admin

ਕੈਨੇਡਾ ਦੇ ਗੁਰੂਘਰਾਂ ‘ਚ ਸ਼ਰ੍ਹੇਆਮ ਹੋ ਰਿਹਾ ਨਸ਼ਿਆਂ ਦਾ ਸੇਵਨ

ਕੈਨੇਡਾ ਦੇ ਸ਼ਹਿਰ ਕੈਲਗਰੀ ਦੇ ਕੁਝ ਗੁਰਦੁਆਰਾ ਸਾਹਿਬਾਨ ‘ਚ ਗੈਰ-ਅੰਮ੍ਰਿਤਧਾਰੀ ਪ੍ਰਬੰਧਕਾਂ ‘ਤੇ ਨਸ਼ਾਖੋਰੀ ਦੇ ਦੋਸ਼ਾਂ ਨੂੰ ਲੈ ਕੇ ਅੱਜ ਇਕ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ। ਇਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮੰਗ ਪੱਤਰ ਸੌਂਪਦਿਆਂ ਗੁਰਦੁਆਰਾ ਸਾਹਿਬ ਵਿੱਚ ਮਰਿਆਦਾ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਸ਼ਮਸ਼ੇਰ ਸਿੰਘ ਤੇ ਵਫ਼ਦ ਦੇ ਮੈਂਬਰਾਂ ਨੇ ਦੱਸਿਆ ਕਿ ਕੈਨੇਡਾ ਦੇ ਸ਼ਹਿਰ ਕੈਲਗਰੀ ਦੇ ਕੁਝ ਗੁਰਦੁਆਰਾ ਸਾਹਿਬਾਨ ਵਿੱਚ ਗੈਰ-ਅੰਮ੍ਰਿਤਧਾਰੀ ਸਿੱਖ ਸੇਵਾਦਾਰਾਂ ਅਤੇ ਪ੍ਰਬੰਧਕਾਂ ‘ਤੇ ਨਿਯਮ ਤੋੜਨ ਤੇ ਨਸ਼ੇ ਦਾ ਸੇਵਨ ਕਰਨ ਦੇ ਦੋਸ਼ ਲੱਗੇ ਹਨ। ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਦੇਖ ਰਹੇ ਲੋਕ ਨਸ਼ੇ ਦਾ ਸੇਵਨ ਕਰਦੇ ਹਨ। ਜਦੋਂਕਿ ਜੇ ਕੋਈ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕਰਦਾ ਹੈ ਤਾਂ ਉਨ੍ਹਾਂ ਖਿਲਾਫ ਝੂਠਾ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਜਿਸ ‘ਤੇ ਆਏ ਦਿਨ ਵਿਵਾਦ ਹੁੰਦਾ ਰਹਿੰਦਾ ਹੈ। ਇਸ ਮਾਮਲੇ ਨੂੰ ਲੈ ਕੇ ਕੁਝ ਸਮਾਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਬਾਹਰ ਲੜਾਈ ਹੋਈ ਸੀ ਅਤੇ ਉਕਤ ਵਿਅਕਤੀਆਂ ਵੱਲੋਂ ਸੰਗਤ ‘ਤੇ ਹਮਲਾ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਉਸ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਹਾਂ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਗੁਰੂਘਰਾਂ ਦੇ ਸੇਵਾਦਾਰ ਅਤੇ ਪ੍ਰਬੰਧਕ ਅੰਮ੍ਰਿਤਧਾਰੀ ਗੁਰਸਿੱਖ ਹੋਣੇ ਚਾਹੀਦੇ ਹਨ ਤਾਂ ਜੋ ਅਜਿਹੇ ਵਿਵਾਦ ਪੈਦਾ ਨਾ ਹੋਣ। ਇਸ ਲਈ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ। ਵਫ਼ਦ ਨੇ ਮੰਗ ਕੀਤੀ ਕਿ ਅਜਿਹੇ ਸੇਵਾਦਾਰਾਂ ਅਤੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ ਤੇ ਗੁਰਦੁਆਰਾ ਸਾਹਿਬਾਨ ਦੀ ਸਾਖ ਨੂੰ ਢਾਹ ਲਗਾਈ ਜਾ ਰਹੀ ਹੈ, ਇਸ ਲਈ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਮਾਮਲੇ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਜਲਦ ਤੋਂ ਜਲਦ ਸਖ਼ਤ ਫੈਸਲਾ ਲੈਣਾ ਚਾਹੀਦਾ ਹੈ।

ਕੈਨੇਡਾ ਦੇ ਗੁਰੂਘਰਾਂ ‘ਚ ਸ਼ਰ੍ਹੇਆਮ ਹੋ ਰਿਹਾ ਨਸ਼ਿਆਂ ਦਾ ਸੇਵਨ Read More »

ਭਾਰਤ ਨੇ ਮਲੇਸ਼ੀਆ ਨੂੰ 4-0 ਨਾਲ ਹਰਾਇਆ

  ਰਾਜਗੀਰ, 11 ਨਵੰਬਰ – ਸਟ੍ਰਾਈਕਰ ਸੰਗੀਤਾ ਕੁਮਾਰੀ ਦੇ ਦੋ ਗੋਲਾਂ ਦੀ ਮਦਦ ਨਾਲ ਮੌਜੂਦਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਮਲੇਸ਼ੀਆ ਨੂੰ 4-0 ਨਾਲ ਹਰਾ ਦਿੱਤਾ। ਭਾਰਤ ਲਈ ਸੰਗੀਤਾ ਕੁਮਾਰੀ ਨੇ ਦੋ ਜਦਕਿ ਪ੍ਰੀਤੀ ਦੂਬੇ ਅਤੇ ਉਦਿਤਾ ਨੇ ਇੱਕ-ਇੱਕ ਗੋਲ ਕੀਤਾ। ਭਾਰਤ ਭਲਕੇ ਮੰਗਲਵਾਰ ਨੂੰ ਦੱਖਣੀ ਕੋਰੀਆ ਖ਼ਿਲਾਫ਼ ਖੇਡੇਗਾ। ਹੋਰ ਮੈਚਾਂ ਵਿੱਚ ਜਾਪਾਨ ਨੇ ਕੋਰੀਆ ਨਾਲ 2-2 ਨਾਲ ਡਰਾਅ ਖੇਡਿਆ ਜਦਕਿ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜੇਤੂ ਚੀਨ ਨੇ ਥਾਈਲੈਂਡ ਨੂੰ 15-0 ਨਾਲ ਮਾਤ ਦਿੱਤੀ। ਇਸ ਤੋਂ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫੀ-2024 ਦਾ ਉਦਘਾਟਨ ਕੀਤਾ। ਹਾਕੀ ਇੰਡੀਆ ਅਤੇ ਬਿਹਾਰ ਸਰਕਾਰ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਜਾਣ ਵਾਲਾ ਇਹ ਟੂਰਨਾਮੈਂਟ 20 ਨਵੰਬਰ ਤੱਕ ਚੱਲੇਗਾ। ਟੂਰਨਾਮੈਂਟ ਵਿੱਚ ਭਾਰਤ ਤੋਂ ਇਲਾਵਾ ਚੀਨ, ਥਾਈਲੈਂਡ, ਮਲੇਸ਼ੀਆ, ਦੱਖਣੀ ਕੋਰੀਆ ਅਤੇ ਜਾਪਾਨ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।

ਭਾਰਤ ਨੇ ਮਲੇਸ਼ੀਆ ਨੂੰ 4-0 ਨਾਲ ਹਰਾਇਆ Read More »

ਫਗਵਾੜਾ ਵਿਖੇ ਅਮੈਰੀਕਨ ਇੰਸਟੀਚਿਊਟ ਵਲੋਂ ਲਗਾਇਆ ਗਿਆ ਖ਼ੂਨਦਾਨ ਕੈਂਪ

ਫਗਵਾੜਾ, 12 ਨਵੰਬਰ (ਏ.ਡੀ.ਪੀ ਨਿਯੂਜ਼) – ਬਲੱਡ ਡੋਨਰ ਕੌਂਸਲ (ਰਜ਼ਿ), ਬਲੱਡ ਸੈਂਟਰ ਫਗਵਾੜਾ ਵਲੋਂ ਅੱਜ ਅਮੈਰੀਕਨ ਇੰਸਟੀਚਿਊਟ ਐਂਡ ਓਵਰਸੀਸ ਐਜੁਕੇਸ਼ਨ ਪਲਾਹੀ ਰੋਡ ਫਗਵਾੜਾ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ 20 ਯੂਨਿਟ ਇਕੱਤਰ ਕੀਤੇ ਗਏ, ਜਿਸ ਵਿੱਚ ਵਿਦਿਆਰਥੀਆਂ ਤੇ ਸੰਸਥਾ ਦੇ ਸਟਾਫ਼ ਵਲੋਂ ਅਹਿਮ ਯੋਗਦਾਨ ਰਿਹਾ। ਅਮੈਰੀਕਨ ਇੰਸਟੀਚਿਊਟ ਦੇ ਡਾਇਰੈਕਟਰ ਰਾਹੁਲ ਭਾਰਗਵ ਤੇ ਉਹਨਾਂ ਦੀ ਪਤਨੀ ਨੇਹਾ ਭਾਰਗਵ ਨੇ ਕਿਹਾ ਕਿ ਖ਼ੂਨਦਾਨ ਸਭ ਤੋਂ ਉੱਤਮ ਦਾਨ ਹੈ । ਖ਼ੂਨ ਦਾਨ ਕਰਨ ਨਾਲ ਸਾਡੇ ਸਰੀਰ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਸਗੋਂ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਅਤੇ ਮਨੁੱਖ ਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਰਿਤਿਕਾ ਸ਼ਰਮਾ, ਸਨਮਿੰਦਰ ਕੌਰ, ਸ਼ਿਵਾਨੀ ਗੌਨਾ, ਤਮੰਨਾ, ਜਸਪ੍ਰੀਤ ਕੌਰ, ਆਰਤੀ ਕਵਾਤਰਾ, ਜਨਕ ਰਾਜ ਅਤੇ ਬਲੱਡ ਸੈਂਟਰ ਸਟਾਫ਼ ਬੀ.ਟੀ.ਓ. ਡਾ.ਐੱਮ.ਐਲ ਬਾਂਸਲ, ਲੈਬ ਟੈਕਨੀਸ਼ਨ ਨਵੀਨ, ਇਸ਼ਾਂਤ ਸਿੰਘ ਮਾਨ, ਅਨੂ, ਸਟਾਫ਼ ਨਰਸ ਅਮਨਦੀਪ ਕੌਰ ਆਦਿ ਹਾਜ਼ਰ ਸਨ।

ਫਗਵਾੜਾ ਵਿਖੇ ਅਮੈਰੀਕਨ ਇੰਸਟੀਚਿਊਟ ਵਲੋਂ ਲਗਾਇਆ ਗਿਆ ਖ਼ੂਨਦਾਨ ਕੈਂਪ Read More »

ਇੱਕ ਮਹੀਨੇ ਦੇ ਸੁੱਕੇ ਤੋਂ ਬਾਅਦ ਹਿਮਾਚਲ ’ਚ ਹੋਈ ਬਰਫ਼ਬਾਰੀ!

ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਦੇ ਉੱਚੇ ਇਲਾਕਿਆਂ ਬਰਾਲਾਚਾ ਅਤੇ ਰੋਹਤਾਂਗ ਵਿੱਚ ਬੀਤੀ ਰਾਤ ਕੁਝ ਸਮੇਂ ਲਈ ਬਰਫ਼ਬਾਰੀ ਹੋਈ। ਬਾਕੀ ਇਲਾਕਿਆਂ ਵਿੱਚ ਮੌਸਮ ਸਾਫ਼ ਰਿਹਾ। ਇਹ 42 ਦਿਨਾਂ ਦੇ ਲੰਬੇ ਸੁੱਕੇ ਸਪੈਲ ਨੂੰ ਤੋੜ ਨਹੀਂ ਸਕਿਆ। ਇਸ ਕਾਰਨ ਸੂਬੇ ਵਿੱਚ ਸੋਕੇ ਵਰਗੀ ਸਥਿਤੀ ਬਣੀ ਹੋਈ ਹੈ। ਅੱਜ ਵੀ ਸੂਬੇ ਦੇ ਜ਼ਿਆਦਾਤਰ ਇਲਾਕਿਆਂ ‘ਚ ਸਵੇਰ ਤੋਂ ਹੀ ਮੌਸਮ ਸਾਫ ਰਿਹਾ। ਮੌਸਮ ਵਿਭਾਗ (IMD) ਨੇ ਬਿਲਾਸਪੁਰ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ 16 ਨਵੰਬਰ ਤੱਕ ਧੂੰਆਂ ਲੋਕਾਂ ਨੂੰ ਪ੍ਰੇਸ਼ਾਨ ਕਰੇਗਾ। ਵਿਜ਼ੀਬਿਲਟੀ 50 ਮੀਟਰ ਤੋਂ ਹੇਠਾਂ ਆ ਜਾਵੇਗੀ। ਇਸ ਦੇ ਮੱਦੇਨਜ਼ਰ ਡਰਾਈਵਰਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਧੁੰਦ ਕਾਰਨ ਕੱਲ੍ਹ ਕਾਂਗੜਾ ਦੇ ਗਾਗਲ ਹਵਾਈ ਅੱਡੇ ‘ਤੇ ਚਾਰ ਉਡਾਣਾਂ ਨਹੀਂ ਉਤਰ ਸਕੀਆਂ ਅਤੇ ਉਨ੍ਹਾਂ ਨੂੰ ਰੱਦ ਕਰਨਾ ਪਿਆ। ਆਈਐਮਡੀ ਮੁਤਾਬਕ ਅਗਲੇ 3 ਦਿਨਾਂ ਤੱਕ ਮੌਸਮ ਸਾਫ਼ ਰਹੇਗਾ। ਪੱਛਮੀ ਗੜਬੜੀ 15 ਨਵੰਬਰ ਨੂੰ ਮੁੜ ਸਰਗਰਮ ਹੋ ਜਾਵੇਗੀ। ਇਸ ਕਾਰਨ ਚੰਬਾ ਅਤੇ ਲਾਹੌਲ ਸਪਿਤੀ ਦੀਆਂ ਉੱਚੀਆਂ ਚੋਟੀਆਂ ‘ਤੇ ਫਿਰ ਤੋਂ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਪਰ ਬਾਕੀ 10 ਜ਼ਿਲ੍ਹਿਆਂ ਵਿੱਚ ਮੌਸਮ ਸਾਫ਼ ਰਹੇਗਾ। ਰਾਜ ਵਿੱਚ ਮਾਨਸੂਨ ਤੋਂ ਬਾਅਦ ਦੇ ਸੀਜ਼ਨ ਵਿੱਚ ਆਮ ਨਾਲੋਂ 98 ਫੀਸਦੀ ਘੱਟ ਮੀਂਹ ਪਿਆ ਹੈ। 1 ਅਕਤੂਬਰ ਤੋਂ 11 ਨਵੰਬਰ ਦਰਮਿਆਨ 31.8 ਮਿਲੀਮੀਟਰ ਵਰਖਾ ਹੋਈ ਹੈ। ਪਰ ਇਸ ਵਾਰ 0.7 ਮਿਲੀਮੀਟਰ ਮੀਂਹ ਪਿਆ ਹੈ। ਚੰਬਾ, ਹਮੀਰਪੁਰ, ਬਿਲਾਸਪੁਰ, ਸੋਲਨ, ਸਿਰਮੌਰ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ 42 ਦਿਨਾਂ ਤੋਂ ਪਾਣੀ ਦੀ ਇੱਕ ਵੀ ਬੂੰਦ ਨਹੀਂ ਪਈ। ਹੋਰ 6 ਜ਼ਿਲ੍ਹਿਆਂ ਵਿੱਚ ਵੀ ਬਾਰਿਸ਼ ਹੋਈ ਹੈ।ਸ ਸੂਬੇ ਦੇ ਸੈਰ ਸਪਾਟਾ ਕਾਰੋਬਾਰੀ ਵੀ ਸੋਕੇ ਕਾਰਨ ਚਿੰਤਤ ਹਨ। ਕਿਸਾਨ ਵੀ ਸੋਕੇ ਦਾ ਸ਼ਿਕਾਰ ਹੋ ਰਹੇ ਹਨ। ਇਸ ਵਾਰ ਸੂਬੇ ਵਿੱਚ ਕਣਕ ਦੀ ਬਿਜਾਈ ਦਾ ਸਹੀ ਸਮਾਂ ਲੰਘ ਗਿਆ ਹੈ। ਪਰ ਹੁਣ ਤੱਕ ਕਿਸਾਨ 10 ਫੀਸਦੀ ਜ਼ਮੀਨ ‘ਤੇ ਹੀ ਕਣਕ ਦੀ ਬਿਜਾਈ ਕਰ ਸਕੇ ਹਨ।

ਇੱਕ ਮਹੀਨੇ ਦੇ ਸੁੱਕੇ ਤੋਂ ਬਾਅਦ ਹਿਮਾਚਲ ’ਚ ਹੋਈ ਬਰਫ਼ਬਾਰੀ! Read More »

ਚੋਣ ਕਮਿਸ਼ਨ ਵੱਲੋਂ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਨੂੰ ਨੋਟਿਸ ਜਾਰੀ

ਚੰਡੀਗੜ੍ਹ, 12 ਨਵੰਬਰ – ਪੰਜਾਬ ਵਿਚ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਵੱਖ ਵੱਖ ਆਗੂਆਂ ਵੱਲੋਂ ਚੋਣ ਪ੍ਰਚਾਰ ਜਾਰੀ ਹੈ। ਇਸ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਦੇ ਚਲਿਦਆਂ ਕਾਂਗਰਸੀ ਆਗੂ ਰਾਜਾ ਵੜਿੰਗ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ’ਤੇ ਨੋਟਿਸ ਜਾਰੀ ਕੀਤਾ ਗਿਆ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੋਹਾਂ ਆਗੂਆਂ ਤੋਂ 24 ਘੰਟਿਆਂ ਅੰਦਰ ਨੋਟਿਸ ਦਾ ਜਵਾਬ ਮੰਗਿਆ ਗਿਆ ਹੈ। ਮੁਢਲੀ ਜਾਣਕਾਰੀ ਅਨੁਸਾਰ ਕਾਂਗਰਸੀ ਆਗੂ ਰਾਜਾ ਵੜਿੰਗ ਚੋਣ ਪ੍ਰਚਾਰ ਦੌਰਾਨ ਇੱਕ ਮਸਜਿਦ ਵਿਚ ਪੁੱਜੇ ਸਨ। ਉਧਰ ਭਾਜਪਾ ਆਗੂ ਮਨਪ੍ਰੀਤ ਬਾਦਲ ਨੂੰ ਨੌਜਵਾਨਾਂ ਨੂੰ ਨੌਕਰੀਆਂ ਦਾ ਲਾਲਚ ਦੇਣ ਬਾਰੇ ਵੀਡੀਓ ਵਾਇਰਲ ਹੋਣ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ। ਹਾਲਾਂਕਿ ਨੋਟਿਸਾਂ ਦੇ ਕਾਰਨਾਂ ਦੀ ਪੁਸ਼ਟੀ ਹੋਣੀ ਹਾਲੇ ਬਾਕੀ ਹੈ। ਇਸ ਤੋਂ ਪਹਿਲਾਂ ਆਮ ਆਦਮ ਪਾਰਟੀ ਦੇ ਆਗੂਆਂ ਵੱਲੋਂ ‘ਆਪ ਪੰਜਾਬ’ ਦੇ ਐਕਸ ਹੈਡਲ ’ਤੇ ਵੀਡੀਓ ਜਾਰੀ ਕਰਦਿਆਂ ਕਾਂਗਰਸੀ ਆਗੂ ਖ਼ਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਲਾਏ ਗਏ ਸਨ।

ਚੋਣ ਕਮਿਸ਼ਨ ਵੱਲੋਂ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਨੂੰ ਨੋਟਿਸ ਜਾਰੀ Read More »

ਮੰਡੀਆਂ ‘ਚ ਝੋਨੇ ਵੇਚਣ ਆਏ ਕਿਸਾਨਾਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ

ਬਠਿੰਡਾ, 12 ਨਵੰਬਰ – ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਏਕੇ ਕਲਾਂ ਵਿੱਚ ਝੋਨੇ ਦੀ ਖ਼ਰੀਦ ਵਿੱਚ ਦੇਰੀ ਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਸੋਮਵਾਰ ਦੇਰ ਸ਼ਾਮ ਪੁਲਿਸ ਅਤੇ ਕਿਸਾਨਾਂ ਦਰਮਿਆਨ ਝੜਪ ਹੋ ਗਈ। ਕਿਸਾਨਾਂ ਦਾ ਇਲਜਾਮ ਹੈ ਕਿ ਉਨ੍ਹਾਂ ਉੱਤੇ ਲਾਠੀਚਾਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਹੁਣ ਕਿਸਾਨ ਲੀਡਰਾਂ ਤੇ ਸਿਆਸੀ ਲੀਡਰਾਂ ਵੱਲੋਂ ਇਸ ਦਾ ਜਮ ਕੇ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਇਸ ਘਟਨਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ਸੂਬਾ ਸਰਕਾਰ ‘ਤੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੇਂਦਰ ਸਰਕਾਰ ਨਾਲ ਹੱਥ ਮਿਲਾਇਆ ਹੋਇਆ ਹੈ ਅਤੇ ਵੱਡੇ ਘਰਾਣੇ ਕਿਸਾਨਾਂ ਦੀਆਂ ਮੰਡੀਆਂ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ, ਝੋਨੇ ਦੀ ਖਰੀਦ ਨੂੰ ਲੈ ਕੇ ਬਠਿੰਡਾ ਦੇ ਪਿੰਡ ਰਾਏ ਕੇ ਕਲਾਂ ਵਿਖੇ ਕਿਸਾਨਾਂ ਉੱਪਰ ਕੀਤੇ ਲਾਠੀਚਾਰਜ ਦੀ ਸਖ਼ਤ ਨਿੰਦਾ ਕਰਦੀ ਹਾਂ, ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਮੰਡੀ ਵਿੱਚ ਫ਼ਸਲ ਵੇਚਣ ਗਏ ਕਿਸਾਨਾਂ ਉੱਪਰ ਡਾਂਗਾਂ ਵਰਾਈਆਂ ਗਈਆਂ ਹਨ, ਕਿਸਾਨ ਦੀ ਫ਼ਸਲ ਨਹੀਂ ਵਿਕ ਰਹੀ, ਕਿਸਾਨਾਂ ਦੀ ਫ਼ਸਲ ਉੱਪਰ ਕੱਟ ਲਗਾਇਆ ਜਾ ਰਿਹਾ ਹੈ, ਪੰਜਾਬ ਦੀ ਨਿਕੰਮੀ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਉਹਨਾਂ ਉੱਪਰ ਲਾਠੀਚਾਰਜ ਕਰਵਾ ਰਹੀ ਹੈ, ਭਗਵੰਤ ਮਾਨ ਕੁਝ ਸ਼ਰਮ ਕਰੋਅਕਾਲੀ ਦਲ ਯੂਥ ਦੇ ਕੌਮੀ ਸਕੱਤਰ ਸਰਬਜੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਅਤੇ ਨਾ ਮੰਨਣਯੋਗ ਹੈ। ਪਹਿਲਾਂ ਤੁਸੀਂ ਸਮੇਂ ਸਿਰ ਝੋਨੇ ਦੀ ਖਰੀਦ ਕਰਨ ਵਿੱਚ ਅਸਫਲ ਰਹਿੰਦੇ ਹੋ, ਅਤੇ ਹੁਣ ਤੁਸੀਂ ਸਾਡੇ ਕਿਸਾਨਾਂ ‘ਤੇ ਮੰਡੀਆਂ ਵਿੱਚ ਲਾਠੀਆਂ ਤੇ ਵਾਧੂ ਤਾਕਤ ਦੀ ਵਰਤੋਂ ਕਰ ਰਹੇ ਹੋ, ਜੋ ਸਿਰਫ ਆਪਣੀ ਫਸਲ ਦੀ ਖਰੀਦ ਅਤੇ ਸਹੀ ਅਦਾਇਗੀ ਦੀ ਮੰਗ ਕਰ ਰਹੇ ਹਨ। ਇਸ ਤਰ੍ਹਾਂ ਦਾ ‘ਬਦਲਾਅ’ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸਰਕਾਰ ਤੋਂ ਨਹੀਂ ਚਾਹੀਦੀ।

ਮੰਡੀਆਂ ‘ਚ ਝੋਨੇ ਵੇਚਣ ਆਏ ਕਿਸਾਨਾਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ Read More »

ਸਿਮਰਨਜੀਤ ਸਿੰਘ ਮਾਨ ਨੇ ਕਰਵਾਈ ਵਿਦੇਸ਼ਾਂ ’ਚ ਫਸੀਆਂ ਦੋ ਲੜਕੀਆਂ ਦੀ ਘਰ ਵਾਪਸੀ

ਬਰਨਾਲਾ, 12 ਨਵੰਬਰ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸਾਬਕਾ ਐਮ.ਪੀ. ਸਿਮਰਨਜੀਤ ਸਿੰਘ ਮਾਨ ਦੀ ਮਿਹਨਤ ਸਦਕਾ ਵਿਦੇਸ਼ ਵਿੱਚ ਫਸੀਆਂ ਦੋ ਲੜਕੀਆਂ ਗੀਤਾ ਬਰਨਾਲਾ ਅਤੇ ਮਨਦੀਪ ਕੌਰ ਸੰਗਰੂਰ ਦੀ ਘਰ ਵਾਪਸੀ ਸੰਭਵ ਹੋ ਪਾਈ ਹੈ। ਪ੍ਰੈਸ ਕਾਨਫਰੰਸ ਦੌਰਾਨ ਆਪਣੀ ਹੱਡ ਬੀਤੀ ਸੁਣਾਉਂਦਿਆਂ ਪੀੜਤ ਲੜਕੀਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਠੱਗ ਏਜੰਟਾਂ ਨੇ ਉਹਨਾਂ ਨੂੰ ਓਮਾਨ ਅਤੇ ਦੁਬਈ ਵਿੱਚ ਫਸਾ ਦਿੱਤਾ ਸੀ, ਜਿੱਥੇ ਉਹਨਾਂ ਨੂੰ ਬੰਦਕ ਬਣਾ ਕੇ ਕੰਮ ਕਰਵਾਇਆ ਜਾਂਦਾ ਸੀ। ਵਿਦੇਸ਼ ਵਿਚ ਹੋ ਰਹੇ ਅੱਤਿਆਚਾਰਾਂ ਤੋਂ ਖਹਿੜਾ ਛੁਡਾਉਣ ਲਈ ਉਹਨਾਂ ਦੇ ਪਰਿਵਾਰ ਨੇ ਹਰੇਕ ਪਾਰਟੀ ਦੇ ਲੀਡਰ ਤੱਕ ਪਹੁੰਚ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਬਾਅਦ ਪਰਿਵਾਰ ਸ਼੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ) ਦੇ ਜ਼ਿਲ੍ਹਾ ਜਥੇਦਾਰ ਦਰਸ਼ਨ ਸਿੰਘ ਮੰਡੇਰ ਨੂੰ ਮਿਲਿਆ ਜਿਨ੍ਹਾਂ ਨੇ ਉਹਨਾਂ ਦੀ ਮੁਲਾਕਾਤ ਸਿਮਰਨਜੀਤ ਸਿੰਘ ਮਾਨ ਨਾਲ ਕਰਵਾਈ ਅਤੇ ਸ. ਮਾਨ ਨੇ ਪਾਰਟੀ ਦੇ ਅਰਬ ਦੇਸ਼ਾਂ ਦੇ ਇੰਚਾਰਜ ਅਵਤਾਰ ਸਿੰਘ ਚੱਕ ਅਤੇ ਅੰਬੈਸੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਪਰੋਕਤ ਪੀੜਤ ਲੜਕੀਆਂ ਦੀ ਘਰ ਵਾਪਸੀ ਕਰਵਾਈ। ਪੀੜਤ ਲੜਕੀ ਗੀਤਾ ਬਰਨਾਲਾ ਦੀ ਮਾਤਾ ਸੁੱਖੀ ਕੌਰ ਬਰਨਾਲਾ ਨੇ ਕਿਹਾ ਕਿ ਜੇਕਰ ਸਰਦਾਰ ਸਿਮਰਨਜੀਤ ਸਿੰਘ ਮਾਨ ਨਾ ਹੁੰਦੇ ਤਾਂ ਅੱਜ ਉਹਨਾਂ ਦੀਆਂ ਧੀਆਂ ਦੀ ਘਰ ਵਾਪਸੀ ਹੋਣੀ ਸੰਭਵ ਨਹੀਂ ਸੀ। ਇਸ ਮੌਕੇ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਸਾਡੀਆਂ ਸਰਕਾਰਾਂ ਦੀ ਨੇ ਨਲਾਇਕੀ ਹੈ ਕਿ ਸਾਡੇ ਬੱਚੇ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਮੂੰਹ ਕਰ ਰਹੇ ਹਨ। ਭਾਰਤ ਸਰਕਾਰ ਨੂੰ ਵਿਦੇਸ਼ ਜਾਣ ਵਾਲੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।

ਸਿਮਰਨਜੀਤ ਸਿੰਘ ਮਾਨ ਨੇ ਕਰਵਾਈ ਵਿਦੇਸ਼ਾਂ ’ਚ ਫਸੀਆਂ ਦੋ ਲੜਕੀਆਂ ਦੀ ਘਰ ਵਾਪਸੀ Read More »

ਕ੍ਰਿਕਟ ਕੂਟਨੀਤੀ

ਭਾਰਤ ਵੱਲੋਂ ਆਈਸੀਸੀ ਚੈਂਪੀਅਨਜ਼ ਟਰਾਫੀ ਲਈ 2025 ਵਿੱਚ ਪਾਕਿਸਤਾਨ ਨਾ ਜਾਣ ਦਾ ਫ਼ੈਸਲਾ ਦੋਵਾਂ ਦੇਸ਼ਾਂ ਵਿਚਾਲੇ ਚਿਰਾਂ ਤੋਂ ਕਾਇਮ ਤਣਾਅ ਵਾਲੇ ਅਧਿਆਇ ਦਾ ਹੀ ਪ੍ਰਤੀਕ ਹੈ। ਇਹ ਰੁਖ਼ ਖੇਡ ਕੂਟਨੀਤੀ ਦੇ ਆਸ਼ਾਜਨਕ ਮਾਰਗ ’ਚ ਵਿਘਨ ਪਾਉਣ ਵਾਲਾ ਹੈ ਜੋ ਕ੍ਰਿਕਟ ਦੇ ਦੀਵਾਨੇ ਦੋ ਮੁਲਕਾਂ ਦਰਮਿਆਨ ਸਦਭਾਵਨਾ ਨੂੰ ਹੁਲਾਰਾ ਦੇ ਸਕਦਾ ਹੈ। ਅੱਠ ਸਾਲਾਂ ਦੇ ਵਕਫ਼ੇ ਮਗਰੋਂ ਪਾਕਿਸਤਾਨ ਵੱਲੋਂ ਕਰਵਾਈ ਜਾ ਰਹੀ ਚੈਂਪੀਅਨਜ਼ ਟਰਾਫੀ ਦੇ ਮੈਚ ਲਾਹੌਰ, ਰਾਵਲਪਿੰਡੀ ਤੇ ਕਰਾਚੀ ਵਿੱਚ ਹੋਣਗੇ ਅਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਭਾਰਤ ਦੇ ਮੈਚ ਬੰਦੋਬਸਤਾਂ ਦੀ ਸੌਖ ਦੇ ਲਿਹਾਜ਼ ਨਾਲ ਸਰਹੱਦ ਨੇੜੇ ਕਰਵਾਉਣ ਦੀ ਯੋਜਨਾ ’ਤੇ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਪੀਸੀਬੀ ਨੇ ਹਾਈਬ੍ਰਿਡ ਮਾਡਲ ਦੀ ਤਜਵੀਜ਼ ਰੱਖੀ ਹੈ ਜਿਸ ਤਹਿਤ ਭਾਰਤ ਦੀ ਟੀਮ ਨਵੀਂ ਦਿੱਲੀ ਜਾਂ ਚੰਡੀਗੜ੍ਹ ਠਹਿਰੇਗੀ ਜਿੱਥੋਂ ਚਾਰਟਰਡ ਉਡਾਣਾਂ ਲਾਹੌਰ ਵਿੱਚ ਹੋਣ ਵਾਲੇ ਮੈਚਾਂ ਲਈ ਚੱਲਣਗੀਆਂ। ਇਸ ਤਰ੍ਹਾਂ ਭਾਰਤ ਦੇ ਸੁਰੱਖਿਆ ਸਬੰਧੀ ਫ਼ਿਕਰਾਂ ਨੂੰ ਤਰਜੀਹੀ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਤਰ੍ਹਾਂ ਦੀ ਪਹੁੰਚ ਯਾਤਰਾ ਨਾਲ ਜੁੜੇ ਮਸਲਿਆਂ ਨੂੰ ਸੁਲਝਾ ਸਕਦੀ ਹੈ ਅਤੇ ਦੋ ਕ੍ਰਿਕਟ ਬੋਰਡਾਂ ਵਿਚਾਲੇ ਸਹਿਯੋਗ ਦੀ ਇਤਿਹਾਸਕ ਮਿਸਾਲ ਵੀ ਬਣ ਸਕਦੀ ਹੈ ਪਰ ਬਦਕਿਸਮਤੀ ਨਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਬਿਨਾਂ ਕਿਸੇ ਠੋਸ ਕੂਟਨੀਤਕ ਰਾਬਤੇ ਦੇ ਸੁਰੱਖਿਆ ਫ਼ਿਕਰਾਂ ਦੇ ਹਵਾਲੇ ਨਾਲ ਹੱਥ ਪਿਛਾਂਹ ਖਿੱਚ ਲਏ ਹਨ। ਪਿਛਲੇ ਕਈ ਵਰ੍ਹਿਆਂ ’ਚ ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ (2016) ਅਤੇ ਇੱਕ ਰੋਜ਼ਾ ਵਿਸ਼ਵ ਕੱਪ (2023) ਲਈ ਭਾਰਤ ਦਾ ਦੌਰਾ ਕਰ ਕੇ ਸਦਭਾਵਨਾ ਦਾ ਮੁਜ਼ਾਹਰਾ ਕੀਤਾ ਹੈ। ਬਦਲੇ ’ਚ ਇਸੇ ਤਰ੍ਹਾਂ ਨਾ ਕਰਨਾ ਚੁਣ ਕੇ ਭਾਰਤ ਖੇਡਾਂ ਨੂੰ ਸ਼ਾਂਤੀ ਦੇ ਪੁਲ ਵਜੋਂ ਵਰਤਣ ਦੀ ਸੰਭਾਵਨਾ ਨੂੰ ਜੋਖ਼ਿਮ ਵਿੱਚ ਪਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕ੍ਰਿਕਟ ਕੂਟਨੀਤੀ ਭਾਵੇਂ ਪ੍ਰਤੀਕਾਤਮਕ ਤੌਰ ’ਤੇ ਹੀ ਸਹੀ ਪਰ ਦੋਹਾਂ ਮੁਲਕਾਂ ਵਿਚਕਾਰ ਤਣਾਅ ਘੱਟ ਕਰਨ ਦਾ ਅਹਿਮ ਮੰਚ ਬਣਦੀ ਰਹੀ ਹੈ। ਚੈਂਪੀਅਨਜ਼ ਟਰਾਫ਼ੀ ਵਿੱਚ ਹਿੱਸਾ ਲੈ ਕੇ ਭਾਰਤ ਸਿਆਸੀ ਵਖਰੇਵਿਆਂ ਦੇ ਬਾਵਜੂਦ ਗੁਆਂਢੀਆਂ ਨਾਲ ਉਸਾਰੂ ਰਿਸ਼ਤੇ ਕਾਇਮ ਕਰਨ ਦੀ ਆਪਣੀ ਵਚਨਬੱਧਤਾ ਪਕੇਰਾ ਕਰ ਸਕਦਾ ਹੈ। ਯਾਤਰਾ ਤੋਂ ਇਸ ਦਾ ਇਨਕਾਰ ਸ਼ਾਇਦ ਟੂਰਨਾਮੈਂਟ ਨੂੰ ਮੁਲਤਵੀ ਕਰਨ ਜਾਂ ਹਾਈਬ੍ਰਿਡ ਮਾਡਲ ਅਪਨਾਉਣ ਦੀ ਲੋੜ ਪੈਦਾ ਕਰ ਸਕਦਾ ਹੈ। ਭਾਰਤ ਫ਼ੈਸਲੇ ਨੂੰ ਮੁੜ ਵਿਚਾਰ ਕੇ ਖੇਤਰੀ ਸਥਿਰਤਾ ਨੂੰ ਮਜ਼ਬੂਤ ਬਣਾ ਸਕਦਾ ਹੈ ਅਤੇ ਨਾਲ ਹੀ ਕੌਮਾਂਤਰੀ ਮੰਚ ਉੱਤੇ ਖੇਡ ਭਾਵਨਾ ਨੂੰ ਵੀ ਕਾਇਮ ਰੱਖ ਸਕਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਕ੍ਰਿਕਟ ਦੀ ਇਕਜੁੱਟ ਕਰਨ ਦੀ ਸ਼ਕਤੀ ਨੂੰ ਪ੍ਰਗਟ ਹੋਣ ਦਈਏ ਅਤੇ ਸਿਆਸੀ ਵੰਡੀਆਂ ਤੋਂ ਪਾਰ ਲੰਘ ਜਾਈਏ। ਆਖ਼ਿਰਕਾਰ, ਖੇਡ ਕੂਟਨੀਤੀ ਸਿਰਫ਼ ਮੈਦਾਨ ਵਿੱਚ ਜਿੱਤਣ ਨਾਲ ਸਬੰਧਿਤ ਨਹੀਂ ਬਲਕਿ ਉਸ ਤੋਂ ਅੱਗੇ ਅਸੀਂ ਕੀ ਖੱਟਦੇ ਹਾਂ, ਉਸ ਨਾਲ ਵੀ ਜੁੜੀ ਹੋਈ ਹੈ। ਇਸ ਲਈ ਇਹ ਮੌਕਾ ਗੁਆਉਣਾ ਨਹੀਂ ਚਾਹੀਦਾ।

ਕ੍ਰਿਕਟ ਕੂਟਨੀਤੀ Read More »

ਪੰਜਾਬ ਦੇ 5 ਜ਼ਿਲ੍ਹਿਆਂ ‘ਚ ਧੁੰਦ ਦਾ ਯੈਲੋ ਅਲਰਟ ਜਾਰੀ

ਹਿਮਾਲਿਆ ਖੇਤਰ ‘ਚ ਬਰਫਬਾਰੀ ਨਾ ਹੋਣ ਕਾਰਨ ਪੰਜਾਬ ਅਤੇ ਚੰਡੀਗੜ੍ਹ ‘ਚ ਤਾਪਮਾਨ ਅਜੇ ਵੀ ਆਮ ਨਾਲੋਂ ਵੱਧ ਹੈ। ਪੰਜਾਬ ਵਿੱਚ 5 ਡਿਗਰੀ ਅਤੇ ਚੰਡੀਗੜ੍ਹ ਵਿੱਚ 4 ਡਿਗਰੀ ਤਾਪਮਾਨ ਆਮ ਨਾਲੋਂ ਵੱਧ ਪਾਇਆ ਜਾ ਰਿਹਾ ਹੈ। ਇਸ ਦੌਰਾਨ, ਪੱਛਮੀ ਹਿਮਾਲਿਆ ਵਿੱਚ ਇੱਕ ਵੈਸਟਰਨ ਡਿਸਟਰਬੈਂਸ (ਡਬਲਯੂਡੀ) ਸਰਗਰਮ ਹੋ ਗਿਆ ਹੈ। ਡਬਲਯੂ ਡੀ ਤੋਂ ਦੂਰੀ ਹੋਣ ਕਾਰਨ ਪੰਜਾਬ ‘ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਤਾਪਮਾਨ ‘ਚ ਮਾਮੂਲੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪਾਕਿਸਤਾਨ ਨਾਲ ਲੱਗਦੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਵੀ ਧੁੰਦ ਦਾ ਅਸਰ ਦੇਖਿਆ ਗਿਆ ਹੈ, ਜਿਸ ਕਾਰਨ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਵਿੱਚ 14 ਨਵੰਬਰ ਤੱਕ ਧੁੰਦ ਰਹਿ ਸਕਦੀ ਹੈ। ਧੂੰਆਂ ਹਵਾਈ ਮਾਰਗਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਸੋਮਵਾਰ ਨੂੰ ਲਗਾਤਾਰ ਤੀਜੇ ਦਿਨ ਅੰਮ੍ਰਿਤਸਰ-ਪੁਣੇ ਫਲਾਈਟ ਨੂੰ ਦਿੱਲੀ ਮੋੜ ਦਿੱਤਾ ਗਿਆ। ਚੰਡੀਗੜ੍ਹ ਅਤੇ ਪੰਜਾਬ ਵਿੱਚ ਧੂੰਏਂ ਨੇ ਲਗਾਤਾਰ ਲੋਕਾਂ ਦਾ ਦਮ ਘੁੱਟਿਆ ਹੋਇਆ ਹੈ। ਚੰਡੀਗੜ੍ਹ ਲਗਾਤਾਰ ਰੈੱਡ ਜ਼ੋਨ ਵਿੱਚ ਹੈ। ਸੈਕਟਰ 22 ਵਿੱਚ ਸਭ ਤੋਂ ਵੱਧ AQI 405 ਦਰਜ ਕੀਤਾ ਗਿਆ। ਜਦੋਂਕਿ ਏਕਿਊਆਈ ਸੈਕਟਰ 25 ਵਿੱਚ 339 ਅਤੇ ਸੈਕਟਰ 53 ਵਿੱਚ 390 ਤੱਕ ਪਹੁੰਚ ਗਿਆ। ਇਸੇ ਤਰ੍ਹਾਂ ਮੰਡੀ ਗੋਬਿੰਦਗੜ੍ਹ ਵਿੱਚ AQI 357 ਤੱਕ ਪਹੁੰਚ ਗਿਆ। ਜਦੋਂ ਕਿ ਸਭ ਤੋਂ ਵੱਧ AQI ਅੰਮ੍ਰਿਤਸਰ ਵਿੱਚ 306, ਬਠਿੰਡਾ ਵਿੱਚ 322, ਜਲੰਧਰ ਵਿੱਚ 317, ਖੰਨਾ ਵਿੱਚ 227, ਲੁਧਿਆਣਾ ਵਿੱਚ 308, ਪਟਿਆਲਾ ਵਿੱਚ 304 ਅਤੇ ਰੂਪਨਗਰ ਵਿੱਚ 299 ਦਰਜ ਕੀਤਾ ਗਿਆ। ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਤਾਪਮਾਨ ਚੰਡੀਗੜ੍ਹ— ਸੋਮਵਾਰ ਨੂੰ ਤਾਪਮਾਨ 28.3 ਡਿਗਰੀ ਦਰਜ ਕੀਤਾ ਗਿਆ। ਸਵੇਰੇ ਹਲਕੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੱਜ ਤਾਪਮਾਨ 17 ਤੋਂ 29 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਅੰਮ੍ਰਿਤਸਰ- ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 25.5 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 2.7 ਡਿਗਰੀ ਘੱਟ ਸੀ। ਅੱਜ ਸੰਘਣੀ ਧੁੰਦ ਦਾ ਅਲਰਟ ਹੈ। ਅੱਜ ਤਾਪਮਾਨ 17 ਤੋਂ 26 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਜਲੰਧਰ— ਸਵੇਰੇ ਹਲਕੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੱਜ ਤਾਪਮਾਨ 17 ਤੋਂ 28 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਲੁਧਿਆਣਾ- ਸੋਮਵਾਰ ਸ਼ਾਮ ਨੂੰ ਤਾਪਮਾਨ 27.4 ਡਿਗਰੀ ਦਰਜ ਕੀਤਾ ਗਿਆ। ਸਵੇਰੇ ਹਲਕੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੱਜ ਤਾਪਮਾਨ 17 ਤੋਂ 28 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਪਟਿਆਲਾ- ਬੀਤੀ ਸ਼ਾਮ ਵੱਧ ਤੋਂ ਵੱਧ ਤਾਪਮਾਨ 28.3 ਡਿਗਰੀ ਦਰਜ ਕੀਤਾ ਗਿਆ। ਸਵੇਰੇ ਹਲਕੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੱਜ ਤਾਪਮਾਨ 17 ਤੋਂ 29 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਮੋਹਾਲੀ— ਸਵੇਰੇ ਹਲਕੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੱਜ ਤਾਪਮਾਨ 19 ਤੋਂ 29 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਪੰਜਾਬ ਦੇ 5 ਜ਼ਿਲ੍ਹਿਆਂ ‘ਚ ਧੁੰਦ ਦਾ ਯੈਲੋ ਅਲਰਟ ਜਾਰੀ Read More »

ਚੋਣ ਕਮਿਸ਼ਨ ਵੱਲੋਂ ਡੇਰਾ ਬਾਬਾ ਨਾਨਕ ਦੇ DSP ਨੂੰ ਹਟਾਉਣ ਦੇ ਹੁਕਮ

ਗੁਰਦਾਸਪੁਰ, 12 ਨਵੰਬਰ – ਡੇਰਾ ਬਾਬਾ ਨਾਨਕ ਸੀਟ ‘ਤੇ ਹੋ ਰਹੀ ਵਿਧਾਨ ਸਭਾ ਜ਼ਿਮਨੀ ਚੋਣ ਦੌਰਾਨ ਹਰਿਆਣਾ ਦੀ ਕੁਰੂਕਸ਼ੇਤਰ ਜੇਲ ‘ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਵੋਟਰਾਂ ਨੂੰ ਧਮਕਾਉਣ ਦੀ ਸ਼ਿਕਾਇਤ ‘ਤੇ ਢੁੱਕਵੀਂ ਕਾਰਵਾਈ ਨਾ ਕਰਨ ਦੇ ਮਾਮਲੇ ‘ਚ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ। ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਡੇਰਾ ਬਾਬਾ ਨਾਨਕ ਦੇ ਡੀਐਸਪੀ ਜਸਬੀਰ ਸਿੰਘ ਨੂੰ ਉਨ੍ਹਾਂ ਦੀਆਂ ਮੌਜੂਦਾ ਡਿਊਟੀਆਂ ਤੋਂ ਤੁਰੰਤ ਮੁਕਤ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਥਾਂ ‘ਤੇ ਨਵਾਂ ਡੀਐਸਪੀ ਨਿਯੁਕਤ ਕਰਨ ਲਈ ਪੰਜਾਬ ਸਰਕਾਰ ਤੋਂ ਤਿੰਨ ਅਧਿਕਾਰੀਆਂ ਦੇ ਨਾਵਾਂ ਦਾ ਪੈਨਲ ਮੰਗਿਆ ਗਿਆ ਹੈ। ਇਸ ਤੋਂ ਇਲਾਵਾ ਹਰਿਆਣਾ ਜੇਲ੍ਹ ਵਿਭਾਗ ਨੂੰ ਪੱਤਰ ਵੀ ਲਿਖਿਆ ਗਿਆ ਹੈ। ਨਾਲ ਹੀ ਜੱਗੂ ਭਗਵਾਨਪੁਰੀਆ ‘ਤੇ ਤਿੱਖੀ ਨਜ਼ਰ ਰੱਖਣ ਦੀ ਬੇਨਤੀ ਕੀਤੀ ਗਈ ਹੈ। ਮੁਲਜ਼ਮਾਂ ਦੇ ਆਸ-ਪਾਸ ਇਲਾਕੇ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਕਿਹਾ ਗਿਆ ਹੈ। ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਦੇ ਪਤੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ। ਉਸ ਦਾ ਇਲਜ਼ਾਮ ਸੀ ਕਿ ਹਰਿਆਣਾ ਦੀ ਕੁਰੂਕਸ਼ੇਤਰ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਵੀਡੀਓ ਕਾਲ ਕਰਕੇ ਲੋਕਾਂ ਨੂੰ ਧਮਕੀਆਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਮਾਮਲਾ ਸਥਾਨਕ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਹੈ। ਪਰ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਇਸ ਮਾਮਲੇ ਦੀ ਜਾਂਚ ਦੀ ਮੰਗ ਉਠਾਈ ਸੀ। ਨਾਲ ਹੀ ਲੋਕਾਂ ਦੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਵੇ। ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਪਰ ਕੋਈ ਕਾਰਵਾਈ ਨਹੀਂ ਹੋਈ। ਮੁਲਜ਼ਮ ਨੂੰ ਸਰਕਾਰ ਦਾ ਸਮਰਥਨ ਹਾਸਲ ਹੈ।

ਚੋਣ ਕਮਿਸ਼ਨ ਵੱਲੋਂ ਡੇਰਾ ਬਾਬਾ ਨਾਨਕ ਦੇ DSP ਨੂੰ ਹਟਾਉਣ ਦੇ ਹੁਕਮ Read More »