ਸਾਈਬਰ ਗ਼ੁਲਾਮੀ ਤੇ ਧੋਖਾਧੜੀ

ਦੱਖਣ-ਪੂਰਬੀ ਏਸ਼ਿਆਈ ਮੁਲਕਾਂ ’ਚ ਫਸੇ ਹਜ਼ਾਰਾਂ ਭਾਰਤੀਆਂ ਨੂੰ ਮਾਨਵੀ ਤਸਕਰੀ ਤੇ ਸਾਈਬਰ ਅਪਰਾਧ ਦਾ ਘਾਤਕ ਮਿਸ਼ਰਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਇਨ੍ਹਾਂ ਨੂੰ ਉੱਥੇ ਸਾਈਬਰ ਅਪਰਾਧ ਤੇ ਹੋਰ ਗ਼ੈਰ-ਕਾਨੂੰਨੀ ਗਤੀਵਿਧੀਆਂ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹ ਤੱਥ ਵੀ ਘੱਟ ਚਿੰਤਾਜਨਕ ਨਹੀਂ ਕਿ ਇਹ ਵਿਅਕਤੀ ਆਪਣੇ ਹੀ ਦੇਸ਼ ਵਾਸੀਆਂ ਨੂੰ ਸ਼ੱਕੀ ਕਰਿਪਟੋਕਰੰਸੀ ਸਕੀਮਾਂ ਵਿੱਚ ਨਿਵੇਸ਼ ਕਰਨ ਲਈ ਲੁਭਾ ਰਹੇ ਹਨ। ਜਨਵਰੀ 2022 ਤੋਂ ਮਈ 2024 ਤੱਕ ਵਿਜਿ਼ਟਰ ਵੀਜ਼ਾ ਉੱਤੇ ਕੰਬੋਡੀਆ, ਥਾਈਲੈਂਡ, ਮਿਆਂਮਾਰ ਤੇ ਵੀਅਤਨਾਮ ਗਏ ਕਰੀਬ 73000 ਭਾਰਤੀਆਂ ਵਿੱਚੋਂ 30000 ਅਜੇ ਤੱਕ ਮੁੜੇ ਨਹੀਂ ਹਨ। ਇਨ੍ਹਾਂ ‘ਸਾਈਬਰ ਗ਼ੁਲਾਮਾਂ’ ’ਚੋਂ ਅੱਧੇ ਤੋਂ ਵੱਧ 20-39 ਵਰ੍ਹਿਆਂ ਦੇ ਹਨ। ਲਾਪਤਾ ਵਿਅਕਤੀਆਂ ਦੀ ਰਾਜ ਪੱਧਰੀ ਸੂਚੀ ’ਚ ਪੰਜਾਬ ਪਹਿਲੇ ਨੰਬਰ ਉੱਤੇ ਹੈ ਜਿਸ ਤੋਂ ਬਾਅਦ ਮਹਾਰਾਸ਼ਟਰ ਅਤੇ ਤਾਮਿਲਨਾਡੂ ਦਾ ਨੰਬਰ ਹੈ। ਇਨ੍ਹਾਂ ਨਾਜਾਇਜ਼ ਭਰਤੀ ਏਜੰਸੀਆਂ ਦਾ ਕੰਮ ਕਰਨ ਦਾ ਢੰਗ-ਤਰੀਕਾ ਬਿਲਕੁਲ ਸਾਧਾਰਨ ਹੈ। ਭਾਰਤ ’ਚੋਂ ਰੁਜ਼ਗਾਰ ਲੱਭਣ ਵਾਲਿਆਂ ਨੂੰ ਡੇਟਾ ਐਂਟਰੀ ਤੇ ਕਾਲ ਸੈਂਟਰ ਅਪਰੇਟਰਾਂ ਦੀਆਂ ‘ਚੰਗੀਆਂ ਤਨਖਾਹਾਂ’ ਦੀਆਂ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ; ਇੱਕ ਵਾਰ ਜਦੋਂ ਉਹ ਟਿਕਾਣੇ ਉੱਤੇ ਪਹੁੰਚ ਜਾਂਦੇ ਹਨ, ਉਨ੍ਹਾਂ ਦੇ ਪਾਸਪੋਰਟ ਲੈ ਲਏ ਜਾਂਦੇ ਹਨ ਅਤੇ ਉਨ੍ਹਾਂ ਕੋਲ ਆਪਣੇ ਮਾਲਕ ਦੇ ਇਸ਼ਾਰਿਆਂ ਉੱਤੇ ਨੱਚਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਬਚਦਾ।

ਇਸ ਮਾਮਲੇ ’ਤੇ ਗ਼ੌਰ ਕਰਨ ਲਈ ਬਣਾਈ ਗਈ ਕਈ ਕੇਂਦਰੀ ਮੰਤਰਾਲਿਆਂ ਦੀ ਕਮੇਟੀ ਨੇ ਬੈਂਕਿੰਗ, ਇਮੀਗ੍ਰੇਸ਼ਨ ਤੇ ਟੈਲੀਕਾਮ ਖੇਤਰਾਂ ਵਿੱਚ ਵੱਖ-ਵੱਖ ਕਮੀਆਂ-ਪੇਸ਼ੀਆਂ ਦੀ ਸ਼ਨਾਖ਼ਤ ਕੀਤੀ ਹੈ; ਇਸ ਲਈ ਸੰਕਟ ਨਾਲ ਨਜਿੱਠਣ ਲਈ ਵਿਭਾਗਾਂ ਦਾ ਆਪਸੀ ਤਾਲਮੇਲ ਸਮੇਂ ਦੀ ਲੋੜ ਬਣ ਗਿਆ ਹੈ। ਆਖਿ਼ਰ ’ਚ ਕੇਂਦਰੀ ਸੰਚਾਰ ਮੰਤਰਾਲੇ ਨੇ ਉਹ ਦੋ ਕਰੋੜ ਮੋਬਾਈਲ ਨੰਬਰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ ਜਿਹੜੇ ਝੂਠੇ ਦਸਤਾਵੇਜ਼ਾਂ ਦੇ ਆਧਾਰ ਉੱਤੇ ਲਏ ਗਏ ਸਨ ਜਾਂ ਸਾਈਬਰ ਅਪਰਾਧਾਂ ਲਈ ਵਰਤੇ ਜਾ ਰਹੇ ਹਨ। ਇਨ੍ਹਾਂ ਨੰਬਰਾਂ ਦੀ ਵਰਤੋਂ ਸਾਈਬਰ ਧੋਖਾਧੜੀਆਂ ਲਈ ਹੋ ਰਹੀ ਸੀ। ਇਨ੍ਹਾਂ ਸਾਈਬਰ ਧੋਖੇਬਾਜ਼ਾਂ ਦੇ ਹੌਸਲੇ ਐਨੇ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਮੰਨੇ-ਪ੍ਰਮੰਨੇ ਉਦਯੋਗਪਤੀ ਐੱਸਪੀ ਓਸਵਾਲ ਨਾਲ ਵੀ ਸੱਤ ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਅਪਰਾਧਾਂ ਨੂੰ ਨੱਥ ਪਾਉਣਾ ਬਹੁਤ ਮਹੱਤਵਪੂਰਨ ਹੈ ਪਰ ਇਹ ਸਭ ਜ਼ਮੀਨੀ ਹਕੀਕਤਾਂ ਮੁਤਾਬਿਕ ਹੋਣਾ ਚਾਹੀਦਾ ਹੈ। ਅਪਰਾਧਾਂ ਦੀ ਬਦਲੀ ਕਿਸਮ ਦੇ ਨਾਲ ਕਾਨੂੰਨੀ ਢੰਗ-ਤਰੀਕਿਆਂ ’ਚ ਬਦਲਾਓ ਵੀ ਜ਼ਰੂਰੀ ਹੈ। ਭਾਰਤੀਆਂ ਵੱਲੋਂ ਹੋਰਨਾਂ ਵਿਕਾਸਸ਼ੀਲ ਦੇਸ਼ਾਂ ਵਿੱਚ ਨੌਕਰੀਆਂ ਕਰਨ ਲਈ ਦਿਖਾਈ ਜਾ ਰਹੀ ਦਿਲਚਸਪੀ ਇਸ ਉਪਲਬਧੀ ਨੂੰ ਵੀ ਫਿੱਕਾ ਪਾਉਂਦੀ ਹੈ ਕਿ ਦੇਸ਼ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਅਰਥਚਾਰਾ ਬਣ ਚੁੱਕਾ ਹੈ। ਜੇ ਘਰੇਲੂ ਪੱਧਰ ਉੱਤੇ ਨੌਕਰੀਆਂ ਦੇ ਮੌਕੇ ਹੁਨਰਮੰਦ ਨੌਜਵਾਨਾਂ ਦੀਆਂ ਇੱਛਾਵਾਂ ਤੇ ਲੋੜਾਂ ਦੇ ਹਾਣ ਦੇ ਨਹੀਂ ਬਣਦੇ ਤਾਂ ‘ਵਿਕਸਿਤ ਭਾਰਤ’ ਦਾ ਸੁਫਨਾ ਨੇੜ ਭਵਿੱਖ ’ਚ ਸਾਕਾਰ ਨਹੀਂ ਹੋ ਸਕੇਗਾ।

ਸਾਂਝਾ ਕਰੋ

ਪੜ੍ਹੋ

ਲੋਰੀ/ਫ਼ੈਜ਼ ਅਹਿਮਦ ਫ਼ੈਜ਼

*ਫ਼ੈਜ਼ ਅਹਿਮਦ ਫ਼ੈਜ਼:* *ਸਿਮ੍ਰਤੀ ਦਿਵਸ* (20 ਨਵੰਬਰ)’ਤੇ.. *ਲੋਰੀ* *ਫ਼ਿਲਿਸਤੀਨੀ ਬੱਚੇ...