ਗੰਗਾ-ਜਮੁਨੀ ਤਹਿਜ਼ੀਬ ਦਾ ਨਜ਼ਾਰਾ

ਕੁੰਭ ਮੇਲੇ ਅੰਦਰ ਭਗਦੜਾਂ ਵਿੱਚ ਕਿੰਨੇ ਲੋਕ ਮਰੇ ਜਾਂ ਸਵਰਗ ਸਿਧਾਰੇ, ਇਸ ਦੀ ਚਿੰਤਾ ਕਿਸੇ ਨੂੰ ਨਹੀਂ। ਇਨ੍ਹਾਂ ਮੌਤਾਂ ਕਾਰਨ ਮਹਾਂਕੁੰਭ ਦੀ ਸ਼ਾਨ ਫਿੱਕੀ ਨਾ ਪਵੇ, ਇਸ ਲਈ ਸ਼ਾਹੀ ਇਸ਼ਨਾਨਾਂ ਮੌਕੇ ਹਵਾਈ ਜਹਾਜ਼ਾਂ ਨਾਲ ਫੁੱਲ ਬਰਸਾਏ ਜਾ ਰਹੇ ਹਨ। ਦੁਨੀਆ ਦੇ ਸਭ ਤੋਂ ਵੱਡੇ ਜੋੜ-ਮੇਲੇ ਦੇ ‘ਬੇਮਿਸਾਲ’ ਪ੍ਰਬੰਧ ਲਈ ਯੋਗੀ ਆਦਿੱਤਿਆਨਾਥ ਦੇ ਕਸੀਦੇ ਪੜ੍ਹੇ ਜਾ ਰਹੇ ਹਨ। ਜਦੋਂ ਭਗਦੜ ਮਚੀ ਤਾਂ ਸਾਰੇ ਸ਼ਰਧਾਲੂ ਵਾਹੋਦਾਹੀ ਸ਼ਹਿਰ ਵੱਲ ਭੱਜੇ। ਸ਼ਹਿਰ ਦੇ ਮੁਸਲਮਾਨ ਬਸ਼ਿੰਦਿਆਂ ਨੇ ਜਿਸ ਤਰ੍ਹਾਂ ਆਪਣੇ ਘਰਾਂ ਦੇ ਦਰਵਾਜ਼ੇ ਇਨ੍ਹਾਂ ਵਕਤ ਦੇ ਮਾਰਿਆਂ ਲਈ ਖੋਲ੍ਹ ਦਿੱਤੇ, ਇਹ ਅਦਭੁੱਤ ਸੀ। ਇਹ ਉਦੋਂ ਵਾਪਰਿਆ, ਜਦੋਂ ਮੇਲੇ ਦੇ ਸ਼ੁਰੂ ਵਿੱਚ ਲਗਾਤਾਰ ਅਜਿਹੇ ਬਿਆਨ ਆ ਰਹੇ ਸਨ ਕਿ ਇਸ ਪਵਿੱਤਰ ਮੇਲੇ ਤੋਂ ਮੁਸਲਮਾਨਾਂ ਨੂੰ ਦੂਰ ਰੱਖਿਆ ਜਾਵੇ।

ਪ੍ਰਸ਼ਾਸਨ ਨੇ ਦੁਕਾਨਾਂ ਲਈ ਅਲਾਟਮੈਂਟ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਕਿ ਅਲਾਟੀਆਂ ਵਿੱਚ ਕੋਈ ਮੁਸਲਮਾਨ ਨਹੀਂ ਹੋਣਾ ਚਾਹੀਦਾ। ਮੁਸਲਮਾਨਾਂ ਦੇ ਬਾਈਕਾਟ ਲਈ ਅਖੌਤੀ ਸੰਤਾਂ ਨੇ ਵੀ ਪੂਰਾ ਸਹਿਯੋਗ ਦਿੱਤਾ। ਜਿਓਤਿਸ਼ਪੀਠ ਦੇ ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਨੇ ਤਾਂ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਇਹ ਬਿਆਨ ਦਾਗ ਦਿੱਤਾ, ‘ਮੁਸਲਮਾਨਾਂ ਦੇ ਸਭ ਤੋਂ ਵੱਡੇ ਤੀਰਥ ਸਥਾਨ ਮੱਕਾ ਸ਼ਰੀਫ ਦੇ ਹੱਜ ਮੌਕੇ ਹਿੰਦੂਆਂ ਨੂੰ 40 ਕਿਲੋਮੀਟਰ ਦੂਰ ਰੋਕ ਦਿੱਤਾ ਜਾਂਦਾ ਹੈ। ਉਹ ਇਸ ਲਈ ਕਿ ਇਹ ਸਾਡਾ ਮੁਸਲਮਾਨਾਂ ਦਾ ਤੀਰਥ ਹੈ, ਤੁਹਾਡਾ ਇਥੇ ਕੋਈ ਕੰਮ ਨਹੀਂ ਹੈ। ਤਾਂ ਠੀਕ ਹੈ, ਅਸੀਂ ਕਹਿ ਰਹੇ ਹਾਂ ਕਿ ਇਹ ਸਾਡਾ ਕੁੰਭ ਹੈ, ਤੁਹਾਡਾ ਇੱਥੇ ਕੀ ਕੰਮ, ਇਸ ਵਿੱਚ ਗਲਤ ਕੀ ਹੈ।’ ਉਹ ਇੱਥੇ ਹੀ ਨਹੀਂ ਰੁਕਿਆ, ਉਸ ਨੇ ਅੱਗੇ ਕਿਹਾ, ‘ਮੁਸਲਮਾਨ ਸਾਡਾ ਧਰਮ ਭਿ੍ਰਸ਼ਟ ਕਰਨਾ ਚਾਹੁੰਦੇ ਹਨ, ਸਾਨੂੰ ਅਪਵਿੱਤਰ ਕਰਨਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਦੇ ਨੇੜੇ ਨਾ ਜਾਣਾ।’ ਸੱਚਾਈ ਇਹ ਹੈ ਕਿ ਅਜਿਹੇ ਬਿਆਨਾਂ ਬਾਅਦ ਸ਼ਹਿਰ ਦੇ ਮੁਸਲਮਾਨ ਆਪਣੇ ਘਰਾਂ ’ਚ ਦੁਬਕੇ ਰਹੇ ਸਨ।

ਭਗਦੜ ਤੋਂ ਬਾਅਦ ਇਲਾਹਾਬਾਦ (ਪ੍ਰਯਾਗਰਾਜ) ਵਿੱਚ ਭਾਈਚਾਰੇ ਦੀ ਅਜਿਹੀ ਗੰਗਾ ਵਗੀ, ਜਿਹੜੀ ਨਫ਼ਰਤ ਦੀਆਂ ਸਭ ਦੀਵਾਰਾਂ ਨੂੰ ਰੋੜ੍ਹ ਕੇ ਆਪਣੇ ਨਾਲ ਲੈ ਗਈ। ਉਸ ਰਾਤ ਦੀ ਹਾਲਤ ਬਾਰੇ ਇਲਾਹਾਬਾਦ ਦੇ ਅਜ਼ਾਦ ਪੱਤਰਕਾਰ ਸੁਸ਼ੀਲ ਮਾਨਵ ਦੀ ਰਿਪੋਰਟ ਇਸ ਸਥਿਤੀ ਦਾ ਸਹੀ ਮੁਲਅੰਕਣ ਕਰਦੀ ਹੈ। ‘ਕਹਿੰਦੇ ਹਨ ਕਿ ਜਦੋਂ ਕੋਈ ਗੰਗਾ ਇਸ਼ਨਾਨ ਕਰਕੇ ਘਰ ਆਉਂਦਾ ਹੈ ਤਾਂ ਉਸ ਦੇ ਪੈਰਾਂ ਨਾਲ ਲੱਗ ਕੇ ਗੰਗਾ ਦੀ ਮਿੱਟੀ ਵੀ ਆ ਜਾਂਦੀ ਹੈ, ਘਰ ਦੇ ਉਨ੍ਹਾਂ ਲੋਕਾਂ ਲਈ ਜੋ ਗੰਗਾ ਤੱਕ ਨਹੀਂ ਜਾ ਸਕੇ ਸਨ। ਭਗਦੜ ਦੀ ਰਾਤ ਜਦੋਂ ਸਭ ਸ਼ਰਧਾਲੂ ਸ਼ਹਿਰ ਵੱਲ ਆਏ ਤਾਂ ਸ਼ਹਿਰ ਦੇ ਮੌਲਾਣਿਆਂ ਨੇ ਮਸਜਿਦਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ। ਇਸ ਤਰ੍ਹਾਂ ਜਿਨ੍ਹਾਂ ਮੁਸਲਮਾਨਾਂ ਨੂੰ ਕੁੰਭ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਸੀ, ਕੁੰਭ ਖੁਦ ਹੀ ਉਨ੍ਹਾਂ ਦੀਆਂ ਮਸਜਿਦਾਂ ਤੇ ਘਰਾਂ ਵਿੱਚ ਆ ਗਿਆ ਸੀ।

‘ਸ਼ਹਿਰ ਦੇ ਮੁਮਤਾਜ਼ ਮਹਿਲ ਇਲਾਕੇ ਦੇ ਮੁਜ਼ੱਫਰ ਬਾਗੀ ਦੱਸਦੇ ਹਨ ਕਿ ਪੁਲਸ ਨੇ ਸਾਡੀਆਂ ਗਲੀਆਂ ਨੂੰ ਬੈਰੀਕੇਡ ਲਾ ਕੇ ਬੰਦ ਕਰ ਦਿੱਤਾ ਸੀ। ਸਾਨੂੰ ਘਰਾਂ ’ਚੋਂ ਨਿਕਲਣ ਨਹੀਂ ਦਿੰਦੇ ਸਨ। ਜਦੋਂ ਭਗਦੜ ਮਚੀ ਤਾਂ ਪੁਲਸ ਵਾਲੇ ਭੱਜ ਗਏ। ਮੇਲੇ ’ਚੋਂ ਆਏ ਸ਼ਰਧਾਲੂਆਂ ਨੇ ਬੈਰੀਕੇਡ ਤੋੜ ਦਿੱਤੇ ਅਤੇ ਅਸੀਂ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ। ਬਾਗੀ ਸਾਹਿਬ ਅੱਗੇ ਦਸਦੇ ਹਨ, ‘29 ਜਨਵਰੀ ਦੀ ਰਾਤ ਲਾਚਾਰ ਤੇ ਮਜਬੂਰ ਲੋਕ ਏਨੇ ਥੱਕੇ ਹੋਏ ਸਨ ਕਿ ਤੁਰ ਨਹੀਂ ਸਕਦੇ ਸਨ। ਔਰਤਾਂ ਹਾਜਤ ਕਾਰਨ ਬਹੁਤ ਮੁਸੀਬਤ ਵਿੱਚੋਂ ਗੁਜ਼ਰ ਰਹੀਆਂ ਸਨ। ਅਸੀਂ ਦਰਵਾਜ਼ੇ ਖੋਲ੍ਹ ਕੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਅਸੀਂ ਆਪਣੇ ਕੰਬਲ, ਚਾਦਰਾਂ ਤੇ ਵਿਛੌਣੇ ਦਿੱਤੇ ਤੇ ਖਾਣ-ਪੀਣ ਦਾ ਬੰਦੋਬਸਤ ਕੀਤਾ।

ਵਸੀਉਲਾਹ ਸਾਹਿਬ ਦੀ ਮਸਜਿਦ, ਮਨਸੂਰ ਪਾਰਕ, ਜਾਮਾ ਮਸਜਿਦ, ਕਚਹਿਰੀ ਬਜ਼ਾਰ, ਰੌਸ਼ਨ ਬਾਗ ਅਤੇ ਇਨ੍ਹਾਂ ਇਲਾਕਿਆਂ ਦੀਆਂ ਸਭ ਗਲੀਆਂ ਅੰਦਰਲੇ ਘਰਾਂ ਦੇ ਦਰਵਾਜ਼ੇ ਕੁੰਭ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਸਨ। ਉਨ੍ਹਾਂ ਸਾਨੂੰ ਦੁਆਵਾਂ ਦਿੱਤੀਆਂ। ਉਸ ਮੌਕੇ ਉਨ੍ਹਾਂ ਦੀ ਨਜ਼ਰ ਵਿੱਚ ਕੋਈ ਹਿੰਦੂ-ਮੁਸਲਿਮ ਨਹੀਂ ਸੀ। ਇਲਾਹਾਬਾਦ ਦੇ ਰੌਸ਼ਨ ਬਾਗ ਇਲਾਕੇ, ਜੋ ਨਾਗਰਿਕ ਸੋਧ ਕਾਨੂੰਨ ਸਮੇਂ ਸੰਘਰਸ਼ ਦਾ ਗਵਾਹ ਬਣਿਆ ਸੀ, ਨੇ ਉਸ ਰਾਤ ਗੰਗਾ-ਜਮੁਨੀ ਤਹਿਜ਼ੀਬ ਨੂੰ ਰੌਸ਼ਨ ਕੀਤਾ। ਇਲਾਹਾਬਾਦ ਦੀ ਵੱਡੀ ਮਸਜਿਦ ਵਸੀਉਲਾਹ ਮਸਜਿਦ ਦੇ ਇਮਾਮ ਨੇ ਸ਼ਰਧਾਲੂਆਂ ਲਈ ਰੌਸ਼ਨ ਬਾਗ ਵਿੱਚ ਰਹਿਣ ਤੇ ਖਾਣ-ਪੀਣ ਦਾ ਬੰਦੋਬਸਤ ਕੀਤਾ।

ਇੱਥੇ 4-5 ਹਜ਼ਾਰ ਸ਼ਰਧਾਲੂ 29 ਤੋਂ 31 ਜਨਵਰੀ ਤੱਕ ਰਹੇ। ਗੌਹਰ ਆਜ਼ਮੀ ਹੁਸੈਨੀ ਇੰਟਰ ਕਾਲਜ ਦੇ ਪ੍ਰਬੰਧਕ ਹਨ। ਉਨ੍ਹਾ ਪੂਰਾ ਕਾਲਜ ਸ਼ਰਧਾਲੂਆਂ ਦੇ ਹਵਾਲੇ ਕਰ ਦਿੱਤਾ ਤੇ ਉਨ੍ਹਾਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਕੀਤਾ। ਇੱਥੇ ਵੀ ਹਜ਼ਾਰਾਂ ਲੋਕਾਂ ਨੇ ਸ਼ਰਨ ਲਈ ਸੀ। ਮੁਹੰਮਦ ਯੂਨਸ ਬਹੁਤ ਵੱਡੀ ਅਨਵਰ ਮਾਰਕੀਟ ਦੇ ਮਾਲਕ ਹਨ। ਉਨ੍ਹਾ ਸਮੁੱਚੀ ਮਾਰਕੀਟ ਖੁੱਲ੍ਹਵਾ ਕੇ ਸ਼ਰਧਾਲੂਆਂ ਦੇ ਹਵਾਲੇ ਕਰ ਦਿੱਤੀ ਤੇ ਉਨ੍ਹਾਂ ਦੇ ਰਹਿਣ-ਖਾਣ ਦਾ ਪੂਰਾ ਪ੍ਰਬੰਧ ਕੀਤਾ। ਯਾਦਗਾਰੇ ਹੁਸੈਨੀ, ਮਜੀਦੀਆ ਇਸਲਾਮੀਆ ਤੇ ਨੂਰੁਲਾਹ ਰੋਡ ਦੇ ਮੁਸਲਮਾਨ ਨੌਜਵਾਨਾਂ ਨੇ ਥਾਂ-ਥਾਂ ਚਾਹ-ਬਿਸਕੁਟ ਦੇ ਮੁਫ਼ਤ ਸਟਾਲ ਲਾ ਦਿੱਤੇ ਸਨ। ਈਸਾਈ ਸਮਾਜ ਵੱਲੋਂ ਫਾਦਰ ਵਿਪਨ ਡਿਸੂਜਾ ਦੀ ਅਗਵਾਈ ਵਿੱਚ ਸ਼ਰਧਾਲੂਆਂ ਲਈ ਵਿਸ਼ਾਲ ਭੰਡਾਰਾ ਲਾ ਦਿੱਤਾ ਗਿਆ ਸੀ।

ਸਾਂਝਾ ਕਰੋ

ਪੜ੍ਹੋ

ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਨੇ ਬਾਦਲਾਂ

ਚੰਡੀਗੜ੍ਹ, 4 ਫਰਵਰੀ – ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ...