admin

ਮੁੱਖ ਸਕੱਤਰ ਵੱਲੋਂ ਪੰਜਾਬ ’ਚ ਬਿਜਲੀ ਸਪਲਾਈ ਅਤੇ ਮੰਗ ਦੇ ਪਾੜੇ ਨੂੰ ਪੂਰਨ ਦੇ ਆਦੇਸ਼

ਚੰਡੀਗੜ੍ਹ, 20 ਜੁਲਾਈ-ਬਿਜਲੀ ਦੀ ਜ਼ਿਆਦਾ ਮੰਗ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਸਪਲਾਈ ਅਤੇ ਮੰਗ ਦੇ ਪਾੜੇ ਨੂੰ ਪੂਰਨ ਦੇ ਉਦੇਸ਼ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂਂ ਉਪਲਬੱਧ ਟਰਾਂਸਫਰ ਸਮਰੱਥਾ (ਏਟੀਸੀ) ਅਤੇ ਕੁੱਲ ਟਰਾਂਸਫਰ ਸਮਰਥਾ (ਟੀਟੀਸੀ) ਨੂੰ ਘੱਟੋ ਘੱਟ 1,500 ਮੈਗਾਵਾਟ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਫੈਸਲਾ ਅੱਜ ਇਥੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ। ਇਸ ਪਹਿਲਕਦਮੀ ਨਾਲ ਲੋਡ ਦੀ ਵੱਧ ਰਹੀ ਮੰਗ ਦੌਰਾਨ ਸੂਬੇ ਵਿੱਚ ਖੇਤੀਬਾੜੀ, ਉਦਯੋਗ ਅਤੇ ਘਰੇਲੂ ਖੇਤਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਵਿਚ ਸਹਾਇਤਾ ਮਿਲੇਗੀ। ਇਸ ਦੌਰਾਨ ਮੁੱਖ ਸਕੱਤਰ ਨੇ ਪਟਿਆਲਾ ਵਿੱਚ ਮਹਾਰਾਜਾ ਭੁਪਿੰਦਰਾ ਸਿੰਘ ਸਪੋਰਟਸ ਯੂਨੀਵਰਸਿਟੀ ਦੀ ਉਸਾਰੀ ਦਾ ਜਾਇਜ਼ਾ ਵੀ ਲਿਆ। ਇਸ ਦੇ ਨਾਲ ਹੀ ਉਹਨਾਂ ਨੇ ਹਲਵਾਰਾ ਹਵਾਈ ਅੱਡੇ ਦੇ ਸੰਚਾਲਨ, ਹੁਸ਼ਿਆਰਪੁਰ, ਕਪੂਰਥਲਾ, ਸੰਗਰੂਰ ਅਤੇ ਮੁਹਾਲੀ ਵਿੱਚ ਮੈਡੀਕਲ ਕਾਲਜ ਸਥਾਪਤ ਕਰਨ, ਗੋਇੰਦਵਾਲ ਸਾਹਿਬ ਵਿਖੇ ਨਵੀਂ ਜੇਲ੍ਹ ਦਾ ਨਿਰਮਾਣ, ਫਾਜ਼ਿਲਕਾ ਵਿੱਚ 100 ਬੈੱਡਾਂ ਦੀ ਸਮਰੱਥਾ ਵਾਲੇ ਹਸਪਤਾਲ ਦੀ ਉਸਾਰੀ, ਅੰਮ੍ਰਿਤਸਰ ਵਿਚ ਸਟੇਟ ਕੈਂਸਰ ਸੈਂਟਰ, ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਐਰੋਟਰੋਪੋਲਿਸ ਹਾਊਸਿੰਗ ਪ੍ਰਾਜੈਕਟ, ਕਾਜੌਲੀ ਵਾਟਰ ਵਰਕਸ ਵਿੱਚ 20-ਐਮਜੀਡੀ ਵਾਟਰ ਟ੍ਰੀਟਮੈਂਟ ਪਲਾਂਟ ਦਾ ਨਿਰਮਾਣ, ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ‘ਤੇ ਚੱਲ ਰਹੇ ਕੰਮ, ਰਾਜਸਥਾਨ ਅਤੇ ਸਰਹਿੰਦ ਫੀਡਰ ਨਹਿਰਾਂ ਨੂੰ ਮੁੜ ਸਥਾਪਿਤ ਕਰਨ ਅਤੇ ਜਨਤਕ ਨਿਵੇਸ਼ ਪ੍ਰਬੰਧਨ ਕਮੇਟੀ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਭਾਗ ਵੱਲੋਂ ਚਲਾਏ ਜਾ ਰਹੇ ਹੋਰ ਵੱਡੇ ਪ੍ਰਾਜੈਕਟਾਂ ਦਾ ਜਾਇਜ਼ਾ ਵੀ ਲਿਆ। ਇਸ ਮੀਟਿੰਗ ਵਿੱਚ ਏਸੀਐੱਸ ਪਾਵਰ ਅਨੁਰਾਗ ਅਗਰਵਾਲ, ਪ੍ਰਮੁੱਖ ਸਕੱਤਰ ਸਰਵਜੀਤ ਸਿੰਘ (ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ), ਵਿਕਾਸ ਪ੍ਰਤਾਪ (ਲੋਕ ਨਿਰਮਾਣ), ਅਲੋਕ ਸ਼ੇਖਰ (ਮੈਡੀਕਲ ਸਿੱਖਿਆ ਅਤੇ ਖੋਜ), ਜਸਪ੍ਰੀਤ ਤਲਵਾੜ (ਜਲ ਸਪਲਾਈ ਅਤੇ ਸੈਨੀਟੇਸ਼ਨ), ਹੁਸਨ ਲਾਲ (ਸਿਹਤ ਅਤੇ ਪਰਿਵਾਰ ਭਲਾਈ), ਅਜੋਏ ਕੁਮਾਰ ਸਿਨਹਾ (ਸਥਾਨਕ ਸਰਕਾਰਾਂ) ਅਤੇ ਰਾਜ ਕਮਲ ਚੌਧਰੀ (ਖੇਡਾਂ ਅਤੇ ਯੁਵਕ ਸੇਵਾਵਾਂ) ਮੌਜੂਦ ਸਨ

ਮੁੱਖ ਸਕੱਤਰ ਵੱਲੋਂ ਪੰਜਾਬ ’ਚ ਬਿਜਲੀ ਸਪਲਾਈ ਅਤੇ ਮੰਗ ਦੇ ਪਾੜੇ ਨੂੰ ਪੂਰਨ ਦੇ ਆਦੇਸ਼ Read More »

ਸਿੱਖ ਕਤਲੇਆਮ 1984: ਸਿੱਟ ਨੇ 11 ਕੇਸਾਂ ਦੀ ਜਾਂਚ ਕੀਤੀ ਖ਼ਤਮ, ਦੋਸ਼ੀਆਂ ਦੀ ਹੋਵੇਗੀ ਜਲਦ ਗ੍ਰਿਫ਼ਤਾਰੀ

ਨਵੀਂ ਦਿੱਲੀ : ਹੁਣ ਲੱਗ ਰਿਹਾ ਹੈ ਕਿ ਸਿੱਖ ਕਤਲੇਆਮ 1984ਦੇ ਮਾਮਲੇ ਵਿਚ ਕੋਰਟ ਨੇ ਕੁੱਝ ਵਧੀਆ ਫ਼ੈਸਲਾ ਦਿਤਾ ਹੈ। ਦਰਅਸਲ ਸਿੱਖ ਵਿਰੋਧੀ ਕਤਲੇਆਮ 1984 ਦੇ ਮਾਮਲੇ ਵਿਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ  ਨੇ ਲਗਭਗ 11 ਕੇਸਾਂ ਦੀ ਜਾਂਚ ਖ਼ਤਮ ਕਰ ਲਈ ਹੈ। ਇਸ ਲੰਮੀ ਜਾਂਚ ਵਿਚ ਘੱਟੋ ਘੱਟ 40 ਤੋਂ ਵੱਧ ਮੁਲਜ਼ਮਾਂ ਦੀ ਪਛਾਣ ਹੋਈ ਹੈ ਅਤੇ ਇਨ੍ਹਾਂ ਦੀ ਵੈਰੀਫ਼ੀਕੇਸ਼ਨ ਵੀ ਹੋ ਚੁੱਕੀ ਹੈ। ਇਸ ਵਿਚ ਸ਼ਹਿਰ ਦੇ 5 ਪੁਰਾਣੇ ਨਾਮੀ ਵਕੀਲ ਵੀ ਨਾਮਜ਼ਦ ਸਨ ਜੋ ਕਿ ਦੰਗਿਆਂ ਵਿਚ ਸ਼ਾਮਲ ਸਨ।ਇਸ ਸਬੰਧੀ ਐਸਆਈਟੀ ਕੋਲ ਲੋੜੀਂਦੇ ਸਬੂਤ ਮੌਜੂਦ ਹਨ। ਇਨ੍ਹਾਂ ਕੇਸਾਂ ਵਿਚ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਲਈ ਮਨਜ਼ੂਰੀ ਲੈਣ ਦੀ ਪ੍ਰਕਿਰਿਆ ਐਸਆਈਟੀ ਨੇ ਸ਼ੁਰੂ ਕਰ ਦਿਤੀ ਹੈ। ਇਕ ਤੋਂ ਦੋ ਮਹੀਨੇ ਦੇ ਅੰਦਰ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਦਸਣਯੋਗ ਹੈ ਕਿ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਵਿਰੋਧ ’ਚ ਕਾਨਪੁਰ ’ਚ ਸਿੱਖ ਵਿਰੋਧੀ ਦੰਗੇ ਹੋਏ ਸਨ, ਜਿਨ੍ਹਾਂ ਵਿਚ 127 ਲੋਕਾਂ ਦੀ ਮੌਤ ਹੋ ਗਈ ਸੀ। ਉਸ ਦੌਰਾਨ ਇਨ੍ਹਾਂ ਕਤਲ ਮਾਮਲਿਆਂ ਵਿਚ ਢਿੱਲੀ ਕਾਰਵਾਈ ਕੀਤੀ ਸੀ। ਲਿਹਾਜ਼ਾ ਫ਼ਰਵਰੀ 2019 ਵਿਚ ਸ਼ਾਸਨ ਨੇ ਇਸ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ। ਕੋਤਵਾਲੀ ਵਿਚ ਐਸਆਈਟੀ ਥਾਣਾ ਵੀ ਬਣਾਇਆ ਗਿਆ। ਜਿਨ੍ਹਾਂ 28 ਕੇਸਾਂ ਵਿਚ ਤਦ ਪੁਲਿਸ ਨੇ ਫ਼ਾਈਨਲ ਰਿਪੋਰਟ ਲਗਾ ਕੇ ਚਾਰਜਸ਼ੀਟ ਲਾਈ ਸੀ, ਉਨ੍ਹਾਂ ਵਿਚੋਂ ਐਸਆਈਟੀ ਨੇ 20 ਕੇਸਾਂ ਦੀ ਫ਼ਾਈਲ ਖੋਲ੍ਹੀ, ਜਿਨ੍ਹਾਂ ਵਿਚੋਂ 11 ਕੇਸਾਂ ਦੀ ਪੜਤਾਲ ਪੂਰੀ ਹੋ ਗਈ ਹੈ। ਦੋ ਕੇਸਾਂ ਵਿਚ ਸੱਭ ਤੋਂ ਵੱਧ 13-13 ਮੁਲਜ਼ਮ ਹਨ। ਕੁਲ ਮਿਲਾ ਕੇ ਇਨ੍ਹਾਂ ਸਾਰੇ ਕੇਸਾਂ ਵਿਚ 40 ਤੋਂ ਵੱਧ ਮੁਲਜ਼ਮ ਹਨ।ਪੰਜ ਮੁਲਜ਼ਮ ਅਜਿਹੇ ਹਨ, ਜੋ ਉਸ ਸਮੇਂ ਦੇ ਨਾਮੀ ਵਕੀਲ ਸਨ, ਜਿਨ੍ਹਾਂ ਦੇ ਤਤਕਾਲੀਨ ਸਰਕਾਰ ਦੇ ਨੇਤਾ, ਮੰਤਰੀਆਂ ਤੇ ਵਿਧਾਇਕਾਂ ਨਾਲ ਚੰਗੇ ਸਬੰਧ ਸਨ। ਉਨ੍ਹਾਂ ਦੇ ਨਾਮ ਤੇ ਪਤੇ ਵੀ ਵੈਰੀਫਾਈ ਕਰ ਲਏ ਗਏ ਹਨ। ਇਨ੍ਹਾਂ ਦੀ ਭੂਮਿਕਾ ਦੰਗਿਆਂ ਵਿਚ ਮਿਲੀ ਹੈ। ਐਸਆਈਟੀ ਨੇ ਇਨ੍ਹਾਂ ਸਾਰਿਆਂ ਵਿਰੁਧ ਸਬੂਤ ਇਕੱਠੇ ਕਰ ਲਏ ਹਨ, ਸਿਰਫ਼ ਗਿ੍ਰਫ਼ਤਾਰੀ ਬਾਕੀ ਹੈ। ਸ਼ਾਸਨ ਤੋਂ ਮਨਜ਼ੂਰੀ ਮਿਲਣ ਬਾਅਦ ਇਨ੍ਹਾਂ ਸਾਰੇ ਮੁਲਜ਼ਮਾਂ ਦੇ ਨਾਮ ਜਨਤਕ ਕੀਤੇ ਜਾਣਗੇ ਅਤੇ ਗਿ੍ਰਫ਼ਤਾਰੀਆਂ ਸ਼ੁਰੂ ਹੋਣਗੀਆਂ।ਇਸ ਸਬੰਧਤ ਮਾਮਲੇ ਵਿਚ ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ ਦੇ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਨੇ ਦਸਿਆ,‘‘ਮੈਂ ਭਲਕੇ 22 ਜੁਲਾਈ ਨੂੰ ਕਾਨਪੁਰ ਪੁੱਜ ਕੇ ਇਸ ਮਸਲੇ ਵਿਚ ਹੋ ਰਹੀ ਦੇਰੀ ਬਾਰੇ ਆਹਲਾ ਅਫ਼ਸਰਾਂ ਵਿਚਾਰ ਚਰਚਾ ਕਰਾਂਗਾ’।

ਸਿੱਖ ਕਤਲੇਆਮ 1984: ਸਿੱਟ ਨੇ 11 ਕੇਸਾਂ ਦੀ ਜਾਂਚ ਕੀਤੀ ਖ਼ਤਮ, ਦੋਸ਼ੀਆਂ ਦੀ ਹੋਵੇਗੀ ਜਲਦ ਗ੍ਰਿਫ਼ਤਾਰੀ Read More »

ਸ਼ਹੀਦ-ਏ-ਆਜ਼ਮ ਨੂੰ ਸ਼ਰਧਾਂਜਲੀ ਭੇਟ ਕਰਨ ਗਏ ਸਿੱਧੂ ਕਿਸਾਨਾਂ ਨੂੰ ਨਾ ਮਿਲੇ, ਨਾਰਾਜ਼ ਕਿਸਾਨਾਂ ਨੇ ਜਾਮ ਲਾਇਆ

ਨਵਾਂ ਸ਼ਹਿਰ, 20 ਜੁਲਾਈ- ਕਾਂਗਰਸ ਦੀ ਪੰਜਾਬ ਇਕਾਈ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਉਨ੍ਹਾਂ ਦੀ ਯਾਦਗਾਰ ’ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਵਿਧਾਇਕ ਕੁਲਜੀਤ ਸਿੰਘ ਨਾਗਰਾ, ਰਾਜਕੁਮਾਰ ਵੇਰਕਾ, ਅੰਗਦ ਸੈਣੀ, ਸੁਖਪਾਲ ਭੁੱਲਰ, ਇੰਦਰਬੀਰ ਸਿੰਘ ਬੁਲਾਰੀਆ ਅਤੇ ਗੁਰਪ੍ਰੀਤ ਸਿੰਘ ਵੀ ਉਨ੍ਹਾਂ ਨਾਲ ਸਨ। ਸ੍ਰੀ ਸਿੱਧੂ ਦੀ ਫੇਰੀ ਦੇ ਮੱਦੇਨਜ਼ਰ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਸੀ। ਕੀਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਸ੍ਰੀ ਸਿੱਧੂ ਨੂੰ ਮਿਲਣ ਨਾ ਮਿਲਣ ਦੇਣ ਤੋਂ ਨਾਰਾਜ਼ ਹੋ ਕੇ ਅੱਧੇ ਘੰਟੇ ਲਈ ਟ੍ਰੈਫਿਕ ਜਾਮ ਕੀਤਾ। ਯੂਨੀਅਨ ਦੇ ਨੁਮਾਇੰਦੇ ਸੋਹਣ ਸਿੰਘ ਅਠਵਾਲ ਨੇ ਕਿਹਾ ਕਿ ਉਨ੍ਹਾਂ ਦੀ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ ਦਾ ਘਿਰਾਓ ਕਰਨ ਦੀ ਕੋਈ ਯੋਜਨਾ ਨਹੀਂ ਸੀ। ਉਹ ਸਿਰਫ ਕਿਸਾਨ ਮਸਲਿਆਂ ’ਤੇ ਕਾਂਗਰਸ ਪ੍ਰਧਾਨ ਨੂੰ ਸੁਆਲ ਕਰਨਾ ਚਾਹੁੰਦੇ ਸਨ ਪਰ ਪੁਲੀਸ ਨੇ ਉਨ੍ਹਾਂ ਨੂੰ ਦੂਜੇ ਰਸਤੇ ਤੋਂ ਕੱਢ ਦਿੱਤਾ, ਜਿਸ ਕਾਰਨ ਨਾਰਾਜ਼ ਕਿਸਾਨਾਂ ਨੇ ਆਵਾਜਾਈ ਠੱਪ ਕਰ ਦਿੱਤੀ। ਸ੍ਰੀ ਸਿੱਧੂ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਬਾਅਦ ਅੰਮ੍ਰਿਤਸਰ ਰਵਾਨਾ ਹੋ ਗਏ ਉਹ ਭਲਕੇ ਹਰਿਮੰਦਰ ਸਾਹਿਬ ਮੱਥਾ ਟੇਕਣਗੇ

ਸ਼ਹੀਦ-ਏ-ਆਜ਼ਮ ਨੂੰ ਸ਼ਰਧਾਂਜਲੀ ਭੇਟ ਕਰਨ ਗਏ ਸਿੱਧੂ ਕਿਸਾਨਾਂ ਨੂੰ ਨਾ ਮਿਲੇ, ਨਾਰਾਜ਼ ਕਿਸਾਨਾਂ ਨੇ ਜਾਮ ਲਾਇਆ Read More »

ਐੱਮਐੱਸਪੀ ’ਤੇ ਖਰੀਦ ਜਾਰੀ, ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਵਿਚਲੀਆਂ ਮੱਦਾਂ ਬਾਰੇ ਚਿੰਤਾਵਾਂ ’ਤੇ ਚਰਚਾ ਕਰਨ: ਤੋਮਰ

ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰੀ ਅਤੇ ਰਾਜ ਏਜੰਸੀਆਂ ਵੱਲੋਂ ਵੱਖ-ਵੱਖ ਯੋਜਨਾਵਾਂ ਤਹਿਤ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਅਨਾਜ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਕਿਸਾਨ ਸੰਗਠਨਾਂ ਨੂੰ ਤਿੰਨ ਨਵੇਂ ਕੇਂਦਰੀ ਖੇਤੀਬਾੜੀ ਕਾਨੂੰਨਾਂ ਰੱਦ ਕਰਨ ਦੀ ਮੰਗ ਕਰਨ ਦੀ ਬਜਾਏ ਕਾਨੂੰਨ ਵਿਚਲੀਆਂ ਮੱਦਾਂ ’ਤੇ ਆਪਣੀਆਂ ਚਿੰਤਾਵਾਂ ਬਾਰੇ ਚਰਚਾ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦਾ ਹੱਲ ਕੱਢਿਆ ਜਾ ਸਕੇ। ਲੋਕ ਸਭਾ ਵਿੱਚ ਮਨੀਸ਼ ਤਿਵਾੜੀ ਹੋਰ ਮੈਂਬਰਾਂ ਦੇ ਪ੍ਰਸ਼ਨ ਦੇ ਲਿਖਤੀ ਉੱਤਰ ਵਿੱਚ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਇਹ ਗੱਲ ਕਹੀ

ਐੱਮਐੱਸਪੀ ’ਤੇ ਖਰੀਦ ਜਾਰੀ, ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਵਿਚਲੀਆਂ ਮੱਦਾਂ ਬਾਰੇ ਚਿੰਤਾਵਾਂ ’ਤੇ ਚਰਚਾ ਕਰਨ: ਤੋਮਰ Read More »

ਅੱਠ ਡੇਰਾ ਪ੍ਰੇਮੀਆਂ ਖ਼ਿਲਾਫ਼ ਅਦਾਲਤ ’ਚ ਚਲਾਨ ਪੇਸ਼

  ਫ਼ਰੀਦਕੋਟ, 20 ਜੁਲਾਈ- ਵਿਸ਼ੇਸ਼ ਜਾਂਚ ਟੀਮ ਨੇ ਬਰਗਾੜੀ ਬੇਅਦਬੀ ਕਾਂਡ ਵਿੱਚ ਅੱਜ ਅੱਠ ਡੇਰਾ ਪ੍ਰੇਮੀਆਂ ਖ਼ਿਲਾਫ਼ ਚਲਾਨ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਡੇਰਾ ਪ੍ਰੇਮੀਆਂ ਉੱਪਰ ਦੋਸ਼ ਹੈ ਕਿ ਉਨ੍ਹਾਂ ਨੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਚੋਰੀ ਕਰਕੇ 24 ਸਤੰਬਰ 2015 ਨੂੰ ਪਿੰਡ ਬਰਗਾੜੀ ਵਿੱਚ ਇਤਰਾਜ਼ਯੋਗ ਪੋਸਟਰ ਲਾਏ ਸਨ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਬਾਰੇ ਇਤਰਾਜ਼ਯੋਗ ਭਾਸ਼ਾ ਵਰਤੀ ਗਈ ਸੀ। ਜਾਂਚ ਟੀਮ ਨੇ ਅੱਜ ਡੇਰਾ ਪ੍ਰੇਮੀ ਸੁਖਜਿੰਦਰ ਸਿੰਘ, ਸ਼ਕਤੀ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਹਰਸ਼ ਧੁਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਖ਼ਿਲਾਫ਼ ਚਲਾਨ ਪੇਸ਼ ਕੀਤਾ। ਜਾਂਚ ਟੀਮ ਨੇ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਆਗੂ ਮਹਿੰਦਰਪਾਲ ਬਿੱਟੂ ਖ਼ਿਲਾਫ਼ ਵੀ ਚਲਾਨ ਪੇਸ਼ ਕੀਤਾ ਹੈ। ਹਾਲਾਂਕਿ ਬਿੱਟੂ ਦਾ ਤਿੰਨ ਸਾਲ ਪਹਿਲਾਂ ਨਾਭਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ। ਡੇਰੇ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਫ਼ਰਾਰ ਹਨ। ਇਨ੍ਹਾਂ ਖਿਲਾਫ਼ ਅਦਾਲਤ ਨੇ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਇੱਕ ਦਿਨ ਪਹਿਲਾਂ ਹੀ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੋਸਟਰ ਦੀ ਲਿਖਾਈ ਦੇ ਮਿਲਾਣ ਸਬੰਧੀ ਪਟੀਸ਼ਨ ਰੱਦ ਕੀਤੀ ਸੀ।

ਅੱਠ ਡੇਰਾ ਪ੍ਰੇਮੀਆਂ ਖ਼ਿਲਾਫ਼ ਅਦਾਲਤ ’ਚ ਚਲਾਨ ਪੇਸ਼ Read More »

26 ਤੋਂ ਪੰਜਾਬ ’ਚ 10ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਲਈ ਖੁੱਲ੍ਹਣਗੇ ਸਕੂਲ

ਪੰਜਾਬ ਵਿੱਚ 10ਵੀਂ, 11ਵੀਂ ਤੇ 12ਵੀਂ ਕਲਾਸਾਂ ਲਈ ਸਕੂਲ 26 ਜੁਲਾਈ ਤੋਂ ਖੁੱਲ੍ਹਣਗੇ। ਸਕੂਲ ਵਿੱਚ ਸਿਰਫ਼ ਉਹੀ ਅਧਿਆਪਕ ਤੇ ਬਾਕੀ ਸਟਾਫ ਹਾਜ਼ਰ ਹੋਵੇਗਾ, ਜਿਨ੍ਹਾਂ ਦੇ ਕੋਵਿਡ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣਗੀਆਂ। ਬੱਚਿਆਂ ਨੂੰ ਸਕੂਲ ਭੇਜਣ ਸਬੰਧੀ ਮਾਪਿਆਂ ਦੀ ਹਾਮੀ ਲਾਜ਼ਮੀ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕੋਵਿਡ ਸਖ਼ਤੀਆਂ ਵਿੱਚ ਢਿੱਲ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਇਨਡੋਰ ਇਕੱਠਾਂ ਵਿੱਚ ਲੋਕਾਂ ਦੀ ਗਿਣਤੀ 150 ਅਤੇ ਖੁੱਲ੍ਹੇ ਵਿੱਚ 300 ਤੱਕ ਹੋ ਸਕੇਗੀ

26 ਤੋਂ ਪੰਜਾਬ ’ਚ 10ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਲਈ ਖੁੱਲ੍ਹਣਗੇ ਸਕੂਲ Read More »

ਆਂਗਣਵਾੜੀ ਸੈਂਟਰ ਵਿੱਚ ਗਰਭਵਤੀ ਔਰਤਾਂ ਨੂੰ ਅਤੇ ਛੋਟੇ ਬੱਚਿਆਂ ਨੂੰ ਦੁੱਧ ਪਿਆਉਣ ਵਾਲੀਆਂ ਮਾਂਵਾਂ ਨੂੰ ਰਾਸ਼ਨ ਵੰਡਿਆ ਗਿਆ

ਬਠਿੰਡਾ,20 ਜੁਲਾਈ (ਏ.ਡੀ.ਪੀ ਨਿਊਜ਼)ਆਂਗਣਵਾੜੀ ਸੈਂਟਰ ਵਿੱਚ ਜਿੱਥੇ ਛੋਟੇ ਬੱਚਿਆਂ ਨੂੰ ਅਤੇ ਗਰਭਵਤੀ ਔਰਤਾਂ ਨੂੰ ਮਾਰੂ ਛੂਤ ਰੋਗਾਂ ਤੋਂ ਬਚਾਓ ਲਈ ਟੀਕੇ ਵੀ ਲਾਏ ਜਾਂਦੇ ਹਨ, ਉੱਥੇ ਮੇਜ ਕੁਰਸੀਆਂ ਅਤੇ ਬੈਂਚ ਦੀ ਲੋੜ ਸੀ। ਇਸ ਸਭ ਕਾਸੇ ਦੀ ਪੂਰਤੀ ਲਈ ਸੋਹਲ ਫਰਨੀਚਰ ਹਾਊਸ,ਨਰੂਆਂਣਾ ਦੇ ਮਾਲਕ ਜਸਵਿੰਦਰ ਸਿੰਘ ਸੋਹਲ ਅਤੇ ਲੇਖਕ ਬੀੜ ਬਹਿਮਣ ਨਿਵਾਸੀ ਗੁਰਸੇਵਕ ਸਿੰਘ ਨੇ ਸਮਾਜ ਸੇਵਕ ਲਾਲ ਚੰਦ ਸਿੰਘ ਰਾਹੀਂ ਚਾਰ ਕੁਰਸੀਆਂ,ਇੱਕ ਮੇਜ,ਇੱਕ ਬੈਂਚ ਭੇਜ ਦਿੱਤਾ। ਸਮਾਜ ਸੇਵਕ ਲਾਲ ਚੰਦ ਸਿੰਘ ਅਤੇ ਮਲਕੀਤ ਕੌਰ ਐੱਲ ਐੱਚ ਵੀ ਨੇ ਇਹਨਾਂ ਦੋਵੇਂ ਜਣਿਆਂ ਦਾ ਧੰਨਵਾਦ ਕਰਦਿਆਂ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਸਾਨੂੰ ਸਭ ਨੂੰ ਆਪੋ ਆਪਣੇ ਬੱਚਿਆਂ ਦਾ ਸਹੀ ਸਮੇਂ ਸਿਰ ਸੰਪੂਰਣ ਟੀਕਾਕਰਣ ਜਰੂਰ ਕਰਾਉਂਣਾ ਚਾਹੀਦਾ ਹੈ। ਇਸੇ ਦੌਰਾਨ ਅੱਜ ਇਸ ਆਂਗਣਵਾੜੀ ਕੇਂਦਰ ਵਿੱਚ ਗਰਭਵਤੀ ਔਰਤਾਂ ਨੂੰ ਅਤੇ ਬੱਚਿਆਂ ਨੂੰ ਦੁੱਧ ਪਿਆਉਣ ਵਾਲੀਆਂ ਮਾਂਵਾਂ ਨੂੰ ਸਥਾਨਕ ਆਂਗਣਵਾੜੀ ਵਰਕਰ ਵੱਲੋਂ ਰਾਸ਼ਨ ਵੀ ਦਿੱਤਾ ਗਿਆ ਅਤੇ ਮਾਂਵਾਂ ਨੂੰ ਪੌਸ਼ਟਿਕ ਖੁਰਾਕ ਦੇ ਮਹੱਤਵ ਬਾਰੇ ਵਿਸਥਾਪੂਰਵਕ ਦੱਸਿਆ ਗਿਆ।

ਆਂਗਣਵਾੜੀ ਸੈਂਟਰ ਵਿੱਚ ਗਰਭਵਤੀ ਔਰਤਾਂ ਨੂੰ ਅਤੇ ਛੋਟੇ ਬੱਚਿਆਂ ਨੂੰ ਦੁੱਧ ਪਿਆਉਣ ਵਾਲੀਆਂ ਮਾਂਵਾਂ ਨੂੰ ਰਾਸ਼ਨ ਵੰਡਿਆ ਗਿਆ Read More »

ਪੰਜਾਬ ਕਾਂਗਰਸ ਦੀ ਡੁੱਬਦੀ ਬੇੜੀ, ਕੌਣ ਲਾਏਗਾ ਬੰਨੇ?/ਗੁਰਮੀਤ ਸਿੰਘ ਪਲਾਹੀ

ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਕੋਲ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਹੈ ਅਤੇ ਉਸ ਨੂੰ ਵੱਡੀ ਗਿਣਤੀ ਵਿੱਚ ਪੰਜਾਬ ਦੇ ਵਿਧਾਇਕਾਂ ਦੀ ਹਮਾਇਤ ਪ੍ਰਾਪਤ ਹੈ, ਉਦੋਂ ਤੱਕ ਕਾਂਗਰਸ ਹਾਈ ਕਮਾਨ ਅਮਰਿੰਦਰ ਸਿੰਘ ਦਾ ਕੁਝ ਨਹੀਂ ਵਿਗਾੜ ਸਕਦੀ। ਇਕੋ ਪਰਿਵਾਰ ਵਲੋਂ ਸਾਂਭੀ ਕਾਂਗਰਸ, ਕਿਸੇ ਵੀ ਹੋਰ ਨੇਤਾ ਜਾਂ ਖੇਤਰੀ ਨੇਤਾ ਨੂੰ ਆਪਣੇ ਤੋਂ ਵੱਡਾ ਨਹੀਂ ਹੋਣ ਦਿੰਦੀ ਤਾਂ ਕਿ ਗਾਂਧੀ ਪਰਿਵਾਰ ਦਾ ਦਬਦਬਾ, ਜਿੰਨਾ ਕੁ ਵੀ ਬਚਿਆ ਹੈ, ਬਣਿਆ ਰਹੇ। ਉਂਜ ਗਾਂਧੀ ਪਰਿਵਾਰ ਦੇ ਤਿੰਨੋਂ ਜੀਅ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤ ਪ੍ਰਿਯੰਕਾ ਗਾਂਧੀ ਆਪਣੇ ਕੁਝ ਵਫ਼ਾਦਾਰਾਂ ਨਾਲ ਕਾਂਗਰਸ ਦਾ “ਕਾਰੋਬਾਰ” ਚਲਾ ਰਹੇ ਹਨ, ਜਿਹੜਾ ਕੁਝ ਵਰ੍ਹਿਆਂ ‘ਚ ਪੂਰੇ ਰਾਸ਼ਟਰ ਤੋਂ ਸਿਮਟਕੇ ਕੁਝ ਰਾਜਾਂ ਤੱਕ ਸੀਮਤ ਰਹਿ ਗਿਆ ਹੈ ਅਤੇ ਜਿਸਨੂੰ ਪਿਛਲੇ ਲੰਮੇ ਸਮੇਂ ਤੋਂ ਚੋਣਾਂ ਵਿੱਚ ਵੱਡੀਆਂ ਤੋਂ ਵੱਡੀਆਂ ਹਾਰਾਂ ਦਾ ਮੂੰਹ ਵੇਖਣਾ ਪਿਆ ਹੈ। ਪੱਛਮੀ ਬੰਗਾਲ ‘ਚ ਕਾਂਗਰਸ ਦਾ ਨਾਮ-ਥੇਹ ਨਹੀਂ ਰਿਹਾ। ਯੂ.ਪੀ. ਚੋਣਾਂ ਸਿਰ ਉਤੇ ਹਨ, ਕਾਂਗਰਸ ਦਾ ਉਥੇ ਵੱਡਾ ਕਾਡਰ ਨਹੀਂ ਅਤੇ ਪੰਜਾਬ ਵਰਗੇ ਸੂਬੇ ਵਿੱਚ ਕਾਂਗਰਸ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਦੇ ਰਾਹ ਤੁਰੀ ਹੋਈ ਹੈ। ਬਿਨ੍ਹਾਂ ਸ਼ੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਚਾਰ ਸਾਲ ਦੇ ਅਰਸੇ ਵਿੱਚ ਪੰਜਾਬ ਦਾ ਕੁਝ ਵੀ ਨਹੀਂ ਸੁਆਰਿਆ। ਜਿਹੜੇ ਵਾਇਦੇ ਉਸ ਵਲੋਂ ਕੀਤੇ ਗਏ ਸਨ, ਕਹਿਣ ਨੂੰ ਤਾਂ ਭਾਵੇਂ ਸਾਰੇ ਪੂਰੇ ਕਰਨ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਕਰਦੇ ਹਨ, ਪਰ ਹਕੀਕੀ ਤੌਰ ‘ਤੇ ਇਹ ਸਚਾਈ ਨਹੀਂ ਹੈ। ਨਸ਼ਿਆਂ ਦਾ ਕਾਰੋਬਾਰ ਖ਼ਤਮ ਕਰਨ ਸਬੰਧੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਉਤੇ ਕੈਪਟਨ ਤੋਂ ਪੰਜਾਬੀਆਂ ਨੂੰ ਵੱਡੀਆਂ ਆਸਾਂ ਸਨ।  ਰੇਤ ਮਾਫੀਆ ਦਾ ਲੱਕ ਤੋੜਨ ਦੀ ਵੀ ਪੰਜਾਬੀਆਂ ਨੂੰ ਕੈਪਟਨ ਤੋਂ ਤਵੱਕੋ ਸੀ ਅਤੇ ਇਹ ਵੀ ਕਿ ਉਹ ਆਪਣੇ ਜ਼ਿੰਮੀਦਾਰ ਹੁੰਦੇ ਹੋਏ, ਕਿਸਾਨ ਸਮੱਸਿਆਵਾਂ ਸਮਝਕੇ ਉਹਨਾ ਦੇ ਕਰਜ਼ੇ ਮੁਆਫ਼ ਕਰ ਦੇਣਗੇ। ਫੌਜੀ ਹੋਣ ਦੇ ਨਾਤੇ ਲੋਕ ਇਹ ਵੀ ਚਾਹੁੰਦੇ ਸਨ ਕਿ ਉਸ ਦੇ ਰਾਜ ਵਿੱਚ ਭ੍ਰਿਸ਼ਟਾਚਾਰ ਨਾ ਹੋਵੇ, ਪਰ ਕੈਪਟਨ ਦੇ  ਗੱਦੀ ਸਾਂਭਣ ਦੇ ਦੋ ਸਾਲਾਂ ਬਾਅਦ ਹੀ ਦਿਸਣ ਲੱਗ ਪਿਆ ਸੀ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਦਾ ਸਾਸ਼ਨ ਉਵੇਂ ਹੀ ਕੰਮ ਕਰ ਰਿਹਾ ਹੈ, ਕੁਝ ਵੀ ਨਹੀਂ ਬਦਲਿਆ। ਹਾਂ, ਇੰਨਾ ਕੁ ਜ਼ਰੂਰ ਹੋਇਆ ਹੈ ਕਿ ਪੰਜਾਬ ਹਿਤੈਸ਼ੀ ਫ਼ੈਸਲੇ ਲੈਣ ਦਾ ਸਮਾਂ ਜਦੋਂ ਆਇਆ ਕੈਪਟਨ ਅਮਰਿੰਦਰ ਸਿੰਘ ਨੇ ਦ੍ਰਿੜਤਾ ਨਾਲ ਪੰਜਾਬ ਦੇ ਪਾਣੀਆਂ ਸਬੰਧੀ ਆਵਾਜ਼ ਬੁਲੰਦ ਕੀਤੀ, ਕਿਸਾਨਾਂ ਸਬੰਧੀ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਦਾ ਮਤਾ ਅਸੰਬਲੀ ਵਿੱਚ ਪਾਸ ਕੀਤਾ ਅਤੇ ਕਿਸਾਨਾਂ ਦੇ ਹੱਕ ‘ਚ ਖੜੇ ਹੋਏ। ਪਰ ਪੰਜਾਬੀਆਂ ਦੇ ਮਸਲੇ ਤਾਂ ਬਹੁਤ ਵੱਡੇ ਸਨ। ਇਨ੍ਹਾਂ ਮੁੱਦਿਆਂ, ਮਸਲਿਆਂ ਨੂੰ ਹੱਲ ਕਰਨ ਲਈ ਤਾਂ ਕੈਪਟਨ ਨੂੰ ਪੰਜਾਬੀਆਂ ਨੇ ਪੰਜਾਬ ਸੰਭਾਲਿਆ ਸੀ, ਪਰ ਕੈਪਟਨ ਮਹੱਲਾਂ ‘ਚ ਵੜ ਗਏ, ਰਾਜ-ਸਾਸ਼ਨ ਲੋਕ ਨੁਮਾਇੰਦਿਆਂ ਦੀ ਮਰਜ਼ੀ ਨਾਲ ਨਹੀਂ, ਸਗੋਂ ਅਫ਼ਸਰਸ਼ਾਹੀ ਹੱਥ ਫੜਾ ਦਿੱਤਾ, ਸਲਾਹਕਾਰਾਂ ਆਪਣੇ ਢੰਗ ਨਾਲ ਪਿਛਲੇ ਚਾਰ ਸਾਲ ਪੰਜਾਬ ਚਲਾਇਆ। ਪਰ ਕਿਉਂਕਿ ਪੰਜਾਬ ਵਿੱਚ ਵਿਰੋਧੀ ਧਿਰ ਤਾਕਤਵਰ ਨਹੀਂ ਸੀ, ਵੰਡੀ ਹੋਈ ਸੀ, ਪੰਜਾਬ ਦੇ ਹਾਕਮਾਂ ਚੰਮ ਦੀਆਂ ਚਲਾਈਆਂ, ਕੁਝ ਵੱਡੇ ਸਿਆਸਦਾਨ ਮਾਫੀਆ ਨਾਲ ਰਲ ਗਏ, ਆਪਣੇ ਸਵਾਰਥਾਂ ਕਾਰਨ ਉਹਨਾ ਚੁੱਪ ਵੱਟ ਲਈ  ਤੇ ਪੰਜਾਬ ਲੁੱਟਿਆ ਜਾਂਦਾ ਰਿਹਾ। ਪੰਜਾਬ ਦੇ ਮਸਲਿਆਂ ਸਬੰਧੀ ਵੱਟੀ ਚੁੱਪ ਨੇ ਲੋਕਾਂ ‘ਚ  ਅਸੰਤੋਸ਼ ਪੈਦਾ ਕੀਤਾ। ਅੱਜ ਜਦੋਂ ਪੰਜਾਬ ਚੋਣਾਂ ਦੀਆਂ ਬਰੂਹਾਂ ਉਤੇ ਹੈ, ਪੰਜਾਬ ਦੇ ਹਰ ਵਰਗ ਦੇ ਲੋਕਾਂ ‘ਚ ਹਾਹਾਕਾਰ ਹੈ। ਬਿਜਲੀ, ਪੈਟਰੋਲ ਨੇ ਲੋਕਾਂ ਨੂੰ ਰੁਆ ਦਿੱਤਾ । ਬੇਰੁਜ਼ਗਾਰ ਸੜਕਾਂ ਤੇ ਬੈਠੇ ਹਨ। ਕਾਂਗਰਸ ਅੰਦਰ ਆਏ ਕਾਟੋ-ਕਲੇਸ਼ ਕਾਰਨ ਲੋਕਾਂ ਦੀ ਸੁਨਣ ਵਾਲਾ ਹਾਕਮ ਹੀ ਕੋਈ ਨਹੀਂ। ਅਫ਼ਸਰ ਦਫ਼ਤਰੀਂ ਬੈਠੇ ਹਨ, ਮੁਲਾਜ਼ਮ ਹੜਤਾਲਾਂ ‘ਤੇ ਹਨ। ਪਿਛਲੇ ਇੱਕ ਮਹੀਨੇ ਤੋਂ ਸੂਬਾ ਸਰਕਾਰ ਦਾ ਕੰਮ ਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਪੰਜਾਬ ਸਿਵਲ ਸਕੱਤਰੇਤ ‘ਚ ਸੁੰਨਸਾਨ ਛਾਈ ਹੋਈ ਹੈ। ਕਾਟੋ-ਕਲੇਸ਼ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਕਾਫੀ ਵਧਿਆ ਹੈ। ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਨੂੰ ਜੋ ਗਾਂਧੀ ਪਰਿਵਾਰ ਦਾ ਚਹੇਤਾ ਹੈ, ਸੂਬਾ ਕਾਂਗਰਸ ਪ੍ਰਧਾਨ ਮੰਨਣ ਲਈ ਤਿਆਰ ਨਹੀਂ, ਜਦਕਿ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਦੀ ਕੁਰਸੀ ਖੋਹਣ ਦੇ ਯਤਨ ਵਿੱਚ ਹੈ। ਕਾਂਗਰਸ ਹਾਈ ਕਮਾਨ ਨੇ ਕੈਪਟਨ ਨੂੰ ਸਾਧੀ ਰੱਖਣ ਲਈ  ਸਾਫ਼ ਕਰ ਦਿੱਤਾ ਹੋਇਆ ਹੈ ਕਿ ਅਗਲੀਆਂ 2022 ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਲੜੀਆਂ ਜਾਣਗੀਆਂ ਤੇ ਨਵਜੋਤ ਸਿੰਘ ਸਿੱਧੂ ਕਾਂਗਰਸ ਪ੍ਰਧਾਨ ਹੋਣਗੇ। ਪਰ ਹੈਰਾਨੀ  ਦੀ ਗੱਲ ਤਾਂ ਇਹ ਵੀ ਹੈ ਕਿ ਸਿੱਧੂ ਦੇ ਨਾਲ ਚਾਰ ਕਾਰਜ਼ਕਾਰੀ ਪ੍ਰਧਾਨ ਬਣਾ ਦਿੱਤੇ ਗਏ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਉਤੇ ਕਾਂਗਰਸ ਹਾਈ ਕਮਾਨ ਯਕੀਨ ਨਹੀਂ ਕਰਦੀ ਜੋ ਉਸਦੇ ਪੈਰਾਂ ‘ਚ ਬੇੜੀਆਂ ਪਹਿਲਾਂ ਹੀ ਜੜ੍ਹ ਦਿੱਤੀਆਂ ਗਈਆਂ ਹਨ? ਇਸ ਫ਼ੈਸਲੇ ਨਾਲ ਪੰਜਾਬ ਕਾਂਗਰਸ ਬੁਰੀ ਤਰ੍ਹਾਂ ਦੋ-ਫਾੜ ਹੋਈ ਦਿਖਦੀ ਹੈ। ਜਿਥੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਵਜੋਂ ਜੀਅ ਆਇਆਂ ਆਖਣ ਲਈ ਦੌੜ ਲੱਗੀ ਹੋਈ ਹੈ, ਉਹਨਾ ਨੂੰ ਥਾਂ-ਥਾਂ ਵਿਧਾਇਕੀ ਟਿਕਟਾਂ ਪ੍ਰਾਪਤ ਕਰਨ ਦੇ ਚਾਹਵਾਨਾਂ ਵਲੋਂ ਹਾਰਾਂ ਨਾਲ ਲੱਦਿਆ ਜਾ ਰਿਹਾ ਹੈ। ਕਈ ਥਾਵੀਂ ਸਾਬਕਾ ਵਿਧਾਇਕ ਇਸ ਚਾਹਤ ਵਿੱਚ ਕਿ ਅਗਲੀ ਟਿਕਟ ਉਹਨਾ ਨੂੰ ਮਿਲੇਗੀ, ਆਪਣੀ ਤਾਕਤ ਵਿਖਾ ਰਹੇ ਹਨ, ਇੱਕ-ਦੂਜੇ ਵਿਰੁੱਧ ਨਾਹਰੇਬਾਜੀ ਕਰ ਰਹੇ ਹਨ। ਇਸ ਕਿਸਮ ਦੀ ਘਟਨਾ ਸ਼ਹੀਦ ਭਗਤ ਸਿੰਘ ਦੇ ਜਨਮ ਅਸਥਾਨ ਖਟਕੜ ਕਲਾਂ ਵਿਖੇ ਵੇਖਣ ਨੂੰ ਮਿਲੀ ਜਿਥੇ ਨਵਜੋਤ ਸਿੰਘ ਸਿੱਧੂ ਦੇ ਸਵਾਗਤ ਤੋਂ ਪਹਿਲਾਂ ਹੀ ਦੋ ਗਰੁੱਪ ਆਪਸ ‘ਚ ਖਹਿਬੜ ਪਏ। ਅਸਲ ਵਿੱਚ ਤਾਂ ਟਿਕਟਾਂ ਦੇ ਚਾਹਵਾਨ ਦੋਹਾਂ  ਖੇਮਿਆਂ ‘ਚ ਹਾਜ਼ਰੀ ਲੁਆ ਰਹੇ ਹਨ। ਨਵਜੋਤ ਸਿੰਘ ਸਿੱਧੂ ਜਿਥੇ ਵਿਧਾਇਕਾਂ, ਮੰਤਰੀਆਂ ਕੋਲ ਜਾਕੇ ਆਪਣੇ ਹਾਜ਼ਰੀ ਲੁਆ ਰਹੇ ਹਨ, ਸਮਰੱਥਨ ਇਕੱਠਾ ਕਰ ਰਹੇ ਹਨ, ਉਥੇ  ਕੈਪਟਨ ਅਮਰਿੰਦਰ ਸਿੰਘ ਜਿਹਨਾ ਨੇ ਹੁਣ ਤੱਕ ਵੀ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਨਹੀਂ ਕਬੂਲਿਆ, ਇਹ ਸੁਨੇਹਾ ਦੇ ਰਹੇ ਹਨ ਕਿ ਪੰਜਾਬ ਵਿੱਚ ਕਾਂਗਰਸ ਦਾ ਅਸਲ ਨੇਤਾ “ਕੈਪਟਨ ਅਮਰਿੰਦਰ ਸਿੰਘ” ਹੈ। ਕਾਂਗਰਸ ਦੇ ਇਸ ਕਾਟੋ-ਕਲੇਸ਼ ਅਤੇ ਕਾਂਗਰਸ ਹਾਈ ਕਮਾਨ ਵਲੋਂ ਗਲਤ ਢੰਗ ਨਾਲ ਮਸਲੇ ਦੇ ਹੱਲ ਨਾਲ ਨਿਪਟਣ ਨੇ ਪੰਜਾਬ ਕਾਂਗਰਸ ਦਾ ਵੱਡਾ ਨੁਕਸਾਨ ਕੀਤਾ ਹੈ। ਕਾਂਗਰਸ ਦੋ ਧੜਿਆਂ ‘ਚ ਵੰਡੀ ਗਈ ਹੈ ਅਤੇ ਇਸਦਾ ਲਾਭ ਵਿਰੋਧੀ ਪਾਰਟੀਆਂ ਨੂੰ ਹੋਏਗਾ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਪੰਜਾਬ ‘ਚ ਅਗਲੀਆਂ ਚੋਣਾਂ ‘ਚ ਇਸ ਸਥਿਤੀ ਵਿੱਚ ਕੋਈ ਵੀ ਸਿਆਸੀ ਪਾਰਟੀ ਬਹੁਮਤ ਪ੍ਰਾਪਤ ਨਹੀਂ ਕਰ ਸਕੇਗੀ। ਭਾਜਪਾ ਦਾ ਭਵਿੱਖ ਤਾਂ ਕਿਸਾਨੀ ਕਾਨੂੰਨਾਂ ਕਾਰਨ ਪਹਿਲਾਂ ਹੀ ਦਾਅ ਤੇ ਲੱਗਿਆ ਹੋਇਆ ਹੈ। ਬਾਦਲ ਅਕਾਲੀ-ਬਸਪਾ ਗੱਠਜੋੜ ਨੂੰ ਲੋਕਾਂ ਖ਼ਾਸ ਕਰਕੇ ਪਿੰਡਾਂ ਦੇ ਕਿਸਾਨਾਂ ਤੇ ਪੇਂਡੂਆਂ ਪ੍ਰਵਾਨ ਨਹੀਂ ਕੀਤਾ ਅਤੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ ਤੇ ਰੇਤ ਖਨਣ, ਨਸ਼ਿਆਂ ਦੇ ਰਾਜ ਨੂੰ ਭੁੱਲ ਨਹੀਂ ਸਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕਿਸਾਨੀ ਕਾਨੂੰਨਾਂ ‘ਚ ਅਪਨਾਈ ਦੋਹਰੀ  ਪਹੁੰਚ ਵੀ ਉਹਨਾ ਦੇ ਪਿੰਡਾਂ ‘ਚ ਪੈਰ ਨਹੀਂ ਲੱਗਣ ਦੇ ਰਹੀ। ਆਮ ਆਦਮੀ ਪਾਰਟੀ ਦਾ ਕਾਡਰ ਪੰਜਾਬ ਦੇ ਧੁਰ ਅੰਦਰ ਸਥਾਪਤ ਨਹੀਂ ਹੋ ਸਕਿਆ ਅਤੇ ਆਮ ਆਦਮੀ ਪਾਰਟੀ ਦੇ ਦਿੱਲੀ ਨੇਤਾਵਾਂ  ਦੀ ਪੰਜਾਬ ਮਸਲਿਆਂ ਪ੍ਰਤੀ ਦੂਹਰੀ ਪਹੁੰਚ ਵੀ “ਆਪ” ਨੂੰ ਲੋਕਾਂ ‘ਚ ਜੜ੍ਹਾਂ ਨਹੀਂ ਦੇ ਰਹੀ। ਖੱਬੀਆਂ ਧਿਰਾਂ ਆਪਣੀ ਸਾਰਥਿਕ ਭੂਮਿਕਾ ਨਿਭਾਉਣ ‘ਚ ਪਿੱਛੇ ਰਹੀਆਂ ਹਨ ਅਤੇ ਲੋਕ ਅਧਾਰ ਨਹੀਂ ਬਣਾ ਰਹੀਆਂ।

ਪੰਜਾਬ ਕਾਂਗਰਸ ਦੀ ਡੁੱਬਦੀ ਬੇੜੀ, ਕੌਣ ਲਾਏਗਾ ਬੰਨੇ?/ਗੁਰਮੀਤ ਸਿੰਘ ਪਲਾਹੀ Read More »

ਰਣਜੀਤ ਸਿੰਘ ਰਾਣਾ ਅਤੇ ਹਰਸਿਮਰਨ ਸਿੰਘ ਘੁੰਮਣ ਆਪਣੇ ਸੈਂਕੜੇ ਸਾਥੀਆਂ ਆਪ ਪਾਰਟੀ ‘ਚ ਸ਼ਾਮਲ

ਚੰਡੀਗੜ – ਸੱਤਾਧਾਰੀ ਕਾਂਗਰਸ ਪਾਰਟੀ ਨੂੰ ਜ਼ਿਲਾ ਕਪੂਰਥਲਾ ‘ਚ ਕਰਾਰਾ ਝਟਕਾ ਦਿੰਦਿਆਂ ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸ ਦੇ ਸਾਬਕਾ ਉਮੀਦਵਾਰ ਰਣਜੀਤ ਸਿੰਘ ਰਾਣਾ ਅਤੇ  ਭੁਲੱਥ ਹਲਕੇ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਹਰਸਿਮਰਨ ਸਿੰਘ ਘੁੰਮਣ ਆਪਣੇ ਸੈਂਕੜੇ ਸਾਥੀਆਂ ਅਤੇ ਸਮਰਥਕਾਂ ਨਾਲ ਸੋਮਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏੇ। ਇਨਾਂ ਆਗੂਆਂ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦਾ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਰਸਮੀ ਤੌਰ ‘ਤੇ ਸਵਾਗਤ ਕੀਤਾ।

ਰਣਜੀਤ ਸਿੰਘ ਰਾਣਾ ਅਤੇ ਹਰਸਿਮਰਨ ਸਿੰਘ ਘੁੰਮਣ ਆਪਣੇ ਸੈਂਕੜੇ ਸਾਥੀਆਂ ਆਪ ਪਾਰਟੀ ‘ਚ ਸ਼ਾਮਲ Read More »

ਸਿੱਧੂ ਦਾ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ ਤੇ 5 ਮੰਤਰੀਆਂ ਸਮੇਤ 30 ਵਿਧਾਇਕਾਂ ਵਲੋਂ ਸਵਾਗਤ

ਚੰਡੀਗੜ੍ਹ, 20 ਜੁਲਾਈ  : ਪੰਜਾਬ ਕਾਂਗਰਸ ਪ੍ਰਧਾਨ ਵਜੋਂ ਬਕਾਇਦਾ ਨਿਯੁਕਤੀ ਤੋਂ ਬਾਅਦ ਅੱਜ ਵੀ ਨਵਜੋਤ ਸਿੱਧੂ ਵਲੋਂ ਚੰਡੀਗੜ੍ਹ ਪਹੁੰਚ ਕੇ ਪਾਰਟੀ ਦੇ ਪ੍ਰਮੁੱਖ ਨੇਤਾਵਾਂ, ਮੰਤਰੀਆਂ ਤੇ ਵਿਧਾਇਕਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਖਿਆ ਗਿਆ | ਇਹ ਸਿਲਸਿਲਾ ਉਨ੍ਹਾਂ ਪਿਛਲੇ ਦਿਨੀਂ ਪ੍ਰਧਾਨ ਵਜੋਂ ਅਧਿਕਾਰਤ ਐਲਾਨ ਹੋਣ ਤੋਂ ਪਹਿਲਾਂ ਹੀ ਸ਼ੁਰੂ ਕਰ ਦਿਤਾ ਸੀ | ਪਟਿਆਲਾ ਤੋਂ ਅੱਜ ਉਹ ਮੋਹਾਲੀ ਹੁੰਦੇ ਹੋਏ ਚੰਡੀਗੜ੍ਹ ਪੁੱਜੇ ਅਤੇ ਪੂਰਾ ਦਿਨ ਮਿਲਣੀਆਂ ਦਾ ਕੰਮ ਜਾਰੀ ਰੱਖਿਆ | ਸੱਭ ਤੋਂ ਪਹਿਲਾਂ ਉਹ ਅਪਣੇ ਨਾਲ ਨਿਯੁਕਤ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਦੀ ਰਿਹਾਇਸ਼ ‘ਤੇ ਪਹੁੰਚੇ ਅਤੇ ਉਥੇ ਉਨ੍ਹਾਂ ਵਲੋਂ ਕੇਕ ਕੱਟ ਕੇ ਖ਼ੁਸ਼ੀ ਮਨਾਈ ਗਈ | ਇਸ ਮੌਕੇ ਵਿਧਾਇਕ ਰਾਜਾ ਅਮਰਿੰਦਰ ਸਿੰਘ ਵੜਿੰਗ ਅਤੇ ਕੁਲਬੀਰ ਜ਼ੀਰਾ ਵੀ ਉਨ੍ਹਾਂ ਨਾਲ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ, ਜੋ ਪਟਿਆਲਾ ਤੋਂ ਹੀ ਸਿੱਧੂ ਨਾਲ ਕਾਫ਼ਲੇ ਵਿਚ ਆਏ ਸਨ | ਇਸ ਤੋਂ ਬਾਅਦ ਸਿੱਧੂ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਦੀ ਸਰਕਾਰੀ ਰਿਹਾਇਸ਼ ‘ਤੇ ਪੁੱਜੇ ਜਿਥੇ 5 ਮੰਤਰੀਆਂ ਸਮੇਤ 30 ਵਿਧਾਇਕਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ | ਇਸ ਮੌਕੇ ਪੰਜਾਬ ਕਾਂਗਰਸ ਦੇ ਅਹੁਦਾ ਛੱਡ ਰਹੇ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਪੰਜ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਸੁਖ ਸਰਕਾਰੀਆ ਅਤੇ ਰਜ਼ੀਆ ਸੁਲਤਾਨਾ ਵੀ ਹਾਜ਼ਰ ਸਨ | 30 ਵਿਧਾਇਕਾਂ ਵਿਚ ਪ੍ਰਗਟ ਸਿੰਘ, ਗੁਰਕੀਰਤ ਸਿੰਘ, ਲਖਵੀਰ ਲੱਖਾ, ਰਾਜਾ ਵੜਿੰਗ, ਕੁਲਬੀਰ ਜ਼ੀਰਾ, ਸੁਰਜੀਤ ਧੀਮਾਨ, ਮਦਨ ਲਾਲ ਜਲਾਲਪੁਰ, ਦਰਸ਼ਨ ਸਿੰਘ ਬਰਾੜ, ਕਾਕਾ ਸੁਖਜੀਤ ਸਿੰਘ ਲੋਹਗੜ੍ਹ ਦੇ ਨਾਂ ਜ਼ਿਕਰਯੋਗ ਹਨ | ਇਹ ਗੱਲ ਵੀ ਵਰਨਣਯੋਗ ਹੈ ਕਿ ਇਸ ਮੌਕੇ ਕਈ ਉਹ ਵਿਧਾਇਕ ਵੀ ਸੱਭ ਤੋਂ ਅੱਗੇ ਦੇਖੇ ਗਏ ਜੋ ਕੁੱਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨੇੜੇ ਰਹਿੰਦੇ ਸਨ | ਇਸ ਮੌਕੇ ਮੌਜੂਦ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੇ ਇਕ ਦੂਜੇ ਦੇ ਹੱਥ ਫੜ ਕੇ ਨਵਜੋਤ ਸਿੱਧੂ ਨਾਲ ਇਕਜੁਟਤਾ ਦਾ ਵੀ ਪ੍ਰਗਟਾਵਾ ਕਰਦਿਆਂ ਫ਼ੋਟੋਆਂ ਖਿਚਵਾਈਆਂ | ਇਸੇ ਦੌਰਾਨ ਅੱਜ ਸਿੱਧੂ ਚੰਡੀਗੜ੍ਹ ਪਹੁੰਚਣ ਬਾਅਦ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਸਪੀਕਰ ਰਾਣਾ ਕੇ.ਪੀ. ਸਿੰਘ, ਮੰਤਰੀ ਰਜ਼ੀਆ ਸੁਲਤਾਨਾ ਨੂੰ ਵੀ ਉਨ੍ਹਾਂ ਦੀ ਰਿਹਾਇਸ਼ ‘ਤੇ ਜਾ ਕੇ ਮਿਲੇ ਤੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ | ਸਿੱਧੂ ਨੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਨਾਲ ਵੀ ਮੁਲਾਕਾਤ ਕੀਤੀ |

ਸਿੱਧੂ ਦਾ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ ਤੇ 5 ਮੰਤਰੀਆਂ ਸਮੇਤ 30 ਵਿਧਾਇਕਾਂ ਵਲੋਂ ਸਵਾਗਤ Read More »