November 12, 2024

ਗੋਇਲ ਪਰਿਵਾਰ ਨੇ ਪ੍ਰਾਇਮਰੀ ਸਕੂਲ ਮਾਨੀ ਸਿੰਘ ਵਾਲਾ ਦੇ 36 ਖਿਡਾਰੀਆਂ ਨੂੰ ਵੰਡੀਆਂ ਸਪੋਰਟਸ ਕਿੱਟਾਂ

ਫ਼ਰੀਦਕੋਟ, 12 ਨਵੰਬਰ – ਸਮਾਜ ਸੇਵਾ ਖੇਤਰ ’ਚ ਹਮੇਸ਼ਾ ਮੋਹਰੀ ਰਹਿ ਕਾਰਜ ਕਰਨ ਵਾਲੇ ਫ਼ਰੀਦਕੋਟ ਦੇ ਸਮਾਜ ਸੇਵੀ ਰਮੇਸ਼ ਗੋਇਲ, ਉਨ੍ਹਾਂ ਦੀ ਸੁਪਤਨੀ ਸਰੋਜ ਗੋਇਲ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਾਨੀ ਸਿੰਘ ਵਾਲਾ ਵਿਖੇ ਨੰਨੇ-ਮੁੰਨੇ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡਣ ਵਾਸਤੇ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਇਸ ਮੌਕੇ ਸ਼੍ਰੀ ਉਪੇਂਦਰ ਸ਼ਰਮਾ ਸਾਬਕਾ ਜ਼ੇਲ ਤੇ ਨਿਆਂ ਮੰਤਰੀ ਪੰਜਾਬ, ਰਾਜ ਸਿੰਘ ਸੰਧੂ ਮੀਤ ਪ੍ਰਧਾਨ ਦੀ ਗੁਰੂ ਨਾਨਕ ਕਾਲੋਨੀ ਫ਼ਰੀਦਕੋਟ, ਬਲਬੀਰ ਸਿੰਘ ਚਾਵਲਾ ਸਾਦਿਕ, ਰਮੇਸ਼ ਕੁਮਾਰ ਗੋਇਲ, ਸ਼੍ਰੀਮਤੀ ਸਰੋਜ ਦੇਵੀ ਗੋਇਲ ਉਚੇਚੇ ਤੌਰ ਤੇ ਸਮਾਗਮ ’ਚ ਸ਼ਾਮਲ ਹੋਏ। ਇਸ ਮੌਕੇ ਰਮੇਸ਼ ਗੋਇਲ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਆਪਣੇ ਮਾਤਾ-ਪਿਤਾ ਦੀ ਯਾਦ ’ਚ 36 ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਤੇ ਸਕੂਲ ਦੇ ਲੋੜਵੰਦ-ਹੁਸ਼ਿਆਰ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਜਾ ਰਹੀ ਹੈ। ਉਨ੍ਹਾਂ ਕਿਹਾ ਸਾਨੂੰ ਵਿੱਦਿਆ ਦੇ ਖੇਤਰ ’ਚ ਆਪਣੀ ਸਮਰੱਰਥਾ ਅਨੁਸਾਰ ਦਾਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਹੀ ਸਾਡਾ ਸਮਾਜ ਅਸਲ ’ਚ ਤਰੱਕੀ ਕਰ ਸਕਦਾ ਹੈ। ਇਸ ਮੌਕੇ ਸ਼੍ਰੀ ਉਪੇਂਦਰ ਸ਼ਰਮਾ ਸਾਬਕਾ ਜ਼ੇਲ ਤੇ ਨਿਆਂ ਮੰਤਰੀ ਪੰਜਾਬ ਨੇ ਆਪਣੇ ਵੱਲੋਂ 8 ਮਿਡ-ਡੇ-ਮੀਲ ਵਰਕਰਾਂ ਨੂੰ ਸੂਟ ਅਤੇ ਸਕੂਲ ਦੇ 125 ਦੇ ਕਰੀਬ ਬੱਚਿਆਂ ਨੂੰ ਭੂਜੀਆਂ-ਬਦਾਨਾ ਵੰਡਿਆ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ’ਚ ਸਫ਼ਲ ਇਨਸਾਨ ਬਣਨ ਵਾਸਤੇ ਸਖ਼ਤ ਮਿਹਨਤ ਕਰਨ ਵਾਸਤੇ ਉਤਸ਼ਾਹਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਵੱਧ ਤੋਂ ਸਤਿਕਾਰ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਅਧਿਆਪਕ ਆਗੂ ਸੁਖਵਿੰਦਰ ਸਿੰਘ ਸੁੱਖੀ ਨੇ ਗੋਇਲ ਪ੍ਰੀਵਾਰ ਅਤੇ ਸ਼੍ਰੀ ਉਪੇਂਦਰ ਸ਼ਰਮਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਭ ਨੂੰ ਸਕੂਲ ਪਹੁੰਚਣ ਤੇ ਜੀ ਆਇਆਂ ਨੂੰ ਆਖਿਆ। ਸਕੂਲ ਮੁਖੀ ਮਨਜੀਤ ਰਾਣੀ ਨੇ ਸਭ ਦਾ ਧੰਨਵਾਦ ਕੀਤਾ। ਇਸ ਮਹਿੰਦਰਪਾਲ, ਪਰਮਿੰਦਰ ਸਿੰਘ, ਵੀਰਪਾਲ ਕੌਰ, ਸੋਨੀਆ ਨਰੂਲਾ, ਪਿੰਦਰ ਕੌਰ, ਸੁਰਜੀਤ ਕੌਰ, ਸਰਕਾਰੀ ਮਿਡਲ ਸਕੂਲ ਮਾਨੀ ਸਿੰਘ ਵਾਲਾ ਦੇ ਗੁਰਸੇਵਕ ਸਿੰਘ, ਪਰਮਿੰਦਰ ਸਿੰਘ, ਰਮਨਪ੍ਰੀਤ ਕੌਰ, ਮਨਵਿੰਦਰ ਸਿੰਘ, ਪਿੰਕੀ ਰਾਣੀ ਹਾਜ਼ਰ ਸਨ।

ਗੋਇਲ ਪਰਿਵਾਰ ਨੇ ਪ੍ਰਾਇਮਰੀ ਸਕੂਲ ਮਾਨੀ ਸਿੰਘ ਵਾਲਾ ਦੇ 36 ਖਿਡਾਰੀਆਂ ਨੂੰ ਵੰਡੀਆਂ ਸਪੋਰਟਸ ਕਿੱਟਾਂ Read More »

ਡਾ. ਗੁਰਵਿੰਦਰ ਸਿੰਘ ਜੰਮੂ (ਜੰਮੂ ਹਸਪਤਾਲ) ਜਲੰਧਰ ਵਾਲਿਆਂ ਨੇ ਖੋਜ ਪੱਤਰ ਪੜਿ੍ਹਆ

*ਕਾਬਲੀਅਤ: ਇੰਡੀਅਨ ਡਾਕਟਰ-ਜਰਮਨੀ ’ਚ ਲੈਕਚਰ *14ਵੀਂ ਫਰੈਂਕਫਰਟਰ ਮੀਟਿੰਗ ਵਿਚ ਕੀਤਾ ਗਿਆ ਸਨਮਾਨਿਤ ਔਕਲੈਂਡ, 11 ਨਵੰਬਰ 2024, (ਹਰਜਿੰਦਰ ਸਿੰਘ ਬਸਿਆਲਾ) – ‘ਫਰੈਂਕਫਰਟਰ ਬੈਰਿਆਟ੍ਰਿਕ ਸਰਜਰੀ ਕਾਂਗਰਸ: ਗਿਆਨ ਅਤੇ ਸਬੰਧ’ ਦੇ ਵਿਚ ਇਕ ਅੰਤਰਰਾਸ਼ਟਰੀ ਮੀਟਿੰਗ ਬੀਤੇ ਦਿਨੀਂ ਜਰਮਨੀ ਵਿਖੇ ਹੋਈ। ਇਹ ਬੈਰਿਆਟ੍ਰਿਕ ਸਰਜਰੀ ਕਾਂਗਰਸ ਦੇ ਰੂਪ ਵਿੱਚ ਮਸ਼ਹੂਰ ਹੈ। ਇਹ ਸਮਾਗਮ ਡਾ. ਰੁਡੋਲਫ ਵੀਨਰ ਅਤੇ ਡਾ. ਸਿਲਵੀਆ ਵੀਨਰ ਵੱਲੋਂ ਆਯੋਜਿਤ ਕੀਤਾ ਗਿਆ ਸੀ, ਅਤੇ ਇਸ ਵਿੱਚ ਦੁਨੀਆ ਭਰ ਦੇ 500 ਤੋਂ ਵੱਧ ਪ੍ਰਤਿਨਿਧੀਆਂ ਨੇ ਹਿੱਸਾ ਲਿਆ। ਇੰਡੀਆ ਖਾਸ ਕਰ ਜਲੰਧਰ ਵਾਲਿਆਂ ਨੂੰ ਇਸ ਗੱਲ ਦਾ ਮਾਣ ਹੋਏਗਾ ਕਿ ‘ਜੰਮੂ ਹਸਪਤਾਲ’ ਕਪੂਰਥਲਾ ਰੋਡ, ਜਲੰਧਰ ਦੇ ਮੁਖੀ ਡਾ. ਗੁਰਵਿੰਦਰ ਸਿੰਘ ਜੰਮੂ (ਐਮ. ਐਸ.) ਇਸ ਤਿੰਨ ਦਿਨਾਂ ਮੀਟਿੰਗ ਦਾ ਹਿੱਸਾ ਬਣੇ। ਡਾ. ਗੁਰਵਿੰਦਰ ਸਿੰਘ ਜੰਮੂ, ਜੋ ਕਿ ਫੈਕਲਟੀ ਮੈਂਬਰ ਵਜੋਂ ਸਨਮਾਨਿਤ ਸਨ, ਨੂੰ ਇਸ ਕਾਂਗਰਸ ਵਿੱਚ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ। ਡਾ. ਗੁਰਵਿੰਦਰ ਸਿੰਘ ਜੰਮੂ ਨੇ ਦੋ ਮਹੱਤਵਪੂਰਣ ਖੋਜ ਲੈਕਚਰ ਪੇਸ਼ ਕੀਤੇ। ਪਹਿਲੇ ਲੈਕਚਰ ਵਿੱਚ, ਉਹਨਾਂ ਨੇ ਬੈਰਿਆਟ੍ਰਿਕ ਸਰਜਰੀ ਵਿੱਚ ਢੁਕਵੇਂ ਪ੍ਰਬੰਧਨ ਦੀਅੰ ਰਣਨੀਤੀਆਂ ਦੇ ਮੱਦੇਨਜ਼ਰ ਤਤਕਾਲ ਪੈਰੀ-ਆਪਰੇਟਿਵ ਮੈਮੋਰੀ ਅਤੇ ਪੋਸਟ-ਓਪਰੇਟਿਵ ਗੁੰਝਲਾਂ ਬਾਰੇ ਗੱਲ ਕੀਤੀ। ਦੂਜੇ ਲੈਕਚਰ ਵਿੱਚ, ਉਹਨਾਂ ਨੇ ਫੇਲ ਹੋਏ ਲੈਪਾਰੋਸਕੋਪਿਕ ਸਲੀਵ ਗੈਸਟਰੈਕਟਮੀ ਨੂੰ ਮਿਨੀ ਗੈਸਟ੍ਰਿਕ ਬਾਈਪਾਸ/ਓ ਏ ਜੀ ਬੀ ਵਿੱਚ ਬਦਲਣ ਦੇ ਕਾਰਨਾਂ ਅਤੇ ਸਫਲ ਨਤੀਜੇ ਪ੍ਰਾਪਤ ਕਰਨ ਦੇ ਤਰੀਕਿਆਂ ਤੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਲੈਕਚਰਾਂ ਤੋਂ ਇਲਾਵਾ, ਦੁਨੀਆ ਭਰ ਦੇ ਸਹਿਯੋਗੀਆਂ ਅਤੇ ਦੋਸਤਾਂ ਨਾਲ ਉਨ੍ਹਾਂ ਦਾ ਮਿਲਣਾ, ਗਿਆਨ ਦੀ ਸਾਂਝ ਪੈਦਾ ਕਰਨਾ ਅਤੇ ਬੈਰਿਆਟ੍ਰਿਕ ਸਰਜਰੀ ਦੇ ਪ੍ਰਮੁੱਖ ਮਾਹਿਰਾਂ ਦੇ ਨਾਲ ਸੰਬੰਧ ਮਜ਼ਬੂਤ ਕਰਨ ਦਾ ਮੌਕਾ ਬਹੁਤ ਵਧੀਆ ਸੀ। ਡਾ. ਗੁਰਵਿੰਦਰ ਸਿੰਘ ਨੇ ਆਪਣੇ ਹੋਸਟਾਂ ਡਾ. ਰੁਡੋਲਫ ਵੀਨਰ ਅਤੇ ਡਾ. ਸਿਲਵੀਆ ਵੀਨਰ ਦੇ ਗਰਮਜੋਸ਼ੀ ਭਰੀ ਮਹਿਮਾਨ ਨਿਵਾਜ਼ੀ, ਸਤਿਕਾਰ ਅਤੇ ਕੁਝ ਹੋਰ ਸਿੱਖਣ ਦੇ ਅਨੁਭਵ ਲਈ ਧੰਨਵਾਦ ਕੀਤਾ। ਡਾ. ਜੰਮੂ ਦੇ ਜਰਮਨੀ ਜਾ ਕੇ ਖੋਜ ਪੱਤਰ ਪੇਸ਼ ਕਰਨਾ ਭਾਰਤੀ ਡਾਕਟਰਾਂ ਦੀ ਕਾਬਲੀਅਤ ਨੂੰ ਦਰਸਾਉਂਦਾ ਹੈ ਅਤੇ ਜਲੰਧਰ ਸ਼ਹਿਰ  ਨੂੰ ਡਾ. ਗੁਰਵਿੰਦਰ ਸਿੰਘ ਜੰਮੂ ਹੋਰਾਂ ’ਤੇ ਮਾਣ ਹੋਵੇਗਾ।

ਡਾ. ਗੁਰਵਿੰਦਰ ਸਿੰਘ ਜੰਮੂ (ਜੰਮੂ ਹਸਪਤਾਲ) ਜਲੰਧਰ ਵਾਲਿਆਂ ਨੇ ਖੋਜ ਪੱਤਰ ਪੜਿ੍ਹਆ Read More »