮਲਾਵਰਾਂ ਤੋਂ ਆਪਣੀ ਜਾਨ ਬਚਾਈ l ਪ੍ਰਗਟ ਸਿੰਘ ਕੇਵਲ ਸਿੰਘ ਜਸਪ੍ਰੀਤ ਦਲੀਪ ਸਿੰਘ ਰੂਪ ਸਿੰਘ ਤੇ ਹੋਰਾਂ ਨੂੰ ਤੇਜਧਾਰ ਹਥਿਆਰਾਂ ਨਾਲ ਜਖਮੀ ਕੀਤਾ,ਜਿਨਾਂ ਨੂੰ ਗੋਨਿਆਣੇ ਦੇ ਹਸਪਤਾਲ ਦਖਲ ਕਰਾਇਆ ਗਿਆ l ਘਰਾਂ ਦੀਆਂ ਪੇਟੀਆਂ,ਅਲਮਾਰੀਆਂ,ਵਹੀਕਲਾਂ ਨੂੰ ਪੈਟਰੋਲ ਬੰਬ ਸੁੱਟ ਕੇ ਸਾੜਿਆ ਗਿਆ l ਕਿਰਪਾਨਾ ਤੇ ਕਾਪਿਆਂ ਆਦਿ ਨਾਲ ਘਰਾਂ ਦੇ ਸਮਾਨ ਨੂੰ ਤਹਿਸ-ਨਹਿਸ ਕੀਤਾ l ਲੈਟਰਨਾਂ ਤੱਕ ਨੂੰ ਤੋੜ ਦਿੱਤਾ l ਲੱਖਾਂ ਰੁਪਏ ਦਾ ਨੁਕਸਾਨ ਹੋਇਆ l ਪੰਜਾਬ ਸੂਬੇ ਦੀ ਸ਼ਾਇਦ ਇਹ ਪਹਿਲੀ ਘਟਨਾ ਹੈ ਜਿੱਥੇ ਨਸ਼ਾ ਤਸਕਰਾਂ ਨੇ ਪੈਟਰੋਲ ਬੰਬ ਸੁੱਟ ਕੇ ਘਰਾਂ ਨੂੰ ਸਾੜਿਆਂ ਹੈ l ਪਿੱਛੋਂ ਕੀਤੀ ਪੁਲਸ ਕਾਰਵਾਈ ਤੱਥਾਂ ਨੂੰ ਛੁਪਾਉਣ ਦੀ ਕਵਾਇਤ ਹੋ ਨਿਬੜੀ ਹੈ l ਲੋਕਾਂ ਨੂੰ ਮਾਰਨ ਦੀ ਨੀਅਤ ਨਾਲ ਦਹਿਸ਼ਤਜ਼ਦਾ ਕਰਕੇ ਸਬਕ ਸਿਖਾਉਣ ਲਈ ਕੀਤੇ ਜਥੇਬੰਦਕ ਕਰਾਈਮ ਨੂੰ ਢਕਣ ਦਾ ਪੁਲਸ ਨੇ ਪੂਰਾ ਯਤਨ ਕੀਤਾ ਹੈ l ਲੋਕਾਂ ਵੱਲੋਂ ਸਪਸ਼ਟ ਦਸਣ ਦੇ ਬਾਵਜੂਦ ਪਿੰਡ ਦੇ ਸਰਪੰਚ ਨੂੰ ਜਾਂਚ ਦੇ ਘੇਰੇ ਵਿੱਚ ਨਹੀਂ ਲਿਆਂਦਾ ਹੈ l ਤੱਥਾਂ ਦੀ ਭੰਨ ਤੋੜ ਕਰਕੇ ਅਸਲੀਅਤ ਛਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੁੱਖ ਦੋਸ਼ੀ ਹਰਵਿੰਦਰ ਸਿੰਘ ਨੇ ਆਪਣੇ ਘਰ ਦੀ ਭੰਨਤੋੜ ਆਪ ਕਰਵਾਈ ਤਾਂ ਕਿ ਕਾਉਂਟਰ ਕੇਸ ਬਣ ਸਕੇ l ਲੋਕਾਂ ਵੱਲੋਂ ਸਮੇਂ ਸਿਰ ਇਤਲਾਹ ਦੇਣ ਦੇ ਬਵਜੂਦ ਪੁਲਿਸ ਬਹੁਤ ਦੇਰ ਨਾਲ ਪਹੁੰਚੀ ਤੇ ਐਫਆਈਆਰ ਅਗਲੇ ਦਿਨ 8 ਵਜੇ ਰਾਤ ਨੂੰ ਦਰਜ ਕੀਤੀ l ਜੇ ਲੋਕ ਘਰਾਂ ਤੋਂ ਬਾਹਰ ਨਾ ਨਿਕਲਦੇ ਤਾਂ ਉਹਨਾਂ ਨੇ ਵੀ ਅੱਗ ਵਿੱਚ ਸੜ ਜਾਣਾ ਸੀ l ਕੁੜੀਆਂ ਦੇ ਵਿਆਹ ਲਈ ਬਣਾਏ ਦਾਜ ਅਤੇ ਬੱਚਿਆਂ ਦੇ ਸਰਟੀਫਿਕੇਟ ਤੱਕ ਸਾੜ ਦਿੱਤੇ ਗਏ। ਦੋ ਦਿਨ ਪਹਿਲਾਂ ਦਿੱਤੀ ਇਤਲਾਹ ਮੁਤਾਬਿਕ ਜੇ ਪੁਲਿਸ ਕਾਰਵਾਈ ਕਰਦੀ ਤਾਂ ਇਹ ਘਟਨਾ ਕਦੇ ਨਾ ਵਾਪਰਦੀ l ਨਹੀਂਆਂ ਵਾਲੇ ਦੇ ਥਾਣਾ ਮੁੱਖੀ ਤੇ ਜਿਲ੍ਹਾ ਪੁਲਿਸ ਮੁੱਖੀ ਨੇ ਤਾਂ ਇਸ ਨੂੰ ਦੋ ਘਰਾਂ ਦੀ ਨਿੱਜੀ ਰੰਜਿਸ਼ ਦੀ ਘਟਨਾ ਕਹਿ ਕੇ ਪੱਲਾ ਝਾੜ ਦਿੱਤਾ l ਪੰਜ ਹਮਲਾਵਰਾਂ ਦਾ ਅਪਰਾਧਿਕ ਪਿੱਛੋਕੜ ਹੈ l ਹਰਵਿੰਦਰ ਸਿੰਘ,ਲਵਪ੍ਰੀਤ,ਅਜੇਪਾਲ,ਧਰਮਪ੍ਰੀਤ ਤੇ ਸੁਖਪ੍ਰੀਤ ਖਿਲਾਫ ਕਈ ਕੇਸ ਵੱਖ-ਵੱਖ ਥਾਣੀਆਂ ਵਿੱਚ ਦਰਜ ਹਨ l ਪਿੰਡ ਦੇ ਸਰਪੰਚ,ਸਥਾਨਕ ਪੁਲਿਸ ਅਤੇ ਸਿਆਸਤਦਾਨਾਂ ਨੂੰ ਪਹਿਲਾਂ ਪਤਾ ਸੀ ਕਿ ਪਿੰਡ ਵਿੱਚ ਨਸ਼ਾ ਵੇਚਿਆ ਜਾਂਦਾ ਹੈ। ਇਲਾਕੇ ਦੇ ਐਮਐਲਏ ਮਾਸਟਰ ਜਗਸੀਰ ਸਿੰਘ ਨੇ ਪਿੰਡ ਪਹੁੰਚ ਕੇ ਪੀੜਤਾਂ ਨਾਲ ਘੱਟ ਅਤੇ ਤਸਕਰਾਂ ਤੇ ਸਰਪੰਚ ਨਾਲ ਹਮਦਰਦੀ ਵੱਧ ਵਿਖਾਈ l ਉਹ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ ਨਹੀਂ ਪਾਉਣਾ ਚਾਹੁੰਦੇ ਸਨ l ਸਭਾ ਦੀ ਜਾਂਚ ਕਮੇਟੀ ਪੁਲਿਸ ਦੇ ਇਸ ਦਾਅਵੇ ਨੂੰ ਮੁੱਢ ਤੋਂ ਰੱਦ ਕਰਦੀ ਹੈ ਕਿ ਇਹ ਨਿੱਜੀ ਰੰਜਿਸ਼ ਦਾ ਮਾਮਲਾ ਸੀ l ਅਜੇਹੀ ਵਹਿਸ਼ੀ ਘਟਨਾ ਨੂੰ ਅੰਜਾਮ ਦੇਣਾ ਇਹ ਦਰਸਾਉਂਦਾ ਹੈ ਕਿ ਪੁਲਿਸ,ਨਸ਼ਾ ਤਸ਼ਕਰਾਂ,ਸਰਪੰਚ ਤੇ ਸਿਆਸਤਦਾਨਾਂ ਦਾ ਗੱਠਜੋੜ ਇਸ ਪਿੱਛੇ ਖੜ੍ਹਾ ਹੈ। ਨਸ਼ਿਆਂ ਦੇ ਵਸੀਹ ਵਪਾਰ ਪਿਛੇ ਤਾਕਤਵਰ ਕਾਰਟੇਲ,ਸੰਗਠਤ ਅਪਰਾਧ ਸਮੁਹਾਂ,ਸਰਕਾਰਾਂ ਤੇ ਏਜੰਸੀਆਂ ਦਾ ਹੱਥ ਹੈ l ਆਰਥਿਕ ਮੰਦੀ,ਖੇਤੀ/ਸਨਅਤੀ ਸੰਕਟ,ਗਰੀਬੀ,ਬੇਰੁਜਗਾਰੀ ਤੇ ਕਰਜ਼ਿਆਂ ਦੀ ਮਾਰ ਹੇਠ ਆਏ ਲੋਕ ਵਿਦੇਸ਼ ਭੱਜਣ ਲਈ ਮਜਬੂਰ ਹਨ l ਨਸ਼ਿਆਂ ਦੀ ਓਵਰਡੋਜ ਨਾਲ ਸੈਂਕੜੇ ਨੌਜਵਾਨਾ ਨਿੱਤ ਮਰਦੇ ਹਨ l ਸਭਾ ਨੇ ਬੁੱਧੀਜੀਵੀਆਂ,ਨੌਜਵਾਨਾਂ,ਵਿਦਿਆਰਥੀਆਂ ਤੇ ਔਰਤਾਂ ਦੀਆਂ ਸੰਸਥਾਵਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਨਸ਼ਾ ਦੇ ਵਪਾਰ ਪਿਛੇ ਕਾਰਜਸ਼ੀਲ ਕਰਟੇਲਾਂ,ਸੰਗਠਤ ਗਰੋਹਾਂ,ਸਰਕਾਰਾਂ ਤੇ ਏਜੰਸੀਆਂ ਬਾਰੇ ਲੋਕਾਂ ਨੂੰ ਸੁਚੇਤ ਕਰਨ ਤਾਂ ਕਿ ਨਸ਼ੇ ਦੇ ਦੇਂਤ ਨੂੰ ਨੱਥ ਮਾਰ ਜਾ ਸਕੇ ਹੈ l

ਜਮਹੂਰੀ ਅਧਿਕਾਰ ਸਭਾ ਵੱਲੋਂ ਪਿੰਡ ਦਾਨ ਸਿੰਘ ਵਾਲਾ/ਕੋਠੇ ਜੀਵਨ ਸਿੰਘ ਵਾਲਾ ਦੇ ਲੁੱਟਮਾਰ ਤੇ ਅਗਜਨੀ ਕਾਂਡ ਦੀ ਰਿਪੋਰਟ ਰਿਲੀਜ Read More »