ਕ੍ਰਿਕਟ ਕੂਟਨੀਤੀ

ਭਾਰਤ ਵੱਲੋਂ ਆਈਸੀਸੀ ਚੈਂਪੀਅਨਜ਼ ਟਰਾਫੀ ਲਈ 2025 ਵਿੱਚ ਪਾਕਿਸਤਾਨ ਨਾ ਜਾਣ ਦਾ ਫ਼ੈਸਲਾ ਦੋਵਾਂ ਦੇਸ਼ਾਂ ਵਿਚਾਲੇ ਚਿਰਾਂ ਤੋਂ ਕਾਇਮ ਤਣਾਅ ਵਾਲੇ ਅਧਿਆਇ ਦਾ ਹੀ ਪ੍ਰਤੀਕ ਹੈ। ਇਹ ਰੁਖ਼ ਖੇਡ ਕੂਟਨੀਤੀ ਦੇ ਆਸ਼ਾਜਨਕ ਮਾਰਗ ’ਚ ਵਿਘਨ ਪਾਉਣ ਵਾਲਾ ਹੈ ਜੋ ਕ੍ਰਿਕਟ ਦੇ ਦੀਵਾਨੇ ਦੋ ਮੁਲਕਾਂ ਦਰਮਿਆਨ ਸਦਭਾਵਨਾ ਨੂੰ ਹੁਲਾਰਾ ਦੇ ਸਕਦਾ ਹੈ। ਅੱਠ ਸਾਲਾਂ ਦੇ ਵਕਫ਼ੇ ਮਗਰੋਂ ਪਾਕਿਸਤਾਨ ਵੱਲੋਂ ਕਰਵਾਈ ਜਾ ਰਹੀ ਚੈਂਪੀਅਨਜ਼ ਟਰਾਫੀ ਦੇ ਮੈਚ ਲਾਹੌਰ, ਰਾਵਲਪਿੰਡੀ ਤੇ ਕਰਾਚੀ ਵਿੱਚ ਹੋਣਗੇ ਅਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਭਾਰਤ ਦੇ ਮੈਚ ਬੰਦੋਬਸਤਾਂ ਦੀ ਸੌਖ ਦੇ ਲਿਹਾਜ਼ ਨਾਲ ਸਰਹੱਦ ਨੇੜੇ ਕਰਵਾਉਣ ਦੀ ਯੋਜਨਾ ’ਤੇ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਪੀਸੀਬੀ ਨੇ ਹਾਈਬ੍ਰਿਡ ਮਾਡਲ ਦੀ ਤਜਵੀਜ਼ ਰੱਖੀ ਹੈ ਜਿਸ ਤਹਿਤ ਭਾਰਤ ਦੀ ਟੀਮ ਨਵੀਂ ਦਿੱਲੀ ਜਾਂ ਚੰਡੀਗੜ੍ਹ ਠਹਿਰੇਗੀ ਜਿੱਥੋਂ ਚਾਰਟਰਡ ਉਡਾਣਾਂ ਲਾਹੌਰ ਵਿੱਚ ਹੋਣ ਵਾਲੇ ਮੈਚਾਂ ਲਈ ਚੱਲਣਗੀਆਂ। ਇਸ ਤਰ੍ਹਾਂ ਭਾਰਤ ਦੇ ਸੁਰੱਖਿਆ ਸਬੰਧੀ ਫ਼ਿਕਰਾਂ ਨੂੰ ਤਰਜੀਹੀ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਤਰ੍ਹਾਂ ਦੀ ਪਹੁੰਚ ਯਾਤਰਾ ਨਾਲ ਜੁੜੇ ਮਸਲਿਆਂ ਨੂੰ ਸੁਲਝਾ ਸਕਦੀ ਹੈ ਅਤੇ ਦੋ ਕ੍ਰਿਕਟ ਬੋਰਡਾਂ ਵਿਚਾਲੇ ਸਹਿਯੋਗ ਦੀ ਇਤਿਹਾਸਕ ਮਿਸਾਲ ਵੀ ਬਣ ਸਕਦੀ ਹੈ ਪਰ ਬਦਕਿਸਮਤੀ ਨਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਬਿਨਾਂ ਕਿਸੇ ਠੋਸ ਕੂਟਨੀਤਕ ਰਾਬਤੇ ਦੇ ਸੁਰੱਖਿਆ ਫ਼ਿਕਰਾਂ ਦੇ ਹਵਾਲੇ ਨਾਲ ਹੱਥ ਪਿਛਾਂਹ ਖਿੱਚ ਲਏ ਹਨ।

ਪਿਛਲੇ ਕਈ ਵਰ੍ਹਿਆਂ ’ਚ ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ (2016) ਅਤੇ ਇੱਕ ਰੋਜ਼ਾ ਵਿਸ਼ਵ ਕੱਪ (2023) ਲਈ ਭਾਰਤ ਦਾ ਦੌਰਾ ਕਰ ਕੇ ਸਦਭਾਵਨਾ ਦਾ ਮੁਜ਼ਾਹਰਾ ਕੀਤਾ ਹੈ। ਬਦਲੇ ’ਚ ਇਸੇ ਤਰ੍ਹਾਂ ਨਾ ਕਰਨਾ ਚੁਣ ਕੇ ਭਾਰਤ ਖੇਡਾਂ ਨੂੰ ਸ਼ਾਂਤੀ ਦੇ ਪੁਲ ਵਜੋਂ ਵਰਤਣ ਦੀ ਸੰਭਾਵਨਾ ਨੂੰ ਜੋਖ਼ਿਮ ਵਿੱਚ ਪਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕ੍ਰਿਕਟ ਕੂਟਨੀਤੀ ਭਾਵੇਂ ਪ੍ਰਤੀਕਾਤਮਕ ਤੌਰ ’ਤੇ ਹੀ ਸਹੀ ਪਰ ਦੋਹਾਂ ਮੁਲਕਾਂ ਵਿਚਕਾਰ ਤਣਾਅ ਘੱਟ ਕਰਨ ਦਾ ਅਹਿਮ ਮੰਚ ਬਣਦੀ ਰਹੀ ਹੈ। ਚੈਂਪੀਅਨਜ਼ ਟਰਾਫ਼ੀ ਵਿੱਚ ਹਿੱਸਾ ਲੈ ਕੇ ਭਾਰਤ ਸਿਆਸੀ ਵਖਰੇਵਿਆਂ ਦੇ ਬਾਵਜੂਦ ਗੁਆਂਢੀਆਂ ਨਾਲ ਉਸਾਰੂ ਰਿਸ਼ਤੇ ਕਾਇਮ ਕਰਨ ਦੀ ਆਪਣੀ ਵਚਨਬੱਧਤਾ ਪਕੇਰਾ ਕਰ ਸਕਦਾ ਹੈ। ਯਾਤਰਾ ਤੋਂ ਇਸ ਦਾ ਇਨਕਾਰ ਸ਼ਾਇਦ ਟੂਰਨਾਮੈਂਟ ਨੂੰ ਮੁਲਤਵੀ ਕਰਨ ਜਾਂ ਹਾਈਬ੍ਰਿਡ ਮਾਡਲ ਅਪਨਾਉਣ ਦੀ ਲੋੜ ਪੈਦਾ ਕਰ ਸਕਦਾ ਹੈ। ਭਾਰਤ ਫ਼ੈਸਲੇ ਨੂੰ ਮੁੜ ਵਿਚਾਰ ਕੇ ਖੇਤਰੀ ਸਥਿਰਤਾ ਨੂੰ ਮਜ਼ਬੂਤ ਬਣਾ ਸਕਦਾ ਹੈ ਅਤੇ ਨਾਲ ਹੀ ਕੌਮਾਂਤਰੀ ਮੰਚ ਉੱਤੇ ਖੇਡ ਭਾਵਨਾ ਨੂੰ ਵੀ ਕਾਇਮ ਰੱਖ ਸਕਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਕ੍ਰਿਕਟ ਦੀ ਇਕਜੁੱਟ ਕਰਨ ਦੀ ਸ਼ਕਤੀ ਨੂੰ ਪ੍ਰਗਟ ਹੋਣ ਦਈਏ ਅਤੇ ਸਿਆਸੀ ਵੰਡੀਆਂ ਤੋਂ ਪਾਰ ਲੰਘ ਜਾਈਏ। ਆਖ਼ਿਰਕਾਰ, ਖੇਡ ਕੂਟਨੀਤੀ ਸਿਰਫ਼ ਮੈਦਾਨ ਵਿੱਚ ਜਿੱਤਣ ਨਾਲ ਸਬੰਧਿਤ ਨਹੀਂ ਬਲਕਿ ਉਸ ਤੋਂ ਅੱਗੇ ਅਸੀਂ ਕੀ ਖੱਟਦੇ ਹਾਂ, ਉਸ ਨਾਲ ਵੀ ਜੁੜੀ ਹੋਈ ਹੈ। ਇਸ ਲਈ ਇਹ ਮੌਕਾ ਗੁਆਉਣਾ ਨਹੀਂ ਚਾਹੀਦਾ।

ਸਾਂਝਾ ਕਰੋ

ਪੜ੍ਹੋ

* ਬੋਲ ਫ਼ਿਲਿਸਤੀਨੀ ਮੁਟਿਆਰ ਦੇ!*

*ਭਾਵੁਕ ਬੋਲ…* *ਇੱਕ ਫ਼ਿਲਿਸਤੀਨੀ* *ਮੁਟਿਆਰ ਦੇ!* ਵੇਦਨਾ,ਪੀੜਾ,ਰੋਹ…. ਫ਼ਿਲਿਸਤੀਨ ਬੋਲਦਾ ਹੈ...