June 14, 2024

ਪਾਕਿਸਤਾਨੀ ਕੋਰਟ ਨੇ ਦਫ਼ਾ 144 ਦੀ ਉਲੰਘਣਾ ਤੇ ਭੰਨਤੋੜ ਨਾਲ ਜੁੜੇ ਕੇਸ ਵਿਚ ਇਮਰਾਨ ਖਾਨ, ਕੁਰੈਸ਼ੀ ਤੇ ਸ਼ੇਖ਼ ਰਾਸ਼ਿਦ ਨੂੰ ਕੀਤਾ ਬਰੀ

ਪਾਕਿਸਤਾਨੀ ਕੋਰਟ ਨੇ ਦਫ਼ਾ 144 ਦੀ ਉਲੰਘਣਾ ਤੇ ਭੰਨਤੋੜ ਨਾਲ ਜੁੜੇ ਕੇਸ ਵਿਚ ਮੁਲਕ ਦੇ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ, ਉਨ੍ਹਾਂ ਦੇ ਸਾਥੀ ਸ਼ੇਖ਼ ਮਹਿਮੂਦ ਕੁਰੈਸ਼ੀ ਤੇ ਸਾਬਕਾ ਮੰਤਰੀ ਸ਼ੇਖ ਰਾਸ਼ਿਦ ਨੂੰ ਬਰੀ ਕਰ ਦਿੱਤਾ ਹੈ। ਇਹ ਕੇਸ ਦੋ ਸਾਲ ਪਹਿਲਾਂ ਇਸਲਾਮਾਬਾਦ ਦੇ ਆਈ-9 ਪੁਲੀਸ ਥਾਣੇ ਵਿਚ ਦਰਜ ਕੀਤਾ ਗਿਆ ਸੀ। ਜੁਡੀਸ਼ਲ ਮੈਜਿਸਟਰੇਟ ਮਲਿਕ ਮੁਹੰਮਦ ਇਮਰਾਨ ਨੇ ਫੈਸਲਾ ਸੁਣਾਉਂਦਿਆਂ ਉਪਰੋਕਤ ਤਿੰਨ ਸੀਨੀਅਰ ਆਗੂਆਂ ਤੋਂ ਇਲਾਵਾ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਹੋਰ ਆਗੂਆਂ ਸਦਾਕਤ ਅੱਬਾਸੀ ਤੇ ਅਲੀ ਨਵਾਜ਼ ਅਵਾਨ ਨੂੰ ਵੀ ਬਰੀ ਕਰਨ ਦੇ ਹੁਕਮ ਦਿੱਤੇ। ਇਹ ਫੈਸਲਾ ਸਾਬਕਾ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਸਾਥੀਆਂ ਲਈ ਵੱਡੀ ਰਾਹਤ ਹੈ, ਕਿਉਂਕਿ ਇਹ ਤਿੰਨੋਂ ਵੱਖ ਵੱਖ ਕੇਸਾਂ ਤਹਿਤ ਪਹਿਲਾਂ ਹੀ ਜੇਲ੍ਹ ਵਿਚ ਸਜ਼ਾਵਾਂ ਕੱਟ ਰਹੇ ਹਨ।

ਪਾਕਿਸਤਾਨੀ ਕੋਰਟ ਨੇ ਦਫ਼ਾ 144 ਦੀ ਉਲੰਘਣਾ ਤੇ ਭੰਨਤੋੜ ਨਾਲ ਜੁੜੇ ਕੇਸ ਵਿਚ ਇਮਰਾਨ ਖਾਨ, ਕੁਰੈਸ਼ੀ ਤੇ ਸ਼ੇਖ਼ ਰਾਸ਼ਿਦ ਨੂੰ ਕੀਤਾ ਬਰੀ Read More »

ਕੁਵੈਤ ਅਗਨੀ ਕਾਂਡ ’ਚ ਮਾਰੇ ਭਾਰਤੀਆਂ ਦੀਆਂ ਲਾਸ਼ਾਂ ਲੈ ਕੇ ਜਹਾਜ਼ ਕੋਚੀ ਪੁੱਜਿਆ

ਕੁਵੈਤ ਵਿਚ ਦੋ ਦਿਨ ਪਹਿਲਾਂ ਅੱਗ ਲੱਗਣ ਕਾਰਨ ਮਾਰੇ ਗਏ 45 ਭਾਰਤੀਆਂ ਦੀਆਂ ਲਾਸ਼ਾਂ ਨੂੰ ਲੈ ਕੇ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਅੱਜ ਸਵੇਰੇ ਇਥੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ। ਭਾਰਤੀ ਹਵਾਈ ਫ਼ੌਜ ਦੇ ਸੀ-130ਜੇ ਟਰਾਂਸਪੋਰਟ ਜਹਾਜ਼ ਰਾਹੀਂ 31 ਭਾਰਤੀਆਂ ਦੀਆਂ ਦੇਹਾਂ ਇੱਥੇ ਉਤਾਰੀਆਂ ਗਈਆਂ। ਦੇਹਾਂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਲਿਜਾਇਆ ਜਾਵੇਗਾ। ਕੋਚੀ ਤੋਂ ਇਹ ਜਹਾਜ਼ ਦਿੱਲੀ ਲਈ ਉਡਾਣ ਭਰੇਗਾ ਕਿਉਂਕਿ ਕੁਵੈਤ ਦੀ ਅੱਗ ਵਿੱਚ ਮਾਰੇ ਗਏ ਕੁਝ ਭਾਰਤੀਆਂ ਦੇ ਉੱਤਰੀ ਅਤੇ ਉੱਤਰ-ਪੂਰਬੀ ਰਾਜਾਂ ਦੇ ਵੀ ਹਨ। ਕੁਵੈਤ ਸਥਿਤ ਭਾਰਤੀ ਦੂਤਘਰ ਅਨੁਸਾਰ ਅੱਗ ਦੀ ਘਟਨਾ ਵਿੱਚ ਮਾਰੇ ਗਏ 45 ਭਾਰਤੀਆਂ ਵਿੱਚੋਂ 23 ਕੇਰਲ ਦੇ, ਸੱਤ ਤਾਮਿਲਨਾਡੂ, ਤਿੰਨ ਆਂਧਰਾ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ, ਦੋ ਉੜੀਸਾ ਅਤੇ ਬਿਹਾਰ, ਪੰਜਾਬ, ਕਰਨਾਟਕ, ਮਹਾਰਾਸ਼ਟਰ, ਪੱਛਮੀ ਬੰਗਾਲ, ਝਾਰਖੰਡ ਅਤੇ ਹਰਿਆਣਾ ਤੋਂ ਇੱਕ-ਇੱਕ ਨਾਗਰਿਕ ਹੈ। ਦੂਤਘਰ ਨੇ ਕਿਹਾ ਕਿ ਲਾਸ਼ਾਂ ਕੋਚੀ ਅਤੇ ਦਿੱਲੀ ਵਿੱਚ ਰਾਜ ਸਰਕਾਰਾਂ ਦੇ ਸਬੰਧਤ ਨੁਮਾਇੰਦਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

ਕੁਵੈਤ ਅਗਨੀ ਕਾਂਡ ’ਚ ਮਾਰੇ ਭਾਰਤੀਆਂ ਦੀਆਂ ਲਾਸ਼ਾਂ ਲੈ ਕੇ ਜਹਾਜ਼ ਕੋਚੀ ਪੁੱਜਿਆ Read More »

ਅੰਨ੍ਹੀ ਗਲੀ ’ਚੋਂ ਨਿਕਲਣ ਲਈ ਪ੍ਰੇਰਨਾ ਦਿੰਦੀ ਪੁਸਤਕ/ਅਵਤਾਰ ਸਿੰਘ ਬਿਲਿੰਗ

ਅਜੋਕਾ ਸੰਸਾਰ ਜਾਗੀਰਦਾਰੀ ਸਿਸਟਮ ਤੋਂ ਕਾਰਪੋਰੇਟੀ ਦੈਂਤ ਦੀ ਜਕੜ ਵਿੱਚ ਕਿਵੇਂ ਆਇਆ? ਇਸ ਪ੍ਰਸ਼ਨ ਨੂੰ ਮੁੱਢ ਤੋਂ ਸਮਝਣ ਦਾ ਸਾਰਥਕ ਤੇ ਵਿਲੱਖਣ ਯਤਨ ਹੈ ਡਾਕਟਰ ਜਸਪਾਲ ਸਿੰਘ ਦੀ ਪੁਸਤਕ ‘ਅਜੋਕੇ ਸੰਸਾਰ ਦੀ ਸਿਰਜਣਾ: ਚਿੰਤਕ ਤੇ ਚਿੰਤਨ ਧਾਰਾ’ (ਯੂਨੀਸਟਾਰ ਬੁੱਕਸ, ਮੁਹਾਲੀ)। ਆਧੁਨਿਕ ਚਿੰਤਨ ਨਾਲ ਸੰਬੰਧਿਤ ਇਸ ਪੁਸਤਕ ਵਿੱਚ ਸੀਮੀਓਟਿਕਸ ਜਾਂ ਚਿੰਨ੍ਹ ਤੇ ਚਿਹਨ ਵਿਗਿਆਨ ਵੀ ਸ਼ਾਮਲ ਹੈ। ਲੇਖਕ ਤੇ ਅੰਗਰੇਜ਼ੀ ਸਾਹਿਤ ਆਲੋਚਨਾ ਨੂੰ ਪਰਨਾਏ ਡਾਕਟਰ ਜਸਪਾਲ ਸਿੰਘ ਅਨੁਸਾਰ, ‘‘ਅਜੋਕਾ ਸੰਸਾਰ ਪੰਦਰਵੀਂ ਤੇ ਸੋਲ੍ਹਵੀਂ ਸਦੀ ਦੇ ਯੂਰਪ ਵਿੱਚ ਜੋ ਤਬਦੀਲੀਆਂ ਆਈਆਂ, ਉਹ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਉਨ੍ਹਾਂ ਤਬਦੀਲੀਆਂ ਦਾ ਨਤੀਜਾ ਹੈ। ਅੱਜ ਦੇ ਸੰਸਾਰ ਦੇ ਸਾਰੇ ਦੇਸਾਂ ਵਿੱਚ ਜਿੰਨੀਆਂ ਵੀ ਸਮਾਜਿਕ ਆਰਥਿਕ ਤੇ ਸਿਆਸੀ ਸੰਸਥਾਵਾਂ ਹਨ, ਉਨ੍ਹਾਂ ਸਾਰੀਆਂ ਉੱਤੇ ਯੂਰਪੀ ਪ੍ਰਭਾਵ ਪ੍ਰਤੱਖ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਸਤਾਰ੍ਹਵੀਂ ਤੇ ਅਠਾਰ੍ਹਵੀਂ ਸਦੀ ਦੀ ਯੂਰਪ ਤੋਂ ਉੱਠੀ ਪ੍ਰਸਾਰਵਾਦੀ ਲਹਿਰ ਨੇ ਸਾਰੇ ਸੰਸਾਰ ਨੂੰ ਬਸਤੀਵਾਦੀ ਜਕੜ ਵਿੱਚ ਲੈ ਲਿਆ ਜਿਸ ਕਾਰਨ ਅਜੋਕਾ ਸਿਸਟਮ ਹੋਂਦ ਵਿੱਚ ਆਇਆ। ਸਪਸ਼ਟ ਸ਼ਬਦਾਂ ਵਿਚ ਅੱਜ ਦਾ ਇਲੈਕਸ਼ਨ, ਪਾਰਲੀਮੈਂਟ, ਅਫਸਰਸ਼ਾਹੀ, ਨਿਆਂ ਪ੍ਰਣਾਲੀ, ਸਿੱਖਿਆ, ਸਾਇੰਸ ਤਕਨਾਲੋਜੀ, ਸਿਹਤ ਪ੍ਰਣਾਲੀ, ਵਪਾਰ, ਰਾਸ਼ਟਰਵਾਦ, ਪਹਿਰਾਵਾ ਫੈਸ਼ਨ ਤੇ ਖਾਧ ਖੁਰਾਕ, ਸਮੁੱਚਾ ਸੰਚਾਰ ਤੇ ਆਵਾਜਾਈ ਸਿਸਟਮ, ਸ਼ਹਿਰੀਕਰਨ ਤੇ ਸਨਅਤੀਕਰਨ, ਖੇਤੀ ਅਤੇ ਆਧੁਨਿਕ ਬਣਾਉਟੀ ਲਿਆਕਤ ਜਾਂ ਆਰਟੀਫਿਸ਼ੀਅਲ ਇਨਟੈਲੀਜੈਂਸ ਤੱਕ ਕੋਈ ਵੀ ਖੇਤਰ ਯੂਰਪੀ ਪ੍ਰਭਾਵ ਤੋਂ ਅਭਿੱਜ ਨਹੀਂ। ਇਹ ਪੁਸਤਕ ਕਿੰਨੇ ਹੀ ਪ੍ਰਸ਼ਨ ਸਮਾਜ ਵਿਗਿਆਨੀਆਂ ਤੇ ਚਿੰਤਕਾਂ ਅੱਗੇ ਖੜ੍ਹੇ ਕਰਦੀ ਤੇ ਉਨ੍ਹਾਂ ਦੇ ਜਵਾਬ ਦਿੰਦੀ ਹੈ। ਮਿਸਾਲ ਵਜੋਂ: ਭਿੰਨ ਭਿੰਨ ਸਿਆਸੀ ਤੇ ਸਮਾਜਿਕ ਪ੍ਰਬੰਧਾਂ ਦੇ ਸਨਮੁੱਖ ਲੇਖਕਾਂ, ਬੁੱਧੀਜੀਵੀਆਂ, ਫਿਲਾਸਫ਼ਰਾਂ, ਅਰਥ ਸ਼ਾਸਤਰੀਆਂ, ਵਿਗਿਆਨੀਆਂ, ਕਾਨੂੰਨਘਾੜਿਆਂ, ਕਲਾਕਾਰਾਂ ਦਾ ਨਜ਼ਰੀਆ ਕਿਹੋ ਜਿਹਾ ਹੋਵੇ? ਡਾਕਟਰ ਜਸਪਾਲ ਸਿੰਘ ਅਨੁਸਾਰ, ਇਹ ਸਾਰੇ ਮਾਨਵ ਜਾਤੀ ਦੇ ਗੌਰਵ ਤੇ ਕੁਦਰਤ ਪ੍ਰਤੀ ਬ੍ਰਹਿਮੰਡੀ, ਉਦਾਰਵਾਦੀ, ਜਮਹੂਰੀ ਤੇ ਮਾਨਵਵਾਦੀ ਦ੍ਰਿਸ਼ਟੀ ਅਪਣਾ ਕੇ ਰੱਖਣ ਤੇ ਉਸ ਉੱਤੇ ਆਪਣੀ ਜ਼ਮੀਰ ਨਾਲ ਪਹਿਰਾ ਦੇਣ। ਇਨ੍ਹਾਂ ਸਾਰਿਆਂ ਦੀ ਪਹਿਲੀ ਨੈਤਿਕ ਪ੍ਰਤੀਬੱਧਤਾ ਜੀਵਨ, ਕੁਦਰਤ ਤੇ ਵਾਤਾਵਰਨ ਪ੍ਰਤੀ ਹੈ। ਮਾਨਵ ਜਾਤੀ ਦੀ ਸਭਿਆਚਾਰਕ ਵਿਰਾਸਤ ਦੀ ਸੰਭਾਲ, ਜਮਹੂਰੀਅਤ, ਸਮਾਜਿਕ ਨਿਆਂ, ਵਿਸ਼ਵ ਸਾਹਿਤ ਤੇ ਇਤਿਹਾਸ, ਵਿਸ਼ਵ ਸ਼ਾਂਤੀ, ਅਵਾਮ ’ਚ ਆਪਸੀ ਭਾਈਚਾਰਕ ਸਹਿਹੋਂਦ, ਨਸਲਾਂ, ਧਰਮਾਂ, ਵਰਗਾਂ, ਜਾਤੀਆਂ ’ਚ ਬਰਾਬਰੀ ਅਤੇ ਸਮੇਂ ਦੇ ਨੈਤਿਕ ਅਸੂਲਾਂ ਤੇ ਸਭਿਅਕ ਕਦਰਾਂ ਕੀਮਤਾਂ ਅਤੇ ਮਾਨਵ ਜਾਤੀ ਦੇ ਉੱਜਲ ਭਵਿੱਖ ਪ੍ਰਤੀ ਵੀ ਲੇਖਕਾਂ ਆਲੋਚਕਾਂ ਤੇ ਬੁੱਧੀਜੀਵੀਆਂ ਦੀ ਪੂਰੀ ਜ਼ਿੰਮੇਵਾਰੀ ਬਣਦੀ ਹੈ। ਲੇਖਕ ਆਪਣੀ ਉਪਜੀਵਕਾ ਕਿਵੇਂ ਕਮਾਉਂਦਾ ਹੈ? ਬੁੱਧੀਜੀਵੀਆਂ ਦੇ ਬੌਧਿਕ ਉਤਪਾਦ ਦੀ ਸਮਾਜ ਕਿਵੇਂ ਵਰਤੋਂ ਕਰਦਾ ਹੈ? ਆਦਿ ਅਨੇਕ ਪ੍ਰਸ਼ਨਾਂ ਦਾ ਨਿਵਾਰਨ ਵੀ ਇਸ ਪੁਸਤਕ ਵਿੱਚ ਕੀਤਾ ਮਿਲਦਾ ਹੈ। ਚਿੰਨ੍ਹਾਂ, ਚਿਹਨਾਂ ਦੇ ਵਚਿੱਤਰ ਸੰਸਾਰ ਬਾਰੇ ਚਿਹਨ ਵਿਗਿਆਨ ਤੇ ਇਸ ਦੇ ਮਹੱਤਵ ਨੂੰ ਸਰਲ ਢੰਗ ਨਾਲ ਵਿਸਤਾਰ ਸਹਿਤ ਸਮਝਾਇਆ ਗਿਆ ਹੈ। ਇਸ ਵਿਸ਼ੇ ਉੱਤੇ ਡਾਕਟਰ ਜਸਪਾਲ ਸਿੰਘ ਦਾ ਵਿਸ਼ੇਸ਼ ਅਧਿਐਨ ਤੇ ਮੁਹਾਰਤ ਹੈ। ‘ਕਾਰਲ ਮਾਰਕਸ: ਵਿਰਸਾ ਤੇ ਬੌਧਿਕ ਸਫ਼ਰ’ ਨਾਂ ਦਾ ਅਧਿਆਇ ਮਾਰਕਸਵਾਦ ਦੇ ਚਿੰਤਕਾਂ ਦੇ ਫਲਸਫ਼ੇ ਤੇ ਇਸ ਦੇ ਮਹੱਤਵ ਨੂੰ ਬੜੇ ਵਿਸਤਾਰ ਵਿੱਚ ਪੇਸ਼ ਕਰਦਾ ਹੈ। ‘‘ਇਹ ਇੱਕ ਸਾਧਾਰਨ ਜਿਹੀ ਹਕੀਕਤ ਕਿ ਮਨੁੱਖ ਜਾਤੀ ਨੂੰ ਰਾਜਨੀਤੀ, ਸਾਇੰਸ, ਕਲਾ ਤੇ ਧਰਮ ਆਦਿ ਤੋਂ ਪਹਿਲਾਂ ਰੋਟੀ, ਕੱਪੜਾ ਤੇ ਮਕਾਨ ਚਾਹੀਦਾ ਹੈ, ਹੁਣ ਤੱਕ ਵਿਚਾਰਧਾਰਾ ਦੇ ਪਰਦੇ ਪਿੱਛੇ ਛੁਪੀ ਰਹੀ।’’ ਇਸ ਸੰਬੰਧੀ ਐਡਮ ਸਮਿੱਥ, ਰਿਕਾਰਡੋ, ਸੰਰਚਨਾਵਾਦ ਦੇ ਪਿਤਾਮਾ ਕਲੋਦ ਲੇਵੀ-ਸਤਰੋਸ ਦਾ ਸੰਰਚਨਾਵਾਦ ਤੇ ਯਾਂ ਪਾਲ ਸਾਰਤਰ ਦਾ ‘ਵਿਰੋਧ ਤੇ ਵਿਕਾਸ’ ਸਿਧਾਂਤ ਵੀ ਦ੍ਰਿਸ਼ਟੀਗੋਚਰ ਹੁੰਦੇ ਹਨ। ਸਾਰਤਰ ਵੱਲੋਂ ਪ੍ਰਗਟਾਏ ਕੁਝ ਵਿਚਾਰ ਇੱਥੇ ਸੰਖੇਪ ਵਿੱਚ ਹਾਜ਼ਰ ਹਨ: ਹੇਗਲੀ ਮਾਰਕਸਵਾਦੀ ਸਾਰਤਰ ਅਨੁਸਾਰ, ਵਿਰੋਧ-ਵਿਕਾਸ (ਡਾਇਆਲੈਕਟਿਕਸ) ਦਾ ਅਮਲ ਕੇਵਲ ਇਤਿਹਾਸਕ ਸਮਾਜਾਂ ਤੇ ਸਭਿਅਤਾਵਾਂ ਉੱਤੇ ਹੀ ਲਾਗੂ ਹੁੰਦਾ ਹੈ। ਪੁਰਾਤਨ ਜਨ ਸਮੂਹਾਂ ਜਾਂ ਕਬੀਲਿਆਂ ਵਿੱਚ ਭਾਵੇਂ ਚੀਜ਼ਾਂ ਵਸਤਾਂ, ਸਬੰਧਾਂ, ਸੰਰਚਨਾਵਾਂ ਵਿੱਚ ਵਿਰੋਧਤਾਵਾਂ ਤੇ ਦਵੰਦਾਤਮਕ ਵਖਰੇਵੇਂ ਜ਼ਰੂਰ ਹੁੰਦੇ ਹਨ, ਪਰ ਅਜਿਹਾ ਆਪਸੀ ਟਕਰਾਓ ਕਿਸੇ ਨਵੀਂ ਸੰਰਚਨਾ ਨੂੰ ਜਨਮ ਨਹੀਂ ਦਿੰਦਾ ਕਿਉਂਕਿ ਅਜਿਹੀਆਂ ਵਿਰੋਧਤਾਈਆਂ ਉੱਥੇ ਹੀ ਨਿਪਟਾਈਆਂ ਜਾਂਦੀਆਂ ਹਨ। … ਕਿਸੇ ਸਮਾਜ ਦੁਆਰਾ ਪੈਦਾ ਕੀਤਾ ਫਾਲਤੂ ਉਤਪਾਦਨ ਜਾਂ ਸਰਪਲਸ ਉਸ ਸਮਾਜ ਦੇ ਵਿਕਾਸ ਤੇ ਇਤਿਹਾਸਕ ਪ੍ਰਕਿਰਿਆ ਦਾ ਮੂਲ ਹੈ। ਇਸ ਵਾਧੂ ਉਤਪਾਦਨ ਨੂੰ ਕੌਣ ਹੜੱਪਦਾ ਹੈ? ਇਹੀ ਅਸਲ ਕਾਰਨ ਹੈ ਜਿਸ ਨਾਲ ਸਮਾਜ ਵਿੱਚ ਜਮਾਤੀ ਸੰਘਰਸ਼ ਸ਼ੁਰੂ ਹੁੰਦਾ ਹੈ। ਪੁਰਾਤਨ ਸਮਾਜਾਂ ਵਿੱਚ ਸਰਪਲਸ ਉਤਪਾਦਨ ਪੈਦਾ ਹੀ ਨਹੀਂ ਹੁੰਦਾ ਸੀ ਜਾਂ ਉਨ੍ਹਾਂ ਦੇ ਸਾਰੇ ਮੈਂਬਰਾਂ ਵਿਚਕਾਰ ਸੁਲ੍ਹਾ-ਸਫ਼ਾਈ ਨਾਲ ਵੰਡ ਲਿਆ ਜਾਂਦਾ ਸੀ। … ਆਪਣੇ ਗੁਜ਼ਾਰੇ ਤੋਂ ਵੱਧ ਸਾਧਨ ਪੈਦਾ ਕਰਨ ਨਾਲ ਹੀ ਬੰਦਾ ਲਾਹੇਵੰਦ ‘ਆਰਥਿਕ ਇਕਾਈ’ ਬਣਦਾ ਹੈ। … ਸਮਾਜ ਵਿੱਚ ਮਾਲਕ ਤੇ ਅਧੀਨਗੀ ਦੇ ਰਿਸ਼ਤੇ ਇਸ ਵਾਧੂ ਉਤਪਾਦਨ ਨਾਲ ਪੈਦਾ ਹੁੰਦੇ ਹਨ। ਇਹ ਦਵੰਦ ਹੀ ਜਮਾਤੀ ਸੰਘਰਸ਼ ਦੀ ਮੋਟਿਵ ਫੋਰਸ ਹੈ। ਖ਼ੁਸ਼ੀਆਂ ਖੇੜਿਆਂ ਦੇ ਸਮੇਂ ਮਨੁੱਖੀ ਵਿਕਾਸ ਦੇ ਇਤਿਹਾਸ ਵਿੱਚ ਲੋਕ ਸੰਘਰਸ਼ ਪੱਖ ਤੋਂ ਖ਼ਾਲੀ ਪੰਨੇ ਹਨ ਕਿਉਂਕਿ ਅਜਿਹੇ ਸਮੇਂ ਦੌਰਾਨ ਸਮਾਜ ਵਿੱਚ ਸੁਲ੍ਹਾ-ਸਫ਼ਾਈ, ਤਾਲਮੇਲ ਤੇ ਅਮਨ ਬਰਕਰਾਰ ਰਹਿੰਦਾ ਹੈ। … ਹੇਗਲ ਲਈ ਸੰਘਰਸ਼ ਹੀ ਵਿਕਾਸ ਦਾ ਨਿਯਮ ਹੈ ਅਤੇ ਕੋਈ ਵੀ ਵਿਅਕਤੀ ਆਪਣੇ ਨਿਸ਼ਾਨਿਆਂ, ਮਜਬੂਰੀਆਂ, ਜ਼ਿੰਮੇਵਾਰੀਆਂ ਤੇ ਕਸ਼ਟਾਂ ਵਿੱਚੋਂ ਗੁਜ਼ਰ ਕੇ ਹੀ ਆਪਣਾ ਪੂਰਾ ਕੱਦ ਅਖ਼ਤਿਆਰ ਕਰ ਸਕਦਾ ਹੈ। ਮਾਨਵ ਜਾਤੀ ਦਾ ਸਾਰੇ ਵਿਸ਼ਵ ਵਿੱਚ ਸੋਚਣ ਦਾ ਢੰਗ ਇੱਕੋ ਜਿਹਾ ਤੇ ਮਨੋਬਿਰਤੀਆਂ ਵੀ ਇੱਕ ਸਮਾਨ ਹਨ। ‘ਕ੍ਰਿਸਟੋਫਰ ਕੌਡਵੈੱਲ ਤੇ ਸੂਰਮੇ ਦੀ ਸਿਰਜਣਾ’ ਨਾਮਕ ਅਧਿਆਇ ਵੀ ਅਜਿਹੀਆਂ ਸੱਚਾਈਆਂ ਨਾਲ ਭਰਪੂਰ ਹੈ: ਨਾਇਕ ਜਾਂ ਹੀਰੋ ਬੇਚੈਨ ਸਮਿਆਂ ਦੀ ਪੈਦਾਇਸ਼ ਹੁੰਦਾ ਹੈ। ਨਾਇਕਤਾ ਬੰਦੇ ਦੀ ਸ਼ਖ਼ਸੀਅਤ ਦਾ ਹਿੱਸਾ ਨਹੀਂ ਹੁੰਦੀ। ਬੜੀ ਆਮ ਜਿਹੀ ਸ਼ਖ਼ਸੀਅਤ ਵਾਲੇ ਬੰਦੇ ਮਸ਼ਹੂਰ ਨਾਇਕ ਹੋ ਗੁਜ਼ਰੇ ਹਨ। … ਹਾਲਾਤ ਕਾਫ਼ੀ ਹੱਦ ਤੱਕ ਸੂਰਮੇ ਦੀ ਸਿਰਜਣਾ ਕਰਦੇ ਹਨ ਪਰ ਬੰਦੇ ਵਿੱਚ ਜੈਨੇਟਿਕ ਤੇ ਕਦੀਮੀ ਪੱਧਰ ’ਤੇ ਵੀ ਕੁਝ ਤਰੜ ਹੋਣੀ ਚਾਹੀਦੀ ਹੈ। ਬੇਸ਼ੱਕ ਵਾਪਰਨ ਵਾਲੀਆਂ ਘਟਨਾਵਾਂ ਤਾਂ ਸਭ ਲਈ ਬਰਾਬਰ ਹੁੰਦੀਆਂ, ਪਰ ਨਾਇਕ ਸਮੇਂ ਦੇ ਹਾਣ ਦਾ ਹੋ ਕੇ ਵਿਚਰਨ ਦੇ ਨਾਲ ਨਾਲ ਉਨ੍ਹਾਂ ਘਟਨਾਵਾਂ ਨੂੰ ਨਵੀਂ ਦਿਸ਼ਾ ਵੱਲ ਸੇਧਤ ਕਰਦਾ ਹੈ। ਅੱਜ ਦਾ ਗਹਿਰ ਗੰਭੀਰ ਪਾਠਕ ਜੇ ਅਜਿਹੇ ਮੁੱਲਵਾਨ ਸਿਧਾਂਤਾਂ ਨੂੰ ਪੜ੍ਹਨਾ ਲੋਚਦਾ ਹੈ ਤਾਂ ਉਸ ਨੂੰ ਪੰਜ ਭਾਗਾਂ ਵਿੱਚ ਵੰਡੀ ਤੇ ਵੀਹ ਅਧਿਆਇਆਂ ਵਿੱਚ ਵਿਉਂਤੀ ਇਸ ਪੁਸਤਕ ਨੂੰ ਨੀਝ ਨਾਲ ਪੜ੍ਹਨਾ ਪਵੇਗਾ। ਲੇਖਕ ਨੂੰ ਗਿਲਾ ਹੈ ਕਿ ਪੰਜਾਬੀ ਦੇ ਲੇਖਕ ਤੇ ਆਲੋਚਕ ਇੱਕ ਅੰਨ੍ਹੀਂ ਗਲ਼ੀ ਵਿੱਚ ਫਸੇ ਹੋਏ ਹਨ ਜੋ ਵਿਦੇਸ਼ੀ ਸਾਹਿਤ ਅਤੇ ਸਾਹਿਤ ਆਲੋਚਨਾ ਦੇ ਸਿਧਾਂਤਾਂ ਦੇ ਨੇੜਿਓਂ ਵੀ ਨਹੀਂ ਲੰਘਦੇ। ਲੇਖਕ ਸਿਰਫ਼ ਲਿਖਦੇ ਹਨ ਜਦੋਂਕਿ ਆਲੋਚਕ ਕੇਵਲ ਸਿਧਾਂਤਾਂ ਤੋਂ ਵਿਰਵੇ ਪੜਚੋਲੀਏ ਹਨ। ਇਨ੍ਹਾਂ ਦੋਹਾਂ ਨੂੰ ਅਤੇ ਵੱਖੋ ਵੱਖਰੇ ਖੇਤਰਾਂ ਵਿੱਚ ਵਿਚਰਦੇ ਹੋਰ ਬੁੱਧੀਜੀਵੀਆਂ, ਵਿਗਿਆਨੀਆਂ, ਸਮਾਜ ਚਿੰਤਕਾਂ ਨੂੰ ਕਾਰਪੋਰੇਟੀ ਸਿਸਟਮ ਦੁਆਰਾ ਗ੍ਰਸੇ ਜਾ ਰਹੇ ਅਜੋਕੇ ਸਿਸਟਮ ਨੂੰ ਸਮਝਣ ਲਈ ਉਸ ਅੰਨ੍ਹੀਂ ਗਲ਼ੀ ਵਿੱਚੋਂ ਬਾਹਰ ਆਉਣ ਦੀ ਪ੍ਰੇਰਨਾ ਇਹ ਦੁਰਲੱਭ ਪੁਸਤਕ ਜ਼ਰੂਰ ਦਿੰਦੀ ਹੈ।

ਅੰਨ੍ਹੀ ਗਲੀ ’ਚੋਂ ਨਿਕਲਣ ਲਈ ਪ੍ਰੇਰਨਾ ਦਿੰਦੀ ਪੁਸਤਕ/ਅਵਤਾਰ ਸਿੰਘ ਬਿਲਿੰਗ Read More »

ਨਰਿੰਦਰ ਮੋਦੀ ਜੀ-7 ਸਿਖ਼ਰ ਸੰਮੇਲਨ ’ਚ ਹਿੱਸਾ ਲੈਣ ਲਈ ਇਟਲੀ ਪੁੱਜੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਆਲਮੀ ਚੁਣੌਤੀਆਂ ਦੇ ਹੱਲ ਅਤੇ ਸੁਨਹਿਰੇ ਭਵਿੱਖ ਲਈ ਅੰਤਰਰਾਸ਼ਟਰੀ ਸਹਿਯੋਗ ਵਧਾਉਣ ਲਈ ਅੱਜ ਜੀ-7 ਸਿਖ਼ਰ ਸੰਮੇਲਨ ਦੌਰਾਨ ਵਿਸ਼ਵ ਨੇਤਾਵਾਂ ਨਾਲ ਸਾਰਥਕ ਗੱਲਬਾਤ ਕਰਨ ਲਈ ਬਹੁਤ ਉਤਸੁਕ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-7 ਸਿਖ਼ਰ ਸੰਮੇਲਨ ’ਚ ਸ਼ਾਮਲ ਹੋਣ ਲਈ ਅਪੂਲੀਆ ਪਹੁੰਚਣ ਤੋਂ ਬਾਅਦ ਇਹ ਟਿੱਪਣੀ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਬ੍ਰਿੰਦਿਸੀ ਹਵਾਈ ਅੱਡੇ ਤੋਂ ਵੀਡੀਓ ਸੰਦੇਸ਼ ਵਿੱਚ ਕਿਹਾ, ‘ਉਹ (ਮੋਦੀ) ਅੱਜ ਬਹੁਤ ਰੁੱਝੇ ਰਹਿਣਗੇ। ਅਸੀਂ ਕੌਮਾਂਤਰੀ ਗਲੋਬਲ ਨੇਤਾਵਾਂ ਨਾਲ ਇਕ ਤੋਂ ਬਾਅਦ ਇਕ ਦੋ-ਧਿਰੀ ਮੀਟਿੰਗਾਂ ਕਰਨੀਆਂ ਹਨ। ਉਹ (ਮੋਦੀ) ਜੀ-7 ਸਿਖ਼ਰ ਸੰਮੇਲਨ ਦੇ ਸੈਸ਼ਨ ਨੂੰ ਵੀ ਸੰਬੋਧਨ ਕਰਨਗੇ।

ਨਰਿੰਦਰ ਮੋਦੀ ਜੀ-7 ਸਿਖ਼ਰ ਸੰਮੇਲਨ ’ਚ ਹਿੱਸਾ ਲੈਣ ਲਈ ਇਟਲੀ ਪੁੱਜੇ Read More »

ਅਮਰੀਕਾ ਵੱਲੋਂ ਲੰਘੇ ਸਾਲ ਭਾਰਤੀ ਵਿਦਿਆਰਥੀਆਂ ਨੂੰ ਰਿਕਾਰਡ ਵੀਜ਼ੇ ਜਾਰੀ

ਪਿਛਲੇ ਸਾਲ ਰਿਕਾਰਡ 1,40,000 ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕਰਨ ਮਗਰੋਂ ਭਾਰਤ ਸਥਿਤ ਅਮਰੀਕੀ ਕੌਂਸੁਲੇਟ ਇਸ ਸਾਲ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ’ਚ ਸੰਭਾਵੀ ਵਾਧੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦੂਤਾਵਾਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਸਾਲ ਵੀਜ਼ਿਆਂ ਦੀ ਅਨੁਮਾਨਤ ਕੁੱਲ ਗਿਣਤੀ ਪਿਛਲੇ ਸਾਲ ਦੇ ਬਰਾਬਰ ਜਾਂ ਉਸ ਤੋਂ ਵੱਧ ਹੋਵੇਗੀ। ਭਾਰਤ ’ਚ ਅਮਰੀਕੀ ਮਿਸ਼ਨ ਨੇ ਅੱਜ ਦੇਸ਼ ਭਰ ’ਚ ਆਪਣਾ 8ਵਾਂ ਸਾਲਾਨਾ ਵਿਦਿਆਰਥੀ ਵੀਜ਼ਾ ਦਿਵਸ ਮਨਾਇਆ। ਇਸ ਤਹਿਤ ਨਵੀਂ ਦਿੱਲੀ, ਚੇਨੱਈ, ਹੈਦਰਾਬਾਦ, ਕੋਲਕਾਤਾ ਤੇ ਮੁੰਬਈ ਵਿਚਲੇ ਕੌਂਸੁਲੇਟ ਦੂਤਾਵਾਸ ਅਧਿਕਾਰੀਆਂ ਨੇ ਵਿਦਿਆਰਥੀ ਵੀਜ਼ੇ ਦੇ ਅਰਜ਼ੀਕਾਰਾਂ ਨਾਲ ਇੰਟਰਵਿਊਜ਼ ਕੀਤੀਆਂ। ਦਿੱਲੀ ਸਥਿਤ ਅਮਰੀਕੀ ਦੂਤਾਵਾਸ ’ਚ ਸਵੇਰ ਤੋਂ ਹੀ ਵਿਦਿਆਰਥੀਆਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਗਈਆਂ। ਅਮਰੀਕੀ ਯੂਨੀਵਰਸਿਟੀਆਂ ’ਚ ਵੱਡੀ ਗਿਣਤੀ ’ਚ ਭਾਰਤੀ ਵਿਦਿਆਰਥੀ ਪੜ੍ਹਦੇ ਹਨ ਅਤੇ ਪਿਛਲੇ ਸਾਲ ਭਾਰਤ ’ਚ ਅਮਰੀਕੀ ਕੌਂਸੁਲੇਟ ਨੇ 1,40,000 ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਜੋ ਕਿਸੇ ਵੀ ਹੋਰ ਮੁਲਕ ਮੁਕਾਬਲੇ ਵੱਧ ਸਨ।

ਅਮਰੀਕਾ ਵੱਲੋਂ ਲੰਘੇ ਸਾਲ ਭਾਰਤੀ ਵਿਦਿਆਰਥੀਆਂ ਨੂੰ ਰਿਕਾਰਡ ਵੀਜ਼ੇ ਜਾਰੀ Read More »

ਕੇਜਰੀਵਾਲ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 19 ਨੂੰ

ਇਥੋਂ ਦੀ ਅਦਾਲਤ ਨੇ ਕਥਿਤ ਆਬਕਾਰੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਅੱਜ 19 ਜੂਨ ਲਈ ਤੈਅ ਕੀਤੀ ਹੈ। ਐਡੀਸ਼ਨਲ ਸੈਸ਼ਨ ਜੱਜ ਮੁਕੇਸ਼ ਕੁਮਾਰ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇਸ ਮਾਮਲੇ ਵਿੱਚ ਆਪਣਾ ਜਵਾਬ ਦਾਖ਼ਲ ਕਰਨ ਲਈ ਹੋਰ ਸਮਾਂ ਮੰਗਣ ਤੋਂ ਬਾਅਦ ਸੁਣਵਾਈ ਮੁਲਤਵੀ ਕਰ ਦਿੱਤੀ।

ਕੇਜਰੀਵਾਲ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 19 ਨੂੰ Read More »

ਉਲੰਪਿਕ ’ਚ ਜਾਣ ਵਾਲੇ ਹਰੇਕ ਪੰਜਾਬੀ ਖਿਡਾਰੀ ਨੂੰ ਮਿਲਣਗੇ 15 ਲੱਖ ਰੁਪਏ

ਅਗਲੇ ਮਹੀਨੇ ਪੈਰਿਸ ਵਿਖੇ ਹੋਣ ਵਾਲੀਆਂ ਉਲੰਪਿਕ ਖੇਡਾਂ ਵਿੱਚ ਪੰਜਾਬੀ ਖਿਡਾਰੀ ਵੱਡੀ ਗਿਣਤੀ ਵਿੱਚ ਸੂਬੇ ਦੀ ਨੁਮਾਇੰਦਗੀ ਕਰਨਗੇ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾਂ ਨਿਰਦੇਸ਼ਾਂ ਉਤੇ ਬਣਾਈ ਨਵੀਂ ਖੇਡ ਨੀਤੀ ਦੇ ਸਾਰਥਿਕ ਨਤੀਜੇ ਸਾਹਮਣੇ ਆਉਣ ਲੱਗ ਗਏ ਹਨ ਅਤੇ ਨਵੀਂ ਨੀਤੀ ਤਹਿਤ ਉਲੰਪਿਕਸ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਤਿਆਰੀ ਲਈ 15 ਲੱਖ ਰੁਪਏ ਪ੍ਰਤੀ ਖਿਡਾਰੀ ਦਿੱਤੇ ਜਾਣਗੇ। ਉਲੰਪਿਕਸ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦਾ ਤਮਗਾ ਜੇਤੂ ਪੰਜਾਬੀ ਖਿਡਾਰੀ ਨੂੰ ਕ੍ਰਮਵਾਰ 3 ਕਰੋੜ, 2 ਕਰੋੜ ਤੇ ਇੱਕ ਕਰੋੜ ਰੁਪਏ ਮਿਲਣਗੇ। ਇਹ ਗੱਲ ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਹੀ।ਮੀਤ ਹੇਅਰ ਨੇ ਵੀਰਵਾਰ ਪੰਜਾਬ ਸਿਵਲ ਸਕੱਤਰੇਤ ਵਿਖੇ ਖੇਡ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕਿਹਾ ਕਿ ਉਲੰਪਿਕਸ ਜਾਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਤਿਆਰੀ ਰਾਸ਼ੀ ਜਾਰੀ ਕੀਤੀ ਜਾਵੇ। ਹੁਣ ਤੱਕ ਪੰਜਾਬ ਦੇ ਛੇ ਨਿਸ਼ਾਨੇਬਾਜ਼ਾਂ ਦੀ ਉਲੰਪਿਕਸ ਲਈ ਚੋਣ ਹੋ ਚੁੱਕੀ ਹੈ, ਜਦੋਂ ਕਿ ਹਾਕੀ, ਨਿਸ਼ਾਨੇਬਾਜ਼ੀ ਅਤੇ ਅਥਲੈਟਿਕਸ ਵਿੱਚ ਹੋਰ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਖਿਡਾਰੀਆਂ ਦੀ ਚੋਣ ਕੀਤੀ ਜਾਣੀ ਰਹਿੰਦੀ ਹੈ, ਕਿਉਕਿ ਹਾਲੇ ਤੱਕ ਸਾਰੀਆਂ ਕੌਮੀ ਟੀਮਾਂ ਦਾ ਐਲਾਨ ਨਹੀਂ ਹੋਇਆ।ਪਿਛਲੇ ਸਾਲ ਏਸ਼ੀਅਨ ਗੇਮਜ਼ ਵਿੱਚ ਪੰਜਾਬੀ ਖਿਡਾਰੀਆਂ ਵੱਲੋਂ ਤਮਗ਼ੇ ਜਿੱਤਣ ਅਤੇ ਹਿੱਸਾ ਲੈਣ ਦੇ ਬਣਾਏ ਰਿਕਾਰਡ ਵਾਂਗ ਇਸ ਵਾਰ ਉਲੰਪਿਕ ਵਿੱਚ ਹਿੱਸਾ ਲੈਣ ਜਾਣ ਵਾਲੇ ਪੰਜਾਬੀ ਖਿਡਾਰੀਆਂ ਦਾ ਵੀ ਰਿਕਾਰਡ ਬਣੇਗਾ। ਪੰਜਾਬ ਮੁੜ ਖੇਡਾਂ ਵਿੱਚ ਦੇਸ਼ ਦਾ ਮੋਢੀ ਸੂਬਾ ਬਣੇਗਾ। ਉਹਨਾ ਕਿਹਾ ਕਿ ਸੂਬੇ ਵਿੱਚ ਖੇਡ ਨਰਸਰੀਆਂ ਦੀ ਸਥਾਪਨਾ ਦਾ ਕੰਮ ਚੱਲ ਰਿਹਾ ਸੀ, ਜੋ ਕਿ ਚੋਣ ਜ਼ਾਬਤਾ ਲੱਗਣ ਕਰਕੇ ਆਰਜ਼ੀ ਤੌਰ ਉਤੇ ਰੁਕਿਆ ਹੋਇਆ ਸੀ। ਇਸੇ ਤਰ੍ਹਾਂ ਸੂਬੇ ਦੇ ਪਿੰਡਾਂ-ਸ਼ਹਿਰਾਂ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਖੇਡ ਢਾਂਚੇ ਦੇ ਨਿਰਮਾਣ ਦਾ ਕੰਮ ਵੀ ਪ੍ਰਗਤੀ ਅਧੀਨ ਹੈ। ਉਨ੍ਹਾ ਅਧਿਕਾਰੀਆਂ ਨੂੰ ਆਖਿਆ ਕਿ ਇਸ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ। ਮੀਟਿੰਗ ਵਿੱਚ ਵਿਸ਼ੇਸ਼ ਮੁੱਖ ਸਕੱਤਰ ਖੇਡਾਂ ਸਰਵਜੀਤ ਸਿੰਘ, ਵਿਸ਼ੇਸ਼ ਸਕੱਤਰ ਆਨੰਦ ਕੁਮਾਰ, ਐਕਸੀਅਨ ਸੰਜੇ ਮਹਾਜਨ, ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਤੇ ਸਹਾਇਕ ਡਾਇਰੈਕਟਰ ਰਣਬੀਰ ਸਿੰਘ ਭੰਗੂ ਵੀ ਹਾਜ਼ਰ ਸਨ।

ਉਲੰਪਿਕ ’ਚ ਜਾਣ ਵਾਲੇ ਹਰੇਕ ਪੰਜਾਬੀ ਖਿਡਾਰੀ ਨੂੰ ਮਿਲਣਗੇ 15 ਲੱਖ ਰੁਪਏ Read More »

1563 ਨੀਟ ਪ੍ਰੀਖਿਆਰਥੀਆਂ ਦੇ ਗ੍ਰੇਸ ਨੰਬਰ ਰੱਦ

ਕੇਂਦਰ ਨੇ ਬੁੱਧਵਾਰ ਸੁਪਰੀਮ ਕੋਰਟ ਨੂੰ ਦੱਸਿਆ ਕਿ ਨੀਟ-ਯੂ ਜੀ 2024 ਦੇ 1,563 ਉਮੀਦਵਾਰਾਂ ਨੂੰ ਗ੍ਰੇਸ ਅੰਕ ਦੇਣ ਦਾ ਨੈਸ਼ਨਲ   ਟੈਸਟਿੰਗ ਏਜੰਸੀ (ਐੱਨ ਟੀ ਏ) ਦਾ ਫੈਸਲਾ ਵਾਪਸ ਲੈ ਲਿਆ ਗਿਆ ਹੈ ਤੇ ਜਿਨ੍ਹਾਂ 1,563 ਵਿਦਿਆਰਥੀਆਂ ਨੂੰ ਗ੍ਰੇਸ ਅੰਕ ਦਿੱਤੇ ਗਏ ਸਨ, ਉਨ੍ਹਾਂ ਨੂੰ 23 ਜੂਨ ਨੂੰ ਮੁੜ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ। ਇਸ ਦੌਰਾਨ ਕੇਂਦਰ ਨੇ ਦੱਸਿਆ ਕਿ ਇਸ ਪ੍ਰੀਖਿਆ ਦਾ ਨਤੀਜਾ 30 ਜੂਨ ਨੂੰ ਆਵੇਗਾ। ਐੱਮ ਬੀ ਬੀ ਐੱਸ, ਬੀ ਡੀ ਐੱਸ ਅਤੇ ਹੋਰ ਕੋਰਸਾਂ ’ਚ ਦਾਖਲੇ ਲਈ ਕਾਉਂਸਲਿੰਗ 6 ਜੁਲਾਈ ਤੋਂ ਸ਼ੁਰੂ ਹੋਵੇਗੀ। ਕੇਂਦਰ ਨੇ ਕਿਹਾ ਕਿ ਜੇ ਇਨ੍ਹਾਂ ਪ੍ਰੀਖਿਆਰਥੀਆਂ ਵਿੱਚੋਂ ਕੋਈ ਮੁੜ ਪ੍ਰੀਖਿਆ ਨਹੀਂ ਦੇਣਾ ਚਾਹੁੰਦਾ ਤਾਂ ਉਸ ਦਾ ਬਿਨਾਂ ਗ੍ਰੇਸ ਮਾਰਕ ਦੇ ਨਵਾਂ ਨੰਬਰ ਕਾਰਡ ਜਾਰੀ ਕੀਤਾ ਜਾਵੇਗਾ। ਦੂਜੇ ਪਾਸੇ ਅਦਾਲਤ ਨੇ ਕਿਹਾ ਕਿ ਪ੍ਰੀਖਿਆ ’ਚ ਧਾਂਦਲੀ ਦੇ ਦੋਸ਼ਾਂ ਦੇ ਮੱਦੇਨਜ਼ਰ ਇਸ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਸਮੇਤ ਸਾਰੀਆਂ ਪਟੀਸ਼ਨਾਂ ਦੀ ਸੁਣਵਾਈ 8 ਜੁਲਾਈ ਨੂੰ ਹੋਵੇਗੀ। ਸੁਪਰੀਮ ਕੋਰਟ ਵਿਚ ਤਿੰਨ ਪਟੀਸ਼ਨਾਂ ਦਾਖਲ ਹਨ। ਇਕ ਵਿਚ ਕਿਹਾ ਗਿਆ ਹੈ ਕਿ 1563 ਵਿਦਿਆਰਥੀਆਂ ਨੂੰ ਗ੍ਰੇਸ ਮਾਰਕ ਦੇਣਾ ਗਲਤ ਹੈ। ਦੂਜੀ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਨਤੀਜੇ ਦੇ ਆਧਾਰ ’ਤੇ ਹੋ ਰਹੀ ਕਾਉਸਲਿੰਗ ਰੋਕੀ ਜਾਵੇ। ਤੀਜੀ ਵਿਚ ਕਿਹਾ ਗਿਆ ਹੈ ਕਿ ਪੰਜ ਮਈ ਨੂੰ ਹੋਈ ਪ੍ਰੀਖਿਆ ਦਾ ਪ੍ਰਸ਼ਨ-ਪੱਤਰ ਲੀਕ ਹੋਇਆ ਸੀ, ਜਿਸ ਕਰਕੇ ਪ੍ਰੀਖਿਆ ਰੱਦ ਕਰਕੇ ਦੁਬਾਰਾ ਕਰਵਾਈ ਜਾਵੇ। ਕਾਉਂਸਲਿੰਗ ’ਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਪਹਿਲਾਂ ਹੀ ਨਾਂਹ ਕਰ ਚੁੱਕੀ ਹੈ। ਇਸੇ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਐੱਨ ਟੀ ਏ ’ਚ ਭਿ੍ਰਸ਼ਟਾਚਾਰ ਦੇ ਦੋਸ਼ ਬੇਬੁਨਿਆਦ ਹਨ, ਇਹ ਭਰੋਸੇਯੋਗ ਸੰਸਥਾ ਹੈ। ਇਸ ਦੇ ਨਾਲ ਮੰਤਰੀ ਨੇ ਦਾਅਵਾ ਕੀਤਾ ਕਿ ਨੀਟ-ਗ੍ਰੈਜੂਏਟ ਪ੍ਰੀਖਿਆ ’ਚ ਪ੍ਰਸ਼ਨ ਪੱਤਰ ਲੀਕ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਉਨ੍ਹਾ ਕਿਹਾ ਕਿ ਕਿਸੇ ਵੀ ਵਿਦਿਆਰਥੀ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਉਧਰ, ਕਾਂਗਰਸ ਸਾਂਸਦ ਗੌਰਵ ਗੋਗੋਈ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਗ੍ਰੇਸ ਨੰਬਰ ਵਾਪਸ ਲੈਣ ਦੀ ਹੀ ਗੱਲ ਕੀਤੀ ਹੈ, ਵੱਡੀ ਪੱਧਰ ’ਤੇ ਹੋਏ ਸਕੈਂਡਲ ਬਾਰੇ ਕੁਝ ਨਹੀਂ ਦੱਸਿਆ। ਉਨ੍ਹਾ ਕਾਂਗਰਸ ਦੀ ਮੰਗ ਦੁਹਰਾਈ ਕਿ ਕਰੀਬ 24 ਲੱਖ ਪ੍ਰੀਖਿਆਰਥੀਆਂ ਨਾਲ ਧੋਖਾ ਹੋਇਆ ਹੈ ਤੇ ਇਸ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਜਾਂਚ ਹੋਣੀ ਚਾਹੀਦੀ ਹੈ। ਆਮ ਪਰਵਾਰਾਂ ਨੇ ਬੱਚਿਆਂ ਦੇ ਭਵਿੱਖ ਲਈ 30 ਲੱਖ ਰੁਪਏ ਤੱਕ ਖਰਚੇ ਹਨ।

1563 ਨੀਟ ਪ੍ਰੀਖਿਆਰਥੀਆਂ ਦੇ ਗ੍ਰੇਸ ਨੰਬਰ ਰੱਦ Read More »

ਦਲਿਤ ਰਾਜਨੀਤੀ ਨਵੇਂ ਸਿਰਿਓਂ ਉਭਰੇਗੀ

ਦੇਸ਼ ਦੀ ਦਲਿਤ ਰਾਜਨੀਤੀ ਲਈ 2024 ਦੀਆਂ ਚੋਣਾਂ ਵਧੀਆ ਨਹੀਂ ਰਹੀਆਂ। ਦਲਿਤ ਰਾਜਨੀਤੀ ਦਾ ਮੁੱਢ ਡਾ. ਭੀਮ ਰਾਓ ਅੰਬੇਡਕਰ ਨੇ ਰਿਪਬਲਿਕਨ ਪਾਰਟੀ ਆਫ ਇੰਡੀਆ ਦੀ ਸਥਾਪਨਾ ਕਰਕੇ ਬੰਨ੍ਹਿਆ ਸੀ, ਪ੍ਰੰਤੂ ਇਹ ਪਾਰਟੀ ਡਾ. ਅੰਬੇਡਕਰ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ। ਮਹਾਰਾਸ਼ਟਰ ਤੋਂ ਬਾਹਰ ਦੂਜੇ ਰਾਜਾਂ ਵਿੱਚ ਉਹ ਕੋਈ ਦਖ਼ਲ ਨਾ ਦੇ ਸਕੇ। ਅੱਜ ਉਸ ਦੀ ਮਹਾਰਾਸ਼ਟਰ ਵਿੱਚ ਵੀ ਕੋਈ ਪੁੱਛ-ਪ੍ਰਤੀਤ ਨਹੀਂ ਹੈ। ਉਸ ਉਪਰੰਤ ਕਾਂਸ਼ੀ ਰਾਮ ਨੇ ਦਲਿਤ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਪਹਿਲਾਂ ਡੀ ਐੱਸ ਫੋਰ ਤੇ ਫਿਰ 1980ਵੇਂ ਦਹਾਕੇ ਦੇ ਮੱਧ ਵਿੱਚ ਉਨ੍ਹਾ ਬਹੁਜਨ ਸਮਾਜ ਪਾਰਟੀ ਦਾ ਗਠਨ ਕੀਤਾ। ਉਨ੍ਹਾ ਦੇਸ਼ ਭਰ ਵਿੱਚ ਘੁੰਮ-ਘੁੰਮ ਕੇ ਇੱਕ ਮਜ਼ਬੂਤ ਸੰਗਠਨ ਖੜ੍ਹਾ ਕਰ ਲਿਆ ਸੀ। ਉਨ੍ਹਾ ਦੀ ਸੋਚ ਸਭ ਲਤਾੜੇ ਜਾ ਰਹੇ ਗਰੀਬ-ਗੁਰਬੇ ਨੂੰ ਇੱਕ ਲੜੀ ਵਿੱਚ ਪ੍ਰੋਣ ਦੀ ਸੀ। ਇਸ ਵਿੱਚ ਉਹ ਕਾਫੀ ਹੱਦ ਤੱਕ ਕਾਮਯਾਬ ਵੀ ਰਹੇ। ਇਸੇ ਦੌਰਾਨ ਉਨ੍ਹਾ ਮਾਇਆਵਤੀ ਨੂੰ ਲੱਭ ਕੇ ਆਪਣੀ ਰਾਜਨੀਤੀ ਨੂੰ ਅੱਗੇ ਵਧਾਇਆ। ਇਹ ਕਾਂਸ਼ੀ ਰਾਮ ਦੀ ਸੋਚ ਤੇ ਜਥੇਬੰਦਕ ਕਾਰਜਕੁਸ਼ਲਤਾ ਦੀ ਕਾਮਯਾਬੀ ਸੀ ਕਿ ਮਾਇਆਵਤੀ ਯੂ ਪੀ ਵਰਗੇ ਵੱਡੇ ਸੂਬੇ ਦੀ ਵਾਰ-ਵਾਰ ਮੁੱਖ ਮੰਤਰੀ ਬਣਦੀ ਰਹੀ। ਮਾਇਆਵਤੀ ਦੀ ਸਭ ਤੋਂ ਵੱਡੀ ਕਮਜ਼ੋਰੀ ਧਨ ਇਕੱਠਾ ਕਰਨਾ ਰਹੀ ਹੈ। ਆਪਣੇ ਜਨਮ ਦਿਨ ’ਤੇ ਮਹਿੰਗੇ ਤੋਹਫੇ ਤੇ ਧਨ ਇਕੱਠਾ ਕਰਨ ਦਾ ਉਸ ਨੂੰ ਫਤੂਰ ਰਿਹਾ ਹੈ। ਯੂ ਪੀ ਨੂੰ ਛੱਡ ਕੇ ਬਾਕੀ ਰਾਜਾਂ ਵਿੱਚ ਬਸਪਾ ਦਾ ਅਧਾਰ ਵਧਾਉਣ ਦੀ ਥਾਂ ਉਸ ਉੱਤੇ ਪਾਰਟੀ ਇਕਾਈਆਂ ਨੂੰ ਚੋਣਾਂ ਵਿੱਚ ਵੋਟ-ਕੱਟੂਆ ਵਜੋਂ ਵਰਤ ਕੇ ਕਾਂਗਰਸ ਦੇ ਵਿਰੋਧੀ ਦਲਾਂ ਨਾਲ ਸੌਦੇਬਾਜ਼ੀ ਦੇ ਵੀ ਇਲਜ਼ਾਮ ਲਗਦੇ ਰਹੇ ਹਨ। ਇਸੇ ਕਾਰਨ ਹਰ ਰਾਜ ਵਿੱਚ ਬਸਪਾ ਦਾ ਅਧਾਰ ਤੇ ਵੋਟ ਫੀਸਦੀ ਘਟਦੀ ਰਹੀ ਹੈ। ਇਸੇ ਨੀਤੀ ਕਾਰਨ ਉੱਚ ਵਰਗ ਦੇ ਦਲਿਤ ਦੂਜੇ ਦਲਾਂ ਵਿੱਚ ਜਾਣ ਲਈ ਬਸਪਾ ਨੂੰ ਪੌੜੀ ਵਜੋਂ ਵਰਤਣ ਲੱਗ ਪਏ ਹਨ। ਇਹੋ ਨਹੀਂ ਮਾਇਆਵਤੀ ਨੇ ਯੂ ਪੀ ਵਿੱਚ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਭਿ੍ਰਸ਼ਟਾਚਾਰ ਦੀਆਂ ਅਜਿਹੀਆਂ ਪੈੜਾਂ ਪਾਈਆਂ, ਜਿਹੜੀਆਂ ਉਸ ਦੇ ਪੈਰਾਂ ਦੀਆਂ ਬੇੜੀਆਂ ਬਣ ਚੁੱਕੀਆਂ ਹਨ। ਇਨ੍ਹਾਂ ਬੇੜੀਆਂ ਕਾਰਨ ਹੀ ਅੱਜ ਉਹ ਚਾਹੁੰਦੀ ਹੋਈ ਵੀ ਕੋਈ ਫੈਸਲਾ ਲੈਣ ਤੋਂ ਅਸਮਰੱਥ ਹੋ ਚੁੱਕੀ ਹੈ। ਉਸ ਦਾ ਮੁਸਲਮਾਨਾਂ ਤੇ ਪਛੜੀਆਂ ਸ਼ੇ੍ਰਣੀਆਂ ਵਾਲਾ ਵੋਟ ਬੈਂਕ ਉਸ ਤੋਂ ਪੂਰੀ ਤਰ੍ਹਾਂ ਦੂਰ ਹੋ ਚੁੱਕਾ ਹੈ। ਜਾਟਵ ਵੋਟ ਬੈਂਕ ਹਾਲੇ ਉਸ ਨਾਲ ਖੜ੍ਹਾ ਹੈ, ਪਰ ਸੰਨ੍ਹ ਉਸ ਵਿੱਚ ਵੀ ਲੱਗ ਚੁੱਕੀ ਹੈ। ਬਸਪਾ ਦਾ ਵੋਟ ਬੈਂਕ ਘਟਦਾ -ਘਟਦਾ 2019 ਵਿੱਚ 19.42 ਫ਼ੀਸਦੀ ’ਤੇ ਪੁੱਜ ਗਿਆ ਸੀ। ਮੌਜੂਦਾ ਲੋਕ ਸਭਾ ਚੋਣਾਂ ਵਿੱਚ ਤਾਂ ਉਹ ਹੋਰ ਦਸ ਫੀਸਦੀ ਡਿਗ ਕੇ 9.39 ਫੀਸਦੀ ’ਤੇ ਆ ਗਿਆ ਹੈ। ਜਿਹੜੀ ਬਸਪਾ ਕਿਸੇ ਸਮੇਂ ਦੂਜੇ ਰਾਜਾਂ ਵਿੱਚ ਵੋਟ-ਕਟੂਆ ਹੁੰਦੀ ਸੀ, ਅੱਜ ਉਹ ਯੂ ਪੀ ਵਿੱਚ ਵੀ ਉਸੇ ਹਾਲਤ ਨੂੰ ਪੁੱਜ ਗਈ ਹੈ। ਉਸ ਨੂੰ 16 ਸੀਟਾਂ ’ਤੇ ਪਈਆਂ ਵੋਟਾਂ ਭਾਜਪਾ ਉਮੀਦਵਾਰਾਂ ਦੀ ਜਿੱਤ ਦੇ ਫਰਕ ਤੋਂ ਵੱਧ ਹਨ। ਬਸਪਾ ਜੇਕਰ ‘ਇੰਡੀਆ’ ਗੱਠਜੋੜ ਦਾ ਹਿੱਸਾ ਹੁੰਦੀ ਤਾਂ ਯੂ ਪੀ ਵਿੱਚ ਭਾਜਪਾ ਨੇ 16-17 ਸੀਟਾਂ ਮਸਾਂ ਜਿੱਤ ਸਕਣੀਆਂ ਸਨ। ਬਸਪਾ ਆਪਣੇ ਤੋਂ ਦੂਰ ਚਲੇ ਗਏ ਸਮਾਜਿਕ ਸਮੂਹਾਂ ਨੂੰ ਮੁੜ ਆਪਣੇ ਨਾਲ ਜੋੜ ਲਵੇਗੀ, ਇਹ ਸੰਭਵ ਨਹੀਂ ਲਗਦਾ। ਬਸਪਾ ਦੀ ਇਸ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ ਕਿ ਉਸ ਨੇ ਇੱਕ ਮਜ਼ਬੂਤ ਦਲਿਤ ਰਾਜਨੀਤਕ ਚੇਤਨਾ ਨੂੰ ਤਿਆਰ ਕੀਤਾ ਹੈ। ਇਸੇ ਚੇਤਨਾ ਨੇ ਯੂ ਪੀ ਵਿੱਚ ਚੰਦਰ ਸ਼ੇਖਰ ਅਜ਼ਾਦ ਵਜੋਂ ਇੱਕ ਨਵੇਂ ਚਿਹਰੇ ਨੂੰ ਮੈਦਾਨ ਵਿੱਚ ਲਿਆਂਦਾ ਹੈ। ਉਸ ਨੇ ਭੀਮ ਆਰਮੀ ਤੇ ਅਜ਼ਾਦ ਸਮਾਜ ਪਾਰਟੀ ਬਣਾ ਕੇ ਇਕੱਲਿਆਂ ਹੀ ਨਗੀਨਾ ਦੀ ਲੋਕ ਸਭਾ ਸੀਟ ਜਿੱਤ ਕੇ ਰਾਜਨੀਤਕ ਪਿੜ ਵਿੱਚ ਧਮਾਕੇਦਾਰ ਹਾਜ਼ਰੀ ਲਵਾਈ ਹੈ। ਚੰਦਰ ਸ਼ੇਖਰ ਅਜ਼ਾਦ ਪੜ੍ਹਿਆ-ਲਿਖਿਆ ਤੇ ਸੰਘਰਸ਼ਸ਼ੀਲ ਨੌਜਵਾਨ ਹੈ। ਦਲਿਤ ਰਾਜਨੀਤੀ ਵਿੱਚ ਬਸਪਾ ਵੱਲੋਂ ਖਾਲੀ ਕੀਤੀ ਜਗ੍ਹਾ ਨੂੰ ਭਰਨ ਦੀਆਂ ਅਜ਼ਾਦ ਸਮਾਜ ਪਾਰਟੀ ਵਿੱਚ ਅਥਾਹ ਸੰਭਾਵਨਾਵਾਂ ਹਨ। ਮਾਇਆਵਤੀ ਨੇ ਜੋ ਯੂ ਪੀ ਵਿੱਚ ਕੀਤਾ, ਅਜਿਹਾ ਹੀ ਮਹਾਰਾਸ਼ਟਰ ਵਿੱਚ ਦਲਿਤ ਆਗੂ ਪ੍ਰਕਾਸ਼ ਅੰਬੇਡਕਰ ਨੇ ਕੀਤਾ ਹੈ। ਉਸ ਦੀ ਪਾਰਟੀ ਵੰਚਿਤ ਬਹੁਜਨ ਅਗਾੜੀ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਧਮਾਕੇਦਾਰੀ ਹਾਜ਼ਰੀ ਲਵਾਉਂਦਿਆਂ 8 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ। ਇਹ ਵੋਟਾਂ ਟੁੱਟਣ ਕਾਰਨ ਹੀ ਕਾਂਗਰਸ ਤੇ ਐੱਨ ਸੀ ਪੀ ਇੱਕ ਦਰਜਨ ਦੇ ਕਰੀਬ ਸੀਟਾਂ ਹਾਰ ਗਈਆਂ ਸਨ। ਪ੍ਰਕਾਸ਼ ਅੰਬੇਡਕਰ ਇਸ ਪ੍ਰਾਪਤੀ ਕਾਰਨ ਏਨਾ ਹੰਕਾਰ ਗਿਆ ਕਿ ਉਸ ਨੇ ਮੌਜੂਦਾ ਚੋਣਾਂ ਵਿੱਚ ਇੰਡੀਆ ਗੱਠਜੋੜ ਵਿੱਚ ਸ਼ਾਮਲ ਹੋਣ ਲਈ ਏਨੀਆਂ ਸੀਟਾਂ ਮੰਗ ਲਈਆਂ ਜੋ ਚਾਰ ਪਾਰਟੀ ਗੱਠਜੋੜ ਵਿੱਚ ਸੰਭਵ ਹੀ ਨਹੀਂ ਸਨ। ਇੰਡੀਆ ਗੱਠਜੋੜ ਉਸ ਨੂੰ 4 ਸੀਟਾਂ ਦਿੰਦਾ ਸੀ, ਪਰ ਉਹ ਮੰਨਿਆ ਨਹੀਂ। ਉਸ ਦੀ ਅੜੀ ਵੋਟਰਾਂ ਨੂੰ ਪਸੰਦ ਨਹੀਂ ਆਈ ਤੇ ਉਸ ਦਾ ਵੋਟ ਸ਼ੇਅਰ ਘਟ ਕੇ 2 ਫੀਸਦੀ ਰਹਿ ਗਿਆ ਹੈ। ਇਹ ਠੀਕ ਹੈ ਕਿ ਉਹ ਆਪ ਤਾਂ ਜਿੱਤੇ ਨਹੀਂ, ਪਰ ਵੋਟਾਂ ਕੱਟ ਕੇ ਇੱਕ ਸੀਟ ’ਤੇ ਭਾਜਪਾ ਤੇ ਤਿੰਨ ਸੀਟਾਂ ਉੱਤੇ ਉਸ ਦੇ ਉਮੀਦਵਾਰਾਂ ਨੇ ਸ਼ਿਵ ਸੈਨਾ (ਸ਼ਿੰਦੇ) ਨੂੰ ਜਿਤਾ ਦਿੱਤਾ ਹੈ। ਮਾਇਆਵਤੀ ਵਾਂਗ ਹੁਣ ਪ੍ਰਕਾਸ਼ ਅੰਬੇਡਕਰ ਦੇ ਮੱਥੇ ਉੱਤੇ ਵੀ ਭਾਜਪਾ ਦੀ ਬੀ ਟੀਮ ਹੋਣ ਦਾ ਟਿੱਕਾ ਲੱਗ ਗਿਆ ਹੈ। ਦਲਿਤ ਰਾਜਨੀਤੀ ਪਿਛਲੇ ਕੁਝ ਸਮੇਂ ਤੋਂ ਲਗਦੇ ਰਹੇ ਝਟਕਿਆਂ ਤੋਂ ਜ਼ਰੂਰ ਉੱਭਰੇਗੀ। ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ, ਜਿਸ ਤਰ੍ਹਾਂ ਦਲਿਤ ਤੇ ਪਛੜੇ ਸੰਵਿਧਾਨ ਨੂੰ ਖਤਰਾ ਪਛਾਣ ਕੇ ਇੱਕਮੁੱਠ ਹੋਏ ਹਨ, ਉਸ ਵਿੱਚ ਬੇਸ਼ੁਮਾਰ ਸੰਭਾਵਨਾਵਾਂ ਮੌਜੂਦ ਹਨ। ਚੰਦਰ ਸ਼ੇਖਰ ਅਜ਼ਾਦ ਇੱਕ ਦੂਰ-ਅੰਦੇਸ਼ ਆਗੂ ਹੈ। ਉਸ ਨੇ ਮੌਕਾਪ੍ਰਸਤੀ ਕਰਨ ਦੀ ਥਾਂ ‘ਇੰਡੀਆ’ ਗੱਠਜੋੜ ਨਾਲ ਖੜ੍ਹਨ ਦਾ ਫੈਸਲਾ ਲਿਆ। ਜੇਕਰ ਉਹ ਸੂਬਿਆਂ ਵਿੱਚ ਉੱਭਰੇ ਦਲਿਤ, ਪਛੜੇ ਤੇ ਆਦਿਵਾਸੀ ਦਲਾਂ ਨੂੰ ਇੱਕ ਸੂਤਰ ਵਿੱਚ ਬੰਨ੍ਹਣ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਉਹ ਕੌਮੀ ਆਗੂ ਵਜੋਂ ਉੱਭਰਨ ਦੀ ਤਾਕਤ ਰੱਖਦਾ ਹੈ। ਇਹ ਵੀ ਸਾਫ ਹੈ ਕਿ ਅਜੋਕੇ ਤਾਨਾਸ਼ਾਹੀ ਮਾਹੌਲ ਵਿੱਚ ਦਲਿਤ ਅੰਦੋਲਨ ਸੈਕੂਲਰ ਦਲਾਂ ਨਾਲ ਸਮਝੌਤਾ ਕੀਤੇ ਬਿਨਾਂ ਅੱਗੇ ਨਹੀਂ ਵਧ ਸਕਦਾ। ਇਹ ਦੋਪਾਸੜ ਲੋੜ ਹੈ, ਇਸ ਲਈ ਦੋਹਾਂ ਧਿਰਾਂ ਨੂੰ ਹੀ ਸਹੀ ਸੇਧ ਵਿੱਚ ਵਧਣਾ ਪਵੇਗਾ।

ਦਲਿਤ ਰਾਜਨੀਤੀ ਨਵੇਂ ਸਿਰਿਓਂ ਉਭਰੇਗੀ Read More »