208 ਰਾਵਣ/ਨਛੱਤਰ ਸਿੰਘ ਭੋਗਲ

ਖੌਰੇ ਕਿਸ ਨੂੰ ਰੌਸ਼ਨ ਕਰਦੇ
ਸਗੋਂ ਇਹ ਹੋਰ ਹਨ੍ਹੇਰਾ ਪਾਵਣ,
ਰਾਮ ਰਾਜ ਦੀਆਂ ਭੱਦੀਆਂ ਸੋਚਾਂ
ਨਾਲ਼ ਸਾੜਿਆ ਜਾਂਦਾ ਰਾਵਣ॥

ਮਾਂ ਕਕਈ ਨੂੰ ‘ਭਰਤ’ ਪਿਆਰਾ
ਰਾਜ-ਭਾਗ ਪੁੱਤ ਸਾਂਭੇ ਸਾਰਾ,
ਤੀਵੀਂ ਆਪਣੀ ਹਿੰਡ ਪੁਗਾ ਗਈ
‘ਦਸ਼ਰਥ’ ਬੇਵੱਸ ਹੋਇਆ ਵਿਚਾਰਾ,
ਹੱਸਦੇ-ਵਸਦੇ ਟੱਬਰ ਦੇ ਜੀਅ
ਜੰਗਲਾਂ ਦੇ ਵਿੱਚ ਧੱਕੇ ਖਾਵਣ।
ਰਾਮ ਰਾਜ ਦੀਆਂ ਭੱਦੀਆਂ ਸੋਚਾਂ
ਨਾਲ਼ ਸਾੜਿਆ ਜਾਂਦਾ ਰਾਵਣ॥

ਉਹ ਸੀ ਇੱਕ ਵਿਦਵਾਨ ਬ੍ਰਾਹਮਣ
ਜਿਹਦੇ ਨਾਮ ਨੂੰ ਧੱਬੇ ਲਾਵਣ,
ਸ਼ੀਸ਼ੇ ਵਰਗੀ ਉਹਦੀ ਦਿੱਖ ਤੇ
ਝੱਲੇ ਲੋਕ ਸਵਾਲ ਉਠਾਵਣ,
ਬਦਲਾ ਲਊ ਭਾਵਨਾ ਦਿਲ ਵਿੱਚ
ਅੱਖਾਂ ਵਿੱਚ ਰੜਕਦਾ ਰਾਵਣ।
ਰਾਮ ਰਾਜ ਦੀਆਂ ਭੱਦੀਆਂ ਸੋਚਾਂ
ਨਾਲ਼ ਸਾੜਿਆ ਜਾਂਦਾ ਰਾਵਣ॥

ਸੀਤਾ ਦਾ ਅਪਹਰਨ ਉਹ ਕਰਦਾ
ਐਪਰ ਚੀਰ ਹਰਨ ਨਹੀਂ ਕਰਦਾ,
ਪਰ ਉਹਦੇ ਕਿਰਦਾਰ ਦੀ ਖੂਬੀ
ਹਰ ਔਰਤ ਦੀ ਇੱਜ਼ਤ ਕਰਦਾ,
ਕਹਿੰਦੇ ਅੰਤ ਬਦੀ ਦਾ ਕਰਨਾ
ਉਹਦੀ ਰੂਹ ਨੂੰ ਪਏ ਸਤਾਵਣ।
ਰਾਮ ਰਾਜ ਦੀਆਂ ਭੱਦੀਆਂ ਸੋਚਾਂ
ਨਾਲ਼ ਸਾੜਿਆ ਜਾਂਦਾ ਰਾਵਣ॥

ਨਾ ਉਸ ਕਾਲ਼ ਨੂੰ ਬੰਨ੍ਹਿਆ ਪਾਵੇ
ਨਾ ਹੀ ਕਰਾਮਾਤੀ ਅਖਵਾਵੇ,
‘ਭਿਵੀਖਣ’ ਨੇ ਇਹ ਸੱਚ ਕਰ ਦਿੱਤਾ
“ਘਰ ਦਾ ਭੇਤੀ ਲੰਕਾ ਢਾਹਵੇ”
ਉਹ ਯੋਧਾ ਬਲਵਾਨ ਬਲੀ ਸੀ
ਰੱਬ ਦਾ ਬੰਦਾ, ਜਨ-ਸਧਾਰਨ।
ਰਾਮ ਰਾਜ ਦੀਆਂ ਭੱਦੀਆਂ ਸੋਚਾਂ
ਨਾਲ਼ ਸਾੜਿਆ ਜਾਂਦਾ ਰਾਵਣ॥

ਨਾ ਰਾਵਣ ਬਨਵਾਸ ਨੂੰ ਜਾਵੇ
ਟੱਬਰ ਨੂੰ ਨਾ ਦਾਅ ਤੇ ਲਾਵੇ,
ਹਨੂੰਮਾਨ ਦੀ ਮੱਦਦ ਲੈ ਕੇ
ਨਾ ਹੀ ਸੇਤੂ ਪੁਲ਼ ਬੰਨ੍ਹਵਾਵੇ,
ਉਹੀ ਮਰਦ ਕਹਾਉਂਦੇ ਜੱਗ ‘ਤੇ
ਆਪਣੇ ਰਾਹ ਜੋ ਆਪ ਬਣਾਵਣ।
ਰਾਮ ਰਾਜ ਦੀਆਂ ਭੱਦੀਆਂ ਸੋਚਾਂ
ਨਾਲ਼ ਸਾੜਿਆ ਜਾਂਦਾ ਰਾਵਣ॥

ਹਰ ਸਾਲ ਉਹਨੂੰ ਲਾਂਬੂ ਲਾਵੋਂ
ਐਵੇਂ ਸੁੱਤੀਆਂ ਕਲ਼ਾ ਜਗਾਵੋਂ,
ਰਾਮ ਹੁਰਾਂ ਨੂੰ ਨਾਇਕ ਬਣਾਕੇ
ਉਹਦਾ ਕੱਦ ਬੌਣਾ ਵਿੱਖਲਾਵੋਂ,
ਵੇਦ-ਗ੍ਰੰਥਾਂ ਦੇ ਜਾਣੂ ਨੂੰ
ਬਲ਼ਦੀਆਂ ਲਾਟਾਂ ਵਿੱਚ ਜਲ਼ਾਉਣ।
ਰਾਮ ਰਾਜ ਦੀਆਂ ਭੱਦੀਆਂ ਸੋਚਾਂ
ਨਾਲ਼ ਸਾੜਿਆ ਜਾਂਦਾ ਰਾਵਣ॥

ਉਹਦੇ ਨਾਮ ਨੂੰ ਹੋਰ ਉਲਾਂਭਾ
ਚਾਲ਼ੀ ਕੋਹ ਦੀਆਂ ਪੁੱਟੇ ਉਲਾਂਘਾਂ,
ਦਸ ਸਿਰ ਉਹਦੇ ਹਰਗਿਜ਼ ਨਾ ਸੀ
ਉੱਚੀ ਸੋਚ ਦੀ ਕਰੋ ਸ਼ਲਾਘਾ,
ਚਾਰ ਵੇਦ, ਛੇ ਸ਼ਾਸਤਰ ਪੜ੍ਹਿਆ
ਚਾਨਣ ਦੇ ਜੋ ਦੀਪ ਜਗਾਵਣ।
ਰਾਮ ਰਾਜ ਦੀਆਂ ਭੱਦੀਆਂ ਸੋਚਾਂ
ਨਾਲ਼ ਸਾੜਿਆ ਜਾਂਦਾ ਰਾਵਣ॥

‘ਸਰੂਪਨਖਾਂ’ ਦਾ ਨੱਕ ਸੀ ਵੱਢਿਆ
ਵੈਰ ਦਾ ਸੱਪ ਪਟਾਰੀਉਂ ਕੱਢਿਆ,
ਸਾੜ ਦਿੱਤੀ ਸੋਨੇ ਦੀ ਲੰਕਾ
ਰਾਜ-ਭਾਗ ਦਾ ਕੱਖ ਨਾ ਛੱਡਿਆ,
ਕਈ ‘ਭੋਗਲ’ ਵਿਦਵਾਨ ਦੇ ਮਰਨ ਤੇ
ਆਤਿਸ਼ਬਾਜ਼ੀ ਪਏ ਚਲਾਵਣ।
ਰਾਮ ਰਾਜ ਦੀਆਂ ਭੱਦੀਆਂ ਸੋਚਾਂ
ਨਾਲ਼ ਸਾੜਿਆ ਜਾਂਦਾ ਰਾਵਣ॥

ਲੇਖਕ :- ਨਛੱਤਰ ਸਿੰਘ ਭੋਗਲ
“ਭਾਖੜੀਆਣਾ” (U.K)

ਸਾਂਝਾ ਕਰੋ

ਪੜ੍ਹੋ