ਨਵੀਂ ਦਿੱਲੀ : ਕਾਂਗਰਸ ਨੇ ਚੋਣ ਕਮਿਸ਼ਨ ਵਲੋਂ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਦੀ ਨਿਗਰਾਨੀ ਲਈ ਅੱਠ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਪਾਰਟੀ ਨੇ ਇਕ ਬਿਆਨ ’ਚ ਕਿਹਾ ਕਿ ਕਮੇਟੀ ਪਹਿਲਾਂ ਮਹਾਰਾਸ਼ਟਰ ਵੋਟਰ ਸੂਚੀ ’ਚ ਹੇਰਾਫੇਰੀ ਦੇ ਮੁੱਦੇ ’ਤੇ ਵਿਚਾਰ ਕਰੇਗੀ ਅਤੇ ਜਲਦੀ ਤੋਂ ਜਲਦੀ ਲੀਡਰਸ਼ਿਪ ਨੂੰ ਵਿਸਥਾਰਤ ਰੀਪੋਰਟ ਸੌਂਪੇਗੀ।
ਇਸ ਪੈਨਲ ’ਚ ਕਾਂਗਰਸ ਦੇ ਖਜ਼ਾਨਚੀ ਅਜੇ ਮਾਕਨ ਅਤੇ ਸੀਨੀਅਰ ਨੇਤਾ ਦਿਗਵਿਜੇ ਸਿੰਘ, ਅਭਿਸ਼ੇਕ ਸਿੰਘਵੀ, ਪ੍ਰਵੀਨ ਚੱਕਰਵਰਤੀ ਅਤੇ ਪਵਨ ਖੇੜਾ ਸ਼ਾਮਲ ਹਨ। ਇਸ ਤੋਂ ਇਲਾਵਾ ਗੁਰਦੀਪ ਸਿੰਘ ਸੱਪਲ, ਨਿਤਿਨ ਰਾਊਤ ਅਤੇ ਚਾਲਾ ਵਮਸ਼ੀ ਚੰਦ ਰੈੱਡੀ ਵੀ ਪੈਨਲ ਦਾ ਹਿੱਸਾ ਹਨ।
ਗਰੁੱਪ ਦਾ ਗਠਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੀਤਾ ਹੈ। ਮਹਾਰਾਸ਼ਟਰ ਤੋਂ ਇਲਾਵਾ, ‘ਈਗਲ’ ਹੋਰ ਸੂਬਿਆਂ ’ਚ ਪਿਛਲੀਆਂ ਚੋਣਾਂ ਦਾ ਵੀ ਵਿਸ਼ਲੇਸ਼ਣ ਕਰੇਗਾ, ਅਤੇ ਆਉਣ ਵਾਲੀਆਂ ਚੋਣਾਂ ਅਤੇ ਦੇਸ਼ ’ਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਨਾਲ ਜੁੜੇ ਹੋਰ ਸਾਰੇ ਮੁੱਦਿਆਂ ਦੀ ਸਰਗਰਮੀ ਨਾਲ ਨਿਗਰਾਨੀ ਕਰੇਗਾ।
ਮਹੱਤਵਪੂਰਣ ਗੱਲ ਇਹ ਹੈ ਕਿ ਪੈਨਲ ਦਾ ਗਠਨ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਕੀਤਾ ਗਿਆ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪਿਛਲੇ ਮਹੀਨੇ ਦੋਸ਼ ਲਾਇਆ ਸੀ ਕਿ ਦੇਸ਼ ਦੀ ਚੋਣ ਪ੍ਰਣਾਲੀ ’ਚ ਗੰਭੀਰ ਸਮੱਸਿਆ ਹੈ ਅਤੇ ਚੋਣ ਕਮਿਸ਼ਨ ਨੂੰ ਚੋਣਾਂ ’ਚ ਪਾਰਦਰਸ਼ਤਾ ਯਕੀਨੀ ਬਣਾਉਣ ਦੀ ਜ਼ਰੂਰਤ ਹੈ।