January 15, 2025

ਕਮਜ਼ੋਰ ਹੁੰਦਾ ਰੁਪਿਆ

ਰੁਪਏ ਦੀ ਕੀਮਤ ਰਿਕਾਰਡ ਪੱਧਰ ਤੱਕ ਡਿੱਗ ਗਈ ਹੈ ਅਤੇ ਇਸ ਨੇ 86 ਪ੍ਰਤੀ ਡਾਲਰ ਦਾ ਖ਼ਤਰਨਾਕ ਨਿਸ਼ਾਨ ਪਾਰ ਕਰ ਲਿਆ ਹੈ। ਇਸ ਗਿਰਾਵਟ ਨੇ ਸੰਭਾਵੀ ਆਰਥਿਕ ਮੰਦੀ, ਵਧਦੇ ਵਪਾਰ ਘਾਟੇ ਅਤੇ ਬਾਹਰੀ ਸੰਤੁਲਨ ਵਿਗੜਨ ਬਾਰੇ ਖ਼ਦਸ਼ਿਆਂ ਨੂੰ ਹਵਾ ਦਿੱਤੀ ਹੈ। ਮਜ਼ਬੂਤ ਡਾਲਰ ਅਤੇ ਕੱਚੇ ਤੇਲ ਦੀਆਂ ਵਧੀਆਂ ਕੀਮਤਾਂ ਨੇ ਰੁਪਏ ਨੂੰ 2023 ਤੋਂ ਬਾਅਦ ਪਹਿਲੀ ਵਾਰ ਇੰਨਾ ਜਿ਼ਆਦਾ ਥੱਲੇ ਸੁੱਟਿਆ ਹੈ। ਇਸ ਦੀ ਹਾਲਾਂਕਿ ਉਮੀਦ ਜਤਾਈ ਗਈ ਸੀ ਪਰ ਇਹ ਹੁਣ ਸ਼ੇਅਰਾਂ ਅਤੇ ਬਾਂਡਾਂ ਉੱਤੇ ਵਧੇਰੇ ਬੋਝ ਪਾ ਰਿਹਾ ਹੈ। ਰੁਪਿਆ ਭਾਵੇਂ ਏਸ਼ੀਆ ਦੀ ਸਭ ਤੋਂ ਸਥਿਰ ਕਰੰਸੀ ਬਣਿਆ ਹੋਇਆ ਹੈ ਪਰ ਇਹ ਗਿਰਾਵਟ ਦਰਾਮਦ ਕੀਮਤਾਂ ਨੂੰ ਤੇਜ਼ ਕਰ ਕੇ ਮਹਿੰਗਾਈ ਦਾ ਖ਼ਤਰਾ ਖੜ੍ਹਾ ਕਰ ਸਕਦੀ ਹੈ। ਆਲਮੀ ਤੇ ਘਰੇਲੂ ਦਬਾਅ ਕਾਰਨ ਰੁਪਿਆ ਦਸੰਬਰ ਤੋਂ ਹੁਣ ਤੱਕ 2 ਪ੍ਰਤੀਸ਼ਤ ਤੋਂ ਵੱਧ ਹੇਠਾਂ ਖਿਸਕਿਆ ਹੈ। ਮਹਿੰਗਾਈ ’ਤੇ ਕਾਬੂ ਰੱਖਣ ਦੇ ਪੱਖ ਤੋਂ ਦਰਾਮਦਕਾਰਾਂ ਲਈ ਇਸ ਨੇ ਅਚਾਨਕ ਕਈ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਦੂਜੇ ਪਾਸੇ, ਬਰਾਮਦਕਾਰਾਂ ਲਈ ਇਹ ਵੱਧ ਮੁਕਾਬਲੇਬਾਜ਼ ਬਣਨ ਦਾ ਮੌਕਾ ਹੈ ਕਿਉਂਕਿ ਦੁਨੀਆ ਹੁਣ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਾਜਪੋਸ਼ੀ ਲਈ ਤਿਆਰ ਹੋ ਰਹੀ ਹੈ। ਕਿਆਸਆਰਾਈਆਂ ਹਨ ਕਿ ਅਮਰੀਕੀ ਰਾਸ਼ਟਰਪਤੀ ਦੀਆਂ ਕਾਰਵਾਈਆਂ ਆਉਣ ਵਾਲੇ ਸਮਿਆਂ ’ਚ ਕੌਮਾਂਤਰੀ ਬਾਜ਼ਾਰਾਂ ’ਚ ਅਨਿਸ਼ਚਿਤਤਾ ਨੂੰ ਹੋਰ ਵਧਾ ਸਕਦੀਆਂ ਹਨ। ਰੁਪਏ ਵਿੱਚ ਆਈ ਗਿਰਾਵਟ ਭਾਰਤੀ ਰਿਜ਼ਰਵ ਬੈਂਕ ਨੂੰ ਦਰਾਂ ’ਚ ਕਟੌਤੀ ਕਰਨ ਤੋਂ ਫਿਲਹਾਲ ਰੋਕ ਸਕਦੀ ਹੈ ਜਿਸ ਦੀ ਉਮੀਦ ਕੀਤੀ ਜਾ ਰਹੀ ਸੀ। ਦਸੰਬਰ ਵਿੱਚ ਪ੍ਰਚੂਨ ਮਹਿੰਗਾਈ ਚਾਰ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ (5.22 ਪ੍ਰਤੀਸ਼ਤ) ਉੱਤੇ ਪਹੁੰਚਣ ਦੇ ਬਾਵਜੂਦ ਇਹ ਹੋ ਸਕਦਾ ਹੈ ਹਾਲਾਂਕਿ ਮਹਿੰਗਾਈ ਦਰ ਵਿੱਚ ਕਮੀ ਮੁੱਖ ਤੌਰ ’ਤੇ ਖ਼ੁਰਾਕੀ ਪਦਾਰਥਾਂ ਦੇ ਭਾਅ ਘਟਣ ਕਾਰਨ ਆਈ ਹੈ। ਰਾਸ਼ਟਰ ਹਿੱਤ ’ਚ ਇਹੀ ਹੋਵੇਗਾ ਕਿ ਸਿਆਸਤ ਨੂੰ ਭਵਿੱਖ ਦਾ ਰੁਖ਼ ਤੈਅ ਨਾ ਕਰਨ ਦਿੱਤਾ ਜਾਵੇ। ਸੰਦੇਸ਼ ਇਹੀ ਹੈ ਕਿ ਸ਼ਾਂਤ ਰਹਿੰਦਿਆਂ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਅੱਗੇ ਵਧਣ ਦਾ ਰਾਹ ਦੱਸਣ ਵਾਲੇ ਸਾਰੇ ਵੱਖ-ਵੱਖ ਵਿਚਾਰਾਂ ਨੂੰ ਢੁੱਕਵੀਂ ਥਾਂ ਦਿੱਤੀ ਜਾਵੇ। ਜ਼ਾਹਿਰ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੀ ਆਰਥਿਕਤਾ ਨੂੰ ਸੰਸਾਰ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਬਣਾਉਣ ਦੇ ਦਾਅਵਿਆਂ ਦੇ ਨਾਲ-ਨਾਲ ਹਕੀਕਤ ਦਾ ਵੀ ਖਿਆਲ ਕਰਨਾ ਚਾਹੀਦਾ ਹੈ ਅਤੇ ਰੁਪਏ ਦੀ ਮਜ਼ਬੂਤੀ ਲਈ ਕਦਮ ਉਠਾਉਣੇ ਚਾਹੀਦੇ ਹਨ। ਅਮਰੀਕਾ ਆਧਾਰਿਤ ਇੱਕ ਫਰਮ ਨੇ ਪੇਸ਼ੀਨਗੋਈ ਕੀਤੀ ਸੀ ਕਿ ਨੇੜਲੇ ਤੋਂ ਦਰਮਿਆਨੇ ਕਾਲ ਵਿੱਚ ਹੀ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਡਿੱਗ ਕੇ 88 ਤੱਕ ਜਾ ਸਕਦੀ ਹੈ। ਹੁਣ ਜਦੋਂ ਕੇਂਦਰ ਸਰਕਾਰ ਦਾ ਬਜਟ ਪੇਸ਼ ਹੋਣ ਵਾਲਾ ਹੈ ਤਾਂ ਇਸ ਸੂਰਤ ਵਿੱਚ ਵਿਰੋਧੀ ਧਿਰ ਨੂੰ ਸਰਕਾਰ ’ਤੇ ਹਮਲਾ ਕਰਨ ਦਾ ਇੱਕ ਹੋਰ ਮੁੱਦਾ ਮਿਲ ਸਕਦਾ ਹੈ।

ਕਮਜ਼ੋਰ ਹੁੰਦਾ ਰੁਪਿਆ Read More »

ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਤੋਂ ਮੰਗੀ ਡੱਲੇਵਾਲ ਦੀ ਸਿਹਤ ਰਿਪੋਰਟ, 22 ਨੂੰ ਹੋਵੇਗੀ ਅਗਲੀ ਸੁਣਵਾਈ

ਨਵੀਂ ਦਿੱਲੀ, 15 ਜਨਵਰੀ – ਅੱਜ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ‘ਚ ਸੁਣਵਾਈ ਹੋਈ ਹੈ। ਸੁਪਰੀਮ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਤੋਂ ਡੱਲੇਵਾਲ ਦੀ ਸਿਹਤ ਰਿਪੋਰਟ ਮੰਗੀ ਹੈ। ਸੁਪਰੀਮ ਨੂੰ ਡੱਲੇਵਾਲ ਦੀ ਹਾਲਤ ਨਾ ਠੀਕ ਹੋਣ ਦੀ ਸੂਚਨਾ ਮਿਲੀ ਸੀ, ਇਸ ਕਰਕੇ ਸਿਹਤ ਨਾਲ ਜੁੜੀ ਹਰੇਕ ਰਿਪੋਰਟ ਸੁਪਰੀਮ ਕੋਰਟ ’ਚ ਦਾਖ਼ਲ ਕਰਨ ਨੂੰ ਕਿਹਾ ਗਿਆ ਹੈ। ਅਗਲੀ ਸੁਣਵਾਈ 22 ਜਨਵਰੀ ਨੂੂੰ ਹੋਵੇਗੀ। ਜਸਟਿਸ ਸੂਰਿਆਕਾਂਤ ਅਤੇ ਜਸਟਿਸ ਐਮ ਕੋਟੇਸ਼ਵਰ ਸਿੰਘ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਵਕੀਲ ਕਪਿਲ ਸਿੱਬਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਰਿਪੋਰਟ ਬਾਰੇ ਅਦਾਲਤ ਨੂੰ ਜਾਣਕਾਰੀ ਦਿੱਤੀ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਰਿਕਾਰਡ ‘ਤੇ ਰੱਖੀ ਗਈ ਸਿਹਤ ਰਿਪੋਰਟ ਦਾ ਨੋਟਿਸ ਲਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਦੀਆਂ ਮੈਡੀਕਲ ਰਿਪੋਰਟਾਂ ਦੇ ਆਧਾਰ ‘ਤੇ, ਏਮਜ਼ ਦੇ ਡਾਇਰੈਕਟਰ ਨੂੰ ਇੱਕ ਮੈਡੀਕਲ ਬੋਰਡ ਦਾ ਗਠਨ ਕਰਨਾ ਚਾਹੀਦਾ ਹੈ ਤਾਂ ਜੋ ਡੱਲੇਵਾਲ ਦੀ ਸਿਹਤ ਸਥਿਤੀ ‘ਤੇ ਮਾਹਿਰਾਂ ਦੀ ਰਾਏ ਲਈ ਜਾ ਸਕੇ। ਦੱਸ ਦੇਈਏ ਕਿ ਪਿਛਲੇ 51 ਦਿਨਾਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਭੁੱਖ ਹੜਤਾਲ ‘ਤੇ ਬੈਠੇ ਹਨ।

ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਤੋਂ ਮੰਗੀ ਡੱਲੇਵਾਲ ਦੀ ਸਿਹਤ ਰਿਪੋਰਟ, 22 ਨੂੰ ਹੋਵੇਗੀ ਅਗਲੀ ਸੁਣਵਾਈ Read More »

ਮਾਘ ਦੀ ਸੰਗਰਾਂਦ ਮੌਕੇ 3.50 ਕਰੋੜ ਲੋਕਾਂ ਨੇ ਕੀਤਾ ਸੰਗਮ ਇਸ਼ਨਾਨ

ਪ੍ਰਯਾਗਰਾਜ, 15 ਜਨਵਰੀ – ਮਹਾਕੁੰਭ ਦੇ ਦੂਜੇ ਇਸ਼ਨਾਨ ਮਾਘ ਦੀ ਸੰਗਰਾਂਦ ਮੌਕੇ ਅੱਜ ਅਖਾੜਿਆਂ ਦੇ ਸਾਧੂ-ਸੰਤਾਂ ਦਾ ਅੰਮ੍ਰਿਤ ਇਸ਼ਨਾਨ ਕੀਤਾ। ਇਸੇ ਵਿਚਾਲੇ ਅੱਜ 3.50 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਗੰਗਾ ਤੇ ਸੰਗਮ ’ਚ ਇਸ਼ਨਾਨ ਕੀਤਾ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਭ ਨੂੰ ਸੰਗਰਾਂਦ ਦੀ ਵਧਾਈ ਦਿੱਤੀ ਹੈ। ਅਖਾੜਿਆਂ ਦੇ ਅੰਮ੍ਰਿਤ ਇਸ਼ਨਾਨ ’ਚ ਸਭ ਤੋਂ ਪਹਿਲਾਂ ਸ੍ਰੀ ਪੰਚਾਇਤੀ ਅਖਾੜਾ ਮਹਾਨਿਰਵਾਣੀ ਅਤੇ ਸ੍ਰੀ ਸ਼ੰਭੂ ਪੰਚਾਇਤੀ ਅਟਲ ਅਖਾੜਾ ਦੇ ਸਾਧੂ-ਸੰਤਾਂ ਨੇ ਸੰਗਮ ’ਚ ਇਸ਼ਨਾਨ ਕੀਤਾ। ਤ੍ਰਿਵੈਣੀ ਸੰਗਮ ਦੇ ਬਰਫੀਲੇ ਪਾਣੀ ਨਾਲ ਅੰਮ੍ਰਿਤ ਇਸ਼ਨਾਨ ਤੜਕੇ ਤਕਰੀਬਨ 3 ਵਜੇ ‘ਬ੍ਰਹਮ ਮਹੂਰਤ’ ’ਚ ਸ਼ੁਰੂ ਹੋਇਆ। ਅੰਮ੍ਰਿਤ ਇਸ਼ਨਾਨ ਮਗਰੋਂ ਮਹਾਨਿਰਵਾਣੀ ਅਖਾੜੇ ਦੇ ਮਹਾਮੰਡਲੇਸ਼ਵਰ ਚੇਤਨਗਿਰੀ ਜੀ ਮਹਾਰਾਜ ਨੇ ਕਿਹਾ, ‘ਹਰ 12 ਸਾਲ ’ਚ ਪੂਰਨ ਕੁੰਭ ਪ੍ਰਯਾਗਰਾਜ ’ਚ ਹੁੰਦਾ ਹੈ ਅਤੇ 12 ਪੂਰਨ ਕੁੰਭ ਹੋਣ ’ਤੇ 144 ਸਾਲ ਬਾਅਦ ਇਹ ਮਹਾਕੁੰਭ ਆਉਂਦਾ ਹੈ। ਬਹੁਤ ਕਿਸਮਤ ਵਾਲੇ ਲੋਕਾਂ ਨੂੰ ਮਹਾਕੁੰਭ ’ਚ ਇਸ਼ਨਾਨ ਕਰਨ ਦਾ ਮੌਕਾ ਮਿਲਦਾ ਹੈ।’ ਇਨ੍ਹਾਂ ਤੋਂ ਬਾਅਦ ਤਪੋਨਿਧੀ ਪੰਚਾਇਤੀ ਸ੍ਰੀ ਨਿਰੰਜਨੀ ਅਖਾੜਾ ਤੇ ਆਨੰਦ ਅਖਾੜਾ ਦੇ ਸਾਧੂ-ਸੰਤਾਂ ਨੇ ਅੰਮ੍ਰਿਤ ਇਸ਼ਨਾਨ ਕੀਤਾ। ਉਨ੍ਹਾਂ ਨਾਲ ਹਜ਼ਾਰਾਂ ਦੀ ਗਿਣਤੀ ’ਚ ਨਾਗਾ ਸਾਧੂ ਸਨ। ਨਿਰੰਜਣੀ ਤੇ ਆਨੰਦ ਅਖਾੜੇ ਮਗਰੋਂ ਗਿਣਤੀ ਪੱਖੋਂ ਸਭ ਤੋਂ ਵੱਡੇ ਜੂਨਾ ਅਖਾੜਾ, ਆਵਾਹਨ ਅਖਾੜਾ ਤੇ ਪੰਚ ਅਗਨੀ ਅਖਾੜਾ ਦੇ ਸਾਧੂ-ਸੰਤਾਂ ਨੇ ਅੰਮ੍ਰਿਤ ਇਸ਼ਨਾਨ ਕੀਤਾ। ਜੂਨਾ ਅਖਾੜੇ ਦੇ ਨਾਲ ਹੀ ਕਿੰਨਰ ਅਖਾੜਾ ਤੇ ਮਹਾਮੰਡਲੇਸ਼ਵਰਾਂ ਨੇ ਅੰਮ੍ਰਿਤ ਇਸ਼ਨਾਨ ਕੀਤਾ। ਸੰਨਿਆਸੀ ਅਖਾੜਿਆਂ ਮਗਰੋਂ ਤਿੰਨ ਬੈਰਾਗੀ ਅਖਾੜਿਆਂ ਸ੍ਰੀ ਪੰਚ ਨਿਰਮੋਹੀ ਅਨੀ ਅਖਾੜਾ, ਸ੍ਰੀ ਪੰਚ ਦਿਗੰਬਰ ਅਨੀ ਅਖਾੜਾ ਅਤੇ ਸ੍ਰੀ ਪੰਚ ਨਿਰਵਾਣੀ ਅਨੀ ਅਖਾੜਾ ਨੇ ਵਾਰੀ-ਵਾਰੀ ਇਸ਼ਨਾਨ ਕੀਤਾ। ਇਸ ਮਗਰੋਂ ਉਦਾਸੀਨ ਅਖਾੜਿਆਂ ਪੰਚਾਇਤੀ ਨਯਾ ਉਦਾਸੀਨ ਤੇ ਪੰਚਾਇਤੀ ਬੜਾ ਉਦਾਸੀਨ ਅਖਾੜੇ ਨੇ ਇਸ਼ਨਾਨ ਕੀਤਾ। ਪ੍ਰਧਾਨ ਮੰਤਰੀ ਵੱਲੋਂ ਮਾਘ ਦੀ ਸੰਗਰਾਂਦ ਤੇ ਬੀਹੂ ਦੀ ਵਧਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਮਾਘ ਦੀ ਸੰਗਰਾਂਦ ਦੀ ਵਧਾਈ ਦਿੱਤੀ। ਇਹ ਤਿਉਹਾਰ ਸੂਰਜ ਦੀ ਉੱਤਰ ਵੱਲ ਯਾਤਰਾ ਦੀ ਸ਼ੁਰੂਆਤ ਦਾ ਪ੍ਰਤੀਕ ਹੈ ਜਿਸ ਨੂੰ ਹਿੰਦੂ ਰਵਾਇਤ ’ਚ ਸ਼ੁਭ ਮੰਨਿਆ ਜਾਂਦਾ ਹੈ। ਮੋਦੀ ਨੇ ਸਾਰਿਆਂ ਲਈ ਨਵੀਂ ਊਰਜਾ ਤੇ ਉਤਸ਼ਾਹ ਦੀ ਕਾਮਨਾ ਕੀਤੀ ਅਤੇ ਅਸਾਮ ’ਚ ਮਨਾਏ ਜਾਣ ਵਾਲੇ ਫਸਲ ਨਾਲ ਸਬੰਧਤ ਤਿਉਹਾਰ ਬੀਹੂ ਦੀ ਵੀ ਲੋਕਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਮੋਦੀ ਨੇ ਐਕਸ ’ਤੇ ਲਿਖਿਆ, ‘ਅਸੀਂ ਕੁਦਰਤ ਦੀ ਖੂਬਸੂਰਤੀ, ਫਸਲ ਦੀ ਖੁਸ਼ੀ ਅਤੇ ਇਕਜੁੱਟਤਾ ਦੀ ਭਾਵਨਾ ਦਾ ਜਸ਼ਨ ਮਨਾਉਂਦੇ ਹਾਂ। ਇਹ ਤਿਉਹਾਰ ਖੁਸ਼ੀ ਤੇ ਇਕਜੁੱਟਤਾ ਦੀ ਭਾਵਨਾ ਨੂੰ ਅੱਗੇ ਵਧਾਏ।’ ਸਟੀਵ ਜੌਬਜ਼ ਦੀ ਪਤਨੀ ਨੂੰ ਮਹਾਕੁੰਭ ’ਚ ਗੁਰੂ ਨੇ ਨਵਾਂ ਨਾਂ ਦਿੱਤਾ ਮਹਾਕੁੰਭ ਮੇਲੇ ’ਚ ਸਾਰਿਆਂ ਦੀ ਖਿੱਚ ਦਾ ਕੇਂਦਰ ਬਣੀ ਐੱਪਲ ਦੇ ਸਹਿ-ਸੰਸਥਾਪਕ ਮਰਹੂਮ ਸਟੀਵ ਜੌਬਜ਼ ਦੀ ਪਤਨੀ ਲੌਰੇਨ ਪਾਵੇਲ ਜੌਬਜ਼ ਨੂੰ ਉਨ੍ਹਾਂ ਦੇ ਗੁਰੂ ਸਵਾਮੀ ਕੈਲਾਸ਼ਾਨੰਦ ਨੇ ਨਵਾਂ ਹਿੰਦੂ ਨਾਂ ‘ਕਮਲਾ’ ਦਿੱਤਾ ਹੈ। ਅਰਬਪਤੀ ਮਹਿਲਾ ਕਾਰੋਬਾਰੀ ਲਾਰੇਨ ਪਾਵੇਲ ਜੌਬਜ਼ ਨੇ ਦੁਨੀਆ ਦੇ ਇਸ ਸਭ ਤੋਂ ਵੱਡੇ ਧਾਰਮਿਕ ਸਮਾਗਮ ਦੌਰਾਨ ਬੀਤੇ ਦਿਨ ਸੰਗਮ ’ਚ ਡੁਬਕੀ ਲਾਈ ਸੀ। ਪੰਚਾਇਤੀ ਅਖਾੜਾ ਸ੍ਰੀ ਨਿਰੰਜਣੀ ਦੇ ਮਹੰਤ ਰਵਿੰਦਰ ਪੁਰੀ ਨੇ ਅੱਜ ਦੱਸਿਆ, ‘ਉਨ੍ਹਾਂ (ਲੌਰੇਨ) ਨੂੰ ਇੱਥੇ ਨਵਾਂ ਨਾਂ ‘ਕਮਲਾ’ ਮਿਲਿਆ ਹੈ। ਉਹ ਬਹੁਤ ਸਹਿਜ, ਨਿਮਰ ਤੇ ਹੰਕਾਰ ਮੁਕਤ ਹਨ ਅਤੇ ਇੱਥੇ ਸਨਾਤਨੀ ਸੰਸਕ੍ਰਿਤੀ ਤੋਂ ਬਹੁਤ ਪ੍ਰਭਾਵਿਤ ਹਨ।’ ਮਾਘ ਦੀ ਸੰਗਰਾਂਦ ਮੌਕੇ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ’ਚ ਹੁਗਲੀ ਨਦੀ ਤੇ ਬੰਗਾਲ ਦੀ ਖਾੜੀ ਦੇ ਸੰਗਮ ’ਤੇ ਗੰਗਾਸਾਗਰ ’ਚ ਅੱਜ ਲੱਖਾਂ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ। ਕੜਾਕੇ ਦੀ ਠੰਢ ਦੀ ਬਾਵਜੂਦ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਸੰਗਮ ’ਤੇ ਪੁੱਜੇ ਤੇ ਕਪਿਲ ਮੁਨੀ ਦੇ ਆਸ਼ਰਮ ’ਚ ਪੂਜਾ ਕੀਤੀ। ਗੰਗਾਸਾਗਰ ’ਚ ਸ਼ਾਹੀ ਇਸ਼ਨਾਨ ਲੰਘੀ ਸ਼ਾਮ ਛੇ ਵਜੇ ਸ਼ੁਰੂ ਹੋਇਆ ਸੀ। ਅਧਿਕਾਰੀ ਨੇ ਦੱਸਿਆ ਕਿ ਪਸਰਕਾਰ ਨੇ ਫਸਲ ਨਾਲ ਸਬੰਧਤ ਇਸ ਤਿਉਹਾਰ ਦੀ ਸ਼ੁਰੂਆਤ ਮੌਕੇ ਮਨਾਏ ਜਾਣ ਵਾਲੇ ਇਸ ਸਾਲਾਨਾ ਮੇਲੇ ਲਈ ਕੋਲਕਾਤਾ ਤੋਂ ਤਕਰੀਬਨ 100 ਕਿਲੋਮੀਟਰ ਦੂਰ ਸਾਗਰ ਦੀਪ ’ਤੇ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਹਨ। ਇਸੇ ਵਿਚਾਲੇ ਬੀਤੇ ਦਿਨ ਇਸ ਸਾਹਿਲੀ ਟਾਪੂ ’ਤੇ ਉੱਤਰ ਪ੍ਰਦੇਸ਼ ਦੇ ਬਿਰਧ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੁੱਖ ਮੰੰਤਰੀ ਮਮਤਾ ਬੈਨਰਜੀ ਨੇ ਕੁੰਭ ਮੇਲੇ ਦੀ ਤਰਜ ’ਤੇ ਇਸ ਟਾਪੂ ’ਤੇ ਲੱਗਣ ਵਾਲੇ ਗੰਗਾਸਾਗਰ ਮੇਲੇ ਨੂੰ ਕੌਮੀ ਦਰਜਾ ਦੇਣ ਦੀ ਮੰਗ ਕੀਤੀ ਹੈ।

ਮਾਘ ਦੀ ਸੰਗਰਾਂਦ ਮੌਕੇ 3.50 ਕਰੋੜ ਲੋਕਾਂ ਨੇ ਕੀਤਾ ਸੰਗਮ ਇਸ਼ਨਾਨ Read More »

ਅਰਵਿੰਦ ਕੇਜਰੀਵਾਲ ਖਿਲਾਫ਼ ਚੱਲੇਗਾ ਮਨੀ ਲਾਂਡਰਿੰਗ ਦਾ ਕੇਸ

ਨਵੀਂ ਦਿੱਲੀ, 15 ਜਨਵਰੀ – ਦਿੱਲੀ ਦੇ ਸ਼ਰਾਬ ਨੀਤੀ ਘੁਟਾਲੇ ਨੂੰ ਲੈ ਕੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਰਿਪੋਰਟਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕੇਜਰੀਵਾਲ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਈਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਰਅਸਲ, ਮੰਤਰਾਲੇ ਦਾ ਇਹ ਫ਼ੈਸਲਾ ਦਿੱਲੀ ਦੇ ਉਪ ਰਾਜਪਾਲ ਤੋਂ ਬਾਅਦ ਆਇਆ ਹੈ। ਇਸ ਤੋਂ ਪਹਿਲਾਂ ਐਲਜੀ ਵੀਕੇ ਸਕਸੈਨਾ ਨੇ ਇਸ ਮਾਮਲੇ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਸੀ। ਪਿਛਲੇ ਸਾਲ ਨਵੰਬਰ ਵਿੱਚ ਇੱਕ ਆਦੇਸ਼ ਵਿੱਚ, ਸੁਪਰੀਮ ਕੋਰਟ ਨੇ ਕਿਹਾ ਸੀ ਕਿ ਈਡੀ ਨੂੰ ਜਨਤਕ ਸੇਵਕਾਂ ਉੱਤੇ ਮੁਕੱਦਮਾ ਚਲਾਉਣ ਤੋਂ ਪਹਿਲਾਂ ਮਨਜ਼ੂਰੀ ਲੈਣੀ ਹੋਵੇਗੀ। ਜਾਂਚ ਏਜੰਸੀ ਈਡੀ ਨੇ ਵੀਕੇ ਸਕਸੈਨਾ ਨੂੰ ਇੱਕ ਪੱਤਰ ਲਿਖ ਕੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਮਨਜ਼ੂਰੀ ਦਿੱਤੀ ਜਾਵੇ।

ਅਰਵਿੰਦ ਕੇਜਰੀਵਾਲ ਖਿਲਾਫ਼ ਚੱਲੇਗਾ ਮਨੀ ਲਾਂਡਰਿੰਗ ਦਾ ਕੇਸ Read More »

ਮਹਾਕੁੰਭ ਲਿਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, ਇਕ ਦੀ ਮੌਤ

ਮਥੁਰਾ, 14 ਜਨਵਰੀ – ਮਹਾਕੁੰਭ ਲਈ ਤਿਲੰਗਾਨਾ ਤੋਂ ਪ੍ਰਯਾਗਰਾਜ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਨਿੱਜੀ ਬੱਸ ’ਚ ਅੱਗ ਲੱਗਣ ਕਾਰਨ ਅੱਜ ਬਜ਼ੁਰਗ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਉਹ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਜੋ ਵ੍ਰਿੰਦਾਵਣ ’ਚ ਸੈਲਾਨੀ ਸੁਵਿਧਾ ਕੇਂਦਰ ਦੀ ਪਾਰਕਿੰਗ ’ਚ ਖੜ੍ਹੀ ਸੀ। ਏਐੱਸਪੀ (ਸ਼ਹਿਰੀ) ਅਰਵਿੰਦ ਕੁਮਾਰ ਨੇ ਦੱਸਿਆ ਕਿ ਬੱਸ ’ਚ 50 ਦੇ ਕਰੀਬ ਸ਼ਰਧਾਲੂ ਸਵਾਰ ਸਨ ਅਤੇ ਉਹ ਅੱਜ ਸ਼ਾਮ ਵ੍ਰਿੰਦਾਵਣ ਸੈਲਾਨੀ ਕੇਂਦਰ ਪੁੱਜੇ ਸਨ। ਇਨ੍ਹਾਂ ਸ਼ਰਧਾਲੂਆਂ ਨੇ ਅੱਜ ਰਾਤ ਮਹਾਕੁੰਭ ’ਚ ਇਸ਼ਨਾਨ ਕਰਨ ਲਈ ਪ੍ਰਯਾਗਰਾਜ ਜਾਣਾ ਸੀ।

ਮਹਾਕੁੰਭ ਲਿਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, ਇਕ ਦੀ ਮੌਤ Read More »

ਬਾਪੂ ਸੂਰਤ ਸਿੰਘ ਖਾਲਸਾ ਦਾ ਹੋਇਆ ਦੇਹਾਂਤ, 91 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਲੁਧਿਆਣਾ, 15 ਜਨਵਰੀ – ਬਾਪੂ ਸੂਰਤ ਸਿੰਘ ਖਾਲਸਾ ਦਾ ਦੇਹਾਂਤ ਹੋ ਗਿਆ ਹੈ, ਉਹ ਅਮਰੀਕਾ ਦੇ ਵਿੱਚ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਕੋਲ ਸੀ ਜਦੋਂ ਉਹਨਾਂ ਨੇ ਆਖਰੀ ਸਾਹ ਲਏ। ਉਨ੍ਹਾਂ ਦਾ 91 ਸਾਲ ਦੀ ਉਮਰ ‘ਚ ਦੇਹਾਂਤ ਹੋਇਆ ਹੈ। ਇਸ ਤੋਂ ਪਹਿਲਾਂ ਉਹ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਵੀ ਕਾਫੀ ਸਮਾਂ ਦਾਖਲ ਰਹੇ। ਅਮਰੀਕਾ ‘ਚ ਲਏ ਆਖਰੀ ਸਾਹ ਮੋਹਾਲੀ ਦੇ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਲੱਗੇ ਪੱਕੇ ਮੋਰਚੇ ਦੇ ਵਿੱਚ ਜਾਣ ਲਈ ਉਹਨਾਂ ਵੱਲੋਂ ਜਿੱਦ ਕੀਤੀ ਗਈ ਸੀ, ਜਿਸ ਤੋਂ ਬਾਅਦ ਬਾਪੂ ਸੂਰਤ ਸਿੰਘ ਖਾਲਸਾ ਨੂੰ ਕੁਝ ਸਮਾਂ ਡੀਐਮਸੀ ਦੇ ਵਿੱਚ ਰੱਖਿਆ ਗਿਆ ਤੇ ਫਿਰ ਉਹਨਾਂ ਨੂੰ ਘਰ ਦੇ ਵਿੱਚ ਹੀ ਡੱਕਿਆ ਗਿਆ। ਇਸ ਤੋਂ ਬਾਅਦ ਲੁਧਿਆਣਾ ਦੇ ਪਿੰਡ ਹਸਨਪੁਰ ਵਿੱਚ ਸਥਿਤ ਆਪਣੀ ਰਿਹਾਇਸ਼ ‘ਤੇ ਰਹਿਣ ਤੋਂ ਬਾਅਦ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਕੋਲ ਅਮਰੀਕਾ ਚਲੇ ਗਏ ਸਨ, ਜਿਸ ਤੋਂ ਬਾਅਦ ਦੇਰ ਰਾਤ ਉਹਨਾਂ ਦਾ ਦੇਹਾਂਤ ਹੋ ਗਿਆ ਹੈ। ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਮਰਨ ਵਰਤ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਮਰਨ ਵਰਤ ਰੱਖਿਆ ਗਿਆ ਸੀ। ਉਹਨਾਂ ਵੱਲੋਂ 16 ਜਨਵਰੀ 2015 ਨੂੰ 82 ਸਾਲ ਦੀ ਉਮਰ ਦੇ ਵਿੱਚ ਆਪਣਾ ਸੰਘਰਸ਼ ਸ਼ੁਰੂ ਕੀਤਾ ਤੇ 14 ਜਨਵਰੀ 2023 ਦੇ ਤੱਕ ਉਹਨਾਂ ਦਾ ਵਰਤ ਜਾਰੀ ਰਿਹਾ। ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਉਹਨਾਂ ਦੇ ਪਰਿਵਾਰ ਮੈਂਬਰਾਂ ਤੇ ਸਾਥੀਆਂ ਦੇ ਕਹਿਣ ‘ਤੇ ਉਹਨਾਂ ਨੇ ਇਹ ਮਰਨ ਵਰਤ ਤੋੜਿਆ। ਇਹ ਵੀ ਕਿਹਾ ਜਾਂਦਾ ਹੈ ਕਿ ਜੇਲ੍ਹ ‘ਚ ਸਜ਼ਾ ਭੁਗਤ ਰਹੇ ਬੰਦੀ ਸਿੱਖ ਕੈਦੀ ਜਗਤਾਰ ਸਿੰਘ ਹਵਾਰਾ ਵਲੋਂ ਵੀ ਉਨ੍ਹਾਂ ਨੂੰ ਮਰਨ ਵਰਤ ਤੋੜਨ ਲਈ ਅਪੀਲ ਕੀਤੀ ਗਈ ਸੀ। ਜੇਲਾਂ ‘ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਬਾਪੂ ਸੂਰਤ ਸਿੰਘ ਖਾਲਸਾ ਦਾ ਮੁੱਖ ਮਕਸਦ ਪੰਜਾਬ ਅਤੇ ਹੋਰ ਦੇਸ਼ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਯਕੀਨੀ ਬਣਾਉਣਾ ਸੀ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਹਨਾਂ ਨੂੰ ਜੇਲਾਂ ਦੇ ਵਿੱਚ ਰੱਖਿਆ ਗਿਆ ਹੈ। ਬੰਦੀ ਸਿੰਘ ਜਗਤਾਰ ਸਿੰਘ ਹਵਾਰਾ ਵੱਲੋਂ ਕੀਤੀ ਗਈ ਭਾਵੁਕ ਅਪੀਲ ਤੋਂ ਬਾਅਦ ਹੀ ਸੂਰਤ ਸਿੰਘ ਖਾਲਸਾ ਨੇ ਆਪਣੇ 90ਵੇਂ ਜਨਮਦਿਨ ਤੋਂ ਠੀਕ ਪਹਿਲਾਂ ਆਪਣਾ ਮਨ ਵਰਤ ਖਤਮ ਕੀਤਾ ਸੀ। ਬੰਦੀ ਸਿੰਘਾ ਦੀ ਰਿਹਾਈ ਲਈ ਲਗਾਏ ਗਏ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਾ ਕੇ ਉਹ ਦਮ ਤੋੜਨਾ ਚਾਹੁੰਦੇ ਸਨ ਪਰ ਸੂਰਤ ਸਿੰਘ ਖਾਲਸਾ ਨੂੰ ਅਜਿਹਾ ਨਹੀਂ ਕਰਨ ਦਿੱਤਾ ਗਿਆ। ਬਾਪੂ ਸੂਰਤ ਸਿੰਘ ਖਾਲਸਾ ਨੂੰ ਨੱਕ ਦੇ ਰਾਹੀਂ ਹੀ ਫੀਡ ਦਿੱਤੀ ਜਾ ਰਹੀ ਸੀ। ਮਨੁੱਖੀ ਅਧਿਕਾਰਾਂ ਦੇ ਵੀ ਰਹਿ ਚੁੱਕੇ ਸੀ ਵਕੀਲ ਬਾਪੂ ਸੂਰਤ ਸਿੰਘ ਖਾਲਸਾ ਦਾ ਜਨਮ ਸੱਤ ਮਾਰਚ 1933 ਦੇ ਵਿੱਚ ਹੋਇਆ ਸੀ। ਉਹ ਸ਼ੁਰੂ ਤੋਂ ਹੀ ਸਿੱਖ ਕੌਮ ਨਾਲ ਸੰਬੰਧਿਤ ਚੱਲ ਰਹੀ ਹੈ। ਰਾਜਨੀਤਿਕ ਅਤੇ ਧਾਰਮਿਕ ਸਰਗਰਮੀਆਂ ਦੇ ਵਿੱਚ ਹਿੱਸਾ ਲੈਂਦੇ ਰਹੇ। ਬਾਪੂ ਸੂਰਤ ਸਿੰਘ ਖਾਲਸਾ ਮਨੁੱਖੀ ਅਧਿਕਾਰਾਂ ਦੇ ਵਕੀਲ ਵੀ ਰਹਿ ਚੁੱਕੇ ਹਨ। 1980 ਦੇ ਵਿੱਚ ਹੋਏ ਧਰਮ ਯੁੱਧ ਮੋਰਚੇ ਦੇ ਅੰਦਰ ਬਾਪੂ ਸੂਰਤ ਸਿੰਘ ਖਾਲਸਾ ਨੇ ਸਲਾਹਕਾਰ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਸਨ। 1984 ਦੇ ਵਿੱਚ ਹੋਏ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਉਹ ਮਨੁੱਖੀ ਅਧਿਕਾਰਾਂ ਦੇ ਵਕੀਲ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ, ਸਿੱਖਾਂ ਦੇ ਹੱਕਾਂ ਪ੍ਰਤੀ ਲੜਦੇ ਰਹੇ ਤੇ ਯੂਨਾਈਟਡ ਅਕਾਲੀ ਦਲ ਦੇ ਸਕੱਤਰ ਵਜੋਂ ਵੀ ਉਹ ਤੈਨਾਤ ਰਹੇ। ਜ਼ਿੰਦਗੀ ਦੇ ਸੰਘਰਸ਼ ਦੌਰਾਨ ਕਈ ਜੇਲਾਂ ਕੱਟੀਆਂ 1986 ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਦੇ ਦੌਰਾਨ ਬਾਪੂ ਸੂਰਤ ਸਿੰਘ ਖਾਲਸਾ ਦੇ ਪੈਰ ਦੇ ਵਿੱਚ ਗੋਲੀ ਲੱਗੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਸਿਆਸੀ ਸਫ਼ਰ ਵੀ ਸ਼ੁਰੂ ਹੋਇਆ। ਇਸ ਦੌਰਾਨ ਉਹ ਪੰਜਾਬ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਵੀ ਬੰਦ ਰਹੇ, ਜਿਸ ਦੇ ਵਿੱਚ ਪਟਿਆਲਾ ਦੀ ਜੇਲ, ਨਾਭਾ ਦੀ ਜੇਲ, ਚੰਡੀਗੜ ਦੀ ਜੇਲ, ਅੰਮ੍ਰਿਤਸਰ ਦੀ ਜੇਲ ਸ਼ਾਮਿਲ ਹੈ।

ਬਾਪੂ ਸੂਰਤ ਸਿੰਘ ਖਾਲਸਾ ਦਾ ਹੋਇਆ ਦੇਹਾਂਤ, 91 ਸਾਲ ਦੀ ਉਮਰ ‘ਚ ਲਏ ਆਖਰੀ ਸਾਹ Read More »

ਵਿਦਿਆਰਥੀ ਹੁਣ ਬੋਰਡ ਦੀਆਂ ਕਲਾਸਾਂ ‘ਚੋਂ ਨਹੀਂ ਹੋਣਗੇ ਫੇਲ੍

ਨਵੀਂ ਦਿੱਲੀ, 15 ਜਨਵਰੀ – ਵਿਦਿਆਰਥੀਆਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਵਿਦਿਆਰਥੀਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਨੂੰ ਵਧਾਉਣ ਅਤੇ ਅਸਫਲਤਾ ਦੇ ਡਰ ਨੂੰ ਘਟਾਉਣ ਲਈ ਇੱਕ ਵੱਡੀ ਪਹਿਲ ਕੀਤੀ ਹੈ। ਬੋਰਡ ਨੇ ਐਲਾਨ ਕੀਤਾ ਹੈ ਕਿ ਜੇਕਰ ਕੋਈ ਵਿਦਿਆਰਥੀ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਵਿਗਿਆਨ, ਗਣਿਤ ਜਾਂ ਸਮਾਜਿਕ ਵਿਗਿਆਨ ਵਰਗੇ ਕਿਸੇ ਵੀ ਮੁੱਖ ਵਿਸ਼ੇ ਵਿੱਚ ਫੇਲ੍ਹ ਹੋ ਜਾਂਦਾ ਹੈ, ਤਾਂ ਉਸ ਵਿਸ਼ੇ ਨੂੰ ਛੇਵਾਂ ਵਾਧੂ ਹੁਨਰ ਵਿਸ਼ਾ ਦਿੱਤਾ ਜਾਵੇਗਾ। ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਮਜ਼ੋਰ ਵਿਸ਼ਿਆਂ ਵਿੱਚ ਫੇਲ੍ਹ ਹੋਣ ਤੋਂ ਬਚਾਉਣਾ ਹੈ ਅਤੇ ਨਾਲ ਹੀ ਹੁਨਰ-ਅਧਾਰਤ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਬੋਰਡ ਨੇ 9ਵੀਂ ਅਤੇ 10ਵੀਂ ਜਮਾਤ ਲਈ 22 ਹੁਨਰ ਵਿਸ਼ੇ ਪੇਸ਼ ਕੀਤੇ ਹਨ, ਜੋ ਵਿਦਿਆਰਥੀਆਂ ਨੂੰ ਰਵਾਇਤੀ ਪੜ੍ਹਾਈ ਤੋਂ ਇਲਾਵਾ ਕਿੱਤਾਮੁਖੀ ਅਤੇ ਤਕਨੀਕੀ ਹੁਨਰ ਹਾਸਲ ਕਰਨ ਦੀ ਆਗਿਆ ਦਿੰਦੇ ਹਨ। ਸੀਬੀਐਸਈ ਦੁਆਰਾ ਪੇਸ਼ ਕੀਤੇ ਗਏ ਸਕਿਲਸ ਵਿਸ਼ਿਆਂ ਵਿੱਚ ਸ਼ਾਮਲ ਹਨ: ਰਿਟੇਲ, ਸੂਚਨਾ ਤਕਨਾਲੋਜੀ, ਸੁਰੱਖਿਆ, ਆਟੋਮੋਟਿਵ, ਵਿੱਤੀ ਬਾਜ਼ਾਰ, ਸੈਰ-ਸਪਾਟਾ, ਸੁੰਦਰਤਾ ਅਤੇ ਤੰਦਰੁਸਤੀ, ਖੇਤੀਬਾੜੀ, ਭੋਜਨ ਉਤਪਾਦਨ, ਫਰੰਟ ਆਫਿਸ ਸੰਚਾਲਨ, ਬੈਂਕਿੰਗ ਅਤੇ ਬੀਮਾ, ਮਾਰਕੀਟਿੰਗ ਅਤੇ ਵਿਕਰੀ, ਸਿਹਤ ਸੰਭਾਲ, ਕੱਪੜੇ, ਮਲਟੀ ਮੀਡੀਆ, ਮਲਟੀ ਸਕਿੱਲ ਫਾਊਂਡੇਸ਼ਨ ਕੋਰਸ, ਏ, ਆਈ., ਸਰੀਰਕ ਗਤੀਵਿਧੀ ਟ੍ਰੇਨਰ, ਡੇਟਾ ਸਾਇੰਸ, ਇਲੈਕਟ੍ਰਾਨਿਕਸ ਅਤੇ ਹਾਰਡਵੇਅਰ, ਫਾਰਮਾਸਿਊਟੀਕਲ ਅਤੇ ਬਾਇਓਟੈਕਨਾਲੋਜੀ ਲਈ ਫਾਊਂਡੇਸ਼ਨ ਸਕਿੱਲ, ਡਿਜ਼ਾਈਨ ਥਿੰਕਿੰਗ ਅਤੇ ਇਨੋਵੇਸ਼ਨ। ਸਕੋਰਿੰਗ ਦੀ ਉਦਾਹਰਣ *ਵਿਸ਼ਾ 1: ਭਾਸ਼ਾ 1 (ਵੱਧ ਤੋਂ ਵੱਧ ਅੰਕ: 100) *ਵਿਸ਼ਾ 2: ਭਾਸ਼ਾ 2 (ਵੱਧ ਤੋਂ ਵੱਧ ਅੰਕ: 100) *ਵਿਸ਼ਾ 3: ਵਿਗਿਆਨ (ਵੱਧ ਤੋਂ ਵੱਧ ਅੰਕ: 100) *ਵਿਸ਼ਾ 4: ਗਣਿਤ (ਵੱਧ ਤੋਂ ਵੱਧ ਅੰਕ: 100) *ਵਿਸ਼ਾ 5: ਸਮਾਜਿਕ ਵਿਗਿਆਨ (ਵੱਧ ਤੋਂ ਵੱਧ ਅੰਕ: 100) *ਵਿਸ਼ਾ 6 (ਹੁਨਰ ਵਿਸ਼ਾ): ਛੇਵਾਂ ਵਾਧੂ ਵਿਸ਼ਾ (ਵੱਧ ਤੋਂ ਵੱਧ ਅੰਕ: 100) ਜੇਕਰ ਕੋਈ ਵਿਦਿਆਰਥੀ ਸਮਾਜਿਕ ਵਿਗਿਆਨ ਵਿੱਚ ਫੇਲ੍ਹ ਹੋ ਜਾਂਦਾ ਹੈ ਤਾਂ ਹੁਨਰ ਵਿਸ਼ੇ ਦਾ ਸਕੋਰ ਉਸਦੇ ਕੁੱਲ ਸਕੋਰ ਵਿੱਚ ਸ਼ਾਮਲ ਕੀਤਾ ਜਾਵੇਗਾ। ਪ੍ਰੀਖਿਆ ਸਕੋਰਿੰਗ ਦਾ ਨਵਾਂ ਪੈਟਰਨ ਸੀਬੀਐਸਈ ਨੇ ਕਿਹਾ ਹੈ ਕਿ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਪੰਜ ਵਿੱਚੋਂ ਸਭ ਤੋਂ ਵਧੀਆ ਦੇ ਆਧਾਰ ‘ਤੇ ਕੀਤਾ ਜਾਵੇਗਾ। ਇਸਦਾ ਅਰਥ ਹੈ, ਜੇਕਰ ਕੋਈ ਵਿਦਿਆਰਥੀ ਤਿੰਨ ਲਾਜ਼ਮੀ ਵਿਸ਼ਿਆਂ ਜਿਵੇਂ ਕਿ ਵਿਗਿਆਨ, ਗਣਿਤ ਅਤੇ ਸਮਾਜਿਕ ਵਿਗਿਆਨ ਵਿੱਚੋਂ ਕਿਸੇ ਵਿੱਚ ਵੀ ਫੇਲ੍ਹ ਹੋ ਜਾਂਦਾ ਹੈ, ਤਾਂ ਹੁਨਰ ਵਿਸ਼ਾ (ਛੇਵਾਂ ਵਾਧੂ ਵਿਸ਼ਾ) ਸਕੋਰ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਇਸਦੀ ਪ੍ਰਤੀਸ਼ਤਤਾ ਦੀ ਗਣਨਾ ਕੀਤੀ ਜਾਵੇਗੀ।

ਵਿਦਿਆਰਥੀ ਹੁਣ ਬੋਰਡ ਦੀਆਂ ਕਲਾਸਾਂ ‘ਚੋਂ ਨਹੀਂ ਹੋਣਗੇ ਫੇਲ੍ Read More »

ਡੱਲੇਵਾਲ ਦਾ ਮਰਨ ਵਰਤ 50 ਦਿਨ ਪਾਰ, ਅੱਜ 111 ਕਿਸਾਨ ਕਰਨਗੇ ਭੁੱਖ ਹੜਤਾਲ

ਪਟਿਆਲਾ/ਪਾਤੜਾਂ, 15 ਜਨਵਰੀ – ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਢਾਬੀਗੁੱਜਰਾਂ ਬਾਰਡਰ ’ਤੇ ਮਰਨ ਵਰਤ ਜਾਰੀ ਹੈ ਤੇ ਉਨ੍ਹਾਂ ਨੂੰ ਮਰਨ ਵਰਤ ’ਤੇ ਬੈਠਿਆਂ ਅੱਜ 50 ਦਿਨ ਬੀਤ ਗਏ ਹਨ। ਇਸ ਦੌਰਾਨ ਉਨ੍ਹਾਂ ਅਨਾਜ ਦਾ ਇਕ ਦਾਣਾ ਵੀ ਨਹੀਂ ਖਾਧਾ ਤੇ ਸਿਰਫ਼ ਪਾਣੀ ਹੀ ਪੀਂਦੇ ਆ ਰਹੇ ਹਨ ਪਰ ਹੁਣ ਪਾਣੀ ਵੀ ਖਪਣਾ ਬੰਦ ਹੋ ਗਿਆ ਹੈ। ਉਨ੍ਹਾਂ ਨੂੰ ਜੇਕਰ ਚਮਚ ਨਾਲ ਪਾਣੀ ਵੀ ਦਿੱਤਾ ਜਾਂਦਾ ਹੈ ਤਾਂ ਬਾਹਰ ਆ ਜਾਂਦਾ ਹੈ। ਡਾਕਟਰਾਂ ਮੁਤਾਬਕ 48 ਘੰਟਿਆਂ ਤੋਂ ਉਨ੍ਹਾਂ ਅੰਦਰ ਪਾਣੀ ਦੀ ਇਕ ਬੂੰਦ ਵੀ ਨਹੀਂ ਗਈ ਹੈ ਜਿਸ ਕਾਰਨ ਹੁਣ ਉਨ੍ਹਾਂ ਦੀ ਸਥਿਤੀ ਨਾਜ਼ੁਕ ਬਣ ਰਹੀ ਹੈ। ਉੱਧਰ, ਪਟਿਆਲਾ ਤੋਂ ਗਈ ਮਾਹਿਰ ਡਾਕਟਰਾਂ ਦੀ ਟੀਮ ਨੇ ਵੀ ਖੂਨ ਦੇ ਸੈਂਪਲ ਲੈਣ ਅਤੇ ਸਿਹਤ ਜਾਂਚ ਕਰਦਿਆਂ ਕਿਸਾਨ ਨੇਤਾ ਨੂੰ ਪੰਜਾਬ ਸਰਕਾਰ ਵੱਲੋਂ ਮੁੜ ਟਰੀਟਮੈਂਟ ਜਾਂ ਕੋਈ ਹਲਕੀ ਮੈਡੀਕਲ ਡੋਜ਼ ਲੈਣ ਦੀ ਅਪੀਲ ਕੀਤੀ ਪਰ ਸ੍ਰੀ ਡੱਲੇਵਾਲ ਨੇ ਇਨਕਾਰ ਕਰ ਦਿੱਤਾ। ਕਿਸਾਨ ਆਗੂ ਸ੍ਰੀ ਡੱਲੇਵਾਲ ਦੀ ਨਿਗਰਾਨੀ ਕਰ ਰਹੇ ਡਾਕਟਰਾਂ ’ਚ ਸ਼ਾਮਲ ਡਾ. ਅਵਤਾਰ ਸਿੰਘ ਦਾ ਕਹਿਣਾ ਹੈ ਕਿ ਲਗਾਤਾਰ ਭੁੱਖੇ ਰਹਿਣ ਕਾਰਨ ਉਨ੍ਹਾਂ ਦਾ ਮਾਸ ਖਤਮ ਹੀ ਹੁੰਦਾ ਜਾ ਰਿਹਾ ਹੈ। ਪੁੜਪੜੀਆਂ ’ਚ ਟੋਏ ਪੈ ਗਏ ਹਨ ਤੇ ਅੱਖਾਂ ਵੀ ਧਸ ਗਈਆਂ ਹਨ। ਹੁਣ ਤਾਂ ਉਹ ਉਠਾਉਣ ਮੌਕੇ ਟੀਮ ਦੇ ਹੱਥਾਂ ਦੀ ਵੀ ਤਕਲੀਫ਼ ਮੰਨਣ ਲੱਗੇ ਹਨ। ਉਨ੍ਹਾਂ ਕਿਹਾ ਕਿ ਮਨੁੱਖੀ ਸਰੀਰ ’ਚ 0.02 ਤੋਂ 0.27 ਵਿਚਕਾਰ ਹੋਣ ਵਾਲੇ ਕੋਟੀਨ ਦੀ ਮਾਤਰਾ ਸਾਢੇ ਛੇ ਤੋਂ ਵੀ ਉਪਰ ਚੱਲ ਰਹੀ ਹੈ ਤੇ ਇਹ ਸਥਿਤੀ ਉਦੋਂ ਬਣਦੀ ਹੈ ਜਦੋਂ ਸਰੀਰ ਹੀ ਸਰੀਰ ਨੂੰ ਖਾਣ ਲੱਗੇ। ਇਸੇ ਤਰ੍ਹਾਂ ਉਨ੍ਹਾਂ ਦਾ ਯੂਰਿਕ ਐਸਿਡ ਅਤੇ ਬਿਲੀਰੂਬਿਨ ਆਮ ਹਾਲਾਤ ਦੇ ਮੁਕਾਬਲੇ ਚਾਰ ਗੁਣਾਂ ਵੱਧ, ਬੀਪੀ ਤੇ ਪ੍ਰੋਟੀਨ ਆਮ ਨਾਲੋਂ ਕਾਫ਼ੀ ਘੱਟ ਰਹਿ ਰਿਹਾ ਹੈ। ਢਾਬੀਗੁੱਜਰਾਂ ਬਾਰਡਰ ’ਤੇ 111 ਕਿਸਾਨਾਂ ਦਾ ਜਥਾ ਸ਼ੁਰੂ ਕਰੇਗਾ ਮਰਨ ਵਰਤ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ-ਮਜ਼ਦੂਰ ਮੋਰਚਾ ਦੀ ਅਗਵਾਈ ਹੇਠ 111 ਕਿਸਾਨਾਂ ਦਾ ਵੱਡਾ ਜਥਾ 15 ਜਨਵਰੀ ਨੂੰ ਮਰਨ ਵਰਤ ਸ਼ੁਰੂ ਕਰੇਗਾ। ਕਿਸਾਨਾਂ ਦਾ ਇਹ ਜਥਾ ਢਾਬੀਗੁੱਜਰਾਂ ਬਾਰਡਰ ’ਤੇ ਹੀ ਹਰਿਆਣਾ ਪੁਲੀਸ ਵੱਲੋਂ ਕੀਤੀ ਗਈ ਬੈਰੀਕੇਡਿੰਗ ਕੋਲ ਸ਼ਾਂਤਮਈ ਧਰਨਾ ਦਿੰਦਿਆਂ ਬਾਅਦ ਦੁਪਹਿਰ 2 ਵਜੇ ਆਪਣਾ ਮਰਨ ਵਰਤ ਸ਼ੁਰੂ ਕਰੇਗਾ। ਇਹ ਐਲਾਨ ਅੱਜ ਢਾਬੀਗੁੱਜਰਾਂ ਬਾਰਡਰ ’ਤੇ ਕਾਕਾ ਸਿੰਘ ਕੋਟੜਾ, ਅਭਿਮੰਨਿਊ ਕੋਹਾੜ ਨੇ ਕੀਤਾ ਜਿਸ ਦੌਰਾਨ ਸੁਖਜੀਤ ਹਰਦੋਝੰਡੇ, ਸੁਰਜੀਤ ਫੂਲ, ਇੰਦਰਜੀਤ ਕੋਟਬੁੱਢੇ, ਦਿਲਬਾਗ ਹਰੀਗੜ੍ਹ, ਜਰਨੈਲ ਚਹਿਲ, ਲਖਵਿੰਦਰ ਔਲਖ, ਮਨਜੀਤ ਨਿਆਲ, ਬਲਦੇਵ ਸਿਰਸਾ ਤੇ ਕਈ ਹੋਰ ਕਿਸਾਨ ਆਗੂ ਵੀ ਮੌਜੂਦ ਸਨ। ਸ੍ਰੀ ਕੋਟੜਾ ਨੇ ਸਪਸ਼ਟ ਕੀਤਾ ਕਿ ਇਹ ਭੁੱਖ ਹੜਤਾਲ ਨਾ ਹੋ ਕੇ ਮਰਨ ਵਰਤ ਹੈ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਸ੍ਰੀ ਡੱਲੇਵਾਲ਼ ਨੂੰ ਵੀ ਮਰਨ ਵਰਤ ਉਦੋਂ ਰੱਖਣਾ ਪਿਆ, ਜਦੋਂ ਸਰਕਾਰ ਨੇ ਕਿਸਾਨਾਂ ਨੂੰ ਨਜ਼ਰਅੰਦਾਜ਼ ਕਰ ਰੱਖਿਆ ਸੀ ਤੇ ਹੁਣ 111 ਕਿਸਾਨਾਂ ਨੂੰ ਵੀ ਮਰਨ ਵਰਤ ’ਤੇ ਬੈਠਣਾ ਪੈ ਰਿਹਾ ਹੈ। ਕਿਸਾਨ ਆਗੂ ਯਾਦਵਿੰਦਰ ਬੁਰੜ ਦਾ ਕਹਿਣਾ ਸੀ ਕਿ ਸ੍ਰੀ ਡੱਲੇਵਾਲ ਨੇ ਸਾਰਿਆਂ ’ਚ ਉਤਸ਼ਾਹ ਭਰਿਆ ਹੈ ਕਿ ਹਜ਼ਾਰਾਂ ਕਿਸਾਨ ਮਰਨ ਲਈ ਤਿਆਰ ਹਨ।

ਡੱਲੇਵਾਲ ਦਾ ਮਰਨ ਵਰਤ 50 ਦਿਨ ਪਾਰ, ਅੱਜ 111 ਕਿਸਾਨ ਕਰਨਗੇ ਭੁੱਖ ਹੜਤਾਲ Read More »

ਅੱਜ ਤੋਂ DC ਦਫ਼ਤਰਾਂ ‘ਚ ਨਹੀਂ ਹੋਵੇਗਾ ਕੰਮ, ਮੰਗਾਂ ਪੂਰੀਆਂ ਹੋਣ ਤੱਕ ਹੜਤਾਲ ‘ਤੇ ਰਹਿਣਗੇ ਮੁਲਾਜ਼ਮ

15, ਜਨਵਰੀ – ਜਲੰਧਰ ਦੇ ਡੀਸੀ ਦਫ਼ਤਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਅੱਜ ਯਾਨੀ ਬੁੱਧਵਾਰ ਤੋਂ ਕਲਮ ਛੋੜ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਹੜਤਾਲ ‘ਤੇ ਗਏ ਕਰਮਚਾਰੀ ਹੁਣ ਸੋਮਵਾਰ ਤੋਂ ਕੰਮ ਦੁਬਾਰਾ ਸ਼ੁਰੂ ਕਰਨਗੇ। ਤਿੰਨ ਦਿਨਾਂ ਦੀ ਹੜਤਾਲ ਹੈ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀਆਂ ਹਨ। ਇਸ ਸਬੰਧੀ ਅੱਜ ਇੱਕ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਕਿਹਾ- ਸਰਕਾਰ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਇਹੀ ਕਾਰਨ ਹੈ ਕਿ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸਾਰੇ ਸੂਬਾਈ ਅਤੇ ਜ਼ਿਲ੍ਹਾ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ।ਸੰਗਠਨ ਨੇ 15 ਜਨਵਰੀ ਤੋਂ 17 ਜਨਵਰੀ ਤੱਕ ਵਿਰੋਧ ਪ੍ਰਦਰਸ਼ਨਾਂ ਦਾ ਐਲਾਨ ਕੀਤਾ। ਦਫ਼ਤਰ ਸਮੂਹ ਐਸਡੀਐਮ ਸਾਰੀਆਂ ਤਹਿਸੀਲਾਂ ਅਤੇ ਉਪ-ਤਹਿਸੀਲਾਂ ਵਿੱਚ ਕੰਮ ਨਹੀਂ ਕਰੇਗਾ। ਇਸ ਸੰਘਰਸ਼ ਤੋਂ ਬਾਅਦ ਵੀ ਜੇਕਰ ਸਰਕਾਰ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਸੰਗਠਨ ਸੰਘਰਸ਼ ਨੂੰ ਹੋਰ ਤੇਜ਼ ਕਰੇਗਾ ਅਤੇ 18 ਜਨਵਰੀ ਨੂੰ ਅਗਲੇ ਐਕਸ਼ਨ ਦਾ ਐਲਾਨ ਕਰੇਗਾ। ਮੁਲਾਜ਼ਮਾਂ ਦੀਆਂ ਇਨ੍ਹਾਂ ਹੜਤਾਲਾਂ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਮੰਗਾਂ ਲਈ ਹੋਵੇਗੀ ਹੜਤਾਲ ਕਰਮਚਾਰੀ ਸਰਕਾਰ ਤੋਂ ਮੰਗ ਕਰ ਰਹੇ ਸਨ ਕਿ ਡੀਸੀ ਦਫ਼ਤਰਾਂ ਵਿੱਚ ਸੀਨੀਅਰ ਸਹਾਇਕ ਦੇ ਅਹੁਦੇ ‘ਤੇ ਤਰੱਕੀ ਦੇ ਮੌਕੇ ਬਹੁਤ ਘੱਟ ਹਨ। ਨੌਕਰੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੀਨੀਅਰ ਸਹਾਇਕ ਦੇ ਅਹੁਦੇ ‘ਤੇ ਤਰੱਕੀ ਲੈਣ ਲਈ ਲਗਭਗ 27-28 ਸਾਲ ਲੱਗ ਜਾਂਦੇ ਹਨ। ਇਸ ਲਈ ਸੀਨੀਅਰ ਸਹਾਇਕਾਂ ਲਈ ਤਰੱਕੀ ਕੋਟਾ 100% ਤੱਕ ਵਧਾ ਦਿੱਤਾ ਜਾਣਾ ਚਾਹੀਦਾ ਹੈ। ਐਸਡੀਐਮ ਦਫ਼ਤਰਾਂ ਵਿੱਚ ਸੁਪਰਡੈਂਟ ਗ੍ਰੇਡ-2 ਮਾਲ ਅਤੇ ਰਿਕਾਰਡ ਦੀ ਅਸਾਮੀ ਨੂੰ ਸੀਨੀਅਰ ਸਹਾਇਕ ਤੋਂ ਅੱਪਗ੍ਰੇਡ ਕੀਤਾ ਗਿਆ ਹੈ। ਇਸ ਲਈ ਐਸਡੀਐਮ ਸਬੰਧਤ ਨਿਯਮਾਂ ਵਿੱਚ ਸੋਧ ਕਰ ਸਕਦਾ ਹੈ ਜਾਂ ਇੱਕ ਪੱਤਰ ਜਾਰੀ ਕਰ ਸਕਦਾ ਹੈ। ਦਫ਼ਤਰਾਂ ਵਿੱਚ ਸੁਪਰਡੈਂਟ ਗ੍ਰੇਡ-2, ਮਾਲੀਆ ਅਤੇ ਰਿਕਾਰਡ ਨੂੰ ਸਿਰਫ਼ ਸੀਨੀਅਰ ਸਹਾਇਕ ਤੋਂ ਤਰੱਕੀ ਦਿੱਤੀ ਜਾਣੀ ਚਾਹੀਦੀ ਹੈ।

ਅੱਜ ਤੋਂ DC ਦਫ਼ਤਰਾਂ ‘ਚ ਨਹੀਂ ਹੋਵੇਗਾ ਕੰਮ, ਮੰਗਾਂ ਪੂਰੀਆਂ ਹੋਣ ਤੱਕ ਹੜਤਾਲ ‘ਤੇ ਰਹਿਣਗੇ ਮੁਲਾਜ਼ਮ Read More »

CM ਆਤਿਸ਼ੀ ਨੇ ਕਾਲਕਾਜੀ ਸੀਟ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖਲ

ਨਵੀਂ ਦਿੱਲੀ, 15 ਜਨਵਰੀ – ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਮੰਗਲਵਾਰ ਨੂੰ ਕਾਲਕਾਜੀ ਸੀਟ ਤੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਅਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਉਨ੍ਹਾਂ ਨੇ ਲਾਜਪਤ ਨਗਰ ਸਥਿਤ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ’ਚ ਨਾਮਜ਼ਦਗੀ ਪੱਤਰ ਦਾਖਲ ਕੀਤਾ। ਦੂਜੇ ਪਾਸੇ ਆਤਿਸ਼ੀ ਦੀ ਚੋਣ ਸਮੱਗਰੀ ਨੂੰ ਸਰਕਾਰੀ ਗੱਡੀ ’ਚ ਲਿਜਾਣ ਦੇ ਦੋਸ਼ ’ਚ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਦੇ ਇਕ ਅਧਿਕਾਰੀ ਵਿਰੁਧ ਐਫ.ਆਈ.ਆਰ. ਦਰਜ ਕੀਤੀ ਹੈ। ਇਕ ਅਧਿਕਾਰੀ ਨੇ ਦਸਿਆ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਲਈ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਸ਼ੁਰੂਆਤ ’ਚ ਇਕ ਰਿਟਰਨਿੰਗ ਅਧਿਕਾਰੀ ਨੇ ਮੁੱਖ ਮੰਤਰੀ ਆਤਿਸ਼ੀ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ ਕਿ 7 ਜਨਵਰੀ ਨੂੰ ਸਰਕਾਰੀ ਗੱਡੀ ਦੀ ਵਰਤੋਂ ਸਿਆਸੀ ਉਦੇਸ਼ ਲਈ ਕੀਤੀ ਗਈ ਸੀ। ਵਿਸਥਾਰਤ ਜਾਂਚ ਤੋਂ ਬਾਅਦ ਪੁਲਿਸ ਨੇ ਦਖਣੀ-ਪੂਰਬੀ ਡਿਵੀਜ਼ਨ ਦੇ ਲੋਕ ਨਿਰਮਾਣ ਅਧਿਕਾਰੀ-ਕਾਰਜਕਾਰੀ ਇੰਜੀਨੀਅਰ ਵਿਰੁਧ ਚੋਣ ਪ੍ਰਚਾਰ ਲਈ ਸਰਕਾਰੀ ਗੰਡੀ ਦੀ ਵਰਤੋਂ ਕਰਨ ਲਈ ਐਫ.ਆਈ.ਆਰ. ਦਰਜ ਕੀਤੀ। ਇਹ ਐਫ.ਆਈ.ਆਰ. ਦਿੱਲੀ ਦੇ ਗੋਵਿੰਦਪੁਰੀ ਥਾਣੇ ’ਚ ਦਰਜ ਕੀਤੀ ਗਈ ਸੀ। ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਤਿਸ਼ੀ ਨੇ ਚੋਣ ਪ੍ਰਚਾਰ ਲਈ ਸਰਕਾਰੀ ਗੱਡੀਆਂ ਦੀ ਵਰਤੋਂ ਕਰਨ ਲਈ ਐਫ.ਆਈ.ਆਰ. ਦਰਜ ਕਰਨ ਲਈ ਦਿੱਲੀ ਪੁਲਿਸ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘‘ਭਾਜਪਾ ਨੇਤਾ ਪਰਵੇਸ਼ ਵਰਮਾ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਨੇ ਵੋਟਰਾਂ ਨੂੰ ਖੁੱਲ੍ਹੇਆਮ ਪੈਸੇ ਅਤੇ ਕੰਬਲ ਵੰਡੇ।’’ ਉਨ੍ਹਾਂ ਕਿਹਾ, ‘‘ਪੂਰੇ ਦੇਸ਼ ਨੇ ਪਰਵੇਸ਼ ਵਰਮਾ (ਨਵੀਂ ਦਿੱਲੀ ਸੀਟ ਤੋਂ ਭਾਜਪਾ ਉਮੀਦਵਾਰ) ਨੂੰ ਪੈਸੇ ਵੰਡਦੇ ਵੇਖਿਆ ਹੈ। ਇੱਥੋਂ ਤਕ ਕਿ ਔਰਤਾਂ ਨੇ ਵੀ ਅੱਗੇ ਆ ਕੇ ਕਿਹਾ ਕਿ ਈ.ਵੀ.ਐਮ. ’ਤੇ ਕਮਲ (ਭਾਜਪਾ ਦਾ ਚੋਣ ਨਿਸ਼ਾਨ) ਦੇ ਸਾਹਮਣੇ ਬਟਨ ਦਬਾਉਣ ਲਈ ਉਨ੍ਹਾਂ ਨੂੰ 1,100 ਰੁਪਏ ਦਿਤੇ ਗਏ ਸਨ। ਵਰਮਾ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ। ‘ਇਹ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ ਕਿ ਕੁੱਝ ਗੜਬੜ ਹੈ।’’ ਜਦਕਿ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ’ਤੇ ਚੋਣ ਪ੍ਰਚਾਰ ਲਈ ਸਰਕਾਰੀ ਗੱਡੀ ਦੀ ਵਰਤੋਂ ਕਰ ਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਉਹ ਨੈਤਿਕ ਆਧਾਰ ’ਤੇ ਕਾਲਕਾਜੀ ਸੀਟ ਤੋਂ ਅਪਣਾ ਨਾਮਜ਼ਦਗੀ ਪੱਤਰ ਵਾਪਸ ਲੈਣ। ਭਾਜਪਾ ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ ਨੇ ਕਿਹਾ, ‘‘ਆਤਿਸ਼ੀ ਦਾ ਚੋਣ ਦਫ਼ਤਰ ਗੋਵਿੰਦਪੁਰੀ ’ਚ ਹੈ, ਜਿੱਥੇ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਦੀ ਗੱਡੀ ਦੀ ਵਰਤੋਂ ਕਰ ਕੇ ਪ੍ਰਚਾਰ ਸਮੱਗਰੀ ਪਹੁੰਚਾਈ ਗਈ। ‘ਆਪ’ ਦੇ ਵਲੰਟੀਅਰ ਦਿੱਲੀ ਸਰਕਾਰ ਦੇ ਗੱਡੀਆਂ ਦੀ ਵਰਤੋਂ ਇਕ ਥਾਂ ਤੋਂ ਦੂਜੀ ਥਾਂ ਜਾਣ ਲਈ ਕਰ ਰਹੇ ਹਨ। ਆਤਿਸ਼ੀ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਨੈਤਿਕ ਆਧਾਰ ’ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਕਾਲਕਾਜੀ ਤੋਂ ਅਪਣਾ ਨਾਮਜ਼ਦਗੀ ਪੱਤਰ ਵਾਪਸ ਲੈਣਾ ਚਾਹੀਦਾ ਹੈ। ਆਤਿਸ਼ੀ ਨੇ ਸੋਮਵਾਰ ਨੂੰ ਰੋਡ ਸ਼ੋਅ ਤੋਂ ਬਾਅਦ ਅਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਾ ਸੀ। ਆਮ ਆਦਮੀ ਪਾਰਟੀ (ਆਪ) ਦੇ ਇਕ ਨੇਤਾ ਮੁਤਾਬਕ ਰੋਡ ਸ਼ੋਅ ਕਾਰਨ ਦੇਰੀ ਹੋਈ ਅਤੇ ਉਹ ਦਿਨ ਦੀ ਸਮਾਂ ਸੀਮਾ (ਦੁਪਹਿਰ 3 ਵਜੇ) ਤੋਂ ਪਹਿਲਾਂ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ਨਹੀਂ ਪਹੁੰਚ ਸਕੀ। ਆਤਿਸ਼ੀ ਦਾ ਮੁਕਾਬਲਾ ਭਾਜਪਾ ਦੇ ਰਮੇਸ਼ ਸਿੰਘ ਬਿਧੂੜੀ ਅਤੇ ਕਾਂਗਰਸ ਦੀ ਅਲਕਾ ਲਾਂਬਾ ਨਾਲ ਹੈ। ਸਾਬਕਾ ਸੰਸਦ ਮੈਂਬਰ ਬਿਧੂੜੀ ਨੇ 2003, 2008 ਅਤੇ 2013 ’ਚ ਤੁਗਲਕਾਬਾਦ ਵਿਧਾਨ ਸਭਾ ਸੀਟ ਜਿੱਤੀ ਸੀ। ਜਦਕਿ ਲਾਂਬਾ ਲਗਭਗ ਪੰਜ ਸਾਲਾਂ ਤੋਂ ‘ਆਪ’ ਨਾਲ ਸਨ ਅਤੇ 2019 ’ਚ ਕਾਂਗਰਸ ’ਚ ਸ਼ਾਮਲ ਹੋ ਗਏ ਸਨ।

CM ਆਤਿਸ਼ੀ ਨੇ ਕਾਲਕਾਜੀ ਸੀਟ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖਲ Read More »