ਰਾਜਗੀਰ, 11 ਨਵੰਬਰ – ਸਟ੍ਰਾਈਕਰ ਸੰਗੀਤਾ ਕੁਮਾਰੀ ਦੇ ਦੋ ਗੋਲਾਂ ਦੀ ਮਦਦ ਨਾਲ ਮੌਜੂਦਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਮਲੇਸ਼ੀਆ ਨੂੰ 4-0 ਨਾਲ ਹਰਾ ਦਿੱਤਾ। ਭਾਰਤ ਲਈ ਸੰਗੀਤਾ ਕੁਮਾਰੀ ਨੇ ਦੋ ਜਦਕਿ ਪ੍ਰੀਤੀ ਦੂਬੇ ਅਤੇ ਉਦਿਤਾ ਨੇ ਇੱਕ-ਇੱਕ ਗੋਲ ਕੀਤਾ। ਭਾਰਤ ਭਲਕੇ ਮੰਗਲਵਾਰ ਨੂੰ ਦੱਖਣੀ ਕੋਰੀਆ ਖ਼ਿਲਾਫ਼ ਖੇਡੇਗਾ। ਹੋਰ ਮੈਚਾਂ ਵਿੱਚ ਜਾਪਾਨ ਨੇ ਕੋਰੀਆ ਨਾਲ 2-2 ਨਾਲ ਡਰਾਅ ਖੇਡਿਆ ਜਦਕਿ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜੇਤੂ ਚੀਨ ਨੇ ਥਾਈਲੈਂਡ ਨੂੰ 15-0 ਨਾਲ ਮਾਤ ਦਿੱਤੀ। ਇਸ ਤੋਂ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫੀ-2024 ਦਾ ਉਦਘਾਟਨ ਕੀਤਾ। ਹਾਕੀ ਇੰਡੀਆ ਅਤੇ ਬਿਹਾਰ ਸਰਕਾਰ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਜਾਣ ਵਾਲਾ ਇਹ ਟੂਰਨਾਮੈਂਟ 20 ਨਵੰਬਰ ਤੱਕ ਚੱਲੇਗਾ। ਟੂਰਨਾਮੈਂਟ ਵਿੱਚ ਭਾਰਤ ਤੋਂ ਇਲਾਵਾ ਚੀਨ, ਥਾਈਲੈਂਡ, ਮਲੇਸ਼ੀਆ, ਦੱਖਣੀ ਕੋਰੀਆ ਅਤੇ ਜਾਪਾਨ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।