ਮਨ ਮਾਨਵ ਹੈ ਜਾਂ ਇਉਂ ਕਹਿ ਲਈਏ ਕਿ ਮਾਨਵ ਮਨ ਹੈ।ਮਨ ਹੀ ਬੰਦੇ ਨੂੰ ਤਾਰਦਾ ਹੈ ਤੇ ਮਨ ਹੀ ਬੰਦੇ ਨੂੰ ਡੋਬਦਾ ਹੈ।ਜੇ ਮਨ ਕਾਬੂ ‘ਚ ਰਹੇ ਤਾਂ ਦੋਸਤ ਹੈ,ਜੇ ਤੁਹਾਨੂੰ ਕਾਬੂ ‘ਚ ਕਰ ਲਏ ਤਾਂ ਦੁਸ਼ਮਣ ਹੈ। ਸਾਰਾ ਮਾਮਲਾ ਮਨ ਦੇ ਮੰਨੇ ਜਾਂ ਮਨ ਦੀ ਮੰਨੇ ਦਾ ਹੈ !
ਮਨ ਦੇ ਅਰਥ ਅਤੇ ਇਸ ਦੀ ਵਿਉਤਪੱਤੀ/ਸ਼ਬਦ ਵਿਗਿਆਨ ਦੀ ਜਾਣਕਾਰੀ ਹਾਸਲ ਕਰਨ ਲਈ ਭਾਈ ਕਾਹਨ ਸਿੰਘ ਨਾਭਾ ਦੇ ਮਹਾਨਕੋਸ਼,ਵਿੱਕੀਪੀਡੀਆ,ਆਨਲਾਈਨ ਐਟੀਮੌਲੋਜੀ ਡਿਕਸ਼ਨਰੀ,ਮੈਰੀਯਮ-ਵੈਬਸਟਰ ਡਿਕਸ਼ਨਰੀ ਸਮੇਤ ਅਸੀਂ ਹੋਰਨਾਂ ਸਰੋਤਾਂ ਦਾ ਸਹਾਰਾ ਲਿਆ।
ਮਹਾਨਕੋਸ਼ ਵਿਚ ਹੀ ਮਨ ਦੇ 13 ਅਰਥ ਕੀਤੇ ਗਏ ਹਨ ਅਤੇ ਕਈਆਂ ਨਾਲ ਗੁਰਬਾਣੀ ‘ਚੋਂ ਉਦਾਹਰਣ ਵਜੋਂ ਟੂਕਾਂ ਵੀ ਦਿਤੀਆਂ ਗਈਆਂ ਹਨ।ਇਕ ਥਾਂ ਮਨ ਨੂੰ ਸੰਸਕ੍ਰਿਤ ਧਾਤੁ ਸ਼ਬਦ ਦੇ ਅਰਥਾਂ ਵਿਚ ਸਮਝਣਾ,ਵਿਚਾਰਨਾਂ ਕੀਤਾ ਗਿਆ ਹੈ।ਫਿਰ ਇਸ ਦਾ ਅਰਥ ਦਿਲ ਵੀ ਕੀਤਾ ਗਿਆ ਹੈ-‘ਜਿਨਿ ਮਨੁ ਰਾਖਿਆ ਅਗਨੀ ਪਾਇ’।।ਇਹ ਅੰਤਹਕਰਣ ਵੀ ਹੈ-‘ਮਨ ਮੇਰੇ ਗੁਰ ਕੀ ਮੰਨਿ ਲੈ ਰਜਾਏ’ ਅਤੇ ਖਿਆਲ ਵੀ-‘ਬੀਸ ਬਿਸਵੇ ਗੁਰ ਕਾ ਮਨੁ ਮਾਨੈ’।। (ਅੰਤਹਕਰਣ ਲਈ ਮਨੂਆ ਸ਼ਬਦ ਵੀ ਵਰਤਿਆ ਗਿਆ ਹੈ-‘ਮਨੂਆ ਅਸਥਿਰੁ ਸਬਦੇ ਰਾਤਾ’)।ਮਨ ਦਾ ਅਰਥ ਜੀਵਆਤਮਾਂ ਵੀ ਹੈ-“ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ”।।“ਇਸੁ ਮਨ ਕਉ ਨਹੀ ਆਵਨ ਜਾਨਾ”।।ਮਨਨ ਦੀ ਥਾਂ ਵੀ ਮਨ ਸ਼ਬਦ ਆਇਆ ਹੈ-“ਮਨ ਮਹਿ ਮਨੂਆ ਚਿਤ ਮਹਿ ਚੀਤਾ”(ਭਾਵ ਮਨਨ (ਵਿਚਾਰ) ਵਿਚ ਮਨ ਤੇ ਚਿੰਤਨ ਵਿਚ ਚਿੱਤ)।।ਹੋਰ ਅਰਥਾਂ ‘ਚ ਮਨਹਿ/ਮਨਿ,ਭਾਵ ਮਨ ‘ਚ,ਦਿਲ ‘ਚ-“ਮਨਹਿ ਕਮਾਵੈ ਮੁਖਿ ਹਰਿ ਹਰਿ ਬੋਲੈ”,ਮਨਹੁ ਭਾਵ ਮਨ ਤੋਂ-“ਮਨਹੁ ਛੋਡਿ ਵਿਕਾਰ”।ਸੰਬੋਧਨ ਦੇ ਤੌਰ ਤੇ ਮਨਾ,ਭਾਵ ਹੇ ਮਨੁ, ਦਾ ਵੀ ਜ਼ਿਕਰ ਹੈ।ਮਨਿ,ਮੰਨਦੇ ਦੇ ਰੂਪ ਵਿਚ ਵੀ ਆਉਂਦਾ ਹੈ-“ਮਨਿ ਜੀਤੈ ਜਗੁ ਜੀਤੁ”।।ਮਨੈ,ਮਨੇ,ਮਨਹਿ ਭਾਵ ਮਨ ਵਿਚ ਆਦਿ ਦੇ ਰੂਪ ਵਿਚ ਵੀ ਇਹ ਸ਼ਬਦ ਅਇਆ ਹੈ।
ਮਨੁ ਦਾ ਅਰਥ ਦਾਨਾ,ਵਿਚਾਰਵਾਨ,ਵਿਵੇਕੀ ਵੀ ਕੀਤਾ ਗਿਆ ਹੈ-“ਮਨੁ ਰਾਜਾ ਮਨੁ ਮਨ ਤੇ ਮਾਨਿਆ ਮਨਸਾ ਮਨਿਹ ਸਮਾਈ”।ਸੰਗਯਾ ਵਜੋਂ ਸੰਸਕ੍ਰਿਤ ਮੂਲ ਦੇ ਸ਼ਬਦ ‘ਮਾਨਸ’ ਦੇ ਤੌਰ ‘ਤੇੇ ਇਸ ਦਾ ਅਰਥ ਮਨੁੱਖ,ਆਦਮੀ ਵੀ ਹੈ-“ਜੇਤੇ ਸਾਸ ਗ੍ਰਾਸ ਮਨੁ ਲੇਤਾ ਤੇਤੇ ਹੀ ਗੁਨ ਗਾਈਐ”।।ਗੁਰਬਾਣੀ ਵਿਚ ‘ਮਾਨਸ’ ਸ਼ਬਦ ਇਸ ਤਰ੍ਹਾਂ ਵੀ ਆਉਂਦਾ ਹੈ-‘ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ”।।‘ਮਾਣਸ’ ਸ਼ਬਦ ਵੀ ਵਰਤਿਆ ਗਿਆ ਹੈ-‘ ਮਾਣਸ ਜਨਮੁ ਦੁਲੰਭੁ ਗੁਰਮੁਖਿ ਪਾਇਆ’।।ਮਨ ਦੇ ਅਰਥ ਮਮਤਵ,ਮਮਤਾ ਦੇ ਤੌਰ ਤੇ ਵੀ ਕੀਤੇ ਗਏ ਹਨ-“ਮਨੁ ਮਹਿ ਮਨੂਆ ਜੇ ਮਰੈ ਤਾ ਪਿਰੁ ਰਾਵੈ ਨਾਰਿ”।ਇਸ ਤੋਂ ਇਲਾਵਾ ਬੁਧ,ਸੂਝ-ਸਮਝ,ਦੇਹੀ ਆਦਿ ਦੇ ਤੌਰ ਤੇ ਵੀ ਇਹ ਸ਼ਬਦ ਆਉਂਦਾ ਹੈ।
ਅੰਗਰੇਜ਼ੀ ਵਿਚ ਮਨ ਨੂੰ ‘ਮਾਈਂਡ’ ਕਹਿੰਦੇ ਹਨ।ਇਸ ਸ਼ਬਦ ਦੇ ਮੂਲ਼/ਜੜ੍ਹ ਸਬੰਧੀ ਜਿੰਨੇ ਸਰੋਤਾਂ ਦਾ ਅਸੀਂ ਸਹਾਰਾ ਲਿਆ,ਲਗਭਗ ਸਭ ਨੇ,ਹੋਰਨਾਂ ਅਰਥਾਂ ਤੋਂ ਇਲਾਵਾ, ਇਸ ਦੇ ਦੋ ਅਰਥ ‘ਚੇਤਾ’(ਯਾਦ)ਅਤੇ ‘ਚਿੰਤਨ’ (ਸੋਚਣਾ) ਕੀਤੇ ਹਨ।ਜਾਣੀ ਮਨ ਬੰਦੇ ਦੀ ਯਾਦ-ਆਸ਼ਤ ਅਤੇ ਸੋਚਣ ਵਾਲਾ ਪੱਖ ਹੈ।ਇਹ ਅਹਿਸਾਸ ਵੀ ਹੈ ਅਤੇ ਵਿਵੇਕ ਵੀ।ਖਿਆਲਾਂ ਦਾ ਸਮੂਹ।
ਸ਼ਬਦ-ਵਿਗਿਆਨ ਇਸ ਦਾ ਮੂਲ ਜਰਮੈਨਿਕ ਦੇ ਸ਼ਬਦ ‘ਮਿੱਨੀ’,ਪੁਰਾਤਨ ਅੰਗਰੇਜ਼ੀ ਦੇ ‘’ਜੇਮਾਈਂਡ’,ਸੰਸਕ੍ਰਿਤ ਦੇ ‘ਮਾਨਸ’ ਅਤੇ ਲਾਤੀਨੀ ਦੇ ‘ਮੈਨਜ਼’ ਦਸਦੈ।ਇਹਨਾਂ ਸਭ ਦਾ ਅਰਥ ਚੇਤਾ ਅਤੇ ਚਿੰਤਨ ਹੈ।ਮੈਰੀਯਮ-ਵੈਬਸਟਰ ਡਿਕਸ਼ਨਰੀ ਤਾਂ ਇਸ ਨੂੰ ਪ੍ਰੀਭਾਸ਼ਿਤ ਕਰਦਿਆਂ 10 ਅਰਥ ਦਸਦੀ ਹੈ(ਜੇ ਕੁਝ ਮੁੱਖ ਅਰਥਾਂ ਨਾਲ ਕੀਤੇ ਉੱਪ-ਅਰਥ ਪਾ ਲਈਏ ਤਾਂ ਗਿਣਤੀ 14-15 ਹੋ ਜਾਂਦੀ ਹੈ)।ਪਰ ‘ਮੈਮੋਰੀ’(ਯਾਦ-ਸ਼ਕਤੀ)ਅਤੇ ‘ਥਿੰਕਿੰਗ/ਥਾੱਟ’(ਚਿੰਤਨ/ਵਿਚਾਰ) ਵਾਲੇ ਅਰਥ ਸਭ ਕਰਦੇ ਹਨ।
ਸਿਗਮੈਂਡ ਫਰਾਇਡ,ਜੋ ਮਨੋ-ਵਿਸ਼ਲੇਸ਼ਨ ਵਿਧੀ ਦਾ ਪਿਤਾਮਾ ਹੈ, ਅਨੁਸਾਰ ਮਨ ਤਿੰਨ ਅਵੱਸਥਾਵਾਂ ਚੇਤਨ,ਉਪਚੇਤਨ ਅਤੇ ਅਚੇਤਨ ਵਿਚ ਵਿਚਰਦਾ ਹੈ।ਦਿਮਾਗ,ਦੇਹ ਅਤੇ ਮਨ ਦੇ ਅੰਤਰ-ਸਬੰਧਾਂ ਬਾਰੇ ਵਿਚਾਰਾਂ ਦੇ ਸਕੂਲ ਵੀ ਤਿੰਨ ਹਨ।
ਅੰਗਰੇਜ਼ੀ ਦਾ ਕਵੀ ਜੌਹਨ ਮਿਲਟਨ ਆਪਣੀ ਪ੍ਰਸਿੱਧ ਰਚਨਾ “ਪੈਰਾਡਾਈਜ਼ ਲੌਸਟ”(ਗੁਆਚਾ ਸੁਰਗ) ਵਿਚ ਮਨ ਦੀ ਸ਼ਕਤੀ ਬਾਰੇ ਕਹਿੰਦਾ ਹੈ-“ਮਨ ਦਾ ਆਪਣੇ ਆਪ ਵਿਚ ਇਕ ਆਪਣਾ ਅਸਥਾਨ ਹੈ ਅਤੇ ਇਹ ਇਸ ਵਿਚ ਵਿਚਰਦਿਆਂ ਨਰਕ ਨੂੰ ਸੁਰਗ ਅਤੇ ਸੁਰਗ ਨੂੰ ਨਰਕ ਬਣਾ ਸਕਦੈ”।ਨੈਪੋਲੀਅਨ ਹਿੱਲ ਤਾਂ ਇਥੋਂ ਤਕ ਕਹਿੰਦੈ ਕਿ ਤੁਹਾਡਾ ਮਨ ਜੋ ਕਲਪਿਤ ਕਰ ਸਕਦੈ ‘ਤੇ ਵਿਸ਼ਵਾਸ ਕਰ ਕਰਦੈ, ਉਸ ਨੂੰ ਪ੍ਰਾਪਤ ਕਰ ਸਕਦੈ।ਗੁਰਬਾਣੀ ਵਿਚ ਮਨ ਨੂੰ ਸ਼ਕਤੀ ਕਿਹਾ ਗਿਐ-‘ਇਹ ਮਨੁ ਸਕਤੀ ਇਹੁ ਮਨੁ ਸੀਉ।।ਇਹ ਮਨੁ ਪੰਚ ਤਤ ਕੋ ਜੀਉ’।।ਇਸ ਨੂੰ ਮੰਦਰ,ਦੇਹੁਰਾ,ਮੱਕਾ ਤਕ ਕਿਹਾ ਗਿਐ-“ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ”।।“ਮਨੁ ਕਰਿ ਮਕਾ ਕਿਬਲਾ ਕਰ ਦੇਹੀ”।।
ਗੁਰਬਾਣੀ ਵਿਚ ਮਨ ਬਾਰੇ ਸੈਂਕੜੇ ਟੂਕਾਂ ਹਨ।ਮਨ ਨੂੰ ਸਮਝਾਉਣ ਲਈ ਉਸ ਨੂੰ ਪਿਆਰਾ,ਮਿੱਤਰ ਕਿਹਾ ਗਿਆ ਪਰ ਝਿੜਕਣ ਵੇਲੇ ਮੁਗਧ,ਮੂੜ(ਮੂਰਖ) ਵੀ ਕਿਹਾ ਗਿਐ।ਇਥੋਂ ਤਕ ਕਿ (ਵਿਗੜੈਲ) ਮਨ ਲਈ ‘ਸੁਣਿ ਮਨ ਅੰਧੇ ਕੁਤੇ ਕੂੜਿਆਰ’ ਵਰਗੇ ਸਖਤ ਸ਼ਬਦ ਵੀ ਵਰਤੇ ਗਏ ਹਨ।
ਪਹਿਲਾਂ ਵੀ ਗੁਰਬਾਣੀ ਦੀਆਂ ਟੂਕਾਂ ਨੂੰ ਦ੍ਰਿਸ਼ਾਂਟ ਹਿਤ ਉਪਰ ਕੋਟ ਕੀਤਾ ਗਿਐ।ਇਥੇ ਕੁਝ ਕੁ ਟੂਕਾਂ ਹੋਰ ਪੇਸ਼ ਕਰਦੇ ਹਾਂ-
-ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ।।
-ਇਸ ਮਨੁ ਕਉ ਕੋਈ ਖੋਜਹੁ ਭਾਈ।।
-ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ।।
-ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ।।
-ਜਨਮ ਜਨਮ ਕੀ ਇਸੁ ਮਨ ਕਉ ਮਲ ਲਾਗੀ ਕਾਲਾ ਹੋਆ ਸਿਆਹੁ।।
-ਮਨ ਪਿਆਰਿਆ ਜੀਉ ਮਿਤ੍ਰਾ ਹਰਿ ਨਾਮੁ ਜਪਤ ਪਰਗਾਸੋ।।
– ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ।।
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ।।
-ਮਨੁ ਪਾਰਾ ਗੁਰਮੁਖਿ ਵਸਿ ਆਣੈ ।।(ਭਾਈ ਗੁਰਦਾਸ)
ਮਨ ਨਾਲ ਸਬੰਧਤ ਅਨੇਕਾਂ ਅਖਾਣ ਅਤੇ ਮੁਹਾਵਰੇ ਹਨ-
ਮਨ ਹਰਾਮੀ ਹੁਜਤਾਂ ਢੇਰ,ਮਨ ਹੋਵੇ ਚੰਗਾ,ਤਦ ਕਾਠੜੇ ਵਿਚ ਗੰਗਾ,ਮਨ ਹੌਲਾ ਹੋਣਾ,ਮਨ ਨੂੰ ਮੁੱਠੀ ਵਿਚ ਕਰਨਾ,ਮਨ ਦੀਆਂ ਖੇਪਾਂ ਲਦਣੀਆਂ, ਮਨ ਦੇ ਲਡੂ ਭੋਰਨੇ,ਮਨ ਨੂੰ ਹਵਾ ਲੁਆਉਣੀ,ਮਨ ਨੂੰ ਲਾਉਣੀ,ਮਨ ਭਰਨਾ,ਮਨ ਮਸੋਸ ਕੇ ਰਹਿ ਜਾਣਾ, ਮਨ ਨੂੰ ਸ਼ਾਂਤੀ ਮਿਲਣੀ,ਮਨ ਆਪਣੇ ਨੂੰ ਪੁਛ ਕੇ ਕੀਜੇ ਕੁਲ ਕੀ ਰੀਤ,ਮਨ ਮਰਜ਼ੀ ਦੇ ਸੱਚੇ ਵਿਚ ਢਾਲਣਾ,ਮਨ ਮਾਰਨਾ,ਮਨ ਮੈਲਾ ਕਰਨਾ,ਮਨ ਲੱਗਣੀ,ਮਨ ਲੈਣਾ,ਮਨ ਦੇ ਲਡੂਆਂ ਨਾਲ ਭੂਖ ਨਹੀਂ ਜਾਂਦੀ,ਖਾਈਏ ਮਨ ਭਾਉਂਦਾ,ਪਾਈਏ ਜਗ ਭਾਉਂਦਾ,ਮਨ ਮਿਲੇ ਦਾ ਮੇਲਾ ਤੇ ਚਿਤ ਮਿਲੇ ਦਾ ਚੇਲਾ,ਮਨ ਮੰਗੇ ਪਾਤਸ਼ਾਜਹੀਆਂ,ਮੈਂ ਕਿਥੋਂ ਕਢਾਂ,ਮਨ ਕੇ ਜੀਤੇ ਜੀਤ ਹੈ,ਮਨ ਕੇ ਹਾਰੇ ਹਾਰ,ਧਰਤੀ ਫਾਟੇ ਮੇਘ ਮਿਲੇ,/ਕਪੜਾ ਫਾਟੇ ਡੋਰ,/ਤਨ ਫਾਟੇ ਕੋ ਔਸ਼ਧੀ,/ਮਨ ਫਾਟੇ ਨਹੀਂ ਠੋਰ ਆਦਿ।
ਮਨ ਦੀ ਤਾਂ ਹੋ ਗਈ,ਹੁਣ ਪਰਦੇਸ/ਪ੍ਰਦੇਸ ਦੀ ਗਲ ਕਰਦੇ ਹਾਂ।ਇਹ ਦੋ ਸ਼ਬਦਾਂ ਦਾ ਜੋੜ ਹੈ-ਪਰ+ਦੇਸ਼ ਭਾਵ ਦੂਸਰਾ ਦੇਸ਼/ਵਿਦੇਸ਼ ਜਾਂ ਦੂਸਰੀ ਥਾਂ-“ਪਰਦੇਸੁ ਝਾਗਿ ਸਉਦੈ ਕਉ ਆਇਆ”(ਗੁਰਬਾਣੀ)।ਇਸ ਦਾ ਅਰਥ ਜਨਮਾਂਤਰ ਅਤੇ ਪਰਲੋਕ ਵੀ ਕੀਤਾ ਗਿਆ ਹੈ।ਸ਼ਬਦ ਪ੍ਰਦੇਸੁ ਵੀ ਆਉਂਦੈ-“ਤਨਿ ਸੁਗੰਧ ਢੂਢੈ ਪ੍ਰਦੇਸੁ”(ਗੁਰਬਾਣੀ)।
ਮਨ ਪਰਦੇਸੀ ਹੋਣ ਦਾ ਅਰਥ ਹੈ ਮਨ ਦਾ ਉਪਰਾਮ,ਉਦਾਸੀਨ,ਓਪਰਾ,ਅਜਨਬੀ ਹੋਣਾ-“ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ”।।(ਭਾਵ ਜੇ ਮਨ ਪ੍ਰਭੂ ਪ੍ਰਤੀ ਅਜਨਬੀ/ਓਪਰਾ ਹੋ ਜਾਏ ਤਾਂ ਸਾਰੀ ਦੁਨੀਆਂ ਮਨ ਪ੍ਰਤੀ ਬੇਗਾਨੀ/ਉਦਾਸੀਨ ਹੋ ਜਾਂਦੀ ਹੈ)”(ਸੂਹੀ ਛੰਤ ਮ.1)।
ਪਰਦੇਸ ਨਾਲ ਵਿਛੋੜਾ ਜੁੜਿਆ ਹੈ।1995 ਦੀ ਬਲਾਕਬਸਟਰ ਫਿਲਮ ‘ਦਿਲ ਵਾਲੇ ਦੁਲਹਨੀਆਂ ਲੇ ਜਾਏਂਗੇ’ ਵਿਚ ਵਾਰ ਵਾਰ ਵਾਸਤਾ ਪਾਇਆ ਗਿਐ-‘ਬਾਗੋਂ ਮੇਂ ਝੂਲੋਂ ਕੇ ਮੌਸਮ ਵਾਪਿਸ ਆਏ ਰੇ,/ਘਰ ਆ ਜਾ ਪ੍ਰਦੇਸੀ ਤੇਰਾ ਦੇਸ ਬੁਲਾਏ ਰੇ”।1996 ਦੀ ਬੌਲੀਵੁਡ ਫਿਲਮ ‘ਰਾਜਾ ਹਿੰਦੁਸਤਾਨੀ’ ਵਿਚ ਤਾਂ ਪੁਕਾਰ ਕੀਤੀ ਗਈ ਹੈ-‘ਪਰਦੇਸੀ ਪਰਦੇਸੀ ਜਾਨਾ ਨਹੀਂ ਮੁਝੇ ਛੋੜ ਕੇ ਮੁਝੇ ਛੋੜ ਕੇ’।1965 ਦੀ ਫਿਲਮ ‘ਜਬ ਜਬ ਫੂਲ ਖਿਲੇ’ ਤਾਂ ਚਿਤਾਵਨੀ ਵਰਗੀ ਸਲਾਹ ਦਿੰਦੀ ਹੈ-‘ਪਰਦੇਸੀਉਂ ਸੇ ਨਾਂ ਅੱਖੀਆਂ ਮਿਲਾਨਾ/ਪਰਦੇਸੀਉਂ ਕੋ ਹੈ ਇਕ ਦਿਨ ਜਾਨਾ’।1968 ਦੀ ਇਕ ਫਿਲਮ ‘ਦੋ ਦੂਨੀ ਚਾਰ’ ਵਿਚ ਕਿਸ਼ੋਰ ਕੁਮਾਰ ਦੀ ਮਿੱਠੀ ਆਵਾਜ਼ ਤੇ ਮਧੁਰ ਸੰਗੀਤ ਵਿਚ ਇਕ ਮਖਮਲੀ ਗੀਤ ਹੈ- ‘ਹਵਾਉਂ ਪੇ ਲਿਖ ਦੋ ਹਵਾਉਂ ਕੇ ਨਾਮ,/ਹਮ ਅਨਜਾਨ ਪ੍ਰਦੇਸੀਉਂ ਕਾ ਸਲਾਮ’।1982 ਦੀ ਫਿਲਮ ‘ਦੁਸ਼ਮਨ’ ਵਿਚ ਆਪਣੀ ਸੋਜ਼ਮਈ ਆਵਾਜ਼ ਵਿਚ ਗਾ ਕੇ ਜਗਜੀਤ ਸਿੰਘ ਨੇ ਭਾਵੁਕਤਾ ਦੀ ਹੱਦ ਕਰ ਦਿਤੀ-“ਚਿੱਠੀ ਨਾ ਕੋਈ ਸੰਦੇਸ਼ ਜਾਨੇ ਵੋ ਕੌਨ ਸਾ ਦੇਸ/ਜਹਾਂ ਤੁਮ ਚਲੇ ਗਏ”।1986 ਦੀ ਫਿਲ਼ਮ ‘ਨਾਮ’ ਵਿਚ ਪੰਕਜ ਉਦਾਸ ਦੀ ਗਾਈ ਗ਼ਜ਼ਲ ਵੀ ਬਹੁਤ ਭਾਵੁਕ ਕਰਦੀ ਐੈ-“ਚਿੱਠੀ ਆਈ ਹੈ ਆਈ ਹੈ ਚਿੱਠੀ ਆਈ ਹੈ,/ਚਿੱਠੀ ਆਈ ਹੈ ਵਤਨ ਸੇ ਚਿੱਠੀ ਆਈ ਹੈ।
ਬੜੇ ਦਿਨੋਂ ਕੇ ਬਾਅਦ, ਹਮ ਬੇਵਤਨੋਂ ਕੋ ਯਾਦ ਵਤਨ ਕੀ ਮਿੱਟੀ ਆਈ ਹੈ ।“
ਪਰਦੇਸ ਵਿਚਲੀ ਬੇਗਾਨਗੀ ਅਤੇ ਮਾਨਸਿਕ ਪੀੜਾ ਦੀ ਤਸਵੀਰ ਸੁਰਜੀਤ ਪਾਤਰ ਦੇ ਇਸ ਸ਼ੇਅਰ ਵਿਚ ਬਾਖੂਬੀ ਬਿਆਨ ਕੀਤੀ ਗਈ ਹੈ-
“ਜੋ ਬਦੇਸਾਂ ‘ਚ ਰੁਲਦੇ ਨੇ ਰੋਜ਼ੀ ਲਈ/ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ/ਬਾਕੀ ਕਬਰਾਂ ਦੇ ਰੁਖ ਹੇਠ ਜਾ ਬਹਿਣਗੇ”।
ਇਸੇ ਲਈ ਉਸ ਦਾ ਇਕ ਹੋਰ ਸ਼ੇਅਰ ਪੀੜ-ਪਰੁੱਚਾ ਪ੍ਰਸ਼ਨ ਕਰਦੈ-
“ਕਿਧਰ ਗਏ ਓਂ ਪੁੱਤਰੋ ਦਲਾਲਾਂ ਦੇ ਆਖੇ
ਮਰਨ ਲਈ ਕਿਤੇ ਦੂਰ ਮਾਂਵਾਂ ਤੋਂ ਚੋਰੀ”।
ਸ਼ਿਵ ਕੁਮਾਰ ਬਟਾਲਵੀ ਦੀ ਇਕ ਰਚਨਾਂ ‘ਪਰਦੇਸ ਵੱਸਣ ਵਾਲਿਆ’ ਵਿਚ ਪਰਦੇਸ ਦੇ ਵਿਛੋੜੇ ਦੇ ਸੱਲ੍ਹ ਦੀ ਗਲ ਕੀਤੀ ਗਈ ਹੈ-“ਰੋਜ਼ ਜਦ ਆਥਣ ਦਾ ਤਾਰਾ ਅੰਬਰਾਂ ਤੇ ਚੜ੍ਹੇਗਾ,
ਕੋਈ ਯਾਦ ਤੈਨੂੰ ਕਰੇਗਾ!ਪਰਦੇਸ ਵੱਸਣ ਵਾਲਿਆ!”
ਉਸ ਦਾ ਲਿਖਿਆ ਗੀਤ ਫਿਲਮ ‘ਨੀਮ ਹਕੀਮ’ ਵਿਚ ਆਸ਼ਾ ਭੌਂਸਲੇ ਨੇ ਗਾਇਆ ਹੈ,ਜਿਸ ਵਿਚ ਪਰਦੇਸ ਕਾਰਨ ਪੈਂਦੇੇ ਵਿਛੋੜੇ,ਜੋ ਲੜਕੀਆਂ ਦੀ ਹੋਣੀ ਹੀ ਹੈ,ਦੀ ਗਲ ਕੀਤੀ ਗਈ ਹੈ-
“ਮੈਂ ਅੱਗ ਟੁਰੀ ਪਰਦੇਸ ਨੀ ਸਈਉ…
ਛੱਡ ਸਈਆਂ ਦੇ ਭਰੇ ਤ੍ਰਿੰਜਣ/ਛੱਡ ਸਜਣ ਦਾ ਦੇਸ”।
ਕੂਜਾਂ ਦਾ ਪਰਦੇਸ-ਪਰਵਾਸ ਤਾਂ ਲੋਕ-ਗਾਥਾਈ ਹੈ। ਇਸ ਦਾ ਜ਼ਿਕਰ ਗੁਰਬਾਣੀ ਵਿਚ ਵੀ ਹੈ-“ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ”।।
ਇਕ ਰਚਨਾਂ ਵਿਚ ਮੋਰਾਂ ਅਤੇ ਕੂੰਜਾਂ ਦਾ ਪ੍ਰਦੇਸ ਵਾਰੇ ਬੜਾ ਰੌਚਕ ਕਾਵਿਕ ਸੰਵਾਦ ਹੈ-
“ ਮੋਰ ਪੁਛੀਂਦੇ ਕੂੰਜਾਂ ਕੋਲੋਂ,/ਤੁਸਾਂ ਨਿਤ ਪਰਦੇਸ ਤਿਆਰੀ।
ਉ ਜਾਂ ਤਾਂ ਤੁਹਾਡਾ ਵਤਨ ਕੁਚੱਜੜਾ,/ਜਾਂ ਲੇਖੀਂ ਨਿਤ ਉਡਾਰੀ।
ਉ ਬਚੜੇ ਛੋੜ ਪਰਦੇਸਣ ਹੋਈਓ,/ਤੁਸਾਂ ਉਮਰ ਬਿਹਾ ਲਈ ਸਾਰੀ।
ਮੋਰਾਂ ਨੂੰ ਸਮਝਾਉਣ ਲਗੀਆਂ,/ਉ ਕੂੰਜਾਂ ਵਾਰੋ ਵਾਰੀ।
ਧੁਰੋਂ ਲਿਖੀਆਂ ਨੂੰ ਕੋਈ ਮੇਟ ਨਹੀਂ ਸਕਦਾ,
ਸਭ ਦਾਤੇ ਚੋਜ ਖਿਲਾਰੀ”।
ਕਹਿੰਦੇ ਹਨ ਕੰਧ ਓਹਲੇ ਪ੍ਰਦੇਸ!ਭਲਾ ਜੇ ਕੰਧ ਓਹਲੇ ਪ੍ਰਦੇਸ ਹੈ ਤਾਂ ਫਿਰ ਸੱਚੀ-ਮੁੱਚੀਂ ਦੇ ਪ੍ਰਦੇਸ ‘ਚ ਕਿੰਨੀਆਂ ਕੰਧਾਂ ਦਾ ਓਹਲਾ ਹੋਵੇਗਾ ਜਾਂ ਕਿੰਨੇ ਕੁ ਪ੍ਰਦੇਸ ਹੋਣਗੇ?
ਇਹ ਵੀ ਕਿਹਾ ਜਾਂਦੈ ਕਿ ਦੇਸ ਚੋਰੀ ਪ੍ਰਦੇਸ ਭਿੱਖਿਆ।
ਪ੍ਰਦੇਸ ਦਾ ਇਕ ਅਰਥ ਪ੍ਰਲੋਕ ਵੀ ਹੈ।ਪ੍ਰਲੋਕ ਉਹ ਲੋਕ ਹੈ ਜਿਥੇ ਜਾ ਕੇ ਪ੍ਰਦੇਸੀ ਪਰਤਤਦਾ ਨਹੀਂ ਜਾਂ ਫਿਰ ਪਰਤ ਹੀ ਨਹੀਂ ਸਕਦਾ।ਇਸ ਲੋਕ ਵਿਚ ਪ੍ਰਾਣੀ ਪ੍ਰੀਤਮ ਨੂੰ ਮਿਲਣ ਦੀ ਲੋਚਾ ਕਰਕੇ ਜਾਂਦੈ।ਪਰ ‘ਪ੍ਰੀਤਮ ਕੇ ਦੇਸ ਕੈਸੇ ਬਾਤਨ ਕੈ ਜਾਈਐ’ (ਭਾਈ ਗੁਰਦਾਸ)।ਪ੍ਰੀਤਮ ਦੇ ਦੇਸ ਤਾਂ ਉਹੀ ਪ੍ਰਾਣੀ ਜਾ ਸਕੇਗਾ ਜਿਸ ਦੀ ਪ੍ਰੀਤਮ ਨਾਲ ਨਿਰਮਲ ਪ੍ਰੀਤ ਹੋਵੇਗੀ!ਫਿਰ ਐਸਾ ਪ੍ਰਾਣੀ ਭਲਾ ਉਸ ਪ੍ਰਦੇਸ ਤੋਂ ਆਪਣੇ ਪਹਿਲੇ ਦੇਸ ਕਿਉਂ ਪਰਤੇਗਾ?ਪ੍ਰੀਤਮ ‘ਚ ਅਭੇਦ ਹੋ ਕੇ ਪ੍ਰੀਤਮ ਦਾ ਰੂਪ ਹੀ ਨਾਂ ਹੋ ਜਾਏਗਾ?
ਆਉ ਜ਼ਰਾ ਹੁਣ ਤਨ ਦੇ ਪ੍ਰਦੇਸ ਦੀ ਗਲ ਵੀ ਕਰ ਲਈਏ। ਤਨ ਦਾ ਪਰਦੇਸ ਇਕ ਥਾਂ ਤੋਂ ਦੂਸਰੀ ਥਾਂ ਹਿਜਰਤ ਕਰਨ ਕਾਰਨ ਵਾਪਰਦੈ।ਇਹ ਸਰੀਰ ਦਾ ਸਥਾਨਿਕਤਾ ਤੋਂ ਸੰਸਾਰਿਕਤਾ ਦਾ ਸਫਰ ਹੈ।
ਤਨ ਨੂੰ ਬਾਹਰਲੇ ਮੁਲਕਾਂ ਵਿਚ ਜਾਣ ਲਈ ਸੌ ਪਟੌਟੇ ਕਰਨੇ ਪੈਂਦੇ ਹਨ,ਪਾਸਪੋਰਟ,ਵੀਜ਼ਾ,ਆਈਲੈਟਜ਼ ਤੇ ਹੋਰ ਪਤਾ ਨਹੀਂ ਕੀ ਕੀ।ਲੱਖਾਂ ਰੁਪਏ ਖਰਚ ਕਰਨੇ ਪੈਂਦੇ ਹਨ।ਕੀ ਮਨ ਵੀ ਇੰਗਲੈਡ,ਕੈਨੇਡਾ,ਅਮਰੀਕਾ,ਦੁਬਈ ਜਾਂ ਹੋਰ ਮੁਲਕਾਂ ਦੇ ਪਰਦੇਸ ਚਲੇ ਜਾਂਦੈ?
ਦਰਅਸਲ ਮਨ ਦਾ ਪਰਦੇਸ ਆਪਣੇ ਮੂਲ਼ ਨਾਲੋਂ ਟੁੱਟਣਾ ਹੈ। ਗੁਰੁੂ ਤੋਂ ਬੇਮੁਖ ਹੋ ਜਾਣਾ ਹੈ।ਉਚਾਟ,ਉਦਾਸ,ਉਪਰਾਮ,ਉਦਾਸੀਨ,ਓਪਰਾਪਨ ਮਹਿਸੂਸ ਕਰਨਾਂ ਹੈ।ਇਹ ਮਨ ਦਾ ਉਖੜੇਂਵਾਂ ਹੈ,ਖਿੰਡਾਉ ਹੈ।ਪਰਦੇਸੀਆਂ ਵਾਂਗ ਹੇਰਵੇ ਅਤੇ ਵਿਗੋਚੇ ਵਿਚ ਰਹਿਣਾ ਹੈ।ਆਪਣੇ ਕੇਂਦਰ,ਧੁਰੇ,ਮੂਲ ਤੋਂ ਵੱਖ ਹੋਣਾ ਹੈ।ਅੰਗਰੇਜ਼ੀ ਦਾ ਕਵੀ ਵਿਲੀਯਮ ਯੇਟਸ ਆਪਣੀ ਇਕ ਕਵਿਤਾ ਵਿਚ ਕਹਿੰਦੈ-‘ਸ਼ੈਆਂ ਦੀ ਚੂਲ ਹਿੱਲ ਗਈ ਹੈ,ਕੇਂਦਰ/ਧੁਰਾ ਇਹਨਾਂ ਨੂੰ ਪਕੜ ਵਿਚ ਨਹੀਂ ਰਖ ਸਕਦੈ’।
ਜੀਵਆਤਮਾਂ ਦਾ ਮੂਲ਼ ਆਤਮਾਂ ਜਾਂ ਹਿਰਦਾ ਹੈ।ਜੇ ਮਨ ਟਿਕਦਾ ਨਹੀਂ ਤਾਂ ਸਮਝੋ ਉਹ ਪਰਦੇਸੀ ਹੈ।ਪਰਦੇਸ ਨਾਲ ਬਿਰਹਾ ,ਵਿਛੋੜਾ ਤੇ ਵਿਯੋਗ ਜੁੜੇ ਹੋਏ ਹਨ।ਟਾਹਣੀ ਆਪਣੇ ਮੂਲ਼ ਨਾਲੋਂ ਟੁੱਟ ਕੇ ਸੋਟੀ ਜਾਂ ਲੱਕੜੀ ਬਣ ਜਾਂਦੀ ਹੈ,ਉਹ ਹਰੀ ਭਰੀ ਡਾ੍ਹਲ ਨਹੀਂ ਰਹਿੰਦੀ।ਦਰਿਆ ਮਰਯਾਦਾ ਵਿਚ ਵਗੇ ਤਾਂ ਸਮੁੰਦਰ ਵਿਚ ਮਿਲ ਜਾਂਦੈ ਪਰ ਜੇ ਬੰਨੇ-ਕੰਢੇ ਤੋੜ ਕੇ ਆਪਹੁਦਰੀਆਂ ਕਰਨ ਲਗ ਪਏ ਤਾਂ ਆਪਣਾ ਵੀ ਅਤੇ ਦੂਸਰਿਆਂ ਦਾ ਵੀ ਨੁਕਸਾਨ ਕਰਦੈ।ਮਨ ਵੀ ਆਪਣੇ ਮੂਲ਼ ਨਾਲੋਂ ਟੁੱਟ ਕੇ ਭਟਕਦਾ ਫਿਰਦੈ।ਇਹ ਚੰਚਲ,ਚਪਲ,ਚਤੁਰ,ਚਲਾਕ ਹੈ,ਕਿਤੇ ਵੀ ਉਡਾਰੀ ਮਾਰ ਸਕਦੈ।ਇਸ ਨੂੰ ਕਿਹੜਾ ਪਾਸਪੋਰਟ ਜਾਂ ਵੀਜ਼ੇ ਦੀ ਲੋੜ ਹੈ?”ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹਦਸਿ ਜਾਇ”।।ਮਨ ਤਾਂ ਪਾਰੇ ਵਾਂਗ ਥਿਰਕਦਾ ਰਹਿੰਦੈ,ਪਿੱਪਲ ਦੇ ਪੱਤੇ ਵਾਂਗ ਫਰਕਦਾ ਰਹਿੰਦੈ।ਨਿਚੱਲੇ ਤੇ ਬੇਚੈਨ ਮਨ ਨੂੰ ਫਿਰ ਹੋਰ ਕੀ ਚੰਗਾ ਲਗਣੈ?
ਪਹਿਲੇ ਵੇਲਿਆਂ ਵੇਲੇ ਘਰਾਂ ‘ਚ ਵਡੇ ਵਡੇ ਰੇਡੀੳ ਸੈੱਟ ਜਾਂ ਟਰਾਂਜ਼ਿਸਟਰ ਹੁੰਦੇ ਸਨ।ਉਹਨਾਂ ਵਿਚ ਇਕ ਸੂਈ ਹੁੰਦੀ ਸੀ ਜਿਸ ਨੂੰ ਬਟਨ ਨਾਲ ਘੁਮਾ ਕੇ ਮਨ-ਇਛਤ ਸਟੇਸ਼ਨ ਲਾ ਲਈਦਾ ਸੀ।ਜਿੰਨਾਂ ਚਿਰ ਉਹ ਸੂਈ ਵੈਸੇ ਹੀ ਏਧਰ-ਓਧਰ ਘੁੰਮਦੀ ਰਹਿੰਦੀ ਸੀ ਤਾਂ ਰੇਡੀਉ/ਟਰਾਂਜ਼ਿਸਟਰ ਚੋਂ ਘਰਰ ਘਰਰ ਦੀ ਆਵਾਜ਼ ਆਉਂਦੀ ਰਹਿੰਦੀ ਸੀ ਪਰ ਜਦੋਂ ਉਹ ਸੂਈ ਸਟੇਸ਼ਨ ਨਾਲ ਸੁਰ-ਸਿਰ ਹੋ ਜਾਂਦੀ ਸੀ ਤਾਂ ਸੰਗੀਤ ਜਾਂ ਹੋਰ ਪ੍ਰੋਗਰਾਮ ਸੁਣਨ ਲਗ ਪੈਂਦਾ ਸੀ।ਮਨ ਦੀ ਸੂਈ ਵੀ ਜਿੰਨਾ ਚਿਰ ਐਂਵੇਂ ਹੀ ਏਧਰ-ਓਧਰ ਘੁੰਮਦੀ/ਭਟਕਦੀ ਰਹੇਗੀ ਤਾਂ ਅੰਦਰੋਂ/ਬਾਹਰੋਂ ਸ਼ੋਰ ਹੀ ਸੁਣੇਗਾ ਪਰ ਜਦੋਂ ਇਹ ਸੁਰਤ-ਸ਼ਬਦ ਨਾਲ ਇਕਸੁਰ ਹੋ ਗਈ ਤਾਂ ਰੱਬ ਦੇ ਰੇਡੀਉ ਤੋਂ ਇਲਾਹੀ ਸੰਗੀਤ ਜਾਂ ਦੈਵੀ ਪ੍ਰੋਗਰਾਮ ਸੁਣੇਗਾ! ਇਕ ਅਨਹਦ ਨਾਦ ਦੇ ਮਧੁਰ ਧੁੰਨ ਦੀ ਆਵਾਜ਼
ਕੰਨਾਂ ‘ਚ ਰਸ ਘੋਲੇਗੀ!
ਭਲਾ ਜੇ ਅੰਦਰ ਸੁਖ ਨਹੀਂ ਤਾਂ ਬਾਹਰ ਕਿਥੋਂ ਮਿਲ ਜਾਊ? ਗੁਰਬਾਣੀ ਅਨੁਸਾਰ“ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ”।।ਅਤੇ “ਸਭ ਕਿਛੁ ਘਰ ਮਹਿ ਬਾਹਰਿ ਨਾਹੀ।।ਬਾਹਰਿ ਟੋਲੈ ਸੋ ਭਰਮਿ ਭੁਲਾਹੀ”।।
ਪਰ ਮਨ ਦਾ ਘਰ ਕਿਹੜਾ ਹੈ?
ਤਨ ਦਾ ਘਰ ਤਾਂ ਇੱਟਾਂ- ਗਾਰਿਆਂ ਨਾਲ ਬਣਦੈ,ਜਿਸ ਵਿਚ ਰਿਸ਼ਤਿਆਂ ਦਾ ਨਿੱਘ ਵਸਦੈ।ਮਨ ਦਾ ਘਰ ਕਿਵੇਂ ਬਣਦੈ? ਇਹ ਬਣਿਆਂ ਬਣਾਇਐ ਹੀ ਹੁੰਦੈ! ਹਿਰਦੇ/ਆਤਮਾ ਰੂਪੀ ਅਵਸਥਾ ਵਿਚ! ਇਸ ਵਿਚ ਰੱਬ ਵਸਦੈ!ਭਲਿਆਮਾਣਸਾ ਮਨਾ! (ਜੇ) “ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ”।।ਮਨਾ,ਨਿਮਾਣਾ ਹੋ ਕੇ ਗੁਰੁੂ ਦੇ ਲੜ ਲਗ।ਰੱਤੀਆਂ ਰੂਹਾਂ ਤੇ ਰੱਬ ਝਬਦੇ ਰੀਝਦੈ! “ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਵਾਣਾ ਹੋਹੁ”।।
ਧਰਮ ਦੀ ਮੰਨੀਏਂ ਤਾਂ ਆਪਾਂ ਸਾਰੇ ਪਰਦੇਸੀ ਹਾਂ ‘ਸਭਨਾ ਸਹੁਰੈ ਵੰਝਣਾ ਸਭਿ ਮੁਕਲਾਵਣਹਾਰ’।।।ਸਾਡਾ ਅਸਲੀ ਦੇਸ ‘ਪ੍ਰੀਤਮ ਕਾ ਦੇਸ’ ਹੈ,ਜਿਥੇ ਗੱਲਾਂ ਦੇ ਗੁਲਗਲੇ ਪਕਾ ਕੇ ਨਹੀਂ ਜਾਇਆ ਜਾ ਸਕਦਾ।ਪ੍ਰਭੂ-ਪ੍ਰੇਮ ਪ੍ਰਾਪਤ ਕਰਨ ਲਈ ਮਨਮਤ ਤਿਆਗਣੀ ਪੈਂਦੀ ਹੈ,ਮਨਮੁਖਤਾ ਤੋਂ ਗੁਰਮੁਖਤਾ ਵਲ ਆਉਣਾ ਪੈਂਦਾ ਹੈ।ਆਖਿਰ ਮੰਜ਼ਿਲ ਤਾਂ ਮੌਲਾ ਨਾਲ ਮਿਲਨ ਦੀ ਹੈ! ਜਿਸ ਲਈ ਗੁਰੂੁ ਦੇ ਲੜ ਲਗਣਾ ਪੈਂਦੈ,ਸ਼ਬਦ-ਸੁਰਤ ਦੀ ਸਾਂਝ ਸਥਾਪਤ ਕਰਨੀ ਪੈਂਦੀ ਹੈ।
ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਅਨੁਸਾਰ ਮਨੁੱਖ ਦੀ ਯਾਤਰਾ ਪੱਥਰ ਤੋਂ ਸ਼ੁਰੂ ਹੋ ਕੇ,ਮਿੱਟੀ,ਵਨਸਪਤੀ,ਪਸ਼ੂ-ਪੰਛੀ ਤੇ ਪ੍ਰਾਣੀ(ਮਨੱੁਖ) ਤਕ ਦੀ ਯਾਤਰਾ ਹੈ ਜੋ ਫਿਰ ਮਿੱਟੀ ਦੇ ਮਿੱਟੀ ਹੋਣ ਅਤੇ ਆਤਮਾ ਦੇ ਪ੍ਰਮਾਤਮਾਂ ਨਾਲ ਮਿਲਣ ਨਾਲ ਸੰਪਨ ਹੁੰਦੀ ਹੈ।ਉਹਨਾਂ ਅਨੁਸਾਰ ਪੱਥਰ ਹੋਣਾ ਵੀ ਪਰਦੇਸ ਸੀ,ਵਨਸਪਤ,ਪਸ਼ੂ,ਪੁਰਖ ਹੋਣਾ ਵੀ ਪਰਦੇਸ ਸੀ,ਪੁਰਖ ਅਤੇ ਆਤਮਾਂ ਤੋਂ ਪਰਮਾਤਮਾਂ ਹੋਣਾ ਹੀ ਦੇਸ ਪਰਤਣਾ ਹੈ।
ਇਸੇ ਲਈ ਭਟਕੇ ਹੋਏ ਮਨ ਨੂੰ ਗੁਰਬਾਣੀ ਵਿਚ ਬੜੇ ਪਿਆਰ ਨਾਲ ਸਮਝਾਇਆ ਗਿਆ ਹੈ-“ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ।।
ਅਤੇ ਨਾਲ ਹੀ ਪ੍ਰੇਮ-ਪੂਰਵਕ ਪ੍ਰੇਰਨਾ ਕੀਤੀ ਗਈ ਹੈ-“ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ।।ਹਰਿ ਗੁਰੂੁ ਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ”।।
-ਪ੍ਰੋ. ਜਸਵੰਤ ਸਿੰਘ ਗੰਡਮ,ਫਗਵਾੜਾ
-98766-55055