January 15, 2025

ਲੋਕ ਨਵੀਂਆਂ ਸਿਆਸੀ ਦੁਕਾਨਾਂ ਖੋਲ੍ਹਣ ਵਾਲਿਆਂ ਤੋਂ ਬਚਣ, ਇਹ ਨੌਜਵਾਨਾਂ ਨੂੰ ਮਰਵਾਉਣਗੇ : ਸੁਖਬੀਰ

ਸ੍ਰੀ ਮੁਕਤਸਰ ਸਾਹਿਬ, 15 ਜਨਵਰੀ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੰਗਲਵਾਰ ਪੰਜਾਬ ਦੇ ਲੋਕਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਜੁੜਨ। ਉਹਨਾ ਪ੍ਰਣ ਲਿਆ ਕਿ ਉਹ ਪੰਥ ਅਤੇ ਪੰਜਾਬ ਦੀ ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਵਾਸਤੇ ਆਪਣੀ ਜਾਨ ਵਾਰਨ ਵਾਸਤੇ ਵੀ ਤਿਆਰ-ਬਰ-ਤਿਆਰ ਹਨ। ਇਥੇ ਮਾਘੀ ਮੇਲੇ ’ਤੇ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਇਤਿਹਾਸ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਵਿਚ ਮੁੜ ਵਿਸ਼ਵਾਸ ਕਰਨ, ਜਿਵੇਂ 40 ਮੁਕਤਿਆਂ ਨੂੰ ਗੁਰੂ ਸਾਹਿਬ ਨੇ ਇਸ ਇਤਿਹਾਸਕ ਅਸਥਾਨ ’ਤੇ ਮੁੜ ਅਪਣਾਇਆ ਸੀ। ਉਹਨਾ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੀ ‘ਕੌਮ’ ਨੂੰ ਮੁੜ ਮਜ਼ਬੂਤ ਕਰੀਏ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਅਜਿਹਾ ਕਰ ਸਕਦਾ ਹੈ। ਉਹਨਾ ਕਿਹਾ ਕਿ ਮੈਂ ਪ੍ਰਣ ਕਰਦਾ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਂਗੂ ਮੈਂ ਲੋਕਾਂ ਦੀ ਭਲਾਈ ਵਾਸਤੇ ਜੋ ਲੋੜੀਂਦਾ ਹੋਇਆ, ਉਹ ਕਰਾਂਗਾ। ਜੇਕਰ ਮੈਨੂੰ ਪੰਜਾਬ, ਪੰਜਾਬੀਅਤ ਤੇ ਖਾਲਸਾ ਪੰਥ ਵਾਸਤੇ ਆਪਣੀ ਕੁਰਬਾਨੀ ਵੀ ਦੇਣੀ ਪਵੇਗੀ ਤਾਂ ਮੈਂ ਪਿੱਛੇ ਨਹੀਂ ਹਟਾਂਗਾ। ਉਹਨਾ ਪੰਥ ਤੇ ਪੰਜਾਬ ਨੂੰ ਫਿਰਕੂ ਤੌਰ ’ਤੇ ਵੰਡਣ ਤੇ ਪੰਜਾਬੀ ਨੌਜਵਾਨਾਂ ਦਾ ਖੂਨ ਵਹਾਉਣ ਲਈ ਕਾਹਲੀਆਂ ਤਾਕਤਾਂ ਦੀ ਰਾਜਨੀਤੀ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਤੇ ਕਿਹਾ ਕਿ ਉਹ ਸਾਡੇ ਮਹਾਨ ਗੁਰੂ ਸਾਹਿਬਾਨ, ਸੰਤਾਂ ਤੇ ਪੀਰਾਂ-ਫਕੀਰਾਂ ਵੱਲੋਂ ਦਰਸਾਏ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਰਾਹ ਤੋਂ ਕਦੇ ਵੀ ਪਿੱਛੇ ਨਹੀਂ ਹਟਣਗੇ। ਉਹਨਾ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਪਹਿਲਾਂ ਹੀ ਪਾਰਟੀ ਵੱਲੋਂ ਪੂਰੀ ਜ਼ਿੰਮੇਵਾਰੀ ਨਿਭਾਈ ਹੈ ਤਾਂ ਜੋ ਸੂਬੇ ਭਰ ਦੇ ਲੋਕ ਸਾਡੇ ਨੌਜਵਾਨਾਂ ਦੇ ਚੰਗੇ ਭਵਿੱਖ ਦੀ ਆਸ, ਸ਼ਾਂਤੀ ਤੇ ਖੁਸ਼ਹਾਲੀ ਵੱਲ ਵੇਖ ਸਕਣ ਤੇ ਅੱਗੇ ਵੱਧ ਸਕਣ। ਉਹਨਾ ਕਿਹਾ ਕਿ ਕੁਝ ਅਖੌਤੀ ਪੰਥਕ ਸੰਗਠਨ ਬਦਲਵਾਂ ਏਜੰਡਾ ਪੇਸ਼ ਕਰ ਕੇ ਸੂਬੇ ਖਾਸ ਤੌਰ ’ਤੇ ਇਸ ਦੇ ਨੌਜਵਾਨਾਂ ਨੂੰ ਫਿਰ ਤੋਂ ਕਾਲੇ ਦੌਰ ਵਿਚ ਧੱਕਣਾ ਚਾਹੁੰਦੇ ਹਨ, ਜਿਸ ਦੌਰਾਨ ਸਿੱਖ ਨੌਜਵਾਨਾਂ ਨੂੰ ਮੁਕਾਬਲਿਆਂ ਵਿਚ ਕਤਲ ਕੀਤਾ ਗਿਆ। ਉਹਨਾ ਸਪੱਸ਼ਟ ਕਿਹਾ ਕਿ ਅਜਿਹੇ ਹੀ ਧੜੇ ਦੇ ਇਕ ਆਗੂ ਨੇ ਅੱਜ ਆਪਣੀ ਸਿਆਸੀ ਦੁਕਾਨ ਖੋਲ੍ਹ ਲਈ ਹੈ, ਜਦੋਂ ਕਿ ਇਸ ਨੇ ਪਹਿਲਾਂ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਸੀ, ਜਦੋਂ ਕਿ ਇਸ ਦੇ ਆਪਣੇ ਪਰਵਾਰਕ ਮੈਂਬਰ ਨਸ਼ਿਆਂ ਨਾਲ ਫੜੇ ਗਏ ਹਨ। ਇਹ ਲੋਕ ਇਲਾਕੇ ਵਿਚ ਕਤਲੇਆਮ ਵਿਚ ਵੀ ਸ਼ਾਮਲ ਪਾਏ ਗਏ ਹਨ। ਇਹ ਨੌਜਵਾਨਾਂ ਨੂੰ ਭੜਕਾਉਣਾ ਚਾਹੁੰਦੇ ਹਨ ਅਤੇ ਆਪਣੇ ਮਨੋਰਥਾਂ ਵਾਸਤੇ ਉਲਝਣਾਂ ਪੈਦਾ ਕਰਨੀਆਂ ਚਾਹੁੰਦੇ ਹਨ। ਉਹਨਾ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਭਵਿੱਖ ਦੀਆਂ ਪੀੜ੍ਹੀਆਂ ਸੁਰੱਖਿਅਤ ਰਹਿਣ ਤੇ ਐਵੇਂ ਆਪਣੀਆਂ ਜਾਨਾਂ ਨਾ ਗੁਆਉਣ। ਉਹਨਾ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਉਹਨਾ ਦੇ ਪਿਤਾ ਨੇ ਕੋਈ ਗਲਤੀ ਕੀਤੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਵੀ ਉਹ ਆਪਣੇ ਸਿਰ ਲੈਣ ਨੂੰ ਤਿਆਰ ਹਨ। ਉਹਨਾ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੇ ਪਰਵਾਰ ਨਾਲ ਗੱਲਬਾਤ ਕਰ ਰਹੇ ਹਨ, ਸਰੋਤਿਆਂ ਨਾਲ ਨਹੀਂ ਕਰ ਰਹੇ। ਉਹਨਾ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਮਿੱਥ ਕੇ ਹਮਲੇ ਕੀਤੇ ਗਏ ਤੇ ਉਹਨਾ ਦੇ ਵਿਛੋੜੇ ਤੋਂ ਬਾਅਦ ਉਹਨਾ ਖਿਲਾਫ ਹਮਲੇ ਸ਼ੁਰੂ ਹੋ ਗਏ, ਜਿਸ ਦਾ ਇਕਲੌਤਾ ਮਨੋਰਥ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਵਾਰ ਨੂੰ ਖ਼ਤਮ ਕਰਨਾ ਹੈ। ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਕੀ ਸਾਬਕਾ ਮੁੱਖ ਮੰਤਰੀ, ਜਿਹਨਾ 70 ਸਾਲਾਂ ਤੱਕ ਲੋਕਾਂ ਦੀ ਸੇਵਾ ਕੀਤੀ, ਨੇ ਕੋਈ ਗੁਨਾਹ ਕੀਤਾ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਇਕਲੌਤਾ ਗੁਨਾਹ ਇਹ ਹੈ ਕਿ ਉਹ ਸੂਬੇ ਦੇ ਲੋਕਾਂ ਵਾਸਤੇ ਅਤੇ ਐਮਰਜੈਂਸੀ ਦਾ ਵਿਰੋਧ ਤੇ ਪੰਜਾਬ ਸੂਬੇ ਦੀ ਸਿਰਜਣਾ ਦੀ ਲੜਾਈ ਵਿਚ 18 ਸਾਲਾਂ ਤੱਕ ਜੇਲ੍ਹ ਵਿਚ ਰਹੇ। ਉਹਨਾ ਦੇ ਪਰਵਾਰਕ ਮੈਂਬਰ ਸੱਚੇ ਸਿੱਖ ਹਨ। ਉਹਨਾ ਕਿਹਾ ਕਿ ਸਾਡੇ ਸਾਰੇ ਘਰਾਂ ਵਿਚ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਤੇ ਸਾਡੇ ਬੱਚੇ ਘਰ ਵਿਚੋਂ ਬਾਹਰ ਨਿਕਲਣ ਤੋਂ ਪਹਿਲਾਂ ਗੁਰੂ ਮਹਾਰਾਜ ਅੱਗੇ ‘ਅਰਦਾਸ’ ਕਰਦੇ ਹਨ। ਸੁਖਬੀਰ ਨੇ ਦੱਸਿਆ ਕਿ ਕਿਵੇਂ ਉਹਨਾ ਬਾਗੀ ਅਕਾਲੀ ਦਲ ਵੱਲੋਂ ਉਹਨਾਂ ਖਿਲਾਫ ਕੀਤੀਆਂ ਸ਼ਿਕਾਇਤਾਂ ਤੋਂ ਬਾਅਦ ਬਿਨਾਂ ਕਿਸੇ ਕਸੂਰ ਦੇ ਸਾਰੇ ਦੋਸ਼ ਆਪਣੇ ਸਿਰ ਲੈ ਲਏ, ਹਾਲਾਂਕਿ ਉਹਨਾ ਕੋਲ ਹਰ ਸਵਾਲ ਦੇ ਜਵਾਬ ਮੌਜੂਦ ਸਨ। ਅਸੀਂ ਸਿਰਫ ਇਹੀ ਸੋਚਦੇ ਸੀ ਕਿ ਪੰਥ ਵਿਰੋਧੀ ਤਾਕਤਾਂ ਵੱਲੋਂ ਅਕਾਲੀ ਦਲ ਖਿਲਾਫ ਵਿੱਢੀ ਪ੍ਰਚਾਰ ਮੁਹਿੰਮ ਨੂੰ ਠੱਪ ਕੀਤਾ ਜਾਵੇ, ਪਰ ਇਹ ਤਾਕਤਾਂ ਤਾਂ ਸਾਡੇ ਵੱਲੋਂ ਬਿਨਾਂ ਕੀਤੇ ਗੁਨਾਹ ਕਬੂਲਣ ’ਤੇ ਵੀ ਖੁਸ਼ ਨਹੀਂ ਹਨ। ਉਹਨਾ ਕਿਹਾ ਕਿ ਇਹਨਾਂ ਦਾ ਅਗਲਾ ਨਿਸ਼ਾਨਾ ਮੈਨੂੰ ਕਤਲ ਕਰਨਾ ਹੈ ਤੇ ਮੈਂ ਅਕਾਲ ਪੁਰਖ ਦੀ ਰਹਿਮਤ ਨਾਲ ਹੀ ਸੁਰੱਖਿਅਤ ਹਾਂ। ਇਸ ਵਿਸ਼ਾਲ ਕਾਨਫਰੰਸ ਵਿਚ ਪਾਸ ਕੀਤੇ ਮਤੇ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਗਈ ਕਿ ਉਹ ਪ੍ਰਕਾਸ਼ ਸਿੰਘ ਬਾਦਲ ਤੋਂ ਫਖ਼ਰ ਏ ਕੌਮ ਖਿਤਾਬ ਵਾਪਸ ਲੈਣ ਦੇ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ।ਸੀਨੀਅਰ ਆਗੂ ਹੀਰਾ ਸਿੰਘ ਗਾਬੜੀਆ ਨੇ ਇਹ ਮਤਾ ਪੇਸ਼ ਕੀਤਾ, ਜਿਸ ਨੂੰ ਲੋਕਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪਾਸ ਕੀਤਾ।ਇਸ ਤੋਂ ਪਹਿਲਾਂ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਮਤਾ ਪੇਸ਼ ਕੀਤਾ, ਜਿਸ ਵਿਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਏ ਫੈਸਲਿਆਂ ’ਤੇ ਰਾਜਨੀਤੀ ਕਰਦਿਆਂ ਕਾਂਗਰਸ ਦੇ ਆਗੂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸੁਖਬੀਰ ਸਿੰਘ ਬਾਦਲ ਖਿਲਾਫ ਕਾਰਵਾਈ ਕਰਨ ਦੀ ਮੰਗ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਉਹਨਾ ਕਿਹਾ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਖਤ ਦੇ ਕਿਸੇ ਵੀ ਆਦੇਸ਼ ਨੂੰ ਅਦਾਲਤ ਵਿਚ ਪੇਸ਼ ਨਾ ਕਰਨ ਦੀ ਕੀਤੀ ਹਦਾਇਤ ਦੀ ਉਲੰਘਣਾ ਹੈ। ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਵਰਗੀਆਂ ਤਾਕਤਾਂ ਦੇ ਖਿਲਾਫ ਲੜਾਈ ਲੜਨ, ਜਿਸ ਨੇ ਝੂਠੇ ਵਾਅਦਿਆਂ ਨਾਲ ਉਹਨਾਂ ਨੂੰ ਗੁੰਮਰਾਹ ਕੀਤਾ ਤੇ ਆਮ ਆਦਮੀ ਪਾਰਟੀ ਨੇ ਸੁਲਤਾਨਪੁਰ ਲੋਧੀ ਵਿਚ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ’ਤੇ ਹਮਲਾ ਕੀਤਾ। ਡਾਕਟਰ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਦੀ ਪਾਲਣਾ ਕੀਤੀ ਹੈ। ਉਹਨਾ ਕਿਹਾ ਕਿ ਪਾਰਟੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇਹ ਦੱਸਿਆ ਹੈ ਕਿ ਉਹ ਤਖਤ ਸਾਹਿਬ ਤੋਂ ਜਾਰੀ ਹਦਾਇਤਾਂ ਦੀ ਇੰਨ-ਬਿਨ ਪਾਲਣਾ ਕਰੇਗੀ ਤੇ ਨਾਲ ਹੀ ਪਾਰਟੀ ਨੇ ਅਕਾਲੀ ਦਲ ਦੀ ਮਾਨਤਾ ਖ਼ਤਮ ਕਰਵਾਉਣ ਲਈ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਤੋਂ ਵੀ ਜਥੇਦਾਰ ਸਾਹਿਬ ਨੂੰ ਜਾਣੂ ਕਰਵਾਇਆ। ਇਸ ਮੌਕੇ ਸੀਨੀਅਰ ਪਾਰਟੀ ਆਗੂ ਐੱਨ ਕੇ ਸ਼ਰਮਾ ਨੇ ਦੱਸਿਆ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ ਅਤੇ ਉਹਨਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪੰਜਾਬ ਵਿਚ ਵਿਸ਼ਵ ਪੱਧਰੀ ਸੜਕਾਂ ਅਤੇ ਹਵਾਈ ਅੱਡਿਆਂ ਤੇ ਹੋਰ ਬੁਨਿਆਦੀ ਢਾਂਚੇ ਦੀ ਸਿਰਜਣਾ ਲਈ ਸੋਚ ਦਾ ਵੀ ਜ਼ਿਕਰ ਕੀਤਾ।

ਲੋਕ ਨਵੀਂਆਂ ਸਿਆਸੀ ਦੁਕਾਨਾਂ ਖੋਲ੍ਹਣ ਵਾਲਿਆਂ ਤੋਂ ਬਚਣ, ਇਹ ਨੌਜਵਾਨਾਂ ਨੂੰ ਮਰਵਾਉਣਗੇ : ਸੁਖਬੀਰ Read More »

ਅਸਲੀਅਤ ਕੀ ਹੈ?

ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ 15 ਜਨਵਰੀ ਨੂੰ ਮਨਾਏ ਜਾਂਦੇ ਫੌਜ ਦਿਵਸ ਦੇ ਮੌਕੇ ਸੋਮਵਾਰ ਕਿਹਾ ਕਿ ਪੂਰਬੀ ਲੱਦਾਖ ਵਿੱਚ ਲਾਈਨ ਆਫ ਐਕਚੁਅਲ ਕੰਟਰੋਲ (ਐੱਲ ਏ ਸੀ) ਨਾਲ ਭਾਰਤੀ ਤੇ ਚੀਨੀ ਫੌਜਾਂ ਵਿਚਾਲੇ ਅਜੇ ਵੀ ਕੁਝ ਹੱਦ ਤੱਕ ਟਕਰਾਅ ਵਾਲੀ ਸਥਿਤੀ ਹੈ। ਦਿਵੇਦੀ ਦੀ ਇਹ ਟਿੱਪਣੀ ਕੇਂਦਰ ਸਰਕਾਰ ਦੇ ਇਸ ਦਾਅਵੇ ਦੇ ਉਲਟ ਜਾਪਦੀ ਹੈ ਕਿ ਪਿਛਲੇ ਅਕਤੂਬਰ ’ਚ ਦੇਪਸਾਂਗ ਪਠਾਰ ਤੇ ਡੇਮਚੋਕ ਤੋਂ ਫੌਜਾਂ ਪਿੱਛੇ ਕਰਨ ਬਾਰੇ ਚੀਨ ਨਾਲ ਹੋਏ ਸਮਝੌਤੇ ਤੋਂ ਬਾਅਦ ਦੋਨੋਂ ਦੇਸ਼ 2020 ਵਾਲੀ ਸਥਿਤੀ ’ਤੇ ਪਰਤ ਆਏ ਹਨ। ਜਨਰਲ ਨੇ ਕਿਹਾ ਕਿ ਡੇਮਚੋਕ ਤੇ ਦੇਪਸਾਂਗ ਪਠਾਰ ਦੇ ਰਵਾਇਤੀ ਇਲਾਕਿਆਂ ’ਚ ਗਸ਼ਤ ਤੇ ਜਾਨਵਰਾਂ ਦਾ ਚਰਨਾ ਸ਼ੁਰੂ ਹੋ ਗਿਆ ਹੈ, ਪਰ ਦੋਹਾਂ ਫੌਜਾਂ ਵਿਚਾਲੇ ਵਿਸ਼ਵਾਸ ਬਹਾਲੀ ਲਈ ਅਜੇ ਵੀ ਕੋਸ਼ਿਸ਼ਾਂ ਦੀ ਲੋੜ ਹੈ। ਚੀਨ ’ਤੇ ਦੋਸ਼ ਲੱਗਾ ਸੀ ਕਿ ਉਸ ਦੀਆਂ ਫੌਜਾਂ ਨੇ ਲੱਦਾਖ ਦੇ ਲਗਭਗ ਇੱਕ ਹਜ਼ਾਰ ਵਰਗ ਕਿੱਲੋਮੀਟਰ ’ਤੇ ਕਬਜ਼ਾ ਕਰ ਲਿਆ ਸੀ, ਜਿਸ ’ਤੇ ਭਾਰਤ ਦਾ ਕਬਜ਼ਾ ਸੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਿਛਲੇ ਸਾਲ 21 ਅਕਤੂਬਰ ਨੂੰ ਐਲਾਨਿਆ ਸੀ ਕਿ ਦੋਨੋਂ ਦੇਸ਼ ਦੇਪਸਾਂਗ ਪਠਾਰ ਤੇ ਡੇਮਚੋਕ ’ਚ ਫੌਜਾਂ ਪਿੱਛੇ ਹਟਾ ਕੇ ਐੱਲ ਏ ਸੀ ਨਾਲ ਗਸ਼ਤ ਕਰਨ ਲਈ ਰਾਜ਼ੀ ਹੋ ਗਏ ਹਨ। ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਦੇ ਕਜ਼ਾਨ ਵਿੱਚ ਬਿ੍ਰਕਸ ਸਿਖਰ ਸੰਮੇਲਨ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਇੱਕ ਦਿਨ ਪਹਿਲਾਂ ਕੀਤਾ ਗਿਆ ਸੀ। ਜੈਸ਼ੰਕਰ ਨੇ ਕਿਹਾ ਸੀ ਕਿ ਸਮਝੌਤੇ ਤੋਂ ਬਾਅਦ ਕਹਿ ਸਕਦੇ ਹਾਂ ਕਿ ਫੌਜਾਂ ਪਹਿਲੀ ਵਾਲੀ ਥਾਂ ਲਿਆਉਣ ਬਾਰੇ ਚੀਨ ਨਾਲ ਪੂਰਨ ਸਹਿਮਤੀ ਬਣ ਗਈ ਹੈ। ਜਨਰਲ ਦਿਵੇਦੀ ਨੇ ਕਿਹਾ ਹੈ ਕਿ ਭਾਰਤ ਹੁਣ ਐੱਲ ਏ ਸੀ ਦੇ ਨਾਲ ਸਰਹੱਦੀ ਬੁਨਿਆਦੀ ਢਾਂਚਾ ਸਮਰੱਥਾ ਵਿਕਾਸ ਨੂੰ ਵਧਾਉਣ ’ਤੇ ਧਿਆਨ ਕੇਂਦਰਤ ਕਰ ਰਿਹਾ ਹੈ। ਉੱਥੇ ਫੌਜਾਂ ਦੀ ਤਾਇਨਾਤੀ ਦੋਹਾਂ ਦੇਸ਼ਾਂ ਵਿਚਾਲੇ ਵਿਸ਼ਵਾਸ ’ਤੇ ਨਿਰਭਰ ਕਰਦੀ ਹੈ। ਸੈਨਾ ਮੁਖੀ ਨੇ ਬੀਤੇ ਵਿੱਚ ਵੀ ਚੀਨ ਨਾਲ ‘ਵਿਸ਼ਵਾਸ’ ਦਾ ਮੁੱਦਾ ਚੁੱਕਿਆ ਸੀ। ਹੁਣ ਉਨ੍ਹਾ ਇਹ ਵੀ ਕਿਹਾ ਹੈ ਕਿ ਸਿਆਲਾਂ ’ਚ ਐੱਲ ਏ ਸੀ ’ਤੇ ਫੌਜਾਂ ਘਟਾਉਣ ਦਾ ਵਿਚਾਰ ਨਹੀਂ ਤੇ ਗਰਮੀਆਂ ਤੋਂ ਪਹਿਲਾਂ ਇਸ ’ਤੇ ਨਜ਼ਰਸਾਨੀ ਕੀਤੀ ਜਾਵੇਗੀ। ਫੌਜ ਦੋਹਾਂ ਦੇਸ਼ਾਂ ਵਿਚਾਲੇ ਵਿਸ਼ੇਸ਼ ਨੁਮਾਇੰਦਿਆਂ ਦੀ ਅਗਲੇ ਦੌਰ ਦੀ ਵਾਰਤਾ ਦੇ ਨਤੀਜੇ ਦੇਖੇਗੀ। ਸੰਸਦ ਵਿੱਚ ਲੱਦਾਖ ਮੁੱਦੇ ’ਤੇ ਖੁੱਲ੍ਹ ਕੇ ਬਹਿਸ ਕਰਾਉਣ ਦੀ ਮੰਗ ਸਰਕਾਰ ਨੇ ਕਦੇ ਨਹੀਂ ਮੰਨੀ। ਵਿਦੇਸ਼ ਮੰਤਰੀ ਆਪਣਾ ਬਿਆਨ ਦੇ ਕੇ ਹੀ ਮੁੱਦਾ ਟਾਲਦੇ ਰਹੇ ਹਨ।

ਅਸਲੀਅਤ ਕੀ ਹੈ? Read More »

ਕਵਿਤਾ/ਮਾਂ/ਬਲਤੇਜ ਸੰਧੂ ਬੁਰਜ ਵਾਲਾ

ਮਾਂ ਦੇ ਅੰਦਰ ਕਹਿੰਦੇ ਰੱਬ ਆਪ ਹੈ ਵੱਸਦਾ ਮਾਵਾਂ ਨੂੰ ਕਿਉਂ ਲੈ ਜਾਵੇ ਰੱਬਾ ਫਿਰ ਇਹ ਨੀ ਦੱਸਦਾ ਹਿਜ਼ਰ ਦੇ ਛਮ ਛਮ ਵਰਦੇ ਬੱਦਲਾਂ ਵਿੱਚ ਨਾ ਫੜਦਾ ਕੋਈ ਬਾਂਹ ਓ ਦੁਨੀਆਂ ਵਾਲਿਓ।। ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ ਮਾਂ ਹੈ ਰੱਬ ਦਾ ਦੂਜਾ ਸੋਹਣਾ ਨਾਂ ਓ ਦੁਨੀਆਂ ਵਾਲਿਓ ,,,, ਛੋਟੀ ਉਮਰੇ ਤੁਰ ਜਾਣ ਜਿਨ੍ਹਾਂ ਦੀਆਂ ਮਾਵਾਂ ਨਾ ਖੁਸ਼ੀਆਂ ਨਾ ਬੁੱਲੀਆਂ ਉੱਤੇ ਕਦੇ ਹਾਸਾ ਆਵੇ ਦਿਲ ਦੇ ਦਿਲ ਵਿੱਚ ਚਾਅ ਮਰ ਜਾਂਦੇ ਸਾਰੇ ਮੱਲੋ ਮੱਲੀ ਨਿਕਲਦੇ ਹੰਝੂ ਮੂੰਹ ਵਿੱਚ ਜਦ ਬੁਰਕੀ ਪਾਵੇ ਵਿਹੜੇ ਦੇ ਵਿੱਚ ਲੱਗਿਆ ਰੁੱਖ ਹੈ ਪੁੱਟਿਆ ਜਾਂਦਾ ਤੁਰ ਜਾਂਦੀ ਕਿਧਰੇ ਸੰਘਣੀ ਛਾਂ ਓ ਦੁਨੀਆਂ ਵਾਲਿਓ। ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ ਮਾਂ ਹੈ ਰੱਬ ਦਾ ਦੂਜਾ ਸੋਹਣਾ ਨਾਂ ਓ ਦੁਨੀਆਂ ਵਾਲਿਓ,,,, ਲੱਖ ਚਾਚੀਆਂ ਤਾਈਆਂ ਜਾ ਹੋਵਣ ਸੌਕਣ ਮਾਵਾਂ ਸਕੀਆਂ ਮਾਵਾਂ ਜਿੰਨ੍ਹੇ ਨਾਂ ਕੋਈ ਲਾਡ ਲਡਾਉਂਦਾ ਗਲਤੀ ਕਰਨ ਤੇ ਭਾਵੇਂ ਆਪੇ ਲੱਖ ਵਾਰੀ ਮਾਰੇ ਝਿੜਕਾਂ ਨਾ ਮਾਂ ਬਿਨਾਂ ਘੁੱਟ ਘੁੱਟ ਕੇ ਕੋਈ ਗਲ ਨਾਲ ਲਾਉਂਦਾ ਨਾ ਰਹਿੰਦੇ ਘਰ ਘਰ ਵਿੱਚ ਖੁਸ਼ੀਆਂ ਖੇੜੇ ਨਾ ਹਾਂ ਵਿੱਚ ਮਿਲਦੀ ਹਾਂ ਓ ਦੁਨੀਆਂ ਵਾਲਿਓ। ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ ਮਾਂ ਹੈ ਰੱਬ ਦਾ ਸੋਹਣਾ ਨਾਂ ਓ ਦੁਨੀਆਂ ਵਾਲਿਓ,,,, ਹੱਥ ਜੋੜ ਰੱਬਾ ਤੇਰੇ ਅੱਗੇ ਇੱਕੋ ਅਰਜ਼ੋਈ ਤੇ ਬੁਰਜ ਵਾਲੇ ਦਾ ਸੰਧੂ ਬਲਤੇਜ ਕਰੇ ਦੁਆਵਾਂ ਵਿਹੜੇ ਵਿੱਚੋਂ ਕਦੇ ਰੁੱਸ ਕੇ ਬਹਿਣ ਨਾ ਹਾਸੇ ਠੱਠੇ ਛੋਟੇ ਛੋਟੇ ਬੱਚਿਆਂ ਦੀਆਂ ਕਦੇ ਮਰਨ ਨਾ ਮਾਵਾਂ ਮਾਂ ਦੀ ਕੋਈ ਹੋਰ ਲੈ ਨੀ ਸਕਦਾ ਥਾਂ ਉਹ ਦੁਨੀਆਂ ਵਾਲਿਓ ।। ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ ਮਾਂ ਹੈ ਰੱਬ ਦਾ ਸੋਹਣਾ ਨਾਂ ਓ ਦੁਨੀਆਂ ਵਾਲਿਓ,,,,, ਬਲਤੇਜ ਸੰਧੂ ਬੁਰਜ ਵਾਲਾ ਪਿੰਡ ਬੁਰਜ ਲੱਧਾ ਬਠਿੰਡਾ 9465818158

ਕਵਿਤਾ/ਮਾਂ/ਬਲਤੇਜ ਸੰਧੂ ਬੁਰਜ ਵਾਲਾ Read More »