ਨਿਊਜ਼ੀਲੈਂਡ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾਇਆ

ਬੰਗਲੂਰੂ, 21 ਅਕਤੂਬਰ – ਨਿਊਜ਼ੀਲੈਂਡ ਨੇ ਅੱਜ ਇੱਥੇ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਨਿਊਜ਼ੀਲੈਂਡ ਨੇ 36 ਸਾਲ ਬਾਅਦ ਟੈਸਟ ਮੈਚ ਵਿੱਚ ਭਾਰਤ ’ਚ ਜਿੱਤ ਹਾਸਲ ਕੀਤੀ ਹੈ। ਮਹਿਮਾਨ ਟੀਮ ਨੇ ਆਖਰੀ ਵਾਰ 1988 ਵਿੱਚ ਜੌਹਨ ਰਾਈਟ ਦੀ ਕਪਤਾਨੀ ਹੇਠ ਭਾਰਤ ਨੂੰ ਵਾਨਖੇੜੇ ਸਟੇਡੀਅਮ ਵਿੱਚ 136 ਦੌੜਾਂ ਨਾਲ ਹਰਾਇਆ ਸੀ। ਜਿੱਤ ਲਈ 107 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਨੇ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਭਾਰਤੀ ਗੇਂਦਬਾਜ਼ੀ ਦਾ ਡਟ ਕੇ ਸਾਹਮਣਾ ਕੀਤਾ। ਵਿਲ ਯੰਗ 48 ਅਤੇ ਰਚਿਨ ਰਵਿੰਦਰਾ 39 ਦੌੜਾਂ ਬਣਾ ਕੇ ਨਾਬਾਦ ਰਹੇ। ਦੋਵਾਂ ਨੇ ਤੀਜੀ ਵਿਕਟ ਲਈ 75 ਦੌੜਾਂ ਦੀ ਨਾਬਾਦ ਭਾਈਵਾਲੀ ਕਰਕੇ ਟੀਮ ਨੂੰ ਜਿੱਤ ਦਿਵਾਈ। ਪਹਿਲੀ ਪਾਰੀ ਵਿੱਚ 46 ਦੌੜਾਂ ’ਤੇ ਆਊਟ ਹੋਣ ਦੇ ਬਾਵਜੂਦ ਭਾਰਤ ਵੱਲੋਂ ਮੈਚ ’ਚ ਕੀਤੀ ਗਈ ਵਾਪਸੀ ਦੀ ਸ਼ਲਾਘਾ ਹੋ ਰਹੀ ਹੈ। ਹੁਣ ਭਾਰਤੀ ਟੀਮ ਇਹ ਹਾਰ ਭੁਲਾ ਕੇ ਪੁਣੇ ’ਚ 24 ਅਕਤੂਬਰ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ’ਚ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ। ਸੱਟ ਕਾਰਨ ਪਹਿਲੇ ਮੈਚ ’ਚੋਂ ਬਾਹਰ ਰਹੇ ਸ਼ੁਭਮਨ ਗਿੱਲ ਦੀ ਦੂਜੇ ਟੈਸਟ ’ਚ ਵਾਪਸੀ ਯਕੀਨੀ ਲੱਗ ਰਹੀ ਹੈ ਪਰ ਪਹਿਲੇ ਟੈਸਟ ਦੀ ਦੂਜੀ ਪਾਰੀ ’ਚ 150 ਦੌੜਾਂ ਬਣਾਉਣ ਵਾਲੇ ਸਰਫਰਾਜ਼ ਖਾਨ ਨੂੰ ਹੁਣ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਭਾਰਤ ਨੂੰ ਹੁਣ ਇਹ ਵੀ ਦੇਖਣਾ ਪਵੇਗਾ ਕਿ ਉਸ ਨੇ ਤਿੰਨ ਤੇਜ਼ ਗੇਂਦਬਾਜ਼ ਖਿਡਾਉਣੇ ਹਨ ਜਾਂ ਤਿੰਨ ਸਪਿੰਨਰਾਂ ਨੂੰ ਮੈਦਾਨ ਵਿੱਚ ਉਤਾਰਨਾ ਹੈ।

ਹਾਰ ਦੇ ਬਾਵਜੂਦ ਭਾਰਤ ਡਬਲਿਊਟੀਸੀ ਅੰਕ ਸੂਚੀ ਵਿੱਚ ਸਿਖਰ ’ਤੇ ਕਾਇਮ

ਪਹਿਲੇ ਟੈਸਟ ’ਚ ਨਿਊਜ਼ੀਲੈਂਡ ਹੱਥੋਂ ਅੱਠ ਵਿਕਟਾਂ ਨਾਲ ਮਿਲੀ ਹਾਰ ਦੇ ਬਾਵਜੂਦ ਭਾਰਤੀ ਟੀਮ 68.08 ਫੀਸਦ ਜਿੱਤ ਪ੍ਰਤੀਸ਼ਤ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਦੀ ਅੰਕ ਸੂਚੀ ਵਿੱਚ ਸਿਖਰ ’ਤੇ ਕਾਇਮ ਹੈ। ਹੁਣ ਉਸ ਨੂੰ ਨਿਊਜ਼ੀਲੈਂਡ ਖ਼ਿਲਾਫ਼ ਅਗਲੇ ਦੋ ਟੈਸਟਾਂ ਅਤੇ ਆਸਟਰੇਲੀਆ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਲੜੀ ’ਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਆਸਟਰੇਲੀਆ 62.50 ਫੀਸਦ ਨਾਲ ਦੂਜੇ ਅਤੇ ਸ੍ਰੀਲੰਕਾ 55.56 ਫੀਸਦ ਜਿੱਤ ਪ੍ਰਤੀਸ਼ਤ ਨਾਲ ਤੀਜੇ ਸਥਾਨ ’ਤੇ ਕਾਬਜ਼ ਹੈ। ਨਿਊਜ਼ੀਲੈਂਡ ਇਸ ਜਿੱਤ ਨਾਲ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਨਿਊਜ਼ੀਲੈਂਡ ਨਵੰਬਰ ਅਤੇ ਦਸੰਬਰ ਵਿੱਚ ਤਿੰਨ ਟੈਸਟ ਮੈਚਾਂ ਦੀ ਲੜੀ ਵਿੱਚ ਇੰਗਲੈਂਡ ਦੀ ਮੇਜ਼ਬਾਨੀ ਕਰੇਗਾ ਅਤੇ ਸਿਖਰਲੀਆਂ ਦੋ ਟੀਮਾਂ ਵਿੱਚ ਜਗ੍ਹਾ ਬਣਾ ਸਕਦਾ ਹੈ।

ਸਾਂਝਾ ਕਰੋ

ਪੜ੍ਹੋ

ਲੋਰੀ/ਫ਼ੈਜ਼ ਅਹਿਮਦ ਫ਼ੈਜ਼

*ਫ਼ੈਜ਼ ਅਹਿਮਦ ਫ਼ੈਜ਼:* *ਸਿਮ੍ਰਤੀ ਦਿਵਸ* (20 ਨਵੰਬਰ)’ਤੇ.. *ਲੋਰੀ* *ਫ਼ਿਲਿਸਤੀਨੀ ਬੱਚੇ...