ਆਰਥਿਕ ਤੌਰ ’ਤੇ ਕੋਵਿਡ-19 ਮਹਾਮਾਰੀ ਦਾ ਭੰਨਿਆ ਵਿਸ਼ਵ ਅਜੇ ਤੱਕ ਇਸ ਨਿਘਾਰ ਦੀ ਜਿੱਲਣ ’ਚੋਂ ਉੱਭਰ ਨਹੀਂ ਸਕਿਆ ਹੈ। ਵਿਸ਼ਵ ਦੇ ਕੁਝ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਨੇ ਇਸ ਆਰਥਿਕ ਨਿਘਾਰ ਨੂੰ ਸੰਨ 2007-08 ਵਾਲੀ ਆਰਥਿਕ ਮੰਦੀ ਜਿਹੀ ਆਫ਼ਤ ਬਣਨ ਤੋਂ ਰੋਕਣ ਲਈ ਹਰ ਖੇਤਰ ਨੂੰ ਜੀਵਤ ਰੱਖਣ, ਲੋਕਾਂ ਦੇ ਕਾਰੋਬਾਰ, ਵਪਾਰ, ਸਨਅਤ ਨੂੰ ਠੁੰਮ੍ਹਣਾ ਦੇਣ ਲਈ ਖ਼ੂਬ ਧਨ ਵਹਾਇਆ। ਪਰ ਹਕੀਕਤ ਵਿਚ ਪਿਛਲੇ ਅੱਧੇ ਦਹਾਕੇ ਵਿਚ ਵਿਸ਼ਵ ਦੇ ਵੱਖ-ਵੱਖ ਵਰਗਾਂ ਵਿਚ ਸਿਮਟੇ ਰਾਸ਼ਟਰ ਜਿਵੇਂ ਵਿਕਸਤ, ਵਿਕਾਸਸ਼ੀਲ, ਪੱਛੜੇ ਦੇਸ਼ ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਬਾਹਰ ਨਹੀਂ ਨਿਕਲ ਸਕੇ। ਹਕੀਕਤ ਇਹ ਵੀ ਹੈ ਕਿ ਨਵੇਂ ਸਾਲ-2025 ਵਿਚ ਵੀ ਇਨ੍ਹਾਂ ਦੇ ਆਰਥਿਕ ਨਿਘਾਰ ਦੀ ਜਿੱਲਣ ’ਚੋਂ ਉੱਭਰਨ ਦੇ ਆਸਾਰ ਨਜ਼ਰ ਨਹੀਂ ਆ ਰਹੇ। ਭੁੱਖਮਰੀ, ਬੇਰੁਜ਼ਗਾਰੀ, ਉਤਪਾਦਨ ਵਿਚ ਵਾਧਾ ਨਾ ਹੋ ਸਕਣਾ, ਵਿਸ਼ਵ ਦੇ ਵੱਖ-ਵੱਖ ਖਿੱਤਿਆਂ ਵਿਚ ਅੰਦਰੂਨੀ ਅਤੇ ਬਾਹਰੀ ਜੰਗਾਂ ਜਿਵੇਂ ਅਫ਼ਗਾਨਿਸਤਾਨ, ਸੈਂਟਰਲ ਅਫ਼ਰੀਕਨ ਰਿਪਬਲਿਕ ਕਾਂਗੋ, ਸੂਡਾਨ, ਇਥੋਪੀਆ, ਲੇਕ ਚਾਡਬੇਸਿਨ, ਬੁਰਕੀਨਾ ਫਾਸੋ, ਚਾਡ, ਸੋਮਾਲੀਆ, ਯਮਨ, ਕੈਮਰੂਨ, ਮਿਆਂਮਾਰ ਆਦਿ ਵਿਖੇ ਗ੍ਰਹਿ ਯੁੱਧ, ਫਲਸਤੀਨ ਅਤੇ ਇਜ਼ਰਾਈਲ, ਯੂਕਰੇਨ ਅਤੇ ਰੂਸ ਦਰਮਿਆਨ ਭਿਅੰਕਰ ਯੁੱਧ, ਅਮਰੀਕਾ ਅਤੇ ਚੀਨ ਤੋਂ ਇਲਾਵਾ ਹੋਰ ਅਨੇਕ ਦੇਸ਼ਾਂ ਵਿਚ ਵਪਾਰਕ ਯੁੱਧ, ਤਕਨੀਕੀ ਅਤੇ ਸਾਇੰਸੀ ਖੋਜ ਗਤੀ ਵਿਚ ਖੜੌਤ, ਵਿਸ਼ਵ ਭਰ ਵਿਚ ਲਗਾਤਾਰ ਉੱਭਰ ਰਿਹਾ ਕਿਸਾਨੀ ਸੰਕਟ ਆਦਿ ਅਜਿਹੇ ਕਾਰਨ ਹਨ ਜੋ ਆਰਥਿਕ ਰਿਕਵਰੀ ਅੱਗੇ ਦੀਵਾਰ ਬਣ ਕੇ ਖੜ੍ਹੇ ਹਨ।
ਵਿਸ਼ਵ ਭਰ ਵਿਚ ਕੋਵਿਡ-19 ਮਹਾਮਾਰੀ ਦੀ ਮਾਰ ਨੇ ਮਾਨਵ ਭਵਿੱਖੀ ਪੀੜ੍ਹੀ ਦੇ ਮਾਨਸਿਕ, ਸਰੀਰਕ ਅਤੇ ਬੌਧਿਕ ਵਿਕਾਸ ’ਤੇ ਵੱਡਾ ਮਾਰੂ ਅਸਰ ਪਾਇਆ। ਫਲਸਰੂਪ ਪੂਰੇ ਵਿਸ਼ਵ ਵਿਚ ਵਿਦਿਆਰਥੀਆਂ ਅੰਦਰ ਮਾਨਸਿਕ, ਬੌਧਿਕ ਤੇ ਸਰੀਰਕ ਅਪੰਗਤਾ ਨੋਟ ਕੀਤੀ ਗਈ ਹੈ ਜਿਸ ਕਰਕੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹਨ ਵਾਲਿਆਂ ਦੀ ਗਿਣਤੀ ਵਿਚ ਕਮੀ ਆਈ ਹੈ। ਬੇਰੁਜ਼ਗਾਰੀ ਵਿਚ ਵਾਧਾ ਹੋਇਆ ਹੈ। ਗਲੋਬਲ ਪੱਧਰ ’ਤੇ ਆਰਥਿਕ ਅਤੇ ਵਪਾਰਕ ਸਪਲਾਈ ਲਾਈਨ ਅਸਤ-ਵਿਅਸਤ ਹੋ ਕੇ ਰਹਿ ਗਈ। ਹਰ ਦੇਸ਼ ਵਿਚ ਮਹਿੰਗਾਈ ਅਤੇ ਭੁੱਖਮਰੀ ਸਿਰ ਚੜ੍ਹ ਕੇ ਬੋਲਣ ਲੱਗੀ। ਬੇਘਰੇ ਲੋਕਾਂ ਦੀ ਤਾਦਾਦ ਵਧਣ ਲੱਗੀ। ਜਲਵਾਯੂ ਤਬਦੀਲੀ ਕਰ ਕੇ ਮੌਸਮ ਵਿਚ ਉਤਰਾਅ-ਚੜ੍ਹਾਅ ਸ਼ਦੀਦ ਤਕਲੀਫ਼ਦੇਹ ਸਿੱਧ ਹੋਣ ਲੱਗੇ। ਸੰਨ 2024 ਹੁਣ ਤੱਕ ਦਾ ਗਰਮ ਸਾਲ ਰਿਹਾ। ਗਰਮੀ ਕਰਕੇ ਚੀਨ, ਯੂਰਪ ਅਤੇ ਹੋਰ ਥਾਵਾਂ ’ਤੇ ਹੜ੍ਹ, ਯੂਰਪ ਤੋਂ ਅਫ਼ਰੀਕਾ, ਸਾਊਥ ਅਮਰੀਕਾ ਵਿਚ ਸੋਕੇ ਪਏ, ਅਮਰੀਕਾ-ਚੀਨ ਵਿਚ ਮੁਕਾਬਲੇਬਾਜ਼ੀ ਵਧੀ, ਆਰਥਿਕ ਅਤੇ ਵਪਾਰਕ ਸਪਲਾਈ ਚੇਨ ਵਿਚ ਰੋਕਾਂ ਤੇ ਬ੍ਰੇਕਾਂ ਵੇਖੀਆਂ ਗਈਆਂ।
ਗਲੋਬਲ ਭੂ-ਆਰਥਿਕਤਾ ਵਿਚ ਵੱਡੀਆਂ ਦੁਸ਼ਵਾਰੀਆਂ ਪੈਦਾ ਹੋਈਆਂ। ਵਪਾਰਕ ਪਾਬੰਦੀਆਂ ਵਿਚ ਤਿੱਗਣਾ ਵਾਧਾ ਹੋਇਆ। ਸਾਲ 2024 ਵਿਚ ਲਗਪਗ ਹਰ ਦੇਸ਼ ਵਿਚ ਕਰਜ਼ਿਆਂ ਵਿਚ ਵਾਧਾ ਵੇਖਣ ਨੂੰ ਮਿਲਿਆ। ਸਾਲ 2024 ਗਲੋਬਲ ਪੱਧਰ ’ਤੇ ‘ਵੋਟਰ ਸਾਲ’ ਵਜੋਂ ਸਥਾਪਤ ਹੋਇਆ। ਲਗਪਗ 70 ਦੇਸ਼ਾਂ ਵਿਚ ਚੋਣਾਂ ਹੋਈਆਂ। ਵਿਸ਼ਵ ਦੀ ਅੱਧੀ ਵਸੋਂ ਨੇ ਇਨ੍ਹਾਂ ਵਿਚ ਭਾਗ ਲਿਆ। ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ, ਅਸੁਰੱਖਿਆ, ਜੀਵਨ ਮਿਆਰ ਨੂੰ ਲਗਾਤਾਰ ਖੋਰਾ ਲੱਗਣ, ਸੱਤਾ ਖ਼ਤਾਰ ਮੁਫ਼ਤਖੋਰੀਆਂ ਦਾ ਸਹਾਰਾ ਲੈਣ, ਆਮ ਆਦਮੀ ਦੀ ਖ਼ਰੀਦ ਸ਼ਕਤੀ ਘਟਣ, ਧੁੰਦਲੇ ਆਰਥਿਕ ਭਵਿੱਖ ਦੀ ਦਸਤਕ ਆਦਿ ਕਰਕੇ ਵੋਟਰਾਂ ਨੇ ਭਾਰਤ ਤੋਂ ਦੱਖਣੀ ਅਫ਼ਰੀਕਾ, ਯੂਰਪ ਤੋਂ ਅਮਰੀਕਾ ਤੱਕ ਸੱਤਾਧਾਰੀ ਆਗੂਆਂ ਨੂੰ ਕਾਂਬੇ ਭਰਿਆ ਰਾਜਨੀਤਕ ਹਲੂਣਾ ਦਿੰਦੇ ਹੋਏ ਹਰਾਇਆ। ਅਮਰੀਕਾ ਵਿਚ ਡੋਨਾਲਡ ਟਰੰਪ ਵਰਗਾ ਗੁਨਹਾਗਾਰ ਜਿੱਤ ਗਿਆ।
ਟਰੰਪ ਦੀ ਅਮਰੀਕੀ ਰਾਸ਼ਟਰਪਤੀ ਵਜੋਂ ਮੁੜ ਵਾਪਸੀ ਵਾਕਿਆ ਹੀ ਇਕ ਵਿਲੱਖਣ ਰਾਜਨੀਤਕ ਪ੍ਰਕਿਰਿਆ ਰਹੀ ਹੈ। ਸਭ ਤੋਂ ਚਿੰਤਾਜਨਕ ਸਥਿਤੀ ਇਹ ਰਹੀ ਹੈ ਕਿ ਕਈ ਦੇਸ਼ਾਂ ਵਿਚ ਰਾਜਨੀਤਕ ਡੈੱਡਲਾਕ ਵੇਖਣ ਨੂੰ ਮਿਲੇ ਹਨ। ਰੈਡੀਕਲਜ਼ ਅਤੇ ਧੁਰ ਸੱਜੇ-ਪੱਖੀ ਨਾਜ਼ੀਵਾਦੀ ਪਾਰਟੀਆਂ ਅਤੇ ਗਰੁੱਪ ਰਾਸ਼ਟਰੀ ਪੱਧਰ ’ਤੇ ਭਾਰੂ ਹੁੰਦੇ ਵੇਖੇ ਜਾ ਰਹੇ ਹਨ। ਜਰਮਨੀ ਅਤੇ ਫਰਾਂਸ ਅੰਦਰ ਇਨ੍ਹਾਂ ਕਰਕੇ ਉਤਪੰਨ ਡੈਡਲਾਕ ਪੂਰੇ ਯੂਰਪ ਨੂੰ ਪ੍ਰਭਾਵਿਤ ਕਰ ਰਿਹਾ ਹੈ। ਬੰਗਲਾਦੇਸ਼ ਅੰਦਰ ਅਵਾਮੀ ਲੀਗ ਪਾਰਟੀ ਆਗੂ ਸ਼ੇਖ ਹਸੀਨਾ ਦੇ ਸ਼ਾਸਨ ਨੂੰ ਮੂਲਵਾਦੀ ਸ਼ਕਤੀਆਂ ਵੱਲੋਂ ਪਲਟਣ ਕਰਕੇ ਭਾਰਤੀ ਉਪ ਮਹਾਦੀਪ ਅੰਦਰ ਟਕਰਾਅ ਭਰੀਆਂ ਸਥਿਤੀਆਂ ਉੱਭਰ ਰਹੀਆਂ ਹਨ। ਵਿਸ਼ਵ ਬੈਂਕ ਅਨੁਸਾਰ ਗ਼ਰੀਬ ਅਤੇ ਪੱਛੜੇ ਦੇਸ਼ ਪਿਛਲੇ ਦੋ ਦਹਾਕਿਆਂ ਤੋਂ ਬਹੁਤ ਹੀ ਭੈੜੀ ਆਰਥਿਕ ਦੁਰਦਸ਼ਾ ਵਿੱਚੋਂ ਗੁਜ਼ਰ ਰਹੇ ਹਨ। ਕਮਜ਼ੋਰ ਵਪਾਰ, ਆਰਥਿਕ ਪਾਬੰਦੀਆਂ, ਫੰਡਾਂ ਅਤੇ ਮੁੱਢਲੇ ਢਾਂਚੇ ਦੀ ਘਾਟ ਉਨ੍ਹਾਂ ਨੂੰ ਹੋਰ ਬੁਰੀ ਤਰ੍ਹਾਂ ਲਤਾੜ ਰਹੀ ਹੈ। ਯੂਰਪੀਅਨ ਸੈਂਟਰਲ ਬੈਂਕ ਪ੍ਰੈਜ਼ੀਡੈਂਟਿਸਟੀਨ ਲਗਾਰਡ ਅਨੁਸਾਰ ਸੰਨ 2025 ਵਿਚ ਅਨਿਸ਼ਚਿਤਤਾ ਦੀ ਬਹੁਤਾਤ ਬਣੀ ਰਹੇਗੀ। ਆਰਥਿਕ ਮਿਲਵਰਤਨ ਤੇ ਵਿਕਾਸ ਸੰਸਥਾ (ਓਈਸੀਡੀ) ਤੇ ਗੋਲਡਮੈਨ ਸਾਚਸ ਖੋਜ ਸੰਸਥਾ ਦੀਆਂ ਤਾਜ਼ੀਆਂ ਰਿਪੋਰਟਾਂ ਸਾਲ 2025 ਵਿਚ ਗਲੋਬਲ ਆਰਥਿਕ ਸਥਿਤੀਆਂ ਦੇ ਕੁਝ ਸੰਭਲਣ ਦਾ ਸੰਕੇਤ ਦੇ ਰਹੀਆਂ ਹਨ।
ਓਈਸੀਡੀ ਦੀ ਤਾਜ਼ਾ ਰਿਪੋਰਟ ਦਰਸਾਉਂਦੀ ਹੈ ਕਿ ਸੰਨ 2025 ਅਤੇ 2026 ਵਿਚ ਗਲੋਬਲ ਜੀਡੀਪੀ ਵਿਕਾਸ ਦਰ 3.3 ਪ੍ਰਤੀਸ਼ਤ ਰਹੇਗੀ। ਸੰਨ 2024 ਵਿਚ ਇਹ 3.2 ਪ੍ਰਤੀਸ਼ਤ ਸੀ। ਜੀ-20 ਦੇਸ਼ਾਂ ਵਿਚ ਸਭ ਤੋਂ ਉੱਚੀ ਵਿਕਾਸ ਦਰ ਭਾਰਤ ਦੀ 6.8 ਤੋਂ 6.9 ਪ੍ਰਤੀਸ਼ਤ ਰਹੇਗੀ ਸੰਨ 2025 ਤੇ 2026 ਵਿਚ ਇੰਡੋਨੇਸ਼ੀਆ ਦੀ 5.1, ਚੀਨ ਦੀ 4.9, ਰੂਸ ਦੀ 3.9, ਤੁਰਕੀ ਦੀ 3.5, ਬ੍ਰਾਜ਼ੀਲ ਦੀ 3.2, ਸਪੇਨ ਦੀ 3 ਪ੍ਰਤੀਸ਼ਤ, ਅਮਰੀਕਾ ਦੀ 2.8, ਦੱਖਣੀ ਕੋਰੀਆ ਦੀ 2.3, ਮੈਕਸੀਕੋ ਦੀ 1.4, ਕੈਨੇਡਾ ਦੀ 1.1, ਆਸਟ੍ਰੇਲੀਆ ਦੀ 1 ਪ੍ਰਤੀਸ਼ਤ, ਜਾਪਾਨ ਦੀ 0.3, ਜਰਮਨੀ ਦੀ ਜ਼ੀਰੋ ਅਤੇ ਯੂਕੇ ਦੀ 0.9 ਪ੍ਰਤੀਸ਼ਤ ਰਹੇਗੀ। ਲੇਬਰ ਮਾਰਕੀਟ ਵਿਚ ਸੁਧਾਰ ਵੇਖਣ ਨੂੰ ਮਿਲੇਗਾ। ਇਤਿਹਾਸਕ ਪੱਧਰ ਤੋਂ ਬੇਰੁਜ਼ਗਾਰੀ ਘੱਟ ਰਹੇਗੀ।
ਮਹਿੰਗਾਈ ਵਿਚ ਸਾਹ ਸੌਖਾ ਹੋਣ ਲੱਗੇਗਾ ਜਿਸ ਨਾਲ ਘਰੇਲੂ ਆਮਦਨ ਵਧੇਗੀ ਪਰ ਉਪਭੋਗਤਾ ਦਰ ਵਿਚ ਨਿਘਾਰ ਚਾਲੂ ਰਹਿ ਸਕਦਾ ਹੈ ਜਿਸ ਕਰਕੇ ਉਪਭੋਗਤਾ ਵਿਚ ਉਤਸ਼ਾਹ ਵੇਖਣ ਨੂੰ ਨਹੀਂ ਮਿਲੇਗਾ। ਫਿਰ ਵੀ ਗਲੋਬਲ ਵਪਾਰ ਵਿਚ ਸੁਧਾਰ ਵੇਖਣ ਨੂੰ ਮਿਲੇਗਾ ਜੋ 3.6 ਪ੍ਰਤੀਸ਼ਤ ਦਰ ਤੱਕ ਵਧੇਗਾ। ਅਮਰੀਕੀ ਜੀਡੀਪੀ ਜੋ 2025 ਵਿਚ 2.8 ਰਹੇਗੀ, ਸੰਨ 2026 ਵਿਚ ਘਟ ਕੇ 2.4 ਪ੍ਰਤੀਸ਼ਤ ਹੋ ਸਕਦੀ ਹੈ। ਯੂਰਪ ਵਿਚ ਘਰੇਲੂ ਆਮਦਨ ਅਤੇ ਲੇਬਰ ਖੇਤਰ ਵਿਚ ਕਸਾਅ ਰਹੇਗਾ। ਨੀਤੀਗਤ ਵਿਆਜ ਦਰ ਵਿਚ ਕਟੌਤੀ ਵੇਖਣ ਨੂੰ ਮਿਲ ਸਕਦੀ ਹੈ। ਯੂਰੋ ਖੇਤਰ ਦੀ ਬੀਡੀਪੀ ਸੰਨ 2025 ਵਿਚ 1.3 ਅਤੇ 2026 ਵਿਚ 1.5 ਪ੍ਰਤੀਸ਼ਤ ਰਹੇਗੀ। ਚੀਨ ਦੀ 2025 ਵਿਚ 4.9 ਦੇ ਮੁਕਾਬਲੇ 2026 ਵਿਚ 4.4 ਪ੍ਰਤੀਸ਼ਤ ਰਹੇਗੀ। ਓਈਸੀਡੀ ਦੇ ਸਕੱਤਰ ਜਨਰਲ ਮਾਥੀਅਜ਼ ਕੋਰਮਨ ਅਨੁਸਾਰ ਗਲੋਬਲ ਆਰਥਿਕਤਾ ਸੰਨ 2025 ਵਿਚ ਲਚਕਦਾਰ ਰਹੇਗੀ। ਵਿਕਾਸ ਸਥਿਰ ਰਹੇਗਾ। ਮਹੱਤਵਪੂਰਨ ਚੁਣੌਤੀਆਂ ਬਣੀਆਂ ਰਹਿਣਗੀਆਂ। ਭੂ-ਰਾਜਨੀਤਕ ਟਕਰਾਅ ਜਾਰੀ ਰਹਿਣਗੇ, ਜਨਤਕ ਕਰਜ਼ਾ ਦਰ ਔਸਤ ਉੱਚੀ ਰਹੇਗੀ। ਮੱਧਕਾਲੀ ਵਿਕਾਸ ਸੰਭਵ ਨਹੀਂ ਹੋਵੇਗਾ। ਮਹਿੰਗਾਈ ਦੇ ਦਬਾਅ ’ਤੇ ਲਗਾਮ ਜਾਰੀ ਰਹੇਗੀ ਪਰ ਖ਼ਰਚਿਆਂ ਦਾ ਭਾਰ ਮਹਿਸੂਸ ਹੋਵੇਗਾ।
ਗੋਲਡਮੈਨ ਸਾਚਸ ਖੋਜ ਅਨੁਸਾਰ ਸੰਨ 2025 ਆਰਥਿਕ ਵਿਕਾਸ ਵਾਲਾ ਸਾਲ ਸਿੱਧ ਹੋਵੇਗਾ। ਅਮਰੀਕਾ ਵਿਕਾਸ ਕਰੇਗਾ ਪਰ ਉਸ ਵੱਲੋਂ ਦਰਾਮਦ ’ਤੇ ਟੈਰਿਫ ਵਧਾਉਣ ਕਰਕੇ ਯੂਰਪੀ ਯੂਨੀਅਨ ਪ੍ਰਭਾਵਿਤ ਹੋਵੇਗੀ। ਮਿੱਥੀ ਗਈ ਅਮਰੀਕੀ ਵਿਕਾਸ ਦਰ 1.9 ਤੋਂ ਵਾਧਾ ਦਰਜ ਕਰ ਕੇ 2.5 ਪ੍ਰਤੀਸ਼ਤ ਹੋ ਸਕਦੀ ਹੈ। ਯੂਰਪ ਦੀ ਮਿੱਥੀ ਹੋਈ ਵਿਕਾਸ ਦਰ 1.2 ਤੋਂ ਘਟ ਕੇ 0.8 ਪ੍ਰਤੀਸ਼ਤ ਰਹਿ ਸਕਦੀ ਹੈ। ਗੋਲਡਮੈਨ ਸਾਚਸ ਦੇ ਮੁੱਖ ਅਰਥ-ਸ਼ਾਸਤਰੀ ਹੈਤਜ਼ਇਜ਼ ਅਨੁਸਾਰ ਗਲੋਬਲ ਬਾਜ਼ਾਰ ਮੁੜ ਤੋਂ ਸੰਤੁਲਿਤ ਕੀਤਾ ਗਿਆ ਹੈ। ਮਹਿੰਗਾਈ ਘਟੇਗੀ ਅਤੇ ਕੇਂਦਰੀ ਬੈਂਕ ਦੇ ਟੀਚੇ ਦੇ ਕੰਟਰੋਲ ਵਿਚ ਰਹੇਗੀ। ਬਹੁਤੇ ਕੇਂਦਰੀ ਬੈਂਕ ਵਿਆਜ ਦਰਾਂ ਵਿਚ ਕਟੌਤੀ ਕਰ ਸਕਣਗੇ। ਅਮਰੀਕਾ ਵੱਲੋਂ ਦੂਸਰੀ ਵੱਡੀ ਆਰਥਿਕਤਾ ਚੀਨ ਦੀ ਦਰਾਮਦ ’ਤੇ 60 ਪ੍ਰਤੀਸ਼ਤ ਟੈਰਿਫ ਲਗਾਉਣ ਨਾਲ ਉਸ ਦੀ ਵਿਕਾਸ ਦਰ 0.7 ਪ੍ਰਤੀਸ਼ਤ ਘਟ ਸਕਦੀ ਹੈ।
ਗੋਲਡਮੈਨ ਸਾਚਸ ਇਹ ਘਾਟਾ 0.2 ਪ੍ਰਤੀਸ਼ਤ ਨਿਸ਼ਚਤ ਕਰਦਾ ਹੈ। ਇਹ ਗਲੋਬਲ ਪੂੰਜੀਵਾਦੀ ਕਾਰਪੋਰੇਟ ਪ੍ਰਭਾਵਿਤ ਸੰਸਥਾਵਾਂ ਦੀਆਂ ਰਿਪੋਰਟਾਂ ਜੋ ਮਰਜ਼ੀ ਆਰਥਿਕ ਸ਼ੀਸ਼ਾ ਦਿਖਾਉਣ, ਡਰ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਮਨਮਾਨੀਆਂ ਅਤੇ ਇੱਲਤਾਂ ਕਰਕੇ ਸੰਨ 2025 ਗਲੋਬਲ ਆਰਥਿਕਤਾ ’ਤੇ ਭਾਰੂ ਪੈ ਸਕਦਾ ਹੈ। ਦਰਾਮਦ ’ਤੇ ਟੈਰਿਫ ਵਾਧਾ ਵਪਾਰਕ ਜੰਗ ਛੇੜ ਸਕਦਾ ਹੈ, ਮਹਿੰਗਾਈ ਵਧੇਗੀ, ਸੰਸਾਰ ਵਿਚ ਖੜੌਤ ਆਏਗੀ ਤੇ ਬੇਰੁਜ਼ਗਾਰੀ ਵਧੇਗੀ। ਯੂਕਰੇਨ, ਮੱਧ-ਪੂਰਬ ਜੰਗਾਂ, ਜਰਮਨੀ ਅਤੇ ਫਰਾਂਸ ਵਿਚ ਰਾਜਨੀਤਕ ਉਥਲ-ਪੁਥਲ, ਚੀਨ ਦੀ ਆਰਥਿਕਤਾ ’ਤੇ ਉੱਭਰ ਰਹੇ ਕਾਲੇ ਬੱਦਲ, ਜਲਵਾਯੂ ਤਬਦੀਲੀ ਵਿਸ਼ਵ-ਵਿਆਪੀ ਆਰਥਿਕਤਾ ਅਤੇ ਵਿਕਾਸ ਲਈ ਘਾਤਕ ਸਿੱਧ ਹੋ ਸਕਦੇ ਹਨ। ਗਲੋਬਲ ਆਰਥਿਕਤਾ ਸੰਭਾਲਣ ਲਈ 25 ਵਿਸ਼ਵ ਪ੍ਰਮੁੱਖ ਸੰਸਥਾਵਾਂ ਦੇ 40 ਆਰਥਿਕ ਮਾਹਿਰਾਂ ਦੇ ਗਰੁੱਪ ਵੱਲੋਂ ਬਹੁਮੁਖੀ ਬੈਂਕਾਂ, ਟੈਕਸ ਸਿਸਟਮ, ਗਲੋਬਲ ਵਿੱਤੀ ਸੁਰੱਖਿਆ, ਜਲਵਾਯੂ ਸੰਭਾਲ ਸਬੰਧੀ ਗਲੋਬਲ ਤਾਲਮੇਲ ਰਾਹੀਂ ਸੁਧਾਰਾਂ ’ਤੇ ਜੋ ਜ਼ੋਰ ਦਿੱਤਾ ਗਿਆ ਹੈ, ਉਨ੍ਹਾਂ ’ਤੇ ਅਮਲ ਦੀ ਲੋੜ ਹੈ।