ਸਾਡੀ ਗਲੀ ਦੇ ਮੋੜ ’ਤੇ ਕਿਸੇ ਪ੍ਰਾਈਵੇਟ ਸਕੂਲ ’ਚ ਜਾਣ ਵਾਲੇ ਬੱਚਿਆਂ ਦੀ ਬੱਸ ਸਵੇਰੇ ਆ ਕੇ ਰੁਕਦੀ ਹੈ। ਕਈ ਮਾਵਾਂ ਨੇ ਬੱਚੇ ਨੂੰ ਕੁੱਛੜ ਚੁੱਕਿਆ ਹੁੰਦੈ। ਦੂਜੀ ਬਾਂਹ ’ਤੇ ਬਸਤਾ ਲਟਕਾਈ ਬੱਸ ਵੱਲ ਦੌੜ ਰਹੀਆਂ ਹੁੰਦੀਆਂ ਹਨ। ਕੁਝ ਸੰਭਲੇ ਹੋਏ ਬੱਚੇ ਜੋ ਦੌੜੇ ਤਾਂ ਜਾਂਦੇ ਹਨ ਪਰ ਭਾਰੀ-ਬੋਝਲ ਬਸਤਾ ਮਾਂ-ਬਾਪ ਨੇ ਹੀ ਚੁੱਕਿਆ ਹੁੰਦਾ ਹੈ। ਪਹਿਲਾਂ ਘਰ ’ਚ ਬੱਚੇ ਮਾਂ-ਬਾਪ ਦੀ ਰੇਲ ਬਣਾਉਂਦੇ ਹਨ। ਟਾਈਮ ਸਿਰ ਉਠਾਉਣਾ, ਤਿਆਰ ਕਰਨਾ, ਬਸਤਾ ਚੈੱਕ ਕਰਨਾ ਤੇ ਟਿਫਨ ਪੈਕ ਕਰਨਾ। ਜਦੋਂ ਟਾਈਮ ਨਹੀਂ ਰਹਿੰਦਾ ਤਾਂ ਬੱਚਾ ਨਾਸ਼ਤਾ ਕਰਨ ਤੋਂ ਨਾਂਹ ਕਰਦਾ ਹੈ। ਮਾਂ ਪਰੌਂਠੀ ਰੋਲ ਕਰ ਕੇ ਹੱਥ ’ਚ ਫੜਾ ਦਿੰਦੀ ਹੈ ਤੇ ਉਹ ਰਸਤੇ ਵਿਚ ਖਾਂਦਾ ਹੈ। ਮਾਂ-ਬਾਪ, ਬੱਚੇ ਸਭ ਟੈਨਸ਼ਨ ’ਚ ਵਿਖਾਈ ਦਿੰਦੇ ਹਨ। ਬੱਚਾ ਬੱਸ ’ਚ ਬੈਠ ਗਿਆ ਤਾਂ ਸਮਝੋ ਜੰਗ ਜਿੱਤ ਲਈ ਹੋਵੇ। ਉਸ ਵੇਲੇ ਮੈਨੂੰ ਅਕਸਰ ਛੇ ਦਹਾਕੇ ਪਹਿਲਾਂ ਦਾ ਪ੍ਰਾਇਮਰੀ ਸਿੱਖਿਆ ਦਾ ਇਤਿਹਾਸ ਚੇਤੇ ਆਉਂਦਾ ਹੈ ਜਦੋਂ ਅਸੀਂ ਵੀ ਪੜ੍ਹਨੇ ਪਏ ਸੀ। ਦੋ ਕਮਰਿਆਂ ਵਾਲਾ ਮੇਰਾ ਪ੍ਰਾਇਮਰੀ ਸਕੂਲ ਘਰਾਂ ਤੋਂ ਦੂਰ ਨਹੀਂ ਸੀ।
ਸਕੂਲ ਲੱਗਣ ਦੀ ਟੱਲੀ ਵੱਜਦੀ ਤੇ ਅਸੀਂ ਪਹੁੰਚ ਜਾਂਦੇ। ਘਰਾਂ ਤੋਂ ਅਸੀਂ ਬੋਰੀਆਂ ਲੈ ਜਾਂਦੇ ਤੇ ਲਾਈਨਾਂ ’ਚ ਵਿਛਾ ਕੇ ਉੱਪਰ ਬੈਠਦੇ। ਬਾਅਦ ਵਿਚ ਸਾਨੂੰ ਤੱਪੜ ਵੀ ਮਿਲਣ ਲੱਗ ਪਏ ਸਨ। ਉਦੋਂ ਪ੍ਰਾਇਮਰੀ ਸਕੂਲ ਵੀ ਬਹੁਤ ਘੱਟ ਹੁੰਦੇ ਸਨ। ਕਈ ਬੱਚੇ ਨਾਲ ਦੇ ਪਿੰਡਾਂ ਤੋਂ ਵੀ ਆਉਂਦੇ ਜਾਂ ਫਿਰ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਕੇ ਪੰਜ ਜਮਾਤਾਂ ਪਾਸ ਕਰਦੇ। ਹੁਣ ਬੱਚੇ ਦੇ ਪਹਿਲੇ ਦਿਨ ਸਕੂਲ ਜਾਣ ’ਤੇ ਵੀਡੀਓ ਬਣਦੀ ਤੇ ਮਠਿਆਈ ਵੰਡੀ ਜਾਂਦੀ ਹੈ। ਯਾਦ ਆਉਂਦਾ ਹੈ ਕਿ ਸਾਨੂੰ ਘਰ ਦਾ ਕੋਈ ਜਣਾ ਹੱਟੀਓਂ ਸਵਾ ਪੰਜ ਆਨੇ ਦੇ ਪਤਾਸੇ ਲੈ ਕੇ ਛੱਡ ਆਉਂਦਾ ਸੀ। ਉਦੋ ਪਤਾਸੇ ਮਠਿਆਈ ਤੋਂ ਵੱਧ ਸੁਆਦੀ ਲੱਗਦੇ ਸਨ।
ਦਾਖ਼ਲ ਹੋਣ ਤੋਂ ਬਾਅਦ ਸਾਨੂੰ ਫੱਟੀ, ਕਲਮ, ਦਵਾਤ, ਸਲੇਟ, ਸਲੇਟੀ ਕੈਦਾ ਤੇ ਪਹਾੜਾ ਲਿਆਉਣ ਲਈ ਕਹਿ ਦਿੱਤਾ ਜਾਂਦਾ ਸੀ। ਘਰ ਦੇ ਸੀਤੇ ਹੋਏ ਲੰਮੇ ਝੋਲੇ ’ਚ ਇਹ ਸਾਮਾਨ ਪਾ ਕੇ ਸਾਡਾ ਬਸਤਾ ਤਿਆਰ ਹੋ ਜਾਂਦਾ ਸੀ ਜਿਸ ਦਾ ਵਜ਼ਨ ਮਸੀਂ ਅੱਧਾ ਕਿੱਲੋ ਹੁੰਦਾ ਹੋਵੇਗਾ। ਪਰ ਹੁਣ ਤਾਂ ਸ਼ੁਰੂ ’ਚ ਹੀ ਬਸਤਾ ਚਾਰ ਕਿੱਲੋ ਦਾ ਹੋਵੇਗਾ ਹੀ। ਅੱਜ-ਕੱਲ੍ਹ ਸ਼ੁਰੂ ਤੋਂ ਹੀ ਬੱਚੇ ਦਾ ਕਾਪੀ-ਪੈੱਨ ਨਾਲ ਵਾਸਤਾ ਪੈਂਦਾ ਹੈ। ਪਰ ਸਾਡੀ ਪੰਜਵੀਂ ਤੱਕ ਦੀ ਪੜ੍ਹਾਈ ਫੱਟੀ, ਕਲਮ, ਦਵਾਤ ਦੇ ਦੁਆਲੇ ਹੀ ਘੁੰਮਦੀ ਸੀ। ਫੱਟੀ ਦੀ ਖ਼ਾਸ ਚੋਣ ਕੀਤੀ ਜਾਂਦੀ ਸੀ। ਚਿੱਟੀ ਜਾਂ ਪੀਲੀ ਭਾਅ ਮਾਰਦੀ ਗਾਚਨੀ ਫੇਰ ਕੇ ਫੱਟੀ ਪੋਚ ਲੈਂਦੇ ਤੇ ਫਿਰ ਸਕਾਉਣ ਲਈ ਧੁੱਪੇ ਰੱਖ ਦੇਣਾ। ਕਈ ਵਾਰ ਫੱਟੀ ਨੂੰ ਹੱਥ ’ਚ ਫੜ ਕੇ ਹਿਲਾਉਂਦੇ ਰਹਿਣਾ ਤਾਂ ਕਿ ਜਲਦੀ ਸੁੱਕ ਜਾਵੇ। ਫਿਰ ਆਪਣੇ ਬਣਾਏ ਗੀਤ ਗਾਉਣੇ : ਸੂਰਜਾ-ਸੂਰਜਾ ਫੱਟੀ ਸੁਕਾ, ਨਹੀਂ ਸੁਕਾਉਣੀ ਘਰ ਨੂੰ ਜਾਹ…। ਸਵੇਰ ਵੇਲੇ ਸਕੂਲ ਜਾ ਕੇ ਫੱਟੀ ਲਿਖਣੀ। ਪਹਿਲੀ-ਦੂਜੀ ਜਮਾਤ ’ਚ ਅਧਿਆਪਕ ਲਾਈਨਾਂ ਮਾਰ ਕੇ ਪੈਨਸਿਲ ਨਾਲ ਅੱਖਰ ਉਘਾੜਦੇ ਭਾਵ ਪੂਰਨੇ ਪਾ ਦਿੰਦੇ ਤੇ ਅਸੀਂ ਕਲਮ ਨੂੰ ਕਾਲੀ ਸਿਆਹੀ ਦੀ ਦਵਾਤ ’ਚ ਡੁਬੋ ਕੇ ਲਿਖੀ ਜਾਂਦੇ। ਕਾਲੀ ਸਿਆਹੀ ਦੀਆਂ ਪੁੜੀਆਂ ਨੂੰ ਦਵਾਤ ’ਚ ਪਾ ਕੇ ਪਾਣੀ ਨਾਲ ਘੋਲਿਆ ਜਾਂਦਾ ਤੇ ਉਸ ਨੂੰ ਇਕ ਖ਼ਾਸ ਗਾੜ੍ਹਾਪਣ ਤੱਕ ਰੱਖਦੇ ਸਾਂ।
ਅਸੀਂ ਘਰ ਤੋਂ ਕਾਨੇ ਲੈ ਕੇ ਜਾਂਦੇ ਤੇ ਮਾਸਟਰ ਜੀ ਚਾਕੂ ਜਾਂ ਬਲੇਡ ਨਾਲ ਘੜ ਕੇ ਸਾਰਿਆਂ ਨੂੰ ਦਿੰਦੇ ਸਨ। ਹੱਥ-ਲਿਖਤ ਦੇ ਮੁਕਾਬਲੇ ਵੀ ਕਰਵਾਏ ਜਾਂਦੇ। ਮਾਣ ਹੈ ਕਿ ਮੇਰੀ ਲਿਖਾਈ ਹੁਣ ਤੱਕ ਸੁੰਦਰ ਹੈ। ਤੀਜੀ-ਚੌਥੀ ’ਚ ਅਸੀਂ ਆਪੇ ਲਾਈਨਾਂ ਮਾਰ ਲੈਂਦੇ ਤੇ ਮਾਸਟਰ ਜੀ ਜਾਂ ਮੋਨੀਟਰ ਦੇ ਬੋਲਣ ’ਤੇ ਜ਼ੁਬਾਨੀ ਲਿਖਣਾ ਹੁੰਦਾ ਸੀ। ਪੂਰਨੇ ਨਹੀਂ ਸੀ ਪਾਏ ਜਾਂਦੇ। ਫੱਟੀ ਦੇ ਇਕ ਪਾਸੇ ਪੰਜਾਬੀ ਤੇ ਦੂਜੇ ਪਾਸੇ ਪਹਾੜੇ ਲਿਖਦੇ ਸਾਂ। ਸਲੇਟ ਦੀ ਵੀ ਆਪਣੀ ਅਹਿਮੀਅਤ ਸੀ। ਇਸ ਦੇ ਇਕ ਸਿਰੇ ’ਤੇ ਛੇਕ ’ਚੋਂ ਧਾਗਾ ਲੰਘਾ ਕੇ ਕੱਪੜੇ ਦਾ ਪੂੰਝਾ ਜਿਹਾ ਬਣਾ ਕੇ ਬੰਨ੍ਹ ਲੈਂਦੇ। ਪਹਾੜੇ ਲਿਖਦੇ, ਸਵਾਲ ਕੱਢਦੇ ਤੇ ਬਾਅਦ ’ਚ ਇਸੇ ਪੂੰਝੇ ਦੀ ਵਰਤੋਂ ਕਰਦੇ ਜੋ ਰਬੜ ਦਾ ਕੰਮ ਕਰਦਾ। ਘਰ ਦੀ ਅਲਮਾਰੀ ਦੇ ਇਕ ਖਾਨੇ ’ਚ ਸਾਡੇ ਲਈ ਸਲੇਟੀਆਂ ਦਾ ਡੱਬਾ, ਕਾਲੀ ਸਿਆਹੀ ਦੀਆਂ ਪੁੜੀਆਂ, ਨੀਲੀ ਸਿਆਹੀ ਦੀਆਂ ਟਿੱਕੀਆਂ ਤੇ ਗਾਚਨੀ ਪਈ ਹੁੰਦੀ ਸੀ ਜੋ ਪਿਤਾ ਜੀ ਸ਼ਹਿਰ ਤੋਂ ਲਿਆਉਂਦੇ।
ਉਂਜ ਲੋੜ ਪੈਣ ’ਤੇ ਹੱਟੀਓਂ ਵੀ ਲੈ ਆਉਂਦੇ। ਕਈ ਬੱਚੇ ਸਲੇਟੀ ਲਿਖਣ ਲਈ ਘੱਟ ਤੇ ਖਾਣ ਲਈ ਜ਼ਿਆਦਾ ਵਰਤ ਲੈਂਦੇ। ਉਨ੍ਹਾਂ ਨੂੰ ਸਖ਼ਤੀ ਨਾਲ ਰੋਕਿਆ ਜਾਂਦਾ। ਅੱਧੀ ਛੁੱਟੀ ਤੋਂ ਬਾਅਦ ਪਹਾੜੇ ਬੋਲੇ ਜਾਂਦੇ। ਕਈ ਵਾਰ ਸਾਰਾ ਸਕੂਲ ਇਕੱਠਾ ਹੋ ਜਾਂਦਾ। ਇਕ ਬੱਚਾ ਅੱਗੇ ਖੜ੍ਹਾ ਹੋ ਕੇ ਬੋਲਦਾ ਤੇ ਬਾਕੀ ਸਾਰੇ ਪਿੱਛੇ ਬੋਲਦੇ। ਜਦੋਂ ਛੁੱਟੀ ਦੀ ਘੰਟੀ ਵੱਜਦੀ ਤਾਂ ਗਲੀਆਂ ’ਚ ਭੱਜਦੇ ਹੋਏ ਟੋਟਕੇ ਜੋੜੀ ਜਾਂਦੇ -ਇਕ ਦੂਣੀ ਦੂਣੀ, ਘਰੋਂ ਚਲਾਈ ਪੂਣੀ (ਰੂੰ)। ਜੇਕਰ ਅੱਧੀ-ਛੁੱਟੀ ਸਾਰੀ ਹੋ ਜਾਂਦੀ ਤਾਂ ਵੀ ਬੋਲਦੇ ਜਾਣਾ-ਅੱਧੀ ਛੁੱਟੀ ਸਾਰੀ, ਮੀਆਂ ਮੱਖੀ ਮਾਰੀ। ਇੰਜ ਸਾਡਾ ਪ੍ਰਾਇਮਰੀ ਸਕੂਲ ਤੱਕ ਦਾ ਸਫ਼ਰ ਰਵਾਂ-ਰਵੀ ਚੱਲਦਾ ਹੋਇਆ ਆਨੰਦਮਈ ਅਤੇ ਮਾਂ-ਬੋਲੀ ਨੂੰ ਸਮਰਪਿਤ ਰਿਹਾ। ਵੇਖਿਆ ਜਾਵੇ ਤਾਂ ਨਾਮਵਰ ਸ਼ਖ਼ਸੀਅਤਾਂ ਨੇ ਇਨ੍ਹਾਂ ਸਕੂਲਾਂ ਵਿਚ ਪੜ੍ਹ ਕੇ ਹਰ ਕਿੱਤੇ ’ਚ ਉੱਚ ਅਹੁਦੇ ਹਾਸਲ ਕਰ ਕੇ ਨਾਮਣਾ ਖੱਟਿਆ ਹੈ। ਅੱਜ ਦੇ ਸਮੇਂ ’ਚ ਪਦਾਰਥਵਾਦੀ ਤੇ ਆਧੁਨਿਕਤਾ ਦੀ ਐਸੀ ਹਨੇਰੀ ਝੁੱਲੀ ਹੈ ਕਿ ਪਿੰਡਾਂ ਤੇ ਸ਼ਹਿਰਾਂ ਵਿਚ ਪ੍ਰਾਈਵੇਟ ਸਕੂਲਾਂ ਦਾ ਬੋਲਬਾਲਾ ਹੈ। ਹਰ ਕੋਈ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ’ਚ ਦਾਖ਼ਲ ਕਰਵਾ ਕੇ ਅੰਗਰੇਜ਼ੀ ਬੋਲਦਾ ਵੇਖਣਾ ਤੇ ਵੱਡਾ ਅਫ਼ਸਰ ਬਣਾਉਣਾ ਚਾਹੁੰਦਾ ਹੈ।
ਹੁਣ ਤਾਂ ਸਰਕਾਰੀ ਸਕੂਲਾਂ ਵਿਚ ਸਿਰਫ਼ ਗ਼ਰੀਬ ਤੇ ਪਰਵਾਸੀ ਲੋਕਾਂ ਦੇ ਬੱਚੇ ਪੜ੍ਹਦੇ ਹਨ। ਸਰਕਾਰ ਵੱਲੋਂ ਇਨ੍ਹਾਂ ਨੂੰ ਇਕ ਵੇਲੇ ਦਾ ਖਾਣਾ ਵੀ ਮਿਲਦਾ ਹੈ। ਕਈ ਤਾਂ ਰੋਟੀ ਮਿਲਣ ਦੀ ਆਸ ਨਾਲ ਹੀ ਜਾਂਦੇ ਹਨ। ਇਸ ਲੋਕਤੰਤਰ ਪ੍ਰਣਾਲੀ ’ਚ ਸਾਨੂੰ ਹਰ ਭਾਸ਼ਾ ਸਿੱਖਣ, ਲਿਖਣ ਤੇ ਬੋਲਣ ਦਾ ਅਧਿਕਾਰ ਹੈ ਪਰ ਪ੍ਰਾਈਵੇਟ ਸਕੂਲਾਂ ’ਚ ਪੰਜਾਬੀ ਭਾਸ਼ਾ ਨੂੰ ਮੂਲੋਂ ਨਕਾਰਿਆ ਨਹੀਂ ਜਾਣਾ ਚਾਹੀਦਾ। ਇਹ ਤਾਂ ਪੰਜਾਬ ਦੇ ਬੱਚਿਆਂ ਦੀ ਮਾਤ-ਭਾਸ਼ਾ ਹੈ। ਸਿੱਖਿਆ ਦਾ ਮਤਲਬ ਹੀ ਵੱਧ ਤੋਂ ਵੱਧ ਗਿਆਨ ਭਰਨਾ ਹੈ ਤੇ ਮਾਤ-ਭਾਸ਼ਾ ਹੀ ਗਿਆਨ-ਪ੍ਰਾਪਤੀ ਦਾ ਵਸੀਲਾ ਹੁੰਦੈ। ਜਦੋਂ ਅਸੀਂ ਬੱਚਿਆਂ ਨੂੰ ਆਪਣੇ ਹੀ ਬਣਾਏ ਸਾਂਚਿਆ ’ਚ ਢਾਲਦੇ ਹਾਂ ਤਾਂ ਉਹ ਕੁਦਰਤੀ ਤੌਰ ’ਤੇ ਪ੍ਰਫੁੱਲਿਤ ਨਹੀਂ ਹੋ ਸਕਦੇ। ਉਨ੍ਹਾਂ ਦੇ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ’ਤੇ ਅਸਰ ਵੀ ਪੈ ਸਕਦਾ ਹੈ। ਅੱਜ ਵਿਦਵਾਨ, ਚਿੰਤਨਸ਼ੀਲ ਤੇ ਲੇਖਕ ਵਰਗ ਮਾਤ-ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਹਰ ਤਰ੍ਹਾਂ ਯਤਨਸ਼ੀਲ ਹੈ। ਇਨ੍ਹੀਂ ਦਿਨੀਂ ਖ਼ਬਰਾਂ ’ਚ ਹੈ ਕਿ ਲੇਖਕ ਤੇ ਫੋਟੋਗ੍ਰਾਫਰ ਜਨਮੇਜਾ ਸਿੰਘ ਜੌਹਲ ਨੇ ਇਕ ਫੱਟੀ ਤਿਆਰ ਕੀਤੀ ਹੈ। ਇਸ ਉੱਪਰ ਲਿਖੇ ਅੱਖਰਾਂ ਨੂੰ ਕਿਊ ਆਰ ਕੋਡ ਲਾਇਆ ਗਿਆ ਹੈ ਜਿਸ ਨੂੰ ਸਕੈਨਿੰਗ ਕਰਨ ’ਤੇ ਫੱਟੀ ’ਚੋਂ ਪੈਂਤੀ ਅੱਖਰਾਂ ਦੇ ਸਹੀ ਉਚਾਰਣ ਦੀ ਆਵਾਜ਼ ਆਵੇਗੀ। ਇਸ ਫੱਟੀ ਦਾ ਪਹਿਲਾਂ ਤਜਰਬਾ ਆਸਟ੍ਰੇਲੀਆ ’ਚ ਕੀਤਾ ਗਿਆ।