ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਅੰਤਿਮ ਗੇੜ ਤਹਿਤ ਸੱਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇਕ ਸੀਟ ਸਮੇਤ ਕੁੱਲ 57 ਸੀਟਾਂ ’ਤੇ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ ਨੂੰ ਬੰਦ ਹੋ ਗਿਆ। ਅੰਤਿਮ ਗੇੜ ਤਹਿਤ ਪੰਜਾਬ ਦੀਆਂ 13, ਹਿਮਾਚਲ ਪ੍ਰਦੇਸ਼ ਦੀਆਂ ਚਾਰ, ਉੱਤਰ ਪ੍ਰਦੇਸ਼ ਦੀਆਂ 13, ਬਿਹਾਰ ਦੀਆਂ ਅੱਠ, ਉੜੀਸਾ ਦੀਆਂ ਛੇ ਅਤੇ ਝਾਰਖੰਡ ਦੀਆਂ ਤਿੰਨ ਲੋਕ ਸਭਾ ਸੀਟਾਂ ’ਤੇ ਵੋਟਾਂ ਪੈਣੀਆਂ ਹਨ। ਇਸ ਤੋਂ ਇਲਾਵਾ ਹਿਮਾਚਲ ਦੀਆਂ 6 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣ ਵੀ ਪਹਿਲੀ ਜੂਨ ਨੂੰ ਹੋਵੇਗੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਲੋਕ ਸਭਾ ਸੀਟ ਤੋਂ ਲਗਾਤਾਰ ਤੀਜੀ ਵਾਰ ਜਿਤਾਉਣ ਦੀ ਅਪੀਲ ਕਰ ਰਹੇ ਹਨ। 28 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਲੀਆਂ 486 ਸੀਟਾਂ ’ਤੇ ਵੋਟਿੰਗ ਪਹਿਲਾਂ ਹੀ ਹੋ ਚੁੱਕੀ ਹੈ।
ਪਹਿਲੇ ਛੇ ਗੇੜਾਂ ਵਿੱਚ ਵੋਟਿੰਗ ਫੀਸਦ 66.14, 66.71, 65.68, 69.16, 62.2 ਅਤੇ 63.36 ਫੀਸਦ ਰਹੀ ਸੀ। ਲੋਕ ਸਭਾ ਚੋਣਾਂ ਦੇ ਅੰਤਿਮ ਗੇੜ ਦਾ ਚੋਣ ਪ੍ਰਚਾਰ ਬੰਦ ਹੋਣ ਤੋਂ ਪਹਿਲਾਂ ਜਿੱਥੇ ਮੋਦੀ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਨੇ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ’ਤੇ ਭ੍ਰਿਸ਼ਟ, ਹਿੰਦੂ ਵਿਰੋਧੀ ਹੋਣ ਅਤੇ ਲੁੱਟ, ਤੁਸ਼ਟੀਕਰਨ ਤੇ ਵੰਸ਼ਵਾਦ ਦੀ ਰਾਜਨੀਤੀ ’ਚ ਸ਼ਾਮਲ ਹੋਣ ਦੇ ਦੋਸ਼ ਲਗਾਏ, ਉੱਥੇ ਵਿਰੋਧੀ ਪਾਰਟੀਆਂ ਨੇ ਦਾਅਵਾ ਕੀਤਾ ਕਿ ਭਾਜਪਾ ਕਿਸਾਨ ਵਿਰੋਧੀ ਤੇ ਨੌਜਵਾਨ ਵਿਰੋਧੀ ਹੈ ਅਤੇ ਜੇਕਰ ਇਹ ਚੋਣਾਂ ਵਿੱਚ ਜਿੱਤ ਜਾਂਦੀ ਹੈ ਤਾਂ ਸੰਵਿਧਾਨ ਨੂੰ ਰੱਦ ਕਰ ਦੇਵੇਗੀ। -ਪੀਟੀਆਈ