admin

ਵਾਹ! ਪੰਜਾਬੀ ਲੈ ਗਏ ਦੇਸ਼ ਦੇ ਪਹਿਲਾ ਆਈ. ਆਰ. ਪੀ. ਸੈਂਟਰ

ਕਰਾਂਗੇ ਦਰੁੱਸਤ: ਕੀਵੀਆਂ ਦੇ ਦੇਸ਼ ਵਿਚ ‘ਐਪਲ’ Apple Independent Repair Providers (IRP) ‘ਐਨ. ਜ਼ੈਡ. ਫਿਕਸ’ ਪਾਪਾਟੋਏਟੋਏ ਵਾਲਿਆਂ ਨੂੰ ‘ਐਪਲ’ ਕੰਪਨੀ ਵੱਲੋਂ ਆਈ. ਆਰ. ਪੀ. ਦੀ ਮਾਨਤਾ ਮਿਲੀ -ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ 28 ਜੁਲਾਈ, 2021: ਨਿਊਜ਼ੀਲੈਂਡ ਵਸਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਨੂੰ ਇਹ ਜਾਣ ਕਿ ਖੁਸ਼ੀ ਹੋਏਗੀ ਕਿ ਪ੍ਰਸਿੱਧ ਕੰਪਿਊਟਰ ਅਤੇ ਫੋਨ ਕੰਪਨੀ ‘ਐਪਲ’ ਵੱਲੋਂ ਨਿਊਜ਼ੀਲੈਂਡ ਦੇ ਵਿਚ ਪਹਿਲਾ ਮਾਨਤਾ ਪ੍ਰਾਪਤ ਆਈ. ਆਰ. ਪੀ. ਸੈਂਟਰ (ਵਰਕਸ਼ਾਪ) ਦਾ ਦਰਜਾ ਪਾਪਾਟੋਏਟੋਏ ਵਿਖੇ ਪੰਜਾਬੀ ਭਰਾਵਾਂ ਦੀ ਫੋਨ ਤੇ ਲੈਪਟਾਪ ਰਿਪੇਅਰ ਵਰਕਸ਼ਾਪ ‘ਐਨ. ਜ਼ੈਡ. ਫਿਕਸ’ ਨੂੰ ਦਿੱਤਾ ਗਿਆ ਹੈ। ਸੰਨ 2012 ਤੋਂ 264 ਗ੍ਰੇਟ ਸਾਊਥ ਰੋਡ, ਪਾਪਾਟੋਏਟੋਏ ਵਿਖੇ ਸਥਿਤ ਇਹ ਰਿਪੇਅਰ ਸੈਂਟਰ ਸ. ਸਿਮਰਨ ਸਿੰਘ ਚਲਾਉਂਦੇ ਹਨ ਜਦ ਕਿ ਬੱਚਿਆਂ ਨੂੰ ਤਕਨੀਕੀ ਸਿੱਖਿਆ ਸ. ਬਲਵਿੰਦਰ ਸਿੰਘ (ਗੂਗਲ ਐਵਾਰਡ ਜੇਤੂ) ਦਿੰਦੇ ਰਹੇ ਹਨ ਜੋ ਕਿ ਹੁਣ ਕ੍ਰਾਈਸਟਚਰਚ ਵਿਖੇ ਸੈਂਟਰ ਚਲਾ ਰਹੇ ਹਨ। ਇਥੇ ਸਿੱਖੇ ਬੱਚੇ ਚੰਗੀਆਂ ਨੌਕਰੀਆਂ ਉਤੇ ਲੱਗੇ ਹਨ। ਕੀ ਹੈ ਆਈ. ਆਰ. ਪੀ: ਇਸ ਦਾ ਪੂਰਾ ਨਾਂਅ ਹੈ ‘ਐਪਲ ਇੰਡੀਪੈਂਡੇਂਟ ਰਿਪੇਅਰ ਪ੍ਰੋਵਾਈਡਰਜ਼’। ਸੋ ਕੰਪਨੀ ਦਾ ਮਾਨਤਾ ਪ੍ਰਾਪਤ ਉਹ ਸੈਂਟਰ ਜਿੱਥੇ ਐਪਲ ਦੇ ਫੋਨ, ਲੈਪਟਾਪ ਜਾਂ ਹੋਰ ਇਲੈਕਟ੍ਰਾਨਿਕ ਸਮਾਨ ਵਾਰੰਟੀ ਮੁੱਕਣ ਦੇ ਬਾਅਦ ਤਸੱਲੀਬਖਸ਼ ਤੇ ਮੁਹਾਰਿਤੀ ਤਰੀਕੇ ਨਾਲ ਅਤੇ ਅਸਲੀ ਸਪੇਅਰਜ਼ ਪਾਰਟਸ ਦੇ ਨਾਲ ਠੀਕ ਕਰਵਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਇਥੇ ਕੰਪਨੀ ਦੇ ਮਾਨਤਾ ਪ੍ਰਾਪਤ ਸਰਵਿਸ ਪ੍ਰੋਵਾਈਡਰ ਜਰੂਰ ਹਨ ਪਰ ਉਹ ਸਿਰਫ ਵਾਰੰਟੀ ਦੀ ਮਿਆਦ ਵਿਚ ਹੀ ਅਜਿਹਾ ਕਾਰਜ ਕਰਦੇ ਹਨ। ਨਿਊਜ਼ੀਲੈਂਡ ਦੇ ਵਿਚ ਪਹਿਲਾ ਸੈਂਟਰ ‘ਐਨ. ਜ਼ੈਡ. ਫਿਕਸ’ ਮਾਨਤਾ ਪ੍ਰਾਪਤ ਸੈਂਟਰ ਬਣ ਗਿਆ ਹੈ। ਐਪਲ ਵੱਲੋਂ ਅਜਿਹੀ ਮਾਨਤਾ ਕਾਫੀ ਲੰਬੀ ਕਾਰਵਾਈ ਤੋਂ ਬਾਅਦ ਦਿੱਤੀ ਗਈ ਹੈ, ਜਿਸ ਦੇ ਵਿਚ ਟ੍ਰੇਨਿੰਗ, ਪੜ੍ਹਾਈ ਅਤੇ ਮਸ਼ੀਨਰੀ ਨੂੰ ਪਰਖਿਆ ਜਾਂਦਾ ਹੈ। ਇਥੇ ਆਈ. ਫੋਨ, ਮੈਕ ਅਤੇ ਲੈਪ ਟਾਪ ਆਦਿ ਦਾ ਅਸਲੀ ਸਾਮਾਨ ਕੰਪਨੀ ਰਾਹੀਂ ਮਿਲ ਸਕੇਗਾ। ਐਨ.ਜ਼ੈਡ. ਫਿਕਸ ਉਤੇ ਇਸ ਤੋਂ ਇਲਾਵਾ ਬਾਕੀ ਬ੍ਰਾਂਡਜ਼ ਜਿਵੇਂ ਸੈਮਸੰਗ, ਐਚ. ਪੀ., ਤੋਸ਼ੀਬਾ, ਡੈਲ, ਸੋਨੀ, ਲੀਨੋਵੋ, ਏਸਰ, ਏਸਸ ਆਦਿ ਦੇ ਲੈਪਟਾਪ, ਕੰਪਿਊਟਰ ਅਤੇ ਹੋਰ ਇਲੈਕਟ੍ਰਾਨਿਕ ਸਾਮਾਨ ਵੀ ਠੀਕ ਕੀਤੇ ਜਾਂਦੇ ਹਨ। ਅੱਜ ਰਾਸ਼ਟਰੀ ਮੀਡੀਆ ‘ਸਟੱਫ’ ਨੇ ਵੀ ਇਹ ਖਬਰ ਛਾਪੀ ਸੀ। ਐਨ. ਜ਼ੈਡ. ਫਿਕਸ ਦੇ ਸ. ਸਿਮਰਨ ਸਿੰਘ ਅਤੇ ਸ. ਬਲਵਿੰਦਰ ਸਿੰਘ ਨੂੰ ਇਸ ਉਪਲਬਧੀ ਲਈ ਬਹੁਤ ਮੁਬਾਰਕਬਾਦ।

ਵਾਹ! ਪੰਜਾਬੀ ਲੈ ਗਏ ਦੇਸ਼ ਦੇ ਪਹਿਲਾ ਆਈ. ਆਰ. ਪੀ. ਸੈਂਟਰ Read More »

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਸਰਕਾਰੀ ਖ਼ਜ਼ਾਨੇ ਨੂੰ ਮਾਲੋਮਾਲ ਕਰਨ ਲਈ ਮਾਫ਼ੀਆ ਰਾਜ ਖ਼ਤਮ ਕਰਨ ਦੀ ਮੰਗ

  ਅੰਮ੍ਰਿਤਸਰ 28 ਜੁਲਾਈ 2021 :- ਅੰਮ੍ਰਿਤਸਰ ਵਿਕਾਸ ਮੰਚ ਨੇ ਸਰਕਾਰੀ ਖ਼ਜ਼ਾਨੇ ਨੂੰ ਮਾਲੋਮਾਲ ਕਰਨ ਲਈ ਮਾਫ਼ੀਆ ਰਾਜ ਖ਼ਤਮ ਕਰਨ ਦੀ ਮੰਗ ਕੀਤੀ ਹੈ।ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਪ੍ਰਧਾਨ ਹਰਦੀਪ ਸਿੰਘ ਚਾਹਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਹੈ ਇੱਕ ਸਮਾਂ ਸੀ ਜਦ ਪੰਜਾਬ ਸਭ ਤੋਂ ਵੱਧ ਅਮੀਰ ਸੂਬਾ ਸੀ। ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਕੇਂਦਰੀ ਸਰਕਾਰ ਦੇ ਮੁਲਾਜ਼ਮਾਂ ਨਾਲੋਂ ਵੀ ਵੱਧ ਹੁੰਦੀਆਂ ਸਨ। ਪਰ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀ ਆਰਥਿਕ ਹਾਲਤ ਵਿਗੜਦੀ ਜਾ ਰਹੀ ਹੈ ਤੇ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ।ਹੁਣ ਵਿਆਜ ਦੇਣ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਹੈ। ਜੇ ਸਰਕਾਰ ਮਾਫ਼ੀਆ ਰਾਜ ਖ਼ਤਮ ਕਰ ਦੇਵੇ ਤਾਂ ਸਰਕਾਰ ਦਾ ਆਰਥਕ ਸੰਕਟ ਕਾਫੀ ਘੱਟ ਸਕਦਾ ਹੈ। ਮੰਚ ਆਗੂਆਂ ਅਨੁਸਾਰ ਜਲੰਧਰ ਤੋਂ ਵਿਧਾਇਕ ਸ. ਪਰਗਟ ਸਿੰਘ ਦਾ ਕਹਿਣਾ ਹੈ ਕਿ ਸ਼ਰਾਬ ਦੀ ਇਕ ਬੋਤਲ ਦੀ ਲਾਗਤ 150 ਰੁਪਏ ਹੈ, 100 ਰੁਪਏ ਐਕਸਇਜ਼ ਡਿਉਟੀ ਹੈ। ਬਜ਼ਾਰ ਵਿਚ ਇਕ ਬੋਤਲ 800 ਰੁਪਏ ਵਿੱਚ ਵਿਕਦੀ ਹੈ। ਇਸ ਤਰ੍ਹਾਂ 550 ਰੁਪਏ ਠੇਕੇਦਾਰਾਂ ਤੇ ਵਪਾਰੀਆਂ ਨੂੰ ਜਾ ਰਹੇ ਹਨ। ਜੇ ਤਾਮਿਲਨਾਇਡੂ ਵਾਂਗ ਸ਼ਰਾਬ ਕਾਰਪੋਰੇਸ਼ਨ ਬਣਾ ਦਿੱਤੀ ਜਾਵੇ ਤਾਂ ਇਹ ਰਕਮ ਸਰਕਾਰੀ ਖ਼ਜਾਨੇ ਵਿਚ ਜਾਏਗੀ।ਸ਼ਰਾਬ ਕਾਰਪੋਰੇਸ਼ਨ ਬਨਾਉਣ ਦੇ ਬਿਆਨ ਸ. ਨਵਜੋਤ ਸਿੰਘ ਸਿੱਧੂ, ਸ. ਪ੍ਰਤਾਪ ਸਿੰਘ ਬਾਜਵਾ ਦੇ ਵੀ ਆਏ ਹਨ ਪਰ ਪੰਜਾਬ ਸਰਕਾਰ ਵੱਲੋਂ ਇਸ ਬਾਰੇ ਕੋਈ ਬਿਆਨ ਨਹੀਂ ਆਇਆ। ਹੈਰਾਨੀ ਵਾਲੀ ਗੱਲ ਹੈ ਕਿ ਤਾਮਿਲਨਾਡੂ ਨੇ 1983 ਦਾ ਕਾਰੋਬਾਰ ਸਰਕਾਰੀ ਕੀਤਾ ਹੈ ਪਰ 1983 ਤੋਂ ਪਿੱਛੋਂ ਪੰਜਾਬ ਵਿਚ ਜਿਹੜੀਆਂ ਸਰਕਾਰਾਂ ਆਈਆਂ ਉਨ੍ਹਾਂ ਨੇ ਅਜਿਹਾ ਕਿਉਂ ਨਹੀਂ ਕੀਤਾ ਜਿਨ੍ਹਾਂ ਵਿਚ ਉਹ ਵੀ ਸ਼ਾਮਿਲ ਹਨ।ਇਸ ਕਾਰਪੋਰਸ਼ਨ ਨੂੰ ਬਨਾੳਣ ਲਈ ਕੀ ਮੁਸ਼ਕਿਲ ਹੈ? ਤਾਮਿਲਨਾਡੂ ਸ਼ਰਾਬ ਕਾਰਪੋਰੇਸ਼ਨ ਨੇ 2017-18 ਵਿਚ 31757 ਕ੍ਰੋੜ ਰੁਪਏ ਦੀ ਕਮਾਈ ਕੀਤੀ, ਜਿਸ ਵਿੱਚੋਂ ਸਰਕਾਰ ਨੂੰ 26000 ਕ੍ਰੋੜ ਦੀ ਕਮਾਈ ਹੋਈ। ਪੰਜਾਬ ਵਿਚ ਠੇਕਿਆਂ ਦੀ ਗਿਣਤੀ ਤਾਮਿਲਨਾਡੂ ਨਾਲੋਂ ਕਿਤੇ ਵੱਧ ਹੈ, ਇਸ ਲਈ ਪੰਜਾਬ ਨੂੰ ਇਸ ਨਾਲੋਂ ਵੀ ਵੱਧ ਕਮਾਈ ਹੋਵੇਗੀ। ਤਾਮਿਲਨਾਡੂ ਸ਼ਰਾਬ ਕਾਰਪੋਰੇਸ਼ਨ ਨੂੰ ਇੱਕ ਬੋਰਡ ਚਲਾਉਂਦਾ ਹੈ ਜਿਸਦੇ ਮੈਂਬਰ ਆਈਏਐਸ ਅਫ਼ਸਰ ਹਨ। ਇਸ ਕੰਪਨੀ ਨੂੰ ਪੰਜ ਇਲਾਕਿਆਂ ਵਿੱਚ ਵੰਡਿਆ ਹੋਇਆ ਹੈ। ਹਰੇਕ ਦਾ ਇੱਕ ਇੱਕ ਇਲਾਕਾ ਮੈਨੇਜਰ ਹੈ।ਇਨ੍ਹਾਂ ਇਲਾਕਿਆਂ ਨੂੰ 33 ਜ਼ਿਲ੍ਹਿਆਂ ਵਿੱਚ ਵੰਡਿਆ ਗਿਆ ਹੈ।ਹਰੇਕ ਜ਼ਿਲ੍ਹੇ ਦਾ ਜ਼ਿਲ੍ਹਾ ਮੈਨੇਜਰ ਹੈ। ਮੰਚ ਆਗੂਆਂ ਦਾ ਕਹਿਣਾ ਹੈ ਕਿ ਜੇ ਇਸੇ ਤਰ੍ਹਾਂ ਰੇਤ , ਟਰਾਂਸਪੋਰਟ ਤੇ ਕੇਬਲ ਦਾ ਕਾਰੋਬਾਰ ਵੀ ਸਰਕਾਰ ਆਪਣੇ ਹੱਥ ਵਿਚ ਲੈ ਲਵੇ ਤਾਂ ਇਸ ਨਾਲ ਸਰਕਾਰ ਦੀ ਆਮਦਨ ਬਹੁਤ ਵਧ ਜਾਵੇਗੀ  ਜਿਸ ਨਾਲ ਖ਼ਜਾਨਾ ਵੀ ਮਾਲਾ ਮਾਲ ਹੋ ਜਾਵੇਗਾ ।ਇਸ ਨਾਲ  ਬੇ-ਰੁਜ਼ਗਾਰਾਂ ਨੂੰ ਵੀ ਵੱਡੀ ਗਿਣਤੀ ਵਿਚ ਰੁਜਗਾਰ ਮਿਲੇਗਾ। ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਤੇ ਵਿਧਾਇਕ ਸ. ਪਰਗਟ ਸਿੰਘ ਨੂੰ ਵੱਖ ਵੱਖ  ਪੱਤਰ ਲਿੱਖ ਕੇ ਅਪੀਲ ਕੀਤੀ ਹੈ ਕਿ ਆਪਣੇ ਸੁਝਾਵਾਂ ਨੂੰ ਲਾਗੂ ਕਰਵਾਉਣ ਲਈ ਉਨ੍ਹਾਂ ਨੂੰ ਮੁੱਖ ਮੰਤਰੀ ਪਾਸ ਪਹੁੰਚ ਕਰਨੀ ਚਾਹੀਦੀ ਹੈ।  

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਸਰਕਾਰੀ ਖ਼ਜ਼ਾਨੇ ਨੂੰ ਮਾਲੋਮਾਲ ਕਰਨ ਲਈ ਮਾਫ਼ੀਆ ਰਾਜ ਖ਼ਤਮ ਕਰਨ ਦੀ ਮੰਗ Read More »

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਵਿਰੁੱਧ ਚਲ ਰਹੇ ਆਮਦਨ ਕਰ ਮੁਕੱਦਮਿਆਂ ਦੀ ਸੁਣਵਾਈ ਟਲੀ

ਲੁਧਿਆਣਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਵਿਰੁੱਧ ਚਲ ਰਹੇ ਤਿੰਨ ਆਮਦਨ ਕਰ ਮੁਕੱਦਮਿਆਂ ਦੀ ਸੁਣਵਾਈ ਅਦਾਲਤ ਨੇ 4 ਅਗਸਤ ਤਕ ਟਾਲ ਦਿੱਤੀ ਹੈ। ਜਾਣਕਾਰੀ ਮੁਤਾਬਕ ਆਮਦਨ ਕਰ ਵਿਭਾਗ ਦੇ ਵਕੀਲ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਮੁਕੱਦਮੇ ਦੀ ਸੁਣਵਾਈ ਹਾਲੇ ਮੁਲਤਵੀ ਕਰ ਦੇਵੇ ਕਿਉਂਕਿ ਵਿਭਾਗ ਨੇ ਇਸ ਮੁਕੱਦਮੇ ਸਬੰਧੀ ਹਾਈ ਕੋਰਟ ਵਿਚ ਅਰਜ਼ੀ ਦਾਖ਼ਲ ਕੀਤੀ ਹੋਈ ਹੈ। ਇਸ ‘ਤੇ ਜਲਦੀ ਫ਼ੈਸਲਾ ਆਉਣ ਦੀ ਉਮੀਦ ਹੈ, ਇਸ ਲਈ ਉਦੋਂ ਤਕ ਟਾਲ ਦਿੱਤੀ ਜਾਵੇ, ਇਸ ਕਰ ਕੇ ਅਦਾਲਤ ਨੇ ਮੁਕੱਦਮੇ ਦੀ ਸੁਣਵਾਈ ਟਾਲ ਦਿੱਤੀ। ਕੈਪਟਨ ਅਮਰਿੰਦਰ ਸਿੰਘ ਤੇ ਰਣਇੰਦਰ ਸਿੰਘ ਵਿਰੁੱਧ ਸ਼ਿਕਾਇਤ ਵਿਚ ਆਮਦਨ ਕਰ ਵਿਭਾਗ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਵਿਦੇਸ਼ਾਂ ਵਿਚ ਕਈ ਚੱਲ ਤੇ ਅਚੱਲ ਜਾਇਦਾਦਾਂ ਬਣਾਈਆਂ ਹਨ। ਵਿਭਾਗ ਨੂੰ ਹਨੇਰੇ ਵਿਚ ਰੱਖਦਿਆਂ ਹੋਇਆਂ ਜਰਕੰਧਾ ਟਰੱਸਟ ਦੇ ਜ਼ਰੀਏ ਨਾਲ ਕਈ ਫ਼ਾਇਦੇ ਹਾਸਿਲ ਕੀਤੇ ਹਨ। ਆਮਦਨ ਕਰ ਵਿਭਾਗ ਮੁਤਾਬਕ ਕੈਪਟਨ ਨੇ ਜਾਣ-ਬੁੱਝ ਕੇ ਇਸ ਸਬੰਧੀ ਦਸਤਾਵੇਜ਼ ਲੁਕਾਏ ਸਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਵਿਰੁੱਧ ਚਲ ਰਹੇ ਆਮਦਨ ਕਰ ਮੁਕੱਦਮਿਆਂ ਦੀ ਸੁਣਵਾਈ ਟਲੀ Read More »

ਬਸਵਰਾਜ ਬੋਮਾਈ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਹੋਣਗੇ

ਨਵੀਂ ਦਿੱਲੀ : ਬਸਵਰਾਜ ਬੋਮਾਈ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਹੋਣਗੇ। ਭਾਜਪਾ ਵਿਧਾਇਕ ਦਲ ਨੇ ਕੇਂਦਰੀ ਨਿਗਰਾਨਾਂ ਅਤੇ ਰਾਜ ਇੰਚਾਰਜਾਂ ਦੀ ਹਾਜ਼ਰੀ ਵਿੱਚ ਅੱਜ ਉਨ੍ਹਾਂ ਨੂੰ ਕਰਨਾਟਕ ਦਾ ਨਵਾਂ ਮੁੱਖ ਮੰਤਰੀ ਚੁਣਿਆ ਹੈ। ਬੰਗਲੁਰੂ ਵਿਚ ਹੋਈ ਬੈਠਕ ‘ਚ ਸਾਬਕਾ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਵੀ ਮੌਜੂਦ ਸਨ। 28 ਜਨਵਰੀ, 1960 ਨੂੰ ਜਨਮੇ, ਬੋਮਮਈ ਸਦਾਰਾ ਲਿੰਗਾਇਤ ਭਾਈਚਾਰੇ ਨਾਲ ਸਬੰਧਤ ਹਨ. ਉਹ ਯੇਦੀਯੁਰੱਪਾ ਦਾ ਨਜ਼ਦੀਕੀ ਵਫ਼ਾਦਾਰ ਹੈ ਅਤੇ ‘ਜਨਤਾ ਪਰਵਾਰ’ ਦਾ ਹੈ। ਉਸ ਦੇ ਪਿਤਾ ਐਸ ਆਰ ਬੋਮਾਈ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਵੀ ਸੇਵਾ ਕੀਤੀ।ਬਸਵਰਾਜ ਬੋਮਮਈ 2008 ਵਿਚ ਭਾਜਪਾ ਵਿਚ ਸ਼ਾਮਲ ਹੋਏ ਸਨ ਅਤੇ ਉਦੋਂ ਤੋਂ ਹੀ ਪਾਰਟੀ ਦੇ ਅਹੁਦਿਆਂ ‘ਤੇ ਉਭਾਰ ਆਇਆ ਹੈ। ਅਤੀਤ ਵਿੱਚ, ਉਸਨੇ ਪਾਣੀ ਦੇ ਸਰੋਤਾਂ ਦਾ ਪੋਰਟਫੋਲੀਓ ਸੰਭਾਲਿਆ। ਉਹ ਪੇਸ਼ੇ ਤੋਂ ਇੱਕ ਇਜੀਨੀਅਰ ਹੈ ਅਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਟਾਟਾ ਸਮੂਹ ਨਾਲ ਕੀਤੀ। ਦੋ ਵਾਰੀ ਐਮਐਲਸੀ ਅਤੇ ਹਵੇਰੀ ਜ਼ਿਲ੍ਹੇ ਦੇ ਸ਼ੀਗਾਂਵ ਤੋਂ ਤਿੰਨ ਵਾਰ ਵਿਧਾਇਕ ਕਰਨਾਟਕ ਦੀ ਭਾਜਪਾ ਵਿਧਾਇਕ ਦਲ ਦੇ ਨੇਤਾ ਵਜੋਂ ਚੁਣੇ ਗਏ ਅਤੇ ਬੀਐੱਸਵਾਈ ਦੇ ਉੱਤਰਾਧਿਕਾਰੀ ਵਜੋਂ ਨਵੇਂ ਮੁੱਖ ਮੰਤਰੀ ਬਣੇ।

ਬਸਵਰਾਜ ਬੋਮਾਈ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਹੋਣਗੇ Read More »

ਗ਼ਜ਼ਲ /ਜੋ ਗ਼ਮਾਂ ਨੂੰ ਹੱਸ ਕੇ /ਮਹਿੰਦਰ ਸਿੰਘ ਮਾਨ

ਜੋ ਗ਼ਮਾਂ ਨੂੰ ਹੱਸ ਕੇ ਜਰਦਾ ਨਹੀਂ ਹੈ , ਉਸ ਦਾ ਜੀਵਨ ਖੁਸ਼ੀਆਂ ਨਾ’ ਭਰਦਾ ਨਹੀਂ ਹੈ । ਹਰ ਕਿਸੇ ਨੇ ਉਮਰ ਆਪਣੀ ਹੈ ਬਿਤਾਣੀ , ਬਦ-ਦੁਆਵਾਂ ਨਾ’ ਕੋਈ ਮਰਦਾ ਨਹੀਂ ਹੈ । ਹੋਵੇ ਜਿਸ ਦੇ ਕੋਲ ਹਿੰਮਤ ਤੇ ਭਰੋਸਾ , ਉਹ ਕਿਸੇ ਦੇ ਦਰ ਤੇ ਸਿਰ ਧਰਦਾ ਨਹੀਂ ਹੈ । ਆਪਣੀ ਮੰਜ਼ਲ ਜਿਸ ਨੇ ਪਾਣੀ ਹੋਵੇ ਯਾਰੋ , ਆਫ਼ਤਾਂ ਤੋਂ ਉਹ ਕਦੇ ਡਰਦਾ ਨਹੀਂ ਹੈ । ਜ਼ਿੰਦਗੀ ਕਾਮੇ ਲਈ ਜੋ ਹੈ ਲੁਟਾਂਦਾ ਉਸ ਦੇ ਹਿਰਦੇ ਵਿੱਚੋਂ ਉਹ ਮਰਦਾ ਨਹੀਂ ਹੈ । ਜਿਸ ਕਵੀ ਨੇ ਲੋਕਾਂ ਖ਼ਾਤਰ ਲਿਖਿਆ ਹੁੰਦਾ , ਮੌਤ ਦੇ ਪਿੱਛੋਂ ਵੀ ਉਹ ਮਰਦਾ ਨਹੀਂ ਹੈ । ਮੰਨਿਆ ਇਸ ਨਾਲ ਚੰਗਾ ਨ੍ਹੀ ਮੋਹ ਕਰਨਾ , ਪਰ ਬਿਨਾਂ ਪੈਸੇ ਦੇ ਵੀ ਸਰਦਾ ਨਹੀਂ ਹੈ । *** ਸਦਾ ਜੋ ਮੇਰੇ ਕੋਲੋਂ / ਗ਼ਜ਼ਲ ਸਦਾ ਜੋ ਮੇਰੇ ਕੋਲੋਂ ਲੰਘ ਜਾਂਦਾ ਹੈ ਹਵਾ ਵਾਂਗੂੰ , ਇਬਾਦਤ ਉਸ ਦੀ ਮੈਂ ਯਾਰੋ , ਕਰਾਂ ਕਿੱਦਾਂ ਖ਼ੁਦਾ ਵਾਂਗੂੰ ? ਮੇਰੇ ਦਿਲ ਤੋਂ ਮਣਾਂ ਮੂੰਹੀਂ ਉਦੋਂ ਲਹਿ ਭਾਰ ਜਾਂਦਾ ਹੈ , ਮੇਰੇ ਦੋ ਨੈਣ ਜਦ ਵਰ੍ਹ ਪੈਂਦੇ ਨੇ ਕਾਲੀ ਘਟਾ ਵਾਂਗੂੰ ? ਕਿਸੇ ਦੇ ਦੁੱਖ ਨੂੰ ਸੁਣ ਕੇ ਹੀ ਮੈਨੂੰ ਚੈਨ ਮਿਲਦਾ ਹੈ , ਭਲਾ ਤੈਨੂੰ ਇਹ ਕਿਉਂ ਹੈ ਜਾਪਦਾ ਮੇਰੀ ਖ਼ਤਾ ਵਾਂਗੂੰ ? ਲਿਆਵਾਂਗਾ ਬਿਨਾਂ ਤੇਰੇ ਵੀ ਇਸ ਵਿਚ ਖੇੜੇ ਤੇ ਖ਼ੁਸ਼ੀਆਂ , ਭਲਾ ਮੈਂ ਕਿਉਂ ਗੁਜ਼ਾਰਾਂ ਜ਼ਿੰਦਗੀ ਆਪਣੀ ਸਜ਼ਾ ਵਾਂਗੂੰ ? ਮੇਰੇ ਤੇ ਆਪਣੇ ਵਿਚਲੇ ਰਿਸ਼ਤੇ ਨੰੁ ਹੁਣ ਸਮਝੇ ਉਹ ਟੱੁਟਿਆ , ਮੈਂ ਜਿਸ ਨੂੰ ਮਿਲ ਰਿਹਾ ਹਾਂ ਕਾਫ਼ੀ ਅਰਸੇ ਤੋਂ ਭਰਾ ਵਾਂਗੂੰ । ਜ਼ਰੂਰਤ ਪੈਣ ਤੇ ਹੀ ਉਹ ਉਨ੍ਹਾਂ ਨੂੰ ਚੇਤੇ ਆਂਦੇ ਨੇ , ਪਿਤਾ-ਮਾਤਾ ਨੰੁ ਪੁੱਤਰ ਸਮਝਦੇ ਨੇ ਹੁਣ ਖ਼ੁਦਾ ਵਾਂਗੂੰ । ਕਰਾਂ ਕੀ ਦੋਸਤੋ ਮੈਂ ਸਿਫ਼ਤ ਸ਼ਰਬਤ ਵਰਗੇ ਬੋਲਾਂ ਦੀ , ਇਨ੍ਹਾਂ ਦਾ ਰੋਗੀ ਤੇ ਅਕਸਰ ਅਸਰ ਹੋਵੇ ਦਵਾ ਵਾਂਗੂੰ । ਮਹਿੰਦਰ ਸਿੰਘ ਮਾਨ ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼ ਨਵਾਂ ਸ਼ਹਿਰ(9915803554)

ਗ਼ਜ਼ਲ /ਜੋ ਗ਼ਮਾਂ ਨੂੰ ਹੱਸ ਕੇ /ਮਹਿੰਦਰ ਸਿੰਘ ਮਾਨ Read More »

ਟੋਕੀਉ ਉਲੰਪਿਕਸ: ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਅਗਲੇ ਪੜਾਅ ਵਿੱਚ ਪੁੱਜੀ

ਟੋਕੀਉ: ਭਾਰਤ ਦੀ ਮਹਾਨ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਆਪਣੇ ਦੂਜੇ ਮੈਚ ਵਿਚ 21-9, 21-16 ਦੇ ਸਕੋਰ ਨਾਲ ਹਾਂਗਕਾਂਗ ਦੀ ਨਗਾਨ ਯੀ ਚਿਓਂਗ ਨੂੰ ਦੋਵੇਂ ਸੈੱਟਾਂ ਵਿਚ ਹਰਾ ਕੇ ਭਾਰਤ ਲਈ ਤਮਗੇ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ।ਸਿੰਧੂ ਨੇ ਦੋਵਾਂ ਸੈੱਟਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਵਿਰੋਧੀ ਖਿਡਾਰੀ ਨੂੰ ਮਾਤ ਦਿੱਤੀ। ਇਸ ਜਿੱਤ ਨਾਲ ਪੀਵੀ ਸਿੰਧੂ ਨਾਕਆਊਟ ਦੌਰ ਵਿਚ ਪਹੁੰਚ ਗਈ ਹੈ। ਸਿੰਧੂ ਅਤੇ ਨਗਾਨ ਯੀ ਚਿਓਂਗ ਵਿਚਕਾਰ ਇਹ ਮੈਚ 35 ਮਿੰਟ ਤੱਕ ਚੱਲਿਆ।ਦੱਸ ਦਈਏ ਕਿ ਸ਼ੁਰੂਆਤ ਵਿਚ ਚਿਓਂਗ ਅਤੇ ਸਿੰਧੂ ਦੋਵਾਂ ਨੇ ਬਰਾਬਰੀ ਨਾਲ ਮੁਕਾਬਲੇ ਦੀ ਸ਼ੁਰੂਆਤ ਕੀਤੀ ਅਤੇ ਦੋਵਾਂ ਨੇ ਦੋ-ਦੋ ਅੰਕ ਹਾਸਲ ਕੀਤੇ, ਹਾਲਾਂਕਿ ਸਿੰਧੂ ਜਲਦੀ ਹੀ ਆਪਣੇ ਤਜ਼ਰਬੇ ਨਾਲ ਵਿਰੋਧੀ ਖਿਡਾਰੀ ਨੂੰ ਪਛਾੜਨ ਵਿਚ ਕਾਮਯਾਬ ਹੋ ਗਈ। ਦਸ ਦਈਏ ਕਿ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਗਲਤੀਆਂ ਤੋਂ ਸਬਕ ਲੈਂਦਿਆਂ ਮੰਗਲਵਾਰ ਨੂੰ ਇਥੇ ਟੋਕੀਓ ਓਲੰਪਿਕ ਦੇ ਬੈਡਮਿੰਟਨ ਪੁਰਸ਼ ਡਬਲਜ਼ ਵਰਗ ਦੇ ਆਪਣੇ ਤੀਜੇ ਮੈਚ ਵਿੱਚ ਬੈਨ ਲੇਨ ਤੇ ਸੀਨ ਵੈਂਡੀ ਦੀ ਬਰਤਾਨਵੀ ਜੋੜੀ ਨੂੰ ਸਿੱਧੇ ਗੇਮਾਂ ਵਿੱਚ ਹਰਾਉਣ ਦੇ ਬਾਵਜੂਦ ਨਾਕਆਊਟ ਗੇੜ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਹੀ। ਆਲਮੀ ਦਰਜਾਬੰਦੀ ਵਿੱਚ 10ਵੇਂ ਸਥਾਨ ’ਤੇ ਕਾਬਜ਼ ਭਾਰਤੀ ਜੋੜੀ ਨੇ ਬਰਤਾਨਵੀ ਸ਼ਟਲਰਾਂ ਨੂੰ 21-17, 21-19 ਨਾਲ ਗਰੁੱਪ ਗੇੜ ਵਿਚ ਦੂਜੀ ਜਿੱਤ ਦਰਜ ਕੀਤੀ। ਉਧਰ ਚੀਨੀ ਤਾਇਪੇ ਦੀ ਜੋੜੀ ਵੱਲੋਂ ਇੰਡੋਨੇਸ਼ੀਆ ਦੀ ਨੰਬਰ ਇਕ ਜੋੜੀ ਨੂੰ 21-18, 15-21 ਤੇ 21-17 ਨਾਲ ਹਰਾਉਣ ਕਰਕੇ ਸਾਤਵਿਕ ਤੇ ਚਿਰਾਗ ਟੋਕੀਓ ਓਲੰਪਿਕ ’ਚੋਂ ਬਾਹਰ ਹੋ ਗੲੇ।

ਟੋਕੀਉ ਉਲੰਪਿਕਸ: ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਅਗਲੇ ਪੜਾਅ ਵਿੱਚ ਪੁੱਜੀ Read More »

ਟੋਕੀਉ ਉਲੰਪਿਕਸ: ਭਾਰਤੀ ਮਹਿਲਾ ਹਾਕੀ ਟੀਮ ਮੈਚ ਹਾਰੀ, ਤੀਰਅੰਦਾਜ਼ੀ ਵਿਚ ਤਰੁਣਦੀਪ ਦਾ ਸਫਰ ਖ਼ਤਮ

ਟੋਕੀਉ: ਭਾਰਤੀ ਮਹਿਲਾ ਹਾਕੀ ਟੀਮ ਨੂੰ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਗ੍ਰੇਟ ਬ੍ਰਿਟੇਨ ਨੇ ਭਾਰਤ ਨੂੰ 4-1 ਨਾਲ ਹਰਾ ਦਿੱਤਾ ਹੈ। ਬ੍ਰਿਟੇਨ ਦੀ ਟੀਮ ਭਾਰਤੀ ਟੀਮ ’ਤੇ ਪੂਰੇ ਮੈਚ ਦੌਰਾਨ ਹਾਵੀ ਰਹੀ। ਮਹਿਲਾ ਟੀਮ ਨੇ ਟੋਕੀਉ ਉਲੰਪਿਕ ਵਿਚ ਹੁਣ ਤੱਕ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। ਭਾਰਤੀ ਟੀਮ ਨੂੰ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਨਾਕਾਮ ਰਹੇ। ਭਾਰਤ ਵੱਲੋ ਇਕ ਗੋਲ ਸ਼ਰਮੀਲਾ ਦੇਵੀ ਨੇ ਕੀਤਾ।ਭਾਰਤੀ ਮਹਿਲਾ ਹਾਕੀ ਟੀਮ ਦੀ ਇਹ ਲਗਾਤਾਰ ਤੀਜੀ ਹਾਰ ਹੈ। ਇਸ ਤੋਂ ਪਹਿਲਾਂ ਭਾਰਤ ਨੂੰ ਨੀਦਰਲੈਂਡ ਖਿਲਾਫ਼ 1-5 ਅਤੇ ਜਰਮਨੀ ਖਿਲਾਫ਼ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਛੇ ਟੀਮਾਂ ਦੇ ਪੂਲ ਵਿਚ ਭਾਰਤੀ ਟੀਮ ਪੰਜਵੇਂ ਸਥਾਨ ’ਤੇ ਹੈ। ਜੇਕਰ ਭਾਰਤ ਨੇ ਕੁਆਰਟਰ ਫਾਈਨਲ ਵਿਚ ਥਾਂ ਬਣਾਉਣੀ ਹੈ ਤਾਂ ਟੀਮ ਨੂੰ ਅਪਣੇ ਆਖਰੀ ਦੋ ਮੈਚਾਂ ਵਿਚ ਆਇਰਲੈਂਡ ਅਤੇ ਦੱਖਣੀ ਅਫਰੀਕਾ ਖਿਲਾਫ਼ ਜਿੱਤ ਦਰਜ ਕਰਨੀ ਹੋਵੇਗੀ। ਤੀਰਅੰਦਾਜ਼ੀ ਵਿਚ ਤਰੁਣਦੀਪ ਦਾ ਸਫਰ ਖ਼ਤਮ ਹੋ ਗਿਆ ਹੈ। ਉਹ ਰਾਊਂਡ ਆਫ 32 ਦੇ ਮੁਕਾਬਲੇ ਵਿਚ ਹਾਰ ਗਏ। ਉਹਨਾਂ ਦਾ ਮੈਚ ਇਜ਼ਰਾਈਲ ਦੇ ਇਤੈ ਸ਼ੈਨੀ ਨਾਲ ਸੀ। ਤਰੁਣਦੀਪ ਨੇ ਪਹਿਲੇ ਸੈੱਟ ਵਿਚ ਸਿਰਫ 24 ਅੰਕ ਹਾਸਲ ਕੀਤੇ, ਸ਼ੈਨੀ ਨੇ 28 ਅੰਕਾਂ ਨਾਲ ਰਾਊਂਡ ਜਿੱਤਿਆ। ਦੂਜੇ ਸੈੱਟ ਵਿਚ ਤਰੁਣਦੀਪ ਰਾਏ ਨੇ 10-8-9 ਅੰਕਾਂ ਨਾਲ 27 ਅੰਕ ਹਾਸਲ ਕੀਤੇ ਜਦਕਿ ਸ਼ੈਨੀ 26 ਅੰਕ ਹਾਸਲ ਕਰ ਸਕੇ ਅਤੇ ਸਕੋਰ 2-2 ਨਾਲ ਬਰਾਬਰੀ ‘ਤੇ ਰਿਹਾ।ਤੀਜਾ ਸੈੱਟ 27-27 ਨਾਲ ਟਾਈ ਰਿਹਾ ਅਤੇਤੇ ਸਕੋਰ 3-3 ਨਾਲ ਬਰਾਬਰੀ ‘ਤੇ ਆ ਗਏ। ਇਸ ਤੋਂ ਬਾਅਦ ਤਰੁਣਦੀਪ ਨੇ ਚੌਥੇ ਸੈਟ ਵਿਚ 28 ਅੰਕ ਹਾਸਲ ਕੀਤੇ, ਜਦਕਿ ਸ਼ੈਨੀ ਸਿਰਫ 27 ਅੰਕ ਹੀ ਸਕੋਰ ਕਰ ਸਕੇ। ਇਹ ਸੈੱਟ ਤਰੁਣਦੀਪ ਦੇ ਨਾਮ ਸੀ ਪਰ ਅਗਲਾ ਰਾਊਂਡ ਸ਼ੈਨੀ ਦੇ ਨਾਮ ਰਿਹਾ। ਸ਼ੂਟ-ਆਫ ਵਿਚ ਤਰੁਣਦੀਪ ਨੇ 9 ਸਕੋਰ ਬਣਾਏ ਪਰ ਇਜ਼ਰਾਈਲ ਦੀ ਸ਼ੈਨੀ ਨੇ 10 ਸਕੋਰ ਬਣਾ ਕੇ ਮੈਚ ਅਪਣੇ ਨਾਂਅ ਕਰ ਲਿਆ।

ਟੋਕੀਉ ਉਲੰਪਿਕਸ: ਭਾਰਤੀ ਮਹਿਲਾ ਹਾਕੀ ਟੀਮ ਮੈਚ ਹਾਰੀ, ਤੀਰਅੰਦਾਜ਼ੀ ਵਿਚ ਤਰੁਣਦੀਪ ਦਾ ਸਫਰ ਖ਼ਤਮ Read More »

ਆਈਪੀਐਸ ਅਫਸਰ ਰਾਕੇਸ਼ ਅਸਥਾਨਾ ਦਿੱਲੀ ਦੇ ਪੁਲੀਸ ਕਮਿਸ਼ਨਰ ਨਿਯੁਕਤ

ਨਵੀਂ ਦਿੱਲੀ, 28 ਜੁਲਾਈ- ਗੁਜਰਾਤ ਕੇਡਰ ਦੇ ਸੀਨੀਅਰ ਆਈਪੀਐਸ ਅਫਸਰ ਰਾਕੇਸ਼ ਅਸਥਾਨਾ ਨੂੰ ਦਿੱਲੀ ਦਾ ਪੁਲੀਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਅਸਥਾਨਾ ਜੋ ਹਾਲ ਦੀ ਘੜੀ ਬੀਐੱਸਐਫ਼ ਦੇ ਡਾਇਰੈਕਟਰ ਜਨਰਲ ਵਜੋਂ ਸੇਵਾ ਨਿਭਾ ਰਹੇ ਹਨ , ਨੂੰ ਤੁਰਤ ਪ੍ਰਭਾਵ ਨਾਲ ਦਿੱਲੀ ਪੁਲੀਸ ਕਮਿਸ਼ਨਰ ਵਜੋਂ ਜੁਆਇਨ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦਾ ਸੇਵਾਕਾਲ ਇਕ ਸਾਲ ਦਾ ਹੋਵੇਗਾ। ਉਹ 31 ਜੁਲਾਈ ਨੂੰ ਸੇਵਾਮੁਕਤ ਹੋਣ ਵਾਲੇ ਸਨ।

ਆਈਪੀਐਸ ਅਫਸਰ ਰਾਕੇਸ਼ ਅਸਥਾਨਾ ਦਿੱਲੀ ਦੇ ਪੁਲੀਸ ਕਮਿਸ਼ਨਰ ਨਿਯੁਕਤ Read More »

ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ ਵੱਲੋਂ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ

ਫਗਵਾੜਾ 28 ਜੁਲਾਈ 2021 (ਏ.ਡੀ.ਪੀ. ਨਿਊਜ਼ ) ਪੰਜਾਬ ਸਰਕਾਰ ਦੇ ਸਰਕਾਰੀ/ਅਰਧ ਸਰਕਾਰੀ ਵਿਭਾਗਾਂ/ਬੋਰਡਾਂ/ ਕਾਰਪੋਰੇਸ਼ਨਾ/ਸਥਾਨਕ ਸਰਕਾਰਾਂ ਵਿਭਾਗ/ ਯੂਨੀਵਰਸਿਟੀਆਂ ਅਤੇ ਹੋਰ ਤਕਨੀਕੀ ਅਦਾਰਿਆਂ ਵਿੱਚ ਸੇਵਾਵਾਂ ਨਿਭਾ ਰਹੇ ਜੂਨੀਅਰ ਇੰਜੀਨੀਅਰਜ਼ / ਸਹਾਇਕ ਇੰਜੀਨੀਅਰਜ਼/ਉਪ ਮੰਡਲ ਇੰਜੀਨੀਅਰਜ , ਅਫਸਰਜ਼ (ਪਦ -ਉੱਨਤ) ਦੀ ਪ੍ਰਤੀਨਿਧ ਜਮਾਤ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ , ਪੰਜਾਬ, ਹਿਮਾਚਲ ਪ੍ਰਦੇਸ਼ ਚੰਡੀਗੜ੍ਹ (ਯੂ. ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਵੱਲੋ ਇੰਜ:ਮਨਜਿੰਦਰ ਸਿੰਘ ਮੱਤੇਨੰਗਲ (ਚੇਅਰਮੈਨ)ਇੰਜ: ਸੁਖਵਿੰਦਰ ਸਿੰਘ ਬਾਂਗੋਬਾਨੀ (ਸਕੱਤਰ ਜਨਰਲ), ਇੰਜ: ਦਿਲਪ੍ਰੀਤ ਸਿੰਘ ਲੋਹਟ (ਸੀਨੀਅਰ ਵਾਈਸ ਚੇਅਰਮੈਂਨ , ਸੂਬਾ ਪ੍ਰਧਾਨ ਡੀ ਈ ਏ,ਲੋ: ਨਿ: ਵਿ:- ਭ ਤੇ ਮ ਸ਼ਾਖਾ ਪੰਜਾਬ ) ਅਤੇ ਇੰਜ: ਪਲਵਿੰਦਰ ਸਿੰਘ ਪੰਧੇਰ (ਅਡੀਸ਼ਨਲ ਸਕੱਤਰ ਜਨਰਲ )ਦੀ ਪ੍ਰਧਾਨਗੀ ਅਤੇ ਇੰਜ: ਵਾਸੁਦੇਵ ਸ਼ਰਮਾ ਜੀ ਫਾਊਂਡਰ ਕੌਸਲ ਦੀ ਸਰਪ੍ਰਸਤੀ ਹੇਠ ਇੱਕ ਅਹਿਮ ਮੀਟਿੰਗ ਸਥਾਨਕ ਰੈਸਟ ਹਾਊਸ ਫਗਵਾੜਾ ਵਿਖੇ ਹੋਈ।ਮੀਟਿੰਗ ਵਿੱਚ ਵੱਖ-2 ਬੁਲਾਰਿਆਂ ਵੱਲੋਂ ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਵੱਲੋਂ ਗਠਿਤ 6ਵੇ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਭਰਪੂਰ ਰਿਪੋਰਟ ਤੇ ਸਿਫਾਰਸ਼ਾਂ ਅਤੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਮਿਤੀ 05-07-2021 ਨੂੰ ਮੁਲਾਜ਼ਮਤ ਮਾਰੂ ਨੀਤੀਆਂ ਤਹਿਤ ਮਨਮਾਨੇ ਢੰਗ ਜਾਰੀ ਨੋਟੀਫਿਕੇਸ਼ਨ ਦੇ ਵਿਰੋਧ ਵਿੱਚ ਸਮੂਹ ਮੁਲਾਜ਼ਮਤ ਅਤੇ ਪੈਨਸਨਰਜ਼ ਵਿੱਚ ਪਾਈ ਜਾ ਰਹੀ ਰੋਸ ਭਰੀ ਨਰਾਜ਼ਗੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ। ਕੌਂਸਲ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਰਾਜ ਦੇ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਮੰਨ ਕੇ ਰਾਹਤ ਦਿੱਤੀ ਜਾਵੇ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕਰਕੇ ਵੱਖ-ਵੱਖ ਜਿਲਿਆਂ ਵਿੱਚ ਲੜੀਵਾਰ ਜਿਲਾ ਪੱਧਰੀ ਧਰਨਿਆਂ ਨੂੰ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈਂ। ਜਿਸ ਪ੍ਰੋਗਰਾਮ ਅਨੁਸਾਰ 30 ਜੁਲਾਈ ਨੂੰ ਰੂਪਨਗਰ ਵਿਖੇ,2 ਅਗਸਤ ਫਾਜ਼ਿਲਕਾ , 4 ਅਗਸਤ ਸ਼ਹੀਦ ਭਗਤ ਸਿੰਘ ਨਗਰ, 5 ਅਗਸਤ ਫਰੀਦਕੋਟ,6 ਅਗਸਤ ਬਠਿੰਡਾ,9 ਅਗਸਤ ਮਾਨਸਾ ਅਤੇ 10 ਅਗਸਤ ਨੂੰ 11 ਵਜੇ ਤੋਂ ਲੈ ਕੇ 1 ਵਜੇ ਦੁਪਹਿਰ ਤੱਕ ਪੰਜ ਸੂਬਿਆਂ ਦੀ ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ ਵੱਲੋਂ ਚੰਡੀਗੜ੍ਹ ਦੀ ਹੱਦ ਤੇ ਪੈਂਦੇ ਮੁੱਲਾਂਪੁਰ ਬੈਰੀਅਰ ਵਿਖੇ ਮਨੁੱਖੀ ਚੇਨ ਬਣਾਉਂਦੇ ਹੋਏ,ਕਾਲੇ ਬਿੱਲੇ ਲਗਾ ਕੇ, ਰੋਸਮਈ ਢੰਗ ਨਾਲ ਕਾਲੇ ਝੰਡੇ ਲੈ ਕੇ ਸਾਂਤਮਈ ਸੂਬਾ ਪੱਧਰੀ ਪ੍ਦਰਸਨ ਕੀਤਾ ਜਾਵੇਗਾ। ਇਸ ਦਿਨ ਹੀ ਕੌਸਲ ਵੱਲੋਂ ਅਗਲੀ ਰਣਨੀਤੀ ਉਲੀਕ ਕੇ ਲੋਕਤੰਤਰਿਕ ਢੰਗ ਨਾਲ਼ ਤਿੱਖੇ ਸੰਘਰਸ ਦਾ ਫੈਸਲਾ ਲਿਆ ਜਾਵੇਗਾ। ਇਕ ਹੋਰ ਫੈਸਲੇ ਅਨੁਸਾਰ ਪੰਜਾਬ ਭਰ ਵਿੱਚ ਵੱਖ-2 ਇੰਜੀਨੀਅਰਿੰਗ ਵਿਭਾਗਾਂ ਵਿੱਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰਜ਼,ਸਹਾਇਕ ਇੰਜੀਨੀਅਰਜ਼,ਪਦ ਉਨਤ- ਉਪ ਮੰਡਲ ਇੰਜੀਨੀਅਰਜ਼/ ਅਫਸਰਜ਼ ਵੱਲੋਂ 6 ਅਗਸਤ ਤੋਂ 15 ਅਗਸਤ ਤੱਕ ਦਫਤਰੀ ਕੰਮ ਕਾਜ ਬੰਦ ਕਰਦੇ ਹੋਏ ਪੂਰਨ ਰੂਪ ਵਿੱਚ ਕਾਲੇ ਬਿੱਲੇ ਲਾ ਕੇ ਰੋਸ ਮਈ ਕਲਮ ਛੋੜ ਹੜਤਾਲ ਕੀਤੀ ਜਾਵੇਗੀ। ਜਿਸ ਨਾਲ ਹੋਣ ਵਾਲੇ ਦਫਤਰੀ ਕੰਮ ਕਾਜ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੀਟਿੰਗ ਵਿੱਚ ਕੌਸਲ ਵੱਲੋਂ ਸਰਬਸੰਮਤੀ ਨਾਲ ਫੈਸਲਾ ਕਰ ਕੇ ਇੰਜ: ਸਤਨਾਮ ਸਿੰਘ ਮੱਟੂ ਨੂੰ ਕੋ-ਚੈਅਰਮੋਨ (ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ)ਇੰਜ: ਬਿਕਰਮਜੀਤ ਸਿੰਘ ਨੂੰ ਕੋ- ਚੇਅਰਮੈਨ,ਆਈ ਟੀ ਸੈੱਲ ਕੌਸਲ (ਲੋਕ ਨਿਰਮਾਣ ਵਿਭਾਗ,ਪੰਜਾਬ)ਇੰਜ: ਗਗਨ ਸਾਂਘਾ ਚੰਡੀਗੜ੍ਹ ਜ਼ੋਨ-ਕੋ ਚੈਅਰਮੋਨ ਕੌਸਲ (ਜਲ ਸਰੋਤ ਵਿਭਾਗ ਪੰਜਾਬ) ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੀਟਿੰਗ ਵਿੱਚ ਇੰਜ: ਜਗਰੂਪ ਸਿੰਘ,ਉਪ ਮੰਡਲ ਇੰਜੀਨੀਅਰ,ਇੰਜ: ਗੁਰਤੇਜ ਸਿੰਘ ਸੂਬਾ ਪ੍ਰਧਾਨ,ਇੰਜੀਨੀਅਰਜ਼ ਐਸ਼ੋਸੀਏਸ਼ਨ,ਵਾਟਰ ਸਪਲਾਈ ਤੇ ਸੀਵਰੇਜ ਬੋਰਡ,ਪੰਜਾਬ,ਇੰਜ:ਵੀ ਕੇ ਕਪੂਰ ਸਰਪ੍ਰਸਤ ਉਪ ਮੰਡਲ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਐਸ਼ੋਸੀਏਸ਼ਨ,ਪੰਜਾਬ, ਇੰਜ: ਹਰਵਿੰਦਰ ਸਿੰਘ ਐਸ ਡੀ ਓ ਨਗਰ ਨਿਗਮ ਲੁਧਿਆਣਾ,ਇੰਜ: ਕੁਲਦੀਪ ਸਿੰਘ ਪੰਧੇਰ ਕਨਵੀਨਰ ਗੁਰਦਾਸਪੁਰ ਜੋਨ,ਇੰਜ: ਲਖਵਿੰਦਰ ਸਿੰਘ ਪੰਨੂ ਜਿਲਾ ਚੇਅਰਮੈਨ ਕੌਸਲ ਗੁਰਦਾਸਪੁਰ ਜੋਨ,ਇੰਜ: ਕੁਲਬੀਰ ਸਿੰਘ ਬੈਨੀਪਾਲ ਕੌਸਲ ਪ੍ਰੈਸ ਸਕੱਤਰ, ਇੰਜ: ਜਰਨੈਲ ਸਿੰਘ ਭਿੰਡਰ ,ਮੀਤ ਪ੍ਰਧਾਨ ਜਲ ਸਰੋਤ ਵਿਭਾਗ ਗੁਰਦਾਸਪੁਰ ਜੋਨ,ਇੰਜ:ਪਰਵਿੰਦਰ ਕੁਮਾਰ ਸੂਬਾ ਜਨਰਲ ਸਕੱਤਰ ਡੀ ਈ ਏ,ਲੋ ਨਿ ਵਿ (ਭ ਤੇ ਮ) ਇੰਜ: ਸੁਖਦੇਵ ਸਿੰਘ ਉਪ ਮੰਡਲ ਇੰਜੀਨੀਅਰ, ਸਲਾਹਕਾਰ ਡੀ ਈ ਏ ਪੰਜਾਬ ਹਾਜਰ ਹੋਏ।

ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ ਵੱਲੋਂ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ Read More »

ਆਪਣੇ ਆਪ ਇਕੱਠੀਆਂ ਹੋ ਜਾਣਗੀਆਂ ਵਿਰੋਧੀ ਧਿਰਾਂ: ਮਮਤਾ

ਤ੍ਰਿਣਮੂਲ ਕਾਂਗਰਸ ਦੀ ਆਗੂ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਏਕਾ (ਗੱਠਜੋੜ) ਆਪਣੇ ਆਪ ਹੀ ਆਕਾਰ ਲਏਗਾ। ਬੈਨਰਜੀ ਜੋ ਕਿ ਦਿੱਲੀ ਵਿਚ ਹਨ, ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਅੱਜ ਮੁਲਾਕਾਤ ਕੀਤੀ। ਉਨ੍ਹਾਂ ਮੋਦੀ ਨੂੰ ਬੇਨਤੀ ਕੀਤੀ ਕਿ ਬੰਗਾਲ ਨੂੰ ਆਬਾਦੀ ਦੇ ਅਧਾਰ ’ਤੇ ਹੋਰ ਕਰੋਨਾ ਵੈਕਸੀਨ ਮੁਹੱਈਆ ਕਰਵਾਈ ਜਾਵੇ। ਬੈਨਰਜੀ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਕੋਲ ਪੱਛਮੀ ਬੰਗਾਲ ਦਾ ਨਾਂ ਬਦਲਣ ਦਾ ਮੁੱਦਾ ਵੀ ਰੱਖਿਆ। ਉਨ੍ਹਾਂ ਕਿਹਾ ਕਿ ਇਹ ਮੁੱਦਾ ਲੰਮੇ ਸਮੇਂ ਤੋਂ ਲਟਕ ਰਿਹਾ ਹੈ ਤੇ ਹੁਣ ਹੱਲ ਹੋਣਾ ਚਾਹੀਦਾ ਹੈ। ਮਮਤਾ ਨੇ ਕਿਹਾ ਕਿ ਵੀਰਵਾਰ ਨੂੰ ਉਹ ਅਰਵਿੰਦ ਕੇਜਰੀਵਾਲ ਨਾਲ ਵੀ ਮੁਲਾਕਾਤ ਕਰੇਗੀ। ਸੱਤਾਧਾਰੀ ਐਨਡੀਏ ਵਿਰੁੱਧ ਵਿਰੋਧੀ ਧਿਰ ਦੀ ਏਕਤਾ ਬਾਰੇ ਪੁੱਛੇ ਜਾਣ ’ਤੇ ਮਮਤਾ ਨੇ ਕਿਹਾ ਕਿ ਇਹ ਸਭ ਆਪਣੇ ਆਪ ਸ਼ਕਲ ਲਏਗਾ। ਬੈਨਰਜੀ ਨੂੰ ਜਦ ਪੁੱਛਿਆ ਗਿਆ ਕਿ ਕੀ ਉਹ ਵਿਰੋਧੀ ਪਾਰਟੀਆਂ ਦੀ ਅਗਵਾਈ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੇ ਏਕੇ ਦੀ ਨੁਮਾਇੰਦਗੀ ਦੇਸ਼ ਕਰੇਗਾ। ਮਮਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੈਗਾਸਸ ਜਾਸੂਸੀ ਮਾਮਲੇ ’ਤੇ ਇਕ ਸਰਬ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਹੈ ਅਤੇ ਸੁਪਰੀਮ ਕੋਰਟ ਦੀ ਅਗਵਾਈ ਵਿਚ ਜਾਂਚ ਬਾਰੇ ਫ਼ੈਸਲਾ ਲੈਣਾ ਚਾਹੀਦਾ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਉਹ ਭਲਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰੇਗੀ ਜਿਸ ਨੂੰ ਉਨ੍ਹਾਂ ‘ਚਾਏ ਪੇ ਚਰਚਾ’ ਕਰਾਰ ਦਿੱਤਾ। ਉਨ੍ਹਾਂ ਅੱਜ ਕਾਂਗਰਸ ਆਗੂਆਂ ਕਮਲ ਨਾਥ ਤੇ ਆਨੰਦ ਸ਼ਰਮਾ ਨਾਲ ਵੀ ਮੁਲਾਕਾਤ ਕੀਤੀ। ਬੰਗਾਲ ਵਿਧਾਨ ਸਭਾ ਚੋਣਾਂ ਵਿਚ ਜਿੱਤ ਤੋਂ ਬਾਅਦ ਟੀਐਮਸੀ ਸੁਪਰੀਮੋ ਦੀ ਦਿੱਲੀ ਵਿਚ ਸੀਨੀਅਰ ਸਿਆਸੀ ਆਗੂਆਂ ਨਾਲ ਮੁਲਾਕਾਤਾਂ ਦੀ ਇਹ ਪਹਿਲੀ ਲੜੀ ਹੈ। ਮਮਤਾ ਬੈਨਰਜੀ ਨਾਲ ਮੁਲਾਕਾਤ ਤੋਂ ਬਾਅਦ ਕਮਲ ਨਾਥ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਚੋਣਾਂ ਵਿਚ ਜਿੱਤ ਦੀ ਵਧਾਈ ਦੇਣ ਲਈ ਆਏ ਸਨ। ਇਸ ਮੌਕੇ ਕਿਸੇ ਰਣਨੀਤੀ ਉਤੇ ਵਿਚਾਰ ਨਹੀਂ ਹੋਇਆ, ਉਸ ਬਾਰੇ ਵਿਚਾਰ ਪਾਰਟੀ ਦੇ ਆਗੂ ਕਰਨਗੇ। ਉਨ੍ਹਾਂ ਕਿਹਾ ਕਿ ਸਿਰਫ਼ ਵਧਦੀ ਮਹਿੰਗਾਈ ਤੇ ਮੌਜੂਦਾ ਸਥਿਤੀ ਉਤੇ ਚਰਚਾ ਹੋਈ। ਨਾਥ ਨੇ ਕਿਹਾ ਕਿ ਬੈਨਰਜੀ ਦੀ ਜਿੱਤ ਨੇ ਪੂਰੇ ਦੇਸ਼ ਵਿਚ ਸੁਨੇਹਾ ਭੇਜਿਆ ਹੈ। ਮਮਤਾ ਨੇ ਕਾਂਗਰਸ ਆਗੂ ਆਨੰਦ ਸ਼ਰਮਾ ਨਾਲ ਵੀ ਮੁਲਾਕਾਤ ਕੀਤੀ। ਬੈਨਰਜੀ ਨੇ ਕਾਂਗਰਸ ਆਗੂ ਤੇ ਰਾਜ ਸਭਾ ਮੈਂਬਰ ਅਭਿਸ਼ੇਕ ਸਿੰਘਵੀ ਨਾਲ ਵੀ ਮੁਲਾਕਾਤ ਕੀਤੀ ਹੈ। ਮਮਤਾ ਨਾਲ ਅੱਜ ਮੁਲਾਕਾਤ ਕਰ ਸਕਦੇ ਨੇ ਸ਼ਰਦ ਪਵਾਰ ਮੁੰਬਈ: ਐਨਸੀਪੀ ਮੁਖੀ ਸ਼ਰਦ ਪਵਾਰ ਭਲਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਦਿੱਲੀ ਵਿਚ ਮੁਲਾਕਾਤ ਕਰ ਸਕਦੇ ਹਨ। ਟੀਐਮਸੀ ਸੁਪਰੀਮੋ ਇਸ ਵੇਲੇ ਰਾਜਧਾਨੀ ਵਿਚ ਹੈ ਤੇ ਵਿਰੋਧੀ ਧਿਰਾਂ ਦੇ ਆਗੂਆਂ ਨਾਲ ਮੁਲਾਕਾਤ ਕਰ ਰਹੀ ਹੈ। ਪਵਾਰ ਨੇ ਦੱਸਿਆ ਕਿ ਮਮਤਾ ਨੇ ਉਨ੍ਹਾਂ ਨੂੰ ਪਿਛਲੇ ਹਫ਼ਤੇ ਫੋਨ ਕੀਤਾ ਸੀ ਤੇ ਦਿੱਲੀ ਦੌਰੇ ਬਾਰੇ ਦੱਸ ਕੇ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ। ਜਦਕਿ ਮਮਤਾ ਨੇ ਕਿਹਾ ਕਿ ਉਨ੍ਹਾਂ ਦੀ ਹਾਲੇ ਸ਼ਰਦ ਪਵਾਰ ਨਾਲ ਗੱਲ ਨਹੀਂ ਹੋਈ ਤੇ ਉਹ ਉਨ੍ਹਾਂ ਨੂੰ ਮੌਨਸੂਨ ਇਜਲਾਸ ਤੋਂ ਬਾਅਦ ਮਿਲ ਸਕਦੀ ਹੈ

ਆਪਣੇ ਆਪ ਇਕੱਠੀਆਂ ਹੋ ਜਾਣਗੀਆਂ ਵਿਰੋਧੀ ਧਿਰਾਂ: ਮਮਤਾ Read More »