ਉਡਾਣ ਹਾਲੇ ਬਾਕੀ ਹੈ/ਡਾ. ਪ੍ਰਵੀਨ ਬੇਗਮ
ਸਵੇਰੇ ਅਖ਼ਬਾਰ ਚੁੱਕਿਆ ਤਾਂ ਪਹਿਲੇ ਪੰਨੇ ’ਤੇ ਹੀ ਭਾਰਤ ਲਈ ਮਾਣਮੱਤੀ ਖ਼ਬਰ ‘ਮਨੂ ਭਾਕਰ ਵੱਲੋਂ ਪੈਰਿਸ ਵਿੱਚ ਚੱਲ ਰਹੀਆਂ ਓਲੰਪਿਕ ਖੇਡਾਂ ਵਿੱਚ ਸਾਥੀ ਖਿਡਾਰੀ ਸਰਬਜੀਤ ਸਿੰਘ ਨਾਲ ਖੇਡਦਿਆਂ ਕਾਂਸੀ ਦਾ ਦੂਜਾ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ’, ਪੜ੍ਹ ਕੇ ਦਿਲ ਬਾਗੋ-ਬਾਗ ਹੋ ਗਿਆ ਕਿ ਕੁੜੀਆਂ ਹਰ ਖੇਤਰ ਵਿੱਚ ਅੱਗੇ ਜਾ ਰਹੀਆਂ ਹਨ। ਮਨੂ ਭਾਕਰ ਪੈਰਿਸ ਓਲੰਪਿਕ ਵਿੱਚ ਭਾਰਤ ਦੀ ਝੋਲੀ ਦੋ ਕਾਂਸੀ ਦੇ ਤਗਮੇ ਪਾਉਣ ਵਾਲੀ ਪਹਿਲੀ ਮਹਿਲਾ ਖਿਡਾਰੀ ਬਣੀ। ਨਿਸ਼ਚੇ ਹੀ ਉਸ ਦੀ ਇਹ ਜਿੱਤ ਭਾਰਤ ਲਈ ਇਤਿਹਾਸਕ ਹੋ ਨਿਬੜੀ। ਮੈਂ ਸੋਚਿਆ ਕਿਉਂ ਨਾ ਅੱਜ ਕਾਉਂਸਲਿੰਗ ਪੀਰੀਅਡ ਵਿੱਚ ਕੁੜੀਆਂ ਨੂੰ ਮਨੂ ਭਾਕਰ ਦੀ ਸ਼ਾਨਦਾਰ ਜਿੱਤ ਬਾਰੇ ਦੱਸ ਕੇ ਉਨ੍ਹਾਂ ਵਿੱਚ ਵੀ ਜ਼ਿੰਦਗੀ ਵਿੱਚ ਕੁਝ ਵਧੀਆ ਤੇ ਵੱਡਾ ਕਰਨ ਦੀ ਤਾਂਘ ਪੈਦਾ ਕੀਤੀ ਜਾਵੇ। ਸਕੂਲ ਪਹੁੰਚਦਿਆਂ ਪਹਿਲਾਂ ਤਾਂ ਮੈਂ ਨੋਟਿਸ ਬੋਰਡ ’ਤੇ ਖ਼ਬਰਾਂ ਵਿੱਚ ਭਾਰਤ ਦੀ ਇਸ ਸ਼ਾਨਦਾਰ ਪ੍ਰਾਪਤੀ ਬਾਰੇ ਲਿਖਾਇਆ ਤਾਂ ਕਿ ਸਕੂਲ ਦੇ ਹਰ ਛੋਟੇ ਵੱਡੇ ਬੱਚੇ ਨੂੰ ਆਪਣੇ ਦੇਸ਼ ਦੀ ਓਲੰਪਿਕ ਵਿੱਚ ਇਸ ਪਲੇਠੀ ਜਿੱਤ ਬਾਰੇ ਪਤਾ ਲੱਗ ਸਕੇ। ਫਿਰ ਅੱਧੀ ਛੁੱਟੀ ਬਾਅਦ ਗਾਈਡੈਂਸ ਐਂਡ ਕਾਉਂਸਲਿੰਗ ਦਾ ਪੀਰੀਅਡ ਆਇਆ ਤਾਂ ਮੈਂ ਤਕਰੀਬਨ ਸਾਰੇ ਸਕੂਲ ਦੀਆਂ ਕੁੜੀਆਂ ਹੀ ਉੱਥੇ ਬੁਲਾ ਲਈਆਂ। ਪਹਿਲਾਂ ਮੈਂ ਕੁੜੀਆਂ ਨੂੰ ਅੱਜ ਦੀਆਂ ਖ਼ਬਰਾਂ ਬਾਰੇ ਪੁੱਛ ਕੇ ਕੁਝ ਟਟੋਲਣਾ ਚਾਹਿਆ। ਖੇਡਾਂ ਵਿੱਚ ਰੁਚੀ ਰੱਖਣ ਵਾਲੀਆਂ ਕੁੜੀਆਂ ਨੂੰ ਭਾਰਤ ਦੀ ਇਸ ਸ਼ਾਨਦਾਰ ਜਿੱਤ ਬਾਰੇ ਪਹਿਲਾਂ ਹੀ ਪਤਾ ਸੀ। ਉਨ੍ਹਾਂ ਦੀਆਂ ਅੱਖਾਂ ਵਿੱਚ ਇੱਕ ਉਤਸ਼ਾਹ ਸੀ। ਮੈਂ ਬੋਲਣਾ ਸ਼ੁਰੂ ਕੀਤਾ, ‘‘ਬੱਚਿਓ, ਮਨੂ ਭਾਕਰ ਵੀ ਤਾਂ ਤੁਹਾਡੇ ਜਿਹੀ ਆਮ ਘਰ ਦੀ ਹੀ ਕੁੜੀ ਹੈ। ਅੱਜ ਉਸ ਦਾ ਨਾਂ ਖੇਡਾਂ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਦਰਜ ਹੋ ਗਿਆ ਹੈ। ਜੇਕਰ ਉਹ ਕਰ ਸਕਦੀ ਹੈ ਤਾਂ ਤੁਸੀਂ ਕਿਉਂ ਨਹੀਂ।’’ ਮੇਰੀ ਗੱਲ ਸੁਣਦਿਆਂ ਖੇਡਾਂ ਵਿੱਚ ਵਧ ਚੜ੍ਹ ਕੇ ਭਾਗ ਲੈਣ ਵਾਲੀ ਗਿਆਰ੍ਹਵੀਂ ਜਮਾਤ ਦੀ ਇੱਕ ਵਿਦਿਆਰਥਣ ਉੱਠ ਕੇ ਬੋਲੀ, ‘‘ਮੈਡਮ ਜੀ, ਸਹੀ ਹੈ ਤੁਹਾਡੀ ਗੱਲ, ਮੈਂ ਖੇਡਾਂ ਵਿੱਚ ਅੱਗੇ ਤੱਕ ਜਾਣਾ ਚਾਹੁੰਦੀ ਆ। ਮੈਂ ਅੰਬਰੀਂ ਉੱਡਣ ਦੀ ਖ਼ਾਹਿਸ਼ ਰੱਖਦੀ ਆਂ। ਮੈਂ ਵੀ ਜੀ, ਹਿਮਾ ਦਾਸ ਵਾਂਗ, ਬਿਨਾਂ ਬੂਟਾਂ ਤੋਂ ਦੌੜਦੀ ਹਾਂ। ਉਸ ਦੀ ਮਜਬੂਰੀ ਸੀ, ਪਰ ਮੈਂ ਉਸ ਦੇ ਨਕਸ਼ੇ ਕਦਮਾਂ ’ਤੇ ਚੱਲ ਉਸ ਦੀ ਤਰ੍ਹਾਂ ਹੀ ਚਮਕਣਾ ਚਾਹੁੰਦੀ ਹਾਂ। ਸਾਡੇ ਵਿੱਚੋਂ ਬਹੁਤ ਸਾਰੀਆਂ ਕੁੜੀਆਂ ਖੇਡਾਂ ਅਤੇ ਹੋਰ ਖੇਤਰਾਂ ਵਿੱਚ ਅੱਗੇ ਤੱਕ ਜਾਣਾ ਚਾਹੁੰਦੀਆਂ ਹਨ। ਡਾਕਟਰ, ਇੰਜੀਨੀਅਰ, ਅਧਿਆਪਕ, ਪੁਲੀਸ ਅਤੇ ਵਕੀਲ ਬਣਨਾ ਚਾਹੁੰਦੀਆਂ ਹਨ। ਪਰ ਜੀ, ਸਾਡੇ ਘਰਾਂ ਦੇ ਹਾਲਾਤ ਅਤੇ ਸਾਡੇ ਪਰਿਵਾਰਾਂ ਦੀ ਸੋਚ ਸ਼ਾਇਦ ਸਾਨੂੰ ਇੱਥੇ ਹੀ ਰੋਕ ਦੇਵੇ। ਸਾਡੇ ਘਰ ਦੇ ਤਾਂ ਜੀ ਹਰ ਰੋਜ਼ ਮੋਬਾਈਲਾਂ ’ਤੇ ਖ਼ਬਰਾਂ ਸੁਣ ਸੁਣ ਕੇ ਇਹੀ ਕਹਿੰਦੇ ਨੇ ਕਿ ਬਸ ਬਾਰ੍ਹਵੀਂ ਹੋ ਗਈ, ਬਹੁਤ ਹੈ। ਹਾਲਾਤ ਮਾੜੇ ਨੇ’’, ਉਹ ਬੋਲਦੀ ਬੋਲਦੀ ਚੁੱਪ ਕਰ ਗਈ। ਉਸ ਦੀਆਂ ਅੱਖਾਂ ਦੀ ਚਮਕ ਪਾਣੀ ਭਰੇ ਹੰਝੂਆਂ ਵਿੱਚ ਬਦਲ ਗਈ। ਮੈਂ ਉਸ ਦੀ ਵੇਦਨਾ ਨੂੰ ਸਮਝ ਚੁੱਕੀ ਸੀ। ਮੈਨੂੰ ਲੱਗਿਆ ਕਿ ਉਸ ਕੁੜੀ ਦੀ ਆਵਾਜ਼ ਸਾਰੇ ਪੇਂਡੂ ਖੇਤਰ ਦੀਆਂ ਉਨ੍ਹਾਂ ਲੱਖਾਂ ਕੁੜੀਆਂ ਦੀ ਆਵਾਜ਼ ਹੈ ਜਿਨ੍ਹਾਂ ਵਿੱਚ ਪ੍ਰਤਿਭਾ ਤੇ ਜੋਸ਼ ਤਾਂ ਲੋਹੜਿਆਂ ਦਾ ਹੁੰਦਾ ਹੈ, ਪਰ ਫਿਰ ਵੀ ਉਹ ਜ਼ਿੰਦਗੀ ਦੇ ਹਨੇਰੇ ਰਸਤਿਆਂ ਵਿੱਚ ਕਿਧਰੇ ਹੋਰ ਹੀ ਗੁਆਚ ਜਾਂਦੀਆਂ ਹਨ। ਹਾਲੇ ਕੱਲ੍ਹ ਹੀ ਬਾਰ੍ਹਵੀਂ ਜਮਾਤ ਪਾਸ ਕਰ ਚੁੱਕੀ ਮੇਰੀ ਇੱਕ ਵਿਦਿਆਰਥਣ ਮੈਨੂੰ ਮਿਲਣ ਆਈ। ਪੜ੍ਹਨ ਵਿੱਚ ਕਾਫ਼ੀ ਹੁਸ਼ਿਆਰ, ਅੱਗੇ ਵਧਣ ਲਈ ਉਤਾਵਲੀ। ਕਹਿੰਦੀ ਹੁੰਦੀ ਸੀ, ‘‘ਮੈਂ ਤਾਂ ਜੀ ਆਰਮੀ ਵਿੱਚ ਜਾਣਾ।’’ ਪੁੱਛਣ ’ਤੇ ਪਤਾ ਲੱਗਿਆ ਕਿ ਉਸ ਦੇ ਘਰਦਿਆਂ ਨੇ ਉਸਨੂੰ ਅੱਗੇ ਪੜ੍ਹਨ ਹੀ ਨਹੀਂ ਲਗਾਇਆ। ਕਾਲਜ ਪਿੰਡ ਤੋਂ ਥੋੜ੍ਹੀ ਦੂਰੀ ’ਤੇ ਹੋਣ ਕਾਰਨ ਅਤੇ ਦੁਨੀਆ ਦੇ ਵਿਗੜੈਲ ਮਾਹੌਲ ਕਾਰਨ ਉਨ੍ਹਾਂ ਘਰ ਹੀ ਬਿਠਾ ਰੱਖਿਆ ਆਪਣੀ ਹੋਣਹਾਰ ਬੱਚੀ ਨੂੰ। ਮੈਨੂੰ ਉਸ ਉੱਤੇ ਦਇਆ ਆਈ, ਪਰ ਉਸ ਦੇ ਮਾਪਿਆਂ ਦੇ ਫ਼ੈਸਲੇ ਅੱਗੇ ਮੇਰਾ ਵੱਸ ਨਹੀਂ ਸੀ ਚੱਲਿਆ। ਕਈ ਤਰ੍ਹਾਂ ਦੀ ਕਿੰਤੂ-ਪ੍ਰੰਤੂ ਸਮਾਜ ਅੰਦਰ ਅਕਸਰ ਹੀ ਔਰਤਾਂ ਦੀ ਸੁਰੱਖਿਆ ਦੇ ਮੁੱਦੇ ’ਤੇ ਚਲਦੀ ਰਹਿੰਦੀ ਹੈ। ਪਰ ਕੀ ਅਸੀਂ ਆਪਣੀਆਂ ਬੱਚੀਆਂ ਦਾ ਸਮਾਜੀਕਰਨ ਉਨ੍ਹਾਂ ਨੂੰ ਅਸੁਰੱਖਿਅਤ ਮਹਿਸੂਸ ਕਰਵਾ ਕੇ ਹੀ ਕਰਾਂਗੇ? ਕਿਤੇ ਨਾ ਕਿਤੇ ਮਾਪੇ ਜਾਂ ਸਮਾਜ ਸਹੀ ਵੀ ਜਾਪਦੇ ਹਨ, ਪਰ ਸਮਾਜ ਵਿੱਚ ਵਧੀਆ ਤੋਂ ਵਧੀਆ ਇਨਸਾਨ ਬਥੇਰੇ ਹਨ। ਖ਼ੈਰ, ਵਿਦਿਆਰਥਣਾਂ ਮੇਰੀ ਗੱਲ ਨੂੰ ਬੜੀ ਹੀ ਉਤਸੁਕਤਾ ਨਾਲ ਸੁਣ ਰਹੀਆਂ ਸਨ। ਪੇਂਡੂ ਖੇਤਰਾਂ ਦੀਆਂ ਹਜ਼ਾਰਾਂ ਲੱਖਾਂ ਕੁੜੀਆਂ ਵਿੱਚ ਕਾਬਲੀਅਤ ਤਾਂ ਬਥੇਰੀ ਹੁੰਦੀ ਹੈ, ਪਰ ਉਨ੍ਹਾਂ ਦਾ ਕੋਈ ਰਾਹ-ਦਸੇਰਾ ਨਹੀਂ ਹੁੰਦਾ। ਮੈਂ ਜਦੋਂ ਉਨ੍ਹਾਂ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਹਾਲਾਤ ਬਾਰੇ ਗੱਲ ਕਰਦੀ ਹਾਂ ਜਾਂ ਉਨ੍ਹਾਂ ਦੀਆਂ ਖ਼ਾਹਿਸ਼ਾਂ ਪੁੱਛਦੀ ਹਾਂ ਤਾਂ ਉਨ੍ਹਾਂ ਨੂੰ ਲੱਗਦਾ ਕਿ ਉਨ੍ਹਾਂ ਦਾ ਵੀ ਕੋਈ ਆਪਣਾ ਹੈ ਜੋ ਉਨ੍ਹਾਂ ਦੀ ਗੱਲ ਨੂੰ ਵਜ਼ਨ ਦਿੰਦਾ ਹੈ। ਮੈਂ ਉਨ੍ਹਾਂ ਨੂੰ ਅਕਸਰ ਆਖਦੀ ਹਾਂ, ‘‘ਬੱਚੀਓ, ਮੌਕਾ ਹੈ ਤੁਹਾਡੇ ਕੋਲ, ਸਾਂਭੋ, ਪੜ੍ਹੋ ਲਿਖੋ ਤੇ ਅੱਗੇ ਵਧੋ। ਜੇਕਰ ਤੁਸੀਂ ਵਧੀਆ ਕੰਮ ਕਰਦੇ ਹੋ ਤਾਂ ਬਿਨਾਂ ਸ਼ੱਕ ਪਰਿਵਾਰ, ਸਮਾਜ ਅਤੇ ਅਧਿਆਪਕ ਵੀ ਤੁਹਾਡਾ ਸਾਥ ਦਿੰਦੇ ਹਨ। ਜੇਕਰ ਤੁਸੀਂ ਹਨੇਰਿਆਂ ਨਾਲ ਲੜੋਗੇ ਤਾਂ ਤੁਸੀਂ ਭੁੱਖ-ਨੰਗ, ਗ਼ਰੀਬੀ ਤੇ ਤੰਗੀਆਂ-ਤੁਰਸ਼ੀਆਂ ਦੀ ਰਾਤ ਨੂੰ ਹਰਾ ਕੇ ਚਾਨਣ ਵੱਲ ਜ਼ਰੂਰ ਆਓਗੇ। ਹਜ਼ਾਰਾਂ ਹੀ ਅਜਿਹੀਆਂ ਉਦਾਹਰਨਾਂ ਹਨ ਜਿੱਥੇ ਬਹੁਤ ਸਾਰੀਆਂ ਕੁੜੀਆਂ ਨੇ ਵਧੀਆ ਕੰਮ ਕੀਤੇ ਹਨ ਤੇ ਉਨ੍ਹਾਂ ਦਾ ਸਮਾਜ ਵਿੱਚ ਉੱਚਾ ਰੁਤਬਾ ਤੇ ਉੱਚਾ ਨਾਮ ਹੈ।’’ ਮੈਂ ਬੋਲਣਾ ਜਾਰੀ ਰੱਖਿਆ, ‘‘ਪ੍ਰਤਿਭਾ ਤੁਹਾਡੀ ਆਪਣੀ ਹੈ, ਸਮਾਜ ਵਿੱਚ ਹਰ ਥਾਂ ਮਾੜੇ ਲੋਕ ਨਹੀਂ ਹੁੰਦੇ। ਕਈ ਲੋਕ ਤੁਹਾਨੂੰ ਅੱਗੇ ਵਧਾਉਣ ਲਈ ਤੁਹਾਡਾ ਸਾਥ ਵੀ ਦਿੰਦੇ ਹਨ। ਸੋ ਜ਼ਮਾਨੇ ਦੇ ਹਾਣ ਦੀਆਂ ਹੋਣ ਲਈ ਆਪਾਂ ਨੂੰ ਇਹ ਚੀਜ਼ਾਂ ਛੱਡਣੀਆਂ ਪੈਣੀਆਂ ਨੇ। ਆਪਣੇ ਮਾਪਿਆਂ ਅਤੇ ਪਰਿਵਾਰਾਂ ਨੂੰ ਇਹ ਭਰੋਸਾ ਦਿਵਾਉਣਾ ਪੈਣਾ ਹੈ ਕਿ ਅਸੀਂ ਸਹੀ ਕੰਮ ਕਰਕੇ ਤੁਹਾਡਾ ਨਾਮ ਚਮਕਾਵਾਂਗੇ। ਤੁਹਾਡੇ ਹੌਸਲੇ ਰੂਪੀ ਨਿਕਲ ਰਹੇ ਛੋਟੇ ਛੋਟੇ ਖੰਭ ਸਮਾਜ ਵਿੱਚ ਵੱਸਦੇ ਬਹੁਤ ਸਾਰੇ ਲੋਕਾਂ, ਅਧਿਆਪਕਾਂ ਅਤੇ ਦੋਸਤਾਂ ਮਿੱਤਰਾਂ ਦੀ ਮਦਦ ਨਾਲ ਹੀ ਤਾਂ ਉੱਡਣ ਜੋਗੇ ਹੋਣਗੇ। ਸੋ ਤੁਹਾਡੀ ਉਡਾਣ ਹਾਲੇ ਬਾਕੀ ਹੈ।
ਉਡਾਣ ਹਾਲੇ ਬਾਕੀ ਹੈ/ਡਾ. ਪ੍ਰਵੀਨ ਬੇਗਮ Read More »