ਟੋਕੀਉ ਉਲੰਪਿਕਸ: ਭਾਰਤੀ ਮਹਿਲਾ ਹਾਕੀ ਟੀਮ ਮੈਚ ਹਾਰੀ, ਤੀਰਅੰਦਾਜ਼ੀ ਵਿਚ ਤਰੁਣਦੀਪ ਦਾ ਸਫਰ ਖ਼ਤਮ

ਟੋਕੀਉ: ਭਾਰਤੀ ਮਹਿਲਾ ਹਾਕੀ ਟੀਮ ਨੂੰ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਗ੍ਰੇਟ ਬ੍ਰਿਟੇਨ ਨੇ ਭਾਰਤ ਨੂੰ 4-1 ਨਾਲ ਹਰਾ ਦਿੱਤਾ ਹੈ। ਬ੍ਰਿਟੇਨ ਦੀ ਟੀਮ ਭਾਰਤੀ ਟੀਮ ’ਤੇ ਪੂਰੇ ਮੈਚ ਦੌਰਾਨ ਹਾਵੀ ਰਹੀ। ਮਹਿਲਾ ਟੀਮ ਨੇ ਟੋਕੀਉ ਉਲੰਪਿਕ ਵਿਚ ਹੁਣ ਤੱਕ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। ਭਾਰਤੀ ਟੀਮ ਨੂੰ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਨਾਕਾਮ ਰਹੇ। ਭਾਰਤ ਵੱਲੋ ਇਕ ਗੋਲ ਸ਼ਰਮੀਲਾ ਦੇਵੀ ਨੇ ਕੀਤਾ।ਭਾਰਤੀ ਮਹਿਲਾ ਹਾਕੀ ਟੀਮ ਦੀ ਇਹ ਲਗਾਤਾਰ ਤੀਜੀ ਹਾਰ ਹੈ। ਇਸ ਤੋਂ ਪਹਿਲਾਂ ਭਾਰਤ ਨੂੰ ਨੀਦਰਲੈਂਡ ਖਿਲਾਫ਼ 1-5 ਅਤੇ ਜਰਮਨੀ ਖਿਲਾਫ਼ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਛੇ ਟੀਮਾਂ ਦੇ ਪੂਲ ਵਿਚ ਭਾਰਤੀ ਟੀਮ ਪੰਜਵੇਂ ਸਥਾਨ ’ਤੇ ਹੈ। ਜੇਕਰ ਭਾਰਤ ਨੇ ਕੁਆਰਟਰ ਫਾਈਨਲ ਵਿਚ ਥਾਂ ਬਣਾਉਣੀ ਹੈ ਤਾਂ ਟੀਮ ਨੂੰ ਅਪਣੇ ਆਖਰੀ ਦੋ ਮੈਚਾਂ ਵਿਚ ਆਇਰਲੈਂਡ ਅਤੇ ਦੱਖਣੀ ਅਫਰੀਕਾ ਖਿਲਾਫ਼ ਜਿੱਤ ਦਰਜ ਕਰਨੀ ਹੋਵੇਗੀ।

ਤੀਰਅੰਦਾਜ਼ੀ ਵਿਚ ਤਰੁਣਦੀਪ ਦਾ ਸਫਰ ਖ਼ਤਮ ਹੋ ਗਿਆ ਹੈ। ਉਹ ਰਾਊਂਡ ਆਫ 32 ਦੇ ਮੁਕਾਬਲੇ ਵਿਚ ਹਾਰ ਗਏ। ਉਹਨਾਂ ਦਾ ਮੈਚ ਇਜ਼ਰਾਈਲ ਦੇ ਇਤੈ ਸ਼ੈਨੀ ਨਾਲ ਸੀ। ਤਰੁਣਦੀਪ ਨੇ ਪਹਿਲੇ ਸੈੱਟ ਵਿਚ ਸਿਰਫ 24 ਅੰਕ ਹਾਸਲ ਕੀਤੇ, ਸ਼ੈਨੀ ਨੇ 28 ਅੰਕਾਂ ਨਾਲ ਰਾਊਂਡ ਜਿੱਤਿਆ। ਦੂਜੇ ਸੈੱਟ ਵਿਚ ਤਰੁਣਦੀਪ ਰਾਏ ਨੇ 10-8-9 ਅੰਕਾਂ ਨਾਲ 27 ਅੰਕ ਹਾਸਲ ਕੀਤੇ ਜਦਕਿ ਸ਼ੈਨੀ 26 ਅੰਕ ਹਾਸਲ ਕਰ ਸਕੇ ਅਤੇ ਸਕੋਰ 2-2 ਨਾਲ ਬਰਾਬਰੀ ‘ਤੇ ਰਿਹਾ।ਤੀਜਾ ਸੈੱਟ 27-27 ਨਾਲ ਟਾਈ ਰਿਹਾ ਅਤੇਤੇ ਸਕੋਰ 3-3 ਨਾਲ ਬਰਾਬਰੀ ‘ਤੇ ਆ ਗਏ। ਇਸ ਤੋਂ ਬਾਅਦ ਤਰੁਣਦੀਪ ਨੇ ਚੌਥੇ ਸੈਟ ਵਿਚ 28 ਅੰਕ ਹਾਸਲ ਕੀਤੇ, ਜਦਕਿ ਸ਼ੈਨੀ ਸਿਰਫ 27 ਅੰਕ ਹੀ ਸਕੋਰ ਕਰ ਸਕੇ। ਇਹ ਸੈੱਟ ਤਰੁਣਦੀਪ ਦੇ ਨਾਮ ਸੀ ਪਰ ਅਗਲਾ ਰਾਊਂਡ ਸ਼ੈਨੀ ਦੇ ਨਾਮ ਰਿਹਾ। ਸ਼ੂਟ-ਆਫ ਵਿਚ ਤਰੁਣਦੀਪ ਨੇ 9 ਸਕੋਰ ਬਣਾਏ ਪਰ ਇਜ਼ਰਾਈਲ ਦੀ ਸ਼ੈਨੀ ਨੇ 10 ਸਕੋਰ ਬਣਾ ਕੇ ਮੈਚ ਅਪਣੇ ਨਾਂਅ ਕਰ ਲਿਆ।

ਸਾਂਝਾ ਕਰੋ

ਪੜ੍ਹੋ