ਮਨ ਮਾਨਵ ਹੈ ਜਾਂ ਇਉਂ ਕਹਿ ਲਈਏ ਕਿ ਮਾਨਵ ਮਨ ਹੈ।ਮਨ ਹੀ ਬੰਦੇ ਨੂੰ ਤਾਰਦਾ ਹੈ ਤੇ ਮਨ ਹੀ ਬੰਦੇ ਨੂੰ ਡੋਬਦਾ ਹੈ।ਜੇ ਮਨ ਕਾਬੂ ‘ਚ ਰਹੇ ਤਾਂ ਦੋਸਤ ਹੈ,ਜੇ ਤੁਹਾਨੂੰ ਕਾਬੂ ‘ਚ ਕਰ ਲਏ ਤਾਂ ਦੁਸ਼ਮਣ ਹੈ। ਸਾਰਾ ਮਾਮਲਾ ਮਨ ਦੇ ਮੰਨੇ ਜਾਂ ਮਨ ਦੀ ਮੰਨੇ ਦਾ ਹੈ ! ਮਨ ਦੇ ਅਰਥ ਅਤੇ ਇਸ ਦੀ ਵਿਉਤਪੱਤੀ/ਸ਼ਬਦ ਵਿਗਿਆਨ ਦੀ ਜਾਣਕਾਰੀ ਹਾਸਲ ਕਰਨ ਲਈ ਭਾਈ ਕਾਹਨ ਸਿੰਘ ਨਾਭਾ ਦੇ ਮਹਾਨਕੋਸ਼,ਵਿੱਕੀਪੀਡੀਆ,ਆਨਲਾਈਨ ਐਟੀਮੌਲੋਜੀ ਡਿਕਸ਼ਨਰੀ,ਮੈਰੀਯਮ-ਵੈਬਸਟਰ ਡਿਕਸ਼ਨਰੀ ਸਮੇਤ ਅਸੀਂ ਹੋਰਨਾਂ ਸਰੋਤਾਂ ਦਾ ਸਹਾਰਾ ਲਿਆ। ਮਹਾਨਕੋਸ਼ ਵਿਚ ਹੀ ਮਨ ਦੇ 13 ਅਰਥ ਕੀਤੇ ਗਏ ਹਨ ਅਤੇ ਕਈਆਂ ਨਾਲ ਗੁਰਬਾਣੀ ‘ਚੋਂ ਉਦਾਹਰਣ ਵਜੋਂ ਟੂਕਾਂ ਵੀ ਦਿਤੀਆਂ ਗਈਆਂ ਹਨ।ਇਕ ਥਾਂ ਮਨ ਨੂੰ ਸੰਸਕ੍ਰਿਤ ਧਾਤੁ ਸ਼ਬਦ ਦੇ ਅਰਥਾਂ ਵਿਚ ਸਮਝਣਾ,ਵਿਚਾਰਨਾਂ ਕੀਤਾ ਗਿਆ ਹੈ।ਫਿਰ ਇਸ ਦਾ ਅਰਥ ਦਿਲ ਵੀ ਕੀਤਾ ਗਿਆ ਹੈ-‘ਜਿਨਿ ਮਨੁ ਰਾਖਿਆ ਅਗਨੀ ਪਾਇ’।।ਇਹ ਅੰਤਹਕਰਣ ਵੀ ਹੈ-‘ਮਨ ਮੇਰੇ ਗੁਰ ਕੀ ਮੰਨਿ ਲੈ ਰਜਾਏ’ ਅਤੇ ਖਿਆਲ ਵੀ-‘ਬੀਸ ਬਿਸਵੇ ਗੁਰ ਕਾ ਮਨੁ ਮਾਨੈ’।। (ਅੰਤਹਕਰਣ ਲਈ ਮਨੂਆ ਸ਼ਬਦ ਵੀ ਵਰਤਿਆ ਗਿਆ ਹੈ-‘ਮਨੂਆ ਅਸਥਿਰੁ ਸਬਦੇ ਰਾਤਾ’)।ਮਨ ਦਾ ਅਰਥ ਜੀਵਆਤਮਾਂ ਵੀ ਹੈ-“ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ”।।“ਇਸੁ ਮਨ ਕਉ ਨਹੀ ਆਵਨ ਜਾਨਾ”।।ਮਨਨ ਦੀ ਥਾਂ ਵੀ ਮਨ ਸ਼ਬਦ ਆਇਆ ਹੈ-“ਮਨ ਮਹਿ ਮਨੂਆ ਚਿਤ ਮਹਿ ਚੀਤਾ”(ਭਾਵ ਮਨਨ (ਵਿਚਾਰ) ਵਿਚ ਮਨ ਤੇ ਚਿੰਤਨ ਵਿਚ ਚਿੱਤ)।।ਹੋਰ ਅਰਥਾਂ ‘ਚ ਮਨਹਿ/ਮਨਿ,ਭਾਵ ਮਨ ‘ਚ,ਦਿਲ ‘ਚ-“ਮਨਹਿ ਕਮਾਵੈ ਮੁਖਿ ਹਰਿ ਹਰਿ ਬੋਲੈ”,ਮਨਹੁ ਭਾਵ ਮਨ ਤੋਂ-“ਮਨਹੁ ਛੋਡਿ ਵਿਕਾਰ”।ਸੰਬੋਧਨ ਦੇ ਤੌਰ ਤੇ ਮਨਾ,ਭਾਵ ਹੇ ਮਨੁ, ਦਾ ਵੀ ਜ਼ਿਕਰ ਹੈ।ਮਨਿ,ਮੰਨਦੇ ਦੇ ਰੂਪ ਵਿਚ ਵੀ ਆਉਂਦਾ ਹੈ-“ਮਨਿ ਜੀਤੈ ਜਗੁ ਜੀਤੁ”।।ਮਨੈ,ਮਨੇ,ਮਨਹਿ ਭਾਵ ਮਨ ਵਿਚ ਆਦਿ ਦੇ ਰੂਪ ਵਿਚ ਵੀ ਇਹ ਸ਼ਬਦ ਅਇਆ ਹੈ। ਮਨੁ ਦਾ ਅਰਥ ਦਾਨਾ,ਵਿਚਾਰਵਾਨ,ਵਿਵੇਕੀ ਵੀ ਕੀਤਾ ਗਿਆ ਹੈ-“ਮਨੁ ਰਾਜਾ ਮਨੁ ਮਨ ਤੇ ਮਾਨਿਆ ਮਨਸਾ ਮਨਿਹ ਸਮਾਈ”।ਸੰਗਯਾ ਵਜੋਂ ਸੰਸਕ੍ਰਿਤ ਮੂਲ ਦੇ ਸ਼ਬਦ ‘ਮਾਨਸ’ ਦੇ ਤੌਰ ‘ਤੇੇ ਇਸ ਦਾ ਅਰਥ ਮਨੁੱਖ,ਆਦਮੀ ਵੀ ਹੈ-“ਜੇਤੇ ਸਾਸ ਗ੍ਰਾਸ ਮਨੁ ਲੇਤਾ ਤੇਤੇ ਹੀ ਗੁਨ ਗਾਈਐ”।।ਗੁਰਬਾਣੀ ਵਿਚ ‘ਮਾਨਸ’ ਸ਼ਬਦ ਇਸ ਤਰ੍ਹਾਂ ਵੀ ਆਉਂਦਾ ਹੈ-‘ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ”।।‘ਮਾਣਸ’ ਸ਼ਬਦ ਵੀ ਵਰਤਿਆ ਗਿਆ ਹੈ-‘ ਮਾਣਸ ਜਨਮੁ ਦੁਲੰਭੁ ਗੁਰਮੁਖਿ ਪਾਇਆ’।।ਮਨ ਦੇ ਅਰਥ ਮਮਤਵ,ਮਮਤਾ ਦੇ ਤੌਰ ਤੇ ਵੀ ਕੀਤੇ ਗਏ ਹਨ-“ਮਨੁ ਮਹਿ ਮਨੂਆ ਜੇ ਮਰੈ ਤਾ ਪਿਰੁ ਰਾਵੈ ਨਾਰਿ”।ਇਸ ਤੋਂ ਇਲਾਵਾ ਬੁਧ,ਸੂਝ-ਸਮਝ,ਦੇਹੀ ਆਦਿ ਦੇ ਤੌਰ ਤੇ ਵੀ ਇਹ ਸ਼ਬਦ ਆਉਂਦਾ ਹੈ। ਅੰਗਰੇਜ਼ੀ ਵਿਚ ਮਨ ਨੂੰ ‘ਮਾਈਂਡ’ ਕਹਿੰਦੇ ਹਨ।ਇਸ ਸ਼ਬਦ ਦੇ ਮੂਲ਼/ਜੜ੍ਹ ਸਬੰਧੀ ਜਿੰਨੇ ਸਰੋਤਾਂ ਦਾ ਅਸੀਂ ਸਹਾਰਾ ਲਿਆ,ਲਗਭਗ ਸਭ ਨੇ,ਹੋਰਨਾਂ ਅਰਥਾਂ ਤੋਂ ਇਲਾਵਾ, ਇਸ ਦੇ ਦੋ ਅਰਥ ‘ਚੇਤਾ’(ਯਾਦ)ਅਤੇ ‘ਚਿੰਤਨ’ (ਸੋਚਣਾ) ਕੀਤੇ ਹਨ।ਜਾਣੀ ਮਨ ਬੰਦੇ ਦੀ ਯਾਦ-ਆਸ਼ਤ ਅਤੇ ਸੋਚਣ ਵਾਲਾ ਪੱਖ ਹੈ।ਇਹ ਅਹਿਸਾਸ ਵੀ ਹੈ ਅਤੇ ਵਿਵੇਕ ਵੀ।ਖਿਆਲਾਂ ਦਾ ਸਮੂਹ। ਸ਼ਬਦ-ਵਿਗਿਆਨ ਇਸ ਦਾ ਮੂਲ ਜਰਮੈਨਿਕ ਦੇ ਸ਼ਬਦ ‘ਮਿੱਨੀ’,ਪੁਰਾਤਨ ਅੰਗਰੇਜ਼ੀ ਦੇ ‘’ਜੇਮਾਈਂਡ’,ਸੰਸਕ੍ਰਿਤ ਦੇ ‘ਮਾਨਸ’ ਅਤੇ ਲਾਤੀਨੀ ਦੇ ‘ਮੈਨਜ਼’ ਦਸਦੈ।ਇਹਨਾਂ ਸਭ ਦਾ ਅਰਥ ਚੇਤਾ ਅਤੇ ਚਿੰਤਨ ਹੈ।ਮੈਰੀਯਮ-ਵੈਬਸਟਰ ਡਿਕਸ਼ਨਰੀ ਤਾਂ ਇਸ ਨੂੰ ਪ੍ਰੀਭਾਸ਼ਿਤ ਕਰਦਿਆਂ 10 ਅਰਥ ਦਸਦੀ ਹੈ(ਜੇ ਕੁਝ ਮੁੱਖ ਅਰਥਾਂ ਨਾਲ ਕੀਤੇ ਉੱਪ-ਅਰਥ ਪਾ ਲਈਏ ਤਾਂ ਗਿਣਤੀ 14-15 ਹੋ ਜਾਂਦੀ ਹੈ)।ਪਰ ‘ਮੈਮੋਰੀ’(ਯਾਦ-ਸ਼ਕਤੀ)ਅਤੇ ‘ਥਿੰਕਿੰਗ/ਥਾੱਟ’(ਚਿੰਤਨ/ਵਿਚਾਰ) ਵਾਲੇ ਅਰਥ ਸਭ ਕਰਦੇ ਹਨ। ਸਿਗਮੈਂਡ ਫਰਾਇਡ,ਜੋ ਮਨੋ-ਵਿਸ਼ਲੇਸ਼ਨ ਵਿਧੀ ਦਾ ਪਿਤਾਮਾ ਹੈ, ਅਨੁਸਾਰ ਮਨ ਤਿੰਨ ਅਵੱਸਥਾਵਾਂ ਚੇਤਨ,ਉਪਚੇਤਨ ਅਤੇ ਅਚੇਤਨ ਵਿਚ ਵਿਚਰਦਾ ਹੈ।ਦਿਮਾਗ,ਦੇਹ ਅਤੇ ਮਨ ਦੇ ਅੰਤਰ-ਸਬੰਧਾਂ ਬਾਰੇ ਵਿਚਾਰਾਂ ਦੇ ਸਕੂਲ ਵੀ ਤਿੰਨ ਹਨ। ਅੰਗਰੇਜ਼ੀ ਦਾ ਕਵੀ ਜੌਹਨ ਮਿਲਟਨ ਆਪਣੀ ਪ੍ਰਸਿੱਧ ਰਚਨਾ “ਪੈਰਾਡਾਈਜ਼ ਲੌਸਟ”(ਗੁਆਚਾ ਸੁਰਗ) ਵਿਚ ਮਨ ਦੀ ਸ਼ਕਤੀ ਬਾਰੇ ਕਹਿੰਦਾ ਹੈ-“ਮਨ ਦਾ ਆਪਣੇ ਆਪ ਵਿਚ ਇਕ ਆਪਣਾ ਅਸਥਾਨ ਹੈ ਅਤੇ ਇਹ ਇਸ ਵਿਚ ਵਿਚਰਦਿਆਂ ਨਰਕ ਨੂੰ ਸੁਰਗ ਅਤੇ ਸੁਰਗ ਨੂੰ ਨਰਕ ਬਣਾ ਸਕਦੈ”।ਨੈਪੋਲੀਅਨ ਹਿੱਲ ਤਾਂ ਇਥੋਂ ਤਕ ਕਹਿੰਦੈ ਕਿ ਤੁਹਾਡਾ ਮਨ ਜੋ ਕਲਪਿਤ ਕਰ ਸਕਦੈ ‘ਤੇ ਵਿਸ਼ਵਾਸ ਕਰ ਕਰਦੈ, ਉਸ ਨੂੰ ਪ੍ਰਾਪਤ ਕਰ ਸਕਦੈ।ਗੁਰਬਾਣੀ ਵਿਚ ਮਨ ਨੂੰ ਸ਼ਕਤੀ ਕਿਹਾ ਗਿਐ-‘ਇਹ ਮਨੁ ਸਕਤੀ ਇਹੁ ਮਨੁ ਸੀਉ।।ਇਹ ਮਨੁ ਪੰਚ ਤਤ ਕੋ ਜੀਉ’।।ਇਸ ਨੂੰ ਮੰਦਰ,ਦੇਹੁਰਾ,ਮੱਕਾ ਤਕ ਕਿਹਾ ਗਿਐ-“ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ”।।“ਮਨੁ ਕਰਿ ਮਕਾ ਕਿਬਲਾ ਕਰ ਦੇਹੀ”।। ਗੁਰਬਾਣੀ ਵਿਚ ਮਨ ਬਾਰੇ ਸੈਂਕੜੇ ਟੂਕਾਂ ਹਨ।ਮਨ ਨੂੰ ਸਮਝਾਉਣ ਲਈ ਉਸ ਨੂੰ ਪਿਆਰਾ,ਮਿੱਤਰ ਕਿਹਾ ਗਿਆ ਪਰ ਝਿੜਕਣ ਵੇਲੇ ਮੁਗਧ,ਮੂੜ(ਮੂਰਖ) ਵੀ ਕਿਹਾ ਗਿਐ।ਇਥੋਂ ਤਕ ਕਿ (ਵਿਗੜੈਲ) ਮਨ ਲਈ ‘ਸੁਣਿ ਮਨ ਅੰਧੇ ਕੁਤੇ ਕੂੜਿਆਰ’ ਵਰਗੇ ਸਖਤ ਸ਼ਬਦ ਵੀ ਵਰਤੇ ਗਏ ਹਨ। ਪਹਿਲਾਂ ਵੀ ਗੁਰਬਾਣੀ ਦੀਆਂ ਟੂਕਾਂ ਨੂੰ ਦ੍ਰਿਸ਼ਾਂਟ ਹਿਤ ਉਪਰ ਕੋਟ ਕੀਤਾ ਗਿਐ।ਇਥੇ ਕੁਝ ਕੁ ਟੂਕਾਂ ਹੋਰ ਪੇਸ਼ ਕਰਦੇ ਹਾਂ- -ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ।। -ਇਸ ਮਨੁ ਕਉ ਕੋਈ ਖੋਜਹੁ ਭਾਈ।। -ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ।। -ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ।। -ਜਨਮ ਜਨਮ ਕੀ ਇਸੁ ਮਨ ਕਉ ਮਲ ਲਾਗੀ ਕਾਲਾ ਹੋਆ ਸਿਆਹੁ।। -ਮਨ ਪਿਆਰਿਆ ਜੀਉ ਮਿਤ੍ਰਾ ਹਰਿ ਨਾਮੁ ਜਪਤ ਪਰਗਾਸੋ।। – ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ।। ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ।। -ਮਨੁ ਪਾਰਾ ਗੁਰਮੁਖਿ ਵਸਿ ਆਣੈ ।।(ਭਾਈ ਗੁਰਦਾਸ) ਮਨ ਨਾਲ ਸਬੰਧਤ ਅਨੇਕਾਂ ਅਖਾਣ ਅਤੇ ਮੁਹਾਵਰੇ ਹਨ- ਮਨ ਹਰਾਮੀ ਹੁਜਤਾਂ ਢੇਰ,ਮਨ ਹੋਵੇ ਚੰਗਾ,ਤਦ ਕਾਠੜੇ ਵਿਚ ਗੰਗਾ,ਮਨ ਹੌਲਾ ਹੋਣਾ,ਮਨ ਨੂੰ ਮੁੱਠੀ ਵਿਚ ਕਰਨਾ,ਮਨ ਦੀਆਂ ਖੇਪਾਂ ਲਦਣੀਆਂ, ਮਨ ਦੇ ਲਡੂ ਭੋਰਨੇ,ਮਨ ਨੂੰ ਹਵਾ ਲੁਆਉਣੀ,ਮਨ ਨੂੰ ਲਾਉਣੀ,ਮਨ ਭਰਨਾ,ਮਨ ਮਸੋਸ ਕੇ ਰਹਿ ਜਾਣਾ, ਮਨ ਨੂੰ ਸ਼ਾਂਤੀ ਮਿਲਣੀ,ਮਨ ਆਪਣੇ ਨੂੰ ਪੁਛ ਕੇ ਕੀਜੇ ਕੁਲ ਕੀ ਰੀਤ,ਮਨ ਮਰਜ਼ੀ ਦੇ ਸੱਚੇ ਵਿਚ ਢਾਲਣਾ,ਮਨ ਮਾਰਨਾ,ਮਨ ਮੈਲਾ ਕਰਨਾ,ਮਨ ਲੱਗਣੀ,ਮਨ ਲੈਣਾ,ਮਨ ਦੇ ਲਡੂਆਂ ਨਾਲ ਭੂਖ ਨਹੀਂ ਜਾਂਦੀ,ਖਾਈਏ ਮਨ ਭਾਉਂਦਾ,ਪਾਈਏ ਜਗ ਭਾਉਂਦਾ,ਮਨ ਮਿਲੇ ਦਾ ਮੇਲਾ ਤੇ ਚਿਤ ਮਿਲੇ ਦਾ ਚੇਲਾ,ਮਨ ਮੰਗੇ ਪਾਤਸ਼ਾਜਹੀਆਂ,ਮੈਂ ਕਿਥੋਂ ਕਢਾਂ,ਮਨ ਕੇ ਜੀਤੇ ਜੀਤ ਹੈ,ਮਨ ਕੇ ਹਾਰੇ ਹਾਰ,ਧਰਤੀ ਫਾਟੇ ਮੇਘ ਮਿਲੇ,/ਕਪੜਾ ਫਾਟੇ ਡੋਰ,/ਤਨ ਫਾਟੇ ਕੋ ਔਸ਼ਧੀ,/ਮਨ ਫਾਟੇ ਨਹੀਂ ਠੋਰ ਆਦਿ। ਮਨ ਦੀ ਤਾਂ ਹੋ ਗਈ,ਹੁਣ ਪਰਦੇਸ/ਪ੍ਰਦੇਸ ਦੀ ਗਲ ਕਰਦੇ ਹਾਂ।ਇਹ ਦੋ ਸ਼ਬਦਾਂ ਦਾ ਜੋੜ ਹੈ-ਪਰ+ਦੇਸ਼ ਭਾਵ ਦੂਸਰਾ ਦੇਸ਼/ਵਿਦੇਸ਼ ਜਾਂ ਦੂਸਰੀ ਥਾਂ-“ਪਰਦੇਸੁ ਝਾਗਿ ਸਉਦੈ ਕਉ ਆਇਆ”(ਗੁਰਬਾਣੀ)।ਇਸ ਦਾ ਅਰਥ ਜਨਮਾਂਤਰ ਅਤੇ ਪਰਲੋਕ ਵੀ ਕੀਤਾ ਗਿਆ ਹੈ।ਸ਼ਬਦ ਪ੍ਰਦੇਸੁ ਵੀ ਆਉਂਦੈ-“ਤਨਿ ਸੁਗੰਧ ਢੂਢੈ ਪ੍ਰਦੇਸੁ”(ਗੁਰਬਾਣੀ)। ਮਨ ਪਰਦੇਸੀ ਹੋਣ ਦਾ ਅਰਥ ਹੈ ਮਨ ਦਾ ਉਪਰਾਮ,ਉਦਾਸੀਨ,ਓਪਰਾ,ਅਜਨਬੀ ਹੋਣਾ-“ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ”।।(ਭਾਵ ਜੇ ਮਨ ਪ੍ਰਭੂ ਪ੍ਰਤੀ ਅਜਨਬੀ/ਓਪਰਾ ਹੋ ਜਾਏ ਤਾਂ ਸਾਰੀ ਦੁਨੀਆਂ ਮਨ ਪ੍ਰਤੀ ਬੇਗਾਨੀ/ਉਦਾਸੀਨ ਹੋ ਜਾਂਦੀ ਹੈ)”(ਸੂਹੀ ਛੰਤ ਮ.1)। ਪਰਦੇਸ ਨਾਲ ਵਿਛੋੜਾ ਜੁੜਿਆ ਹੈ।1995 ਦੀ ਬਲਾਕਬਸਟਰ ਫਿਲਮ ‘ਦਿਲ ਵਾਲੇ ਦੁਲਹਨੀਆਂ ਲੇ ਜਾਏਂਗੇ’ ਵਿਚ ਵਾਰ ਵਾਰ ਵਾਸਤਾ ਪਾਇਆ ਗਿਐ-‘ਬਾਗੋਂ ਮੇਂ ਝੂਲੋਂ ਕੇ ਮੌਸਮ ਵਾਪਿਸ ਆਏ ਰੇ,/ਘਰ ਆ ਜਾ ਪ੍ਰਦੇਸੀ ਤੇਰਾ ਦੇਸ ਬੁਲਾਏ ਰੇ”।1996 ਦੀ ਬੌਲੀਵੁਡ ਫਿਲਮ ‘ਰਾਜਾ ਹਿੰਦੁਸਤਾਨੀ’ ਵਿਚ ਤਾਂ ਪੁਕਾਰ ਕੀਤੀ ਗਈ ਹੈ-‘ਪਰਦੇਸੀ ਪਰਦੇਸੀ ਜਾਨਾ ਨਹੀਂ ਮੁਝੇ ਛੋੜ ਕੇ ਮੁਝੇ ਛੋੜ ਕੇ’।1965 ਦੀ ਫਿਲਮ ‘ਜਬ ਜਬ ਫੂਲ ਖਿਲੇ’ ਤਾਂ ਚਿਤਾਵਨੀ ਵਰਗੀ ਸਲਾਹ ਦਿੰਦੀ ਹੈ-‘ਪਰਦੇਸੀਉਂ ਸੇ ਨਾਂ ਅੱਖੀਆਂ ਮਿਲਾਨਾ/ਪਰਦੇਸੀਉਂ ਕੋ ਹੈ ਇਕ ਦਿਨ ਜਾਨਾ’।1968 ਦੀ ਇਕ ਫਿਲਮ ‘ਦੋ ਦੂਨੀ ਚਾਰ’ ਵਿਚ ਕਿਸ਼ੋਰ ਕੁਮਾਰ ਦੀ ਮਿੱਠੀ ਆਵਾਜ਼ ਤੇ ਮਧੁਰ ਸੰਗੀਤ ਵਿਚ ਇਕ ਮਖਮਲੀ ਗੀਤ ਹੈ- ‘ਹਵਾਉਂ ਪੇ ਲਿਖ ਦੋ ਹਵਾਉਂ ਕੇ ਨਾਮ,/ਹਮ ਅਨਜਾਨ ਪ੍ਰਦੇਸੀਉਂ ਕਾ ਸਲਾਮ’।1982 ਦੀ ਫਿਲਮ ‘ਦੁਸ਼ਮਨ’ ਵਿਚ ਆਪਣੀ ਸੋਜ਼ਮਈ ਆਵਾਜ਼ ਵਿਚ ਗਾ ਕੇ ਜਗਜੀਤ ਸਿੰਘ ਨੇ ਭਾਵੁਕਤਾ ਦੀ ਹੱਦ ਕਰ ਦਿਤੀ-“ਚਿੱਠੀ ਨਾ ਕੋਈ ਸੰਦੇਸ਼ ਜਾਨੇ ਵੋ ਕੌਨ ਸਾ ਦੇਸ/ਜਹਾਂ ਤੁਮ ਚਲੇ ਗਏ”।1986