ਬਠਿੰਡਾ, 4 ਜਨਵਰੀ – ਨਾਗਰਿਕ ਚੇਤਨਾ ਮੰਚ ਨੇ ਬਠਿੰਡੇ ਸ਼ਹਿਰ ਦੀਆਂ ਗਲੀਆਂ ਵਿੱਚ ਥਾਂ ਥਾਂ ਜਮਾ ਹੋਏ ਪਏ ਕਚਰੇ ਅਤੇ ਕੂੜੇ ਪ੍ਰਤੀ ਅਵੇਸਲੀ ਹੋਈ ਨਗਰ ਕਾਰਪੋਰੇਸ਼ਨ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਮਸਲੇ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਲੋਕਾਂ ਨੂੰ ਬਿਮਾਰੀਆਂ ਦੇ ਮਾੜੇ ਅਸਰਾਂ ਤੋਂ ਬਚਾਇਆ ਜਾ ਸਕੇ l ਲੋਕਾਂ ਨੇ ਆਨਲਾਈਨ ਪੋਰਟਲ ਤੇ ਵੀ ਸ਼ਿਕਾਇਤ ਦਰਜ ਕਰਾਈ ਹੈ। ਇਕੱਤਰ ਕੀਤੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਕੂੜਾ ਚੁੱਕਣ ਵਾਲੇ ਕਈ ਟਿੱਪਰ ਖਰਾਬ ਖੜੇ ਹਨ ਤੇ ਲੋਕ ਆਪਣੇ ਘਰਾਂ ਦਾ ਕੂੜਾ ਖਾਲੀ ਪਲਾਟਾਂ ਵਿੱਚ ਸੁੱਟਣ ਲਈ ਮਜਬੂਰ ਹੋ ਰਹੇ ਹਨ। ਮੰਚ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ ਮਿਉਂਸਪਲ ਕੂੜਾ ਸ਼ਹਿਰ ਦੀਆਂ ਜ਼ਿਆਦਾਤਰ ਬਸਤੀਆਂ,ਇੱਥੋਂ ਤੱਕ ਕਿ ਪੌਸ਼ ਏਰੀਆ ਵਿੱਚ ਵੀ ਖਾਲੀ ਪਲਾਟਾਂ ਤੇ ਗਲੀਆਂ ਚ ਭਰਿਆ ਹੋਇਆ ਹੈ, ਗ਼ਰੀਨ ਸਿਟੀ ਨੂੰ ਜਾਂਦੀ ਰੋਡ ਤੇ ਤਾਂ ਬੇਹਦ ਕੂੜੇ ਦੇ ਖਤਰਨਾਕ ਢੇਰ ਲੱਗੇ ਹੋਏ ਹਨ। ਗ਼ਰੀਨ ਸਿਟੀ ਨਿਵਾਸੀ ਡਾ,ਗੁਰਮੇਲ ਸਿੰਘ ਸ਼ੇਰਗਿੱਲ ਨੇ ਫੋਟੋ ਭੇਜੀਆਂ ਹਨ,ਜੋ ਬਹੁਤ ਖਤਰਨਾਕ ਹਨ l ਇਸ ਨਾਲ ਮਨੁੱਖੀ ਸਿਹਤ ‘ਤੇ ਬਹੁਤ ਮਾੜਾ ਪ੍ਰਭਾਵ ਪਾ ਰਿਹਾ ਹੈ l ਹਵਾ ਅਤੇ ਪਾਣੀ ਦੂਸ਼ਿਤ ਹੋ ਰਹੇ ਹਨ,ਬਦਬੂ ਫੈਲ ਰਹੀ ਤੇ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ l ਇਹ ਕੀੜੇ-ਮਕੌੜਿਆਂ ਤੇ ਮੱਖੀ ਮੱਛਰਾਂ ਨੂੰ ਆਕਰਸ਼ਿਤ ਕਰਦਾ ਹੈ l ਅਵਾਰਾ ਕੁੱਤੇ ਅਤੇ ਡੰਗਰ ਕੂੜੇ ਨੂੰ ਖਲਾਰ ਦਿੰਦੇ ਹਨ ਅਤੇ ਇਹ ਲੋਕਾਂ ਦੇ ਪੈਰਾਂ ਤੇ ਵਹੀਕਲਾਂ ਨਾਲ ਚਿਪਕ ਕੇ ਦੂਰ ਤੱਕ ਖਿੰਡ ਰਿਹਾ ਹੈ l ਬੀਬੀ ਵਾਲਾ ਰੋਡ ਗਲੀ ਨੰਬਰ ਤਿੰਨ ਦੇ ਪਾਰਕ ਨੰਬਰ 39 ਦੇ ਨੇੜਲੇ ਵਸਨੀਕਾਂ ਦਾ ਕਹਿਣਾ ਹੈ ਕਿ ਪਾਰਕ ਦੇ ਨੇੜਲੇ ਕੂੜੇ ਦੇ ਢੇਰ ਕੋਲ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਰੇੜੀਆਂ ਲਾਗੇ ਖੜਦੀਆਂ ਹੋਣ ਕਰਕੇ ਕਈ ਜ਼ਹਿਰੀਲੇ ਰਸਾਇਣਾਂ ਦੇ ਜੋਖਮਾਂ ਨੂੰ ਸਿਰਜ ਸਕਦਾ ਹੈ l ਡਾਇਰੀਆ,ਪੀਲੀਆ,ਪੇਚਿਸ,ਟਾਈਫਾਈਡ ਆਦਿ ਬਿਮਾਰੀਆਂ ਨਾਲ ਪੀੜਿਤ ਕਈ ਵਿਅਕਤੀ ਡਾਕਟਰਾਂ ਕੋਲ ਜਾਣ ਲਈ ਮਜਬੂਰ ਹਨ l ਕੂੜੇ ਵਾਲੇ ਖੇਤਰਾਂ ਵਿਚ ਰਹਿਣਾ ਮਾਨਸਿਕ ਤਣਾਅ ਕਾਰਨ ਬਣਿਆ ਹੋਇਆ ਹੈ l ਲੋਕ ਪਾਰਕਾਂ ਦੀ ਇਸ ਕੂੜੇ ਕਾਰਨ ਦੂਸ਼ਿਤ ਹੋਈ ਹਵਾ ਵਿੱਚ ਸੈਰ ਕਰਨ ਤੋਂ ਕਤਰਾਉਣ ਲੱਗੇ ਹਨ l ਕੂੜੇ ਦੇ ਨਿਪਟਾਰੇ ਨੂੰ ਯਕੀਨੀ ਬਣਾਉਣਾ ਮਿਊਸਪਲ ਕਾਰਪੋਰੇਸ਼ਨ ਦੀ ਡਿਊਟੀ ਹੈ ਕਿਉਂਕਿ ਲੋਕ ਤੋਂ ਲਗਾਤਾਰ ਕੂੜਾ ਇਕੱਠਾ ਕਰਨ ਦੇ ਬਿੱਲ ਉਗਰਾਹੇ ਜਾਂਦੇ ਹਨ l ਮਿਉਂਸਪਲ ਕੌਂਸਲਰ ਤੇ ਡਿਪਟੀ ਮੇਅਰਾਂ ਦੇ ਘਰਾਂ ਤੋਂ ਕੂੜਾ ਤਾਂ ਕਾਰਪੋਰੇਸ਼ਨ ਦੀਆਂ ਗੱਡੀਆਂ ਲੈ ਜਾਂਦੀਆਂ ਹਨ,ਪਰ ਬਾਕੀ ਲੋਕਾਂ ਵੱਲ ਅਵੇਸਲਾਪਣ ਜਾਰੀ ਹੈ।